ਸਿੱਖ ਧਰਮ ਵਿਚ ਕੀਰਤਨ-ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੁੰਦੀ ਹੈ। ਰਬਾਬ ਦੀਆਂ ਮਧੁਰ ਧੁਨਾਂ ਨਾਲ ਬਾਣੀ ਦੇ ਗਾਇਨ ਨੇ ਜਾਦੂ ਜਿਹਾ ਅਸਰ ਕੀਤਾ। ਕੀਰਤਨ ਦੀ ਅਨਮੋਲ ਦਾਤ ਸਾਨੂੰ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ, ਸ੍ਰੀ ਗੁਰੂ ਅੰਗਦ ਦੇਵ ਜੀ ਨੇ 10 ਰਾਗਾਂ ਵਿਚ, ਸ੍ਰੀ ਗੁਰੂ ਅਮਰਦਾਸ ਜੀ ਨੇ 21 ਰਾਗਾਂ ਵਿਚ, ਸ੍ਰੀ ਗੁਰੂ ਰਾਮਦਾਸ ਜੀ ਨੇ 29 ਰਾਗਾਂ ਵਿਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿਚ ਬਾਣੀ ਦਾ ਉਚਾਰਨ ਕੀਤਾ ਅਤੇ ਕੀਰਤਨ ਸਿੱਖ ਦੇ ਜੀਵਨ ਦਾ ਅਨਿੱਖੜਵਾ ਅੰਗ ਹੀ ਬਣ ਗਿਆ। ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਕੀਰਤਨ ਦੇ ਨਾਲ-ਨਾਲ ਢਾਡੀਆਂ ਦੁਆਰਾ ਢੱਡ ਤੇ ਸਾਰੰਗੀ ਨਾਲ ਵਾਰਾਂ ਗਾਇਨ ਦੀ ਪ੍ਰਥਾ ਵੀ ਅਰੰਭ ਹੋ ਗਈ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਵੀ ਕੀਰਤਨ ਦੀ ਮਰਿਯਾਦਾ ਚੱਲਦੀ ਰਹੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਸੰਗੀਤ-ਵਿੱਦਿਆ ਵਿਚ ਮਾਹਿਰ ਸਨ। ਉਨ੍ਹਾਂ ਦੇ ਸਮੇਂ ਵੀ ਕੀਰਤਨ-ਪਰੰਪਰਾ ਚਲਦੀ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 14 ਤੋਂ 1352 ਤਕ ਸਾਰੀ ਹੀ ਬਾਣੀ ਰਾਗਬੱਧ ਹੈ। ਗੁਰੂ-ਕਾਲ ਤੋਂ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਚਲਦਾ ਰਿਹਾ, ਸਿੱਖ ਮਿਸਲਾਂ ਦੇ ਸਰਦਾਰ, ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਤੇ ਬਾਣੀ ਦਾ ਕੀਰਤਨ ਸੁਣਦੇ।
ਕੀਰਤਨ-ਪਰੰਪਰਾ ਦੀ ਸਾਂਭ-ਸੰਭਾਲ ਵਿਚ ਰਬਾਬੀਆਂ ਦਾ ਵੀ ਬਹੁਤ ਯੋਗਦਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਥਮ ਰਬਾਬੀ ਭਾਈ ਮਰਦਾਨਾ ਜੀ ਜੀਵਨ ਪ੍ਰਯੰਤ ਤਕਰੀਬਨ ਪੰਜ ਦਹਾਕੇ ਗੁਰੂ-ਘਰ ਵਿਚ ਕੀਰਤਨ ਦੀ ਸੇਵਾ ਕਰਦੇ ਰਹੇ। ਫਿਰ ਭਾਈ ਰਜ਼ਾਦਾ ਦੇ ਪੁੱਤਰ ਭਾਈ ਸਾਦੂ ਤੇ ਭਾਈ ਬਾਦੂ ਕੀਰਤਨ ਦੀ ਸੇਵਾ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਕੀਰਤਨ ਕਰਦੇ ਰਹੇ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਪਹਿਲੇ ਰਬਾਬੀ ਹਨ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਸੇਵਾ ਦਾ ਅਰੰਭ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਕੀਰਤਨ ਦੀ ਦਾਤ ਗੁਰਸਿੱਖਾਂ ਦੀ ਝੋਲੀ ਪਾਈ ਤਾਂ ਫਿਰ ਕੀਰਤਨ ਵਾਲੀਆਂ ਦੋ ਸ਼੍ਰੇਣੀਆਂ ਰਬਾਬੀ ਤੇ ਰਾਗੀ (ਸਿੱਖ ਕੀਰਤਨੀਏ) ਬਣ ਗਈਆਂ। ਗੁਰੂ-ਕਾਲ ਤੋਂ ਬਾਅਦ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ-ਸੇਵਾ ਰਬਾਬੀ ਤੇ ਰਾਗੀ ਕਰਦੇ ਰਹੇ। ਕੀਰਤਨ-ਕਲਾ ਵਿਚ ਨਿਪੁੰਨ ਰਬਾਬੀਆਂ ਅਤੇ ਰਾਗੀਆਂ ਦੋਹਾਂ ਸ਼੍ਰੇਣੀਆਂ ਵਿਚ ਹੀ ਅਨੇਕ ਸੰਗੀਤ-ਕਲਾ ਵਿਚ ਨਿਪੁੰਨ ਕੀਰਤਨੀਆਂ ਨੇ ਆਪਣੀ ਕੀਰਤਨ-ਸੇਵਾ ਦੁਆਰਾ ਕੀਰਤਨ ਦੀਆਂ ਉੱਚ ਪਰੰਪਰਾਵਾਂ ਨੂੰ ਕਾਇਮ ਰੱਖਿਆ ਤੇ ਕੀਰਤਨ ਦੇ ਅਮੀਰ ਵਿਰਸੇ ਵਿਚ ਯੋਗਦਾਨ ਪਾਇਆ। ਸ੍ਰੀ ਦਰਬਾਰ ਸਾਹਿਬ ਵਿਖੇ ਕੁੱਲ 15 ਚੌਂਕੀਆਂ ਦੀ ਕੀਰਤਨ-ਮਰਯਾਦਾ ਚਲੀ ਆ ਰਹੀ ਹੈ ਜਿਸ ਵਿਚ 8 ਚੌਂਕੀਆਂ ਰਾਗੀਆਂ ਦੀਆਂ ਅਤੇ 7 ਚੌਂਕੀਆਂ ਰਬਾਬੀਆਂ ਦੀਆਂ ਹੁੰਦੀਆਂ। ਦੇਸ਼ ਦੀ ਵੰਡ ਸਮੇਂ ਰਬਾਬੀ ਸ਼੍ਰੇਣੀ ਜੋ ਕੀਰਤਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ-ਘਰ ਨਾਲ ਜੁੜੀ ਹੋਈ ਸੀ ਪਾਕਿਸਤਾਨ ਜਾਣ ਕਾਰਨ ਟੁੱਟ ਗਈ ਤੇ ਇਨ੍ਹਾਂ ਦੀ ਕੀਰਤਨ-ਸੇਵਾ ਵੀ ਸਿੱਖ ਰਾਗੀਆਂ ਦੇ ਜ਼ਿੰਮੇ ਆ ਗਈ। ਉਸ ਸਮੇਂ ਰਾਗੀਆਂ ਦੀ ਸ਼੍ਰੇਣੀ ਵਿਚ ਵੀ ਕਈ ਪੁਰਾਣੇ ਤੇ ਰਾਗ-ਵਿੱਦਿਆ ਵਿਚ ਨਿਪੁੰਨ ਨਾਮੀ ਕੀਰਤਨੀਏ ਸਨ ਤੇ ਨਵੀਂ ਪੀੜ੍ਹੀ ਵਿਚ ਵੀ ਕੀਰਤਨ-ਵਿੱਦਿਆ ਸਿੱਖਣ ਲਈ ਉਤਸ਼ਾਹ ਰੱਖਣ ਵਾਲੇ ਰਿਯਾਜ਼ੀ ਸਨ। ਉਸ ਪ੍ਰਭਾਵ ਸਦਕਾ ਕੀਰਤਨ-ਪਰੰਪਰਾ ਦਾ ਸਰੂਪ ਲੱਗਭਗ 20-25 ਸਾਲ ਤਕ ਕਾਇਮ ਰਿਹਾ।
ਕੀਰਤਨ-ਚੌਂਕੀ ਦੀ ਮਰਯਾਦਾ ਅਨੁਸਾਰ ਰਾਗੀ ਜਥਾ ਤੰਤੀ ਸਾਜ਼ ਤੇ ਤਬਲਾ ਸਵਰ ਕਰਨ ਤੋਂ ਬਾਅਦ ਪੰਜ-ਸੱਤ ਮਿੰਟ ਰਾਗ ਦਾ ਲਹਿਰਾ (ਸ਼ਾਨ) ਵਜਾਉਂਦਾ ਜ਼ਿਆਦਾ ਕਰਕੇ ਤੀਨਤਾਲ ਵਿਚ ਜਿਸ ਨਾਲ ਉਸ ਰਾਗ ਦਾ ਵਾਤਾਵਰਨ ਬਣ ਜਾਂਦਾ, ਤਬਲੇ (ਜੋੜ) ਵਾਲਾ ਵੀ ਕਾਇਦੇ ਪਲਟੇ, ਪਰਨਾਂ ਆਦਿ ਵਜਾ ਕੇ ਤਿਹਾਈਆਂ ਨਾਲ ਮੁਕਾਅ ਕਰਦਾ। ਉਪਰੰਤ ਮੰਗਲਾਚਰਨ ਅਰੰਭ ਹੁੰਦਾ। ਪਹਿਲਾਂ ਜਥੇ ਦਾ ਮੁਖੀ ਤੇ ਫਿਰ ਦੂਜੇ ਸਾਥੀ ਵਾਰੀ-ਵਾਰੀ ਵਿਲੰਬਿਤ ਲੈਅ ਏਕ ਤਾਲ ਜਾਂ ਜੱਤ ਤਾਲ ਦਾ ਠੇਕਾ ਰਖਵਾ ਕੇ ਕੀਰਤਨ ਦੀ ਅਰੰਭਤਾ ਲਈ ਬੇਨਤੀਆਂ ਦੇ ਸਲੋਕਾਂ ਦਾ ਗਾਇਨ ਕਰਦੇ। ਐਸਾ ਮਾਹੌਲ ਬਣ ਜਾਂਦਾ ਜਿਵੇਂ ਗੁਰੂ ਦੀ ਸ਼ਰਨ ਆ ਕੇ ਬੇਨਤੀਆਂ ਤੇ ਜੋਦੜੀਆਂ ਕਰ ਕੇ ਕੀਰਤਨ ਦੀ ਅਰੰਭਤਾ ਦੀ ਆਗਿਆ ਲਈ ਜਾ ਰਹੀ ਹੈ, “ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ।” ਇਸ 15/20 ਮਿੰਟ ਦੇ ਸਮੇਂ ਵਿਚ ਰਾਗ ਦਾ ਪੂਰਾ ਵਾਤਾਵਰਨ ਛਾ ਜਾਂਦਾ, ਗਾਇਨ ਕਰਨ ਵਾਲਿਆਂ ਤੇ ਸ੍ਰੋਤਿਆਂ ਦੀਆਂ ਸੁਰਤਾਂ ਟਿਕ ਜਾਂਦੀਆਂ। ਮੰਗਲਾਚਰਨ ਤੋਂ ਬਾਅਦ ਪਹਿਲੇ ਸ਼ਬਦ ਦਾ ਗਾਇਨ ਕੁਝ ਜਥੇ ਚਾਰ ਤਾਲ ਵਿਚ ਅਰੰਭ ਕਰਦੇ। ਅਸਥਾਈ ਦੇ ਸ਼ੁਰੂ ਵਿਚ ਤਬਲੇ (ਜੋੜੀ) ਵਾਲਾ ਏਕ ਤਾਲ ਦਾ ਹੀ ਠੇਕਾ ਰੱਖਦਾ ਪਰ ਫਿਰ ਖੁੱਲ੍ਹੇ ਬੋਲ ਸਾਥ ਵੀ ਵਜਾਉਂਦਾ। ਅੰਤਰੇ ਵਿਚ ਵੀ ਸਾਥ ਵਜਾ ਕੇ ਹੀ ਸੰਗਤ ਕਰਦਾ ਤੇ ਵੱਖ-ਵੱਖ ਲੈਅ-ਕਾਰੀਆਂ ਵੀ ਦਿਖਾਈਆਂ ਜਾਂਦੀਆਂ ਤੇ ਤਿਹਾਈਆਂ ਦੇ ਕੇ ਮੁਕਾਅ ਕੀਤਾ ਜਾਂਦਾ। ਸ਼ਬਦ-ਗਾਇਨ ਕਰਨ ਵਾਲੇ ਵੀ ਬੋਲ-ਬਾਂਟ ਦੁਆਰਾ ਤੇ ਹੋਰ ਲੈਅ-ਕਾਰੀਆਂ ਦਿਖਾਂਦੇ ਤੇ ਵੱਖ-ਵੱਖ ਤਿਹਾਈਆਂ ਦੇ ਕੇ ਸਮ ’ਤੇ ਆਉਂਦੇ ਤੇ ਸ਼ਬਦ ਦੀ ਸਮਾਪਤੀ ਕਰਦੇ। ਹੋਰ ਕੀਰਤਨੀਏ ਪਹਿਲੇ ਸ਼ਬਦ ਦਾ ਗਾਇਨ ਧਮਾਰ (ਪੰਜਾਬ ਬਾਜ) ਝੱਪਤਾਲ, ਜਤ ਤਾਲ, ਮੱਤ ਤਾਲ, ਕੁੰਭ ਤਾਲ, ਪੰਚਮ ਸਵਾਰੀ ਆਦਿ ਕਿਸੇ ਤਾਲ ਵਿਚ ਵਿਲੰਬਿਤ ਲੈਅ ਵਿਚ ਅਰੰਭ ਕਰਦੇ। ਇਨ੍ਹਾਂ ਸ਼ਬਦਾਂ ਵਿਚ ਖਿਆਲ ਗਾਇਨ-ਸ਼ੈਲੀ ਦਾ ਹੀ ਜ਼ਿਆਦਾ ਪ੍ਰਭਾਵ ਰਹਿੰਦਾ। ਆਲਾਪ, ਬੋਲ ਆਲਾਪ ਤੇ ਤਾਨਾਂ ਅਕਾਰ ਵਿਚ ਬੋਲ ਤਾਨਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ। ਐਸੀਆਂ ਸ਼ਬਦ-ਬੰਦਸ਼ਾਂ ਵਿਚ ਭਾਵੇਂ ਰਾਗਦਾਰੀ ਦਾ ਪ੍ਰਭਾਵ ਜ਼ਿਆਦਾ ਜਾਗਦਾ ਰਹਿੰਦਾ ਪਰ ਫਿਰ ਵੀ ਸ਼ਬਦ ਦੀ ਪ੍ਰਧਾਨਤਾ ਬਣੀ ਰਹਿੰਦੀ ਤੇ ਸ੍ਰੋਤਾ ਬਾਣੀ ਨਾਲ ਜੁੜਿਆ ਰਹਿੰਦਾ। ਦੂਜਾ ਸ਼ਬਦ ਉਸੇ ਰਾਗ ਵਿਚ ਹੀ ਤੀਨ ਤਾਲ/ਇਕ ਤਾਲ ਮੱਧ ਲੈਅ ਵਿਚ ਅਰੰਭ ਕੀਤਾ ਜਾਂਦਾ। ਜਥੇ ਦੇ ਸਾਰੇ ਮੈਂਬਰ ਵਾਰੀ-ਵਾਰੀ ਅਲਾਪ, ਬੋਲ ਅਲਾਪ, ਤਾਨਾਂ ਤੇ ਬੋਲ ਤਾਨਾਂ ਦਾ ਪ੍ਰਯੋਗ ਕਰਦੇ ਤਿਹਾਈਆਂ ਦਾ ਵੀ ਪ੍ਰਯੋਗ ਕਰਦੇ। ਸ਼ਬਦ ਵਿਚ ਪ੍ਰਮਾਣ ਇਕੱਠੇ ਮਿਲ ਕੇ ਵੀ ਤੇ ਵਾਰੀ-ਵਾਰੀ ਵੀ ਗਾਇਨ ਕਰ ਕੇ ਸਰੋਤਿਆਂ ਨੂੰ ਕੀਰਤਨ ਨਾਲ ਜੋੜਦੇ। ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਦਰੁਤ ਲੈਅ ਵਿਚ ਗਾਈਆਂ ਜਾਂਦੀਆਂ ਤੇ ਤਾਨਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ। ਆਮ ਤੌਰ ’ਤੇ ਤਿਹਾਈਆਂ ਦੇ ਕੇ ਹੀ ਸ਼ਬਦ ਦੀ ਸਮਾਪਤੀ ਹੁੰਦੀ। ਤੀਜੇ ਸ਼ਬਦ ਦਾ ਗਾਇਨ ਦੀਪਚੰਦੀ, ਛੋਟਾ ਤੀਨ ਤਾਲ, ਰੂਪਕ, ਕਹਿਰਵਾ, ਦਾਦਰਾ ਆਦਿ ਕਿਸੇ ਤਾਲ ਵਿਚ ਹੁੰਦਾ। ਇਸ ਸ਼ਬਦ ਦਾ ਗਾਇਨ ਕੁਝ ਸੁਖੈਨ ਢੰਗ ਦਾ ਹੁੰਦਾ ਤੇ ਕਈ ਵਾਰੀ ਉਸ ਰਾਗ ਵਿਚ ਜਾਂ ਕਿਸੇ ਹੋਰ ਪ੍ਰਚਲਿਤ ਸੁਖੈਨ ਰਾਗ ਭੈਰਵੀ, ਪਹਾੜੀ, ਸਿੰਧੜਾ, ਪੀਲੂ ਆਦਿ ਰਾਗ ਵਿਚ ਕੀਰਤਨ ਕੀਤਾ ਜਾਂਦਾ। ਜਥੇ ਦੇ ਮੈਂਬਰ ਵਾਰੀ-ਵਾਰੀ ਅਲਾਪ ਵੀ ਲੈਂਦੇ ਪਰ ਪ੍ਰਮਾਣ ਦੇ ਕੇ ਕੀਰਤਨ ਦਾ ਰਸ ਬੰਨ੍ਹ ਦਿੰਦੇ। ਆਮ ਤੌਰ ’ਤੇ ਰਬਾਬੀ ਜਥੇ ਇਹ ਸ਼ਬਦ ਕਵਾਲੀ ਢੰਗ ਨਾਲ ਵੀ ਗਾਇਨ ਕਰਦੇ, ਉਹ ਸ਼ਬਦ ਵਿਚ ਅਲਾਪ ਤਾਂ ਵਾਰੀ-ਵਾਰੀ ਹੀ ਲੈਂਦੇ ਪਰ ਪ੍ਰਮਾਣ ਦਾ ਮਿਲ ਕੇ ਹੀ ਗਾਇਨ ਕਰਦੇ ਤੇ ਸੰਗਤਾਂ ਨੂੰ ਕੀਰਤਨ ਨਾਲ ਜੋੜ ਲੈਂਦੇ। ਤੀਜੇ ਜਾਂ ਚੌਥੇ ਸ਼ਬਦ ਦੀ ਸਮਾਪਤੀ ਤੋਂ ਬਾਅਦ ਪਉੜੀ ਲਗਾ ਕੇ ਕੀਰਤਨ-ਚੌਂਕੀ ਦੀ ਸਮਾਪਤੀ ਹੁੰਦੀ। ਪਰ ਕੀਰਤਨ-ਪਰੰਪਰਾ ਦੇ ਇਸ ਅਮੀਰ ਵਿਰਸੇ ਦਾ ਸਰੂਪ ਅੱਜ ਅਲੋਪ ਹੋ ਗਿਆ ਹੈ। ਪੁਰਾਣੀ ਪੀੜ੍ਹੀ ਦੇ ਜਾਣ ਨਾਲ ਕੀਰਤਨ ਦੀ ਪਰੰਪਰਾਗਤ ਸ਼ੈਲੀ ਦੇ ਪਛੜ ਜਾਣ ਦੇ ਸੱਚ ਨੂੰ ਮੰਨਣਾ ਪਵੇਗਾ। ਅੱਜ ਦਾ ਪ੍ਰਚਲਿਤ ਕੀਰਤਨ ਭੈਰਵੀ, ਪਹਾੜੀ, ਸ਼ਿਵਰੰਜਨੀ, ਕਲਾਵਤੀ ਆਦਿ ਕੁਝ ਰਾਗਾਂ ਵਿਚ ਤੇ ਕਹਿਰਵਾ, ਦਾਦਰਾ ਤਾਲਾਂ ਤਕ ਹੀ ਸੀਮਿਤ ਰਹਿ ਗਿਆ ਹੈ। ਇਸ ਤਰ੍ਹਾਂ ਅਸੀਂ ਲੋਕ-ਗੀਤਾਂ ਦੀਆਂ ਧੁਨਾਂ ’ਤੇ, ਫ਼ਿਲਮੀ ਤਰਜ਼ਾਂ ’ਤੇ ਸ਼ਬਦ ਦਾ ਗਾਇਨ ਕਰ ਕੇ ਅਸੀਂ ਸੰਗਤਾਂ ਨੂੰ ਆਪਣੇ ਕੀਰਤਨ ਦੇ ਅਮੀਰ ਵਿਰਸੇ ਤੋਂ ਦੂਰ ਲੈ ਜਾ ਰਹੇ ਹਾਂ। ਅੱਜ ਦੇ ਕੀਰਤਨ ਦਰਬਾਰਾਂ ਵਿਚ ਭਾਗ ਲੈਣ ਵਾਲੇ ਮਹਾਨ ਅਖਵਾਉਣ ਵਾਲੇ ਕੀਰਤਨੀਏਂ ਵੀ ਨਿਰਧਾਰਿਤ ਰਾਗਾਂ ਵਿਚ ਤੀਨ ਤਾਲ ਵਿਚ ਵੀ ਸ਼ਬਦ-ਗਾਇਨ ਕਰਨ ਦੀ ਲੋੜ ਨਹੀਂ ਸਮਝਦੇ ਹਨ। ਰਾਗ ਵਿਹੂਨ ਕੀਰਤਨ, ਕੀਰਤਨ ਨਹੀਂ ਹੈ। ਜਾਗਦੀ ਜੋਤ ਨੂੰ ਹਾਜ਼ਰ-ਨਾਜ਼ਰ ਜਾਣ ਨਿੰਮ੍ਰਤ ਹੋ ਕੇ ਸ਼ਬਦ ਦੁਆਰਾ ਰਾਗ ਦਾ ਸਰੂਪ ਅਲਾਪਣ ਨਾਲ, ਵਾਤਾਵਰਨ ਬਣ ਜਾਣ ਨਾਲ ਸ਼ਬਦ ਨੂੰ ਮੁੱਖ ਰੱਖ ਕੇ ਗਾਇਨ ਹੋਵੇਗਾ ਤਾਂ ਹੀ ਕੀਰਤਨ ਹੈ। ਪਰੰਤੂ ਕੀਰਤਨ ਵਿਚ ਰਾਗਦਾਰੀ ਨੂੰ ਮੁੱਖ ਵੀ ਨਹੀਂ ਰੱਖਿਆ ਜਾ ਸਕਦਾ, ਨਾ ਹੀ ਸਰਗਮਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਅਸਾਂ ਤਾਂ ਸ਼ਬਦ ਨਾਲ ਜੁੜਨਾ ਹੈ, ਰਾਗ ਤਾਂ ਮਾਧਿਅਮ ਹੈ। ਬਸ ਇੰਨਾ ਸਮਝਣਾ ਚਾਹੀਦਾ ਹੈ ਕਿ ਗੁਰਬਾਣੀ ਰਾਗਾਂ ਵਿਚ ਰਚੀ ਹੋਈ ਹੈ ਅਤੇ ਅਸੀਂ ਉਨ੍ਹਾਂ ਰਾਗਾਂ ਵਿਚ ਗੁਰਬਾਣੀ ਦਾ ਗਾਇਨ ਕਰਨ ਤੋਂ ਮੁਨਕਰ ਹੋ ਕੇ ਕਿਵੇਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ? ਸਮੂਹ ਗੁਰ-ਅਸਥਾਨ ਕੀਰਤਨ ਪ੍ਰਸਾਰਨ ਦੇ ਸੋਮੇ ਹਨ, ਜਿੱਥੇ ਸੰਗਤਾਂ ਨਿੱਤ ਗੁਰੂ-ਦਰਬਾਰ ਵਿਚ ਹਾਜ਼ਰ ਹੋ ਕੇ ਕੀਰਤਨ ਸੁਣਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਅਤੇ ਹੋਰ ਗੁਰਮਤਿ ਪ੍ਰਚਾਰ ਸੁਸਾਇਟੀਆਂ ਦੇ ਸਮੂਹਿਕ ਰੂਪ ਵਿਚ ਨਿਸ਼ਚਾ ਕਰ ਲੈਣ ਨਾਲ ਕੀਰਤਨ-ਸ਼ੈਲੀ ਦਾ ਅਸਲ ਤੇ ਪੁਰਾਤਨ ਸਰੂਪ ਫਿਰ ਵਾਪਸ ਲਿਆਇਆ ਜਾ ਸਕਦਾ ਹੈ। ਅਸੀਂ ਪਿਉ-ਦਾਦੇ ਦੇ ਖਜ਼ਾਨੇ ’ਚੋਂ ਆਪਣੇ ਵਿਰਸੇ ਦੀ ਸੰਭਾਲ ਕਰੀਏ ਤਾਂ ਜੋ ਗੁਰ-ਅਸਥਾਨਾਂ ਵਿਚ ਰਾਗ-ਵਿਹੂਣੇ ਕੀਰਤਨ ਦੀ ਥਾਂ ਸਦੈਵ, ਰਾਗ ਅਧਾਰਤ ਕੀਰਤਨ ਦੀਆਂ ਧੁਨੀਆਂ ਗੂੰਜਦੀਆਂ ਰਹਿਣ ਤੇ ਗੀਤਾਂ ’ਤੇ ਆਧਾਰਤ ਕੀਰਤਨ-ਦਰਬਾਰਾਂ ਦੀ ਥਾਂ ’ਤੇ ਗੁਰਮਤਿ ਸੰਗੀਤ ਅਧਾਰਤ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੇ ਪ੍ਰਵਾਹ ਚੱਲਦੇ ਰਹਿਣ। ਅਸੀਂ ਮਾਣ ਕਰ ਸਕੀਏ ਕਿ ਸਾਡੇ ਕੀਰਤਨੀਏਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਵਿਚ ਸ਼ਬਦ-ਗਾਇਨ ਕਰਨ ਦੇ ਸਮਰੱਥ ਹਨ।
ਗੁਰਮਤਿ ਸੰਗੀਤ ਦੀ ਉਪਜ ਭਾਵੇਂ ਭਾਰਤੀ ਸੰਗੀਤ ਤੋਂ ਹੀ ਹੈ ਪਰ ਇਸ ਦਾ ਇਕ ਆਪਣਾ ਹੀ ਵਿਸ਼ੇਸ਼ ਸਥਾਨ ਹੈ। ਇਸ ਦੀ ਆਪਣੀ ਇਕ ਨਿਵੇਕਲੀ ਹੀ ਸ਼ੈਲੀ ਹੈ ਜਿਸ ਵਿੱਚੋਂ ਦੂਜੀਆਂ ਗਾਇਨ-ਸ਼ੈਲੀਆਂ ਦੇ ਤਕਰੀਬਨ ਸਾਰੇ ਹੀ ਪ੍ਰਚਲਿਤ ਅੰਗਾਂ ਦੀ ਖੁਸ਼ਬੋ ਆਉਂਦੀ ਹੈ। ਕੀਰਤਨ ਇਕ ਭਗਤੀ ਤੇ ਸ਼ਾਂਤ ਰਸ ਭਰਪੂਰ ਸ਼ਬਦ ਪ੍ਰਧਾਨ ਗਾਇਕੀ ਹੈ ਜਿਸ ਵਿਚ ਧਰੁਪਦ ਅੰਗ ਦੀਆਂ ਲੈਅਕਾਰੀਆਂ ਜਾਂ ਖਿਆਲ ਅੰਗ ਦੀਆਂ ਬਾਰੀਕੀਆਂ ਅਲਾਪ, ਬੋਲ ਅਲਾਪ, ਤਾਨ, ਬੋਲ ਤਾਨ ਤੇ ਬੋਲ ਬਾਂਟ ਆਦਿ ਦੇ ਪ੍ਰਯੋਗ ਦੇ ਨਾਲ-ਨਾਲ ਅਰਧ-ਸ਼ਾਸਤਰੀ ਤੇ ਸੁਗਮ ਸੰਗੀਤ ਦੀ ਝਲਕ ਵੀ ਆਉਂਦੀ ਹੈ। ਪਰ ਸ਼ਬਦ ਦੀ ਪ੍ਰਧਾਨਤਾ ਕਾਇਮ ਰਹਿੰਦੀ ਹੈ। ਸ੍ਰੋਤਾ ਬਾਣੀ ਨਾਲ ਜੁੜਿਆ ਰਹਿੰਦਾ ਹੈ ਤੇ ਹਰਿ-ਕੀਰਤਨ ਦੇ ਅੰਮ੍ਰਿਤ-ਰਸ ਨੂੰ ਪੀਂਦਾ ਹੈ।
ਜਦੋਂ ਕੋਈ ਵਸਤੂ ਰੂਪ ਵਿਚ ਚੱਲ ਰਹੀ ਹੈ ਤਾਂ ਉਸ ਦੀ ਅਸਲ ਹੋਂਦ ਤੇ ਮਾਨ-ਮਰਯਾਦਾ ਕਾਇਮ ਰਹਿੰਦੀ ਹੈ। ਪਰ ਅਨਿਯਮਿਤ ਰੂਪ ਤੇ ਮਰਯਾਦਾ ਰਹਿਤ ਹੋਣ ਨਾਲ ਉਸ ਦਾ ਵਿਗੜਿਆ ਹੋਇਆ ਰੂਪ ਅਸਲ ਰੂਪ ਨੂੰ ਧੁੰਦਲਾ ਹੀ ਨਹੀਂ ਸਗੋਂ ਅਣਹੋਂਦ ਵਿਚ ਬਦਲ ਦਿੰਦਾ ਹੈ। ਸਮੇਂ ਦੇ ਨਾਲ ਆਏ ਉਸਾਰੂ ਪਰਿਵਰਤਨ ਨੂੰ ਅਪਣਾ ਲੈਣਾ ਅਯੋਗ ਨਹੀਂ ਪਰ ਮੁੱਢਲੇ ਸਿਧਾਂਤ ਤਾਂ ਕਾਇਮ ਰਹਿਣੇ ਚਾਹੀਦੇ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਰਤਨ ਨਾਲ ਸਾਡੀਆਂ ਝੋਲੀਆਂ ਭਰ ਦਿੱਤੀਆਂ ਤੇ ਇਸ ਦਾਤ ਨਾਲ ਸਾਨੂੰ ਮਾਲਾਮਾਲ ਕਰ ਦਿੱਤਾ। ਅਸੀਂ ਆਪਣੇ ਅੰਦਰ ਝਾਤ ਮਾਰੀਏ ਕਿ ਕਿਤੇ ਅਸੀਂ ਕੰਗਾਲ ਤੇ ਸੱਖਣੇ ਹੀ ਨਾ ਰਹਿ ਜਾਈਏ। ਗੁਰੂ ਦੀ ਬਖ਼ਸ਼ਿਸ਼ ਦੁਆਰਾ ਪਰੰਪਰਾਗਤ ਕਲਾਤਮਿਕ ਢੰਗ ਨਾਲ ਕੀਰਤਨ ਜੋ ਸ਼ਾਂਤ ਤੇ ਭਗਤੀ ਰਸ ਦਾ ਸੋਮਾ ਹੈ, ਉਸ ਨੂੰ ਪੋਪ ਤੇ ਡਿਸਕੋ ਸੰਗੀਤ ਦੀ ਭੜਕੀਲੀ ਰੰਗਤ ਦੇ ਕੇ, ਫ਼ਿਲਮੀ ਤੇ ਲੋਕ ਗੀਤਾਂ ਦੀਆਂ ਧੁਨਾਂ ’ਤੇ ਸ਼ਬਦ ਗਾਇਨ ਕਰ ਕੇ, ਕੌਡਜ਼ ਦੇ ਪ੍ਰਯੋਗ ਤੇ ਦੋਗਾਨਾ ਸਟਾਈਲ ਦਾ ਰੂਪ ਦੇ ਕੇ, ਸਰਗਮਾਂ ਦੀ ਵਰਤੋਂ ਕਰ ਕੇ, ਕੀਰਤਨ ਦੇ ਅਸਲ ਰੂਪ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਗੁਰੂ ਕੋਲੋਂ ਬਖਸ਼ਿਸ਼ ਦੀ ਜਾਚਨਾ ਕਰਦੇ ਰਹੀਏ ਤਾਂ ਜੋ ਬਾਣੀ ਨੂੰ ਰਾਗਾਂ ਵਿਚ ਤੇ ਸਾਜ਼ਾਂ ਨਾਲ ਗਾਇਨ ਕਰਨ ਨਾਲ ਸਾਰੀਆਂ ਤ੍ਰਿਸ਼ਨਾਵਾਂ ਮੁੱਕ ਸਕਣ:
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥ (ਪੰਨਾ 958)
ਆਖਰ ਵਿਚ ਮੈਂ ਸਨਿਮਰ ਬਿਨੈ ਕਰਦਾ ਹਾਂ ਕਿ ਗੁਰੂ-ਘਰ ਦੇ ਜਿਨ੍ਹਾਂ ਕੀਰਤਨੀਆਂ ਨੂੰ ਗੁਰੂ ਨੇ ਅਪਾਰ ਕਿਰਪਾ ਦੁਆਰਾ ਬਹੁਤ ਪ੍ਰਸਿੱਧੀ ਬਖ਼ਸ਼ੀ ਹੈ ਤੇ ਉਹ ਬੇਅੰਤ ਸੰਗਤਾਂ ਨੂੰ ਕੀਰਤਨ ਨਾਲ ਨਿਤ ਜੋੜਦੇ ਹਨ ਉਹ ਆਪਣੀ ਹਰ ਕੀਰਤਨ-ਚੌਂਕੀ ਵਿਚ ਮੰਗਲਾਚਰਨ ਤੋਂ ਬਾਅਦ ਇਕ ਸ਼ਬਦ ਨਿਰਧਾਰਤ ਰਾਗ ਵਿਚ ਜਾਂ ਸਮੇਂ ਦੇ ਰਾਗ ਵਿਚ ਗਾਇਨ ਕਰਨ ਦੀ ਪ੍ਰਥਾ ਸ਼ੁਰੂ ਕਰ ਦੇਣ। ਮੁਖੀ ਜਥਿਆਂ ਦੀ ਪਹਿਲ ਕਰਨ ਨਾਲ ਦੂਜੇ ਜਥੇ ‘ਹਮ ਪੀਛੈ ਲਾਗ ਚਲੀ’ ਦੇ ਅਸੂਲ ਨੂੰ ਅਪਣਾਉਣਗੇ। ਜਿੱਥੇ ਇਹ ਕਦਮ ਗੁਰੂ ਦੀ ਬਖ਼ਸ਼ਿਸ਼ ਦਾ ਸ਼ੁਕਰਾਨਾ ਹੋਵੇਗਾ, ਸੰਗਤਾਂ ਵਿਚ ਵੀ ਕੀਰਤਨ-ਪ੍ਰਚਾਰ ਦੀ ਇਕ ਨਵੀ ਲਹਿਰ ਜਾਗੇਗੀ। ਸੋ ਸਮੂਹ ਕੀਰਤਨ ਪ੍ਰਚਾਰ-ਸੁਸਾਇਟੀਆਂ ਤੇ ਸੰਗਤਾਂ ਦੇ ਇਸ ਲਹਿਰ ਵਿਚ ਆਪਣਾ ਪੂਰਾ ਸਹਿਯੋਗ ਦੇਣ ਲਈ ਤੇ ਰਾਗੀ ਸਿੰਘਾਂ ਨੂੰ ਉਤਸ਼ਾਹਤ ਕਰਨ ਨਾਲ ਕੀਰਤਨ ਦੇ ਵਿਰਸੇ ਦੀ ਸੰਭਾਲ ਹੋ ਸਕੇਗੀ ਤੇ ਕੀਰਤਨ ਦੀ ਮਹਾਨ ਗੌਰਵਸ਼ਾਲੀ ਪਰੰਪਰਾਗਤ ਸ਼ੈਲੀ ਨੂੰ ਫਿਰ ਸੁਰਜੀਤ ਕੀਤਾ ਜਾ ਸਕੇਗਾ।
ਲੇਖਕ ਬਾਰੇ
ਸਿੱਖ ਜਗਤ ਦੇ ਵਿੱਚ ਗੁਰਮਤਿ ਸੰਗੀਤ ਰਾਹੀ ਵੱਡੀ ਪਹਿਚਾਣ ਰੱਖਣ ਵਾਲੇ 93 ਸਾਲਾਂ ਦੇ ਪਦਮ ਸ੍ਰੀ ਪ੍ਰੋ. ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਅਕਾਦਮੀ ਸ੍ਰੀ ਆਨੰਦਪੁਰ ਸਾਹਿਬ ਦੇ ਡਾਇਰੈਕਟਰ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਸੰਗੀਤ ਨਾਟਕ ਅਕਾਦਮੀ ਐਵਾਰਡ’ ਤੇ ਸੰਗੀਤ ਦੇ ‘ਟੈਗੋਰ ਰਤਨ ਐਵਾਰਡ’ ਤੇ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਰਾਗੀ ਐਵਾਰਡ’ ਨਾਲ ਸਨਮਾਨਿਆ ਜਾ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਨੂੰ ‘ਸ਼੍ਰੋਮਣੀ ਰਾਗੀ’ ਐਵਾਰਡ ਨਾਲ ਨਿਵਾਜਿਆ। ਉਨ੍ਹਾਂ ਨੇ ਪੰਜ ਕਿਤਾਬਾਂ ਭਾਰਤੀ ਸੰਗੀਤ ਸਬੰਧੀ ਲਿਖੀਆਂ ਜਿਨ੍ਹਾਂ ਦੀ ਹੁਣ ਤੱਕ 42 ਹਜ਼ਾਰ ਤੋਂ ਵੱਧ ਕਾਪੀਆਂ ਛੱਪ ਚੁੱਕੀਆਂ ਹਨ। ਤੰਤੀ ਸਾਜ਼ਾਂ ਦੇ ਧਨੀ ਪ੍ਰੋ. ਕਰਤਾਰ ਸਿੰਘ ਸੈਂਕੜੇ ਲੋਕਾਂ ਨੂੰ ਸੰਗੀਤ ਦੀ ਸਿਖਲਾਈ ਦੇ ਚੁੱਕੇ ਨੇ ਜੋ ਨਾ ਸਿਰਫ ਸ੍ਰੀ ਹਰਿਮੰਦਰ ਸਾਹਿਬ ਚ ਹਜ਼ੂਰੀ ਰਾਗੀ ਨੇ ਸਗੋਂ ਦੇਸ਼ ਵਿਦੇਸ਼ ਜਾ ਕੇ ਵੀ ਗੁਰਮਤਿ ਗਿਆਨ ਦਾ ਭੰਡਾਰ ਹਾਸਿਲ ਕਰਨ ਤੋਂ ਬਾਅਦ ਅੱਗੇ ਤਕਸੀਮ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਜਿੰਨੇ ਵਿਦਿਆਰਥੀਆਂ ਨੂੰ ਉਹ ਸੰਗੀਤ ਦੀ ਸਿਖਲਾਈ ਦੇ ਚੁੱਕੇ ਨੇ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਪ੍ਰਥਾ ਨੂੰ ਅੱਗੇ ਜਾਰੀ ਰੱਖਣਗੇ।
- ਹੋਰ ਲੇਖ ਉਪਲੱਭਧ ਨਹੀਂ ਹਨ