editor@sikharchives.org
Bhai Hira Singh

ਕੀਰਤਨੀਆਂ ਦੇ ਆਪਣੇ ਬਾਰੇ ਪ੍ਰਭਾਵ

ਸੁਰ, ਤਾਲ, ਲੈਅ ਦਾ, ਸਮੇਂ ਤੇ ਖਿਆਲ ਨਾਲ ਢੁੱਕਦੀ ਤਰਜ਼ ਦਾ ਤੇ ਉਸ ਦੇ ਪ੍ਰਭਾਵ ਦਾ ਧਿਆਨ ਜ਼ਰੂਰੀ ਹੈ; ਇਸ ਬਿਨਾਂ ਕੀਰਤਨ, ਕੀਰਤਨ ਨਹੀਂ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਸਾਈਂ ਦਿੱਤਾ ਜੀ

ਬਜ਼ੁਰਗ ਸੱਜਣ ਜਾਣਦੇ ਹਨ ਕਿ ਸੰਨ 1947 ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਬਹੁਤ ਸਾਰੇ ਰਬਾਬੀ ਵੀ ਕੀਰਤਨ ਕਰਦੇ ਰਹੇ ਹਨ। ਇਹ ਵਿਚਾਰ ਵੀ ਪ੍ਰਚਲਤ ਹੈ ਕਿ ਭਾਈ ਮਰਦਾਨਾ ਜੀ ਤੋਂ ਹੀ ਇਹ ਪਰੰਪਰਾ ਚੱਲਦੀ ਆਈ, ਜਿਸ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਤੇ ਹੋਰ ਰਬਾਬੀਆਂ ਨੇ ਪ੍ਰੇਮ ਨਾਲ ਨਿਭਾਇਆ। ਬਹੁਤੇ ਪਾਠਕਾਂ ਨੂੰ ਪਤਾ ਹੋਵੇਗਾ ਕਿ ਕਈ ਰਬਾਬੀ ਪਿੱਛੋਂ ਸਿੰਘ ਸਜ ਗਏ ਅਤੇ ਉਨ੍ਹਾਂ ਵਿੱਚੋਂ ਹੁਣ ਵੀ ਕਈ ਪ੍ਰਸਿੱਧ ਰਾਗੀ ਹਨ ਅਤੇ ਕਈ ਇਤਿਹਾਸਕ ਗੁਰਦੁਆਰਿਆਂ ਵਿਚ ਸੇਵਾ ਵਿਚ ਲੱਗੇ ਹੋਏ ਹਨ।

ਲੇਖਕ ਨੂੰ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤਕ ਭਾਈ ਸਾਈਂ ਦਿੱਤਾ ਜੀ ਦੇ ਕਾਫੀ ਨੇੜੇ ਹੋਣ ਦਾ ਅਵਸਰ ਮਿਲਿਆ ਹੈ ਅਤੇ ਉਸ ਤੋਂ ਪਿੱਛੋਂ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਉਨ੍ਹਾਂ ਦਾ ਕੀਰਤਨ ਅਨੇਕਾਂ ਵਾਰ ਸੁਣਨ ਅਤੇ ਦੋਸਤਾਂ ਵਾਂਗ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ। ਇਸ ਲਈ ਕਈ ਵਾਰ ਕੀਰਤਨ ਸੰਬੰਧੀ ਕੋਈ ਨਾ ਕੋਈ ਵਿਚਾਰ ਚੱਲ ਪੈਂਦਾ ਸੀ:

ਪ੍ਰਸ਼ਨ : ਭਾਈ ਸਾਹਿਬ, ਤੁਸੀਂ ਕੀਰਤਨ ਤਾਂ ਬਹੁਤ ਸਵਾਦਲਾ ਅਤੇ ਸੰਗੀਤ ਦੀ ਸੋਝੀ ਵਾਲਾ ਕਰਦੇ ਹੋ, ਪਰ ਪ੍ਰਮਾਣ ਬਹੁਤ ਘੱਟ ਦਿੰਦੇ ਹੋ, ਹਾਲਾਂਕਿ ਭਾਈ ਚਾਂਦ ਜੀ ਪ੍ਰਮਾਣਾਂ ਦੀ ਝੜੀ ਲਾ ਦਿੰਦੇ ਹਨ?

ਉੱਤਰ : ਠੀਕ ਹੈ, ਪ੍ਰਮਾਣਾਂ ਨਾਲ ਗੱਲ ਦੀ ਤਾਗੀਦ ਹੋ ਜਾਂਦੀ ਹੈ ਪਰ ਮੈਂ ਸੋਚਦਾ ਆਂ ਕਿ ਗੁਰੂ ਸਾਹਿਬ ਨੇ ਜਿੱਥੇ ਸੁਖਮਨੀ ਸਾਹਿਬ ਜਿੰਨੀਆਂ ਲੰਮੀਆਂ ਬਾਣੀਆਂ ਲਿਖੀਆਂ ਨੇ ਅਤੇ ਇੱਕੋ ਇੱਕ ਖਿਆਲ ਨੂੰ ਇੰਨੇ ਫੈਲਾਅ ਨਾਲ ਸਮਝਾਇਆ ਹੈ, ਜੇ ਉਹ ਲੋੜ ਸਮਝਦੇ ਤਾਂ ਜਿਹੜੇ ਸ਼ਬਦ ਦਾ ਮੈਂ ਕੀਰਤਨ ਕਰ ਰਿਹਾ ਹਾਂ, ਉਸ ਵਿਚ ਵੀ ਹੋਰ ਤੁਕਾਂ ਲਿਖ ਦਿੰਦੇ। ਇਸ ਲਈ ਮੇਰਾ ਖਿਆਲ ਇਹ ਹੈ ਕਿ ਵਧੇਰੇ ਪ੍ਰਮਾਣ ਦੇਣ ਨਾਲ ਖਿਆਲ ਦੀ ਲੜੀ ਟੁੱਟਦੀ ਹੈ ਤੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਉਸ ਖਿਆਲ ਨੂੰ ਗੁੰਦਿਆ ਹੈ, ਉਸ ਤਰ੍ਹਾਂ ਉਹ ਪੇਸ਼ ਨਹੀਂ ਕੀਤਾ ਜਾ ਸਕਦਾ।

ਇਕ ਹੋਰ ਗੱਲ ਵੀ ਹੈ ਅਮੋਲ ਸਾਹਿਬ, ਕੋਈ ਜ਼ਿਆਦਾ ਹੀ ਔਖੀ ਮੁਸ਼ਕਲ ਬਾਤ ਹੋਵੇ, ਉਸ ਲਈ ਤਾਂ ਇਕ-ਦੋ ਪ੍ਰਮਾਣ ਦੇ ਕੇ ਉਸ ਨੂੰ ਹੋਰ ਸਾਫ਼ ਕੀਤਾ ਜਾ ਸਕਦਾ ਹੈ ਪਰ ਇੱਕੋ ਸ਼ਬਦ ਵਿਚ ਜਾਂ ਇੱਕੋ ਤੁਕ ਉੱਤੇ ਘੰਟਾ-ਘੰਟਾ ਪ੍ਰਮਾਣ ਦੇਈ ਜਾਣੇ, ਮੈਨੂੰ ਕੁਝ ਚੰਗੇ ਨਹੀਂ ਲੱਗਦੇ।

ਭਾਈ ਚਾਂਦ ਜੀ

ਇਹ ਗੱਲ ਅੰਮ੍ਰਿਤਸਰ ਦੀ ਨਹੀਂ, ਜਿੱਥੋਂ ਤਕ ਯਾਦ ਹੈ ਫਿਰੋਜ਼ਪੁਰ ਛਾਉਣੀ ਦੀ ਹੈ। ਭਾਈ ਚਾਂਦ ਜੀ ਨੇ ਪ੍ਰਮਾਣਾਂ ਦੀ ਝੜੀ ਲਾਈ ਅਤੇ ਸੰਗਤਾਂ ਨੇ ਮਾਇਆ ਦੀਆਂ ਝੜੀਆਂ ਲਾ ਦਿੱਤੀਆਂ। ਰਸ ਵੀ ਬੜਾ ਆਇਆ। ਕੁਦਰਤੀ ਸਮਾਂ ਮਿਲ ਗਿਆ ਤੇ ਕੀਰਤਨ ਤੋਂ ਪਿੱਛੋਂ ਅਸੀਂ ਲਾਗੇ-ਲਾਗੇ ਹੀ ਕਮਰਿਆਂ ਵਿਚ ਠਹਿਰੇ ਹੋਏ ਸੀ। ਇਉਂ ਅਗਲੀ ਸਵੇਰ ਸਵੱਖਤੇ ਹੀ ਭਾਈ ਚਾਂਦ ਜੀ ਦੇ ਨਾਲ ਸਟੇਸ਼ਨ ਵੱਲ ਨੂੰ ਆਉਂਦਿਆਂ ਮੈਂ ਗੱਲ ਛੇੜੀ।

ਪ੍ਰਸ਼ਨ : ਬੜੀ ਮਿਹਨਤ ਕਰਦੇ ਓ, ਇੰਨੇ ਪ੍ਰਮਾਣ ਕਿਸ ਤਰ੍ਹਾਂ ਯਾਦ ਰੱਖਦੇ ਓ? ਕੀ ਲਿਖ ਕੇ ਲੈ ਆਉਂਦੇ ਓ?

ਉੱਤਰ : ਯਾਦ ਤਾਂ ਮਸ਼ਕ ਤੇ ਜ਼ਰੂਰਤ ਦਾ ਮਸਲਾ ਹੈ। ਇਕ ਘੰਟੇ ਲਈ ਪ੍ਰਮਾਣ ਲਿਖਣੇ ਹੋਣ ਤਾਂ ਮੇਰਾ ਖਿਆਲ ਹੈ 8-10 ਘੰਟੇ ਤਾਂ ਲੱਗਣਗੇ ਈ।

ਪ੍ਰਸ਼ਨ : ਪਰ ਇੰਨੇ ਵਧੇਰੇ ਪ੍ਰਮਾਣ ਕਿਉਂ ਦਿੰਦੇ ਓ? ਹੋਇਆ ਦੋ-ਚਾਰ ਦੇ ਦਿੱਤੇ, ਉਹ ਵੀ ਜਿੱਥੇ ਲੋੜ ਹੋਈ?

ਉੱਤਰ : ਸੱਚੀ ਗੱਲ ਇਹ ਹੈ ਕਿ ਲੋੜ ਦਾ ਅੰਦਾਜ਼ਾ ਅਸੀਂ ਸੰਗਤਾਂ ਤੋਂ ਲਾਉਂਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤਾਂ ਨੂੰ ਮੇਰਾ ਇਹ ਪ੍ਰਮਾਣਾਂ ਦਾ ਢੰਗ ਸਭਨਾਂ ਰਾਗੀਆਂ ਨਾਲੋਂ ਵੱਧ ਪਸੰਦ ਹੈ।

ਪ੍ਰਸ਼ਨ : ਇਸ ਦਾ ਸਬੂਤ?

ਉੱਤਰ : ਉਨ੍ਹਾਂ ਦਾ ਘੰਟਿਆਂ-ਬੱਧੀ ਬੈਠੇ ਅਡੋਲ ਸੁਣਨਾ ਅਤੇ ਮਾਇਆ ਦੇ ਗੱਫੇ ਬਖਸ਼ਣੇ। ਹੋਰ ਵੀ ਖਰੀ ਗੱਲ ਇਹ ਹੈ ਕਿ ਮੇਰੀ ਸਾਰੀ ਮਸ਼ਹੂਰੀ ਤੇ ਸਫ਼ਲਤਾ ਮੈਨੂੰ ਇਸੇ ਉੱਤੇ ਜਾਪਦੀ ਹੈ ਜਾਂ ਰੱਬ ਦੀ ਮਿਹਰਬਾਨੀ। ਮੈਂ ਬਤੌਰ ਰਬਾਬੀ ਜਾਂ ਕੀਰਤਨੀਆ ਸੰਗਤਾਂ ਦੀ ਖੁਸ਼ੀ ਦੀ ਸਭ ਤੋਂ ਜ਼ਿਆਦਾ ਕੀਮਤ ਪਾਉਂਦਾ ਹਾਂ (ਹੱਸ ਕੇ) ਅਤੇ ਉਹ ਮੇਰੀ ਮਿਹਨਤ ਦੀ ਕੀਮਤ ਪਾਉਂਦੀਆਂ ਹਨ ਅਤੇ ਕਦਰ ਕਰਦੀਆਂ ਹਨ।

ਭਾਈ ਹੀਰਾ ਸਿੰਘ ਜੀ

ਭਾਈ ਹੀਰਾ ਸਿੰਘ ਜੀ ਰਾਗੀ ਬਹੁਤ ਉੱਚੇ ਵਿਚਾਰਾਂ ਦੇ, ਸ਼ੁੱਧ ਤੇ ਸਿੱਖੀ ਭਾਵਨਾ ਵਾਲੇ ਕੀਰਤਨੀਏ ਸਨ। ਉਨ੍ਹਾਂ ਦੀ ਵਧੇਰੇ ਪ੍ਰਸਿੱਧਤਾ ਉਨ੍ਹਾਂ ਦੀ ਵਿਆਖਿਆ ਕਰਕੇ ਸੀ। ਭਾਈ ਚਾਂਦ ਜੀ ਦੇ ਪ੍ਰਮਾਣਾਂ ਦੇ ਅਸਰ ਨਾਲ ਭਾਈ ਚਾਂਦ ਜੀ ਨੂੰ ਮਾਇਆ ਮਿਲਦੀ ਸੀ, ਪਰ ਭਾਈ ਹੀਰਾ ਸਿੰਘ ਜੀ ਦੀ ਵਿਆਖਿਆ ਨੇ ਫਰੂਕੇ ਵਿਚ ਸਕੂਲ ਬਣਾ ਦਿੱਤਾ। ਕਈ ਗੁਰਦੁਆਰਿਆਂ ਦੀ ਮਾਇਕ ਸਹਾਇਤਾ ਕੀਤੀ ਅਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਾਸਤੇ ਉਨ੍ਹਾਂ ਦਾ ਲਾਇਆ ਇਕ ਮਹੀਨਾ ਕਾਨਫਰੰਸ ਦੇ ਖਰਚਾਂ ਦਾ ਬਹੁਤ ਸਾਰਾ ਹਿੱਸਾ ਪੂਰਾ ਕਰ ਦਿੰਦਾ ਸੀ। ਭਾਈ ਹੀਰਾ ਸਿੰਘ ਜੀ ਦੀ ਕੀਤੀ ਹੋਈ ਅਪੀਲ ਹਜ਼ਾਰਾਂ ਹੀ ਰੁਪਏ ਇਕੱਠੇ ਕਰ ਸਕਦੀ ਸੀ।

ਪ੍ਰਸ਼ਨ : ਭਾਈ ਸਾਹਿਬ, ਤੁਸੀਂ ਵਿਆਖਿਆ ਏਨੀ ਲੰਮੀ ਕਰਦੇ ਓ ਕਿ ਸ਼ੁੱਧ ਬਾਣੀ ਦਾ ਰਸ ਲੈਣ ਵਾਲੇ ਜਾਂ ਕੀਰਤਨ ਦਾ ਅਨੰਦ ਮਾਣਨ ਵਾਲੇ ਸੱਜਣ ਤੇ ਬੀਬੀਆਂ ਨੂੰ ਬੜੀ ਘਾਟ ਰਹਿੰਦੀ ਹੈ। ਉਹ ਪ੍ਰਤੀਤ ਕਰਦੇ ਨੇ ਕਿ ਦੋ-ਤਿੰਨ ਘੰਟਿਆਂ ਵਿਚ ਮਸਾਂ ਅੱਧਾ ਕੁ ਘੰਟਾ ਗੁਰਬਾਣੀ ਦਾ ਕੀਰਤਨ ਉਨ੍ਹਾਂ ਦੇ ਹਿੱਸੇ ਆਇਆ ਹੈ, ਬਾਕੀ ਸਮਾਂ ਤੁਹਾਡਾ ਵਿਖਿਆਨ ਜਾਂ ਵਿਆਖਿਆ ਨੇ ਲੈ ਲਿਆ ਹੈ?

ਉੱਤਰ : ਜੇ ਉਹ ਵਿਖਿਆਨ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਹਜ਼ਾਰਾਂ ਦੀ ਗਿਣਤੀ ਵਿਚ ਕਿਉਂ ਇਕੱਤਰ ਹੋ ਕੇ ਬੈਠੇ ਰਹਿੰਦੇ ਹਨ? ਉਸ ਵਿਆਖਿਆ ਵਿਚ ਮੈਂ ਜਿਸ ਮਿਸ਼ਨ ਲਈ ਮਾਇਆ ਵਾਸਤੇ ਇਸ਼ਾਰਾ ਵੀ ਕਰਾਂ, ਸੰਗਤਾਂ ਖੁੱਲ੍ਹੇ ਦਿਲ ਬਖਸ਼ਦੀਆਂ ਹਨ ਅਤੇ ਜੇ ਕੋਈ ਅਪੀਲ ਵੀ ਨਾ ਕਰਾਂ ਤਾਂ ਵੀ ਤੁਸਾਂ ਵੇਖਿਆ ਹੋਣਾ ਏ ਕਿ ਚਾਂਦੀ ਦੇ ਰੁਪੱਈਆਂ ਦੇ ਢੇਰ ਮੇਰੇ ਕੀਰਤਨ ਵੇਲੇ ਲੱਗ ਜਾਂਦੇ ਹਨ। ਸੋ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਸੰਗਤਾਂ ਨੂੰ ਰਸ ਨਹੀਂ ਆਉਂਦਾ ਜਾਂ ਉਨ੍ਹਾਂ ਉੱਤੇ ਅਸਰ ਨਹੀਂ ਹੁੰਦਾ।

ਪ੍ਰਸ਼ਨ : ਪਰ ਜੇ ਤੁਸੀਂ ਵਿਆਖਿਆ ਦੀ ਥਾਂ ਨਿਰਾ ਕੀਰਤਨ ਹੀ ਕਰੋ ਤਾਂ ਕੀ ਖਿਆਲ ਹੈ ਕਿ ਮਾਇਆ ਦੀ ਕੋਈ ਘਾਟ ਰਹੇਗੀ?

ਉੱਤਰ : ਇਹ ਡਰ ਤਾਂ ਮੈਨੂੰ ਨਹੀਂ, ਸਿੱਖ ਸੰਗਤਾਂ ਬੜੀਆਂ ਦਿਆਲ ਹਨ, ਉਹ ਭਾਈ ਚਾਂਦ ਜੀ ਨੂੰ ਵੀ ਤਾਂ ਬਿਨਾਂ ਵਿਆਖਿਆ ਹੀ ਨਿਹਾਲ ਕਰ ਛੱਡਦੀਆਂ ਹਨ ਤੇ ਜਿਵੇਂ ਉਸ ਦੀ ਵਿਲੱਖਣਤਾ ਪ੍ਰਮਾਣਾਂ ਵਿਚ ਹੈ, ਮੇਰੀ ਵਿਲੱਖਣਤਾ ਵਿਆਖਿਆ ਦੀ ਹੈ। ਮੈਂ ਉਸ ਜਿੰਨਾ ਰਾਗ ਨਹੀਂ ਜਾਣਦਾ। ਸ਼ਾਇਦ ਉਸ ਜਿੰਨੇ ਪ੍ਰਮਾਣ ਵੀ ਬਾਣੀ ਦੇ ਨਾ ਦੇ ਸਕਾਂ, ਪਰ ਵਿਆਖਿਆ ਵਿਚ ਤਾਂ ਉਹ ਮੇਰੇ ਸਾਹਮਣੇ ਇਕ ਮਿੰਟ ਵੀ ਨਹੀਂ ਠਹਿਰ ਸਕਦੇ।

ਪ੍ਰਸ਼ਨ : ਇਹ ਸਭ ਗੱਲਾਂ ਮੰਨੀਆਂ, ਪਰ ਸੁਆਲ ਤਾਂ ਇਹ ਹੈ ਕਿ ਅਸਾਂ ਬਾਣੀ ਜਾਂ ਕੀਰਤਨ ਦੇ ਨਾਂ ’ਤੇ ਜਾਂ ਉਸ ਕੀਰਤਨ ਦੇ ਸਮੇਂ ਵਿਚ ਭਾਸ਼ਨ ਵਿਖਿਆਨ ਜਾਂ ਇਤਿਹਾਸ ਲੋਕਾਂ ਨੂੰ ਸੁਣਾਇਆ। ਮੰਨਿਆ ਕਿ ਸਿੱਖ ਸੰਗਤਾਂ ਵਿਚ ਕਥਾ ਅਤੇ ਵਿਖਿਆਨ ਦੀ ਵੀ ਥਾਂ ਹੈ, ਪਰ ਕੀਰਤਨ ਦਾ ਤੇ ਉਹ ਭੀ ਨਿਰੋਲ ਕੀਰਤਨ ਦਾ ਆਪਣਾ ਇਕ ਥਾਂ ਹੈ?

ਉੱਤਰ : ਮੈਂ ਵੀ ਮੰਨਿਆ, ਪਰ ਸਵਾਲ ਤਾਂ ਇਹ ਹੈ ਕਿ ਬਾਣੀ ਸਮਝਾਉਣ ਲਈ ਜਾਂ ਬਾਣੀ ਦੇ ਭਾਵ ਨੂੰ ਹੋਰ ਦ੍ਰਿੜ੍ਹ ਕਰਨ ਲਈ ਮੈਂ ਵਿਆਖਿਆ ਕਰਦਾ ਹਾਂ। ਤੇ
 
ਗੁਰ-ਇਤਿਹਾਸ ਨਾਲ ਜਾਂ ਭਾਈ ਵੀਰ ਸਿੰਘ ਜੀ ਜਿਹੇ ਗੁਰਮੁਖਾਂ ਦੇ ਲਿਖੇ ਵਿਚਾਰਾਂ ਤੇ ਸਾਖੀਆਂ ਦੇ ਸਹਾਰੇ ਗੁਰ-ਇਤਿਹਾਸ ਸੁਣਾਉਂਦਾ ਤੇ ਵਿਆਖਿਆ ਕਰਦਾ ਹਾਂ।

ਰਾਗੀ ਸੁੰਦਰ ਸਿੰਘ ਜੀ

ਇਹ ਉਹ ਸ਼ਖ਼ਸੀਅਤ ਸਨ ਜੋ ਸੰਨ 1936 ਵਿਚ ਗੁਜਰਾਤ (ਪਾਕਿਸਤਾਨ) ਦੇ ਨੇੜੇ ਇਕ ਦੀਵਾਨ ਉੱਤੇ ਗਏ ਮੁਸਲਮਾਨਾਂ ਹੱਥੋਂ ਸ਼ਹੀਦ ਹੋ ਗਏ ਸਨ ਕਿਉਂਕਿ ਉਨ੍ਹੀਂ ਦਿਨੀਂ ਉਥੇ ਆਪੋ ਵਿਚ ਖਿਚਾਉ ਸੀ।

ਭਾਈ ਸੁੰਦਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਤੇ ਫੇਰ ਹੈੱਡ ਰਾਗੀ ਭੀ ਬਣੇ ਸਨ। ਉਹ ਸੰਗੀਤ ਦੇ ਵਿਸ਼ੇਸ਼ ਮਾਹਿਰ ਹੋਣ ਦੇ ਨਾਲ-ਨਾਲ ਗੁਰਬਾਣੀ ਤੇ ਕੀਰਤਨ ਦੇ ਉੱਚ-ਕੋਟੀ ਦੇ ਰਾਗੀ ਭੀ ਮੰਨੇ ਜਾਂਦੇ ਸਨ। ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਇਕ ਪਿੰਡ ਵਿਚ ਅਸੀਂ ਲੌਢੇ ਵੇਲੇ ਤੋਂ ਪਿੱਛੋਂ ਖੇਤਾਂ ਵਿਚ ਫਿਰ ਰਹੇ ਸਾਂ। ਉਸ ਸਮੇਂ ਮੈਂ ਉਨ੍ਹਾਂ ਦੀ ਸੰਗਤ ਦਾ ਲਾਭ ਲੈਣ ਲਈ ਹੋਰ ਕਈ ਗੱਲਾਂ ਨਾਲ ਇਹ ਪ੍ਰਸ਼ਨ ਭੀ ਪੁੱਛੇ ਤੇ ਉੱਤਰ ਲਏ:

ਪ੍ਰਸ਼ਨ : ਤੁਸੀਂ ਏਡੇ ਗਵੱਈਏ ਤੇ ਸੰਗੀਤਕਾਰ ਹੁੰਦਿਆਂ ਭੀ ਕੀਰਤਨ ਵਿਚ ਨਾ ਗਲਾ ਫੇਰਦੇ ਹੋ, ਨਾ ਤਾਨ ਅਲਾਪ ਜਾਂ ਪਲਟੇ ਲਾਉਂਦੇ ਹੋ ਹਾਲਾਂਕਿ ਸੰਗੀਤ ਦਰਬਾਰਾਂ ਵਿਚ ਉਸੇ ਉੱਤੇ ਤੁਹਾਨੂੰ ਏਨੀ ਵਾਹ-ਵਾਹ ਤੇ ਸੈਂਕੜੇ ਰੁਪਏ ਮਿਲਦੇ ਨੇ?

ਉੱਤਰ : ਥਾਂ-ਥਾਂ ਦਾ ਫ਼ਰਕ ਏ। ਇਥੇ ਹੁਣ ਪਿੰਡ ਵਿਚ ਜੇ ਮੈਂ ਅਲਾਪ ਕਰਾਂ ਤਾਂ ਸ੍ਰੋਤੇ ਹੱਸਣਗੇ ਹੀ। ਫੇਰ ਕੀਰਤਨ ਵਿਚ ਲੋੜ ਹੁੰਦੀ ਹੈ ਇਕ ਰੰਗ ਬੰਨ੍ਹਣ ਦੀ, ਨਾ ਕਿ ਕਲਾ ਦੀ ਨੁਮਾਇਸ਼ ਕਰਨ ਦੀ। ਇਥੇ ਆਪ ਭਿੱਜ ਜਾਈਦਾ ਹੈ, ਆਪਾ ਭੁੱਲ ਜਾਈਦਾ ਹੈ, ਗੁਰੂ-ਚਰਨਾਂ ਵਿਚ ਵੀ ਹਾਜ਼ਰੀ ਭਰਨੀ ਹੁੰਦੀ ਹੈ। ਇਥੇ ਸ਼ੁਕੀਨੀਆਂ ਤੇ ਨਖਰੇ ਨਹੀਂ ਸ਼ੋਭਦੇ। ਪਰ ਸੁਰ, ਤਾਲ, ਲੈਅ ਦਾ, ਸਮੇਂ ਤੇ ਖਿਆਲ ਨਾਲ ਢੁੱਕਦੀ ਤਰਜ਼ ਦਾ ਤੇ ਉਸ ਦੇ ਪ੍ਰਭਾਵ ਦਾ ਧਿਆਨ ਜ਼ਰੂਰੀ ਹੈ; ਇਸ ਬਿਨਾਂ ਕੀਰਤਨ, ਕੀਰਤਨ ਨਹੀਂ। ਬਾਣੀ ਸ਼ੁੱਧ ਪੜ੍ਹਨੀ ਭੀ ਜ਼ਰੂਰੀ ਹੈ।

ਪ੍ਰਸ਼ਨ : ਜੇ ਪ੍ਰੇਮ ਨਾਲ ਹੀ ਕੋਈ ਕੀਰਤਨ ਕਰੇ ਤਾਂ ਸਿੱਖ ਸੰਗਤਾਂ ਵਿਚ ਸੱਚਮੁੱਚ ਬੜਾ ਸਤਿਕਾਰ ਹੈ, ਪਰ ਜਦੋਂ ਕੋਈ ਇਸ ਨੂੰ ਕਿੱਤਾ ਜਾਂ ਧੰਦਾ ਬਣਾ ਲੈਂਦਾ ਹੈ ਤਾਂ ‘ਰੋਟੀਆ ਕਾਰਣਿ ਪੂਰਹਿ ਤਾਲ’ ਜਾਪਣ ਲੱਗ ਪੈਂਦਾ ਹੈ ਤੇ ਸਤਿਕਾਰ ਤੇ ਅਸਰ ਘਟ ਜਾਂਦਾ ਹੈ?

ਉੱਤਰ : ਗੱਲ ਤੁਹਾਡੀ ਠੀਕ ਹੋਵੇਗੀ। ਮੈਂ ਦੋਵੇਂ ਰੰਗ ਵੇਖੇ ਹਨ। ਮੈਂ ਕੀਰਤਨ ਨੂੰ ਤੇ ਕੇਵਲ ਕੀਰਤਨ ਨੂੰ ਹੀ ਕਿਰਤ ਇਸ ਲਈ ਬਣਾਇਆ ਕਿ ਜਿੰਨਾ ਚਿਰ ਆਦਮੀ ਪੂਰਾ ਵਕਤ ਤੇ ਪੂਰਾ ਧਿਆਨ ਇਸ ਪਾਸੇ ਨਾ ਦੇ ਸਕੇ, ਉਹ ਪੂਰਾ (perfect) ਨਹੀਂ ਹੁੰਦਾ। ਜੇ ਰੋਜ਼ੀ ਭੀ ਉਸੇ ਕੰਮ ਦੇ ਸਿਰ ਹੋਵੇ ਤਾਂ ਮਨੁੱਖ ਹੋਰ ਭੀ ਜ਼ੋਰ ਲਾਉਂਦਾ ਹੈ, ਵਧੇਰੇ ਮਿਹਨਤ ਕਰਦਾ ਹੈ ਤੇ ਆਪਣੇ ਕੰਮ ਵਿਚ ਲਾਇਕ ਬਣਦਾ ਹੈ। ਮੈਂ ਦੁਕਾਨ ਛੱਡ ਕੇ ਨਿਰਾ ਕੀਰਤਨੀਆ ਬਣ ਕੇ ਜਿੰਨਾ ਚਾਰ-ਪੰਜ ਸਾਲਾਂ ਵਿਚ ਸਿੱਖਿਆ ਹੈ, ਦੁਕਾਨਦਾਰੀ ਕਰਦਿਆਂ ਵੀਹ ਵਰ੍ਹਿਆਂ ਵਿਚ ਭੀ ਨਹੀਂ ਸੀ ਸਿੱਖ ਸਕਿਆ। ਸੰਗੀਤ ਕਲਾ ਹੈ, ਬੜੀ ਸੂਖਮ ਤੇ ਲਗਨ ਵਾਲੀ ਕਲਾ ਹੈ। ਤੁਸੀਂ ਜਾਣਦੇ ਹੋ, ਜਿੱਥੇ ਮਿਹਨਤ ਥੱਕ ਜਾਏ, ਓਥੇ ਹੁਨਰ (ਕਲਾ) ਦਾ ਆਗ਼ਾਜ਼ (ਅਰੰਭ) ਹੁੰਦਾ ਹੈ। ਜੇ ਨਿਰੇ ਸਾਜ਼ ਭੰਨਣੇ ਤੇ ਚਿਮਟੇ ਹੀ ਕੁੱਟਣੇ ਹੋਣ ਤਾਂ ਹੋਰ ਗੱਲ ਹੈ।

ਪ੍ਰਸ਼ਨ : ਫੇਰ ਕਲਾ ਨੂੰ ਤੁਸੀਂ ਕੀਰਤਨ ਵਿਚ ਕਿਉਂ ਨਹੀਂ ਵਰਤਦੇ?

ਉੱਤਰ : ਬਹੁਤ ਵਰਤਦਾ ਹਾਂ, ਰਿਆਜ਼ (ਅਭਿਆਸ) ਅਜੇ ਤਕ ਕਰਦਾ ਹਾਂ, ਹੋਰ ਹੋਰ ਸਿੱਖਦਾ ਹਾਂ। ਕਲਾ ਨਾ ਵਰਤਣ ਦਾ ਇਕ ਜਵਾਬ ਮੈਂ ਤੁਹਾਨੂੰ ਅੱਗੇ ਦੇ ਚੁਕਾ ਹਾਂ। ਦੂਜਾ ਜਵਾਬ ਇਹ ਹੈ ਕਿ ਤੁਸੀਂ ਆਪ ਹੀ ਸਵੇਰੇ ਆਪਣੇ ਲੈਕਚਰ ਵਿਚ ਆਖਿਆ ਸੀ- ਹੁਨਰ, ਹੁਨਰ ਨੂੰ ਛੁਪਾਉਣ ਵਿਚ ਹੈ ਨਾ ਕਿ ਦਿਖਾਉਣ ਵਿਚ, ਇਸ ਨੂੰ ਸਾਦਾ ਸੁਹੱਪਣ ਕਹਿ ਲਓ।

ਭਾਈ ਸਮੁੰਦ ਸਿੰਘ ਜੀ

ਭਾਈ ਸਮੁੰਦ ਸਿੰਘ ਜੀ
ਭਾਈ ਸਮੁੰਦ ਸਿੰਘ ਜੀ

ਭਾਈ ਸਮੁੰਦ ਸਿੰਘ ਜੀ ਭੀ ਆਪਣੇ ਸਮੇਂ ਵਿਚ ਬਹੁਤ ਹੀ ਮਹਾਨ ਰਾਗੀ, ਗੁਰੂ-ਘਰ ਦੇ ਪ੍ਰੇਮੀ ਤੇ ਪ੍ਰਸਿੱਧ ਕੀਰਤਨੀਏ ਹੋਏ ਹਨ। ਉਹ ਗੁਰਪੁਰੀ ਸਿਧਾਰ ਗਏ ਹਨ ਅਤੇ ਸਾਡੇ ਵਿੱਚੋਂ ਬਹੁਤਿਆਂ ਨੇ ਉਨ੍ਹਾਂ ਦਾ ਕੀਰਤਨ ਸੁਣਿਆ ਹੈ। ਅਸੀਂ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਵਿਦਿਆਰਥੀਆਂ ਤੇ ਸਟਾਫ ਨੂੰ ਉਨ੍ਹਾਂ ਦਾ ਕੀਰਤਨ ਹਰ ਪੰਦ੍ਹਰੀਂ ਦਿਨੀਂ ਸੁਣਾਉਣ ਦਾ ਪ੍ਰਬੰਧ ਕੀਤਾ ਸੀ, ਕਿਉਂਕਿ ਇੰਨੇ ਕੁ ਚਿਰ ਬਾਅਦ ਹੀ ਉਹ ਜਲੰਧਰ ਰੇਡੀਓ ਸਟੇਸ਼ਨ ਉੱਤੇ ਕੀਰਤਨ ਦਾ ਪ੍ਰੋਗਰਾਮ ਦੇਣ ਲਈ ਆਉਂਦੇ ਹੁੰਦੇ ਸਨ। ਉਸੇ ਦਿਨ ਹੀ ਅਸੀਂ ਦੁਪਹਿਰੇ ਕਾਲਜ ਵਿਚ ਉਨ੍ਹਾਂ ਦਾ ਕੀਰਤਨ ਰੱਖਦੇ ਸਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਗੁਰਪੁਰਬ ਸਮੇਂ ਜੋ ਕੀਰਤਨ ਦਰਬਾਰ ਕਾਲਜ ਵਿਚ ਆਯੋਜਿਤ ਕੀਤਾ ਗਿਆ, ਉਸ ਸਮੇਂ ਉਹ ਲੇਖਕ ਦੇ ਹੀ ਸਤਿਕਾਰਯੋਗ ਮਹਿਮਾਨ ਸਨ।

ਪ੍ਰਸ਼ਨ : ਭਾਈ ਸਾਹਿਬ ਜੀ, ਇਹ ਕੀ ਭੇਦ ਹੈ ਕਿ ਰੇਡੀਓ ਵਾਲੇ, ਰਾਗੀਆਂ ਵਿੱਚੋਂ ਤੁਹਾਨੂੰ ਹੀ ਸਭ ਤੋਂ ਵਧੀਕ ਵਾਰੀ ਸੱਦਦੇ ਹਨ ਅਤੇ ਇਸ ਤਰ੍ਹਾਂ ਲਗਾਤਾਰ ਪ੍ਰੋਗਰਾਮ ਦੇ ਰਹੇ ਹਨ?

ਉੱਤਰ : ‘ਕਰਤੇ ਹਥਿ ਵਡਿਆਈਆ…॥’ ਪਰ ਇਹ ਸਵਾਲ ਤੁਸੀਂ ਉਨ੍ਹਾਂ ਨੂੰ ਪੁੱਛੋ, ਮੈਨੂੰ ਕੀ ਪਤਾ!

ਪ੍ਰਸ਼ਨ : ਉਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਰਾਗ ਦੀ ਬੜੀ ਸਮਝ ਹੈ, ਆਮ ਰਾਗੀ ਇੰਨੀ ਸਮਝ ਨਹੀਂ ਰੱਖਦੇ। ਬਾਕੀ ਰੇਡੀਓ ਲਈ ਆਵਾਜ਼ ਦੇ ਢੁੱਕਦੇ ਹੋਣ ਦਾ ਵੀ ਉਨ੍ਹਾਂ ਨੂੰ ਖਿਆਲ ਰੱਖਣਾ ਪੈਂਦਾ ਹੈ?

ਉੱਤਰ : (ਹੱਸ ਕੇ) ਮੇਰਾ ਖਿਆਲ ਹੈ ਉਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।

ਪ੍ਰਸ਼ਨ : ਪਰ ਕੀਰਤਨ ਦੇ ਸ੍ਰੋਤੇ ਤਾਂ ਆਖਦੇ ਹਨ ਕਿ ਪੱਕੇ ਰਾਗਾਂ ਦੀ ਸਾਨੂੰ ਕੋਈ ਸਮਝ ਨਹੀਂ ਆਉਂਦੀ। ਉਹ ਤੇ ਬਹੁਤ ਕਰਕੇ ਸਰਲ ਕੀਰਤਨ ਨੂੰ ਹੀ ਪਸੰਦ ਕਰਦੇ ਹਨ। ਪਤਾ ਨਹੀਂ ਤੁਹਾਡਾ ਕੀਰਤਨ ਕਿਵੇਂ ਆਮ ਸੰਗਤਾਂ ਨੂੰ ਖਿੱਚ ਪਾਉਂਦਾ ਹੈ!

ਉੱਤਰ : ਅਮੋਲ ਜੀ, ਤੁਸੀਂ ਵਿਦਵਾਨ ਹੋ। ਜੇ ਸੰਗੀਤ ਨੂੰ ਇਕ ਕਲਾ ਦੇ ਰੂਪ ਵਿਚ ਵਰਤਣਾ ਹੀ ਨਹੀਂ ਜਾਂ ਉਸ ਦਾ ਗਿਆਨ ਹੀ ਨਹੀਂ ਤਾਂ ਫਿਰ ਜੋਟੀਆਂ ਤੇ ਹੱਲੇ ਦੇ ਸ਼ਬਦ ਪੜ੍ਹਨ ਤੇ ਸੰਗੀਤਮਈ ਕੀਰਤਨ ਦੀ ਕੀ ਲੋੜ ਹੈ? ਅਸਲ ਗੱਲ ਇਹ ਜਾਪਦੀ ਹੈ ਕਿ ਗੁਰੂ ਸਾਹਿਬ ਨੇ ਕੀਰਤਨ ਦੀ ਮਹਾਨਤਾ ਹੀ ਇਸ ਕਰਕੇ ਮਿੱਥੀ ਹੈ ਕਿ ਬਾਣੀ ਦੇ ਨਾਲ ਜਦ ਸੰਗੀਤ ਕਲਾ ਅਤੇ ਨਾਲ ਹੀ ਰਾਗੀ ਦਾ ਗਲਾ ਰਲ ਜਾਂਦਾ ਹੈ ਤਾਂ ਉਹ ਰਾਗੀ ਕਠੋਰ ਤੋਂ ਕਠੋਰ ਮਨ ਉੱਤੇ ਵੀ ਦੂਣਾ-ਤੀਣਾ ਅਸਰ ਕਰਦਾ ਹੈ।

ਪ੍ਰਸ਼ਨ : ਪਰ ਗਵੱਈਆਂ ਤੇ ਵਧੇਰੇ ਪੱਕੇ ਰਾਗੀਆਂ ਉੱਤੇ ਸੰਗਤਾਂ ਨੂੰ ਇਹ ਕਿੰਤੂ ਹੈ ਕਿ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿ ਇਹ ਕੀ ਪੜ੍ਹ ਰਹੇ ਹਨ! ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਮੇਰੇ ਕੋਲ ਬੈਠੇ ਇਕ ਪ੍ਰੋਫੈਸਰ ਸਾਹਿਬ ਇਕ ਬੜੇ ਸਰਲ ਕੀਰਤਨ ਨੂੰ ਸੁਣਦਿਆਂ ਵੀ ਇਤਰਾਜ਼ ਕਰ ਰਹੇ ਸਨ ਕਿ ਸਮਝ ਨਹੀਂ ਆਉਂਦੀ ਜੋ ਬਾਣੀ ਕੀ ਆਖ ਰਹੀ ਹੈ?

ਉੱਤਰ : ਇਸ ਦੇ ਕਈ ਕਾਰਨ ਹਨ। ਇਕ ਤਾਂ ਇਹ ਕਿ ਜੋ ਲੋਕ ਬਾਣੀ ਨੂੰ ਪਿੱਛੇ ਤੇ ਰਾਗ ਨੂੰ ਅੱਗੇ ਕਰ ਦਿੰਦੇ ਹਨ, ਉਹ ਸੰਗਤਾਂ ਦੀ ਆਤਮਕ ਸੰਤੁਸ਼ਟਤਾ ਨਹੀਂ ਕਰ ਸਕਦੇ ਕਿਉਂਕਿ ਸਾਰੀ ਸੰਗਤ ਵਿੱਚੋਂ ਕੋਈ ਵਿਰਲੇ ਹੀ ਸੰਗੀਤ ਦੀ ਕਲਾ ਦੇ ਗੁੱਝੇ ਤੇ ਡੂੰਘੇ ਰੰਗਾਂ ਤੇ ਭੇਦਾਂ ਨੂੰ ਸਮਝਦੇ ਹਨ। ਉਨ੍ਹਾਂ ਨੂੰ ਲੋੜ ਹੁੰਦੀ ਹੈ ਰਸ ਦੀ, ਸ਼ਬਦ ਦੇ ਭਾਵ ਦੀ ਜਾਂ ਗੁਰੂ ਦੇ ਸੰਦੇਸ਼ੇ ਦੀ। ਉਨ੍ਹਾਂ ਉੱਤੇ ਤਾਂ ਕਲਾ ਦਾ ਇਕ ਗੁਹਜ ਜਿਹਾ ਪ੍ਰਭਾਵ ਹੌਲੀ-ਹੌਲੀ ਅਸਰ ਕਰਦਾ ਹੈ ਭਾਵੇਂ ਅਸਰ ਤੋਂ ਖਾਲੀ ਕਦੇ ਨਹੀਂ ਜਾਂਦਾ। ਸ਼ਾਸਤਰੀ ਸੰਗੀਤ ਲਈ ਅਜਿਹਾ ਅਸਰ ਕਬੂਲਣ ਲਈ ਬਹੁਤ ਲੰਮਾ ਸਮਾਂ ਚਾਹੀਦਾ ਹੈ ਅਤੇ ਸੁਣਨ ਦਾ ਵੀ ਲੰਮਾ ਅਭਿਆਸ। ਸੰਗਤਾਂ ਵਿਚ ਕੀਰਤਨ ਸੁਣਨ ਲਈ ਤੇ ਸੁਣਾਉਣ ਲਈ ਨਾ ਹੁਣ ਇੰਨਾ ਸਮਾਂ ਹੈ, ਨਾ ਸੁਣਨ ਵਾਲਿਆਂ ਵਿਚ ਇੰਨਾ ਧੀਰਜ।

ਪ੍ਰਸ਼ਨ : ਤੇ ਦੂਜਾ ਕਾਰਨ?
ਉੱਤਰ : ਦੂਜਾ ਕਾਰਨ ਇਹ ਹੈ ਕਿ ਸੰਗੀਤ ਵਾਂਗ ਬਾਣੀ ਦੀ ਸਮਝ ਲਈ ਵੀ ਅਭਿਆਸ ਅਤੇ ਨਾਲ ਹੀ ਅਰਥ-ਭਾਵ ਦੀ ਸੋਝੀ ਹੋਣੀ ਚਾਹੀਦੀ ਹੈ। ਬਾਣੀ ਦੇ ਅਭਿਆਸ ਬਿਨਾਂ ਵੀ ਸਮਝ ਨਹੀਂ ਆਉਂਦੀ।

ਪ੍ਰਸ਼ਨ : ਤਾਂ ਕੀ ਮਤਲਬ ਕਿ ਰਾਗੀ ਸਿੰਘ ਵਿਆਖਿਆ ਕਰਿਆ ਕਰਨ? ਤੁਸੀਂ ਤਾਂ, ਮੇਰਾ ਖਿਆਲ ਹੀ ਹੈ, ਨਹੀਂ ਕਰਦੇ?

ਉੱਤਰ : ਮੇਰਾ ਖਿਆਲ ਇਹ ਹੈ ਕਿ ਵਿਆਖਿਆ ਲਈ ਬਹੁਤ ਵਿੱਦਿਆ, ਗਿਆਨ ਤੇ ਅਭਿਆਸ ਚਾਹੀਦਾ ਹੈ। ਕੀ ਇਹ ਸੰਗੀਤ-ਕਲਾ ਦੀ ਅਤੇ ਸੰਗੀਤਕਾਰ ਦੀ ਹੇਠੀ ਨਹੀਂ ਕਿ ਉਸ ਦਾ ਗਾਇਨ ਅਤੇ ਫਿਰ ਕੀਰਤਨ ਸਰੋਤਿਆਂ ਉੱਤੇ ਅਸਰ ਨਾ ਕਰੇ ਤੇ ਉਸ ਅਸਰ ਨੂੰ ਵਧਾਉਣ ਲਈ ਉਹ ਭਾਸ਼ਨਕਾਰ ਦੀ ਡਿਊਟੀ ਲੈ ਲਏ? ਹਾਂ, ਕੋਈ ਕਠਿਨ ਗੱਲ ਹੈ ਜਾਂ ਸ਼ੁਰੂ ਵਿਚ ਉਥਾਨਕਾ ਜਾਂ ਭੂਮਿਕਾ ਦੀ ਥਾਂ ’ਤੇ ਕੋਈ ਇਕ-ਦੋ ਵਾਕ ਬੋਲ ਦੇਣੇ ਜਾਂ ਦੱਸ ਦੇਣਾ ਕਿ ਕਿਸ ਗੁਰੂ ਸਾਹਿਬ ਦੀ ਬਾਣੀ ਹੈ, ਕਿਸ ਰਾਗ ਦੀ ਹੈ ਅਤੇ ਅਸੀਂ ਕਿਸ ਰਾਗ ਵਿਚ ਇਸ ਨੂੰ ਗਾ ਰਹੇ ਹਾਂ ਅਤੇ ਇਹ ਰਾਗ ਕਿਸ ਸਮੇਂ ਦਾ ਹੈ, ਸ੍ਰੋਤਿਆਂ ਦੀ ਬਹੁਤ ਸਾਰੀ ਤਕਲੀਫ਼ ਨੂੰ ਹਟਾ ਸਕਦਾ ਹੈ। ਇਸ ਲਈ ਮੈਂ ਇਹ ਢੰਗ ਵਰਤਦਾ ਹਾਂ ਕਿ ਲੋੜ ਅਨੁਸਾਰ ਵਿਆਖਿਆ, ਉਹ ਵੀ ਘੱਟ ਤੋਂ ਘੱਟ, ਪਰ ਕੀਰਤਨ ਬਾਣੀ ਤੇ ਕਲਾ ਨੂੰ ਇਕ ਮਿਸ਼ਰਤ ਰੂਪ ਵਿਚ ਮੁੱਖ ਰੱਖਦਾ ਹਾਂ।

ਪ੍ਰਸ਼ਨ : ਪਰ ਪੱਕੇ ਰਾਗ ਦੀ ਜੋ ਮੁਖ਼ਾਲਫ਼ਤ ਹੈ, ਉਸ ਦਾ ਤੁਹਾਡੇ ਪਾਸ ਕੀ ਉੱਤਰ ਹੈ?

ਉੱਤਰ : ਕੁਝ ਤਾਂ ਮੈਂ ਦੱਸ ਚੁਕਾ ਹਾਂ, ਕੁਝ ਤੁਸੀਂ ਮੰਨੇ ਹੋ ਕਿ ਰੇਡੀਓ ਵਾਲੇ ਮੈਨੂੰ ਇਸੇ ਲਈ ਸੱਦਦੇ ਹਨ ਕਿ ਮੈਨੂੰ ਸ਼ਾਸਤਰੀ ਸੰਗੀਤ ਦੀ ਸਮਝ ਹੈ, ਉਹੋ ਮੈਂ ਵਰਤਦਾ ਹਾਂ। ਮੇਰੇ ਉੱਤੇ ਤਾਂ ਕਦੇ ਕਿਸੇ ਇਤਰਾਜ਼ ਨਹੀਂ ਕੀਤਾ।

ਪ੍ਰਸ਼ਨ : ਇਸ ਦਾ ਕੀ ਭੇਤ ਹੈ, ਇਹੋ ਮੈਂ ਪੁੱਛਣਾ ਚਾਹੁੰਦਾ ਹਾਂ?

ਉੱਤਰ : ਭੇਤ ‘ਅਤਿ’ ਦਾ ਹੈ। ਜੋ ਲੋਕ ਗਲਾ ਫੇਰਨ ਦਾ ਦਿਖਾਵਾ ਜਾਂ ਅਲਾਪ ਤੇ ਸ਼ਾਨ ਦਾ ਦਿਖਾਵਾ ਕਰਨ ’ਤੇ ਤੁਲ ਪੈਂਦੇ ਹਨ ਜਾਂ ਕੀਰਤਨ ਹੁੰਦਿਆਂ ਤਬਲੇ ਦੇ ਹੁਨਰ ਦਾ ਰੁਅਬ ਪਾਉਣਾ ਚਾਹੁੰਦੇ ਹਨ, ਸ਼ਾਇਦ ਇਹ ਦਿਖਾਵਾ ਹੈ ਜਿਸ ਤੋਂ ਕਈ ਸੱਜਣਾਂ ਨੂੰ ਨਿਰਾਸਤਾ ਹੋਈ ਹੈ। ਗਲਾ ਮੈਂ ਵੀ ਫੇਰਦਾ ਹਾਂ, ਤਾਨ ਪੜਤਾਲ, ਧਰੁਪਦ, ਖ਼ਿਆਲ ਸਭ ਕੁਝ ਵਰਤਦਾ ਹਾਂ, ਪਰ ਮੇਰਾ ਗਲਾ ਫੇਰਨਾ ਜਾਂ ਸੰਗੀਤ ਦੇ ਹੋਰ ਹੁਨਰ ਅਤੇ ਪੁਰਾਣੀਆਂ ਰੀਤੀਆਂ ਵਰਤਣੀਆਂ ਕੀਰਤਨ ਦੇ ਰਸ ਨੂੰ ਵਧਾਉਣ ਲਈ ਹੁੰਦੀਆਂ ਹਨ, ਹੁਨਰ ਦਾ ਦਿਖਾਵਾ ਕਰਨ ਲਈ ਨਹੀਂ, ਇਸ ਲਈ ਇਹ ਸਭ ਕੁਝ ਮੱਠਾ-ਮੱਠਾ ਹੁੰਦਾ ਹੈ ਅਤੇ ਸਰੋਤਿਆਂ ਨੂੰ ਮੇਰੀ ਤਾਨ ਜਾਂ ਚੁਤਾਲਾ ਆਦਿਕ ਰੜਕਦਾ ਈ ਨਹੀਂ, ਕਿਉਂਕਿ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਸ਼ਬਦ ਵਿਚ ਹੀ ਜਾਂ ਉਸ ਦੇ ਪਾਠ ਗਾਇਨ ਵਿਚ ਹੀ ਅਲਾਪ ਵੀ ਕਰ ਗਿਆ ਹਾਂ, ਗਲਾ ਵੀ ਫੇਰ ਗਿਆ ਹਾਂ।

ਭਾਈ ਸੁਰਜਨ  ਸਿੰਘ ਜੀ

ਭਾਈ ਸੁਰਜਨ ਸਿੰਘ ਰਾਗੀ ਅਤੇ ਲੱਗਭਗ ਉਸੇ ਹੀ ਢੰਗ ਉੱਤੇ ਕੀਰਤਨ ਕਰਨ ਵਾਲੇ ਭਾਈ ਸੰਤਾ ਸਿੰਘ ਤੇ ਭਾਈ ਗੁਪਾਲ ਸਿੰਘ ਇਨ੍ਹਾਂ ਦੇ ਹੀ ਸਮਕਾਲੀ, ਜਮਾਤੀ ਤੇ ਗੁਰ-ਭਾਈ ਸਨ। ਪ੍ਰਸਿੱਧੀ ਇਨ੍ਹਾਂ ਸਭਨਾਂ ਦੀ ਆਪਣੀ-ਆਪਣੀ ਥਾਂ ਬਹੁਤ ਹੈ, ਪਰ ਜੋ ਮਹਾਨਤਾ ਤੇ ਪ੍ਰਭਾਵ ਅਤੇ ਸਤਿਕਾਰ ਭਾਈ ਸੁਰਜਨ ਸਿੰਘ ਜੀ ਖੱਟ ਗਏ, ਉਸ ਤੋਂ ਕੁਝ ਘੱਟ ਹੀ ਹੋਰਾਂ ਦੇ ਹਿੱਸੇ ਆਇਆ ਹੈ, ਭਾਵੇਂ ਇਨ੍ਹਾਂ ਤਿੰਨਾਂ ਵਿਚ ਉੱਨੀ- ਇੱਕੀ ਦਾ ਫ਼ਰਕ ਰਹਿ ਜਾਂਦਾ ਹੈ। ਮੰਨਣਾ ਹੀ ਪਏਗਾ ਕਿ ਭਾਈ ਸੁਰਜਨ ਸਿੰਘ ਦਾ ਅਸਰ ਬਹੁਤ ਵਧੀਕ ਸੀ। ਭਾਈ ਸੁਰਜਨ ਸਿੰਘ 1942 ਤਕ ਭਾਈ ਲਾਲ ਜੀ ਕੋਲ ਰਾਗ ਸਿੱਖਣ ਜਾਂਦੇ ਰਹੇ ਸਨ। ਇਨ੍ਹਾਂ ਸਤਰਾਂ ਦੇ ਲੇਖਕ ਨੇ ਪੰਜਾਹ-ਪੰਜਾਹ ਮੀਲ ਤੋਂ ਰੋਜ਼ ਅੰਮ੍ਰਿਤ ਵੇਲੇ ਦਸੰਬਰ ਦੇ ਦਿਨਾਂ ਵਿਚ ਆ ਕੇ ਭਾਈ ਸੁਰਜਨ ਸਿੰਘ ਜੀ ਦਾ ਕੀਰਤਨ ਸੁਣਨ ਵਾਲੇ ਵੇਖੇ ਹਨ। ਉਨ੍ਹਾਂ ਦੀ ਮ੍ਰਿਤੂ ਵੇਲੇ ਜਲੰਧਰ ਵਿਚ ਜੋ ਦੋ ਕੁ ਹਜ਼ਾਰ ਵਿਅਕਤੀ ਸ. ਦਿਲਬਾਗ ਸਿੰਘ ਦੇ ਘਰ ਇਕੱਤਰ ਹੋਏ ਸਨ (ਜਿੱਥੇ ਉਨ੍ਹਾਂ ਦੀ ਮ੍ਰਿਤੂ ਹੋਈ) ਤਾਂ ਜਦ ਬਿਬਾਨ ਚੁੱਕਣ ਲੱਗਿਆਂ ਭਾਈ ਸੁਰਜਨ ਸਿੰਘ ਜੀ ਦਾ ਟੇਪ ਕੀਤਾ ਹੋਇਆ ਸ਼ਬਦ ਲਾਇਆ ਗਿਆ, “ਮੈ ਪ੍ਰੇਮ ਨ ਚਾਖਿਆ” ਤਾਂ ਕੋਈ ਅੱਖ ਅੱਥਰੂਆਂ ਤੋਂ ਬਿਨਾਂ ਨਹੀਂ ਸੀ ਰਹਿ ਗਈ, ਹਾਲਾਂਕਿ ਉਨ੍ਹਾਂ ਵਿਚ ਪਤਨੀ ਤੇ ਪੁੱਤਰ ਬਿਨਾਂ ਕੋਈ ਵੀ ਭਾਈ ਸੁਰਜਨ ਸਿੰਘ ਜੀ ਦਾ ਰਿਸ਼ਤੇਦਾਰ ਨਹੀਂ ਸੀ।

ਭਾਈ ਸੁਰਜਨ ਸਿੰਘ ਜੀ ਨੂੰ ਇਕ ਦਿਨ ਆਪਣੇ ਹੀ ਘਰ ਵਿਚ ਬੈਠਿਆਂ, ਮੈਂ ਕਹਿ ਹੀ ਦਿੱਤਾ, “ਬਈ ਸੁਰਜਨ ਸਿੰਘ, ਅੱਜ ਇਕ ਗੱਲ ਦੱਸੋ, (ਕਿਉਂਕਿ ਮੇਰੇ ਬਚਪਨ ਦੇ ਸਾਥੀ ਸਨ, ਇਸ ਲਈ ਅਸੀਂ ਖੁੱਲ੍ਹੀਆਂ ਹੀ ਗੱਲਾਂ ਕਰ ਲੈਂਦੇ ਸਾਂ) ਇਹ ਕੀਲਣ ਵਾਲੀ ਸ਼ਕਤੀ ਕਿਥੋਂ ਲਈ? ਤੇ ਕਿਵੇਂ ਆਈ?

ਉੱਤਰ : ਸੱਚ ਦੱਸਾਂ? ਮੈਂ ਤਰਨ ਤਾਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦਾ ਸਾਂ, ਬੜਿਆਂ ਦੇ ਕੀਰਤਨ ਸੁਣਦਾ ਸਾਂ, ਲੋਕ ਵੀ ਚੰਗਾ ਕਹਿੰਦੇ ਸਨ ਪਰ ਮੇਰੀ ਆਪਣੀ ਤਸੱਲੀ ਨਹੀਂ ਸੀ ਹੁੰਦੀ। ਮਿਹਨਤ ਵੀ ਬੜੀ ਕਰਦਾ ਸਾਂ। ਤੇ ਇਕ ਦਿਨ (ਕੁਝ ਰੁਕ ਕੇ) ਮੈਂ ਇਹ ਗੱਲ ਅੱਜ ਤਕ ਕਿਸੇ ਨੂੰ ਦੱਸੀ ਨਹੀਂ, ਪਰ ਤੈਥੋਂ ਹੁਣ ਲੁਕਾ ਨਹੀਂ ਸਕਦਾ। ਮੈਂ ਇਕ ਦਿਨ ਰਾਤ ਨੂੰ ਇਕ ਵਜੇ ਤਰਨ ਤਾਰਨ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਦੀਆਂ ਦਲ੍ਹੀਜ਼ਾਂ ਕੋਲ ਜਾ ਬੈਠਾ। ਅੱਧਾ ਘੰਟਾ ਰੋਂਦਾ ਰਿਹਾ ਤੇ ਅੰਤ ਮੈਂ ਦਲ੍ਹੀਜ਼ਾਂ ’ਤੇ ਸਿਰ ਰੱਖ ਕੇ ਅਰਦਾਸ ਕੀਤੀ, “ਗੁਰੂ ਅਰਜਨ ਦੇਵ ਪਾਤਸ਼ਾਹ! ਮੈਥੋਂ ਉਹ ਕੀਰਤਨ ਕਰਾਓ ਜੋ ਤੁਹਾਨੂੰ ਚੰਗਾ ਲੱਗੇ।”

ਇਨ੍ਹਾਂ ਸ਼ਬਦਾਂ ਵਿਚ ਕੁਝ ਵਿਸ਼ੇਸ਼ ਹੀ ਅਸਰ ਸੀ ਅਤੇ ਅਸੀਂ ਸਾਰਾ ਪਰਵਾਰ, ਬੜੇ ਆਲੋਚਕ ਹੋਣ ਦੇ ਬਾਵਜੂਦ ਭਾਈ ਸੁਰਜਨ ਸਿੰਘ ਜੀ ਦੀ ਇਸ ਰਮਜ਼ ਨੂੰ ਚੁੱਪ-ਚਾਪ ਹੀ ਸਮਝ ਤੇ ਮੰਨ ਗਏ ਅਤੇ ਅੱਜ ਤਕ ਇਸ ਦੀ ਸਚਾਈ ਉੱਤੇ ਸਾਡੇ ਵਿੱਚੋਂ ਕਿਸੇ ਨੂੰ ਸ਼ੱਕ ਨਹੀਂ ਪਿਆ।

ਪ੍ਰਸ਼ਨ : (ਪੰਜ ਕੁ ਮਿੰਟ ਪਿੱਛੋਂ, ਕਿਉਂਕਿ ਭਾਈ ਸੁਰਜਨ ਸਿੰਘ ਜੀ ਹੁਣ ਵੀ ਅੱਥਰੂ ਵਹਾ ਰਹੇ ਸਨ ਤੇ ਉਨ੍ਹਾਂ ਨੇ ਘਿਘਿਆਉਂਦੀ ਆਵਾਜ਼ ਵਿਚ ਕਿਹਾ ਸੀ, ਇਹ ਗੁਰੂ ਦੀ ਮਿਹਰ ਹੈ!) ਫਿਰ ਵੀ ਅੰਤ ਗੁਰੂ ਜੀ ਨੇ ਤੁਹਾਨੂੰ ਕੀ ਦਿੱਤਾ? (ਭਾਈ ਸੁਰਜਨ ਸਿੰਘ ਜੀ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਮੇਰੀ ਸਿੰਘਣੀ, ਜੋ ਆਪ ਕੀਰਤਨ ਕਰ ਲੈਂਦੀ ਸੀ ਅਤੇ ਜਿਸ ਦੀ ਆਪਣੀ ਆਵਾਜ਼ ਦੀਆਂ ਧੁੰਮਾਂ ਨੇੜੇ-ਤੇੜੇ ਹੈ ਸਨ, ਬੋਲ ਪਈ, ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਦੇ ਗਲੇ ਵਿਚ ਕੋਈ ਡਲੀ ਰੱਖ ਦਿੱਤੀ ਹੈ ਜੋ ਬੜੀ ਮਿੱਠੀ ਸੁਰ ਅਲਾਪਦੀ ਹੈ।)

ਉੱਤਰ : ਪੂਰੀ ਤਰ੍ਹਾਂ ਪਤਾ ਨਹੀਂ ਕਿ ਪਾਤਸ਼ਾਹ ਨੇ ਕੀ ਦਿੱਤਾ, ਪਰ ਉਸ ਦਿਨ ਸਵੇਰੇ ਜਦ ਮੈਂ ਆਪਣੀ ਡਿਊਟੀ ਉੱਤੇ ਕੀਰਤਨ ਕੀਤਾ ਤਾਂ ਇਕ ਘੰਟੇ ਦੇ ਅੰਦਰ-ਅੰਦਰ ਮੇਰੇ ਕੀਰਤਨ ਦੀਆਂ ਧੁੰਮਾਂ ਪਈਆਂ ਹੋਈਆਂ ਸਨ, ਮੈਨੂੰ ਨਹੀਂ ਪਤਾ, ਕੀ ਹੋਇਆ!

ਪ੍ਰਸ਼ਨ : ਫੇਰ ਭੀ, ਕੁਝ ਤਾਂ ਦੱਸੋ?

ਉੱਤਰ : ਇਕ ਤਾਂ ਉਸ ਦਿਨ ਤੋਂ ਇਹ ਅਹਿਸਾਸ ਹੋ ਗਿਆ ਕਿ ਸ਼ਬਦ ਉਹ ਸੁਣਾਓ ਜੋ ਉਸ ਵੇਲੇ ਹੀ ਦਿਲ ਵਿਚ ਖਿਆਲ ਆਵੇ। ਪਹਿਲਾਂ ਨਾ ਮਿੱਥੋ ਕਿ ਅੱਜ ਫਲਾਣੇ ਸ਼ਬਦ ਦਾ ਕੀਰਤਨ ਕਰਨਾ ਹੈ। ਦੂਜਾ, ਬਾਣੀ ਵੱਧ ਤੋਂ ਵੱਧ ਪੜ੍ਹੋ ਅਤੇ ਬਾਣੀ ਨੂੰ ਸਮਝ ਕੇ ਆਪ ਅਰਥ ਸਮਝਦਿਆਂ ਹੋਇਆਂ ਕੀਰਤਨ ਕਰੋ। ਰਾਗ ਨੂੰ ਪਿੱਛੇ ਰੱਖੋ। ਸਰਲਤਾ ਅਤੇ ਬਾਣੀ ਦੀ ਸਪੱਸ਼ਟਤਾ ਨੂੰ ਮੁੱਖ ਰੱਖਣ ਦਾ ਮੈਂ ਯਤਨ ਕਰਦਾ ਹਾਂ। ਬਾਣੀ ਵਧੇਰੇ ਯਾਦ ਕਰਦਾ ਹਾਂ। ਮੈਂ ਪੰਨਾ 110 ਤਕ ਗੁਰੂ ਗ੍ਰੰਥ ਸਾਹਿਬ ਯਾਦ ਕਰ ਲਿਆ ਹੈ।

ਪ੍ਰਸ਼ਨ : ਤੇ ਵਿਆਖਿਆ? ਉਹ ਵੀ ਬੜੀ ਸੁਆਦਲੀ ਹੁੰਦੀ ਹੈ?

ਉੱਤਰ : ਐਵੇਂ ਦਿਲ ਦੀ ਆਵਾਜ਼ ਹੈ ਕਿ ਸਾਰੇ ਲੋਕ ਹੁਣ ਗੁਰਬਾਣੀ ਦੇ ਭਾਵ ਨੂੰ ਵਿਆਖਿਆ ਬਿਨਾਂ ਸਮਝ ਨਹੀਂ ਸਕਦੇ, ਇਸ ਲਈ ਵੱਡੇ ਦੀਵਾਨਾਂ ਵਿਚ ਅਤੇ ਖਾਸ ਕਰ ਗੁਰਪੁਰਬ ਦੇ ਸਮੇਂ ਸ਼ਬਦ ਨਾਲ ਸੰਬੰਧਿਤ ਇਤਿਹਾਸ ਜਾਂ ਭਾਵ ਨੂੰ ਸਪੱਸ਼ਟ ਕਰਨ ਲਈ, ਦ੍ਰਿਸ਼ਟਾਂਤ ਵਜੋਂ, ਕੁਝ ਸਮਾਂ ਵਿਆਖਿਆ ਨੂੰ ਦੇ ਦਿੰਦਾ ਹਾਂ। ਪਰ ਵਿਸ਼ਵਾਸ ਮੇਰਾ ਇਹੋ ਹੈ ਕਿ ਸੰਗਤਾਂ ਮੇਰੇ ਕੀਤੇ ਕੀਰਤਨ ਦੇ ਰਸ ਪਿੱਛੇ ਹੀ ਮੇਰੀ ਵਿਆਖਿਆ ਸੁਣ ਜਾਂਦੀਆਂ ਹਨ, ਬਹੁਤੀ ਵਿਆਖਿਆ ਕਰਾਂ ਤਾਂ ਸ਼ਾਇਦ ਸੰਗਤਾਂ ਦੀ ਹਾਜ਼ਰੀ ਘਟ ਜਾਏ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Surmukh Singh Amol

ਪ੍ਰਿੰ. ਸਰਮੁਖ ਸਿੰਘ ਜੀ ਅਮੋਲ ਉਘੇ ਬਹੁਪੱਖੀ ਪੰਜਾਬੀ ਸਾਹਿਤਕਾਰ ਸਨ। ਉਹ ਸਨਮਾਨ ਯੋਗ ਪੰਜਾਬੀ ਲਿਖਾਰੀ, ਅਧਿਆਪਕ ਤੇ ਸਾਹਿੱਤਕ ਸੰਪਾਦਕ ਸਨ। ਉਹਨਾਂ 1908 ਵਿੱਚ ਜਨਮ ਲਿਆ ਤੇ 1992 ਵਿੱਚ 84 ਸਾਲ ਜੀ ਕੇ ਇਸ ਸੰਸਾਰ ਤੋਂ ਵਿਦਾ ਹੋਏ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)