editor@sikharchives.org
ਖੇਡਦੇ ਰਹੇ ਹੱਸ ਹੱਸ ਖੂਨ ਵਿਚ ਹੋਲੀਆਂ

ਖੇਡਦੇ ਰਹੇ ਹੱਸ ਹੱਸ ਖੂਨ ਵਿਚ ਹੋਲੀਆਂ

'ਜੋ ਕੌਮ ਮਰਨਾ ਜਾਣਦੀ ਹੈ, ਉਸ ਨੂੰ ਜਿਊਣ ਦਾ ਲਾਲਚ ਨਹੀਂ ਹੁੰਦਾ, ਸਗੋਂ ਉਹ ਤਾਂ ਮੌਤ ਨੂੰ ਮਜ਼ਾਕਾਂ ਕਰਦੀ ਰਹਿੰਦੀ ਹੈ।’
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਕਿਸੇ ਵਿਦਵਾਨ ਦਾ ਕਥਨ ਹੈ, ‘ਜੋ ਕੌਮ ਮਰਨਾ ਜਾਣਦੀ ਹੈ, ਉਸ ਨੂੰ ਜਿਊਣ ਦਾ ਲਾਲਚ ਨਹੀਂ ਹੁੰਦਾ, ਸਗੋਂ ਉਹ ਤਾਂ ਮੌਤ ਨੂੰ ਮਜ਼ਾਕਾਂ ਕਰਦੀ ਰਹਿੰਦੀ ਹੈ।’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਵੇਲੇ ਇਸ ਕੌਮ ਨੂੰ ਅੰਮ੍ਰਿਤ ਦੀ ਐਸੀ ਗੁੜ੍ਹਤੀ ਦਿੱਤੀ ਕਿ ਇਹ ਮੌਤ ਤੋਂ ਡਰਦੀ ਹੀ ਨਹੀਂ। ਐਸਾ ਅੰਮ੍ਰਿਤ ਪਾਨ ਕਰ ਲੈਣ ਕਰਕੇ ਇਕ ਬੈਰਾਗੀ ਸਾਧੂ, ਕਰਮਯੋਗੀ ਤੋਂ ਸੰਤ-ਸਿਪਾਹੀ ਬਣ ਕੇ, ਜ਼ਾਲਮ ਤੇ ਜਾਬਰ ਹਕੂਮਤ ਨਾਲ ਭਿੜਿਆ ਤੇ ਉਸ ਨੇ ਹਕੂਮਤ ਨੂੰ ਭਾਜੜਾਂ ਪਾ ਦਿੱਤੀਆਂ। ਜਦੋਂ ਉਸ ਨੂੰ ਮੌਤ ਕਬੂਲਣ ਲਈ ਆਖਿਆ ਗਿਆ ਤਾਂ ਉਸ ਨੇ ਖਿੜੇ-ਮੱਥੇ ਆਪਣੇ ਸਰੀਰ ਦਾ ਮਾਸ ਜੰਬੂਰਾਂ ਨਾਲ ਖਿਚਵਾਉਣਾ ਪ੍ਰਵਾਨ ਕਰ ਲਿਆ। ਉਸ ਨੇ ਪੁੱਤਰ ਅਜੈ ਸਿੰਘ ਨੂੰ ਅੱਖਾਂ ਸਾਹਮਣੇ ਕੋਹਿਆ ਜਾਂਦਾ ਵੇਖ ਲਿਆ ਪਰ ਮਰਨ ਤੋਂ ਮੂੰਹ ਨਾ ਮੋੜਿਆ ਤੇ ਨਾ ਹੀ ਈਨ ਮੰਨੀ। ਉਸ ਦੇ ਸਾਹਮਣੇ ਲਕਸ਼ ਸੀ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਡਾ. ਗੋਕਲ ਚੰਦ ਨਾਰੰਗ ਨੇ ਬੜਾ ਖੂਬਸੂਰਤ ਲਿਖਿਆ ਹੈ, ‘ਸਿੰਘ ਹੋਣਾ’ ਮੌਤ-ਲਾੜੀ ਨਾਲ ਵਿਆਹ ਕਰਨ ਦੇ ਤੁੱਲ ਹੁੰਦਾ ਸੀ। ਜੇ ਇਕ ਔਰਤ ਦੂਸਰੀ ਨੂੰ ਪੁੱਛਦੀ ‘ਤੇਰੇ ਕਿੰਨੇ ਪੁੱਤਰ ਹਨ?’ ਤਾਂ ਉਹ ਉੱਤਰ ਦਿੰਦੀ, ‘ਪੁੱਤਰ ਤਾਂ ਚਾਰ ਸਨ, ਪਰ ਇਕ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਹੈ।’ ਜਿਸ ਦਾ ਮਤਲਬ ਇਹ ਹੁੰਦਾ ਸੀ ਕਿ ਸਿੰਘ ਸੱਜ ਕੇ ਉਸ ਨੇ ਹੱਕ-ਸੱਚ ਲਈ ਮਰਨਾ ਪ੍ਰਵਾਨ ਕਰ ਲਿਆ।

ਸਰ ਜਾਦੂ ਨਾਥ ਸਰਕਾਰ ਨੇ ਲਿਖਿਆ ਹੈ ਕਿ ਜਦੋਂ 5 ਮਈ 1739 ਨੂੰ ਨਾਦਰ ਸ਼ਾਹ 15 ਕਰੋੜ ਨਕਦ ਤੇ 50 ਕਰੋੜ ਦਾ ਸਾਮਾਨ ਅਤੇ ਤਖਤਿ-ਤਾਊਸ ਆਦਿ ਦਿੱਲੀ ਤੋਂ ਲੁੱਟ ਕੇ 50 ਹਜ਼ਾਰ ਹਿੰਦੂ ਲੜਕੇ-ਲੜਕੀਆਂ ਨਾਲ ਲੈ ਕੇ ਆਪਣੇ ਦੇਸ਼ ਵਾਪਸ ਮੁੜਿਆ ਜਾ ਰਿਹਾ ਸੀ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੰਘਾਂ ਨੇ ਉਸ ਨੂੰ ਵੰਗਾਰਿਆ ਤੇ ਉਸ ਦੀ ਲੁੱਟ ਦੇ ਮਾਲ ਵਿੱਚੋਂ ਉਸ ਦਾ ਭਾਰ ਹੌਲਾ ਕੀਤਾ ਤੇ ਕੈਦੀ ਲੜਕੇ-ਲੜਕੀਆਂ ਨੂੰ ਉਸ ਦੇ ਕਬਜ਼ੇ ਵਿੱਚੋਂ ਛੁਡਾ ਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਇਆ ਤਾਂ ਨਾਦਰਸ਼ਾਹ ਨੇ ਹੈਰਾਨ ਹੋ ਕੇ ਜ਼ਕਰੀਆ ਖਾਂ ਤੋਂ ਪੁੱਛਿਆ ਕਿ ਇਹ ਕੌਣ ਲੋਕ ਹਨ, ਜਿਨ੍ਹਾਂ ਨੇ ਮੈਨੂੰ ਵੰਗਾਰਿਆ ਹੈ, ਤਾਂ ਜ਼ਕਰੀਆ ਖਾਂ ਨੇ ਸਿੱਖਾਂ ਬਾਰੇ ਇਉਂ ਦੱਸਿਆ:

ਘਰ ਦਰ ਟੱਬਰ ਰਾਖਤ ਨਾਵੈ।
ਪਲੇ ਪਲਾਏ ਉਨ ਮੈ ਆਵੈ।
ਚਾਰੋਂ ਵਰਣਾ ਮੈਂ ਸੇ ਕੋਈ।
ਆਵਤ ਹੋਤ ਖਾਲਸਾ ਸੋਈ।
ਜਬ ਕੋਈ ਮਜਬ ਇਨੋ ਕਾ ਗੈਹੈਂ।
ਵਾਹਿਗੁਰੂ ਕੀ ਫਤੇ ਗਜੈਹੈਂ।
ਪਿਛਲਾ ਭੇਸ ਦੇੜ ਉਤਰੈਂ ਹੈਂ।
ਕਛ ਕ੍ਰਿਪਾਨ ਕੇਸ ਰਖ ਵੈਹੈਂ।
ਇਕ ਅਕਾਲ ਕੀ ਕਰਤ ਬੰਦਗੀ।
ਸ਼ਸਤ੍ਰ ਬਿਦਯਾ ਬਹੁ ਪਸਿੰਦਗੀ।
ਨਾਮ ਸਿੰਘ ਬਨ ਮਜਬ ਖਾਲਸਾ।
ਛੋੜ ਦੇਤ ਸਭ ਜਗਤ ਜਾਲਸਾ। (ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ)

ਜ਼ਕਰੀਆ ਖਾਂ ਨੇ ਕਿਹਾ, “ਇਹ ਲੋਕ ਹਿੰਦੂ ਮੁਸਲਮਾਨਾਂ ਤੋਂ ਨਿਰਾਲੇ ਹਨ। ਜੰਗਲਾਂ ਤੇ ਪਹਾੜ ਇਨ੍ਹਾਂ ਦਾ ਦੇਸ਼ ਹੈ ਤੇ ਘੋੜਿਆਂ ਦੀਆਂ ਕਾਠੀਆਂ ਇਨ੍ਹਾਂ ਦੇ ਘਰ ਹਨ। ਅਸੀਂ ਇਨ੍ਹਾਂ ਨੂੰ ਮਾਰਦੇ ਥੱਕ ਗਏ ਹਾਂ ਪਰ ਇਹ ਸਗੋਂ ਵਧਦੇ ਹੀ ਜਾਂਦੇ ਹਨ।” ਨਾਦਰ ਸ਼ਾਹ ਸੁਣ ਕੇ ਹੈਰਾਨ ਹੋਇਆ ਤੇ ਕਹਿਣ ਲੱਗਾ, ਉਹ ਸਮਾਂ ਦੂਰ ਨਹੀਂ ਜਦੋਂ ਇਹ ਚੜ੍ਹਦੀ ਕਲਾ ਵਾਲੇ ਲੋਕ ਦੇਸ਼ ਦੇ ਮਾਲਕ ਬਣਨਗੇ। ਇਸ ਸੰਬੰਧੀ ਗਿਆਨੀ ਗਿਆਨ ਸਿੰਘ ਜੀ ਕਰਤਾ ‘ਪੰਥ ਪ੍ਰਕਾਸ਼’ ਨੇ ਇਸ ਤਰ੍ਹਾਂ ਲਿਖਿਆ ਹੈ:

“ਤੌ ਇਹ ਮਾਰੇ ਨ ਮਰੈਂ ਜੀਤ ਸਕੈ ਇਨ ਕੌਨ।
ਨਾਹਕ ਸਹਿਤ ਕਲੇਸ਼ ਤੁਮ ਦੂਖ ਦੇਤ ਇਨ ਜੌਨ।
ਮਾਰਤ ਹੋ ਤੁਮ ਆਪ ਹੀ ਅਪਣੇ ਪੈਰ ਕੁਠਾਰ।
ਕੁਛ ਦਿਨ ਕੋ ਸਿੰਘ ਹੋਇਂ ਹੈਂ ਭੂਪਤ ਮੁਲਕ ਮਝਾਰ।”

ਜ਼ਕਰੀਆ ਖਾਂ ਨੇ ਜਦੋਂ ਨਾਦਰਸ਼ਾਹ ਦੀ ਜ਼ੁਬਾਨੀ ਇਹ ਸੁਣਿਆ ਤਾਂ ਬੜਾ ਛਿੱਥਾ ਪਿਆ ਤੇ ਉਸ ਨੇ ਗੁੱਸੇ ਵਿਚ ਆ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦਾ ਫੈਸਲਾ ਕਰ ਲਿਆ।

ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੰਘ ਅਠ੍ਹਾਰਵੀਂ ਸਦੀ ਵਿਚ ਜੰਗਲਾਂ, ਪਹਾੜਾਂ ਵਿਚ ਰਹਿ ਕੇ ਜੀਵਨ ਬਤੀਤ ਕਰ ਰਹੇ ਸਨ। ਭੁੱਖੇ ਰਹਿ ਕੇ ਵੀ ਚੜ੍ਹਦੀ ਕਲਾ ਵਿਚ ਵਿਚਰਦੇ ਸਨ ਤੇ ਆਪਣੀ ਧਾਰਮਿਕ ਤੇ ਰਾਜਸੀ ਅਜ਼ਾਦੀ ਲਈ ਸੰਗਰਾਮ ਕਰਨ ਲਈ ਯਤਨਸ਼ੀਲ ਰਹਿੰਦੇ ਸਨ। ਹਾਲਤ ਇਹ ਬਣੀ ਹੋਈ ਸੀ ਕਿ ਦਿੱਲੀ ਤੇ ਪੰਜਾਬ ਦੀਆਂ ਹਕੂਮਤਾਂ ਇਕ ਪਾਸੇ ਤੇ ਉਨ੍ਹਾਂ ਦੇ ਝੋਲੀ-ਚੁੱਕ ਟੁੱਕੜ-ਬੋਚ, ਹਾਂ ਵਿਚ ਹਾਂ ਮਿਲਾਉਣ ਵਾਲੇ ਸਿੰਘਾਂ ਨੂੰ ਖਤਮ ਕਰਨ ਲਈ ਤੁਲੇ ਹੋਏ ਸਨ ਕਿ ਸਿੰਘਾਂ ਨੂੰ ਖਤਮ ਕਰ ਕੇ ਹੀ ਸਾਹ ਲੈਣਾ ਹੈ ਤੇ ਸਿੰਘ ਔਕੜਾਂ, ਮੁਸੀਬਤਾਂ ਵਿਚ ਘਿਰੇ ਹੋਏ ਦੂਜੇ ਪਾਸੇ ਆਤਮਿਕ ਤੌਰ ’ਤੇ ਚੜ੍ਹਦੀ ਕਲਾ ਵਿਚ ਵਿਚਰਦੇ ਤੇ ਅਰਦਾਸ ਕਰਦੇ ਹਨ,

“ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।”

‘ਖਾਲਸਾ ਜੀ ਸਾਹਿਬ’ ਤੇ ‘ਖਾਲਸਾ ਜੀ ਕੇ ਬੋਲ ਬਾਲੇ’ ਵਾਕੰਸ਼ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੱਖ ਪ੍ਰਮਾਣ ਹਨ।

ਸਮੇਂ-ਸਮੇਂ ਸਰਕਾਰਾਂ ਸਿੰਘਾਂ ਨਾਲ ਸਮਝੌਤੇ ਵੀ ਕਰਦੀਆਂ ਰਹੀਆਂ ਹਨ ਤੇ ਸਮਝੌਤਿਆਂ ਤੋਂ ਮੁੱਕਰਦੀਆਂ ਵੀ ਰਹੀਆਂ ਹਨ। ਅਜਿਹਾ ਹੀ ਇਕ ਸਮਝੌਤਾ ਕਰਨ ਲਈ 1748 ਈ: ਵਿਚ ਅਦੀਨਾ ਬੇਗ ਫੌਜਦਾਰ ਜਲੰਧਰ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਮੁਲਾਕਾਤ ਲਈ ਸੱਦਾ ਭੇਜਿਆ। ਸਿੰਘਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸਮਝੌਤੇ ਦੀ ਆੜ ਵਿਚ ਸਰਕਾਰ ਦੀ ਨੀਅਤ ਵਿਚ ਫਰਕ ਹੈ ਤੇ ਉਹ ਬੇਈਮਾਨੀ ਤੋਂ ਲਾਭ ਉਠਾਉਣਾ ਚਾਹੁੰਦੀ ਹੈ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਦੀਨਾ ਬੇਗ ਨੂੰ ਲਿਖਿਆ, “ਮੁਲਾਕਾਤ ਤਾਂ ਹਮਾਰੀ ਤੁਮਾਰੀ ਲੜਾਈ ਕੇ ਮੈਦਾਨ ਮੇਂ ਹੀ ਹੋਵੇਗੀ, ਔਰ ਜੌਨ ਸੇ ਹਥਿਆਰ ਊਹਾਂ ਛੂਟੇਂਗੇ, ਸੋਈ ਦਿਲ ਕੀ ਬਾਤ ਜ਼ਾਹਰ ਹੋਵੇਂਗੀਆਂ… ਜਿਸ ਉਪਰ ਦੋਹਾਂ ਜਹਾਨਾਂ ਕੇ ਬਾਦਸ਼ਾਹ ਖੁਸ਼ ਹੋਵੇ, ਉਸ ਕੋ ਔਰ ਕਿਆ ਚਾਹੀਏ?… ਅਬ ਹਮ ਨੇ ਸ਼ਮਸ਼ੀਰ ਉਠਾਈ ਹੈ ਤਾਂ ਤੁਮ ਸੁਲ੍ਹਾ ਚਾਹਤੇ ਹੋ, ਅਰ ਆਗੈ ਉਠਾਵੇਂਗੇ ਤੋ ਮੁਲਖਗੀਰੀ ਹੋਵੇਗੀ।”

ਉਪਰਲੇ ਵਰਣਨ ਤੋਂ ਸਿੰਘਾਂ ਦੀ ਚੜ੍ਹਾਈ ਤੇ ਚੜ੍ਹਦੀ ਕਲਾ ਦਾ ਸੰਖੇਪ ਜਿਹਾ ਦਰਸ਼ਨ ਪੇਸ਼ ਕੀਤਾ ਮਿਲਦਾ ਹੈ। ਇਹ ਚੜ੍ਹਦੀ ਕਲਾ ਸਿੰਘਾਂ ਨੂੰ ਵਿਰਸੇ ਵਿਚ ਮਿਲੀ ਹੋਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭਾਵਨਾ ਬਣਾਈ ਰੱਖਣ ਲਈ ਤੇ ਯੁੱਧ-ਵਿੱਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ਸਿੰਘਾਂ ਅੰਦਰ ‘ਹੋਲਾ ਮਹੱਲਾ’ ਮਨਾਉਣ ਦੀ ਰੀਤ ਤੋਰੀ ਸੀ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਹੋਲਾ ਮਹੱਲਾ’ ਇਕ ਬਨਾਵਟੀ ਹੱਲਾ ਹੁੰਦਾ ਹੈ, ਜਿਸ ਵਿਚ ਪੈਦਲ ਤੇ ਸਵਾਰ ਸ਼ਸਤਰਧਾਰੀ ਸਿੰਘ ਦੋ ਟੋਲੀਆਂ ਬਣਾ ਕੇ ਇਕ ਖਾਸ ਥਾਂ ਉੱਤੇ ਹਮਲਾ ਕਰਦੇ ਹਨ।”

ਭਾਈ ਵੀਰ ਸਿੰਘ ਜੀ ਅਨੁਸਾਰ ‘ਮਹੱਲਾ’ ਸ਼ਬਦ ਨੂੰ ‘ਮਯ ਹੱਲਾ’ ਭਾਵ ਬਨਾਵਟੀ ਹੱਲਾ।

ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਮਲੀ ਤੌਰ ’ਤੇ ਦੋ ਜਥੇ ਬਣਾ ਕੇ ਇਕ ਨੂੰ ‘ਲੋਹਗੜ੍ਹ’ ’ਤੇ ਕਬਜ਼ਾ ਕਰਕੇ ਮੋਰਚਾ ਕਾਇਮ ਕਰਨ ਲਈ ਕਹਿ ਦਿੱਤਾ, ਦੂਸਰੇ ਜਥੇ ਨੇ ਚੜ੍ਹਾਈ ਕਰ ਦਿੱਤੀ। ਡੇਢ ਪਹਿਰ ਦੋਹਾਂ ਪਾਸਿਆਂ ਤੋਂ ਘਮਸਾਣ ਦਾ ਜੁੱਧ ਹੋਇਆ। ਤੀਰ ਤੇ ਗੋਲੀ ਚਲਾਉਣ ਦੀ ਮਨਾਹੀ ਸੀ ਕਿਉਂਕਿ ਦੋਵੇਂ ਪਾਸੇ ਖਾਲਸਾਈ ਫੌਜਾਂ ਸਨ। ਦੋਹਾਂ ਫੌਜਾਂ ਵਿਚ ਅੰਤਰ ਰੱਖਣ ਲਈ ਹੋਲਗੜ੍ਹ ‘ਤੇ ਕਾਬਜ਼ ਜਥੇ ਦੇ ਬਸਤਰ ਚਿੱਟੇ ਸਨ ਤੇ ਦੂਜੇ ਦਲ ਦੇ ਹਲਕੇ ਕੇਸਰੀ।

ਅੰਤ ਬੜੇ ਯਤਨਾਂ ਤੇ ਲੜਾਈ ਦੇ ਦਾਅ-ਪੇਚਾਂ ਅਨੁਸਾਰ ਅੱਗੇ ਵਧਦੀ ਹੋਈ, ਕੇਸਰੀ ਪੋਸ਼ਾਕਿਆਂ ਵਾਲੀ ਸੈਨਾ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਐਸਾ ਇਸ ਲਈ ਕੀਤਾ ਗਿਆ ਸੀ ਕਿ ਸਿੰਘ ਯੁੱਧ ਕਰਨ ਦਾ ਅਭਿਆਸ ਜਾਰੀ ਰੱਖ ਸਕਣ। ਅਸਲ ਵਿਚ ਹੋਲੀ ਇਕ ਮੌਸਮੀ ਤਿਉਹਾਰ ਹੈ, ਸਰਦੀਆਂ ਦੇ ਅੰਤ ’ਤੇ ਜਦੋਂ ਮੌਸਮ ਖੁੱਲ੍ਹਾ ਆ ਜਾਂਦਾ ਹੈ, ਨਾ ਸਰਦੀ ਹੁੰਦੀ ਹੈ ਨਾ ਅਜੇ ਗਰਮੀ ਦੀ ਰੁੱਤ ਸ਼ੁਰੂ ਹੋਈ ਹੁੰਦੀ ਹੈ, ਭਾਵ ਬਸੰਤ ਰੁੱਤ ਹੁੰਦੀ ਹੈ ਤਾਂ ਲੋਕ ਸਰਦੀ ਅਤੇ ਗਰਮੀ ਦੇ ਕ੍ਰੋਪ ਤੋਂ ਬਚੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇੱਥੋਂ ਤਕ ਕਿ ਰੁੱਖ, ਬਿਰਖ, ਬਨਸਪਤੀ ਸਭ ਖਿੜੀ ਤੇ ਮੌਲੀ ਹੁੰਦੀ ਹੈ। ਕੁਦਰਤ ਵੀ ਸਦਾ ਦੀ ਤਰ੍ਹਾਂ ਮਨੁੱਖ ਦੀ ਖੁਸ਼ੀ ਵਿਚ ਸ਼ਾਮਲ ਹੁੰਦੀ ਹੈ। ਚਾਰੇ ਪਾਸੇ ਖਿੜੀ ਕੁਦਰਤ ਨੂੰ ਵੇਖ ਕੇ ਉਮਾਹ ਵਿਚ ਆਏ ਲੋਕ ਨੱਚਦੇ, ਟੱਪਦੇ, ਹੱਸਦੇ, ਖੇਡਦੇ ਤੇ ਗਾਉਂਦੇ ਹਨ। ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਇਕ-ਦੂਜੇ ਉਤੇ ਰੰਗ ਗੁਲਾਲ ਆਦਿ ਸੁੱਟਦੇ ਹਨ। ਫੱਗਣ ਸੁਦੀ 11 ਤੋਂ 15 ਤਕ ਫਾਗ ਭਾਵ ਹੋਲੀ ਖੇਡੀ ਜਾਂਦੀ ਹੈ।

ਗੁਰੂ ਇਤਿਹਾਸ ਵਿਚ ਹੋਲੀ ਖੇਡਣ ਦਾ ਵਰਣਨ ਮਿਲਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਦੇ ਸਮੇਂ ਅਤਰ ਤੇ ਗੁਲਾਲ ਨਾਲ ਹੋਲੀ ਖੇਡੀ ਜਾਂਦੀ ਸੀ। ਸਿੰਘਾਂ ਅੰਦਰ ਚੜ੍ਹਦੀ ਕਲਾ ਦੀ ਭਾਵਨਾ ਕਾਇਮ ਰੱਖਣ ਤੇ ਯੁੱਧ- ਵਿੱਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ਗੁਰੂ ਸਾਹਿਬ ਨੇ ਪ੍ਰਚੱਲਤ ਰੀਤੀ ਅਨੁਸਾਰ ਸਿੰਘਾਂ ਅੰਦਰ ਹੋਲਾ ਮਹੱਲਾ ਖੇਡਣ ਦਾ ਰਿਵਾਜ਼ ਸ਼ੁਰੂ ਕੀਤਾ। ਹੋਲੇ-ਮਹੱਲੇ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ। ਖਾਲਸਾ ਸਾਜਣ ਮਗਰੋਂ ਕਲਗੀਧਰ ਪਾਤਸ਼ਾਹ ਜੀ ਨੇ ਸੰਮਤ 1757 ਚੇਤਰ ਵਦੀ ਏਕਮ ਨੂੰ ਇਕ ਨਵਾਂ ਸਥਾਨ ‘ਹੋਲਗੜ੍ਹ’ ਰਚ ਕੇ ਹੋਲਾ-ਮਹੱਲਾ ਖੇਡਣ ਦੀ ਰੀਤੀ ਚਲਾ ਦਿੱਤੀ।

ਅੱਜ ਵੀ ਹੋਲੇ ਮਹੱਲੇ ਦਾ ਰਿਵਾਜ ਸਿੰਘਾਂ ਵਿਚ ਉਸੇ ਤਰ੍ਹਾਂ ਚਲਿਆ ਆਉਂਦਾ ਹੈ। ਅਨੰਦਪੁਰ ਸਾਹਿਬ ਤੋਂ ਛੁੱਟ ਹੋਰ ਸ਼ਹਿਰਾਂ, ਨਗਰਾਂ, ਪਿੰਡਾਂ ਵਿਚ ਵੀ ਨਿਸ਼ਾਨ ਸਾਹਿਬ ਦੀ ਤਾਬਿਆ ਮਹੱਲਾ ਚੜ੍ਹਦਾ ਹੈ। ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹੱਲਾ ਚੜ੍ਹਦਾ ਹੈ ਅਤੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ, ਬੁਰਜ ਬਾਬਾ ਫੂਲਾ ਸਿੰਘ ਵਿਖੇ ਸਮਾਪਤ ਹੁੰਦਾ ਹੈ। ਇਸ ਮਹੱਲੇ ਵਿਚ ਕਈ ਪ੍ਰਕਾਰ ਦੇ ਸਰੀਰਿਕ-ਕਰਤੱਬ ਦਿਖਾਉਣ ਵਾਲੇ ਜਥੇ, ਘੋੜ-ਸਵਾਰ ਨਿਹੰਗ, ਗਤਕਾ ਪਾਰਟੀਆਂ, ਬੈਂਡ-ਵਾਜੇ, ਸਕੂਲਾਂ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧ ਮਾਈ-ਭਾਈ ਸ਼ਾਮਲ ਹੁੰਦੇ ਹਨ। ਕਈ ਸਕੂਟਰ ਤੇ ਮੋਟਰ-ਸਾਈਕਲ ਸਵਾਰ ਜਥੇ ਵੀ ਸ਼ਾਮਲ ਹੁੰਦੇ ਹਨ।

ਵੈਸੇ ਤਾਂ ਸਿੱਖ ਕੌਮ ਉੱਤੇ ਬੜੇ ਝੱਖੜ ਝੁੱਲੇ ਰਹੇ ਹਨ, ਕਈ ਘੱਲੂਘਾਰੇ ਵਾਪਰੇ ਹਨ, ਕੌਮ ਨੂੰ ਕਈ ਕਰੜੇ ਇਮਤਿਹਾਨਾਂ ਵਿਚ ਪੈਣਾ ਪਿਆ ਹੈ ਤੇ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਇਨ੍ਹਾਂ ਕੁਰਬਾਨੀਆਂ ਦਾ ਵਰਣਨ ਭਾਈ ਪਿਆਰਾ ਸਿੰਘ ਨਿਰਛਲ ਨੇ ‘ਖੂਨ ਦੀਆਂ ਹੋਲੀਆਂ’ ਨਾਂ ਦੀ ਕਵਿਤਾ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ:

ਬੀਰਤਾ ਦੇ ਜ਼ੌਹਰ ਦੱਸੇ ਵਾਂਗ ਪਰਵਾਨਿਆਂ ਦੇ,
ਨਿੱਤਰੇ ਮੈਦਾਨ ਵਿਚ ਬਣ ਬਣ ਟੋਲੀਆਂ।
ਵਿਚ ਨਨਕਾਣੇ ਭਾਵੇਂ ਭੁੱਜ ਗਏ ਵਾਂਗ ਦਾਣਿਆਂ ਦੇ,
ਹੱਸ-ਹੱਸ ਖੇਡ ਗਏ ਉਹ ਖੂਨ ਵਿਚ ਹੋਲੀਆਂ।
ਬੜੇ-ਬੜੇ ਝੱਖੜ ਤੂਫਾਨ ਝੁੱਲੇ ਇਨ੍ਹਾਂ ਉੱਤੇ,
ਸਿਰ ਧਰ ਤਲੀ ਉੱਤੇ ਪਾਈਆਂ ਇਨ੍ਹਾਂ ਬੋਲੀਆਂ।
ਵੈਰੀਆਂ ਦੇ ਲਹੂ ਵਿਚ ਕੀਤਾ ਇਸ਼ਨਾਨ ਇਨ੍ਹਾਂ,
ਖੂਨ ਵਿਚ ਰੰਗੀਆਂ ਸਰੀਰਾਂ ਦੀਆਂ ਚੋਲੀਆਂ।
ਹਿੱਕ ਤਾਣ ਸਾਹਵੇਂ ‘ਨਿਰਛਲ’ ਮੌਤ ਦੇ ਖਲੋਂਦੇ ਰਹੇ,
ਪਿੱਠ ’ਤੇ ਨਹੀਂ, ਸੀਨੇ ਵਿਚ ਖਾਧੀਆਂ ਨੇ ਗੋਲੀਆਂ।
ਬੰਦ-ਬੰਦ ਕੱਟੇ, ਭਾਵੇਂ ਚੜ੍ਹ ਗਏ ਉਹ ਚਰਖੀਆਂ ’ਤੇ,
ਖੇਡਦੇ ਰਹੇ ਹੱਸ-ਹੱਸ ਖੂਨ ਵਿਚ ਹੋਲੀਆਂ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਡਾ. ਕੁਲਦੀਪ ਸਿੰਘ ਹਉਰਾ ਅੱਜ ਤੋਂ ਕੁਝ ਸਮਾਂ ਪਹਿਲਾਂ ‘ਗੁਰਮਤਿ ਪ੍ਰਕਾਸ਼’ ਦੇ ਇਕ ਬਹੁਤ ਜਾਣੇ-ਪਛਾਣੇ ਸੁਪ੍ਰਸਿੱਧ ਲੇਖਕ ਰਹੇ ਹਨ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)