ਲੇਵਨ ਤੁਰਕਨ ਤੇ ਨਿਜ ਬੈਰ,
ਪਠਯੋ ਮੁਝ ਕੋ ਗੁਰੁ ਨੈਕਰ ਬੰਦਾ।
ਮੈਂ ਕਰ ਖ੍ਵਾਨ ਵਜੀਦੇ ਕੋ ਮਾਰ
ਸਰੰਦ ਉਜਾਰ ਕਰੈਂਹੁ ਸੁਛੰਦਾ।
ਪੀਸਹੁ ਫੇਰ ਗਿਰੀਸਨ ਕੋ ਭਲ,
ਬੈਰ ਸਜਾਦਨ ਲੈਂਹੁ ਅਮੰਦਾ।
ਸਿੰਘਨ ਕਾ ਜਿਨ ਪੰਥ ਰਚਿਓ ਗੁਰੂ,
ਤਾਂਹਿ ਨਿਵਾਜਿਓ ਹੈ ਇਹੁ ਬੰਦਾ॥5॥ (ਪੰਥ ਪ੍ਰਕਾਸ਼, ਗਿ: ਗਿਆਨ ਸਿੰਘ)
ਸਮੁੱਚਾ ਸਿੱਖ ਇਤਿਹਾਸ ਕੁਰਬਾਨੀਆਂ, ਸ਼ਹੀਦੀਆਂ ਅਤੇ ਤਿਆਗ ਨਾਲ ਭਰਿਆ ਪਿਆ ਹੈ। ਇਸ ਧਰਮ ਦੀ ਬੁਨਿਆਦ ਹੀ ਪਰਸੁਆਰਥ, ਪਰੁੳਪਕਾਰ ਅਤੇ ਦੂਜਿਆਂ ਲਈ ਆਪਾ-ਵਾਰਨ ਦੇ ਸਿਧਾਂਤ ’ਤੇ ਹੋਈ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬੈਠਣਾ ਪਿਆ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ, ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਬੈਠਣਾ ਪਿਆ, ਭਾਈ ਸਾਹਬਾਜ਼ ਸਿੰਘ ਤੇ ਭਾਈ ਸੁਬੇਗ ਸਿੰਘ ਚਰਖੜੀਆਂ ’ਤੇ ਹੱਸਦੇ-ਹੱਸਦੇ ਚੜ੍ਹ ਗਏ, ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਗਿਆ, ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹ ਦਿੱਤੀ ਗਈ ਆਦਿ…। ਅਜਿਹੀ ਸਥਿਤੀ ਵਿਚ ਹਰ ਇਕ ਨੂੰ ਆਪਣਾ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਹਰ ਇਕ ਨੇ ਬਾਦਸ਼ਾਹੀਆਂ, ਨਵਾਬੀਆਂ ਤੇ ਉੱਚ-ਅਹੁਦਿਆਂ ਨੂੰ ਲੱਤ ਮਾਰ ਕੇ ਜਾਮੇ-ਸ਼ਹਾਦਤ ਪੀਤਾ ਅਤੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਇਆ।
ਅਜਿਹੇ ਹੀ ਬੇਮਿਸਾਲ ਸੂਰਬੀਰ-ਸ਼ਹੀਦਾਂ ਵਿੱਚੋਂ ਇੱਕ ਸਨ- ਬਾਬਾ ਬੰਦਾ ਸਿੰਘ ਜੀ ਬਹਾਦਰ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮੁੱਢਲਾ ਨਾਂ ਲਛਮਣ ਦੇਵ ਸੀ। ਉਨ੍ਹਾਂ ਦਾ ਜਨਮ 16 ਅਕਤੂਬਰ 1670 ਈ: ਨੂੰ ਪੁਣਛ (ਕਸ਼ਮੀਰ) ਦੇ ਰਾਜੌਰੀ ਇਲਾਕੇ ਵਿਖੇ ਸ੍ਰੀ ਰਾਮਦੇਵ ਭਾਰਦਵਾਜ ਦੇ ਘਰ ਹੋਇਆ। ਰਾਜਪੂਤੀ ਪਿਛੋਕੜ ਹੋਣ ਕਰਕੇ ਲਛਮਣ ਦੇਵ ਨੂੰ ਖੇਡਣ, ਕੁੱਦਣ ਅਤੇ ਸ਼ਿਕਾਰ ਕਰਨ ਦਾ ਬਹੁਤ ਸ਼ੌਕ ਸੀ।
ਇਕ ਵਾਰ ਸ਼ਿਕਾਰ ਸਮੇਂ ਲਛਮਣ ਦੇਵ ਤੋਂ ਤੀਰ ਨਾਲ ਇਕ ਹਿਰਨੀ ਜ਼ਖ਼ਮੀ ਹੋਣ ਪਿੱਛੋਂ ਮਰ ਗਈ ਅਤੇ ਉਸ ਦੇ ਪੇਟੋਂ ਜੰਮੇ ਬੱਚੇ ਉਹਦੇ ਸਾਹਮਣੇ ਤੜਪ-ਤੜਪ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ ’ਤੇ ਇੰਨਾ ਪ੍ਰਭਾਵ ਪਾਇਆ ਕਿ ਉਹ ਘਰ-ਬਾਰ ਤਿਆਗ ਕੇ ਸੰਨਿਆਸੀ ਬਣ ਗਿਆ। ਉਦੋਂ ਉਹਦੀ ਉਮਰ ਕਰੀਬ 15 ਸਾਲ ਦੀ ਸੀ। ਇਕ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਦੀ ਸੰਗਤ ਵਿਚ ਆ ਕੇ ਉਹ ਲਛਮਣ ਦੇਵ ਤੋਂ ਮਾਧੋਦਾਸ ਬਣ ਗਿਆ।
ਬੈਰਾਗੀ ਮੰਡਲੀ ਵਿਚ ਸ਼ਾਮਲ ਹੋ ਕੇ ਉਹ ਥਾਂ-ਥਾਂ ਭਟਕਦਾ ਰਿਹਾ ਅਤੇ ਰਾਮ ਥੰਮਣ ਦੇ ਡੇਰੇ ਕਸੂਰ ਕੋਲ ਇਕ ਹੋਰ ਬੈਰਾਗੀ ਰਾਮਦਾਸ ਨਾਲ ਉਹਦਾ ਮੇਲ ਹੋਇਆ। ਗੋਦਾਵਰੀ ਦੇ ਕੰਢੇ ਨਾਸਿਕ ’ਤੇ ਉਹਨੇ ਆਪਣਾ ਟਿਕਾਣਾ ਬਣਾ ਲਿਆ। ਇਥੇ ਹੀ ਇਕ ਪ੍ਰਸਿੱਧ ਜੋਗੀ ਔਘੜ ਨਾਥ ਨੇ ਉਸ ਨੂੰ ਰਿਧੀਆਂ-ਸਿਧੀਆਂ, ਜਾਦੂ-ਮੰਤਰਾਂ ਅਤੇ ਤਾਂਤਰਿਕ ਵਿੱਦਿਆ ਦੇ ਭੇਦ ਸਮਝਾਏ। ਹੁਣ ਮਾਧੋਦਾਸ ਨੇ ਨਾਂਦੇੜ ਨੂੰ ਆਪਣਾ ਟਿਕਾਣਾ ਬਣਾ ਲਿਆ। ਆਸ-ਪਾਸ ਦੇ ਇਲਾਕਿਆਂ ਵਿਚ ਉਸ ਦੇ ਅਨੋਖੇ ਕੌਤਕਾਂ ਕਾਰਨ ਕਾਫੀ ਦਬਦਬਾ ਬੈਠਾ ਹੋਇਆ ਸੀ।
ਇਨ੍ਹੀਂ ਦਿਨੀਂ ਸਤੰਬਰ 1708 ਈ: ਦੇ ਨੇੜੇ-ਤੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਧੋਦਾਸ ਦੇ ਇਲਾਕੇ ਵਿਚ ਪਹੁੰਚ ਗਏ। ਗੁਰੂ ਸਾਹਿਬ ਨੇ ਮਾਧੋਦਾਸ ਦੀਆਂ ਕੁਰਾਹੇ ਪਈਆਂ ਮਾਨਸਿਕ ਤੇ ਸਰੀਰਕ ਸ਼ਕਤੀਆਂ ਦਾ ਰੁਖ਼ ਮੋੜ ਕੇ ਖਾਲਸਾ ਪੰਥ ਦੀ ਸੇਵਾ ਵੱਲ ਲਾਉਣ ਦਾ ਮਨ ਬਣਾਇਆ। ਮਾਧੋਦਾਸ ਨੇ ਪੂਰੇ ਗੁਰੂ ਨੂੰ ਪਹਿਚਾਣ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਅਰਪਿਤ ਕਰ ਦਿੱਤੀਆਂ। ਹੁਣ ਉਹ ‘ਗੁਰੂ ਦਾ ਬੰਦਾ’ ਬਣ ਗਿਆ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ‘ਬਹਾਦਰ’ ਦਾ ਖਿਤਾਬ ਦੇ ਕੇ ਉਸ ਨੂੰ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਤੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਤੋਰਿਆ।
ਸਫ਼ਰ ਦੌਰਾਨ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਸੰਨ (1708 ਈ:) ਦੀ ਸੂਚਨਾ ਮਿਲੀ। ਧਨ, ਬਾਰੂਦ ਅਤੇ ਫੌਜ ਦੀ ਅਣਹੋਂਦ ਕਾਰਨ ਅਜੇ ਉਹ ਹਕੂਮਤ ਨਾਲ ਟੱਕਰ ਨਹੀਂ ਸੀ ਲੈਣੀ ਚਾਹੁੰਦੇ। ਕੁਝ ਸਮਾਂ ਬਾਬਾ ਜੀ ਖਰਖੋਦੇ ਦੇ ਪਰਗਨੇ ਵਿਚ ਸਿਹਰੀ-ਖੰਡੇ ਪਿੰਡਾਂ ਨੇੜੇ ਰਹੇ। ਉਥੋਂ ਹੀ ਉਨ੍ਹਾਂ ਨੇ ਗੁਰੂ ਜੀ ਦੇ ਹੁਕਮਨਾਮੇ ਸਿੱਖਾਂ ਵੱਲ ਭੇਜੇ।
ਕੁਝ ਮਹੀਨਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਾਫੀ ਸੂਰਮੇ ਆ ਰਲੇ। ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਸਮਾਣਾ ਉੱਤੇ ਹਮਲਾ ਬੋਲ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਦਾ ਅਗਲਾ ਨਿਸ਼ਾਨਾ ਸਢੌਰਾ ਸੀ। ਰਾਹ ਵਿਚ ਉਨ੍ਹਾਂ ਨੇ ਘੜਾਮ, ਠਸਕਾ ਤੇ ਮੁਸਤਫਾਬਾਦ ਆਦਿ ਨੂੰ ਫਤਹਿ ਕਰਕੇ ਕਪੂਰੀ ’ਤੇ ਧਾਵਾ ਬੋਲਿਆ। ਕਪੂਰੀ ਦਾ ਫੌਜਦਾਰ ਕਦਮੁਦੀਨ ਹਿੰਦੂ ਲੜਕੀਆਂ ਨੂੰ ਆਪਣੀ ਕਾਮ-ਵਾਸਨਾ ਦਾ ਸ਼ਿਕਾਰ ਬਣਾਉਂਦਾ ਸੀ। ਉਸ ਦੇ ਦੁਰਾਚਾਰ ਦੇ ਅੱਡੇ ਨੂੰ ਮਿੱਟੀ ਵਿਚ ਮਿਲਾ ਕੇ ਬਾਬਾ ਬੰਦਾ ਸਿੰਘ ਜੀ ਨੇ ਸਢੌਰੇ ਵੱਲ ਮੂੰਹ ਕੀਤਾ। ਇਥੋਂ ਦੇ ਹਾਕਮ ਉਸਮਾਨ ਖਾਨ ਨੇ ਮੁਸਲਿਮ ਪੀਰ ਸੱਯਦ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ, ਕਿਉਂਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਸੀ। ਇਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੂੰ ਬੇਮਿਸਾਲ ਸਫ਼ਲਤਾ ਮਿਲੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲ ਨਿਸ਼ਾਨਾ ਸਰਹਿੰਦ ਉੱਤੇ ਧਾਵਾ ਬੋਲਣਾ ਸੀ, ਇਥੋਂ ਦੇ ਸੂਬੇਦਾਰ ਵਜ਼ੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ) ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕੀਤਾ ਸੀ। 12 ਮਈ 1710 ਈ: ਨੂੰ ਚੱਪੜਚਿੜੀ ਦੇ ਸਥਾਨ ’ਤੇ ਦੋਹਾਂ ਫੌਜਾਂ ਵਿਚਾਲੇ ਗਹਿਗੱਚ ਲੜਾਈ ਹੋਈ। ਭਾਈ ਫਤਹਿ ਸਿੰਘ ਤੇ ਭਾਈ ਕਰਮ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਬਹਾਦਰੀ ਨਾਲ ਫੈਸਲਾਕੁੰਨ ਲੜਾਈ ਲੜੀ ਤੇ ਵਜ਼ੀਰ ਖਾਨ ਨੂੰ ਪਾਰ ਬੁਲਾ ਦਿੱਤਾ। ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਿੱਖ ਸੈਨਾ ਜੇਤੂ ਦੀ ਸ਼ਕਲ ਵਿਚ 14 ਮਈ 1710 ਈ: ਨੂੰ ਸਰਹਿੰਦ ਵਿਚ ਦਾਖਲ ਹੋਈ।
ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਭਾਈ ਫਤਿਹ ਸਿੰਘ ਨੂੰ ਸਮਾਣਾ ਦਾ ਗਵਰਨਰ ਰਹਿਣ ਦਿੱਤਾ ਗਿਆ। ਥਾਨੇਸਰ ਦੀ ਸੂਬੇਦਾਰੀ ਭਾਈ ਰਾਮ ਸਿੰਘ ਨੂੰ ਸੌਂਪੀ ਗਈ। ਇਸ ਤਰ੍ਹਾਂ ਸਰਹਿੰਦ ਦੀ ਫਤਹਿ ਨੇ ਸਿੱਖਾਂ ਦਾ ਰੁਹਬ ਤੇ ਦਬਦਬਾ ਸਾਰੇ ਪੰਜਾਬ ਵਿਚ ਬਿਠਾ ਦਿੱਤਾ।
ਮਲੇਰਕੋਟਲਾ ਅਤੇ ਰਾਏਕੋਟ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਆ ਗਿਆ। ਆਪਣੀ ਹਕੂਮਤ ਨੂੰ ਪੱਕਾ ਕਰਕੇ ਉਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਦਾ ਪਰਚਮ ਲਹਿਰਾ ਦਿੱਤਾ। ਮੁਖਲਿਸਗੜ੍ਹ ਦਾ ਪੁਰਾਣਾ ਸ਼ਾਹੀ ਕਿਲ੍ਹਾ ਮੁਰੰਮਤ ਕਰਵਾਇਆ, ਜਿਸ ਉੱਤੇ ਸਢੌਰੇ ਦੀ ਜਿੱਤ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਧਿਕਾਰ ਜਮਾ ਲਿਆ ਸੀ। ਇਹਦਾ ਨਾਂ ਬਦਲ ਕੇ ਲੋਹਗੜ੍ਹ ਰੱਖਿਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਉਨ੍ਹਾਂ ਦੀ ਕਮਾਨ ਹੇਠ ਖਾਲਸੇ ਦੀ ਭਾਰੀ ਫੌਜ ਸੀ ਤੇ ਉਹ ਕਈ ਇਲਾਕਿਆਂ ਦੇ ਮਾਲਕ ਬਣ ਗਏ ਸਨ। ਉਨ੍ਹਾਂ ਨੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਫ਼ਾਰਸੀ ਅੱਖਰਾਂ ਵਿਚ ਸਿੱਕਾ ਜਾਰੀ ਕੀਤਾ, ਜਿਸ ’ਤੇ ਲਿਖਿਆ ਸੀ:
ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ
ਆਪਣੇ ਹੁਕਮਨਾਮਿਆਂ, ਫ਼ਰਮਾਨਾਂ ਜਾਂ ਚਿੱਠੀਆਂ ਆਦਿ ਉੱਤੇ ਲਾਉਣ ਲਈ ਉਨ੍ਹਾਂ ਨੇ ਇਕ ਮੋਹਰ ਵੀ ਬਣਵਾਈ, ਜਿਸ ਉੱਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਵਾਲੇ ਇਹ ਸ਼ਬਦ ਅੰਕਿਤ ਸਨ:
ਦੇਗੋ ਤੇਗੋ ਫਤਿਹ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਜਮਨਾ-ਗੰਗਾ ਅਤੇ ਦੁਆਬੇ ਦੇ ਇਲਾਕਿਆਂ ਵਿਚ ਬਾਬਾ ਬੰਦਾ ਸਿੰਘ ਨੇ ਸਹਾਰਨਪੁਰ, ਜਲਾਲਾਬਾਦ ਤੇ ਨਨੌਤਾ ਆਦਿ ਸ਼ਹਿਰ ਫਤਹਿ ਕੀਤੇ। ਸਰਹਿੰਦ ਦੀ ਫਤਹਿ ਨੇ ਸਿੱਖਾਂ ਵਿਚ ਨਵਾਂ ਜੋਸ਼ ਤੇ ਜਾਗ੍ਰਿਤੀ ਪੈਦਾ ਕਰ ਦਿੱਤੀ ਸੀ। ਮਾਝੇ ਅਤੇ ਹੋਰ ਇਲਾਕੇ ਦੇ ਸਿੰਘਾਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਵਿਚ ਗੁਰਮਤਾ ਸੋਧਿਆ ਅਤੇ ਪੰਜਾਬ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਬਟਾਲਾ, ਕਲਾਨੌਰ ਜਿੱਤ ਕੇ ਸਿੱਖ ਲਾਹੌਰ ਤੱਕ ਜਾ ਪੁੱਜੇ।
ਸਿੰਘਾਂ ਦਾ ਅਜਿਹਾ ਦਬਦਬਾ ਵੇਖ ਕੇ ਲਾਹੌਰ ਦਾ ਸੂਬੇਦਾਰ ਅਸਲਮ ਖਾਨ ਘਬਰਾ ਗਿਆ। ਮੁਲਾਣਿਆਂ ਨੇ ਹੈਦਰੀ ਝੰਡਾ ਝੁਲਾ ਕੇ ਮੁਗ਼ਲਾਂ ਨੂੰ ਸਿੱਖਾਂ ਵਿਰੁੱਧ ਜਹਾਦ ਕਰਨ ਲਈ ਪ੍ਰੇਰਿਆ। ਸਿੱਖਾਂ ਨੇ ਕਿਲ੍ਹਾ ਭਗਵੰਤ ਰਾਏ ਤੇ ਕੋਟਲਾ ਬੇਗਮ ਤੋਂ ਮੁੜ ਜਹਾਦੀਆਂ ਨੂੰ ਭੀਲੋਵਾਲ ਪਿੰਡ ਨੇੜੇ ਇੰਨੀ ਕਰਾਰੀ ਹਾਰ ਦਿੱਤੀ ਕਿ ਲਾਹੌਰ ਤੋਂ ਬਿਨਾਂ ਸਾਰਾ ਮਾਝਾ ਅਤੇ ਰਿਆੜਕੀ ਦਾ ਇਲਾਕਾ ਉਨ੍ਹਾਂ ਦੇ ਅਧੀਨ ਹੋ ਗਿਆ।
ਦੁਆਬੇ ਦੇ ਸਿੰਘਾਂ ਦੀ ਦੁਆਬੇ ਦੇ ਫੌਜਦਾਰ ਸ਼ਮਸ ਖਾਨ ਨਾਲ ਟੱਕਰ ਹੋ ਗਈ। ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਮਦਦ ਲਈ ਸੁਨੇਹਾ ਭੇਜਿਆ। ਰਾਹੋਂ ਵਿਚ ਇਕ ਪੁਰਾਣਾ ਭੱਠਾ ਵੇਖ ਕੇ ਉਸ ਦੀ ਗੜ੍ਹੀ ਬਣਾ ਲਈ। ਸਿੱਖਾਂ ਨੇ ਰਾਹੋਂ ਛੱਡ ਦਿੱਤਾ। ਪਰ ਝਾੜੀਆਂ ਵਿਚ ਛੁਪ ਕੇ ਮੌਕੇ ਦੀ ਨਜ਼ਾਕਤ ਵੇਖਦੇ ਰਹੇ। ਰਾਹੋਂ ਉੱਤੇ ਸਮਦ ਖਾਨ ਨੇ ਕਬਜ਼ਾ ਕੀਤਾ ਹੀ ਸੀ ਕਿ ਸਿੱਖਾਂ ਨੇ ਟਿਕਾਣਿਆਂ ’ਚੋਂ ਨਿਕਲ ਕੇ ਫੌਜਾਂ ਨੂੰ ਭਾਜੜ ਪਾ ਦਿੱਤੀ ਅਤੇ ਰਾਹੋਂ ਉੱਤੇ ਕਬਜ਼ਾ ਕਰ ਲਿਆ।
ਸਮਦ ਖਾਨ ਨੇ ਬਹਾਦਰ ਸ਼ਾਹ ਨੂੰ ਮਦਦ ਲਈ ਲਿਖਿਆ। ਦਸੰਬਰ 1710 ਈ: ਨੂੰ ਉਹ ਸ਼ਾਹੀ ਫੌਜ ਲੈ ਕੇ ਲੋਹਗੜ੍ਹ ਦੇ ਨੇੜੇ ਸਢੌਰੇ ਪਹੁੰਚਿਆ ਅਤੇ ਗੜ੍ਹੀ ਦੁਆਲੇ ਘੇਰਾ ਪਾ ਲਿਆ। ਪਰ 10-11 ਦਸੰਬਰ ਦੀ ਰਾਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਕੁਝ ਸਾਥੀਆਂ ਸਮੇਤ ਵੈਰੀ ਨੂੰ ਧੋਖਾ ਦੇ ਕੇ ਨਾਹਨ ਦੇ ਇਲਾਕੇ ਵਿਚ ਚਲਿਆ ਗਿਆ।
ਬਹਾਦਰ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਲਾਹੌਰ ਵਾਪਸ ਮੁੜ ਗਿਆ। ਇਥੇ 21-22 ਦਸੰਬਰ 1712 ਈ: ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਪਿੱਛੋਂ ਰਾਜ ਗੱਦੀ ਲਈ ਝਗੜਾ ਸ਼ੁਰੂ ਹੋ ਗਿਆ। ਆਖ਼ਰ ਫਰੁੱਖਸੀਅਰ ਰਾਜ ਗੱਦੀ ਦਾ ਮਾਲਕ ਬਣਿਆ। ਇਸ ਦੌਰਾਨ ਸਿੱਖਾਂ ਨੇ ਮੁੜ ਆਪਣੀ ਤਾਕਤ ਇਕੱਠੀ ਕੀਤੀ ਅਤੇ ਕਲਾਨੌਰ, ਲੋਹਗੜ੍ਹ ਅਤੇ ਸਢੌਰਾ ਫਿਰ ਤੋਂ ਆਪਣੇ ਕਬਜ਼ੇ ’ਚ ਕਰ ਲਏ।
ਅਕਤੂਬਰ 1713 ਈ: ਤੋਂ ਫਰਵਰੀ 1715 ਈ: ਤਕ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਮੂ ਵਿਚ ਆਪਣਾ ਟਿਕਾਣਾ ਬਣਾਇਆ। ਇਥੋਂ ਉਹ ਪੰਜਾਬ ਦੇ ਹਾਲਾਤ ਉੱਤੇ ਨਜ਼ਰ ਰੱਖਦੇ ਰਹੇ। ਜੰਮੂ ਤੋਂ ਬਾਬਾ ਬੰਦਾ ਸਿੰਘ ਬਹਾਦਰ ਅਚਾਨਕ ਪੰਜਾਬ ਪਰਤ ਆਏ ਅਤੇ ਅਚਲ ਤੋਂ ਹੁੰਦੇ ਹੋਏ ਬਟਾਲੇ ਪੁੱਜੇ। ਦੂਜੇ ਪਾਸੇ ਅਬਦੁੱਸਮਦ ਖਾਨ ਨੇ ਵੀ ਹੋਰਨਾਂ ਮੁਗ਼ਲਾਂ ਦੀ ਮਦਦ ਨਾਲ ਬਾਬਾ ਬੰਦਾ ਸਿੰਘ ਬਹਾਦਰ ’ਤੇ ਪੂਰੀ ਨਜ਼ਰ ਰੱਖੀ। ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਘੇਰ ਲਏ ਗਏ। ਦੁਸ਼ਮਣਾਂ ਨੇ ਲਗਾਤਾਰ ਅੱਠ ਮਹੀਨੇ ਗੜ੍ਹੀ ਨੂੰ ਪੂਰੀ ਤਰ੍ਹਾਂ ਘੇਰੀ ਰੱਖਿਆ। ਇਸ ਦੌਰਾਨ ਸਿੱਖਾਂ ਕੋਲ ਰਾਸ਼ਨ-ਪਾਣੀ ਮੁੱਕ ਗਿਆ। ਜਿਊਂਦੇ ਰਹਿਣ ਲਈ ਉਨ੍ਹਾਂ ਨੇ ਦਰਖ਼ਤਾਂ ਦੇ ਪੱਤੇ, ਸੱਕ, ਟਾਹਣੀਆਂ, ਘਾਹ, ਜਾਨਵਰਾਂ ਦੀਆਂ ਹੱਡੀਆਂ ਅਤੇ ਆਪਣੇ ਪੱਟਾਂ ਦਾ ਮਾਸ ਚੀਰ ਕੇ ਖਾਧਾ। ਇਸ ਨਾਲ ਕਈ ਸਿੰਘ ਭਿਆਨਕ ਬਿਮਾਰੀਆਂ ਕਾਰਨ ਅਤੇ ਕਈ ਭੁੱਖ ਕਾਰਨ ਸ਼ਹੀਦ ਹੋ ਗਏ। ਪਰ ਇਨ੍ਹਾਂ ਨੇ ਮੁਸ਼ਕਿਲਾਂ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਬਹਾਦਰ ਸਾਥੀਆਂ ਨੇ ਮੁਗ਼ਲਾਂ ਦਾ ਅੱਠ ਮਹੀਨੇ ਡੱਟ ਕੇ ਟਾਕਰਾ ਕੀਤਾ।
ਆਖ਼ਰ 7 ਦਸੰਬਰ 1715 ਈ: ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਤਿੰਨ ਸੌ ਦੇ ਕਰੀਬ ਸਿੰਘ ਉਥੇ ਹੀ ਸ਼ਹੀਦ ਕਰ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਸਾਰਿਆਂ ਨੂੰ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ ਲਿਜਾ ਕੇ ਜਲੂਸ ਕੱਢਿਆ ਗਿਆ, ਫਿਰ ਜ਼ਕਰੀਆ ਖਾਨ ਦੀ ਨਿਗਰਾਨੀ ਹੇਠ ਦਿੱਲੀ ਭੇਜਿਆ ਗਿਆ।
27 ਫਰਵਰੀ, 1716 ਨੂੰ ਇਹ ਕਾਫਲਾ ਦਿੱਲੀ ਪੁੱਜਾ। ਫਰੁੱਖਸੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ ਤੇ ਕੁਝ ਹੋਰ ਸਿੱਖਾਂ ਨੂੰ ਤ੍ਰਿਪੋਲੀਆ ਜੇਲ੍ਹਖਾਨੇ ਭੇਜ ਦਿੱਤਾ ਗਿਆ। ਬਾਕੀ ਸਿੱਖਾਂ ਨੂੰ ਕਤਲ ਕਰਨ ਲਈ ਕੋਤਵਾਲ ਸਰਬਰਾਹ ਖਾਨ ਦੇ ਹਵਾਲੇ ਕਰ ਦਿੱਤਾ। 5 ਮਾਰਚ 1716 ਈ: ਨੂੰ ਸਿੱਖ-ਸ਼ਹੀਦੀਆਂ ਸ਼ੁਰੂ ਹੋਈਆਂ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਤੇ ਰਾਤੀਂ ਛਕੜਿਆਂ ਉੱਤੇ ਲੱਦ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਦਰੱਖਤਾਂ ਨਾਲ ਟੰਗ ਦਿੱਤਾ ਜਾਂਦਾ।
9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਪੁੱਤਰ ਅਜੈ ਸਿੰਘ, ਭਾਈ ਫਤਹਿ ਸਿੰਘ, ਭਾਈ ਬਾਜ ਸਿੰਘ ਅਤੇ ਕੁਝ ਹੋਰ ਸਿੱਖਾਂ ਨੂੰ ਇਬਰਾਹੀਮ ਖਾਨ, ਮੀਰ ਆਤਿਸ਼ ਅਤੇ ਸਰਬਰਾਹ ਖਾਨ ਕੋਤਵਾਲ ਦੀ ਨਿਗਰਾਨੀ ਹੇਠ ਕਿਲ੍ਹੇ ਤੋਂ ਬਾਹਰ ਕੱਢਿਆ ਗਿਆ। ਇਸ ਸਮੇਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੀਆਂ ਬੇੜੀਆਂ ਵਿਚ ਜਕੜਿਆ ਹੋਇਆ ਸੀ। ਫਿਰ ਉਸ ਨੂੰ ਹਾਥੀ ਤੋਂ ਉਤਾਰ ਕੇ ਇਸਲਾਮ ਜਾਂ ਮੌਤ ’ਚੋਂ ਕਿਸੇ ਇਕ ਦੀ ਚੋਣ ਕਰਨ ਬਾਰੇ ਕਿਹਾ ਗਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਸਿਦਕੀ ਤੇ ਸੱਚੇ ਸਿੱਖ ਵਾਂਗ ਮੌਤ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਚਾਰ ਸਾਲਾ ਬੱਚੇ ਅਜੈ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਕਤਲ ਕਰਕੇ ਉਸ ਦਾ ਤੜਫਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਉਨ੍ਹਾਂ ਦੀ ਸੱਜੀ ਅੱਖ ਕੱਢੀ ਗਈ, ਫਿਰ ਖੱਬਾ ਪੈਰ ਵੱਢਿਆ ਗਿਆ, ਫਿਰ ਉਨ੍ਹਾਂ ਦੇ ਦੋਵੇਂ ਹੱਥ ਕੱਟ ਦਿੱਤੇ ਗਏ ਅਤੇ ਆਖਰ ਲਾਲ ਅੰਗਿਆਰ ਚਿਮਟੀਆਂ ਨਾਲ ਉਨ੍ਹਾਂ ਦੇ ਸਰੀਰ ਦਾ ਮਾਸ ਨੋਚਿਆ ਗਿਆ ਤੇ ਉਸ ਦਾ ਅੰਗ-ਅੰਗ ਵੱਖ ਕਰ ਦਿੱਤਾ ਗਿਆ। ਇਨ੍ਹਾਂ ਸਾਰੇ ਤਸੀਹਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਜਿਗਰੇ ਅਤੇ ਸਿੱਖੀ ਸਿਦਕ ਨਾਲ ਸਹਾਰਿਆ। ਇਉਂ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਅਤੇ ਆਪਣੇ ਧਰਮ ਵਿਚ ਪੱਕਾ ਰਹਿ ਕੇ ਉਹ ਸ਼ਹੀਦੀ ਪ੍ਰਾਪਤ ਕਰ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਹੇਠ ਲਿਖੀਆਂ ਇਤਿਹਾਸਕ ਯਾਦਗਾਰਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਮਿਲਦੀਆਂ ਹਨ:
1. ਜੰਮੂ ਦੇ ਪਹਾੜੀ ਇਲਾਕੇ ਵਿਚ ਕੱਟੜੇ ਤੋਂ ਸੱਤ ਕੋਹ ਅਤੇ ਰਿਆਸੀ ਤੋਂ ਨੌਂ ਮੀਲ ਦੂਰ ਝਨਾਂ ਦੇ ਕੰਢੇ ਇਕ ਬੜਾ ਦਿਲਖਿਚਵਾਂ ਸਥਾਨ ਹੈ- ਡੇਰਾ ਬਾਬਾ ਬੰਦਾ ਸਾਹਿਬ। ਇਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੈਨਾ ਨੂੰ ਯੁੱਧ ਦੀ ਸਿੱਖਿਆ ਦਿੰਦਾ ਰਿਹਾ।
2. ਸਰਹਿੰਦ ਤੋਂ ਕੁਝ ਦੂਰ ਅੱਗੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਡਿਉਢੀ ’ਤੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ।
3. ਫਤਹਿਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਇੰਜੀਨੀਅਰਿੰਗ ਕਾਲਜ ਸਥਾਪਤ ਹੈ, ਜੋ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਬੰਧ ਅਧੀਨ ਹੈ।
4. ਧਾਰੀਵਾਲ ਤੋਂ ਗੁਰਦਾਸਪੁਰ ਜਾਂਦਿਆਂ ਗੁਰਦਾਸ ਨੰਗਲ ਦੀ ਥੇਹ ’ਤੇ ਇਕ ਯਾਦਗਾਰੀ ਗੁਰਦੁਆਰਾ ਹੈ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
5. ਨਾਂਦੇੜ (ਮਹਾਂਰਾਸ਼ਟਰ) ਵਿਖੇ ਗੁਰਦੁਆਰਾ ਬੰਦਾ ਘਾਟ ਹੈ। ਇਥੇ ਹੀ ਸੰਨ 1708 ਈ: ਵਿਚ ਮਾਧੋਦਾਸ ਬੈਰਾਗੀ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਹੋਈ।
6. ਗ੍ਰੇਟਰ ਮੋਹਾਲੀ ਸਰਹਿੰਦ ਵਿਖੇ ਗੁਰਦੁਆਰਾ ਸ਼ਹੀਦ ਗੰਜ, ਮੈਦਾਨ ਚੱਪੜਚਿੜੀ ਹੈ, ਜਿਥੇ ਸੂਬਾ ਸਰਹਿੰਦ ਵਜ਼ੀਰ ਖਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਹੋਈ ਫੈਸਲਾਕੁੰਨ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ ਅਤੇ ਅਨੇਕਾਂ ਸਿੰਘ-ਸਿੰਘਣੀਆਂ ਸ਼ਹੀਦ ਹੋਏ ਸਨ।
7. ਸਢੌਰਾ ਤੋਂ ਕਰੀਬ 20 ਕਿਲੋਮੀਟਰ ਦੂਰ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਹੈ, ਜਿਸ ਦਾ ਪਹਿਲਾ ਨਾਂ ਮੁਖਲਿਸਗੜ੍ਹ ਸੀ, ਇਸ ਨੂੰ ਸਿੱਖਾਂ ਦੀ ਪਹਿਲੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈ। ਇਥੇ ਹੀ ਸਿੱਖ ਰਾਜ ਦੀ ਨੀਂਹ ਰੱਖੀ ਗਈ।
8. ਦਿੱਲੀ ਵਿਖੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ ਹੈ। ਇਸ ਥਾਂ ’ਤੇ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਮਾਸੂਮ ਬੱਚੇ ਅਜੈ ਸਿੰਘ ਅਤੇ ਪ੍ਰਮੁੱਖ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਪੰਜਾਬੀ ਦੇ ਇਕ ਚਰਚਿਤ ਕਵੀ ਸ. ਹਰਸਾ ਸਿੰਘ ‘ਚਾਤਰ’ ਨੇ ਇਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਹੈ:
ਬਰਕਤ ਪਾ ਦਸਮੇਸ਼ ਦੀ, ਬਣਿਆ ਬੰਦਾ ਸਿੰਘ ਬਲਕਾਰੀ।
ਡੌਲੇ ਉਹਦੇ ਲੋਹੇ ਦੇ, ਛਾਤੀ ਅਹਿਰਣ ਵਰਗੀ ਭਾਰੀ।
ਅੱਖਾਂ ਬਲਣ ਮਤਾਬੀਆਂ, ਫੂਕ ਸੁੱਟਣੀ ਜ਼ੁਲਮਤ ਸਾਰੀ।
ਕੱਦ ਕਾਠ ਵਰਿਆਮ ਦਾ, ਤੁਰਦੀ-ਫਿਰਦੀ ਜਿਵੇਂ ਅਟਾਰੀ।
ਹਾਥੀ ਢਾਹੇ ਓਸ ਨੇ, ਸ਼ੇਰਾਂ ’ਤੇ ਪਾਈ ਅਸਵਾਰੀ।
ਮਾਰ ਵਜੀਦੇ ਖਾਨ ਨੂੰ, ਧਰਤੋਂ ਭਾਰੀ ਪੰਡ ਉਤਾਰੀ।
ਰੱਤ ਵਿਚ ਡੋਬੇ ਓਸ ਨੇ, ਦੇਸ਼ ਧ੍ਰੋਹੀ ਤੇ ਹੰਕਾਰੀ।
ਸੁਣ-ਸੁਣ ਉਹਦੀਆਂ ਚੜ੍ਹਤਲਾਂ, ਕੰਬੇ ਦਿੱਲੀ ਕਰਮਾਂ ਮਾਰੀ।
ਆਖ਼ਰ ਫਸਿਆ ਪਿੰਜਰੇ, ਸਫ਼ਲ ਹੋਏ ਚਾਲੇ ਸਰਕਾਰੀ।
ਮਰਨੋਂ ਮੂਲ ਨਾ ਡੋਲਿਆ, ਦੇਸ਼ ਭਗਤ ਸੱਚ ਦਾ ਹਿਤਕਾਰੀ।
ਬੋਟੀ ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ।
ਵਿਰਲੇ ਜੰਮਣ ਜੱਗ ’ਤੇ, ਇਹੋ ਜਿਹੇ ‘ਚਾਤਰ’ ਉਪਕਾਰੀ।
ਜਿਨ੍ਹਾਂ ਦੇਸ਼ ਤੋਂ ਜਿੰਦੜੀ ਵਾਰੀ।
ਲੇਖਕ ਬਾਰੇ
ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2010