ਅੱਜ ਕਲਗੀਧਰ ਜੀ, ਫੜ ਤਲਵਾਰ ਜੀ,
ਮੁਖੋਂ ਕਹਿੰਦੇ ਬਚਨ ਅਲਾਅ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਵਾਲੀ ਦੋ ਜਹਾਨ ਦੇ ਮੇਰੇ, ਫੜ ਚੰਡੀ ਦਿਖਲਾਂਦੇ,
ਵੇਂਹਦੇ ਪਏ ਸੀ ਜਿਹੜੇ ਉਹ ਤਾਂ, ਦਿਲ ’ਚੋਂ ਡੋਲੀ ਜਾਂਦੇ।
ਆਵੇ ਉਹੀ ਮੇਰੇ ਕੋਲ, ਜਿਊਣ ਦੀ ਨਾ ਜੀਹਨੂੰ ਲੋੜ,
ਪਿਆਸ ਦੇਵੇ ਤੇਗ ਦੀ ਬੁਝਾ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਸੁਣਦੇ ਸਾਰ ਹੀ ਉਹ ਤਾਂ ਸਾਰੇ, ਨੀਵੀਆਂ ਪਾਈ ਜਾਂਦੇ,
ਕੁਝ-ਕੁਝ ਵਿੱਚੋਂ ਚੁੱਪ-ਚੁਪੀਤੇ, ਮਾਤਾ ਜੀ ਤਾਈਂ ਆਂਹਦੇ।
ਸੁਣੋ ਮਾਤਾ ਜੀ ਦਸਮੇਸ਼ ਜੀ, ਅੱਖੀਂ ਆਏ ਵੇਖ ਜੀ,
ਹੱਥ ਨੰਗੀ ਤਲਵਾਰ ਆ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਦਇਆ, ਧਰਮ ਤੇ ਹਿੰਮਤ ਰਾਏ, ਫਿਰ ਵਾਰੋ-ਵਾਰੀ ਆਏ,
ਮੋਹਕਮ ਚੰਦ ਤੇ ਸਾਹਿਬ ਚੰਦ, ਸਿਰ ਲੇਖੇ ਵਤਨਾਂ ਲਾਏ,
ਇਕ ਵਾਰੀ ਮਾਰ ਕੇ, ਡੁੱਬੇ ਬੇੜੇ ਤਾਰ ਕੇ,
ਫਿਰ ਦਿੱਤੇ ਸਿੰਘ ਸੀ ਸਜਾਅ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਇਸ ਕੌਤਕ ਨੂੰ ਵੇਖ ਕੇ, ਫਿਰ ਤਾਂ ਸਭ ਸਲਾਹਾਂ ਕਰਦੇ,
ਵੇਖੋ ਸਾਡੀ ਕਿਸਮਤ ਮਾੜੀ, ਅਸੀਂ ਤਾਂ ਐਵੇਂ ਡਰ ਗਏ,
ਕੀਤੇ ਸੀ ਤਿਆਰ ਬਾਟੇ, ਮਾਤਾ ਜੀ ਨੇ ਪਾਏ ਪਤਾਸੇ,
ਦਿੱਤਾ ਸਭ ਸਿੰਘਾਂ ਨੂੰ ਛਕਾ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਏਸ ਤਰ੍ਹਾਂ ਮੇਰੇ ਵਾਲੀ ਸਤਿਗੁਰ, ਖਾਲਸਾ ਪੰਥ ਸਜਾਇਆ,
ਪੰਜ-ਪੰਜ ਚੂਲੇ ਸੀ ਅੰਮ੍ਰਿਤ ਦੇ ਕੇ, ਗਿੱਦੜੋਂ ਸ਼ੇਰ ਬਣਾਇਆ,
ਕੀਤਾ ਜਨਮ ਸੀ ਸੁਹੇਲਾ, ਬਣਿਆ ਗੁਰੂ ਆਪ ਚੇਲਾ,
ਲਈਏ ‘ਜਾਚਕ’ ਭੁੱਲਾਂ ਬਖਸ਼ਾ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਲੇਖਕ ਬਾਰੇ
ਪਿੰਡ ਤੇ ਡਾਕ: ਇੱਬਨ ਕਲਾਂ, ਜ਼ਿਲ੍ਹਾ ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ