ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ’ਤੇ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ। ਸਾਰੀ ਕਾਇਨਾਤ ਵਿਚ ਇਸ ਨੂੰ ਸਭ ਤੋਂ ਸੁੰਦਰ ਸਰੂਪ ਬਖਸ਼ਿਸ਼ ਕੀਤਾ। ਜੰਬੂਰ, ਤੋਰੇਤ, ਅੰਜੀਲ ਅਤੇ ਕੁਰਾਨ ਵਿੱਚੋਂ ਇਸ ਗੱਲ ਦੇ ਹਵਾਲੇ ਮਿਲਦੇ ਹਨ ਕਿ ਪਰਮਾਤਮਾ ਨੇ ਬਾਬਾ ਆਦਮ ਨੂੰ ਆਪਣੇ ਵਰਗੀ ਸ਼ਕਲ ਵਾਲਾ ਬਣਾਇਆ। ਗੁਰਬਾਣੀ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਦੇ ਸਰੂਪ ਨੂੰ ਕੇਸਾਧਾਰੀ ਦਰਸਾਇਆ ਹੈ:
ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥ (ਪੰਨਾ 567)
ਇਸ ਲਈ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਮਨੁੱਖੀ ਸਰੀਰ ’ਤੇ ਕੋਈ ਵੀ ਅਜਿਹੀ ਚੀਜ਼ ਨਹੀਂ ਲਗਾਈ ਜੋ ਫਜ਼ੂਲ ਹੋਵੇ। ਪਰਮਾਤਮਾ ਦੀ ਰਜ਼ਾ ਵਿਚ ਜਦੋਂ ਜੀਵ ਇਸ ਜਗਤ ਵਿਚ ਆਉਂਦਾ ਹੈ ਤਾਂ ਉਸ ਦੇ ਸੀਸ ਉੱਪਰ ਛੋਟੇ-ਛੋਟੇ ਕੇਸ ਸੁਭਾਇਮਾਨ ਹੁੰਦੇ ਹਨ। ਇਹ ਕੇਸ ਕਿਸੇ ਖਾਸ ਧਰਮ, ਮਜ਼੍ਹਬ ਜਾਂ ਜਾਤੀ ਦੀ ਪਹਿਚਾਣ ਨਹੀਂ ਸਗੋਂ ਇਸ ਧਰਤੀ ਉੱਪਰ ਮਨੁੱਖਤਾ ਦੀ ਨਿਸ਼ਾਨੀ ਹੈ। ਇਸ ਲਈ ਹਿੰਦੂ, ਸਿੱਖ, ਮੁਸਲਮਾਨ, ਇਸਾਈ ਕੋਈ ਵੀ ਹੋਵੇ ਉਸ ਲਈ ਕੇਸ ਕਤਲ ਕਰਵਾਉਣਾ ਪਰਮਾਤਮਾ ਵੱਲੋਂ ਬਖਸ਼ਿਸ਼ ਇਸ ਵਡਮੁੱਲੀ ਦਾਤ ਤੋਂ ਮੁਨਕਰ ਹੋ ਕੇ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਜਾ ਕੇ ਵਾਹਿਗੁਰੂ ਤੋਂ ਬੇਮੁਖ ਹੋਣਾ ਹੈ।
ਪੁਰਾਤਨ ਰਿਸ਼ੀ-ਮੁਨੀ, ਪੀਰ-ਪੈਗੰਬਰ ਸਾਰੇ ਸਾਬਤ ਸੂਰਤ ਕੇਸਾਧਾਰੀ ਸਨ। ਭਾਰਤੀ ਪਰੰਪਰਾ ਵਿਚ ਬਦਸੂਰਤੀ ਦਾ ਦੌਰ ਸਜ਼ਾ ਦੇ ਤੌਰ ’ਤੇ ਸ਼ੁਰੂ ਹੋਇਆ। ਮਨੂੰ ਨੇ ਪਹਿਲੀ ਵਾਰ ਬ੍ਰਾਹਮਣਾਂ ਉੱਤੇ ਇਹ ਸ਼ਰਤ ਲਗਾਈ ਕਿ ਜੇਕਰ ਉਹ ਕੋਈ ਕੁਕਰਮ ਕਰਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਥਾਂ ਉਨ੍ਹਾਂ ਦਾ ਸਿਰ-ਮੂੰਹ ਮੁੰਨ ਦਿੱਤਾ ਜਾਵੇ, ਉਨ੍ਹਾਂ ਲਈ ਇਹ ਸਜ਼ਾ ਮੌਤ ਨਾਲੋਂ ਵੀ ਵੱਧ ਗਿਣੀ ਜਾਂਦੀ ਸੀ। ਇਸਲਾਮ ਅਨੁਸਾਰ ਮੁਸਲਮਾਨ ਹਾਜੀ ਨੂੰ ਹੱਜ ਦਾ ਫਲ ਨਹੀਂ ਮਿਲਦਾ, ਜੇਕਰ ਉਹ ਲੰਮੀ ਦਾੜ੍ਹੀ ਨਾ ਰੱਖੇ। ਔਰੰਗਜ਼ੇਬ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਹਾਜੀਆਂ ਦਾ ਬਹੁਤ ਸਤਿਕਾਰ ਕਰਦਾ ਸੀ। ਇਕ ਵਾਰ ਉਸ ਨੇ ਲੰਮੀ ਦਾੜ੍ਹੀ ਵਾਲੇ ਨੂੰ ਹਾਜੀ ਸਮਝ ਕੇ ਬੜੇ ਪਿਆਰ ਨਾਲ ਬੁਲਾਇਆ ਪਰ ਜਦ ਉਸ ਨੂੰ ਪਤਾ ਲੱਗਾ ਕਿ ਉਹ ਹਾਜੀ ਨਹੀਂ ਹਿੰਦੂ ਹੈ ਤਾਂ ਉਸ ਨੇ ਕੜੀ ਬੰਦਸ਼ ਲਗਾ ਦਿੱਤੀ ਕਿ ਕੋਈ ਹਿੰਦੂ ਨਾ ਦਾੜ੍ਹੀ ਰੱਖ ਸਕਦਾ ਹੈ ਅਤੇ ਨਾ ਪੱਗ ਬੰਨ੍ਹ ਸਕਦਾ ਹੈ। ਮੁਗ਼ਲੀਆ ਰਾਜ ਦੇ ਅਜਿਹੇ ਮਾਰੂ ਆਦੇਸ਼ਾਂ ਕਾਰਨ ਵਾਲ ਕੱਟਣ ਦਾ ਰਿਵਾਜ ਵਧਿਆ ਜੋ ਅੱਜ ਫੈਸ਼ਨਪ੍ਰਸਤੀ ਦਾ ਚਿੰਨ੍ਹ ਬਣ ਗਿਆ ਹੈ।
19ਵੀਂ ਸਦੀ ਦੌਰਾਨ ਪੱਛਮੀ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਈ ਪਰ ਫੈਕਟਰੀਆਂ ਵਿਚ ਮਨੁੱਖੀ ਸੁਰੱਖਿਆ ਦੇ ਕਾਫ਼ੀ ਪ੍ਰਬੰਧ ਨਾ ਹੋਣ ਕਾਰਨ ਲੰਮੇ ਕੇਸਾਂ ਕਾਰਨ ਮਾਰੂ ਦੁਰਘਟਨਾਵਾਂ ਹੋਣ ਲੱਗੀਆਂ। ਅਜਿਹੀ ਸਥਿਤੀ ਵਿਚ ਕਾਮਿਆਂ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਲੰਮੇ ਕੇਸ ਕੱਟਣੇ ਅਰੰਭ ਕਰ ਦਿੱਤੇ। ਨਤੀਜੇ ਵਜੋਂ ਸ਼ੇਕਸਪੀਅਰ ਵਰਗੇ ਲੰਮੇ ਵਾਲਾਂ ਵਾਲਿਆਂ ਦੀ ਗਿਣਤੀ ਘਟਣ ਲੱਗੀ ਜੋ ਘਟਦੀ-ਘਟਦੀ ਅੱਜ ਬਿਲਕੁਲ ਖ਼ਤਮ ਹੋਣ ਦੇ ਕਗਾਰ ’ਤੇ ਹੈ। ਪਰੰਤੂ ਅੱਜ ਕੇਸਾਂ ਦੇ ਫ਼ਾਇਦਿਆਂ ਬਾਰੇ ਉਨ੍ਹਾਂ ਹੀ ਲੋਕਾਂ ਵੱਲੋਂ ਭਰਪੂਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਪੱਛਮੀ ਦੇਸ਼ਾਂ ਵੱਲੋਂ ਹੋਈ ਤਾਜ਼ਾ ਖੋਜ ਅਨੁਸਾਰ ਇਹ ਨਿਰਣਾ ਲਿਆ ਗਿਆ ਹੈ ਕਿ ਕੇਸ ਮਨੁੱਖੀ ਸਰੀਰ ਵਿਚ ਵਿਟਾਮਿਨ ‘ਡੀ’ ਪੈਦਾ ਕਰਨ ਲਈ ਇਕ ਵੱਡੀ ਫੈਕਟਰੀ ਦਾ ਕੰਮ ਕਰਦੇ ਹਨ। ਵਿਟਾਮਿਨ ‘ਡੀ’ ਹੱਡੀਆਂ, ਦੰਦਾਂ ਅਤੇ ਨਰਵਸ ਸਿਸਟਮ ਲਈ ਬਹੁਤ ਜ਼ਰੂਰੀ ਤੱਤ ਹੈ। ਅੱਜ ਅਨਾਜਾਂ ਅਤੇ ਸਬਜ਼ੀਆਂ ਉੱਤੇ ਕੀੜੇਮਾਰ ਦਵਾਈਆਂ ਛਿੜਕਣ ਕਾਰਨ ਇਨ੍ਹਾਂ ਵਿਚ ਮਿਲਣ ਵਾਲਾ ਵਿਟਾਮਿਨ ‘ਡੀ’ ਭਾਰੀ ਮਾਤਰਾ ਵਿਚ ਨਸ਼ਟ ਹੋ ਰਿਹਾ ਹੈ। ਨਵੀਂ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿਰ ਦੇ ਵਾਲ ਜਿਤਨੇ ਲੰਮੇ ਹੋਣਗੇ, ਉਨ੍ਹਾਂ ਵਿਚਲਾ ਤੇਲ ਸੂਰਜੀ ਸ਼ਕਤੀ ਦੇ ਅਮਲ ਨਾਲ ਉਤਨਾ ਹੀ ਵਿਟਾਮਿਨ ‘ਡੀ’ ਪੈਦਾ ਕਰੇਗਾ। ਇਹ ਸਾਬਤ ਕੀਤਾ ਜਾ ਚੁਕਾ ਹੈ ਕਿ ਜੇਕਰ ਕੇਸਾਂ ਨੂੰ ਸਿਰ ਦੇ ਉੱਤੇ ਵਲੇਵਾਂ ਦੇ ਕੇ ਜੂੜੇ ਦੀ ਸ਼ਕਲ ਵਿਚ ਸੰਵਾਰਿਆ ਜਾਵੇ ਤਾਂ ਉਹ ਸੂਰਜੀ ਸ਼ਕਤੀ ਵੱਧ ਤੋਂ ਵੱਧ ਮਾਤਰਾ ਵਿਚ ਆਪਣੇ ਵਿਚ ਇਵੇਂ ਸਮੋਣ ਦੀ ਸਮਰੱਥਾ ਰੱਖਦੇ ਹਨ ਜਿਵੇਂ ਟੈਲੀਵਿਜ਼ਨ ਦਾ ਐਨਟੀਨਾ ਵਾਤਾਵਰਨ ਵਿੱਚੋਂ ਚਿੱਤਰ-ਰੇਖਾਵਾਂ ਖਿੱਚਣ ਦੀ ਸਮਰੱਥਾ ਰੱਖਦਾ ਹੈ।
ਸਿਆਣੇ ਹਕੀਮ ਤੇ ਵੈਦ ਰੇਸ਼ੇ, ਨਜ਼ਲੇ ਅਤੇ ਜ਼ੁਕਾਮ ਆਦਿ ਦੇ ਰੋਗਾਂ ਦਾ ਇਕ ਕਾਰਨ ਕੇਸ ਕਟਾਉਣਾ ਵੀ ਦੱਸਦੇ ਹਨ। ਇਹ ਗੱਲ ਪਿਛਲੇ ਸੌ ਸਾਲਾਂ ਤੋਂ ਲਿਖਤਾਂ ਵਿਚ ਆ ਰਹੀ ਹੈ ਕਿ ਕੇਸ ਰੇਸ਼ੇ ਵਾਲੇ ਮਰੀਜ਼ ਨੂੰ ਫ਼ਾਇਦਾ ਕਰਦੇ ਹਨ। ਕੇਸਾਂ ਉੱਤੇ ਖੋਜ ਕਰਨ ਵਾਲਿਆਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਕੇਸ ਅਜਿਹੇ ਮੈਟੀਰੀਅਲ ਦੇ ਬਣੇ ਹਨ ਜਿਸ ਵਿਚ ਸਰੀਰ ਨੂੰ ਗਰਮੀ ਅਤੇ ਸਰਦੀ ਦੋਹਾਂ ਤੋਂ ਬਚਾ ਕੇ ਰੱਖਣ ਦੀ ਸਿਫ਼ਤ ਮੌਜੂਦ ਹੈ। ਸਰਦੀ ਦੇ ਮੌਸਮ ਵਿਚ ਇਸ ਵਿਚਲੇ ਉਹ ਤੱਤ ਸਰਗਰਮ ਹੋ ਜਾਂਦੇ ਹਨ ਜੋ ਆਪਣੇ ਰਾਹੀਂ ਸਰੀਰ ਨੂੰ ਅਤੇ ਖਾਸ ਕਰਕੇ ਦਿਮਾਗ਼ ਨੂੰ ਗਰਮ ਰੱਖਣ ਲਈ ਕਾਰਜ ਕਰਨ ਲੱਗ ਜਾਂਦੇ ਹਨ ਅਤੇ ਗਰਮੀਆਂ ਵਿਚ ਇਹ ਕਿਰਿਆ ਬਦਲ ਜਾਂਦੀ ਹੈ। ਪੱਛਮੀ ਦੇਸ਼ਾਂ ਦੇ ਡਾਕਟਰਾਂ ਅਤੇ ਸਾਇੰਸਦਾਨਾਂ ਨੇ ਕਈ ਡੂੰਘੀਆਂ ਖੋਜਾਂ ਮਗਰੋਂ ਕੇਸਾਂ ਬਾਰੇ ਬੜੇ ਹੀ ਮਹੱਤਵਪੂਰਨ ਨਿਰਣੇ ਪੇਸ਼ ਕੀਤੇ ਹਨ ਜਿਸ ਅਨੁਸਾਰ ਪੰਜਾਹ ਗ੍ਰਾਮ ਮਨੁੱਖੀ ਵਾਲ ਕੱਟਣ ਨਾਲ ਇਕ ਗ੍ਰਾਮ ਟਰੈਸ ਧਾਤਾਂ ਜ਼ਾਇਆ ਹੋ ਜਾਂਦੀਆਂ ਹਨ ਜਿਨ੍ਹਾਂ ਵਿਚ ਸ਼ੂਗਰ ਵਰਗੀ ਭੈੜੀ ਬਿਮਾਰੀ ਨੂੰ ਠੱਲ੍ਹ ਪਾਉਣ ਦੀ ਪੂਰੀ ਸਮਰੱਥਾ ਹੁੰਦੀ ਹੈ। ਇਕ ਵਿਗਿਆਨੀ ਮਿ: ਰੋਨਲਡ ਦੇ ਕਥਨ ਅਨੁਸਾਰ, “ਉਨ੍ਹਾਂ ਲੋਕਾਂ ਦੇ ਦੰਦ ਜਲਦੀ ਗਿਰ ਜਾਂਦੇ ਹਨ ਜਿਹੜੇ ਕੇਸ ਨਹੀਂ ਰੱਖਦੇ ਅਤੇ ਕੇਸਾਧਾਰੀਆਂ ਦੀ ਉਮਰ ਕੇਸਹੀਣ ਵਿਅਕਤੀਆਂ ਨਾਲੋਂ ਆਮ ਕਰਕੇ ਵਧੇਰੇ ਹੁੰਦੀ ਹੈ।”
ਜਿਸ ਤਰ੍ਹਾਂ ਸੂਰਜੀ ਸ਼ਕਤੀ ਦਾ ਕੇਂਦਰ-ਬਿੰਦੂ ਸਿਰ ਦੇ ਵਾਲ ਮੰਨਿਆ ਗਿਆ ਹੈ ਉਸੇ ਤਰ੍ਹਾਂ ਦਾੜ੍ਹੀ ਦੇ ਵਾਲ ਚੰਦਰਮਾਂ ਦੀ ਸ਼ਕਤੀ ਨੂੰ ਸਰੀਰ ਵਿਚ ਲਿਆਉਂਦੇ ਹਨ। ਵੱਡੀ ਗੱਲ ਇਹ ਹੈ ਕਿ ਉਹ ਵਾਤਾਵਰਨ ਵਿਚ ਭਰੀਆਂ ਨੁਕਸਾਨਦੇਹ ਤਰੰਗਾਂ ਆਦਿ ਨੂੰ ਦਿਮਾਗ਼ ਵਿਚ ਜਾਣ ਤੋਂ ਰੋਕਦੇ ਹਨ। ਦਾੜ੍ਹੀ ਅਤੇ ਕੇਸਾਂ ਦੀ ਮਹੱਤਤਾ ਤਾਂ ਹੈ ਹੀ, ਮੁੱਛਾਂ ਵੀ ਮੁੱਢ-ਕਦੀਮ ਤੋਂ ਮਨੁੱਖੀ ਬਹਾਦਰੀ, ਮਰਦਾਨਗੀ, ਅਣਖ ਅਤੇ ਸੁਹੱਪਣ ਦੀਆਂ ਸੂਚਕ ਹਨ। ਜਿਵੇਂ ਕੇਸਾਂ ਨੂੰ ਰੱਖਣਾ ਜ਼ਰੂਰੀ ਹੈ, ਉਵੇਂ ਇਨ੍ਹਾਂ ਦੀ ਸੰਭਾਲ ਅਤੇ ਦੇਖ-ਰੇਖ ਵੀ ਜ਼ਰੂਰੀ ਹੈ। ਢੱਕੇ ਹੋਏ ਕੇਸ ਨੰਗੇ ਕੇਸਾਂ ਨਾਲੋਂ ਜਲਦੀ ਵਧਦੇ ਹਨ। ਪਾਠ ਪੂਜਾ ਕਰਨ ਵੇਲੇ ਅਸੀਂ ਸਿਰ ਢੱਕ ਕੇ ਬੈਠਦੇ ਹਾਂ ਕਿਉਂਕਿ ਢੱਕੇ ਹੋਏ ਸਿਰ ਨਾਲ ਕੇਸ ਸਾਡੇ ਦਿਮਾਗ਼ ਵਿਚ ਵਧੇਰੇ ਸ਼ਕਤੀ ਦੀ ਸਿਰਜਣਾ ਕਰ ਰਹੇ ਹੁੰਦੇ ਹਨ। ਕੇਸਾਂ ਨੂੰ ਸੂਤੀ ਕੱਪੜੇ ਨਾਲ ਢੱਕਣਾ ਜ਼ਿਆਦਾ ਲਾਭਦਾਇਕ ਹੈ। ਕੇਸ ਸਾਫ਼-ਸੁਥਰੇ ਹੋਣ ਦੀ ਸੂਰਤ ਵਿਚ ਆਪਣੇ ਕਾਰਜ ਵਧੇਰੇ ਸੁਗਮਤਾ ਨਾਲ ਕਰ ਸਕਦੇ ਹਨ। ਪਲਾਸਟਿਕ ਦਾ ਕੰਘਾ ਕੇਸਾਂ ਵਿਚ ਬਿਜਲੀ ਪੈਦਾ ਕਰਦਾ ਹੈ ਜੋ ਕੇਸਾਂ ਦੇ ਮੂਲ ਸੋਮੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਵੀਂ ਖੋਜ ਅਨੁਸਾਰ ਲੱਕੜ ਦੇ ਕੰਘੇ ਨਾਲ ਕੇਸ ਵਾਹੁਣੇ ਹਰ ਲਿਹਾਜ਼ ਨਾਲ ਠੀਕ ਹੈ। ਇਹ ਗੱਲ ਤਾਂ ਅੱਜ ਦੇ ਵਿਗਿਆਨੀ ਸਾਨੂੰ ਦੱਸ ਰਹੇ ਹਨ ਪਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਸੌ ਸਾਲ ਪਹਿਲਾਂ ਹੀ ਇਨ੍ਹਾਂ ਗੱਲਾਂ ਬਾਰੇ ਸੁਚੇਤ ਕੀਤਾ ਸੀ। ਭਾਰਤ ਦੇ ਸੂਬਾ ਬੰਗਾਲ ਵਿਚ ਇਕ ਵਾਰੀ ਮਾਹਿਰ ਡਾਕਟਰਾਂ ਦੀ ਟੋਲੀ ਨੇ ਇਲਾਕੇ ਵਿਚ ਪ੍ਰਚਲਿਤ ਹੱਡੀਆਂ ਦੇ ਇਕ ਰੋਗ ਦੇ ਕਾਰਨਾਂ ਬਾਰੇ ਸਰਵੇਖਣ ਕਰ ਕੇ ਇਹ ਨਿਰਣਾ ਲਿਆ ਕਿ ਹੱਡੀਆਂ ਦਾ ਰੋਗ ਉਨ੍ਹਾਂ ਵਿਅਕਤੀਆਂ ਨੂੰ ਜ਼ਿਆਦਾ ਲੱਗਦਾ ਹੈ ਜਿਨ੍ਹਾਂ ਦੇ ਕੇਸ ਨਹੀਂ ਹਨ। ਬੰਗਾਲਣ ਔਰਤਾਂ ਆਪਣੇ ਲੰਮੇ ਵਾਲਾਂ ਕਰਕੇ ਆਮ ਤੌਰ ’ਤੇ ਇਸ ਬੀਮਾਰੀ ਤੋਂ ਮੁਕਤ ਹਨ।
ਕੁਝ ਲੋਕੀਂ ਤਾਂ ਕੇਸਾਂ ਨੂੰ ਰੱਬ ਦੀ ਸ਼ਕਤੀ ਅਤੇ ਬਾਣੀ ਗ੍ਰਹਿਣ ਕਰਨ ਲਈ ਏਰੀਅਲ ਦਾ ਦਰਜਾ ਵੀ ਦਿੰਦੇ ਹਨ। ਇਕ ਕੇਸਾਧਾਰੀ ਖਾਲਸਾ ਸਜੀ ਅੰਗਰੇਜ਼ ਲੇਡੀ ਮੈਕਮਿਲਨ ਨੇ ਸਿੱਖਾਂ ਦੀ ਇਕੱਤਰਤਾ ਵਿਚ ਭਾਸ਼ਨ ਦੌਰਾਨ ਕੇਸਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਸੀ- “My dear Sikh gentlemen, the keshas of your head are not simply hair, these are thoseelectric wires, which attach you to the power house of Mighty Guru Gobind Singh Ji and are cultural crown on the hoary head of Bharat Mata.”
ਸ੍ਰੀ ਰਾਬਿੰਦਰ ਨਾਥ ਟੈਗੋਰ ਨੂੰ ਜਦ ਅਧਿਆਤਮਕ ਚੇਤੰਨਤਾ ਅਨੁਭਵ ਹੋਈ ਤਾਂ ਪਹਿਲਾਂ ਕੰਮ ਉਨ੍ਹਾਂ ਨੇ ਇਹ ਕੀਤਾ ਕਿ ਆਪਣੇ ਉਸਤਰੇ ਅਤੇ ਵਾਲ ਕੱਟਣ ਵਾਲੇ ਹੋਰ ਸਾਜ਼-ਸਾਮਾਨ ਨੂੰ ਚੁੱਕ ਕੇ ਸੁੱਟ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਨੂੰ ਆਪਣੀ ਮੋਹਰ ਕਿਹਾ ਅਤੇ ਹਰ ਸਿੱਖ ਨੂੰ ਕੇਸ ਰੱਖਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਦੇ ਕਥਨ ਅਨੁਸਾਰ ਉਨ੍ਹਾਂ ਦਾ ਸਰੀਰ ਪੰਥ ਵਿਚ ਸਮੋਇਆ ਹੈ ਅਤੇ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਹੈ। ਉਨ੍ਹਾਂ ਕਿਹਾ ਹੈ:
ਜਬ ਲਗ ਖਾਲਸਾ ਰਹੇ ਨਿਆਰਾ,
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ,
ਮੈ ਨ ਕਰੋਂ ਇਨ ਕੀ ਪਰਤੀਤ॥
ਅੱਜ ਕੁਝ ਲੋਕ ਕੇਸਾਂ ਨੂੰ ਕਟਾਉਣ ਬਾਰੇ ਇਹ ਥੋਥੀ ਦਲੀਲ ਦਿੰਦੇ ਹਨ ਕਿ ਕੇਸ ਛੇਤੀ ਗੰਦੇ ਹੋ ਕੇ ਅਸਵੱਛਤਾ ਪੈਦਾ ਕਰਦੇ ਹਨ ਪਰ ਅੱਜ ਜਦੋਂ ਕਿ ਨਵੇਂ-ਨਵੇਂ ਸ਼ੈਂਪੂ, ਸਾਬਣ ਉਪਲਬਧ ਹਨ ਤਾਂ ਇਹ ਦਲੀਲ ਕੋਈ ਵਜ਼ਨ ਨਹੀਂ ਰੱਖਦੀ। ਜੇਕਰ ਪੁਰਾਤਨ ਸਦੀਆਂ ਦੇ ਮਨੁੱਖ ਇਨ੍ਹਾਂ ਸੁਵਿਧਾਵਾਂ ਦੀ ਅਣਹੋਂਦ ਵਿਚ ਕੇਸਾਂ ਨੂੰ ਪੂਰਾ-ਪੂਰਾ ਮਾਨ-ਸਤਿਕਾਰ ਦਿੰਦੇ ਰਹੇ ਹਨ ਤਾਂ ਆਧੁਨਿਕ ਮਨੁੱਖ ਵੱਲੋਂ ਅਜਿਹੀ ਫੋਕੀ ਅਤੇ ਬੇਤੁਕੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ।
ਕੇਸਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੀ ਕਈ ਮੁਹਾਵਰੇ, ਅਖਾਣ ਅਤੇ ਅਖੌਤਾਂ ਵੀ ਸਾਡੀ ਭਾਸ਼ਾ ਅਤੇ ਸਾਡੇ ਸਭਿਆਚਾਰਕ ਜੀਵਨ ਵਿਚ ਮੌਜੂਦ ਹਨ। ਕਈ ਵਾਰੀ ਆਮ ਆਦਮੀ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਜੇਕਰ ਇਹ ਗੱਲ ਇਵੇਂ ਨਾ ਹੋਈ ਤਾਂ ਉਹ ਆਪਣਾ ਮੂੰਹ-ਸਿਰ ਮੁਨਾ ਦੇਵੇਗਾ। ਮਤਲਬ ਸਾਫ਼ ਹੈ ਕਿ ਸਾਡੇ ਪੰਜਾਬੀ ਸਭਿਆਚਾਰ ਵਿਚ ਕੇਸ-ਦਾੜ੍ਹੀ ਬਹੁਤ ਹੀ ਮਹੱਤਵਪੂਰਨ ਅਤੇ ਸਵੈਮਾਨ ਦਾ ਪ੍ਰਤੀਕ ਹਨ। ਇਤਿਹਾਸ ਵਿਚ ਬਾਬਾ ਆਲਾ ਸਿੰਘ ਵਰਗੀਆਂ ਮਹਾਨ ਆਤਮਾਵਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸਵਾ ਲੱਖ ਰੁਪਏ ਹਰਜ਼ਾਨਾ ਭਰ ਦਿੱਤਾ ਪਰ ਕੇਸ ਕਟਵਾਉਣ ਦੀ ਸ਼ਰਤ ਨਾ ਮੰਨੀ। ਕੇਸਾਂ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਸਿੰਘ’ ਦੀ ਉਪਾਧੀ ਦਿੱਤੀ ਜਿਨ੍ਹਾਂ ਨੇ ਮੈਦਾਨ-ਏ-ਜੰਗ ਵਿਚ ਦੁਸ਼ਮਨਾਂ ਦੇ ਛੱਕੇ ਛੁਡਾਏ। ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਕੇਸਾਂ ਨੂੰ ਪੰਜ ਕਕਾਰਾਂ ਵਿੱਚੋਂ ਪ੍ਰਥਮ ਕਕਾਰ ਦਾ ਰੁਤਬਾ ਬਖਸ਼ਿਆ। ਕੇਸਾਂ ਦੀ ਸੰਭਾਲ ਲਈ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਦਸਤਾਰ ਨਾਲ ਢੱਕ ਕੇ ਰੱਖਣ ਦੀ ਵਿਸ਼ੇਸ਼ ਤਾਕੀਦ ਕੀਤੀ। ਇਸ ਤਰ੍ਹਾਂ ਕੇਸਾਂ ਦੇ ਨਾਲ-ਨਾਲ ਸਿੱਖ ਲਈ ਦਸਤਾਰ ਦੀ ਮਹੱਤਤਾ ਵੀ ਪਰਮ ਸ੍ਰੇਸ਼ਟ ਧਾਰਮਿਕ ਚਿੰਨ੍ਹ ਬਣ ਗਈ ਅਤੇ ਇਸ ਚਿੰਨ੍ਹ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਵਿਦੇਸ਼ਾਂ ਵਿਚ ਵੀ ਤਕਲੀਫਾਂ ਝੱਲਣੀਆਂ ਪਈਆਂ, ਮੋਰਚੇ ਲਾਉਣੇ ਪਏ, ਜੱਦੋ-ਜਹਿਦ ਕਰਨੀ ਪਈ ਪਰ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ ਅਤੇ ਦਸਤਾਰ ਸਜਾਉਣ ਦੇ ਮਜ਼੍ਹਬੀ ਹੱਕ ਨੂੰ ਸੁਰੱਖਿਅਤ ਕਰਵਾਉਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣੀ ਪ੍ਰਵਾਨ ਕੀਤੀ।
ਜਿਉਂ-ਜਿਉਂ ਪ੍ਰਾਚੀਨ ਭਾਰਤੀ ਇਤਿਹਾਸ ਦੇ ਪੰਨੇ ਫਰੋਲੀਏ ਸਾਨੂੰ ਬੇਸ਼ੁਮਾਰ ਥਾਈਂ ਕੇਸਾਂ ਦੀ ਮਹੱਤਤਾ, ਇਨ੍ਹਾਂ ਨੂੰ ਸਾਫ਼-ਸੁਥਰਾ ਰੱਖਣ ਦੀ ਤਾਕੀਦ ਦੇ ਸ਼ਬਦ ਮਿਲਦੇ ਹਨ। ਰਿਗਵੇਦ, ਸਿਮਰਤੀਆਂ, ਉਪਨਿਸ਼ਦਾਂ ਆਦਿ ਵਿਚ ਕੇਸਾਂ ਦਾ ਭਰਵਾਂ ਹਵਾਲਾ ਸਲੋਕਾਂ ਅਤੇ ਮੰਤਰਾਂ ਆਦਿ ਵਿਚ ਮਿਲਦਾ ਹੈ। ਯਜੁਰਵੇਦ ਵਿਚ ਮੁੱਛਾਂ ਰੱਖਣ ਨੂੰ ਬਹਾਦਰੀ ਦਾ ਚਿੰਨ੍ਹ ਮੰਨਿਆ ਗਿਆ ਹੈ। ਜਿਵੇਂ ਹਿੰਦੂ ਧਰਮ ਦੇ ਗ੍ਰੰਥਾਂ ਅਤੇ ਵੇਦਾਂ ਆਦਿ ਵਿਚ ਕੇਸ ਕੱਟਣ ਤੋਂ ਵਰਜਨਾ ਕੀਤੀ ਗਈ ਹੈ ਇਵੇਂ ਹੀ ਮੁਸਲਮਾਨਾਂ ਦੇ ਪਾਕ ਗ੍ਰੰਥ ਕੁਰਾਨ ਸ਼ਰੀਫ ਵਿਚ ਵੀ ਇਕ ਆਇਤ ਵਿਚ ਆਉਂਦਾ ਹੈ ਕਿ ਆਪਣੇ ਸਿਰ ਦੇ ਵਾਲਾਂ ਨੂੰ ਬਿਲਕੁਲ ਨਾ ਮੁਨਾਉ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਅਸੀਂ ਅਕਾਲ ਪੁਰਖ ਦੇ ਦਿੱਤੇ ਸਰੂਪ ਨੂੰ ਬਰਕਰਾਰ ਰੱਖੀਏ। ਰਹਿਤਨਾਮਿਆਂ ਵਿਚ ਕਿਹਾ ਗਿਆ ਹੈ:
ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ।
ਸੋ ਸਪੱਸ਼ਟ ਹੈ ਕਿ ਕੇਸ ਅਕਾਲ ਪੁਰਖ ਨੇ ਮਨੁੱਖ ਨੂੰ ਬਿਨਾਂ ਜਾਤ-ਪਾਤ ਨੂੰ ਵੇਖਦਿਆਂ ਤੋਹਫ਼ੇ ਦਿੱਤੇ ਹਨ। ਇਸ ਲਈ ਇਸ ਨੂੰ ਫੈਸ਼ਨ ਦੀ ਬਲੀ ਚੜ੍ਹਾ ਕੇ ਮਨੁੱਖਤਾ ਨੂੰ ਬੇਤਰਤੀਬ ਜੀਵਨ ਵੱਲ ਨਹੀਂ ਘਸੀਟਿਆ ਜਾਣਾ ਚਾਹੀਦਾ। ਕੇਸਾਧਾਰੀ ਹੋ ਕੇ ਅਸੀਂ ਪਰਮਾਤਮਾ ਦੇ ਸਰੂਪ ਵਾਲੇ ਹੋਣ ਦਾ ਗੌਰਵ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਜਿਨ੍ਹਾਂ ਵੀ ਮਹਾਨ ਆਤਮਾਵਾਂ ਨੇ ਆਪਣੀ ਦਿੱਬ-ਦ੍ਰਿਸ਼ਟੀ ਨਾਲ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ ਉਨ੍ਹਾਂ ਨੇ ਕਿਸੇ ਨਾ ਕਿਸੇ ਢੰਗ ਵਿਚ ਉਸ ਦੇ ਲੰਮੇ ਸੁਹਣੇ ਕੇਸਾਂ ਦੀ ਤਾਰੀਫ਼ ਕੀਤੀ ਹੈ।
ਸਹਾਇਕ ਪੁਸਤਕਾਂ :
1. ਸ. ਸਰੂਪ ਸਿੰਘ ਅਲੱਗ, ਕੇਸੇਸ ਪ੍ਰਸ੍ਰਸੰਗੰਗ, ਧਰਮ ਪ੍ਰਚਾਰ ਕਮੇਟੀ, ਸ਼੍ਰੋ: ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ, 1998.
2. ਪ੍ਰੋ. ਇੰਦਰਜੀਤ ਕੌਰ, ਕੇਸਾਂ ਦੀ ਮਹਾਨਤਾ।
3. ਸ. ਮਹਿੰਦਰ ਸਿੰਘ, ਕੇਸੇਸ ਸਾਡਾ ਗੋਰੋਰਵ, ਧਰਮ ਪ੍ਰਚਾਰ ਕਮੇਟੀ, ਸ਼੍ਰੋ: ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ-2002.
4. ਡਾ. ਤੇਜਿੰਦਰ ਸਿੰਘ, ਕੇਸ ਕਿਉੁਂ ਇਕ ਉੁੱਤਰ, ਧਰਮ ਪ੍ਰਚਾਰ ਕਮੇਟੀ, ਸ਼੍ਰੋ: ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ।
5. ਲਾਲ ਸਿੰਘ ਗਿਆਨੀ, ਕੇਸ ਫ਼ਿਲਾਸਫ਼ੀ, ਅਫਰੀਕਾ ਖਾਲਸਾ ਜਥਾ ਨੈਰੋਬੀ, 1956
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ