editor@sikharchives.org
Kirtan

ਕੀਰਤਨ ਤੇ ਇਸ ਦੀ ਸੰਗੀਤਕ ਪਰੰਪਰਾ

ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਜਲ ਥਲ ਰੂਪ ਪ੍ਰਿਥਵੀ ਦੇ ਪਸ਼ੂ-ਪੰਛੀਆਂ ਤੇ ਜਾਨਵਰਾਂ ਨੂੰ ਆਪੋ-ਆਪਣੀ ਬਾਣੀ ਰਾਹੀਂ ਸਰਬ-ਸ਼ਕਤੀਵਾਨ ਵਾਹਿਗੁਰੂ ਦੇ ਨਾਂ ਦਾ ਕੀਰਤਨ ਕਰਦੇ ਮੰਨਿਆ ਤੇ ਇਸ ਤਰ੍ਹਾਂ ਸ਼ਬਦ-ਬ੍ਰਹਮ ਉੱਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਈ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ॥
ਤਿਸੁ ਜਨ ਦੂਖੁ ਨਿਕਟਿ ਨਹੀ ਆਵੈ॥  (ਪੰਨਾ 190)

ਕੀਰਤਨ ਸੰਗੀਤ ਸ਼ਾਸਤਰ ਦੀ ਗਾਇਨ ਕਲਾ ਦਾ ਪ੍ਰਮੁੱਖ ਅੰਗ ਹੈ। ਪੁਰਾਤਨ ਭਾਰਤੀ ਸੰਗੀਤ ਦੀ ਇਤਿਹਾਸਕ ਧਾਰਨਾ ਦੇ ਅਨੁਸਾਰ ਗੀਤ, ਵਾਜਾ ਤੇ ਨ੍ਰਿਤ (ਨਾਚ) ਤਿੰਨਾਂ ਦੇ ਸੁਮੇਲ ਦਾ ਨਾਂ ਸੰਗੀਤ ਹੈ। ‘ਗੀਤੰ ਵਾਦ੍ਯੰ ਤਥਾ ਨ੍ਰਿਤ੍ਯੰ, ਤ੍ਰਯੰ ਸੰਗੀਤੰ ਉਚ੍ਯਤੇ।’ ਹਿੰਦੂ ਧਰਮ-ਗ੍ਰੰਥਾਂ ਵਿਚ ਇਸੇ ਕਾਰਨ ਸੰਗੀਤ ਕਲਾਤਮਕ ਪੱਖ ਤੋਂ ਪੰਜਵਾਂ ਵੇਦ ਮੰਨਿਆ ਹੈ। ਪ੍ਰਾਚੀਨ ਵਿਦਵਾਨਾਂ ਦੇ ਕਥਨ ਅਨੁਸਾਰ ਸੰਗੀਤ ਦਾ ਸਾਹਿਤਕ ਅੰਗ ਰਿਗ ਵੇਦ ਤੋਂ ਗਾਇਨ, ਗੀਤ ਅਥਵਾ ਕੀਰਤਨ, ਸਾਮ ਵੇਦ ਤੋਂ ਨ੍ਰਿਤ੍ਯ ਅਥਵਾ ਨਾਚ, ਯਜੁਰ ਵੇਦ ਤੋਂ ਰਸ ਅਤੇ ਅਥਰਵ ਵੇਦ ਤੋਂ ਰਾਗ ਲਿਆ ਮੰਨਿਆ ਜਾਂਦਾ ਹੈ।

ਸੰਗੀਤ ਦਾ ਉਦੇਸ਼ ਗੀਤ, ਵਾਦ੍ਯ ਤੇ ਨ੍ਰਿਤ੍ਯ ਦੇ ਉਪਕਰਣਾਂ ਰਾਹੀਂ ਆਨੰਦ ਦੀ ਭਾਵਨਾ ਨੂੰ ਹਿਰਦੇ ਵਿਚ ਪੂਰੀ ਤਰ੍ਹਾਂ ਜਾਗ੍ਰਿਤ ਕਰਦਾ ਹੈ, ਜਿਸ ਕਰਕੇ ਦਾਰਸ਼ਨਿਕ ਪੱਖ ਤੋਂ ਸ੍ਰਿਸ਼ਟੀ ਦੇ ਸਿਰਜਨਹਾਰ ਕਰਤਾਰ ਦੇ ਸਹੀ ਵਿਸ਼ੇਸ਼ਣ ਸਚਿਦਾਨੰਦ ਅਥਵਾ ਸਤ ਚਿਤ ਆਨੰਦ ਰੂਪ ਹੈ। ਉਹੋ ਸਤਚਿਤ ਆਨੰਦ ਰੂਪ ਪਰਮੇਸ੍ਵਰ ਸੰਗੀਤਕ ਲਯ-ਤਾਨ ਤੋਂ ਪ੍ਰਸੰਨ ਹੋ ਕੇ ਮਨੁੱਖੀ ਹਿਰਦੇ ਵਿਚ ਆਪਾ ਪ੍ਰਗਟਾਉਂਦਾ ਹੈ। ਇਹ ਅਵਸਥਾ ਤਦ ਹੀ ਸੰਭਵ ਹੈ ਜੇ ਸਤਿਸੰਗ ਦੀ ਪ੍ਰਾਪਤੀ ਕਰ ਕੇ ਨਾਮ-ਬਾਣੀ ਦੇ ਇਕਰਸ ਕੀਰਤਨ ਰਾਹੀਂ ਸਰੋਤਿਆਂ ਦੇ ਦਿਲਾਂ ਵਿਚ ਵਿਸਮਾਦ ਅਵਸਥਾ ਪੈਦਾ ਹੋਵੇ।

ਤਾਰੀਖ਼ੀ ਨੁਕਤਾ ਨਿਗਾਹ ਤੋਂ ਨਾਮ-ਬਾਣੀ ਦਾ ਅਖੰਡ ਕੀਰਤਨ ਸੁਣ ਕੇ ਮਨੁੱਖ-ਮਾਤਰ ਦਾ ਤਾਂ ਕਹਿਣਾ ਹੀ ਕੀ ਹੈ ਦੇਵੀਆਂ-ਦੇਵਤੇ, ਸ਼ਿਵ, ਬ੍ਰਹਮਾ, ਵਿਸ਼ਨੂੰ, ਇੰਦਰ, ਸਰਸਵਤੀ, ਮਹਾਰਿਖੀ, ਨਾਰਦ ਤੇ ਗਣ ਗੰਧਰਵ ਹਾ ਹਾ, ਹੂ ਹੂ, ਤੁੰਬਰੂ ਆਦਿ ਵੀ ਰਾਗ-ਤਾਨ ਨੂੰ ਸੁਣ ਕੇ ਝੂਮਦੇ ਤੇ ਆਤਮਿਕ ਰਸ ਮਾਣਦੇ ਮੰਨੇ ਜਾਂਦੇ ਹਨ। ਸੰਗੀਤ ਸ਼ਾਸਤਰ ਦੇ ਅਨੁਸਾਰ ਸੰਗੀਤਕ ਲਯ-ਤਾਨ ਤੋਂ ਨਾ ਕੇਵਲ ਇਸ ਧਰਤੀ ਦੇ ਵਾਸੀ ਮਨੁੱਖ-ਮਾਤਰ ਹੀ ਸਗੋਂ ਜੜ੍ਹ, ਚੇਤਨ ਜੀਵ, ਪਸ਼ੂ-ਪੰਛੀ ਤੇ ਫਨੀਅਰ ਨਾਗ ਵੀ ਆਪਮੁਹਾਰੇ ਹੋ ਕੇ ਮੌਲਣ ਲੱਗ ਪੈਂਦੇ ਹਨ। ਇਸੇ ਕਾਰਨ ਮ੍ਰਿਗ ਦੇ ਸ਼ਿਕਾਰ ਲਈ ਘੰਡਾ ਹੇੜੇ ਦਾ ਸ਼ਬਦ, ਜਿਸ ਨੂੰ ਸੁਣ ਕੇ ਉਹ ਮਸਤ ਹੁੰਦਾ ਹੈ ਅਤੇ ਅੰਤ ਮਾਰਿਆ ਜਾਂਦਾ ਹੈ, ਖ਼ਾਸ ਤੌਰ ’ਤੇ ਪ੍ਰਸਿੱਧ ਹੈ:

ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ॥ (ਪੰਨਾ 708)

ਇਸੇ ਕਾਰਨ ਗਾਇਨ ਬਾਰੇ ਸੰਗੀਤ ਸ਼ਾਸਤਰ ਦਾ ਕਥਨ ਹੈ:

“ਪਸ਼ੁ ਰਵੇਤਿ ਸ਼ਿਸ਼ੁ ਰਵੇਤਿ ਵੇਤਿ ਗਾਨ ਰਸੰ ਫਣੀ।”

ਅਰਥਾਤ- ਨਾ ਕੇਵਲ ਪਸ਼ੂ ਤੇ ਬੱਚੇ ਹੀ ਸੰਗੀਤ ਸੁਣ ਕੇ ਖੁਸ਼ ਹੁੰਦੇ ਹਨ ਸਗੋਂ ਫਨੀਅਰ ਨਾਗ ਵੀ ਸੰਗੀਤਕ ਸੁਰ-ਤਾਲ ਨੂੰ ਜਾਣਦੇ ਤੇ ਉਸ ਤੋਂ ਮਸਤ ਹੋ ਉੱਠਦੇ ਹਨ। ਪੁਰਾਣਿਕ ਗ੍ਰੰਥਾਂ ਦੇ ਕਥਨ ਮੁਤਾਬਿਕ ਮਹਾਰਿਖੀ ਨਾਰਦ ਤੇ ਬ੍ਰਹਮਾ ਦੀ ਧੀ ਸਰਸ੍ਵਤੀ ਦੇਵੀ ਦੇ ਹੱਥ ਵਿਚ ਵੀਣਾ, ਸ਼ਿਵ ਜੀ ਦੇ ਹੱਥ ਵਿਚ ਡੌਰੂ ਤੇ ਉਸ ਦਾ ਹਾਲ ਮਸਤ ਹੋ ਕੇ ਤਾਂਡਵ ਨਾਚ ਕਰਨਾ ਆਮ ਪ੍ਰਸਿੱਧ ਪੁਰਾਣਿਕ ਕਥਾਵਾਂ ਹਨ।

ਪੁਰਾਣਿਕ ਕਾਲ ਤੋਂ ਇਤਿਹਾਸਕ ਕਾਲ ਤਕ :

ਦੇਵ-ਯੱਗਾਂ ਸਮੇਂ ਵੇਦ-ਮੰਤਰਾਂ ਦਾ ਸੁਰੀਲੀ ਸੁਰ ਨਾਲ ਗਾਇਨ ਕਰਨਾ ਤੇ ਸ਼ਾਮ ਦੇਵ ਦਾ ਸੰਗੀਤ ਸੁਣਨਾ ਆਮ ਪ੍ਰਸਿੱਧ ਗੱਲਾਂ ਹਨ, ਪਰ ਪੁਰਾਣਿਕ ਕਾਲ ਤੋਂ ਲੈ ਕੇ ਇਤਿਹਾਸਕ ਕਾਲ ਤਕ ਸੰਗੀਤ ਸ਼ਾਸਤਰ ਨੇ ਕੀ-ਕੀ ਰੂਪ ਬਦਲੇ ਤੇ ਉਸ ਸਮੇਂ ਕੀਰਤਨ ਦਾ ਪ੍ਰਵਾਹ ਕਿਵੇਂ ਤੇ ਕਿਸ ਰੂਪ ਵਿਚ ਚਲਦਾ ਰਿਹਾ, ਭਾਵੇਂ ਇਸ ਬਾਰੇ ਸਾਨੂੰ ਏਨੇ ਤਾਰੀਖੀ ਉਦਾਹਰਣ ਨਹੀਂ ਮਿਲਦੇ, ਪਰ ਫੇਰ ਵੀ ਭਾਈ ਗੁਰਦਾਸ ਜੀ ਦੀ ਗੁਰ ਭਗਤ ਮਾਲ ਰੂਪ ਦਸਵੀਂ ਵਾਰ ਦੇ ਅਨੁਸਾਰ ਰਾਜਾ ਹਰੀ ਚੰਦ ਦੇ ਸਮੇਂ ਇਹ ਕੀਰਤਨ ਦੀ ਪਰੰਪਰਾ ਅਵੱਸ਼ ਪ੍ਰਚਲਿਤ ਸੀ, ਜਿਵੇਂ ਕਿ ਭਾਈ ਸਾਹਿਬ ਜੀ ਨੇ ਇਕ ਪੁਰਾਣਿਕ ਸਾਖੀ ਦੇ ਹਵਾਲੇ ਨਾਲ ਲਿਖਿਆ ਹੈ:

ਸੁਖੁ ਰਾਜੇ ਹਰੀਚੰਦ ਘਰਿ ਨਾਰਿ ਸੁ ਤਾਰਾ ਲੋਚਨ ਰਾਣੀ।
ਸਾਧਸੰਗਤਿ ਮਿਲਿ ਗਾਵਦੇ ਰਾਤੀ ਜਾਇ ਸੁਣੈ ਗੁਰਬਾਣੀ।
ਪਿਛੈ ਰਾਜਾ ਜਾਗਿਆ ਅਧੀ ਰਾਤਿ ਨਿਖੰਡਿ ਵਿਹਾਣੀ।
ਰਾਣੀ ਦਿਸਿ ਨ ਆਵਈ ਮਨ ਵਿਚਿ ਵਰਤਿ ਗਈ ਹੈਰਾਣੀ।
ਹੋਰਤੁ ਰਾਤੀ ਉਠਿ ਕੈ ਚਲਿਆ ਪਿਛੈ ਤਰਲ ਜੁਆਣੀ।
ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉ ਨੀਸਾਣੀ।
ਸਾਧਸੰਗਤਿ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ।
ਰਾਜੇ ਡਿਠਾ ਚਲਿਤੁ ਇਹੁ ਏਹ ਖੜਾਵ ਹੈ ਚੋਜ ਵਿਡਾਣੀ।
ਸਾਧ ਸੰਗਤਿ ਵਿਟਹੁ ਕੁਰਬਾਣੀ॥6॥ (ਵਾਰ 10:6)

ਇਸ ਤੋਂ ਬਾਅਦ ਆਇਆ ਭਗਤੀ ਲਹਿਰ  ਦਾ ਤਾਰੀਖ਼ੀ ਕਾਲ ਜਦ  ਕਿ ਗੋਰਖ, ਮਛੰਦ੍ਰ ਨਾਥ ਆਦਿ ਚੁਰਾਸੀ ਸਿੱਧ, ਭਗਤ ਜੈ ਦੇਵ ਜੀ, ਭਗਤ ਕਬੀਰ ਜੀ, ਸ਼ੇਖ ਫਰੀਦ ਜੀ, ਭਗਤ ਨਾਮ ਦੇਵ ਜੀ, ਭਗਤ ਰਵਿਦਾਸ ਜੀ, ਭਗਤ ਸੂਰਦਾਸ ਜੀ ਆਦਿ ਜੋ ਸਾਰੇ ਹੀ ਸੰਗੀਤ ਦੇ ਮਾਹਿਰ, ਨਾਮ-ਬਾਣੀ ਦੇ ਪ੍ਰੇਮੀ, ਕੀਰਤਨ ਦੇ ਰਸੀਏ ਤੇ ਰਾਗਾਤਮਕ ਰੂਪ ਵਿਚ ਬਾਣੀ ਦੇ ਲੇਖਕ ਸਨ। ਉਨ੍ਹਾਂ ਦੀ ਰਾਗਾਤਮਕ ਬਾਣੀ ਦਾ ਅਧਿਐਨ ਕਰਨ ’ਤੇ ਪਤਾ ਲੱਗਦਾ ਹੈ ਕਿ ਪਹਿਲੇ ਪਹਿਲ ਭਾਰਤੀ ਸੰਗੀਤ ਜੋ ਨਿਰੋਲ ਸ਼ਾਸਤਰੀ ਸੰਗੀਤ ਸੀ, ਭਗਤੀ ਕਾਲ ਦੇ ਸਮੇਂ ਤਕ ਬਦਲਦਾ-ਬਦਲਦਾ ਨਿਰੋਲ ਲੌਕਿਕ ਸੰਗੀਤ ਦੀ ਸ਼ਕਲ ਧਾਰਨ ਕਰ ਗਿਆ, ਉਸ ਦੇ ਨਾਲ ਹੀ ਪੁਰਾਣੇ ਸੰਗੀਤਕ ਸਾਜ਼ ਵੀਣਾ, ਮ੍ਰਿਦੰਗ ਆਦਿ ਵੀ ਬਦਲ ਗਏ ਤੇ ਉਨ੍ਹਾਂ ਦੀ ਥਾਂ ਸ਼ੇਖ ਫਰੀਦ ਆਦਿ ਮੁਸਲਮਾਨ ਸੂਫੀਆਂ ਦੇ ਸਹਿਯੋਗ ਨਾਲ ਰਬਾਬ, ਸਿਤਾਰ, ਤਾਨਪੂਰਾ ਆਦਿ ਨਵੇਂ ਤੰਤੀ ਸਾਜ਼ਾਂ ਨੇ ਲੈ ਲਈ। ਇਨ੍ਹਾਂ ਦੇ ਨਾਲ ਹੀ ਮ੍ਰਿਦੰਗ ਦੀ ਥਾਵੇਂ ਤਬਲੇ ਦਾ ਰਿਵਾਜ ਕਦੋਂ ਤੇ ਕਿਵੇਂ ਪਿਆ ਇਹ ਪਰਿਵਰਤਨ ਜ਼ਰਾ ਹੋਰ ਵੀ ਵਿਚਾਰਨਯੋਗ ਹੈ।

ਸੰਗੀਤ ਸ਼ਾਸਤਰ ਤੇ ਉਸ ਦੇ ਰਾਗਾਤਮਕ ਭੇਦ :

ਸੰਗੀਤ ਪਹਿਲੇ-ਪਹਿਲ ਇੱਕੋ ਹੀ ਸੀ- ਉਹ ਸੀ ਸ਼ਾਸਤਰੀ ਸੰਗੀਤ। ਪਰ ਪਿੱਛੋਂ ਸਮੇਂ ਦੇ ਕ੍ਰਮ ਅਨੁਸਾਰ ਸ਼ਾਸਤਰੀ ਸੰਗੀਤ ਵਿਚ ਅਦਲਾ-ਬਦਲੀ ਹੋਣ ’ਤੇ ਇਸ ਦਾ ਦੂਜਾ ਰੂਪ ਨਿਕਲ ਆਇਆ ਲੋਕ-ਸੰਗੀਤ। ਸ਼ਾਸਤਰੀ ਸੰਗੀਤ ਦੇ ਮੁੱਢਲੇ ਛੇ ਰਾਗ ਹਨ : (1) ਭੈਰਉ, (2) ਮਾਲਕੌਂਸ, (3) ਹਿੰਡੋਲ, (4) ਦੀਪਕ, (5) ਸ੍ਰੀ ਰਾਗ ਤੇ (6) ਮੇਘ। ਫੇਰ ਕੁਝ ਸਮਾਂ ਬਦਲਣ ’ਤੇ ਹਰੇਕ ਰਾਗ ਦੀਆਂ ਕਈ-ਕਈ ਰਾਗਣੀਆਂ ਤੇ ਉਨ੍ਹਾਂ ਦੇ ਵੱਖੋ-ਵੱਖ ਕਿਤਨੇ ਹੀ ਪੁੱਤਰ ਹੋਂਦ ਵਿਚ ਆ ਗਏ। ਸੰਸਕ੍ਰਿਤ ਤੇ ਹਿੰਦੀ ਰਾਗਮਾਲਾ ਵਿਚ ਅਜਿਹੇ ਸਾਰੇ ਹੀ ਰਾਗ, ਰਾਗਣੀਆਂ ਤੇ ਰਾਗ- ਪੁੱਤਰ ਦੱਸੇ ਗਏ ਹਨ, ਜਿਵੇਂ ਕਿ ਰਾਗਣੀਆਂ ਦੇ ਨਾਂ ਹਨ:

(1) ਭੈਰਵੀ, ਬਿਲਾਵਲੀ, ਪੁਨਿਆਕੀ, ਬੰਗਾਲੀ ਅਤੇ ਅਸ਼ਲੇਖੀ।
(2) ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ ਅਤੇ ਧਨਾਸਰੀ।
(3) ਤੇਲੰਗੀ, ਦੇਵਕਰੀ, ਬਸੰਤੀ, ਸੰਦੂਰਿ ਅਤੇ ਅਹੀਰੀ।
(4) ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ ਅਤੇ ਗੂਜਰੀ।
(5) ਬੈਰਾੜੀ, ਕਰਨਾਟੀ, ਗੌੜੀ, ਆਸਾਵਰੀ ਅਤੇ ਸਿੰਧਵੀ।
(6) ਸੋਰਠਿ, ਗੋਂਡ, ਮਲਾਰੀ, ਆਸਾ, ਕਿੰਕਿਨੀ ਅਤੇ ਸੂਹਵਿ।

ਇਸੇ ਤਰ੍ਹਾਂ ਕ੍ਰਮਵਾਰ ਰਾਗ-ਪੁੱਤਰਾਂ ਦੇ ਨਾਂ ਇਹ ਹਨ :

(1) ਪੰਚਮ ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਿਤ ਤੇ ਵਿਲਾਵਲ।
(2) ਮਾਰੂ, ਮਿਸ਼ਟਾਂਗ, ਮੇਵਾਰ, ਪ੍ਰਬਲ, ਚੰਡ ਕੌਸ਼ਕ, ਖਉਖਟ ਤੇ ਭੌਰਾਨੰਦ।
(3) ਸੁਮਰਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲ, ਸਰਸਬਾਨ, ਬਿਨੋਦ, ਬਸੰਤ ਅਤੇ ਕਮੋਦ।
(4) ਕਾਲਿੰਗ, ਕੁੰਤਲ, ਰਾਮ, ਕਮਲ, ਕੁਸਮ, ਚੰਪਕ, ਗੌਰਾ, ਕਾਨੜਾ ਤੇ ਕਲਿਆਨ।
(5) ਮਾਲਵ, ਸਾਰੰਗ, ਸਾਗਰ, ਗੋਂਡ, ਗੰਭੀਰ, ਗੁੰਡ, ਕੁੰਭ ਤੇ ਹਮੀਰ।

ਰਾਗਾਂ ਦਾ ਨਿਸ਼ਚਿਤ ਰੂਪ ਤੇ ਨਵੀਂ ਕ੍ਰਾਂਤੀ :

ਭਾਰਤ ਵਿਚ ਸੂਫ਼ੀ-ਕਾਲ ਤੇ ਭਗਤੀ-ਲਹਿਰ ਦੇ ਕਾਲ ਨੂੰ ਮੁੱਖ ਰੱਖ ਕੇ ਜੇ ਉਸ ਸਮੇਂ ਦੀ ਰਾਗਾਤਮਕ ਰੂਪ-ਰੇਖਾ ਜਾਂ ਸੰਗੀਤਕ ਤਰਜ਼ ਨੂੰ ਵਿਚਾਰ ਪੂਰਵਕ ਦੇਖਿਆ ਜਾਵੇ ਕਿ ਇਨ੍ਹਾਂ ਰਾਗ-ਰਾਗਣੀਆਂ ਨੂੰ ਪੁਰਾਣੇ ਸੰਗੀਤਕਾਰਾਂ ਨੇ ਕਲਪਨਾ ਦੇ ਸੰਚੇ ਵਿਚ ਢਾਲ ਕੇ ਕੁਝ ਹੋਰ ਦਾ ਹੋਰ ਰੂਪ ਦੇ ਦਿੱਤਾ ਹੈ। ਸੂਫੀਕਾਲ ਤੇ ਭਗਤੀ ਕਾਲ ਵਿਚ ਸੰਤ ਕਵੀ, ਸੂਫੀ ਫਕੀਰਾਂ ਤੇ ਸਿੱਧਾਂ, ਨਾਥਾਂ ਜਾਂ ਸੰਤਾਂ ਭਗਤਾਂ ਦੇ ਹੱਥ ਲੱਗਦਿਆਂ ਹੀ ਉਹ ਰਾਗ ਤੇ ਰਾਗਣੀਆਂ ਜਾਂ ਰਾਗ ਪੁੱਤਰ ਆਪਣੀ ਵੱਖਰੀ ਹੋਂਦ ਖ਼ਤਮ ਹੋਣ ਕਰਕੇ ਕੇਵਲ ਰਾਗ ਹੀ ਬਣ ਗਏ ਹਨ ਜਿਸ ਕਰਕੇ ਨੌਂ ਨਾਥਾਂ, ਚੁਰਾਸੀ ਸਿੱਧਾਂ, ਸ਼ੇਖ ਫਰੀਦ ਜੀ ਆਦਿ ਸੂਫੀ ਫਕੀਰਾਂ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਜੈ ਦੇਵ ਜੀ ਆਦਿ ਭਗਤਾਂ ਨੇ ਆਪਣੀ ਬਾਣੀ ਵਿਚ ਉਨ੍ਹਾਂ ਦਾ ਸਿਰਲੇਖ ਰਾਗ ਹੀ ਦਿੱਤਾ ਹੈ। ਕਿਤੇ ਵੀ ਉਨ੍ਹਾਂ ਨੂੰ ਰਾਗਣੀਆਂ ਜਾਂ ਰਾਗ ਪੁੱਤਰ ਨਹੀਂ ਆਖਿਆ। ਭਗਤੀ ਕਾਲ ਦੇ ਮਸ਼ਹੂਰ ਮਹਾਂ ਕਵੀ ਸੂਰਦਾਸ ਨੇ ਆਪਣੇ ਮਹਾਨ ਗ੍ਰੰਥ ‘ਸੂਰ ਸਾਗਰ’ ਵਿਚ, ਜਿਵੇਂ ਕਿ ਮੈਂ ਉਸ ਨੂੰ ਆਦਿ ਤੋਂ ਅੰਤ ਤਕ ਵਾਚਿਆ ਤੇ ਪੜਤਾਲਿਆ ਹੈ, ਲੱਗਭਗ 45 ਰਾਗ ਵਰਤੇ ਹਨ ਜਿਨ੍ਹਾਂ ਵਿਚ ਸਾਰੇ ਹੀ ਰਾਗ ਪੁੱਤਰ ਤੇ ਰਾਗਣੀਆਂ ਹਰ ਥਾਵੇਂ ਰਾਗ ਰੂਪ ਵਿਚ ਹੀ ਦ੍ਰਿਸ਼ਟੀਗਤ ਹੁੰਦੇ ਹਨ।

ਇਸਲਾਮਿਕ ਕਾਲ ਤੇ ਮੌਸੀਕੀ :

ਸਿੱਧਾਂ, ਜੋਗੀਆਂ ਤੇ ਸੰਤਾਂ ਭਗਤਾਂ ਦੇ ਨਾਲ ਹੀ ਭਾਰਤ ਵਿਚ ਮੁਸਲਮਾਨਾਂ ਦੀ ਆਮਦ ਦਾ ਪਤਾ ਲੱਗਦਾ ਹੈ। ਸਿੱਧ ਜੋਗੀ ਤੇ ਸੰਤ ਭਗਤ ਜਿਸ ਤਰ੍ਹਾਂ ਸੰਗੀਤ ਦੀ ਕਲਾ ਤੇ ਉਸ ਦੇ ਰਾਹੀਂ ਨਾਮ-ਕੀਰਤਨ ਨੂੰ ਅਪਣਾਉਂਦੇ ਸਨ ਉਸੇ ਤਰ੍ਹਾਂ ਮੁਸਲਮਾਨਾਂ ਵਿਚ ਸ਼ਰ੍ਹਾ-ਸ਼ਰੀਫ਼ ਦੇ ਮੁਤਾਬਿਕ ਮੌਸੀਕੀ ਦੇ ਹੁਨਰ ਦੀ ਮਨਾਹੀ ਹੋਣ ਦੇ ਬਾਵਜੂਦ ਮੁਸਲਿਮ ਸੂਫੀਆਂ ਨੇ, ਜੋ ਵੇਦਾਂਤਿਕ ਨੁਕਤਾ-ਨਿਗਾਹ ਤੋਂ ਵਰਦਾਨੀਅਤ ਦੇ ਪ੍ਰਸਤਾਰ ਸਨ, ਮੌਸੀਕੀ ਅਥਵਾ ਸੰਗੀਤ ਦੇ ਹੁਨਰ ਨੂੰ ਰੱਬੀ-ਮਿਲਾਪ ਦਾ ਇਕ ਜ਼ਰੀਆ ਸਮਝ ਕੇ ਮਨ, ਵਚਨ, ਕਰਮ ਤੋਂ ਅਪਣਾਇਆ ਤੇ ਉਸ ਦਾ ਨਾਂ ਰੱਖਿਆ ਹੈ ਇਸ਼ਕ ਹਕਾਨੀ ਦੀ ਸ਼ਕਲ ਵਿਚ ਸਮਾਅ, ਅਰਥਾਤ-ਰੱਬੀ ਕੀਰਤਨ। ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਕਿਤਾਬ ‘ਤਹਿਕੀਕਾਤਿ ਚਿਸ਼ਤੀ’ ਵਿਚ ਸਫ਼ਾ 414 ਤੋਂ ਲੈ ਕੇ 424 ਤਕ ਲੱਗਭਗ 11 ਸਫ਼ੇ ਸਮਾਇ ਹੱਕਾਨੀ ਅਥਵਾ ਨਾਮ-ਕੀਰਤਨ ਦੀ ਤਾਰੀਫ ਵਿਚ ਬੜੀ ਖੁਲ੍ਹਦਿਲੀ ਨਾਲ ਲਿਖੇ ਹਨ ਤੇ ਇਸ ਹੁਨਰ ਨੂੰ ਰੱਜ-ਰੱਜ ਕੇ ਸਲਾਹਿਆ ਹੈ।

ਸਮਾਇ ਹੱਕਾਨੀ ਅਥਵਾ ਨਾਮ-ਕੀਰਤਨ ਦੀ ਮਹਿਮਾ :

ਮੁਸਲਿਮ ਸੂਫੀ ਚਿਸ਼ਤੀ ਖ਼ਾਨਦਾਨ ਦੇ ਅਕੀਏ ਅਨੁਸਾਰ ਸੰਗੀਤਕ ਕੀਰਤਨ ਹਰ ਪੱਖੋਂ ਜਾਇਜ਼ ਤੇ ਇਸ ਦਾ ਅਦਬ ਤੇ ਰਿਵਾਜ ਕਮਾਲ ਦੇ ਦਰਜੇ ਤਕ ਪੁੱਜਾ ਹੋਇਆ ਮੰਨਿਆ ਗਿਆ ਹੈ। ਸੰਗੀਤ ਇਕ ਅਜਿਹਾ ਫਰਿਸ਼ਤਾ ਹੈ ਜੋ ਇਸ਼ਕ-ਹਕੀਕੀ ਅਥਵਾ ਰੱਬੀ ਭਗਤੀ-ਭਾਵ ਵਿਚ ਰੱਤੇ ਜੀਵ ਨੂੰ ਈਸ਼ਵਰ ਦੇ ਨਾਲ ਇੱਕਮਿੱਕ ਕਰਦਾ ਹੈ। ਸੂਫੀਆਨਾ ਪਰੰਪਰਾ ਆਖਦੀ ਹੈ ਕਿ ਜਿੱਥੇ ਸਮਾਇ ਹੱਕਾਨੀ ਅਰਥਾਤ ਰੱਬੀ ਕੀਰਤਨ ਦੀ ਮਹਿਫਲ ਹੋਵੇ ਉਸ ਥਾਂ ਔਰ ਮਜਲਿਸ ਵਿਚ ਕੋਈ ਵੀ ਵਿਅਕਤੀ ਬਗੈਰ ਪੰਜ ਇਸ਼ਨਾਨਾ ਕੀਤੇ ਨਾ ਜਾਵੇ, ਨਮਾਜ਼-ਬੰਦਗੀ ਤੋਂ ਹੀਣਾ ਨਾਬਾਲਿਗ ਜਾਂ ਹੁੱਕਾਨੋਸ਼ ਵਿਅਕਤੀ ਵੀ ਉਥੇ ਕੋਈ ਨਹੀਂ ਹੋਣਾ ਚਾਹੀਦਾ। ਔਰਤਾਂ ਦੀ ਵੀ ਉਸ ਮਜਲਿਸ ਫ਼ਕੀਰਾਨਾ ਵਿਚ ਸ਼ਾਮਲ ਹੋਣ ਦੀ ਮਨਾਹੀ ਹੈ। ਇਸ ਸਮਾਇ ਹੱਕਾਨੀ ਦੀ ਮਜਲਿਸ ਵਿਚ ਇਧਰ-ਉਧਰ ਤੱਕਣਾ ਜਾਂ ਅਯੋਗ ਇਸ਼ਾਰੇ ਕਰਨਾ ਸੋਲ੍ਹਾਂ ਆਨੇ ਐਬ ਮੰਨਿਆ ਜਾਂਦਾ ਹੈ।

‘ਤਹਿਕੀਕਾਤਿ ਚਿਸ਼ਤੀ’ ਦੇ ਕਥਨ ਅਨੁਸਾਰ ਜਨਾਬ ਅਲਾਹੀ ਦਾ ਇਕ ਸਿੱਰ ਅਥਵਾ ਰਹੱਸ ਦਿਲੇ ਇਨਸਾਨ ਵਿਚ ਇਸ ਤਰ੍ਹਾਂ ਪੋਸ਼ੀਦਾ ਹੈ ਜਿਸ ਤਰ੍ਹਾਂ ਲੋਹੇ ਦੇ ਵਦਾਨ ਪਰ ਜਾਂ ਪੱਥਰ ਉੱਤੇ ਸੱਟ ਮਾਰਨ ’ਤੇ ਅੱਗ ਪੈਦਾ ਹੁੰਦੀ ਹੈ ਉਸੇ ਤਰ੍ਹਾਂ ਉਸ ਆਤਮਿਕ ਰਹੱਸ ਦੀ ਮੱਦਦ ਨਾਲ ਸਮਾਇ ਹੱਕਾਨੀ ਅਥਵਾ ਰੱਬੀ-ਨਾਮ ਦਾ ਕੀਰਤਨ ਇਨਸਾਨੀ ਦਿਲ ਨੂੰ ਝੂਣਦਾ ਤੇ ਉਸ ਵਿਚ ਬੇ-ਅਖਤਿਆਰ ਇਕ ਚੁੰਬਕੀ ਸ਼ਕਤੀ ਪੈਦਾ ਕਰਦਾ ਹੈ। ਜੋ ਬੇਸ਼ਕੀਮਤੀ ਮੋਤੀ ਇਨਸਾਨ ਨੂੰ ਇਸ ਆਲਮਿ ਉਲਵੀ ਜਾਂ ਦੈਵੀ ਅਵਸਥਾ ਵਿਚ ਪ੍ਰਾਪਤ ਹੁੰਦਾ ਹੈ ਉਸ ਨੂੰ ਸੂਫੀ ਲੋਕ ਆਲਮਿ ਹੁਸਨੋ ਜਮਾਲ ਕਹਿੰਦੇ ਹਨ। ਇਸ ਲਈ ਦੈਵੀ ਅਵਸਥਾ ਨੂੰ, ਜੋ ਇਨਸਾਨ ਦੇ ਦਿਲ ਵਿਚ ਨਾਮ- ਕੀਰਤਨ ਦੇ ਸੁਣਨ ਤੋਂ ਸਬਰ ਦੀ ਭਾਵਨਾ ਤੇ ਰੂਹਾਨੀ ਸ਼ਕਤੀ ਪੈਦਾ ਹੁੰਦੀ ਹੈ, ਉਹ ਖੁਦ ਸ਼ਨਾਖਤ ਨਹੀਂ ਕਰ ਸਕਦਾ ਤੇ ਇਹ ਹਾਲਤ ਹਰੇਕ ਵਿਅਕਤੀ ਦੇ ਦਿਲ ਵਿਚ ਪੈਦਾ ਨਹੀਂ ਹੁੰਦੀ। ਇਸੇ ਕਾਰਨ ਸ਼ੇਖ ਫ਼ਰੀਦ ਜੀ ਦਾ ਕਥਨ ਹੈ:

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ੍॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥116॥
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥117॥ (ਪੰਨਾ 1384)

ਤੇ ਇਸੇ ਕਠਿਨ ਸਾਧਨ ਕਰਕੇ ਫ਼ਕੀਰੀ ਦਾ ਪੈਂਡਾ ਸੰਗੀਤਕ ਲੈਅ-ਤਾਨ ਵਿਚ ਇਕ ਚਿਕਨੀ ਚੁਪੜੀ ਪ੍ਰੀਤਿ ਦੇ ਬਾਵਜੂਦ ਬੜਾ ਬਿਖੜਾ ਹੈ, ਜਿਵੇਂ ਕਿ ਸ਼ੇਖ ਫ਼ਰੀਦ ਜੀ ਫ਼ਰਮਾਉਂਦੇ ਹਨ:

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ॥
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ॥118॥ (ਪੰਨਾ 1384)

ਸੂਫੀ ਸਮਾਇ ਹੱਕਾਨੀ ਦੇ ਤਿੰਨ ਮੁਕਾਮ :

ਇਲਮਿ ਰੂਹਾਨੀਅਤ ਦੇ ਪੱਖੋਂ ਸੂਫ਼ੀਆਨਾ ਸਮਾਇ ਹੱਕਾਨੀ ਅਥਵਾ ਨਾਮ-ਕੀਰਤਨ ਦੇ ਤਿੰਨ ਮੁਕਾਮ ਇਹ ਹਨ- (1) ਮੁਕਾਮਿ ਫ਼ਹਿਮ, (2) ਮੁਕਾਮਿ ਵਜਦ ਤੇ (3) ਹਰਕਤਿ ਰਕਸ ਅਥਵਾ ਨ੍ਰਿਤ। ਮਤਲਬ ਇਨ੍ਹਾਂ ਮੁਕਾਮਾਂ ਦਾ ਕ੍ਰਮਵਾਰ ਇਹ ਹੈ ਕਿ ਨਾਮ-ਕੀਰਤਨ ਸੁਣ ਕੇ ਉਸ ਦੀ ਲੈਅ, ਤਾਨ ਦੇ ਮੁਤਾਬਿਕ ਵਿਸਮਾਦ ਅਵਸਥਾ ਪੈਦਾ ਹੋਣੀ, ਫੇਰ ਉਸ ਤੋਂ ਸੁੰਨ-ਸਮਾਧ ਲੱਗਣੀ ਤੇ ਅੰਤ ਉਸ ਵਿਸਮਾਦੀ ਅਵਸਥਾ ਵਿਚ ਬੇਵੱਸ ਹੋ ਕੇ ਆਪ-ਮੁਹਾਰੇ ਅਲਾਹੀ ਰੰਗ ਵਿਚ ਰਕਸ ਕਰਨਾ ਜਾਂ ਨੱਚਣ ਲੱਗ ਪੈਣਾ। ਸੂਫ਼ੀ ਫ਼ਕੀਰਾਂ ਦੀ ਇਸ ਮਜਲਿਸਿ ਸਮਾਇ ਹੱਕਾਨੀ ਅਥਵਾ ਰੱਬੀ-ਨਾਮ-ਕੀਰਤਨ ਸਮੇਂ ਜਿਉਂ-ਜਿਉਂ ਉਨ੍ਹਾਂ ਦੇ ਕੱਵਾਲ ਸੰਗੀਤਕ ਸਾਜ਼ ਵਜਾਉਂਦੇ ਹੋਏ ਇਸ਼ਕੀਆ ਸ਼ਿਅਰ ਬੜੀ ਮਿੱਠੀ ਸੁਰ ਨਾਲ ਗਾਉਂਦੇ ਹਨ ਤਿਉਂ-ਤਿਉਂ ਸੂਫ਼ੀ ਫ਼ਕੀਰ ਮਹਿਫ਼ਲ ਵਿਚ ਆਪ-ਮੁਹਾਰੇ ਤੇ ਹਾਲ-ਮਸਤ ਹੋ ਕੇ ਨੱਚਣ ਲੱਗ ਪੈਂਦੇ ਹਨ। ਪੰਜਾਬੀ ਦੇ ਸੂਫ਼ੀ-ਸਾਹਿੱਤ ਵਿੱਚੋਂ ਇਸੇ ਮੁਹੱਬਤ ਆਮੇਜ਼ ਨ੍ਰਿਤਕਾਰੀ ਦੀ ਪੁਸ਼ਟੀ ਵਜੋਂ ਬਹੁਤ ਸਾਰੇ ਕਾਵਿ-ਟੋਟੇ ਮਿਲਦੇ ਹਨ, ਜਿਵੇਂ:

(1) ਨੀ ਸਹੀਓ ਮੈਂ ਗਈ ਗਵਾਤੀ।
     ਖੋਲ੍ਹਿ ਘੁੰਘਟ ਮੁਖ ਨਾਚੀ।

(2) ਜੇ ਤੂੰ ਬਹਿ ਵੰਜੇਂ ਮੇਰੇ ਕੋਲ।
     ਨੱਚ ਪਵਾਂ ਮੈਂ ਘੁੰਘਟ ਖੋਲ੍ਹ।

ਮਸ਼ਹੂਰ ਉਰਦੂ ਲੇਖਕ ਖੁਆਜਾ ਹਸਨ ਨਜ਼ਾਮੀ (ਮਰਹੂਮ) ਦੇ ਕਥਨ ਅਨੁਸਾਰ ਸੂਫ਼ੀ ਪੀਰ ਹਜ਼ਰਤ ਖੁਆਜ਼ਾ ਨਜ਼ਾਮੁੱਦੀਨ ਔਲੀਆ (ਦਿਹਲਵੀ) ਤੇ ਉਨ੍ਹਾਂ ਦੇ ਸ਼ਾਗਿਰਦ ਮਹਾਂਕਵੀ ਅਮੀਰ ਖੁਸਰੋ ਕਈ ਵਾਰੀ ਆਪਸ ਵਿਚ ਮਿਲ ਕੇ ਮਹਿਫ਼ਲ ਲਗਾਉਂਦੇ ਤੇ ਸਮਾਇ ਹੱਕਾਨੀ (ਰੱਬੀ ਕੀਰਤਨ) ਦੇ ਰੰਗ ਵਿਚ ਹਾਲ-ਮਸਤ ਹੋ ਕੇ ਰਕਸ ਅਥਵਾ ਨ੍ਰਿਤ੍ਯ ਕਰਿਆ ਕਰਦੇ ਸਨ। ਫੇਰ ਕੁਝ ਸਮੇਂ ਪਿੱਛੋਂ ਜਦ ਖ਼ੁਆਜਾ ਨਜ਼ਾਮੁੱਦੀਨ ਔਲੀਆ ਦਾ ਦਿਹਾਂਤ ਹੋ ਗਿਆ ਤਾਂ ਪਤਾ ਲੱਗਣ ’ਤੇ ਅਮੀਰ ਖੁਸਰੋ ਆਪਣੇ ਪੀਰ ਮੁਰਸ਼ਦ ਦੇ ਮਜ਼ਾਰ ਪਰ ਜਾ ਕੇ ਦਿਲ ਅਫਸੋਸ ਤੇ ਸੰਗੀਤਕ ਅੰਦਾਜ਼ ਵਿਚ ਇਹ ਦੋਹਰਾ ਗਾ ਕੇ ਵਾਪਸ ਪਰਤ ਗਿਆ:

ਗੋਰੀ ਸੋਵੈ ਸੇਜ ਪਰ ਮੁਖ ਪਰ ਡਾਰੇ ਕੇਸ।
ਚੱਲ ਖੁਸਰੋ ਘਰ ਅਪਣੇ ਰੈਣ ਭਈ ਸਭ ਦੇਸ।

ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀ ਪਵਿੱਤਰ ਬਾਣੀ ਵਿਚ ਕਈ ਥਾਵੇਂ ਸੂਫ਼ੀ ਫਕੀਰਾਂ ਦੀ ਇਸ ਸਮਾਇ ਹੱਕਾਨੀ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਇਕ ਪ੍ਰਕਾਰ ਦਾ ਰੱਬੀ-ਕੀਰਤਨ ਆਖ ਕੇ ਇਸ ਪਰ ਆਪਣੀ ਪ੍ਰਵਾਨਗੀ ਦੀ ਮੋਹਰ ਇਨ੍ਹਾਂ ਸ਼ਬਦਾਂ ਵਿਚ ਲਗਾਉਂਦੇ ਹਨ:

– …ਕੰਨੀ ਸੁਰਤਿ ਸਮਾਇ॥ (ਪੰਨਾ 1091)

– ਤਉ ਦਰਸਨ ਕੀ ਕਰਉ ਸਮਾਇ॥
ਮੈ ਦਰਿ ਮਾਗਤੁ ਭੀਖਿਆ ਪਾਇ॥ (ਪੰਨਾ 721)

-ਨਾਉ ਲੈਨਿ ਅਰੁ ਕਰਨਿ ਸਮਾਇ॥
ਨਾਨਕ ਤਿਨ ਬਲਿਹਾਰੈ ਜਾਇ॥ (ਪੰਨਾ 1410)

ਮੌਸੀਕੀ ਦਾ ਸਫ਼ਰ-ਫ਼ਾਰਸ ਤੋਂ ਹਿੰਦੁਸਤਾਨ ਤਕ :

ਮਸ਼ਹੂਰ ਉਰਦੂ ਪੜਚੋਲੀਏ ਸ੍ਰੀ ਮਹਮੂਦ ਨਿਆਜ਼ੀ ਦੇ ਕਥਨ ਅਨੁਸਾਰ, ਜਿਵੇਂ ਕਿ ਉਸ ਨੇ ਕਿਤਾਬ ‘ਤਲਮੀਹਾਤ’ (1973) ਦੇ ਸਫ਼ਾ 173 ਪਰ ਲਿਖਿਆ ਹੈ: “ਪਹਿਲੇ ਪਹਿਲ ਈਰਾਨ ਦੇ ਮਸ਼ਹੂਰ ਬਾਦਸ਼ਾਹ ਖ਼ੁਸਰੋ ਪਰਵੇਜ਼ (ਸੰਨ 590-628 ਈ.) ਦੇ ਦਰਬਾਰੀ ਸੰਗੀਤਕਾਰ ਬਰਬਦ ਨੇ ਗਾਉਣ ਦੀਆਂ ਸੱਤ ਤਰਜ਼ਾਂ 30 ਰਾਗਾਂ ਦੇ ਅਲਾਪ ਤੇ 360 ਰਾਗਣੀਆਂ ਈਜ਼ਾਦ ਕੀਤੀਆਂ। ਹਿੰਦੁਸਤਾਨ ਵਿਚ ਉਸ ਸਮੇਂ ਕੇਵਲ 6 ਰਾਗ ਹੀ ਵੱਖ-ਵੱਖ ਰਾਗਣੀਆਂ ਤੇ ਰਾਗ ਪੁੱਤਰਾਂ ਸਮੇਤ ਪ੍ਰਚਲਿਤ ਸਨ, ਪਰ ਪਿੱਛੋਂ ਇਥੇ ਮੁਸਲਮਾਨਾਂ ਦੇ ਆਉਣ ’ਤੇ ਮੁਸਲਿਮ ਸੂਫ਼ੀ ਫ਼ਕੀਰਾਂ ਰਾਹੀਂ ਦਿੱਲੀ ਦੇ ਸੁਲਤਾਨਾਂ ਦੀ ਸਲਤਨਤ ਸਮੇਂ ਸੂਫ਼ੀ ਫ਼ਕੀਰ ਸ਼ੇਖ ਫ਼ਰੀਦ ਜੀ ਸ਼ਕਰਗੰਜ ਤੇ ਗੋਰਖ ਨਾਥ ਆਦਿ ਕੰਨ-ਪਾਟੇ ਜੋਗੀਆਂ (ਨਾਥਾਂ), ਵੈਸ਼ਨਵ ਭਗਤਾਂ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਰਾਮਾਨੰਦ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸੂਰਦਾਸ ਜੀ ਆਦਿ ਨੇ ਨਾ ਕੇਵਲ ਉਹ 30 ਰਾਗ ਹੀ ਅਪਣਾਏ, ਸਗੋਂ ਉਨ੍ਹਾਂ ਦੇ ਨਾਲ ਹੋਰ ਅਨੇਕਾਂ ਪ੍ਰਤੀ-ਰੂਪ ਵੀ ਰਲਾ ਲਏ, ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਰਾਗ, ਸੂਰ ਸਾਗਰ (ਮਹਾਂਕਾਵ੍ਯ) ਵਿਚ 45 ਤਕ ਰਾਗ ਰੂਪ ਬਾਣੀ ਮਿਲੀ ਹੈ। ਸੂਫ਼ੀਆਂ ਵਿੱਚੋਂ ਸ਼ੇਖ ਫਰੀਦ ਜੀ ਦੀ ਰਚਨਾ ਦੇ ਰਾਗ ਆਸਾ ਤੇ ਸੂਹੀ ਦੇ ਸ਼ਬਦ ਇਸ ਸਬੰਧ ਵਿਚ ਸਭ ਤੋਂ ਪਹਿਲੇ ਤੇ ਮੁੱਢਲੇ ਪ੍ਰਮਾਣ ਹਨ। ਇਹ ਹੈ ਸੂਫੀ ਮੌਸੀਕੀ ਦੀ ਫ਼ਾਰਸ ਤੋਂ ਹਿੰਦੁਸਤਾਨ ਤਕ ਦੇ ਸਫ਼ਰ ਦੀ ਪਹਿਲੀ ਮੰਜ਼ਲ।

ਭਗਤੀ ਲਹਿਰ ਤੇ ਨਾਮ-ਕੀਰਤਨ :

ਮੁਸਲਮਾਨ ਸੂਫ਼ੀਆਂ ਦੀ ਇਸ ਸਮਾਇ ਹੱਕਾਨੀ ਅਥਵਾ ਰੱਬੀ-ਨਾਮ-ਕੀਰਤਨ ਦੀ ਵਿਸਮਾਦੀ ਦਸ਼ਾ ਤੋਂ ਹੀ ਪ੍ਰਭਾਵਿਤ ਹੋ ਕੇ ਭਗਤੀ ਲਹਿਰ ਦੇ ਸੰਤਾਂ, ਭਗਤਾਂ ਨੇ ਨਾਮ-ਕੀਰਤਨ ਦੀ ਇਸ ਲਹਿਰ ਨੂੰ ਆਪਣੇ ਸਾਹਿਤ ਰਾਹੀਂ ਅਪਣਾਇਆ ਜਾਂ ਇਸ ਤਹਿਰੀਕ ਦਾ ਕੋਈ ਹੋਰ ਕਾਰਨ ਹੈ, ਇਸ ਬਾਰੇ ਨਿਸ਼ਚਿਤ ਤੌਰ ’ਤੇ ਫੈਸਲਾ ਕਰਨਾ ਔਖੀ ਜਿਹੀ ਗੱਲ ਹੈ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਦੇਵ-ਮੰਦਰਾਂ ਵਿਚ ਸ਼ਰਧਾਲੂ ਲੋਕ ਦੇਵੀ-ਦੇਵਤਿਆਂ ਦੀ ਮਹਿਮਾ ਵਿਚ ਟੱਲ ਵਜਾ ਕੇ ਬੜੀ ਸੰਗੀਤਕ ਧੁਨਿ ਨਾਲ ਉਨ੍ਹਾਂ ਦੇ ਸਤੋਤ੍ਰ ਪੜ੍ਹਦੇ ਤੇ ਉਨ੍ਹਾਂ ਦੀ ਆਰਤੀ ਉਤਾਰਦੇ ਸਨ। ਹਿੰਦੂ ਭਗਤਾਂ ਦਾ ਇਹ ਪੁਰਾਣਾ ਰਿਵਾਜ ਸੀ, ਜਿਵੇਂ ਕਿ ਭਗਤ ਨਾਮਦੇਵ ਜੀ ਦਾ ਕਥਨ ਹੈ:

ਪਾਵਹੁ ਬੇੜੀ ਹਾਥਹੁ ਤਾਲ॥
ਨਾਮਾ ਗਾਵੈ ਗੁਨ ਗੋਪਾਲ॥ (ਪੰਨਾ 1166)

ਇਸੇ ਤਰ੍ਹਾਂ ਗਿਰਿਧਰ ਗੋਪਾਲ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੱਤੀ ਹੋਈ ਭਗਤ-ਕਵਿਤਰੀ ਮੀਰਾਂ ਬਾਈ ਤੇ ਭਗਤੀ ਲਹਿਰ ਦੇ ਮਹਾਂ ਕਵੀ ਭਗਤ ਸੂਰਦਾਸ ਜੀ ਦੇ ਬਿਸ਼ਨ ਪਦੇ ਵੀ ਇਸੇ ਸੰਗੀਤਕ ਰੰਗਣ ਵਿਚ ਬੜਾ ਗੂੜ੍ਹਾ ਪਾਹ ਚਾੜ੍ਹ ਕੇ ਰੰਗੇ ਹੋਏ ਮਿਲਦੇ ਹਨ- ਜਿਵੇਂ ਕਿ ਭਗਤਣੀ ਮੀਰਾਂ ਬਾਈ ਦਾ ਕਥਨ ਹੈ:

ਮੈਂ ਤੋ ਗਿਰਿਧਰ ਕੇ ਰੰਗ ਰਾਚੀ।
ਖੋਲਿ ਘੁੰਘਟ ਮੁਖ ਨਾਚੀ।…

ਇਸੇ ਤਰ੍ਹਾਂ ਹੀ ਹੋਰੀ ਦੇ ਬਹਾਨੇ ਭਗਤ ਕਵੀ ਸੂਰਦਾਸ ਜੀ ਵੀ ਇਸੇ ਨ੍ਰਿਤ-ਭਾਵਨਾ ਦੀ ਜ਼ੋਰਦਾਰ ਪੁਸ਼ਟੀ ਕਰਦੇ ਹਨ:

ਆਜੁ ਮਾਈ ਨੀਕੋ ਬਨਿਓ ਮੋਹਨ ਖੇਲੈ ਫਾਗਿ।
ਸਿਆਮ ਸੁੰਦਰ ਕੋ ਨਿਰਖਿ ਕਮਲ ਮੁਖ ਬਿਰਹਿ ਜਾਤ ਹੈ ਭਾਗਿ॥1॥
ਰਾਧਾ ਸਹਿਤ ਸਕਲ ਬ੍ਰਿਜ ਭਾਮਨਿ ਨਉ ਸਤ ਸਾਜਿ ਕੈ ਆਈ।
ਕੇਸਰੁ ਅਬੀਰੁ ਗੁਲਾਲ ਕੁਮ ਕੁਮਾ ਛਿਰਕਤਿ ਅੰਗਿ ਕਨ੍ਹਾਈ॥2॥
ਬਾਜਤਿ ਤਾਲ ਮ੍ਰਿਦੰਗ ਸਪਤ ਸੁਰ ਗਾਵਹਿ ਰਾਗ ਬਸੰਤ।
ਸ਼ਿਵ ਬਿਰੰਚਿ ਸੁਰਪਤਿ ਸੁਖ ਨਿਤ ਪ੍ਰਤਿ ਦੇਖਹਿ ਚਰਿਤ ਅਨੰਤ॥3॥ (ਸੂਰ ਸਾਗਰ)

ਰਾਜ ਦਰਬਾਰਾਂ ਦੇ ਚਾਰਣ, ਭੱਟ ਤੇ ਢਾਡੀ :

ਭਗਤੀ ਲਹਿਰ ਦੇ ਸਮੇਂ ਵਿਚ ਹੀ ਰਾਜਸਥਾਨ ਤੇ ਹੋਰ ਭਾਰਤੀ ਰਾਜ-ਦਰਬਾਰਾਂ ਵਿਚ ਉਨ੍ਹਾਂ ਦੇ ਦਰਬਾਰੀ ਚਾਰਣਾਂ, ਭੱਟਾਂ ਤੇ ਢਾਡੀਆਂ ਰਾਹੀਂ ਸੰਗੀਤਕ ਗੀਤ ਗਾਉਣ ਦੀ ਇਹ ਪਰੰਪਰਾ ਕਿਵੇਂ ਚਲਦੀ ਰਹੀ, ਇਸ ਦੇ ਪ੍ਰਮਾਣ ਸਾਨੂੰ ਰਾਜਸਥਾਨ ਦੇ ਚਾਰਣ-ਸਾਹਿੱਤ: ਡਿੰਗਲ ਤੇ ਪਿੰਗਲ ਦੇ ਨਾਲ ਹੀ ਭੱਟਾਂ ਦੀ ਬਾਣੀ ਤੇ ਢਾਡੀਆਂ ਜਾਂ ਰਬਾਬੀਆਂ ਦੀਆਂ ਵਾਰਾਂ ਵਿੱਚੋਂ ਭਰਪੂਰ ਮਾਤਰਾ ਵਿਚ ਮਿਲਦੇ ਹਨ। ਪ੍ਰਮਾਣ ਵਜੋਂ ਮਹਾਂ ਕਵੀ ਚੰਦ ਵਰਦਾਈ ਦੇ ਪ੍ਰਿਥਵੀ ਰਾਜ ਰਾਸੋ, ਪ੍ਰਮਾਲ ਰਾਸੋ, ਹਮੀਰ ਰਾਸੋ ਆਦਿ ਗ੍ਰੰਥ ਪੇਸ਼ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੱਟਾਂ ਦੀ ਬਾਣੀ, ਢਾਡੀਆਂ ਦੀਆਂ ਵੀਰ ਰਸੀ ਵਾਰਾਂ ਦੇ ਹਵਾਲੇ ਨਾਲ ਲਿਖੀਆਂ ਅਧਿਆਤਮਿਕ ਭਾਵ ਦੀਆਂ ਗੁਰੂ ਸਾਹਿਬਾਨ ਦੀਆਂ ਵਾਰਾਂ- ਸ੍ਰੀ ਰਾਗ ਕੀ ਵਾਰ ਮਹਲਾ 4, ਵਾਰ ਮਾਝ ਮਹਲਾ 1, ਗਉੜੀ ਕੀ ਵਾਰ ਮਹਲਾ 4, ਗਉੜੀ ਕੀ ਵਾਰ ਮਹਲਾ 5, ਆਸਾ ਕੀ ਵਾਰ ਮਹਲਾ 1 ਆਦਿ ਮਸ਼ਹੂਰ ਹਨ ਤੇ ਸੰਗੀਤਕ ਪੱਖ ਤੋਂ ਢਾਡੀਆਂ ਦੀਆਂ ਵਾਰਾਂ ਦੇ ਮੁਕਾਬਲੇ ’ਤੇ ਇਨ੍ਹਾਂ ਅਧਿਆਤਮਕ ਵਾਰਾਂ ਦੀਆਂ ਸਾਰੀਆਂ ਹੀ ਪਉੜੀਆਂ, ਜੋ ਪੰਜਾਬੀ ਬੋਲੀ ਦੀ ਠੇਠ ਰੰਗਣ ਵਿਚ ਰੰਗੀਆਂ ਹੋਈਆਂ, ਮਰਾਠੀ, ਗੁਜਰਾਤੀ ਤੇ ਰਾਜਸਥਾਨੀ ਸੰਗੀਤਕ ਛੰਦ-ਵਜ਼ਨਾਂ ਦਾ ਹੀ ਦੂਜਾ ਰੂਪ ਹਨ, ਖ਼ਾਸ ਤੌਰ ’ਤੇ ਇਸ ਸਬੰਧ ਵਿਚ ਵੇਖਣ ਤੇ ਵਿਚਾਰਨ ਯੋਗ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਨੌਂ ਧੁਨਾਂ-ਵਾਰ ਮਾਝ ਮਹਲਾ 1 ਵਿਚ ਮਲਿਕ ਮੁਰੀਦ ਤਥਾ ਚੰਦ੍ਰਹੜਾ ਸੋਹੀਆਂ ਦੀ ਧੁਨੀ, ਗਉੜੀ ਕੀ ਵਾਰ ਮਹਲਾ 5 ਵਿਚ ਰਾਇ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨਿ, ਵਾਰ ਆਸਾ ਮਹਲਾ 1 ਦੇ ਮੁੱਢ ਵਿਚ ਟੁੰਡੇ ਅਸਰਾਜੇ ਦੀ ਧੁਨੀ ਆਦਿ ਦੇ ਸਿਰਲੇਖ ਮੇਰੇ ਇਸੇ ਕਥਨ ਦੀ ਪੁਸ਼ਟੀ ਕਰਦੇ ਹਨ।
 

ਮੁਗ਼ਲ ਦਰਬਾਰ ਤੇ ਸੰਗੀਤ :

ਅੱਲਾਮਾ ਅਬੂਲ ਫ਼ਜ਼ਲ ਦੇ ਕਥਨ ਅਨੁਸਾਰ, ਜਿਵੇਂ ਕਿ ਉਸ ਨੇ ‘ਅਕਬਰਨਾਮਾ’ ਤੇ ‘ਆਇਨਿ ਅਕਬਰੀ’ ਵਿਚ ਲਿਖਿਆ ਹੈ, ਮੁਗ਼ਲ ਬਾਦਸ਼ਾਹ ਅਕਬਰ ਸੰਗੀਤਕ ਕਲਾ ਤੇ ਨਾਮ-ਕੀਰਤਨ ਵਿਚ ਖਾਸ ਤੌਰ ’ਤੇ ਬੜੀ ਦਿਲਚਸਪੀ ਰੱਖਦਾ ਸੀ ਜਿਸ ਕਾਰਨ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਨਾਲ ਉਸ ਦਾ ਖਾਸ ਸਨੇਹ ਸੀ। ਇਸੇ ਸੰਗੀਤਕ ਦਿਲਚਸਪੀ ਦੇ ਕਾਰਨ ਹੀ ਅਕਬਰ ਦੇ ਦਰਬਾਰ ਵਿਚ ਪ੍ਰਸਿੱਧ ਗਵੈਯੇ ਮੀਆਂ ਤਾਨ ਸੈਨ (ਗਵਾਲੀਅਰੀ), ਬਾਵਾ ਰਾਮਦਾਸ, ਸੁਬਹਾਨ ਮੀਆਂ, ਮੀਆਂ ਚੰਦ, ਬਾਜ ਬਹਾਦੁਰ, ਮੀਆਂ ਲਾਲ, ਮੁੱਲਾਂ ਇਸਹਾਕ ਧਾਰੀ, ਸੂਰਦਾਸ, ਰੰਗ ਸੈਨ (ਆਗਰਾ), ਹਿਰਾਤ ਦਾ ਉਸਤਾ ਯੂਸਫ ਤੰਬੂਰੇ ਵਾਲਾ, ਪ੍ਰਸਿੱਧ ਰਬਾਬੀ ਮੀਆਂ ਕਾਸਿਮ ਆਦਿ 36 ਸੰਗੀਤਕਾਰ ਰੱਖੇ ਹੋਏ ਸਨ, ਜੋ ਹਮੇਸ਼ਾਂ ਰਾਗ-ਰੰਗ ਦੀ ਮਹਿਫ਼ਲ ਗਰਮ ਰੱਖਦੇ ਸਨ। ਸੰਗੀਤਕਾਰਾਂ ਵਿਚ ਮੀਆਂ ਤਾਨਸੈਨ ਗੁਆਲੀਅਰੀ ਦੀ ਸੁਰੀਲੀ, ਜ਼ੋਰਦਾਰ ਤੇ ਤ੍ਰਿਖੀ ਤਾਨ ਬੜੀ ਮਸ਼ਹੂਰ ਹੈ, ਜਿਸ ਕਰਕੇ ਉਪਮਾ ਵਜੋਂ ਉਸ ਸਮੇਂ ਦੇ ਇਕ ਕਵੀ ਦਾ ਕਥਨ ਹੈ:

ਬਿਧਿਨਾ ਇਹ ਜੀਅ ਜਾਨਿਕੈ ਸੇਸਹਿ ਦਿਯੇ ਨ ਕਾਨ।
ਧਰਾ ਮੇਰੁ ਗਿਰਿ ਡੋਲਤੇ ਤਾਨ ਸੈਨ ਕੀ ਤਾਨ।

ਬਾਦਸ਼ਾਹ ਅਕਬਰ ਦਾ ਕਾਇਮ ਕੀਤਾ ਹੋਇਆ ਇਹ ਸੰਗੀਤਕ ਦਰਬਾਰ ਉਸ ਤੋਂ ਪਿੱਛੋਂ ਜਹਾਂਗੀਰ ਤੇ ਸ਼ਾਹਜਹਾਂ ਦੇ ਜ਼ਮਾਨੇ ਤਕ ਤਾਂ ਬਾਦਸਤੂਰ ਕਾਇਮ ਰਿਹਾ, ਪਰ ਫੇਰ ਔਰੰਗਜ਼ੇਬ ਨੇ ਮੌਲਾਣਿਆਂ ਦੇ ਇਹ ਕਹਿਣ ’ਤੇ ਕਿ ਦੀਨ ਇਸਲਾਮ ਵਿਚ ਰਾਗ ਸੁਣਨ ਦੀ ਸਖ਼ਤ ਮੁਮਾਨੀਅਤ ਹੈ, ਆਪਣੇ ਰਾਜ ਦੇ ਗਿਆਰ੍ਹਵੇਂ ਸਾਲ ਵਿਚ ਸਾਰੇ ਰਾਗ-ਰੰਗ ਹੁਕਮਨ ਬੰਦ ਕਰ ਦਿੱਤੇ ਤੇ ਸਾਰਿਆਂ ਹੀ ਗਵੈਯਾਂ ਨੂੰ ਰਾਜ ਦਰਬਾਰ ’ਚੋਂ ਵਿਦਾ ਕਰ ਕੇ ਘਰੋ-ਘਰੀ ਭੇਜ ਦਿੱਤਾ। ਗਵੈਯਾਂ ਨੇ ਇਸ ਗੱਲੋਂ ਮਾਯੂਸ ਹੋ ਕੇ ਸੰਗੀਤ ਦਾ ਜਨਾਜ਼ਾ ਕੱਢਿਆ, ਪਰ ਜਦ ਉਹ ਜਨਾਜ਼ਾ ਬੜੀ ਅਫਸੋਸਨਾਕ ਹਾਲਤ ਵਿਚ ਲਾਲ ਕਿਲ੍ਹੇ ਦੇ ਬਾਦਸ਼ਾਹੀ ਝਰੋਖੇ ਹੇਠੋਂ ਦੀ ਲੰਘਿਆ ਤਾਂ ਪਤਾ ਲੱਗਣ ’ਤੇ ਬਾਦਸ਼ਾਹ ਨੇ ਕਿਹਾ ਕਿ ਇਸ ਮੁਰਦੇ ਨੂੰ ਕਬਰ ਪੁੱਟ ਕੇ ਅਜਿਹਾ ਡੂੰਘਾ ਦੱਬੋ ਕਿ ਫਿਰ ਇਸ ਦੀ ਆਵਾਜ਼ ਬਾਹਰ ਨਾ ਨਿਕਲ ਸਕੇ।

ਸਿੱਖ ਧਰਮ ਤੇ ਸੰਗੀਤ ਦਾ ਨਵਾਂ  ਜੀਵਨ :

ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜੋ ਮੁੱਢੋਂ ਹੀ ਸੰਗੀਤਕ ਰੰਗਣ ਵਿਚ ਰੰਗੇ ਹੋਏ ਸਨ, ਭਾਰਤੀ ਸੰਗੀਤ ਕਲਾ ਨੂੰ ਆਪਣੀ ਅਰਸ਼ੀ ਛੁਹ ਨਾਲ ਉਤਾਂਹ ਉਠਾਇਆ ਤੇ ਇਸ ਨੇਕ ਕੰਮ ਲਈ ਆਪਣੇ ਸਾਥੀ ਚੁਣੇ ਭਾਈ ਮਰਦਾਨਾ ਜੀ ਰਬਾਬੀ। ਉਹ ਇਸ ਕਾਰਨ ਕਿ ਸੰਗੀਤ ਕਲਾ ਲੱਗਭਗ ਸਾਰੇ ਹੀ ਦੇਸ਼ ਵਿਚ ਮੁੱਲਾਂ- ਮੁਲਾਣਿਆਂ ਦਾ ਜ਼ੋਰ ਵਧਣ ਕਰਕੇ ਕੁਝ ਮੱਧਮ ਪੈ ਰਹੀ ਸੀ ਤੇ ਪੱਕੇ ਸ਼ਰਈ ਮੁਸਲਮਾਨ ਸੰਗੀਤ ਸੁਣਨਾ ਮਕਰੂਰ ਸਮਝਦੇ ਸਨ। ਮੁਸਲਮਾਨਾਂ ਵਿਚ ਸਿਰਫ਼ ਸੂਫੀ ਫਕੀਰ ਹੀ ਅਜਿਹੇ ਖੁਲ੍ਹਦਿਲੇ ਸਨ, ਜੋ ਸਮਾਇ ਹੱਕਾਨੀ ਅਰਥਾਤ ਰੱਬੀ-ਕੀਰਤਨ ਨੂੰ ਅਪਣਾਉਂਦੇ ਤੇ ਆਪਣੇ ਕੱਵਾਲਾਂ ਦੀਆਂ ਮਹਿਫ਼ਲਾਂ ਰਾਹੀਂ ਇਸ ਨੂੰ ਕੁਝ ਜੀਵਨ-ਦਾਨ ਦਿੰਦੇ ਰਹਿੰਦੇ ਸਨ। ਸੂਫ਼ੀ ਫਕੀਰਾਂ ਤੋਂ ਇਲਾਵਾ ਰਾਜ-ਦਰਬਾਰਾਂ ਵਿਚ ਜੋਧਿਆਂ ਦੀਆਂ ਵਾਰਾਂ ਗਾਉਣ ਵਾਲੇ ਢਾਡੀਆਂ, ਭੱਟਾਂ ਤੇ ਚਾਰਣਾਂ ਦੀ ਮੰਗ ਤਾਂ ਕਾਫੀ ਸੀ ਪਰ ਸੰਗੀਤਕ ਗਾਉਣ-ਵਜਾਉਣ ਵਿਚ ਇੰਨੀ ਦਿਲਚਸਪੀ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਢਾਡੀਆਂ ਦੀਆਂ ਵਾਰਾਂ ਦੇ ਤੌਰ-ਤਰੀਕੇ ਨੂੰ ਅਪਣਾਉਣ ਦੇ ਨਾਲ ਹੀ ਭਾਈ ਮਰਦਾਨਾ ਜੀ ਰਾਹੀਂ ਨਾਮ-ਬਾਣੀ ਦੇ ਕੀਰਤਨ ਉੱਤੇ ਵਧੇਰੇ ਜ਼ੋਰ ਦਿੱਤਾ। ਨਾਰਦ-ਵੀਣਾ ਦਾ, ਜੋ ਉਸ ਸਮੇਂ ਇਕ ਪੁਰਾਣਾ ਸਾਜ਼ ਸੀ, ਰਿਵਾਜ ਹਟ ਚੁਕਾ ਸੀ ਤੇ ਉਸ ਦੀ ਥਾਵੇਂ ਨਵਾਂ ਤੰਤੀ ਸਾਜ਼ ਰਬਾਬ ਹੀ ਪ੍ਰਧਾਨ ਸੀ। ਰਾਵਣ-ਵੀਣਾ ਦੇ ਰੂਪ ਵਿਚ ਰਬਾਬ, ਜੋ ਕਿ ਮੁਸਲਿਮ ਮੌਸੀਕੀ ਦੀ ਉਪਜ-ਨਿਪਜ ਹੈ, ਨਿਬੱਧ ਤੇ ਅਨਿਬੱਧ ਭੇਦ ਕਰਕੇ ਦੋ ਕਿਸਮ ਦਾ ਹੁੰਦਾ ਹੈ। ਰਬਾਬ ਆਬਨੂਸ ਦੀ ਲੱਕੜ ਚੀਰ ਕੇ ਬਣਾਇਆ ਜਾਂਦਾ ਹੈ। ਇਹ ਛੇ ਤਾਰ, ਬਾਰਾਂ ਤਾਰ ਤੇ ਅਠਾਰਾਂ ਤਾਰ ਦਾ ਹੁੰਦਾ ਹੈ ਤੇ ਸਿਤਾਰ ਦੀ ਤਰ੍ਹਾਂ ਉਂਗਲਾਂ ਨਾਲ ਵਜਾਇਆ ਜਾਂਦਾ ਹੈ।

ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਸੁਲਤਾਨਪੁਰੋਂ ਪਹਿਲੀ ਉਦਾਸੀ ਸਮੇਂ ਪੂਰਬੀ ਦੇਸ਼ਾਂ ਦੇ ਦੌਰੇ ’ਤੇ ਜਾਣ ਲੱਗੇ ਤਾਂ ਉਨ੍ਹਾਂ ਨੇ ਰਬਾਬ ਤਾਂ ਬੇਸ਼ੱਕ ਕਈ ਰਬਾਬੀਆਂ ਦੇ ਮੰਗਵਾ ਕੇ ਦੇਖੇ ਪਰ ਛੇਕੜ ਉਨ੍ਹਾਂ ਨੇ ਭਾਈ ਫਿਰੰਦੇ ਰਬਾਬੀ ਪਾਸੋਂ ਇਕ ਬੜਾ ਕੀਮਤੀ ਰਬਾਬ ਭਾਈ ਮਰਦਾਨੇ ਹੱਥੀਂ ਖਰੀਦ ਕੇ ਮੰਗਵਾਇਆ। ਗੁਰੂ ਬਾਬੇ ਦੇ ਇਸ ਰਬਾਬ ਵਿੱਚੋਂ, ਜਿਵੇਂ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਕਥਨ ਹੈ, “ਤੂੰ ਹੀ ਨਿਰੰਕਾਰ! ਇਕ ਤੂੰ ਹੀ ਨਿਰੰਕਾਰ” ਦੀ ਮਿੱਠੀ ਤੇ ਸੁਰੀਲੀ ਧੁਨਿ ਨਿਕਲਦੀ ਸੀ:

ਹਾ ਹਾ ਹੂ ਹੂ ਤੁੰਬਰੂ ਕੀ, ਵੀਣਾ ਕੋ ਨ ਆਵੈ ਰਸ,
ਤਰਜ ਨ ਭਾਵੇ ਦੇਵ, ਮੁਨਿ ਮਿਜਰਾਬ ਕੀ।
ਆਤਮ ਸਰੂਰ ਵਿਖੇ, ਮਨ ਮਖਮੂਰ ਰਹੇ,
ਤ੍ਰਿਖਾ ਮਿਟ ਗਈ ਮੇਰੀ, ਭੰਗ ਔ ਸ਼ਰਾਬ ਕੀ।
ਨਿਜਾਨੰਦ ਮਾਹਿੰ ਰਹੂੰ, ਪੂਰਣ ਤ੍ਰਿਪਤ ਹੋਯੋ,
ਭੂਖ ਨਾ ਰਹੀ ਹੈ ਮਧੁਰਾਨ ਔ ਕਬਾਬ ਕੀ।
“ਤੂੰ ਹੀ ਨਿਰੰਕਾਰ ਏਕ, ਤੂੰ ਹੀ ਨਿਰੰਕਾਰ” ਯਹ,
ਜਬ ਸੇ ਸੁਨੀ ਮੈ ਧੁਨੀ ਬਾਬੇ ਕੇ ਰਬਾਬ ਕੀ॥

ਰਬਾਬ ਤੋਂ ਬਾਅਦ ਸਿੱਖਾਂ ਦੇ ਹੋਰ ਸ਼ੁਰੂ ਦੇ ਸਾਜ਼ ਸਨ- ਸਰੰਦਾ, ਤਾਨਪੂਰਾ, ਤਾਊਸ, ਦੁਤਾਰਾ, ਸਿਤਾਰ ਤੇ ਤਬਲਾ (ਜੋੜੀ)। ਇਹ ਤਬਲਾ ਮ੍ਰਿਦੰਗ ਦੀ ਸਥਾਨ-ਪੂਰਤੀ ਕਰਦਾ ਸੀ। ਪਰ ਪਿੱਛੋਂ ਇਨ੍ਹਾਂ ਸਾਜ਼ਾਂ ਦੇ ਨਾਲ ਹੀ ਛੈਣੇ, ਤਾਲ, ਹਾਰਮੋਨੀਅਮ, ਚਿਮਟੇ ਤੇ ਢੋਲਕ ਵੀ ਸ਼ਾਮਲ ਹੋ ਗਏ, ਜਿਸ ਕਰਕੇ ਅੱਜ ਸਾਡੇ ਗੁਰਦੁਆਰਿਆਂ ਵਿਚ ਜਦ ਕੀਰਤਨ ਹੁੰਦਾ ਹੈ ਤਾਂ ਤੰਤੀ ਸਾਜ਼ਾਂ ਦੀ ਥਾਵੇਂ ਜ਼ਿਆਦਾਤਰ ਇਹ ਪਿਛਲੇ ਸੰਗੀਤਕ ਸਾਜ਼ ਹੀ ਵਰਤੇ ਜਾਂਦੇ ਹਨ ਤੇ ਗੁਰਦੁਆਰੇ ਜਾਣ ਸਮੇਂ ਸ਼ਬਦ-ਕੀਰਤਨ ਵੀ ਜਥਿਆਂ ਵੱਲੋਂ ਹਾਰਮੋਨੀਅਮ, ਢੋਲਕੀ, ਚਿਮਟੇ ਤੇ ਛੈਣਿਆਂ ਦੀ ਘਨਘੋਰ ਧੁਨੀ ਨਾਲ ਬਗੈਰ ਕਿਸੇ ਰਾਗ-ਤਾਨ ਦੇ ਸਿਰਫ਼ ਜੋਟੀਆਂ ਦੇ ਸ਼ਬਦ ਪੜ੍ਹ ਕੇ ਹੀ ਹੁੰਦਾ ਹੈ।

ਕੀਰਤਨ ਤੇ ਇਸ ਦੀ ਮਹਿਮਾ :

ਸ੍ਰੀ ਗੁਰੂ ਅਮਰਦਾਸ ਜੀ ਦੇ ਕਥਨ ਅਨੁਸਾਰ:

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥
ਗੁਰਮੁਖਿ ਕੋਈ ਉਤਰੈ ਪਾਰਿ॥ (ਪੰਨਾ 145)

ਗੁਰਸਿੱਖ ਰੋਜ਼ ਵੱਡੇ ਸਵੇਰੇ ਉੱਠ ਸੌਚ-ਇਸ਼ਨਾਨ ਤੋਂ ਫਾਰਗ ਹੋ ਕੇ ਸਤਿਸੰਗਤ ਵਿਚ ਬੜੇ ਸ਼ਰਧਾ-ਭਾਵ ਨਾਲ ਹਾਜ਼ਰ ਹੁੰਦੇ ਤੇ ਉਥੇ ਨਾਮ-ਬਾਣੀ ਦੇ ਕੀਰਤਨ ਦਾ ਰਸ ਮਾਣਦੇ ਹਨ ਜਿਵੇਂ ਕਿ ਭਾਈ ਗੁਰਦਾਸ ਜੀ ਲਿਖਦੇ ਹਨ:

ਕੁਰਬਾਣੀ ਤਿਨ੍ਹਾਂ ਗੁਰਸਿੱਖਾਂ ਪਿਛਲ ਰਾਤੀਂ ਉਠਿ ਬਹੰਦੇ।
ਕੁਰਬਾਣੀ ਤਿਨ੍ਹਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਿ ਨਾਵੰਦੇ।
ਕੁਰਬਾਣੀ ਤਿਨ੍ਹਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਇ ਸੁਣੰਦੇ। (ਵਾਰ 12:2)

ਇਥੇ ਹੀ ਬਸ ਨਹੀਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵਾਰਾਂ ਗਿਆਨ ਰਤਨਾਵਲੀ ਦਾ ਟੀਕਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਉਨ੍ਹਾਂ ਦੇ ਕਰਤਾਰਪੁਰੀ ਗੁਰ-ਦਰਬਾਰ ਨਾਲ ਸੰਬੰਧਿਤ ਨਾਮ-ਬਾਣੀ ਦੇ ਕੀਰਤਨ ਤੇ ਉਥੋਂ ਦੀ ਨਿਤ-ਕ੍ਰਿਯਾ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਹੈ:

“ਕਰਤਾਰ ਪੁਰ ਵਿਚ ਅੰਮ੍ਰਿਤ ਵੇਲੇ ਸਵਾ ਪਹਿਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪਰੰਤ ਕੀਰਤਨ ਹੋਵੇ, ਫੇਰ ਆਰਤੀ ਪੜ੍ਹੀਏ, ਤੀਸਰੇ ਪਹਿਰ ਕੀਰਤਨ ਕਰੀਏ, ਸੰਧਿਆ ਨੂੰ ਰਹਿਰਾਸ ਪੜ੍ਹੀਏ, ਫੇਰ ਕੀਰਤਨ ਗਾਵੀਏ ਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰੁ ਫੇਰ ਪਿਛਲੀ ਰਾਤ ਜਪ ਪੜ੍ਹੀਏ ਅਰੁ ਆਸਾ ਦੀ ਵਾਰ ਪੜ੍ਹੀਏ।” (ਗੁਰਮਤਿ ਸੁਧਾਕਰ)

ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਦੀ ਚੌਦ੍ਹਵੀਂ ਪਉੜੀ ਦੀ ਵਿਆਖਿਆ ਕਰਦੇ ਹੋਏ ਕੀਰਤਨ ਦੀ ਮਹਿਮਾ ਲਿਖਦੇ ਹਨ: ਕਿ “ਕਲਿਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਜੋਗ ਜਪ ਤਪ ਨਹੀਂ।” ਇਹ ਸਾਂਤਕੀ ਸਾਧਨ ਹੈ।

ਫੇਰ ਅੱਗੇ ਇਸੇ ਤਰ੍ਹਾਂ ਬਾਣੀ ਦੇ ਪਾਠ ਤੇ ਕਥਾ-ਕੀਰਤਨ ਦਾ ਫਲ ਦੱਸਦੇ ਹਨ:

ਬਾਣੀ ਦਾ ਪਾਠ ਇਹੁ ਹੈ ਜੋ ਆਪਣੇ ਖੂਹੇ ਦੀ ਪੈਲੀ ਪਾਣੀ ਦੇ ਕੇ ਝਬਦੇ ਪਕਾਈਦੀ ਹੈ ਤੇ ਅਨਾਜ ਦਾ ਬੋਹਲ ਘਰ ਲੈ ਆਈਦਾ ਹੈ। ਜੇ ਦੂਜੇ ਖੂਹ ਦੀ ਪੈਲੀ ਨਜ਼ਦੀਕ ਹੋਵੇ ਤਾਂ ਉਸ ਨੂੰ ਵੀ ਪਾਣੀ ਪਹੁੰਚ ਸਕਦਾ ਹੈ, ਪਰ ਦੂਰ ਦੀਆਂ ਪੈਲੀਆਂ ਨੂੰ ਨਹੀਂ ਪਹੁੰਚਦਾ ਤੇ ਕੀਰਤਨ ਐਸਾ ਹੈ ਜੈਸੇ ਮੇਘ ਗਰਜ ਕੇ ਬਰਖਾ ਕਰਦਾ ਹੈ ਤਾਂ ਸਾਰੀਆਂ ਪੈਲੀਆਂ ਹਰੀਆਂ ਹੁੰਦੀਆਂ ਹਨ ਤੇ ਕਥਾ ਦਾ ਫਲ ਏਹੁ ਹੈ ਜੋ ਮੇਘ ਠਹਿਰਿਆ ਹੋਇਆ ਨਿਰਵਾਤ ਝਿੰਮ-ਝਿੰਮ ਬਰਖਾ ਕਰਦਾ ਹੈ। ਅਗੇ ਪੈਲੀਆਂ ਗਾਹੀਆਂ ਹੋਈਆਂ ਸੁਧਾਰੀਆਂ ਹੋਵਨ, ਜੋ ਜੋ ਬੂੰਦ ਪਵੇ ਵਿਚ ਧਰਤੀ ਦੇ ਸਮਾਂਵਦੀ ਜਾਵੇ। ਤੈਸੇ ਜੋ ਸਮਝਦਾਰ ਸਿੱਖ ਹੁੰਦੇ ਹੈਨ, ਜੋ ਜੋ ਕਥਾ ਕੀਰਤਨ ਕਰਦੇ ਹੈਨ ਸੋ ਸੋ ਹਿਰਦੇ ਵਿਚ ਧਾਰਦੇ ਜਾਂਦੇ ਹੈਨ, ਉਨ੍ਹਾਂ ਨੂੰ ਸਮਝ ਪ੍ਰਾਪਤ ਹੁੰਦੀ ਹੈ… ਕਥਾ ਕੀਰਤਨ ਦੇ ਮਹਾਤਮ ਨੂੰ ਲਖਾਂਵਦੀ ਹੈ ਤੇ ਕੀਰਤਨ ਮਨ ਵਿਖੇ ਰਾਗ ਹਰਖ ਉਤਪੰਨ ਕਰਦਾ ਹੈ।…. ਕਥਾ ਮਾਤਾ ਤੇ ਕੀਰਤਨ ਪੁਤ੍ਰ ਹੈ।” (ਗੁਰਮਤਿ ਸੁਧਾਕਰ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ-ਬਾਣੀ ਵਿਚ ਨਾਮ-ਬਾਣੀ ਦੇ ਅਖੰਡ ਕੀਰਤਨ ਦੀ ਮਹਿਮਾ ਇਨ੍ਹਾਂ ਗੁਰ-ਪ੍ਰਮਾਣਾਂ ਤੋਂ ਮਿਲਦੀ ਹੈ:

ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ॥ (ਪੰਨਾ 82)

ਗੁਨ ਗਾਵਤ ਤੇਰੀ ਉਤਰਸਿ ਮੈਲੁ॥
ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਪੰਨਾ 289)

ਸਾਧਸੰਗਿ ਕੀਰਤਨ ਫਲੁ ਪਾਇਆ॥
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ॥    (ਪੰਨਾ 197)

ਧਾਵਤ ਮਨੁ ਰਾਖੈ ਇਕ ਠਾਇ॥
ਮਨੁ ਤਨੁ ਸੁਧੁ ਜਪਤ ਹਰਿ ਨਾਇ॥
ਸਭ ਮਹਿ ਪੂਰਿ ਰਹੇ ਪਾਰਬ੍ਰਹਮ॥
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ॥  (ਪੰਨਾ 299)

ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ॥ (ਪੰਨਾ 453)

ਸਤਿਗੁਰਿ ਪੂਰੈ ਕੀਨੀ ਦਾਤਿ॥
ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ॥ (ਪੰਨਾ 681)

ਹਰਿ ਦਿਨੁ ਰੈਨਿ ਕੀਰਤਨੁ ਗਾਈਐ॥
ਬਹੁੜਿ ਨ ਜੋਨੀ ਪਾਈਐ॥  (ਪੰਨਾ 623)

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ (ਪੰਨਾ 747)
 
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ॥
ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨੇ੍ ਬਿਨਸਿਓ ਮੂੜ ਅਭਿਮਾਨੁ॥  (ਪੰਨਾ 979)

ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ॥ (ਪੰਨਾ 979)

ਜੰਮਣੁ ਮਰਣੁ ਨ ਤਿਨ੍‍ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥  (ਪੰਨਾ 322)

ਵਡੈ ਭਾਗਿ ਪ੍ਰਭ ਕੀਰਤਨੁ ਗਾਇਆ॥
ਸੰਤਸੰਗਿ ਨਾਨਕ ਪ੍ਰਭੁ ਪਾਇਆ॥ (ਪੰਨਾ 805)

ਭੋਜਨੁ ਭਾਉ ਕੀਰਤਨ ਆਧਾਰੁ॥
ਨਿਹਚਲ ਆਸਨੁ ਬੇਸੁਮਾਰੁ॥ (ਪੰਨਾ 888-89)

ਹਰਿ ਕੀਰਤਨ ਮਹਿ ਊਤਮ ਧੁਨਾ॥
ਨਾਨਕ ਗੁਰ ਮਿਲਿ ਗਾਇ ਗੁਨਾ॥   (ਪੰਨਾ 1182)

ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ॥ (ਪੰਨਾ 1222)

ਭਾਈ ਗੁਰਦਾਸ ਜੀ ਨੇ ਵੀ ਇਸੇ ਤਰ੍ਹਾਂ ਹੀ ਇਨ੍ਹਾਂ ਮਹਾਂਵਾਕਾਂ ਦੀ ਪੁਸ਼ਟੀ ਕੀਤੀ ਹੈ ਤੇ ਰੈਣ ਸਬਾਈ ਕੀਰਤਨ ਨੂੰ ਸਲਾਹਿਆ ਹੈ:

ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ। (ਵਾਰ 10:17)

ਗੁਰਮਤਿ ਸੰਗੀਤ ਤੇ ਸ਼ਬਦ ਬ੍ਰਹਮ :

ਸੰਗੀਤ ਦਰਅਸਲ, ਜਿਸ ਤਰ੍ਹਾਂ ਕਿ ਪਹਿਲੀ ਸੰਗੀਤ ਦੀ ਉਪਜ-ਨਿਪਜ ਵਿਚ ਦੱਸਿਆ ਗਿਆ ਹੈ, ਗੀਤ, ਵਾਦ (ਬਾਜਾ ਅਥਵਾ ਸਾਜ਼) ਤੇ ਨ੍ਰਿਤ (ਨਾਚ) ਦੇ ਸੁਮੇਲ ਦਾ ਹੀ ਸੰਕੇਤਕ ਨਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚ ਸੰਗੀਤ ਸ਼ਾਸਤਰ ਦੇ ਇਹ ਤਿੰਨੇ ਹੀ ਸੰਗੀਤਕ ਗੁਣ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਗੀਤ ਰੂਪ ਬਾਣੀ ਇਸ ਕਰਕੇ ਹੈ ਕਿ ਸਾਰੇ ਹੀ ਗੁਰ ਸ਼ਬਦ ਯਥਾ-ਕ੍ਰਮ ਰਾਗ ਰੂਪ ਹਨ। ਰਾਗ ਅਸਲ ਵਿਚ ਗੀਤ ਅਤੇ ਢੁਕਵੇਂ ਸ਼ਬਦਾਂ ਦੇ ਸੁਮੇਲ ਦਾ ਦੂਜਾ ਨਾਂ ਹੈ। ਨਿਰੇ ਗੀਤ ਜੇ ਉਨ੍ਹਾਂ ਵਿਚ ਮੋਤੀਆਂ ਦੀ ਮਾਲਾ ਵਾਂਗੂ ਪਰੋਏ ਸਾਰਥਕ ਸ਼ਬਦ ਨਾ ਹੋਣ ਤਾਂ ਕਿਸੇ ਕੰਮ ਨਹੀਂ, ਸਗੋਂ ਨਿਰਾ ਚੀਕ-ਚਿਹਾੜਾ ਹੀ ਹੁੰਦੇ ਹਨ ਤੇ ਨਿਰੇ ਸ਼ਬਦ ਵੀ ਗੀਤ ਦੀ ਸ਼ਕਲ ਵਿਚ ਪਿਰੋਏ ਜਾਣ ਤੋਂ ਬਗੈਰ ਕੋਈ ਖਾਸ ਪ੍ਰਭਾਵ ਨਹੀਂ ਦਿਆ ਕਰਦੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗ- ਸ੍ਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਬਸੰਤ, ਸਾਰੰਗ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ ਅਤੇ ਉਨ੍ਹਾਂ ਨਾਲ ਆਏ ਸੰਯੁਕਤ ਰਾਗ-ਗਉੜੀ ਪੂਰਬੀ, ਗਉੜੀ ਚੇਤੀ, ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਗਉੜੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਆਸਾਵਰੀ, ਬਸੰਤ ਹਿੰਡੋਲ, ਪ੍ਰਭਾਤੀ ਬਿਭਾਸ ਆਦਿ ਥੋੜ੍ਹਾ-ਥੋੜ੍ਹਾ ਫਰਕ ਪਾ ਕੇ ਸੰਗੀਤ-ਸ਼ਾਸਤਰ ਦੀਆਂ ਉਨ੍ਹਾਂ ਮੱਧਕਾਲੀਨ ਪ੍ਰਵਿਰਤੀਆਂ ਦਾ ਪਤਾ ਦੇਂਦੇ ਹਨ, ਜਦ ਕਿ ਪੁਰਾਣਾ ਵੇਦਕ ਸਮੇਂ ਦਾ ਸੰਗੀਤ ਪਹਿਲਾਂ ਭਰਤ ਮੁਨੀ ਦੇ ਸਮੇਂ ਵਿਚ ਛੇ ਰਾਗ- ਸ੍ਰੀ ਰਾਗ, ਦੀਪਕ, ਹਿੰਡੋਲ, ਭੈਰਉ, ਮਾਲਕੌਂਸ ਤੇ ਮੇਘ, ਜੋ ਸ਼ਾਸਤਰੀ ਜਾਂ ਮਾਰਗੀ ਰਾਗ ਸਨ, ਸਮੇਂ-ਕ੍ਰਮ ਦੇ ਅਨੁਸਾਰ ਪਰਿਵਰਤਨ ਦੇ ਚੱਕਰ ਵਿਚ ਪੈ ਕੇ ਦੇਸੀ ਜਾਂ ਲੌਕਿਕ ਰਾਗਾਂ ਦੀ ਸ਼ਕਲ ਵਿਚ ਇਕ ਤੋਂ ਅਨੇਕ ਰੂਪ ਧਾਰਨ ਕਰ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਤੇ ਸੰਗੀਤਕ ਰਾਗ-ਮਾਲਾ, ਰਾਗ-ਰਾਗਣੀਆਂ ਤੇ ਉਨ੍ਹਾਂ ਦੇ ਧੀਆਂ, ਪੁੱਤਰ ਆਦਿ ਕਿਸੇ ਤਰ੍ਹਾਂ ਵੀ ਇਸ ਇਨਕਲਾਬੀ ਚੱਕਰ ਤੋਂ ਬਾਹਰ ਨਹੀਂ ਮੰਨੇ ਜਾ ਸਕਦੇ।

ਸੰਗੀਤ-ਸ਼ਾਸਤਰ ਦੇ ਅਨੁਸਾਰ ਸ਼ਬਦ-ਬ੍ਰਹਮ ਦੀ ਨਾਦ ਸੰਗਿਆ ਹੈ। ਇਸੇ ਨਾਦ ਦਾ ਦੂਜਾ ਨਾਂ ਸ੍ਵਰ ਹੈ। ਸ੍ਵਰ ਦੀ ਮਾਤਰਾ ਜਾਂ ਅੰਸ਼ ਦਾ ਨਾਮ ਸ੍ਰੁਤੀ ਹੈ ਤੇ ਸ੍ਵਰ ਦੀ ਸਥਿਤੀ ਦਾ ਨਾਮ ਮੂਰਛਨਾ। ਇਸੇ ਰੂਪ ਕਰਕੇ ਸੰਗੀਤ ਸ਼ਾਸਤਰ ਦੀਆਂ 22 ਸ੍ਰੁਤੀਆਂ ਤੇ 21 ਮੂਰਛਨਾਂ ਪ੍ਰਸਿੱਧ ਹਨ। ਸ਼ੁੱਧ ਸ੍ਵਰ 12, ਇਸ ਤਰ੍ਹਾਂ ਕੁੱਲ ਸ੍ਵਰ 19 ਬਣਦੇ ਹਨ ਤੇ ਇਨ੍ਹਾਂ 19 ਸ੍ਵਰਾਂ ਤੋਂ ਹੀ 22 ਸ੍ਰੁਤੀਆਂ ਤੇ 21 ਮੂਰਛਨਾਂ ਦੇ ਸਹਾਰੇ ਸਾਰੇ ਰਾਗ-ਰਾਗਣੀਆਂ ਦੀ ਉਤਪਤੀ ਹੋਈ ਹੈ। ਦਾਮੋਦਰ ਪੰਡਿਤ ਦੇ ਮਤ ਅਨੁਸਾਰ:

यो  सपं  धवनि  वशोषास्तु  स्वर  वरर्ग  विभूषिात:।
रंजको जन चित्तानाँ स राग: कथिातो बुधौ ।1।  (ਸੰਗੀਤ ਦਰਪਣ, ਦੂਸਰਾ ਅਧਿਆਇ)

ਅਰਥਾਤ- ਜੋ ਸ੍ਵਰਾਂ ਤੇ ਵਰਨਾਂ (ਅੱਖਰਾਂ) ਨਾਲ ਸਜਿਆ ਹੋਇਆ ਹੈ ਅਤੇ ਜੋ ਸਰਬ ਸਾਧਾਰਨ ਦਾ ਮਨੋਰੰਜਨ ਕਰਦਾ ਹੈ ਉਸ ਨੂੰ ਵਿਦਵਾਨਾਂ ਨੇ ਰਾਗ ਕਿਹਾ ਹੈ।

ਸੰਗੀਤ ਚੂੰਕਿ ਦੋ ਪ੍ਰਕਾਰ ਦਾ ਹੈ- ਇਕ ਸ਼ਾਸਤਰੀ ਤੇ ਦੂਜਾ ਦੇਸੀ ਜਾਂ ਲੌਕਿਕ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਾਗ ਸ਼ਾਸਤਰੀ ਅਥਵਾ ਮਾਰਗੀ ਹਨ ਤੇ ਉਨ੍ਹਾਂ ਵਿਚ ਥਾਉਂ ਥਾਈਂ ਵਰਤੀਆਂ ਗਈਆਂ ਲੋਕ-ਗੀਤ ਰੂਪ ਧੁਨੀਆਂ ਲੌਕਿਕ ਸੰਗੀਤ। ਇਸ ਲੌਕਿਕ ਸੰਗੀਤ ਦੇ ਨੁਕਤਾ-ਨਿਗਾਹ ਤੋਂ ਗੁਰਬਾਣੀ ਦੇ ਲੋਕ-ਗੀਤ ਰੂਪ ਸ਼ਲੋਕ ਸੁਚਜੀ, ਕੁਚਜੀ, ਘੋੜੀਆਂ, ਲਾਵਾਂ, ਸਦ, ਵਾਰਾਂ, ਪਉੜੀਆਂ, ਵਣਜਾਰਾ, ਪੜਤਾਲ, ਬਾਵਨ ਅਖਰੀ, ਪਟੀ, ਅਲਾਹੁਣੀਆਂ, ਚਉਬੋਲੇ ਆਦਿ ਸਿਰਲੇਖਾਂ ਵਾਲੇ
 
ਸ਼ਬਦ ਸਤਿਗੁਰਾਂ ਦੇ ਇਸੇ ਲੋਕ-ਉਪਕਾਰ ਜਾਂ ਜਨਤਕ ਝੁਕਾਉ ਦੇ ਸੂਚਕ ਹਨ। ਗੁਰੂ ਨਾਨਕ ਸਾਹਿਬ ਚੂੰਕਿ ਮਰਣੇ-ਪਰਣੇ ਹਰ ਥਾਵੇਂ ਇੱਕੋ ਪਾਰਬ੍ਰਹਮ ਦਾ ਪਸਾਰਾ ਹੀ ਸਮਝਦੇ ਸਨ ਜਿਸ ਕਾਰਨ ਉਨ੍ਹਾਂ ਨੇ ਇਕ ਥਾਵੇਂ ਕਿਸੇ ਮੋਏ ਵਿਅਕਤੀ ਦਾ ਸਿਆਪਾ ਕਰਦੀਆਂ ਜ਼ਨਾਨੀਆਂ ਨੂੰ ਵੇਖ ਕੇ ਇਸ ਮਹਾਂਵਾਕ ਰਾਹੀਂ ਇੱਕੋ ਪਰਮੇਸ਼੍ਵਰ ਦਾ ਧਿਆਨ ਕਰਦਿਆਂ ਹੀ ਦੱਸਿਆ ਹੈ:

ਹੈ ਹੈ ਕਰਿ ਕੈ ਓਹਿ ਕਰੇਨਿ॥
ਗਲਾ੍ ਪਿਟਨਿ ਸਿਰੁ ਖੋਹੇਨਿ॥
ਨਾਉ ਲੈਨਿ ਅਰੁ ਕਰਨਿ ਸਮਾਇ॥
ਨਾਨਕ ਤਿਨ ਬਲਿਹਾਰੈ ਜਾਇ॥ (ਪੰਨਾ 1410)

ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਜਲ ਥਲ ਰੂਪ ਪ੍ਰਿਥਵੀ ਦੇ ਪਸ਼ੂ-ਪੰਛੀਆਂ ਤੇ ਜਾਨਵਰਾਂ ਨੂੰ ਆਪੋ-ਆਪਣੀ ਬਾਣੀ ਰਾਹੀਂ ਸਰਬ-ਸ਼ਕਤੀਵਾਨ ਵਾਹਿਗੁਰੂ ਦੇ ਨਾਂ ਦਾ ਕੀਰਤਨ ਕਰਦੇ ਮੰਨਿਆ ਤੇ ਇਸ ਤਰ੍ਹਾਂ ਸ਼ਬਦ-ਬ੍ਰਹਮ ਉੱਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਈ ਹੈ:

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ॥2॥
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥ (ਪੰਨਾ 1265)

ਸੰਗੀਤ ਦਾ ਭਵਿੱਖ :

ਸੰਗੀਤ ਦੁਨੀਆਂ ਦੇ ਮਨੋਰੰਜਨ ਦਾ ਇਕ ਬੁਨਿਆਦੀ ਗੁਣ ਹੋਣ ਕਰਕੇ ਕਲਾ ਦੇ ਪੱਖ ਤੋਂ ਇਸ ਦੀ ਆਪਣੀ ਕੀਰਤਨ ਸਬੰਧੀ ਵਿਸ਼ੇਸ਼ਤਾ ਦੇ ਕਾਰਨ ਸ਼ੁਰੂ ਤੋਂ ਹੀ ਇਸ ਨੂੰ ਮਨ ਵਚਨ ਕਰਮ ਤੋਂ ਅਪਣਾਇਆ ਜਾਂਦਾ ਰਿਹਾ ਹੈ ਤੇ ਪਿਛਲੇਰੇ ਮੁਗਲਈ ਕਾਲ ਤੋਂ ਤਾਂ ਇਸ ਵਿਚ ਕੁਝ ਕੁਦਰਤੀ ਰਾਗਾਤਮਕ ਪਰਿਵਰਤਨ ਹੋਣ ਕਾਰਨ ਜਿਵੇਂ ਕਿ ਲੋਕ-ਚਾਲ ਤੋਂ ਪਤਾ ਲੱਗਦਾ ਹੈ ਕਿ ਵੱਖੋ-ਵੱਖ ਕਿਸਮ ਦੇ ਗਾਇਨ-ਢਾਡੀਆਂ, ਰਬਾਬੀਆਂ, ਕਲਾਵੰਤਾਂ, ਭੰਡਾਂ, ਡਫਾਲੀਆਂ, ਭਗਤੀਆਂ, ਚਿਮਟੇਬਾਜ਼ਾਂ, ਉਤਸਵੀ, ਤਿਉਹਾਰੀ ਤੇ ਹੋਰ ਸਮਾਜਿਕ ਨ੍ਰਿਤਕਾਰਾਂ ਜਾਂ ਗਵੱਈਆਂ ਦੇ ਕਾਰਨ ਜੌਨਪੁਰੀ ਚੁਟਕਲੇ, ਦਿੱਲੀ ਦੇ ਕੌਲ ਜਾਂ ਤਰਾਨੇ, ਮਥੁਰਾ ਦੇ ਬਿਸ਼ਨਪਦੇ, ਲੁਹਾਵਰ ਦੇ ਛੰਤ ਜਾਂ ਛੰਦ, ਸਿੰਧ ਦੀਆਂ ਕਾਫੀਆਂ, ਫੌਜੀਆਂ ਜਾਂ ਸੈਨਿਕਾਂ ਦੇ ਜੰਗੀ ਗੀਤ, ਢਾਡੀ ਵਾਰਾਂ, ਕੜਖੇ ਤੇ ਗੁਜਰਾਤ ਦੀਆਂ ਜੱਕੜੀਆਂ ਜਿਵੇਂ ਕਿ ਸਾਡੇ ਪੁਰਾਤਨ ਪੰਜਾਬੀ ਸਾਹਿਤ ਵਿੱਚੋਂ ਕਵੀ ਈਸਨ ਦੀਆਂ ਜੱਕੜੀਆਂ ਆਦਿ ਦੇ ਪ੍ਰਮਾਣ ਮਿਲਦੇ ਹਨ, ਮੁਲਤਾਨੀ ਦਾਦਰਾ, ਟੱਪੇ, ਠੁਮਰੀ, ਧ੍ਰੁਪਦ, ਧਮਾਲ, ਖਿਆਲ ਜਿਵੇਂ (ਖਿਆਲ ਪਾਤਸ਼ਾਹੀ 10), ਹੋਰੀ, ਗਜ਼ਲਾਂ, ਲਾਵਣੀ, ਭਜਨ, ਅਭੰਗ, ਰਾਸ, ਗਰਬੇ ਆਦਿ ਪ੍ਰਚਲਿਤ ਹਨ ਜਿਨ੍ਹਾਂ ਤੋਂ ਇਸ ਲੌਕਿਕ ਸੰਗੀਤ ਰਾਹੀਂ ਸਾਰੇ ਦੇ ਸਾਰੇ ਪੁਰਾਤਨ ਸ਼ਾਸਤਰੀ ਅਥਵਾ ਮਾਰਗੀ ਸੰਗੀਤ ਦੀ ਸਾਂਗੋਪਾਂਗ ਕਾਇਆਂ ਪਲਟੀ ਹੋਈ ਨਜ਼ਰ ਆਉਂਦੀ ਹੈ, ਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਲਫਜ਼ਾਂ ਵਿਚ ਕਹਿਣਾ ਪੈਂਦਾ ਹੈ ਕਿ:

‘ਰਾਗ’ ਹੋਇਆ ਦੂਰ ‘ਸੁਰ’, ਕਿਸੇ ਦਾ ਨ ਰਹਿਆ ਠੀਕ,
‘ਤਾਲੋਂ’ ਸਭ ਘੁੱਥੇ ਭਾਈ, ਰਾਮ ਰੌਲਾ ਪਾਯਾ ਹੈ।
‘ਗ੍ਰਾਮ-ਗ੍ਰਾਮ’ ਵਿਚ ਨਾ, ਮਿਲੰਦਾ ਇਕ ਦੂਜੇ ਸੰਗ,
‘ਤਾਨ’ ਖੋਇ ਬੈਠੇ ‘ਲਯ’, ਨਾਮ ਵਿਸਰਾਯਾ ਹੈ।

ਤੇ ਇਸੇ ਹਾਲਤ ਵਿਚ ਸਿੱਖਾਂ ਦੇ ਕਥਾ-ਕੀਰਤਨ ਵਿਚ ਪੁਰਾਣੇ ਤੰਤੀ ਤੇ ਹੋਰ ਹੁਨਰੀ ਸਾਜ਼ਾਂ ਦੀ ਥਾਵੇਂ ਹਰਮੋਨੀਅਮ, ਢੋਲਕ, ਚਿਮਟੇ ਤੇ ਛੈਣੇ ਹੀ ਜੋਟੀਆਂ ਦੇ ਸ਼ਬਦਾਂ ਰਾਹੀਂ ਇਕ ਅਲੱਗ ਥਾਂ ਮੱਲੀ ਬੈਠੇ ਹਨ, ਇਸ ਲਈ ਉਹ ਸੰਗੀਤਕ ਪਰੰਪਰਾ, ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਚਲਾਈ ਸੀ, ਕਿਵੇਂ ਸਥਾਈ ਬਣ ਕੇ ਰਹਿ ਸਕੇਗੀ, ਇਸ ਬਾਰੇ ਕਾਫੀ ਹੱਦ ਤਕ ਸੰਦੇਹ ਪੈਦਾ ਹੋ ਰਹੇ ਹਨ ਤੇ ਇਹ ਸੰਦੇਹ ਤਦ ਹੀ ਹਟ ਸਕਦੇ ਹਨ ਜੇ ਗੁਰੂ-ਪੰਥ ਦੀ ਪ੍ਰਤੀਨਿਧ ਜਮਾਤ ਵੱਲੋਂ ਸਥਾਪਿਤ ਵਿਦ੍ਯਾਲਯ ਤੋਂ ਗੁਰਮਤਿ ਸੰਗੀਤ ਦੀ ਪੂਰੀ ਲਗਨ ਨਾਲ ਸਿੱਖਿਆ ਪ੍ਰਾਪਤ ਕਰੀਏ। ਨਹੀਂ ਤਾਂ ਇਸ ਕਮੀ ਦੇ ਦੂਰ ਹੋਣ ਦੀ ਸੰਭਾਵਨਾ ਬੜੀ ਘੱਟ ਹੈ ਤੇ ਇਸ ਹਾਲਤ ਵਿਚ ਗੁਰਮਤਿ ਸੰਗੀਤ ਤੇ ਕੀਰਤਨ ਦਾ ਭਵਿੱਖ ਖ਼ਤਰੇ ਵਿਚ ਹੀ ਨਜ਼ਰ ਆਉਂਦਾ ਹੈ। ਇਸ ਲਈ ਕਹਿਣਾ ਪੈਂਦਾ ਹੈ ਕਿ ਕੀਰਤਨ ਉਹੋ ਠੀਕ ਹੈ, ਜੋ ਸੁਰ-ਤਾਲ ਦੇ ਅਨੁਸਾਰ ਕਰਤਾਰ ਸਿਰਜਨਹਾਰ ਨੂੰ ਪ੍ਰਵਾਨ ਹੋਵੇ ਤੇ ਉਹ ਥਾਇˆ ਪਵੇ ਜਿਵੇਂ ਕਿ ਗੁਰਵਾਕ ਹੈ:

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (ਪੰਨਾ 669)

ਸਹਾਇਕ ਪੁਸਤਕਾਂ :

ਪੰਜਾਬੀ :
– ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ੍ਰੀ ਗੁਰੂ ਅਰਜਨ ਦੇਵ ਜੀ), ਪ੍ਰਕਾਸ਼ਕ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1976 ਈ.।
– ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ, ਪ੍ਰਕਾਸ਼ਕ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1977 ਈ.।
– ਰਾਧਾ ਬੱਲਭ ਸੰਗੀਤ ਸਾਰ (ਹੱਥ ਲਿਖਤ), ਸਰਦਾਰ ਗੁਰਬਖਸ਼ ਸਿੰਘ ਮਿਸਤਰੀ, ਵਾਟਰ ਟੈਂਕੀ ਬੀ., ਪਟਿਆਲਾ-147001।
– ਗੁਰਮਤਿ ਪ੍ਰਭਾਕਰ (ਭਾਈ ਕਾਨ੍ਹ ਸਿੰਘ ਨਾਭਾ), ਸ੍ਰੀ ਗੁਰਮਤਿ ਪ੍ਰੈਸ, ਅੰਮ੍ਰਿਤਸਰ, 1922 ਈ., ਗੁਰਮਤਿ ਸੁਧਾਕਰ (ਭਾਈ ਕਾਨ੍ਹ ਸਿੰਘ ਨਾਭਾ), ਸ੍ਰੀ ਗੁਰਮਤਿ ਪ੍ਰੈਸ, ਅੰਮ੍ਰਿਤਸਰ, 1922, ਗੁਰੁ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ), ਦਰਬਾਰ ਪਟਿਆਲਾ, 1930 ਈ. ਤੇ ਭਾਸ਼ਾ ਵਿਭਾਗ ਪੰਜਾਬ. ਪਟਿਆਲਾ, 1960 ਈ.।
– ਗੁਰਬਾਣੀ ਸੰਗੀਤ (ਦੋ ਭਾਗ), ਗਿਆਨੀ ਗਿਆਨ ਸਿੰਘ, ਪ੍ਰਕਾਸ਼ਕ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1961, 1972 ਈ.।
– ਗੁਰਮਤਿ ਸੰਗੀਤ ਨਿਰਣਯ (ਡਾਕਟਰ ਚਰਨ ਸਿੰਘ), ਖਾਲਸਾ ਸਮਾਚਾਰ, ਹਾਲ ਬਜ਼ਾਰ, ਅੰਮ੍ਰਿਤਸਰ, 1925 ਈ.।
– ਰਿਪੋਰਟ ਸੰਗੀਤ ਸੰਮੇਲਨ (ਡਾ. ਤਾਰਨ ਸਿੰਘ) ਪੰਜਾਬੀ ਯੂਨੀਵਰਸਿਟੀ, ਪਟਿਆਲਾ, 1969 ਈ.।
– ਗਿਆਨ ਪ੍ਰਕਾਸ਼ (ਸੋਢੀ ਤੇਜਾ ਸਿੰਘ), ਪ੍ਰਕਾਸ਼ਕ – ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ, 1975 ਈ.।

ਹਿੰਦੀ ਸੰਸਕ੍ਰਿਤ :
– ਸੰਗੀਤ ਦਰਪਣ (ਦਾਮੋਦਰ ਪੰਡਿਤ), ਸੰਗੀਤ ਕਾਰ੍ਯਾਲਯ, ਹਾਥਰਸ (ਉੱਤਰ ਪ੍ਰਦੇਸ਼), 1962 ਈ.।
– ਅਭਿਨਵ ਸੰਗੀਤ-ਸ਼ਾਸਤ੍ਰ ਪ੍ਰਵੇਸ਼ (ਬਲਵੰਤ ਰਾਵ ਕਥਨੂਰਕਰ), ਸੰਗੀਤ ਪ੍ਰਕਾਸ਼ਨ ਮੰਡਲ, 148 ਹਿੰਦੂ ਕਾਲੋਨੀ ਦਾਦਰ (ਪੂਨਾ), 1939 ਈ.।
– ਮਧਯ ਕਾਲੀਨ ਭਾਰਤੀਯ ਸੰਸਕ੍ਰਿਤਿ (ਰਾਇ ਬਹਾਦੁਰ ਗੌਰੀ ਸ਼ੰਕਰ ਹੀਰਾ ਚੰਦ ਓਝਾ), ਹਿੰਦੁਸਤਾਨੀ ਅਕਾਡਮੀ ਉੱਤਰ ਪ੍ਰਦੇਸ਼ ਸਰਕਾਰ, ਪ੍ਰਯਾਗ, 1958 ਈ.।
– ਸੰਗੀਤ ਪੱਧਤਿਯੋਂ ਕਾ ਤੁਲਨਾਤਮਕ ਅਧ੍ਯਯਨ, ਭਾਤ ਖੰਡੇ, ਸੰਗੀਤ ਕਾਰ੍ਯਾਲਯ, ਹਾਥਰਸ (ਉ.ਪ੍ਰ.), 1967 ਈ.।
– ਸੰਗੀਤ : ਪੂਰਬ ਔਰ ਪਸ਼ਚਿਮ, ਐਚ.ਜੇ. ਕ੍ਯਾਲਰਾਇਟਰ, ਅਨੁਵਾਦਕ- ਡਾ: ਸੰਯੁਕਤਾ, ਅਖਸ਼ਰ ਪ੍ਰਕਾਸ਼, ਦਰਿਯਾ ਗੰਜ, ਦਿੱਲੀ-6.

ਉਰਦੂ-ਫ਼ਾਰਸੀ:
– ਆਈਨਿ ਅਕਬਰੀ (ਅੱਲਾਮਾ ਅਬੂਲ ਫ਼ਜ਼ਲ), ਪ੍ਰਕਾਸ਼ਕ – ਨਵਲ ਕਿਸ਼ੋਰ ਪ੍ਰੈਸ, ਲਖਨਊ।
– ਤਲਮੀਹਾਤ (ਮਹਮੂਦ ਨਿਆਜ਼), ਪ੍ਰਕਾਸ਼ਕ – ਨਸੀਮ ਬੁੱਕ ਡਿਪੋ, ਲਖਨਊ, 1973 ਈ.।
– ਹਿੰਦੁਸਤਾਨੀ ਮੌਸੀਕੀ (ਮੁਫ਼ਤੀ ਫ਼ਖ਼ਰ-ਉਲ-ਇਸਲਾਮ), ਮਕਤਬਾ ਜਾਮਿਆ ਲਿਮਿਟਿਡ, ਦਿੱਲੀ।
– ਤਹਿਕੀਕਾਤਿ ਚਿਸ਼ਤੀ (ਮੌਲਵੀ ਨੂਰਿ ਅਹਿਮਦ ਚਿਸ਼ਤੀ), ਹਮੀਦੀਆ ਪ੍ਰੈਸ, ਲਾਹੌਰ।
– ਮ੍ਯੂਜ਼ਿਕ ਆਫ ਇੰਡੀਆ- ਮੌਸੀਕੀਏ ਹਿੰਦ, ਕੇ.ਐਲ. ਰਲਿਆ ਰਾਮ, ਲਾਹੌਰ, 1930.
– ਮੁੰਤਖਿਬੁ ਲੁਬਾਬ (ਖਾਫ਼ੀ ਖ਼ਾਨ), ਬੰਗਾਲ  ਰਾਇਲ ਏਸ਼ੀਆਟਿਕ ਸੋਸਾਇਟੀ, ਕਲਕੱਤਾ, 1906 ਈ.।

ਅੰਗਰੇਜ਼ੀ :
– Ain-i-Akbari by Abul Fazal, Translated by H. Blochmann M.A., Calcutta, 1871 A.D.
-Cambridge History of India, Vol. IV (Mughal Period), Published by Chand & Co., Delhi-1957.
– Radio Sangeet Sammelan 1955, The Publication Division Govt. of India, New Delhi.
– Kertana and the Sikhs (Prof. Pritam Singh), Guru Nanak Dev Uni- versity, Amritsar, 1976.
– Hindustani Music by G.A. Ranade, Poona-1951.
– Ragas and Raginies by O.C. Gangoly, Nalanda Publications, Bombay, 1935.

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Shamsher Singh Ashok

ਹੱਥ ਲਿਖਤ ਤੇ ਦੁਰਲਭ ਖਰੜਿਆਂ ਦੇ ਸੁਘੜ ਖੋਜੀ, ਕਵੀ, ਅਨੁਵਾਦਕ, ਸੰਪਾਦਕ, ਇਤਿਹਾਸਕਾਰ, ਆਲੋਚਕ ਅਤੇ ਨਿਬੰਧਕਾਰ ਸ.ਸ਼ਮਸ਼ੇਰ ਸਿੰਘ ਅਸ਼ੋਕ (੧੦.੨.੧੯੦੪ - ੧੪.੭.੧੯੮੬) ਕਿਸੇ ਜਾਣ ਪਛਾਣ ਦੇ ਮੁਥਾਜ ਨਹੀ। ਉਹਨਾਂ ਦੀਆ ਤਕਰੀਬਨ ੧੦੦ ਕੁ ਦੇ ਕਰੀਬ ਕਿਤਾਬਾ ਮੌਲਿਕ , ਸੰਪਾਦਨ, ਅਨੁਵਾਦ ਅਤੇ ਖੋਜ ਦੇ ਰੂਪ ਵਿਚ ਪ੍ਰਕਾਸ਼ਿਤ ਹੋਈਆਂ, ਸੈਕੜਿਆਂ ਦੀ ਤਦਾਦ ਚ ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵਕਤ ਦੀਆਂ ਖੋਜ-ਪਤ੍ਰਿਕਾਵਾਂ ਤੇ ਅਖ਼ਬਾਰਾਂ ਚ ਛਪਦੇ ਰਹੇ । ਜੂਨ ੧੯੪੩ ਤੋ ੧੯੪੫ ਤੱਕ ਉਹ ਸਿੱਖ ਨੈਸ਼ਨਲ ਕਾਲਜ ਲਹੌਰ ਵਿਖੇ ਰੀਸਰਚ ਸਕਾਲਰ ਵਜੋ ਕਾਰਜਰਤ ਰਹੇ, ੧੯੪੫ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਾਹੌਰ ਵਿਖੇ ਰਹਿ ਕੇ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ ,ਮੁਲਕ ਦੀ ਤਕਸੀਮ ਵਕਤ ਕੁਝ ਸਮਾਂ ਅਮ੍ਰਿਤਸਰ ਵਿਖੇ ਕਮੇਟੀ ਅਧੀਨ ਲਾਇਬ੍ਰੇਰੀ ਚ ਵੀ ਸੇਵਾ ਨਿਭਾਈ। ੧੯੪੮ਤੋ ੧੯੫੯ ਤੱਕ ਪਟਿਆਲ਼ਾ ਰਿਆਸਤ ਰਾਹੀਂ ਸਥਾਪਿਤ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵਿਖੇ ਕੋਸ਼ਕਾਰ ਤੇ ਹੱਥ ਲਿਖਤਾਂ ਦੇ ਖੋਜੀ ਰਹੇ, ੧੯੫੯ ਵਿਚ ਕੁਝ ਸਮਾਂ ਮੋਤੀ ਬਾਗ਼ ਪਟਿਆਲ਼ਾ ਵਿਖੇ ਵੀ ਕਾਰਜ ਕੀਤਾ। ਸਰਦਾਰ ਸਾਹਬ ਹੁਣਾਂ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ ਮਹਿਕਮਾ ਪੰਜਾਬੀ ਵਿਖੇ ਆਪ ਨੂੰ ੧੯੬੦ ਤੋ ੧੯੬੩ ਤਕ ਦੁਬਾਰਾ ਨਿਯੁਕਤ ਕੀਤਾ ਗਿਆ। ਇਸੇ ਸਮੇਂ ਦੌਰਾਨ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਦੂਜੀ ਐਡੀਸ਼ਨ ਦਾ ਸੰਪਾਦਨ ਵੀ ਆਪ ਨੇ ਕੀਤਾ,ਉਥੇ ਹੱਥ ਲਿਖਤਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ । ਸੰਨ ੧੯੬੪ ਵਿਚਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖ ਇਤਿਹਾਸ ਰੀਸਰਚ ਬੋਰਡ ਵਿਖੇ ਰੀਸਰਚ ਸਕਾਲਰ ਵਜੋ ਨਿਯੁਕਤ ਕੀਤਾ ।ਜਿਥੇ ੧੯੮੧ ਤੱਕ ਸੇਵਾ ਨਿਭਾਈ ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)