editor@sikharchives.org

ਖ਼ਾਲਸਈ ਹੋਲਾ

ਗੁਰੂ ਕਾ ਸਿੱਖ, ਕਰਤਾ ਪੁਰਖ ਦਾ ਪੁਜਾਰੀ ਤੇ ਉਸ ਕਾਦਰ ਦੀ ਕੁਦਰਤ ਤੋਂ ਸਦਾ ਬਲਿਹਾਰੀ ਜਾਣ ਵਾਲਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਕਾ ਸਿੱਖ, ਕਰਤਾ ਪੁਰਖ ਦਾ ਪੁਜਾਰੀ ਤੇ ਉਸ ਕਾਦਰ ਦੀ ਕੁਦਰਤ ਤੋਂ ਸਦਾ ਬਲਿਹਾਰੀ ਜਾਣ ਵਾਲਾ ਹੈ। ਇਹ ਰੁੱਤਾਂ ਤੇ ਤਿਉਹਾਰਾਂ ਨੂੰ ਬੜੇ ਚਾਅ-ਮਲ੍ਹਾਰ ਤੇ ਪ੍ਰੇਮ-ਪਿਆਰ ਨਾਲ ਮਨਾ ਕੇ ਖੁਸ਼ ਹੈ। ਭਾਵੇਂ ਇਹ ਪੁਰਾਣੀਆਂ ਰੀਤਾਂ-ਰਸਮਾਂ ਤੋਂ ਤਾਂ ਆਜ਼ਾਦ ਹੀ ਹੈ, ਲੇਕਿਨ ਹਰ ਤਿਉਹਾਰ ਨੂੰ ਆਪਣੇ ਰੰਗ-ਢੰਗ ਨਾਲ ਮਨਾ ਕੇ ਇਕ ਵੱਖਰਾ ਸੁਆਦ ਲੈਂਦਾ ਆਇਆ ਹੈ। ਵਿਸਾਖੀ, ਦੀਵਾਲੀ, ਬਸੰਤ ਤੇ ਹੋਲੀ (ਹੋਲਾ) ਇਸ ਦੀ ਜੀਵਨ-ਯਾਤਰਾ ਦੇ ਮਨਭਾਉਂਦੇ ਚਾਰ ਪੜਾਉ ਹਨ, ਜਿਨ੍ਹਾਂ ‘ਤੇ ਇਹ ਬਿਸਰਾਮ ਪਾਉਂਦਾ ਤੇ ਆਪਣੀ ਰੂਹ ਨੂੰ ਤ੍ਰਿਪਤਾਉਂਦਾ ਹੋਇਆ ਲੋਕਾਂ ਨੂੰ ਸਮਝਾਉਂਦਾ ਹੈ ਕਿ ਇਹ ਕੰਚਨ-ਕਾਇਆ ਭਗੌੜੇ ਹੋ ਕੇ ਜੰਗਲ ਮੱਲਣ, ਸੁਆਹ ਮਲਣ ਜਾਂ ਭੁੱਖੇ ਰਹਿ ਕੇ ਤਸੀਹੇ ਝੱਲਣ ਲਈ ਨਹੀਂ ਮਿਲੀ, ਇਹ ਤਾਂ ਕਰਮਯੋਗ ਦਾ ਖੇਤਰ ਹੈ। ਉੱਦਮੀ ਬਣ ਕੇ ਹੀ “ਨਾਨਕ ਭਗਤਾ ਸਦਾ ਵਿਗਾਸੁ” ਵਾਲੀ ਹਾਲਤ ਬਣਦੀ ਹੈ। ਮੰਗ ਕੇ ਖਾਣ ਨਾਲ ਤਾਂ ਮਨੁੱਖੀ ਮਾਣ-ਸਨਮਾਨ ਤੇ ਅਣਖ-ਆਨ ਦਾ ਸਿੱਧਾ ਘਾਣ ਹੀ ਹੁੰਦਾ ਹੈ।

ਵਿਸਾਖੀ, ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ ਜਦੋਂ ਕਿ ਕਣਕਾਂ ਦੀ ਆਮਦ ਨਾਲ ਕਿਸਾਨ ਦਾ ਅੰਨ-ਭੰਡਾਰ ਭਰਪੂਰ ਹੁੰਦਾ ਹੈ ਤੇ ਉਹ ਗਿੱਧੇ, ਭੰਗੜੇ ਰਾਹੀਂ ਖੁਸ਼ੀ ਨੂੰ ਜ਼ੋਰ-ਸ਼ੋਰ ਨਾਲ ਮਨਾਉਂਦਾ ਹੈ। ਸਾਡੇ ਗੁਰੂ ਸਾਹਿਬਾਨ ਪਹਿਲਾਂ ਤੋਂ ਹੀ ਇਸ ਦੇ ਅਲੰਬਰਦਾਰ ਰਹੇ ਅਤੇ ਇਸੇ ਤਿਉਹਾਰ ਦੀ ਰੌਣਕ ਵਿਚ ਹੀ ਖ਼ਾਲਸਾ ਪੰਥ ਦੀ ਸਿਰਜਣਾ ਦਾ ਅਨੋਖਾ ਇਨਕਲਾਬੀ ਸੰਸਕਾਰ ਹੋਇਆ।

ਫਿਰ ਦੀਵਾਲੀ ਦਾ ਤਿਉਹਾਰ ਆ ਜਾਂਦਾ ਹੈ ਜੋ ਗਰਮੀ ਦੇ ਖਾਤਮੇ ਬਾਅਦ ਗੁਲਾਬੀ ਸਰਦੀ ਦਾ ਉਦਘਾਟਨ ਕਰਦਾ ਤੇ ਅੰਧੇਰੀਆਂ ਰਾਤਾਂ ਵਿਚ ਦੀਵੇ ਜਗਾ ਕੇ (ਦੀਵਾਲੀ ਦੀ ਰਾਤ ਦੀਵੇ ਬਾਲੀਅਨਿ) ਜ਼ਿੰਦਗੀ ਦਾ ਰੌਸ਼ਨ ਰਾਹ ਦਰਸਾਉਂਦਾ ਹੈ। ਸਿੱਖ, ਪ੍ਰਕਾਸ਼ ਦਾ ਪ੍ਰੀਤਵਾਨ ਤੇ ਚਾਨਣ ਦਾ ਚਾਖਾ ਹੈ, ਕਿਉਂਕਿ ਗੁਰੂ ਬਾਬਾ ਸਮਝਾ ਗਿਆ ਹੈ:

ਕਰਿ ਚਾਨਣੁ ਸਾਹਿਬ ਤਉ ਮਿਲੈ॥ (ਪੰਨਾ 25)

ਸਿਆਲਾਂ ਦੀ ਸਰਦੀ ਬਾਅਦ ਫਿਰ ਬਹਾਰ ਦਾ ਮੌਸਮ ਆ ਜਾਂਦਾ ਤੇ ਮਨੁੱਖ ਕੁਦਰਤ ਨੂੰ ਵਿਗਸਦਾ ਤੱਕ ਕੇ ਆਪਣੇ ਵਿਕਾਸ ਦਾ ਵੀ ਧਰਵਾਸ ਬੰਨ੍ਹਦਾ ਹੈ। ਫੁੱਲਾਂ ਦਾ ਖੇੜਾ ਜਦੋਂ ਸਾਡਾ ਵਿਹੜਾ ਖ਼ੁਸ਼ਬੂਆਂ ਤੇ ਟਹਿਕ-ਮਹਿਕ ਨਾਲ ਭਰਦਾ ਹੈ ਤਾਂ ਅਸੀਂ ਇਕ ਦੂਜੇ ਨੂੰ ਮੁਬਾਰਕਾਂ ਦਿੰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ, ਬਹਾਰ ਬਸੰਤ ਦੀਆਂ ਵਧਾਈਆਂ ਨਾਲ ਭਰੇ ਪਏ ਹਨ। ਉਹ ਸਾਨੂੰ ਉਤਸ਼ਾਹ ਦਿੰਦੇ ਫ਼ੁਰਮਾਉਂਦੇ ਹਨ:

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ॥ (ਪੰਨਾ 1168)

ਇਨ੍ਹਾਂ ਲਪਟਾਂ ਵਿਚ ਲਟਬੌਰੇ ਹੋਏ ਭਗਤ ਕਬੀਰ ਜੀ ਇਉਂ ਗੁਣਗੁਣਾਉਂਦੇ ਸੁਣੀਂਦੇ ਹਨ:

ਮਉਲੀ ਧਰਤੀ ਮਉਲਿਆ ਅਕਾਸੁ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
ਰਾਜਾ ਰਾਮੁ ਮਉਲਿਆ ਅਨਤ ਭਾਇ॥
ਜਹ ਦੇਖਉ ਤਹ ਰਹਿਆ ਸਮਾਇ॥ (ਪੰਨਾ 1193)

ਗੁਰੂ ਕਾ ਸਿੱਖ ‘ਦੁਨੀ ਸੁਹਾਵਾ ਬਾਗ’ ਮੰਨ ਕੇ ਇਹ ਵੀ ਭਰੋਸਾ ਰੱਖਦਾ ਹੈ ਕਿ ‘ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ।’ ਉਹ ਇਸ ਦਾ ਬਾਗਬਾਨ ਹੈ ਤੇ ਮੈਂ ਸੇਵਕ ਹੋਣ ਦੇ ਨਾਤੇ ਇਸ ਬਗ਼ੀਚੇ ਨੂੰ ਪ੍ਰਫੁੱਲਤ ਰੱਖਣ ਲਈ ਤਨੋਂ-ਮਨੋਂ ਉਦਮ ਕਰਨਾ ਹੈ। ਭਾਈ ਨੰਦ ਲਾਲ ਜੀ ਨੇ ਇਹੋ ਸੰਦੇਸ਼ਾ ਦਿੱਤਾ ਹੈ ਕਿ ਸਾਵਧਾਨ ਹੋਵੋ ਕਿਉਂਕਿ ਬਹਾਰ ਤਾਂ ਆ ਹੀ ਗਈ, ਨਾਲ ਸਾਡਾ ਮਹਿਰਮ ਯਾਰ ਵੀ ਦੀਦਾਰ ਦੇ ਰਿਹਾ ਹੈ, ਹੁਣ ਸਾਨੂੰ ਪੂਰੀ-ਪੂਰੀ ਸੰਤੁਸ਼ਟਤਾ ਹੈ:

ਬਹੋਸ਼ ਬਾਸ਼ ਕਿ ਹੰਗਾਮਏ ਨੌ ਬਹਾਰ ਆਮਦ।
ਬਹਾਰ ਆਮਦੋ, ਯਾਰ ਆਮਦ, ਕਰਾਰ ਆਮਦ  (ਦੀਵਾਨਿ ਗੋਯਾ)

ਇਹ ਬਹਾਰ ਦੀ ਆਮਦ ਖੈਰ-ਹੱਥੀਂ ਨਹੀਂ ਹੁੰਦੀ। ਹਰੀ-ਭਰੀ ਧਰਤੀ ਅਤੇ ਰੰਗੀਨ ਆਲਾ-ਦੁਆਲਾ ਤੱਕ ਕੇ ਮਨੁੱਖ ਦਾ ਮਨ ਰੰਗਾਂ ਦੀ ਪਿਚਕਾਰੀ ਲੈ ਕੇ ਆਪਣੀ ਸਾਰੀ ਦੁਨੀਆਂ ਨੂੰ ਰੰਗਾਂ ਦੇ ਸਾਗਰ ਵਿਚ ਡੁਬੋਣ ਲਈ ਕਾਹਲਾ ਪੈ ਜਾਂਦਾ ਤੇ ਹੋਲੀ ਦਾ ਆਗਮਨ ਉਸ ਨੂੰ ਸਰਸ਼ਾਰ ਕਰਦਾ ਜਾਂਦਾ ਹੈ। ਸੰਤ-ਭਗਤ ਆਪਣੇ ਢੰਗ ਨਾਲ ਇਸ ਨੂੰ ਨਮਸਕਾਰ ਕਰਦੇ ਹਨ:

ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥ (ਪੰਨਾ 1180)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਭਰ ਵਿਚ ਇਨ੍ਹਾਂ ਰੰਗਾਂ ਦੀ ਟੋਕਾ-ਟਾਕੀ ਦੇਖੀ ਤੇ ਨਾਲ ਹੀ ਗ਼ੁਲਾਮ ਮਨੁੱਖਤਾ ਦੀ ਤਰਸਯੋਗ ਝਾਕੀ ਵੀ ਧਿਆਨ ਵਿਚ ਲਿਆਂਦੀ। ਉਨ੍ਹਾਂ ਕਿਹਾ, “ਹੁਣ ਇਸ ਰੰਗੀਨ ਝਾਕੀ ਨੂੰ ਇਸਤ੍ਰੀ ਲਿੰਗ ਤੋਂ ਪੁਲਿੰਗ ਵਿਚ ਬਦਲੋ, ਹੋਲੀ ਦਾ ਹੋਲਾ ਕਰੋ ਤਾਂ ਕਿ ਮਰਦਾਨਗੀ ਦੀ ਪ੍ਰਧਾਨਗੀ ਨਾਲ ਖ਼ਾਲਸਾ ਪੰਥ, ਬਲਵਾਨਗੀ ਦਾ ਪ੍ਰਦਰਸ਼ਨ ਕਰੇ, ਦੇਸ਼-ਕੌਮ ਨੂੰ ਇਸ ਦੀ ਲੋੜ ਹੈ।” ਇਹ ਗੱਲ ਚੇਤ ਵਦੀ ਏਕਮ 1757 ਬਿਕ੍ਰਮੀ ਦੀ ਹੈ, ਜਿਸ ਦਿਨ ਅਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਨੇ ਯੋਧੇ ਸੂਰਬੀਰਾਂ ਦੀਆਂ ਦੋ ਟੋਲੀਆਂ ਬਣਾ ਕੇ ਮਸਨੂਈ ਲੜਾਈ ਕਰਵਾਈ ਤੇ ਹੋਲਗੜ੍ਹ ਉੱਤੇ ਕਬਜ਼ਾ ਕਰਨ ਦੀ ਸ਼ਰਤ ਲਾਈ। ਇਨ੍ਹਾਂ ਵਿੱਚੋਂ ਜੋ ਦਲ ਹੱਲਾ ਕਰ ਕੇ ਦੂਜਿਆਂ ਨੂੰ ਪਰ੍ਹੇ ਹਟਾ ਕੇ ਗੜ੍ਹੀ ‘ਤੇ ਜਾ ਬਿਰਾਜਮਾਨ ਹੋਇਆ, ਉਹ ਜੇਤੂ ਕਰਾਰ ਦਿੱਤਾ ਗਿਆ ਤੇ ਉਸ ਨੂੰ ਹੋਲੇ ਮਹੱਲੇ ਦਾ ਅੱਵਲ ਇਨਾਮ ਮਿਲਿਆ। ‘ਮਹੱਲੇ’ ਦਾ ਅਰਥ ਹੀ ਵਿਜਈ ਹੋ ਕੇ ਉਤਰਨਾ ਹੈ। ਇਉਂ ਗੁਰੂ ਸਾਹਿਬ ਨੇ ਇਸ ਨਾਜ਼ੁਕ ਰੰਗੀਨ ਤਿਉਹਾਰ ਨੂੰ ਯੋਧਿਆਂ-ਵਰਿਆਮਾਂ ਦਾ ਤਿਉਹਾਰ ਬਣਾ ਕੇ ਖ਼ਾਲਸਾ-ਪੰਥ ਨੂੰ ਤਿਆਰ-ਬਰ-ਤਿਆਰ ਕੀਤਾ। ਇਹ ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਦਾ ਕ੍ਰਿਸ਼ਮਾ ਸੀ, ਜਿਸ ਦੁਆਰਾ ਉਨ੍ਹਾਂ ਇਕ ਪੁਰਾਣੀ ਹਾਰੀ-ਹੁੱਟੀ ਪਲੀਤ ਰੀਤ ਨੂੰ ਪੁਨੀਤ ਅਤੇ ਜਗਤ-ਜੀਤ ਬਣਾ ਕੇ ਦੇਸ ਨੂੰ ਇਨਕਲਾਬ ਦੇ ਰਾਹ ਤੋਰਿਆ। ਕਵੀਆਂ ਇਸ ਦੇ ਗੁਣ ਗਾਏ। ਖ਼ਾਸ ਕਰਕੇ ਨਿਰਮਲੇ ਵਿਦਵਾਨ ਸੰਤ ਨਿਹਾਲ ਸਿੰਘ ਬੁੰਗਾ ਸੋਹਲਾਂ (ਦੇਹਾਂਤ : ਸੰਨ 1876) ਤੇ ਪੰ. ਨਿਹਾਲ ਸਿੰਘ ਲਾਹੌਰੀ (ਦੇਹਾਂਤ : ਸੰਨ 1899) ਨੇ ਜੋ ਹੋਲੇ ਮਹੱਲੇ ਦੀ ਉਪਮਾ ਦੇ ਛੰਦ ਰਚੇ, ਉਹ ਪ੍ਰੇਮੀ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਕੀਤੇ ਜਾਂਦੇ ਹਨ-

(1) ਸੰਤ ਨਿਹਾਲ ਸਿੰਘ ਸੋਹਲਾਂ :-

ਲਾਯੋ ਹੈ ਬਡੋਈ ਬਾਂਕੋ ਪ੍ਰਿਥਮ ਦੀਵਾਨ ਗੁਰੂ,
ਸੰਗਤੈਂ ਕੌ ਲਿਖਿ ਲਿਖ ਪੱਤ੍ਰਿਕਾ ਬੁਲਾਯੋ ਹੈ।
ਆਈ ਦੇਸ ਦੇਸਨ ਤੇ ਲਯਾਈ ਭਾਂਤ ਭਾਂਤ ਭੇਟ,
ਗੁਰੂ ਪਦ ਪਾਸ ਧਰਿ ਸੀਸ ਹੂੰ ਝੁਕਾਯੋ ਹੈ।
ਗੁਰੂ ਕੀ ਲੈ ਆਗਯਾ ਪਾਂਚੋਂ ਸਿੰਘਨ ਨਿਹਾਲ ਸਿੰਘ,
ਗਯਾਨਾਮ੍ਰਿੰਤ ਪਾਂਚ ਸੈ ਕੋ ਰੀਤਿ ਸੋਂ ਛਕਾਯੋ ਹੈ।
ਪਾਂਚੋਂ ਮੇਲ ਕੋਸ਼ ਬ੍ਰਹਿਮ ਵਿਦਯਾ ਯਥਾਯੋਗ ਦੀਨੀ,
ਪਾਛੈ ਸ੍ਰੀ ਗੁਬਿੰਦ ਸਿੰਘ ਬਚਨ ਸੁਨਾਯੋ ਹੈ।4।

ਕੀਜੈਂਗੇ ਬਿਬਿਧ ਰਾਗ ਰੰਗ ਕੇ ਬਿਲਾਸ ਹਾਸ,
ਕੇਸਰ ਗੁਲਾਬ ਔ ਗੁਲਾਬ ਕੌ ਉਛਾਵੈਂਗੇ।
ਰਾਧਿਕਾ ਰਮਨ ਕੋ ਪ੍ਰਸੰਗ ਲਯਾਇ ਰਾਗੀ ਸਿੰਘ,
ਰਾਗਨ ਮੈਂ ਸਾਜਨ ਮੈਂ ਭੜੂਆ ਸੁਨਾਵੈਂਗੇ।
ਸੇਵਕ ਨਿਹਾਲ ਸਿੰਘ, ਸਭਨੋਂ ਨੇ ਸੁਨਯੋ ਆਛੇ,
ਮੀਤਨ ਕੀ ਗਾਲ ਪੈ ਗੁਲਾਲ ਮੀਤ ਲਾਵੈਂਗੇ।
ਸ੍ਰੀ ਗੁਰ ਆਨੰਦ ਰੂਪ ਕਹਯੋ ਸ੍ਰੀ ਅਨੰਦਪੁਰ,
ਸੁਨੋ ਖ਼ਾਲਸਾ ਜੀ! ਹੋਲਾ ਕਾਲ ਹੀ ਮਚਾਵੈਂਗੇ।5।

ਨੱਚੈਗਾ ਜੁ ਮਨ ਰੂਪੀ ਭੂਤਨਾ ਹੈ ਚੰਚਲ ਜੋ,
ਇੰਦ੍ਰੀਆਂ ਕੇ ਸਾਥ ਮਿਲਯੋ ਲੋਲਪੱਤਾ ਰਚੈਗਾ।
ਉਡੈਗਾ ਅੰਬੀਰ ਆਛੋ ਅਲਤਾ ਦੀਵਾਨ ਪਰ,
ਗਹਿ ਕੈ ਭਿਗੋਵੈਂ ਗੇ, ਨ ਭਾਜ ਕੋਊ ਬਚੈਗਾ।
ਸੰਤ ਖੁਸ਼ੀ ਮ੍ਰਿਗਰਾਜ ਹੋਇਗੋ ਅਨੰਦ ਬਡੋ,
ਨਰ ਔਰ ਨਾਰੀਓਂ  ਕਾ  ਚਿਤ  ਲੱਲਚੈਗਾ।
ਬੈਠੇ ਹੈਂ ਅਨੰਦਪੁਰ ਕਹਯੋ ਸ੍ਰੀ ਗੁਬਿੰਦ ਸਿੰਘ- ‘
ਸੁਨਹੁ ਪੁੱਤ੍ਰ ਖ਼ਾਲਸਾ ਜੀ! ਹੋਲਾ ਕਾਲ ਮਚੈਗਾ।6।

‘ਬੈਠੇ ਏਕ ਓਰ ਮਹਾਰਾਜੈ ਸ੍ਰੀ ਗੁਬਿੰਦ ਸਿੰਘ,
ਸਿੰਘ ਆਸਪਾਸ ਸਜਯੋ ਪਾਤਸ਼ਾਹ ਸੱਚਯੋ ਹੈ।
ਏਕ ਓਰ ਕੇਵਲ ਹਠੀਲੇ ਜਪੀ ਤਪੀ ਸਿੰਘ,
ਗੁਰੂ ਮੁਖ ਦ੍ਵਾਰ ਜਿਨੋਂ ਨਾਮ ਸੁਧਾ ਅਚਯੋ ਹੈ।
ਏਕ ਓਰ ਰਾਗੀ ਸਿੰਘ ਸ਼ਬਦ ਰਹੇ ਹੈਂ ਪਢ,
ਸੰਤ  ਖੁਸ਼ੀ ਮ੍ਰਿਗਰਾਜ ਮਨੂਆ ਲੱਲਚਯੋ ਹੈ।
ਏਕ ਓਰ ਵਾਰੋ ਵਾਰੀ ਪਢਤ ਕਵੀਸ਼ਰ ਹੈਂ,
ਸ੍ਰੀ ਗੁਰ ਹਜ਼ੂਰ ਐਸੋ ਹੋਲਾ ਤਬੈ ਮਚਯੋ ਹੈ।7।

ਚਾਰੋਂ ਕੁੰਟ ਆਵੈਂ ਮਹਾਰਾਜ ਜੀ ਹਜ਼ੂਰ ਤੇਰੇ,
ਵਾਹਿਗੁਰੂ ਜੀ ਕੀ ਫਤੇ ਬੋਲੈਂ ਸ਼ੁਭ ਬੋਲਾ ਹੈ।
ਪਰਮ ਪ੍ਰਸਿੱਧ ਪਾਰਬ੍ਰਹਿਮ ਗੁਰ  ਪੂਰਨ ਹੋ,
ਨਾਮ ਦਾਨ ਦੇ ਕੈ ਦ੍ਵਾਰ ਮੁਕਤਿ ਕੋ ਖੋਲ੍ਹਾ ਹੈ।
ਸ਼ਰਨਿ ਤੁਮ੍ਹਾਰੀ ਆਏ ਸੇਵਕ ਨਿਹਾਲ ਸਿੰਘ,
ਰਾਵਰੋ ਸੁਜਸ ਅਤਿ ਅਗਮ ਅਤੋਲਾ ਹੈ।
ਏਕ ਮਨ ਹੋਇਕੈ ਉਚਾਰੋ ਤੁਮ ਖ਼ਾਲਸਾ ਜੀ!,
‘ਸ੍ਰੀ ਗੁਰ ਗੋਬਿੰਦ ਸਿੰਘ ਸਾਹਿਬ ਕੋ ਹੋਲਾ ਹੈ।’8।

ਕਲਿਯੁਗ ਮੈਂ ਕਾਮ ਕ੍ਰੋਧਾਦਿਕ ਚਲਾਵੈਂ ਬਾਨ,
ਆਨ ਨ ਉਪਾਉ ਨਾਮ ਚਰਮ ਕੋ ਓਲ੍ਹਾ ਹੈ।
ਲੀਨੋ ਜਿਨ ਨਾਹਿ ਤਾਂਹਿ ਅੰਤਕ ਜੋ ਪਟਕਾਵੈ,
ਬੁਰੋ ਸੋ ਬਦਨ ਹੋਤ ਕਾਰੋ ਜਿਮ ਕੋਲਾ ਹੈ।
ਉਜਲ ਨਿਹਾਲ ਸਿੰਘ ਹੋਵੈ ਸਤਿਸੰਗ ਕਰੈ,
ਬ੍ਰਹਿਮ ਪਦ ਪਾਵੈ ਯਾ ਮੈਂ ਰੰਚ ਹੂੰ ਨ ਰੌਲਾ ਹੈ।
ਨਾਮ ਧਨ ਖੱਟੋ ਪੁੰਜ ਪਾਪਨ ਕੋ ਕੱਟੋ ਰਟੋ।
ਸ੍ਰੀ ਗੁਰੂ ਗੁਬਿੰਦ ਸਿੰਘ ਸਾਹਿਬ ਕੋ ਹੋਲਾ ਹੈ।9।

ਏਕ ਵਰਤਾਵੈਂ ਗਾਵੈਂ ਏਕ ਲੈ ਲੈ ਆਵੈਂ ਸਿੰਘ,
ਜਹਾਂ ਜਹਾਂ ਦੇਖੀਐ ਗੁਲਾਲ ਪੁੰਜ ਝੋਲਾ ਹੈ।
ਮਿਲਕੈ ਉਡਾਵੈਂ ਹਰਖਾਵੈਂ ਬਡੀ ਛਬਿ ਪਾਵੈਂ,
ਧਯਾਵੈਂ ਸ੍ਰੀ ਗੁਬਿੰਦ ਸਿੰਘ ਨਾਮ ਜੁ ਅਮੋਲਾ ਹੈ।
ਸੰਤ ਖੁਸ਼ੀ ਮ੍ਰਿਗਰਾਜ, ਸ੍ਰੀ ਗੁਰ ਬਿਲੋਕ ਰੀਝੈਂ,
ਏਕ  ਛਿਰਕਾਵਤ ਗੁਲਾਬ ਜੁ ਅਤੋਲਾ ਹੈ।
ਛੋਰੈਂ ਏਕ ਤਾਕ ਤਾਕ ਕੁਮਕੁਮੇ ਖ਼ੂਬ ਲਾਗੈਂ,
ਏਕ ਕਹੈਂ ਬੋਲੋ- ‘ਆਜ ਸ੍ਰੀ ਗੁਰੂ ਕੋ ਹੋਲਾ ਹੈ।’10।

(ਗੁਲਾਬਦਾਨੀ)  ਲਿਆਵੈਂ ਏਕ ਬਾਂਕੇ ਸਿੰਘ ਕੇਸਰ ਗੁਲਾਬ ਘੋਲਿਓ,
ਕੇਸੂ ਰੰਗ ਸੰਗ ਹੀ ਗੁਲਾਲ ਜੁ ਅਤੋਲਾ ਹੈ।
ਭੜੂਆ ਕਹਤ ਏਕ, ਲੜੂਆ ਪਰਤ  ਏਕ,
ਦੋਨੋਂ ਕੌ ਹਸਾਵੈਂ, ਏਕ ਆਨੰਦ ਅਮੋਲਾ ਹੈ।
ਭਰ ਪਿਚਕਾਰੀਆਂ ਨਿਹਾਲ ਸਿੰਘ ਛੋਰੈਂ ਏਕ,
ਭੀਜੈਂ, ਨਹਿˆ ਖੀਝੈ ਸਾਟੋ ਲੇਤ ਝਕਝੋਲਾ ਹੈ।
ਰਸਨਾ ਹੈ ਏਕ ਤਹਾਂ ਕੌਂਤਕ ਅਨੇਕ ਭਏ, “
ਏਕ ਕਹੈਂ, ਖ਼ਾਲਸਾ ਜੀ ਹੋਲਾ, ਹੋਲਾ, ਹੋਲਾ ਹੈ।’11।

ਏਕ ਕਹੈਂ ਸ੍ਰੀ ਗੁਰ ਕੀ ਮਹਿਮਾ ਅਨੰਤ ਰੂਪ,
ਏਕ ਕਹੈਂ- ਹਰਿ ਗੁਰ ਮੈਂ ਨ ਭੇਦ ਟੋਲਾ ਹੈ।
ਏਕ ਕਹੈਂ ਸ੍ਰੀ ਗੁਰ ਹੈਂ ਦਾਤੇ ਮਨੋ ਕਾਮਨਾ ਕੇ,
ਏਕ ਕਹੈਂ ਦੂਰ  ਕਰੈਂ, ਕਾਮਨਾ ਕੋ ਰੋਲਾ ਹੈ।
ਸੰਤ ਖੁਸ਼ੀ ਮ੍ਰਿਗਰਾਜ ਏਕ ਕਹੈਂ ਦੀਨ ਦਯਾਲ,
ਏਕ ਕਹੈਂ ਗਯਾਨ ਦਾਨ ਦੇਤ ਜੁ ਅਮੋਲਾ ਹੈ।
ਊਚਨ ਤੇ ਊਚੇ ਇਨ ਜੈਸੇ ਇਹੀ ਏਕ ਕਹੈਂ,
ਸ੍ਰੀ ਗੁਰ ਗੋਬਿੰਦ ਸਿੰਘ! ਧੰਨ ਤੇਰੋ ਹੋਲਾ ਹੈ।12।

ਗਾਵੈਂ ਸਿੰਘ ਰਾਗੀ ਵਡਭਾਗੀ ਸਭਾ ਸ਼ੋਭ ਰਹੀ,
ਸੁਨ ਸੁਨ ਕਾਨ੍ਹ ਜੂ ਕੀ ਲੀਲਾ ਸਿੰਘ ਝੇਲਤੇ।
ਛਿਰਕੈਂ ਗੁਲਾਬ ਕਈ ਫੈਂਕਤ ਗੁਲਾਲ ਲਾਲ,
ਪ੍ਰੇਮ ਪ੍ਰੀਤਿ ਰਾਤੇ ਕਈ ਕੁਮ ਕੁਮੇ ਚੇਲਤੇ।
ਸੰਤ ਖੁਸ਼ੀ ਮ੍ਰਿਗਰਾਜ ਬਾਂਟਤ ਅਤਰ ਸਿੰਘ,
ਹੱਸ ਕੈ ਹਸਾਵੈਂ ਔ ਬਿਲਾਸ ਬਾਨੀ ਮੇਲਤੇ।
ਨਿਰਮਲੇ, ਨਿਹੰਗ, ਗ੍ਰੇਹੀ ਮੱਧ ਸ੍ਰੀ ਗੁਬਿੰਦ ਸਿੰਘ,
ਸ੍ਰੀ ਗੁਰ ਹਜੂਰ ਐਸੋ ਹੋਲਾ ਸਿੰਘ ਖੇਲਤੇ॥13॥

ਚਢਯੋ ਚਾਰੁ ਚੇਤਨ ਬਸੰਤ ਰਿਦੈ ਸੰਤਨ ਕੇ,
ਹ੍ਰਿਦੈ ਕੇ ਹੁਲਾਸ ਬੋਲੈਂ ਸ਼ੁਧ ਬ੍ਰਹਿਮ ਬੋਲਾ ਹੈ।
ਨਿਜਾਨੰਦ ਖੇਲਬੇ ਕੋ ਪ੍ਰੇਮ ਕੇ ਗੁਲਾਬ ਬੀਚ,
ਮਹਾਂਵਾਕ ਕੇਸਰੀ ਅਨੂਪ ਰੰਗ ਘੋਲਾ ਹੈ।
ਛਿਰਕਯੋ ਨਿਹਾਲ ਸਿੰਘ ਉਤਮ ਜਗਯਾਸ੍ਵੀਓਂ ਪੈ,
ਗਯਾਨ ਕੋ ਗੁਲਾਲ ਫੈਂਕਯੋ ਨੀਕੋ ਜੁ ਅਮੋਲਾ ਹੈ।
ਸੁਨੋ ਸਾਧਸੰਗਤਿ ਸਰਬਤ ਅਜ ਖ਼ਾਲਸਾ ਜੀ!
ਜਗਤ ਕੀ ਹੋਲੀ ਔਰ ਸੰਤਨ ਕਾ ਹੋਲਾ ਹੈ।14।

ਫਾਗੁਨ ਮੈਂ ਪਰਮ ਅਨੰਦ ਹ੍ਵੈ ਸੁਹਾਗਨਿ ਕੋ,
ਜਾਂਕੇ ਰਿਦੈ ਘਰਿ ਪ੍ਰਭੁ ਕੁੰਤੁ ਜੋ ਅਮੋਲਾ ਹੈ।
ਸ੍ਵਾਮੀ ਗੁਨ ਗਾਵਤੀ ਹੈਂ ਰੀਝ ਕੈ ਰਿਝਾਵਤੀ ਹੈਂ।
ਪਾਵਤੀ ਹੈਂ ਨੇਮ ਖੇਮ ਪ੍ਰੇਮ ਜੁ ਅਤੋਲਾ ਹੈ।
ਸੋਈ ਜਗਿ ਜਿੰਦੜੀ ਨਿਹਾਲ ਸਿੰਘ ਉਤਮ ਹੈ,
ਸੰਤਨ ਕੋ ਸੰਗ ਕਰੈ  ਫੈਂਕੇ ਭੇਦ  ਭੋਲਾ ਹੈ।
ਰੌਲਾ ਹੈ ਨ ਰੰਚ ਹੂੰ ਸੁਖੌਲਾ ਭੇਦ ਭਲੀ ਭਾਂਤ,
ਮੋਖ ਪਦ ਲਹਹੁ ਕਹੋ ਸ੍ਰੀ ਗੁਰੂ ਕੋ ਹੋਲਾ ਹੈ।15।

ਦੇਖੋ ਜੂ ਕੈਸੇ ਏ ਝੰਡੇ ਜੁ ਝੂਲੇ ਹੈਂ,
ਧੌਂਸੇ ਕੀ ਧੁੰਕੇ ਸੇ ਸ਼ੰਭੂ ਭਾ ਭੋਲਾ।
ਜੈਸੀ ਤੋ ਆਭਾ ਹੈ ਰਾਗੀ ਕੇ ਰਾਗੋਂ ਕੀ,
ਤੈਸੋ ਹੀ ਮੀਠੋ ਹੈ ਪਯਾਰਯੋਂ ਕੋ ਬੋਲਾ।
ਸਿੰਘੋਂ ਕੀ ਸ਼ੋਭਾ ਹੈ ਵਾਰੀ ਹੋਂ ਘੋਲੀ ਹੌ,
ਆਛੇ ਹੈਂ ਹੀਏ ਕੋ ਤਾਲਾ ਹੈ ਖੋਲ੍ਹਾ।
ਬਾਂਕੇ ਹੈਂ ਜੋਧੇ ਹੈਂ ਪ੍ਰੇਮੀ ਹੈਂ ਨੇਮੀ ਹੈਂ,
ਯਾਂ ਹੀ ਤੇ ਪਯਾਰੇ ਜੂ ਖੇਲ੍ਹੋ ਜੂ ਹੋਲਾ।
ਨੌਕਾ ਕੇ ਸਾਥੀ ਜੁ ਪਯਾਰੇ ਹੈਂ ਪੰਥੀ ਜਯੋਂ,
ਵੈਸੇ ਹੀ ਸਾਰੇ ਹੈਂ ਲੋਕੋ ਕੋ ਚੋਲਾ।
ਝੂਠੇ ਹੀ ਨਾਤੇ ਸੇ ਬਾਂਧੇ ਹੈ ਸੂਆ ਜਯੋਂ,
ਕਾਹੂੰ ਕੋ ਸ੍ਵਾਮੀ ਹੈ, ਕਾਹੂੰ ਕੋ ਗੋਲਾ।
ਆਛੇ ਔ ਮੰਦੇ ਜੁ ਆਏ ਹੈਂ ਮੂਏ ਸੋ,
ਬਾਕੀ ਭੀ ਚਲੈਂਗੇ ਪਾਨੀ ਜਯੋਂ ਓਲਾ।
ਜੀਵੈਗੋ ਜੋਈ ਸੁ ਆਵੈਗੋ ਖੇਲੈਗੋ,
ਬੋਲੋ ਜੀ ਹੋਲਾ ਹੈ, ਹੋਲਾ ਹੈ, ਹੋਲਾ।’16। (ਛਾਪ, 1906)

(2) ਪੰਡਿਤ ਨਿਹਾਲ ਸਿੰਘ ਲਾਹੌਰੀ :-

ਸ੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਜੂ ਕੋ ਇਹ,    
ਲਾਡਲੋ ਛਬੀਲੋ ਪੰਥ ਖ਼ਾਲਸਾ ਅਨੰਤ ਹੈ!
ਵਿਚਾਰ ਕੀ ਸੁ ਮੂਰਤੀ, ਵਿਰਾਜੈ ਚਾਰੁ ਬੀਰ ਰਸ,
ਰਾਜਸੀ ਵਿਹਾਰ  ਚੀਤ ਸ਼ਾਂਤਕੀ ਲਸੰਤ ਹੈ।
ਔਰ ਜੋਈ ਦੇਖੀਏ ਮਲੇਛਨ ਕੇ ਝੁੰਡ  ਭਾਰੇ,
ਤਾਂ ਕੋ ਰੰਗ ਭੂਮਿ ਮਹਿ ਛਿਨੇਕ ਮੈਂ ਦਲੰਤ ਹੈਂ।
ਅੰਧਕਾਰ ਟਾਰਬੇ ਕੋ ਦੁੱਜਨ ਕੇ ਮਾਰਬੇ ਕੋ,
ਮਾਰਤੰਡ ਸਿੰਘਨ ਕੋ ਨਾਮ ਖਯਾਤਵੰਤ ਹੈ।5।

ਆਯੋ ਰਿਤੁਰਾਜ ਜੂ ਸੁਹਾਯੋ ਹੈ ਜਹਾਨ ਸਾਰੋ,
ਛਾਯੋ ਹੈ ਪ੍ਰਮੋਦ ਦੁਖ ਏਕ ਹੂੰ ਨ ਤੋਲਾ ਹੈ।
ਸੀਤ ਹੂੰ ਨ ਘਾਮ ਤੇਜ, ਚੰਦ੍ਰਿਕਾ ਗੁਲਾਬੀ ਠੰਢ,
ਸੀਤਲ ਸੁਗੰਧ ਮੰਦ ਪੌਨ ਕੋ ਝਕੋਲਾ ਹੈ।
ਕੰਜ ਸੇ ਪ੍ਰਫੁਲ ਹੂਏ ਹੀਏ ਜੁ  ਪੁਮਾਨ ਪਯਾਰੀ,
ਹੌਸਲੇ ਹੁਲਾਸ  ਬੀਚ  ਚੀਤ  ਤੋ  ਕਲੋਲਾ  ਹੈ।
ਦੇਵੀ, ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ
ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।6।

ਕੂਕ ਉਠੀ ਕੋਕਿਲਾ ਕਲਾਪੀ ਮੋਰ ਨਾਚ ਉਠੇ,
ਕੀਰ ਔ ਕਪੋਤ ਝੁੰਡ ਬ੍ਰੇਹੀ ਕੋ ਵਿਚੋਲਾ ਹੈ।
ਠੌਰ ਠੌਰ ਨੀਰ ਕੇ ਪਯੂਖ ਸੇ ਪ੍ਰਵਾਹ ਪੂਰਾ,
ਔਰ ਹੀ ਅਨੂਠੀ ਤੌਰ ਕੁੰਜ ਤੁੰਡ ਖੋਲ੍ਹਾ ਹੈ।
ਭੌਰਨ ਕੀ ਭੀਰ ਭਾਰੀ ਗੂੰਜਤੋ ਪ੍ਰਮੋਦ ਪੁੰਜ,
ਝਾਕ ਝੂਰ ਝੂਰ ਕੈ  ਵਿਯੋਗੀ ਚੀਤ ਡੋਲਾ ਹੈ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ,
ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।7।

ਆਂਬਨ ਕੀ ਬੌਰ ਨੇ ਵਿਯੋਗੀ ਬ੍ਰਿੰਦੇ ਬਉਰੇ ਕੀਨੇ,
ਫੂਲ ਹੈਂ ਪਲਾਸ ਕੋ ਕਿ ਆਤਸ਼ ਕੋ ਗੋਲਾ ਹੈ।
ਕੇਤਕੀ ਰਵੇਲ ਜੂਹੀ ਚੰਪਕ ਚਬੇਲੀ ਕੁੰਦ,
ਕੇਵੜੋ ਗੁਲਾਬ ਕੌ ਹਿਸਾਬ ਤੋ ਅਤੋਲਾ ਹੈ।
ਫੈਲਗੀ ਸੁਗੰਧ ਕੀ ਝਕੋਰ ਤੋਂ ਚਹੂ ਓਰ,
ਪੰਥ ਕੇ ਚਲੈਯਾ ਲੌਟ ਗੇਹੁ ਕੋ ਢੰਡੋਲਾ ਹੈ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ,
ਸ੍ਰੀ ਗੁਰ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।9।

ਪ੍ਰੀਤਿ ਸਿਉਂ ਪ੍ਰਤੀਤ ਸਿਉਂ ਪੂਜ ਕੈ ਸੁ ਗ੍ਰੰਥ ਨਾਥ,
ਵੇਦ ਛੀਰ ਸਿੰਧੁ ਜੋਊ ਨੈਨੁ ਸਯੋਂ ਵਿਰੋਲਾ ਹੈ।
ਜਾਸ ਕੇ ਅਧਿਐਨ ਤੇ  ਅਲੋਲ  ਚੀਤ  ਹੋਤ  ਬੇਗ,
ਭੂਤ ਦੀਪ ਦੀਪ ਸਿਖਾ ਦਾਮਨੀ ਮਮੋਲਾ ਹੈ।
ਬਾਂਟ ਕੈ ਕੜਾਹ ਦੀਨਬੰਧੁ ਕੋ ਪ੍ਰਸਾਦ ਸੁਧਾ,
ਸਾਜ ਕੈ ਮਹੱਲਾ, ਫਤੇ ਗਾਜ ਕੈ ਸੁ ਬੋਲਾ ਹੈ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿਧ ਹੋਲੀ,
ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।11।

ਸ਼ੋਰ ਮਚਯੋ ਭਾਰੀ ਏਕ ਵਾਰਗੀ ਚਹੂੰਘ ਚਾਰੁ,
ਜੇਤੋ ਭੌਨ ਬੀਥਿਕਾ ਬਜ਼ਾਰ ਚੌਕ ਟੋਲਾ ਹੈ।
ਬਾਜੇ ਭਾਂਤ ਭਾਂਤਨ ਕੇ ਬਾਜੇ ਸ੍ਰੀ ਆਨੰਦਪੁਰ,
ਸਾਜੇ ਸਾਜ ਗਾਵਤੇ ਧਮਾਰ ਛੰਦ ਢੋਲਾ ਹੈ।
ਛੂਟੈਂ ਪਿਚਕਾਰੀ ਰੰਗ ਹੇਮ ਕੀ ਜਰਾਊ ਲਾਲ,
ਜੂਟੈ ਪ੍ਰੇਮ ਮੌਜ ਕੋਸ਼ ਲੂਟੈਂ ਮੋਦ ਚੋਲਾ ਹੈ।
ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿਧ ਹੋਲੀ,
ਸ੍ਰੀ ਗੁਰੂ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।12।

ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ  ਕੋ,
ਲੋਕਨ ਕੀ ਬੋਲੀ ਦੀਨਬੰਧੁ ਕੋ ਸੁ  ਬੋਲਾ  ਹੈ।
ਅੰਬਿਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ,
ਚੋਲੀ ਤੋਂ ਬਖਾਨੇ ਬਾਲ, ਸੁਆਮੀ ਜੀ ਕੋ ਚੋਲਾ ਹੈ।
ਝੰਡੀ ਔ ਸਵਾਰੀ ਆਪ ਝੰਡਾ ਜੂ ਸਵਾਰਾ ਨਾਥ,
ਝੋਲੀ ਤੋਂ ਤਮਾਮ ਕੀ ਸੁ ਖ਼ਾਲਸੇ ਕੋ ਝੋਲਾ ਹੈ।
ਦੇਵੀ  ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ,
ਸ੍ਰੀ ਗੁਰ ਗੋਬਿੰਦ ਸਿੰਘ, ਜੂ ਕੋ ਆਜ ਹੋਲਾ ਹੈ।13।

ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ।
ਸੁੱਖਾ ਤੌ ਮਿਰਚੌਨਾ ਵਾਟਾ ਰੁੱਪਾ ਡਲਾ ਮਸੋਲਾ ਹੈ।
ਛਕਾ ਪ੍ਰਸਾਦ ਸਜਾ ਦਸਤਾਰਾ, ਅਰ ਕ੍ਰਦੌਨਾ ਟੋਲਾ ਹੈ।
ਅਪਰ ਸੁਨਹਿਰਾ ਰਗੜਾ ਲਾਗੈ, ਛੇਕੇ ਸੁ ਬੋਲਾ ਹੋਲਾ ਹੈ।
ਸੁਭਟ ਸੁਚਾਲਾ ਪੁਨ ਲਖਬਾਹਾ ਕਲਗਾ ਸਿੰਘ ਸੁਚੋਲਾ ਹੈ।
ਦਾਲਾ ਪੰਚਮ, ਗਜਾ ਉਗਰਾਹੀ ਚੰਡਾ ਜਗਾ ਮਿਧੋਲਾ ਹੈ।
ਫਿਰਨਾ ਕੂਹੀ ਸੁ ਬਾਜ਼ ਕਛਹਿਰਾ, ਸੋਭ ਸਮੁੰਦ੍ਰ ਗਲੋਲਾ ਹੈ।
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।15। (ਸਿੱਖੀ ਪ੍ਰਭਾਕਰ, ਛਾਪ: 1902 ਈ.)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਸੀਨੀਅਰ ਓਰੀਐਂਟਲ ਫੈਲੋ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)