ਸਿੱਖ ਧਰਮ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਚਲਾਈ ਗਈ ਇਕ ਕ੍ਰਾਂਤੀਕਾਰੀ ਲਹਿਰ ਸੀ, ਇਸ ਲਈ ਇਸ ਦੇ ਪੈਰੋਕਾਰਾਂ ਦੀ ਸੰਖਿਆ ਬੜੀ ਤੇਜ਼ੀ ਨਾਲ ਵਧਦੀ ਗਈ ਸੀ। ਇਸ ਵਧਦੀ ਤਾਦਾਦ ਵਿਚ ਸਿੱਖ ਸੰਗਤਾਂ ਦੀ ਜਥੇਬੰਦੀ ਦੀ ਕੋਈ ਨਾ ਕੋਈ ਪ੍ਰਣਾਲੀ ਸਮੇਂ-ਸਮੇਂ ਅਨੁਸਾਰ ਅਪਣਾਈ ਜਾਂਦੀ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸਨ, ਉਥੇ ਹੀ ਸਿੱਖ ਸੰਗਤਾਂ ਕਾਇਮ ਕਰ ਦਿੰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇਨ੍ਹਾਂ ਸਿੱਖ ਸੰਗਤਾਂ ਨੂੰ ਮੰਜੀ ਪ੍ਰਣਾਲੀ ਵਿਚ ਪਰੋਇਆ ਗਿਆ ਸੀ ਕਿਉਂਕਿ ਸਿੱਖਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਸੀ ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ‘ਮੰਜੀ ਪ੍ਰਣਾਲੀ’ ਨੂੰ ਬਦਲ ਕੇ ਉਸ ਦੀ ਥਾਂ ‘ਮਸੰਦ ਪ੍ਰਣਾਲੀ’ ਸ਼ੁਰੂ ਕੀਤੀ ਗਈ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਮਸੰਦ ਪ੍ਰਣਾਲੀ ਬਹੁਤ ਅੱਛੀ ਤਰ੍ਹਾਂ ਚੱਲਦੀ ਰਹੀ ਪਰ ਪਿੱਛੋਂ ਜ਼ਿਆਦਾ ਹੀ ਗਿਰਾਵਟਾਂ ਦੇ ਆ ਜਾਣ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਬੰਦ ਕਰ ਦਿੱਤਾ ਸੀ। ਇਸ ਦੀ ਥਾਂ ਖਾਲਸਾ ਪ੍ਰਬੰਧ ਸਥਾਪਤ ਕੀਤਾ ਗਿਆ ਸੀ।
1699 ਈ. ਦੀ ਵਿਸਾਖੀ ’ਤੇ ਖਾਲਸੇ ਦੀ ਕੀਤੀ ਗਈ ਸਾਜਨਾ ਕਈ-ਮੁਖੀ ਸੀ। ਇਹ ਸਿੱਖਾਂ ਨੂੰ ਇਕ ਪੱਕੇ ਜ਼ਾਬਤੇ ਵਿਚ ਜਥੇਬੰਦ ਕਰਨ ਵਾਲੀ ਪ੍ਰਣਾਲੀ ਵੀ ਸੀ ਅਤੇ ਸਿੱਖਾਂ ਦੀ ਸੁਤੰਤਰ ਹਸਤੀ ਨੂੰ ਦਰਸਾਉਣ ਵਾਲਾ ਐਲਾਨ ਵੀ ਸੀ। ਮਸੰਦ ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ਸੀ। ਖਾਲਸਾ ਪੰਥ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇਬੰਦ ਕੀਤਾ ਗਿਆ ਸੀ। ਸਮੁੱਚੇ ਭਾਰਤੀ ਉਪ-ਮਹਾਂਦੀਪ ਨੂੰ ਵੱਖ-ਵੱਖ ਖੇਤਰਾਂ ਵਿਚ ਵੰਡ ਕੇ ਤਖ਼ਤਾਂ ਦੇ ਪ੍ਰਬੰਧ ਵਿਚ ਪਰੋ ਦਿੱਤਾ ਗਿਆ ਸੀ। ਸਾਰੇ ਸਿੱਖ ਜਗਤ ਦਾ ਕੇਂਦਰੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਹੋਣਾ ਸੀ। ਖੇਤਰੀ ਤੌਰ ’ਤੇ ਇਸ ਦੀ ਸਹੂਲਤ ਲਈ ਅਤੇ ਪ੍ਰਬੰਧ ਨੂੰ ਸਥਾਨਕ ਪੱਧਰ ਤਕ ਪਹੁੰਚਾਉਣ ਲਈ ਚਾਰ ਤਖ਼ਤ ਹੋਰ ਸਥਾਪਤ ਕੀਤੇ ਗਏ ਸਨ। ਇਉਂ ਖਾਲਸੇ ਦੀ ਸਥਾਪਨਾ ਪਿੱਛੋਂ ਮਸੰਦ ਪ੍ਰਣਾਲੀ ਦੀ ਥਾਂ ਜਿਹੜਾ ਪ੍ਰਬੰਧ ਸਾਹਮਣੇ ਆਇਆ, ਉਸ ਨੂੰ ਅਸੀਂ ਪੰਜ ਤਖ਼ਤਾਂ ਵਾਲਾ ਖਾਲਸਾਈ ਪ੍ਰਬੰਧ ਕਹਿ ਸਕਦੇ ਹਾਂ।
ਇਹ ਠੀਕ ਹੈ ਕਿ ਪੰਜ ਤਖ਼ਤਾਂ ਦੇ ਪ੍ਰਬੰਧ ਨੂੰ ਜਾਣਨ ਲਈ ਸਾਡੇ ਪਾਸ ਕੋਈ ਲਿਖਤੀ ਸਬੂਤ ਨਹੀਂ ਹੈ। ਕ੍ਰਾਂਤੀਕਾਰੀ ਲਹਿਰਾਂ ਦੇ ਕਿਸੇ ਦੇ ਵੀ ਲਿਖਤੀ ਸਬੂਤ ਨਹੀਂ ਹੁੰਦੇ। ਇਹ ਲਹਿਰਾਂ ਲੋਕ-ਵਿਸ਼ਵਾਸ ਦੇ ਸਿਰ ’ਤੇ ਚੱਲਦੀਆਂ ਹੁੰਦੀਆਂ ਹਨ ਕਿਉਂਕਿ ਇਹ ਲੋਕ-ਲਹਿਰਾਂ ਹੁੰਦੀਆਂ ਹਨ। ਲਿਖਤੀ ਦਸਤਾਵੇਜ਼ ਤਾਂ ਸਰਕਾਰੀ ਦਫ਼ਤਰਾਂ ਵਿੱਚੋਂ ਪੈਦਾ ਹੁੰਦੇ ਹਨ। ਕ੍ਰਾਂਤੀਕਾਰੀ ਲਹਿਰਾਂ ਤਾਂ ਹਕੂਮਤਾਂ ਦੇ ਖਿਲਾਫ਼ ਹੀ ਹੁੰਦੀਆਂ ਹਨ। ਜੋ ਲਿਖਤੀ ਗਵਾਹੀਆਂ ਹੁੰਦੀਆਂ ਵੀ ਹਨ, ਉਹ ਸੰਘਰਸ਼ ਵਿਚ ਖ਼ਤਮ ਹੋ ਜਾਂਦੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਾਂ ਸਿੱਖ ਲਹਿਰ ਦਾ ਅਥਾਹ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ। ਐਸੀ ਤਬਾਹੀ ਵਿਚ ਜਦੋਂ ਕਿ ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦੀ ਪ੍ਰਾਪਤ ਕਰ ਗਏ, ਲਿਖਤੀ ਸਬੂਤ ਅਤੇ ਗਵਾਹੀਆਂ ਕਿਵੇਂ ਬਚ ਸਕਦੀਆਂ ਸਨ? ਗੁਰੂ ਜੀ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਸੰਘਰਸ਼ ਚੱਲਦਾ ਰਿਹਾ ਸੀ। ਇਸ ਸੰਘਰਸ਼ ਨੂੰ ਵੀ 1716 ਈ. ਵਿਚ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਸੀ। ਫਿਰ 1735-40 ਤਕ ਸਿੱਖ ਕੌਮ ਸੰਭਾਲ ਹੀ ਨਹੀਂ ਸਕੀ ਸੀ। ਇਸ ਪਿੱਛੋਂ ਸਿੱਖਾਂ ਦਾ ਐਸਾ ਸੰਘਰਸ਼ ਸ਼ੁਰੂ ਹੋਇਆ ਕਿ 1765-70 ਤਕ ਪੰਜਾਬ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਥੇ ਖਾਧੇ-ਪੀਤੇ ਦਾ ਹੀ ਲਾਹਾ ਸੀ, ਬਾਕੀ ਸਾਰਾ ਅਹਿਮਦ ਸ਼ਾਹੇ ਦਾ ਹੀ ਬਣ ਗਿਆ ਸੀ। ਇਉਂ ਜੇਕਰ ਦੇਖਿਆ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ. ਵਿਚ ਖਾਲਸਾ ਸਾਜੇ ਜਾਣ ਸਮੇਂ ਤੋਂ ਲੈ ਕੇ 1765 ਤਕ ਲਗਾਤਾਰ 66-67 ਸਾਲ ਬੜਾ ਭਿਆਨਕ ਸਿੱਖ ਸੰਘਰਸ਼ ਚੱਲਦਾ ਰਿਹਾ ਸੀ। ਕੋਈ ਦੱਸੇ ਕਿ ਐਸੇ ਭਿਆਨਕ ਸੰਘਰਸ਼ ਵਿਚ ਜਿੱਥੇ ਆਪਣੀ ਜਾਨ ਵੀ ਬਚਾਉਣੀ ਔਖੀ ਹੁੰਦੀ ਸੀ, ਲਿਖਤੀ ਗਵਾਹੀਆਂ ਅਤੇ ਦਸਤਾਵੇਜ਼ ਕਿਵੇਂ ਸੁਰੱਖਿਅਤ ਰਹਿ ਸਕਦੇ ਸਨ? ਨਵਾਂ ਸਾਹਿਤ ਵੀ ਸਿਰਜਿਆ ਨਹੀਂ ਜਾ ਸਕਦਾ ਸੀ। ਸਾਹਿਤ ਅਤੇ ਇਤਿਹਾਸ ਦੀ ਸਿਰਜਣਾ ਲਈ ਵੀ ਸ਼ਾਂਤੀ ਅਤੇ ਖੁਸ਼ਹਾਲੀ ਦੇ ਸਮੇਂ ਦੀ ਲੋੜ ਹੁੰਦੀ ਹੈ।
ਫਲਸਰੂਪ ਨਾ ਹੀ ਤਾਂ ਸਿੱਖ ਸਿਧਾਂਤਾਂ ਦੀ ਵਿਆਖਿਆ ਹੀ ਸੰਤੋਖਜਨਕ ਢੰਗ ਨਾਲ ਕੀਤੀ ਜਾ ਸਕੀ ਸੀ ਅਤੇ ਨਾ ਹੀ ਸਿੱਖ ਇਤਿਹਾਸ ਨੂੰ ਹੀ ਲਿਖਿਆ ਜਾ ਸਕਿਆ ਸੀ। ਜੇ ਕੁਝ ਲਿਖਤਾਂ ਇਸ ਸਮੇਂ ਦੌਰਾਨ ਹੋਂਦ ਵਿਚ ਆਈਆਂ ਉਹ ਜਾਂ ਤਾਂ ਮੁਸਲਮਾਨੀ ਲਿਖਤਾਂ ਸਨ, ਜਿਨ੍ਹਾਂ ਵਿਚ ਸਿੱਖਾਂ ਦੇ ਸਬੰਧ ਵਿਚ ਵਿਰੋਧੀ ਭਾਵਨਾ ਵਾਲੇ ਵੇਰਵੇ ਸਨ। ਜੇ ਕਿਸੇ ਨਾਨਕ ਨਾਮ-ਲੇਵਾ ਵਿਅਕਤੀ ਨੇ ਕੁਝ ਲਿਖਿਆ ਵੀ ਸੀ, ਉਹ ਉਸ ਦੇ ਵਿਅਕਤੀਗਤ ਝੁਕਾਅ ਵਾਲੇ ਵੇਰਵੇ ਸਨ। ਵਿਅਕਤੀ ਕਿਹੋ-ਜਿਹਾ ਹੈ, ਇਹ ਉਸ ਦੇ ਪਿਛੋਕੜ ਅਤੇ ਆਲੇ-ਦੁਆਲੇ ’ਤੇ ਨਿਰਭਰ ਕਰਦਾ ਹੈ। ਇਹੀ ਕਾਰਨ ਹੈ ਕਿ ਜੋ ਇੱਕਾ-ਦੁੱਕਾ ਗੁਰਮੁਖੀ ਲਿਖਤਾਂ ਇਸ ਤਰ੍ਹਾਂ ਦੇ ਸਮੇਂ ਵਿਚ ਲਿਖੀਆਂ ਵੀ ਗਈਆਂ ਸਨ, ਇਨ੍ਹਾਂ ਵਿਚ ਵੀ ਸਿੱਖ ਧਰਮ ਨੂੰ ਹੀ ਸਹੀ ਤੌਰ ’ਤੇ ਵਿਆਖਿਆਇਆ ਨਹੀਂ ਗਿਆ। ਸਹੀ ਵਿਆਖਿਆ ਸਿਰਫ਼ ਸੰਸਥਾਵਾਂ ਵੱਲੋਂ ਲਿਖਵਾਈਆਂ ਗਈਆਂ ਲਿਖਤਾਂ ਵਿਚ ਹੀ ਕਰਵਾਈ ਜਾ ਸਕਦੀ ਸੀ।
ਉਪਰੋਕਤ ਦੀ ਰੌਸ਼ਨੀ ਵਿਚ ਇਹ ਢੁੱਚਰ ਖੜ੍ਹੀ ਕਰਨੀ ਕਿ ਫਲਾਣੀ ਗੱਲ ਦੀ ਤਾਂ ਕੋਈ ਗਵਾਹੀ ਜਾਂ ਸਬੂਤ ਹੀ ਨਹੀਂ ਮਿਲਦਾ ਇਸ ਲਈ ਇਹ ਗੱਲ ਤਾਂ ਕੇਵਲ ਮਨੋਕਲਪਤ ਹੈ ਇਕ ਸ਼ਰਾਰਤ ਤੋਂ ਵੱਧ ਹੋਰ ਕੁਝ ਨਹੀਂ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕਿਸੇ ਦਾ ਵੀ ਜਨਮ-ਸਰਟੀਫਿਕੇਟ ਨਹੀਂ ਬਣਾਇਆ ਜਾਂਦਾ ਸੀ, ਇਸ ਲਈ ਜੇ ਕੋਈ ਸ਼ਰਾਰਤੀ ਇਹ ਕਹਿ ਦੇਵੇ ਕਿ ਫਲਾਣਾ ਵਿਅਕਤੀ ਤਾਂ ਹੋਇਆ ਹੀ ਨਹੀਂ, ਕਿਉਂਕਿ ਉਸ ਦਾ ਜਨਮ-ਸਰਟੀਫਿਕੇਟ ਕਿਤੇ ਮਿਲਦਾ ਹੀ ਨਹੀਂ ਹੈ। ਕਈ ਚਲਾਕ ਵਿਅਕਤੀ ਕਤਲ ਕਰ ਕੇ ਵੀ ਸਬੂਤਾਂ ਨੂੰ ਮਿਟਾ ਦਿੰਦੇ ਹਨ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਵਾ ਲੈਂਦੇ ਹਨ ਜਾਂ ਕਈ ਬੇਕਸੂਰ ਵੀ ਬਣਾਉਟੀ ਸਬੂਤਾਂ ਦੇ ਆਧਾਰ ’ਤੇ ਫਾਂਸੀ ਲੱਗ ਜਾਂਦੇ ਹਨ। ਇਸ ਲਈ ਸਬੂਤਾਂ ਜਾਂ ਗਵਾਹੀਆਂ ਦੀ ਵੀ ਕੋਈ ਅਜਿਹੀ ਅਹਿਮੀਅਤ ਨਹੀਂ ਜਿਹੜੀ ਗ਼ਲਤ ਨਾ ਕੀਤੀ ਜਾ ਸਕਦੀ ਹੋਵੇ। ਇਸ ਲਈ ਕ੍ਰਾਂਤੀਕਾਰੀ ਲਹਿਰਾਂ ਦਾ ਇਤਿਹਾਸ ਵਿਸ਼ਵਾਸ ਦੇ ਆਧਾਰ ’ਤੇ ਹੀ ਨਿਰਭਰ ਹੁੰਦਾ ਹੈ। ਖਾਲਸੇ ਦੀ ਸਾਜਨਾ, ਪੰਜ ਤਖ਼ਤਾਂ ਦੀ ਸਥਾਪਨਾ ਆਦਿ ਇਹ ਸਾਰਾ ਕੁਝ ਵਿਸ਼ਵਾਸ ਉੱਪਰ ਹੀ ਆਧਾਰਤ ਹੈ।
ਖਾਲਸੇ ਦੀ ਸਾਜਨਾ ਬਹੁਤ ਹੀ ਸੋਚ-ਵਿਚਾਰ ਕੇ ਕੀਤੀ ਗਈ ਘਟਨਾ ਸੀ। ਇਸ ਵਿਧੀ ਰਾਹੀਂ ਜੋ ਵੀ ਸਥਾਪਨਾ ਕੀਤੀ ਗਈ ਸੀ, ਉਹ ਵੀ ਬਹੁਤ ਸੋਚ-ਵਿਚਾਰ ਦਾ ਹੀ ਸਿੱਟਾ ਸੀ। ਪੰਜੇ ਤਖ਼ਤ ਗੁਰੂ ਜੀ ਵੱਲੋਂ ਖਾਲਸੇ ਦੀ ਸਾਜਨਾ ਤੋਂ ਬਾਅਦ ਹੀ ਸਥਾਪਤ ਕਰ ਦਿੱਤੇ ਗਏ ਸਨ। ਤਖ਼ਤ ਸ੍ਰੀ ਨਾਂਦੇੜ ਸਾਹਿਬ ਵੀ ਪਟਨਾ ਸਾਹਿਬ ਵਾਂਗ ਪਹਿਲਾਂ ਤੋਂ ਹੀ ਸਿੱਖ ਸੰਗਤਾਂ ਦਾ ਕੇਂਦਰ ਸੀ। ਇਹ ਠੀਕ ਹੈ ਕਿ ਸਾਡੇ ਗਿਆਨ ਅਨੁਸਾਰ ਇਹ ਸਿਰਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਪਹੁੰਚਣ ਕਰਕੇ ਹੀ ਸਾਹਮਣੇ ਆਇਆ ਸੀ। ਇਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆ ਚੁੱਕੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਨਾਂਦੇੜ ਸਾਹਿਬ ਦੱਖਣੀ ਭਾਰਤ ਦੀਆਂ ਸਿੱਖ ਸੰਗਤਾਂ ਦਾ ਕੇਂਦਰ ਸੀ।
ਪੰਜ ਤਖ਼ਤਾਂ ਦੀ ਸਥਾਪਨਾ ਨਾਲ ਸਮੁੱਚਾ ਸਿੱਖ ਜਗਤ ਇਕ ਲੜੀ ਵਿਚ ਪਰੋਇਆ ਗਿਆ ਸੀ। ਤਖ਼ਤ ਸ੍ਰੀ ਪਟਨਾ ਸਾਹਿਬ ਪੂਰਬੀ ਭਾਰਤ ਦੀਆਂ ਸਿੱਖ ਸੰਗਤਾਂ ਦਾ ਕੇਂਦਰ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਰਾਜਪੂਤਾਨਾ, ਦੱਖਣੀ-ਪੂਰਬੀ ਪੰਜਾਬ ਅਤੇ ਦਿੱਲੀ, ਯੂ.ਪੀ. ਆਦਿ ਖੇਤਰਾਂ ਦੀਆਂ ਸਿੱਖ ਸੰਗਤਾਂ ਦਾ ਕੇਂਦਰ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉੱਤਰੀ ਭਾਰਤ ਦੀਆਂ ਸਿੱਖ ਸੰਗਤਾਂ ਦਾ ਕੇਂਦਰ ਸੀ। ਇਹ ਚਾਰੇ ਤਖ਼ਤ ਸਿੱਖ ਸੰਗਤਾਂ ਦੇ ਖੇਤਰੀ ਕੇਂਦਰ ਸਨ। ਇਨ੍ਹਾਂ ਖੇਤਰਾਂ ਦੀਆਂ ਸਿੱਖ ਸੰਗਤਾਂ ਦੇ ਆਪਣੇ-ਆਪਣੇ ਖੇਤਰਾਂ ਅਨੁਸਾਰ ਆਪਣੇ ਮਸਲੇ ਆਪਣੇ ਤਖ਼ਤਾਂ ਤੋਂ ਨਿਬੇੜੇ ਜਾਂਦੇ ਸਨ। ਚਾਰੇ ਤਖਤਾਂ ਉੱਪਰ ਕੇਂਦਰੀ ਕੰਟਰੋਲ ਅਤੇ ਸਰਬਉੱਚ ਕੰਟਰੋਲ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦਾ ਸੀ। ਖੇਤਰੀ ਤਖ਼ਤ ਆਪੋ-ਆਪਣੇ ਖੇਤਰ ਵਿਚ ਤਾਂ ਸੁਤੰਤਰ ਸਨ ਪਰ ਆਪਣੇ ਖੇਤਰ ਤੋਂ ਬਾਹਰ ਨਹੀਂ।
ਤਖ਼ਤਾਂ ਦੇ ਫੈਸਲੇ ਲੈਣ ਦੀ ਵਿਧੀ ਸਭ ਲਈ ਇੱਕੋ ਜਿਹੀ ਹੋਣੀ ਸੀ। ਇਹ ਵਿਧੀ ਸੀ ਸਰਬੱਤ ਖਾਲਸੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ, ਸਰਬਸੰਮਤੀ ਨਾਲ ਫੈਸਲੇ ਲੈਣ ਦੀ। ਇਉਂ ਲਿਆ ਗਿਆ ਫੈਸਲਾ ‘ਗੁਰਮਤਾ’ ਅਖਵਾਉਂਦਾ ਸੀ। ਇਹ ਗੁਰਮਤਾ ਜਦੋਂ ਤਖ਼ਤ ਤੋਂ ਜਥੇਦਾਰ ਰਾਹੀਂ ਜਾਰੀ ਕੀਤਾ ਜਾਂਦਾ ਸੀ ਤਾਂ ਇਹ ਹੁਕਮਨਾਮਾ ਬਣ ਜਾਂਦਾ ਸੀ। ਇਹ ਫੈਸਲੇ ਲੈਣ ਦੀ ਖਾਲਸਾਈ ਮਰਯਾਦਾ ਸੀ ਅਤੇ ਹੈ। ਇਸ ਮਰਯਾਦਾ ਤੋਂ ਪਰ੍ਹੇ ਜਾ ਕੇ ਕਿਸੇ ਹੋਰ ਤਰ੍ਹਾਂ ਫੈਸਲੇ ਲੈਣਾ ਮਨਮੱਤ ਸਮਝੀ ਜਾਣੀ ਸੀ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਖਾਲਸਾਈ ਮਰਯਾਦਾ ਰਾਹੀਂ ਸਿੱਖ ਜਗਤ ਦੀਆਂ ਕੁਝ ਸੰਸਥਾਵਾਂ ਆਪਣੇ ਆਪ ਹੋਂਦ ਵਿਚ ਆ ਗਈਆਂ ਸਨ। ਇਹ ਸਨ : ਪੰਜ ਤਖ਼ਤਾਂ ਦੀ ਸੰਸਥਾ, ਸਰਬੱਤ ਖਾਲਸੇ ਅਤੇ ਗੁਰਮਤੇ ਦੀ ਸੰਸਥਾ, ਪੰਜ ਪਿਆਰਿਆਂ ਦੀ ਸੰਸਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਸੰਸਥਾ ਆਦਿ। ਵਿਅਕਤੀਗਤ ਹੋਂਦ ਕਿਤੇ ਵੀ ਨਹੀਂ ਸੀ। ਭਾਵ ਕਿ ਖਾਲਸਾਈ ਮਰਯਾਦਾ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਮਹੱਤਤਾ ਨਹੀਂ ਹੈ, ਬਲਕਿ ਸੰਸਥਾ ਦੀ ਮਹੱਤਤਾ ਹੈ।
ਤਖ਼ਤਾਂ ਦੇ ਖੇਤਰਾਂ ਦੀ ਜੋ ਵੰਡ ਹੈ, ਇਹ ਇਕ ਮੋਟੀ ਜਿਹੀ ਸਰਸਰੀ ਜਿਹੀ ਵੰਡ ਹੈ। ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਸ ਪੰਜ-ਤਖ਼ਤੀ ਪ੍ਰਬੰਧ ਨੂੰ ਇੱਛਿਤ ਰੂਪ ਵਿਚ ਵਿਕਸਤ ਨਹੀਂ ਕੀਤਾ ਜਾ ਸਕਿਆ ਇਸ ਲਈ ਇਸ ਦੀ ਰੂਪ-ਰੇਖਾ ਤਕਨੀਕੀ ਰੂਪ ਵਿਚ ਪੂਰੀ ਤਰ੍ਹਾਂ ਨਿਖਰ ਨਹੀਂ ਸਕੀ। ਇਸ ਪ੍ਰਸੰਗ ਵਿਚ ਸੌੜੀ ਰਾਜਨੀਤੀ ਦੇ ਮਾਰੂ ਅਸਰ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਕਈ ਸ਼ਰਾਰਤੀ ਲੋਕ ਕਹਿ ਦਿੰਦੇ ਹਨ ਕਿ ਜਥੇਦਾਰ ਜਾਂ ਗ੍ਰੰਥੀ ਗੁਰੂ ਸਾਹਿਬਾਨ ਦੇ ਸਮੇਂ ਨਹੀਂ ਸਨ। ਇਹ ਗ਼ਲਤ ਹੈ। ਇਸ ਦਾ ਇਕ ਜਵਾਬ ਤਾਂ ਇਹ ਸਵਾਲ ਕਰਕੇ ਹੀ ਦਿੱਤਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਤੋਂ ਪਿੱਛੋਂ ਕੀ ਸਿੱਖਾਂ ਵਿਚ ਕੁਝ ਵੀ ਨਹੀਂ ਹੋ ਸਕਦਾ ਸੀ? ਅੱਜ ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਦਾ ਵਿਸ਼ਾਲ ਕੰਪਲੈਕਸ ਹੈ ਪਰ ਇਹ ਗੁਰੂ ਸਾਹਿਬ ਦੇ ਸਮੇਂ ਨਹੀਂ ਸੀ। ਰਾਜਨੀਤਕ ਪ੍ਰਭੂਸੱਤਾ ਲਈ ਸਮੁੱਚਾ ਸੰਘਰਸ਼ ਗੁਰੂ ਸਾਹਿਬਾਨ ਤੋਂ ਪਿੱਛੋਂ ਚੱਲਿਆ ਸੀ ਕਿ ਇਸ ਸਭ ਕੁਝ ਨੂੰ ਰੱਦ ਕਰ ਦੇਣਾ ਚਾਹੀਦਾ ਹੈ? ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ, ਸਿੰਘ ਸਭਾ ਲਹਿਰ, ਅਕਾਲੀ ਲਹਿਰ, ਗੁਰਦੁਆਰਾ ਐਕਟ, ਵਰਤਮਾਨ ਬੇਅੰਤ ਗੁਰ-ਅਸਥਾਨ ਗੁਰੂ ਸਾਹਿਬਾਨ ਸਮੇਂ ਨਹੀਂ ਸਨ ਤਾਂ ਕੀ ਇਨ੍ਹਾਂ ਸਭ ਨੂੰ ਮੰਨਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ? ਗੱਲ ਤਾਂ ਵਿਕਾਸ ਦੀ ਹੈ। ਹਰ ਕੌਮ ਨੇ ਵਿਕਾਸ ਕਰਨਾ ਹੈ। ਵਿਕਾਸ ਰਾਹੀਂ ਨਵੀਆਂ ਪ੍ਰਾਪਤੀਆਂ ਵੀ ਹੋਣੀਆਂ ਹਨ ਅਤੇ ਨਵੀਆਂ ਤਕਨੀਕਾਂ ਵੀ ਸਾਹਮਣੇ ਆਉਣੀਆਂ ਹਨ।
ਦੂਜੀ ਗੱਲ ਇਹ ਹੈ ਕਿ ਗੁਰੂ ਸਾਹਿਬ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਸਿੱਖਾਂ ਦੇ ਗੁਰੂ ਹਨ। ਇਸ ਗ੍ਰੰਥ ਅਤੇ ਪੰਥ ਦੇ ਸੰਯੁਕਤ ਰੂਪ ਵਿੱਚੋਂ ਸਿੱਖ ਜਗਤ ਕਿਸੇ ਤਰ੍ਹਾਂ ਦੇ ਵੀ ਫੈਸਲੇ ਲੈ ਸਕਦਾ ਹੈ। ਜੇ ਕੋਈ ਅਹੁਦਾ ਜਾਂ ਤਖੱਲਸ ਗੁਰੂ ਸਾਹਿਬਾਨ ਸਮੇਂ ਨਹੀਂ ਸੀ ਅਤੇ ਇਹ ਪਿੱਛੋਂ ਪੰਥ ਨੇ ਆਪਣੀ ਮਰਯਾਦਾ ਰਾਹੀਂ ਪਿੱਛੋਂ ਵਿਕਸਤ ਕੀਤਾ ਹੈ ਤਾਂ ਵੀ ਇਹ ਗੁਰੂ ਦੇ ਫੈਸਲੇ ਅਨੁਸਾਰ ਹੀ ਹੋਂਦ ਵਿਚ ਆਇਆ ਹੈ। ਸਿੱਖ ਪੰਥ ਦੀ ਰਾਇ ਹੀ ਗੁਰੂ ਦੀ ਰਾਇ ਹੈ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸੰਗਤ ਦੀ ਰਾਇ ਨੂੰ ਗੁਰੂ ਸਾਹਿਬ ਨੇ ਆਪ ਕਿੰਨੀ ਵਡਿਆਈ ਬਖਸ਼ੀ ਹੈ! ‘ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ’ ਇਸੇ ਗੱਲ ਨੂੰ ਹੀ ਦਰਸਾਉਂਦੀ ਹੈ। ਖਾਲਸਾ ਪੰਥ ਆਪਣੀ ਲੋੜ ਅਨੁਸਾਰ ਕਿਸੇ ਸਮੇਂ ਵੀ ਅਤੇ ਕੋਈ ਵੀ ਫੈਸਲਾ ਲੈ ਸਕਦਾ ਹੈ।
ਇਸ ਲਈ ਸਿੱਟੇ ਦੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਵਿਚ ਵਿਅਕਤੀ ਦੀ ਵਿਸ਼ੇਸ਼ਤਾ ਨਹੀਂ ਹੈ, ਸਗੋਂ ਸੰਸਥਾ ਦੀ ਵਿਸ਼ੇਸ਼ਤਾ ਹੈ। ਪੰਜ ਤਖ਼ਤਾਂ ਦੀ ਸੰਸਥਾ ਹੀ ਅਜੋਕੇ ਸਮੇਂ ਵਿਚ ਸੁਪਰੀਮ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਇਸ ਸੁਪਰੀਮੇਸੀ ਦੀ ਪ੍ਰਤੀਨਿਧਤਾ ਕਰਦਾ ਹੈ। ਕੋਈ ਇਕੱਲਾ ਵਿਅਕਤੀ ਕੋਈ ਕਾਰਵਾਈ ਨਹੀਂ ਕਰ ਸਕਦਾ। ਅੱਜ ਗੁਰੂ ਗ੍ਰੰਥ ਅਤੇ ਪੰਥ ਦੀ ਸੰਯੁਕਤ ਰੂਪ ਵਿਚ ਗੁਰਿਆਈ ਹੈ। ਇਹ ਸਰਬੱਤ ਖਾਲਸੇ ਰਾਹੀਂ ਸਾਹਮਣੇ ਆਉਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਰਬੱਤ ਖਾਲਸੇ ਦੀ ਸਰਬਉੱਚ ਸੰਸਥਾ ਹੈ।
ਲੇਖਕ ਬਾਰੇ
ਡਾ. ਸੁਖਦਿਆਲ ਸਿੰਘ ਉੱਘੇ ਸਿੱਖ ਇਤਿਹਾਸਕਾਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਪ੍ਰਫੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਡਾ. ਸਾਹਿਬ ਨੇ ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸਬੰਧਤ ਖੋਜ ਭਰਪੂਰ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ ਅਤੇ ਲਗਾਤਾਰ ਖੋਜ ਕਾਰਜਾਂ ਵਿੱਚ ਪਾਉਂਦੇ ਆ ਰਹੇ ਹਨ।
- ਡਾ. ਸੁਖਦਿਆਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%96%e0%a8%a6%e0%a8%bf%e0%a8%86%e0%a8%b2-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਸੁਖਦਿਆਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b8%e0%a9%81%e0%a8%96%e0%a8%a6%e0%a8%bf%e0%a8%86%e0%a8%b2-%e0%a8%b8%e0%a8%bf%e0%a9%b0%e0%a8%98/July 1, 2008