editor@sikharchives.org

ਲਾਸਾਨੀ ਸਿੱਖ ਦਾਸਤਾਨ ਵੱਡਾ ਘੱਲੂਘਾਰਾ

ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਵਿਚ ਤਕਰੀਬਨ 30 ਹਜ਼ਾਰ ਸਿੰਘ, ਸਿੰਘਣੀਆਂ ਸ਼ਹੀਦ ਹੋਏ ਸਨ; ਤਕਰੀਬਨ ਉਸ ਸਮੇਂ ਦੀ ਮੌਜੂਦਾ ਅੱਧੀ ਕੌਮ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਦੁਨੀਆਂ ਦੇ ਇਤਿਹਾਸ ਵਿਚ ਕਈ ਵਾਰੀ ਐਸੀਆਂ ਮਿਸਾਲਾਂ ਮਿਲ ਜਾਂਦੀਆਂ ਹਨ ਜਦੋਂ ਉਸ ਧਰਮ ਦੇ ਅਨੁਆਈਆਂ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਹੋਣ। ਪਰ ਕਿਸੇ ਹੋਰ ਧਰਮ/ਮਤ ਲਈ ਜਿਸ ਨੂੰ ਕੋਈ ਆਪਣਾ ਨਾ ਮੰਨਦਾ ਹੋਵੇ ਤੇ ਫਿਰ ਵੀ ਉਸ ਦੀ ਰੱਖਿਆ ਲਈ ਕੋਈ ਆਪਣਾ ਸਭ ਕੁਝ ਵਾਰ ਦੇਵੇ, ਇਤਿਹਾਸ ਵਿਚ ਐਸੀ ਮਿਸਾਲ ਦੇ ਪੂਰਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੀ ਵਾਰੀ ਪਾਏ ਸਨ, ਜਿਨ੍ਹਾਂ ’ਤੇ ਤੁਰ ਕੇ ਸਾਡੇ ਮਹਾਨ ਸ਼ਹੀਦਾਂ ਨੇ ਬੇਸ਼ੁਮਾਰ ਪਰਉਪਕਾਰੀ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ‘ਵੱਡਾ ਘੱਲੂਘਾਰਾ’ ਸਭ ਤੋਂ ਵੱਡੀ ਘਟਨਾ ਹੈ। ਇਹ ਸਾਕਾ ਦੁਨੀਆਂ ਦੇ ਇਤਿਹਾਸ ਨੂੰ ਤੇ ਖਾਸ ਕਰਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਇਹ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਦੇਸ਼ ਦੀ ਇੱਜ਼ਤ-ਆਬਰੂ ਦੀ ਰੱਖਿਆ ਦਾ ਮੁੱਲ ਸਿੱਖ ਕੌਮ ਨੇ ਆਪਣੇ ਲਹੂ ਦਾ ਦਰਿਆ ਵਗਾ ਕੇ ਤਾਰਿਆ ਸੀ! ਇਕ ਦਿਨ ਵਿਚ ਤਕਰੀਬਨ 30-35 ਹਜ਼ਾਰ ਸਿੱਖਾਂ ਨੂੰ, ਉਸ ਸਮੇਂ ਦੀ ਮੌਜੂਦਾ ਅੱਧੀ ਕੌਮ ਨੂੰ ਅਬਦਾਲੀ ਨੇ ਇੱਕੋ ਮੈਦਾਨ ਵਿਚ ਸ਼ਹੀਦ ਕਰ ਦਿੱਤਾ ਸੀ; ਤੇ ਕਸੂਰ ਕੀ ਸੀ? ਹਿੰਦੁਸਤਾਨ ਦੀਆਂ ਅਬਲਾਵਾਂ ਦੀ ਇੱਜ਼ਤ ਦੀ ਰਾਖੀ ਕਰਨਾ, ਜਿਸ ਨੂੰ ਸਿੱਖ ਕੌਮ ਹਮੇਸ਼ਾਂ ਹੀ ਆਪਣਾ ਫ਼ਰਜ਼ ਸਮਝਦੀ ਹੈ ਤੇ ਇਹ ਫ਼ਰਜ਼ ਸਿੱਖਾਂ ਨੇ ਹਰ ਕਰੜੇ ਤੋਂ ਕਰੜੇ ਸਮੇਂ ਵੀ ਨਿਭਾਇਆ ਹੈ।

ਐਸੇ ਮਹਾਨ ਗੁਰਸਿੱਖਾਂ ਦੀ ਘਾਲਣਾ ਨੂੰ ਸਦਾ ਸੁਰਜੀਤ ਰੱਖਣ ਲਈ, ਆਉਣ ਵਾਲੀ ਪਨੀਰੀ ਵਾਸਤੇ ਉਨ੍ਹਾਂ ਦੇ ਜੀਵਨ ਨੂੰ ਚਾਨਣ-ਮੁਨਾਰਾ ਬਣਾਉਣ ਲਈ ਪੰਥ ਨੇ ਰੋਜ਼ਾਨਾ ਦੀ ਅਰਦਾਸ ਵਿਚ ਇਨ੍ਹਾਂ ਸ਼ਹੀਦਾਂ ਨੂੰ ਉਚੇਚਾ ਸਥਾਨ ਦਿੱਤਾ। ਗੁਰੂ ਸਾਹਿਬਾਨ ਨੂੰ, ਪੰਜਾਂ ਪਿਆਰਿਆਂ ਨੂੰ, ਚੌਹਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਤੋਂ ਬਾਅਦ ਅਸੀਂ ਜਿਤਨੀਆਂ ਵੀ ਸ਼ਹਾਦਤਾਂ ਦਾ ਜ਼ਿਕਰ ਕਰਦੇ ਹਾਂ, ਉਹ ਸਾਰੀਆਂ ਸ਼ਹਾਦਤਾਂ ਮੁੱਖ ਤੌਰ ’ਤੇ 18ਵੀਂ ਸਦੀ ਵਿਚ ਹੀ ਹੋਈਆਂ। ਉਸ ਸਮੇਂ ਤਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਨਹੀਂ ਕੀਤਾ ਸੀ, ਇਸ ਦੌਰ ਵਿਚ ਪੰਥ ਨੇ ਜਿਤਨੀ ਅਤਿ ਦਾ ਸਾਹਮਣਾ ਕੀਤਾ, ਜਿਤਨੇ ਉਤਰਾਅ-ਚੜ੍ਹਾਅ ਦੇਖੇ ਤੇ ਜਿਤਨਾ ਲਹੂ ਡੋਲ੍ਹਿਆ, ਉਤਨਾ ਸਮੁੱਚੇ ਸਿੱਖ ਇਤਿਹਾਸ ਵਿਚ ਕਿਤੇ ਹੋਰ ਮਿਲ ਸਕਣਾ ਮੁਸ਼ਕਿਲ ਹੈ। ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਗੁਰੂ ਸਾਹਿਬਾਨ ਦੇ ਬਾਅਦ ਤੋਂ ਲੈ ਕੇ ਅੱਜ ਤਕ ਦੇ ਸਮੇਂ ਵਿਚ ਸਬਰ ਤੇ ਸਿਦਕ ਦੇ ਜਿਨ੍ਹਾਂ ਸਿਖਰਾਂ ਨੂੰ ਇਨ੍ਹਾਂ ਗੁਰਸਿੱਖਾਂ ਨੇ ਛੂਹਿਆ, ਜਿਨ੍ਹਾਂ ਕਰੜੇ ਇਮਤਿਹਾਨਾਂ ਵਿਚ ਵੀ ਇਹ ਮਰਜੀਵੜੇ ਅਡੋਲ ਰਹੇ ਹਨ, ਸ਼ਾਇਦ ਹੀ ਕਦੇ, ਕਿਤੇ ਹੋਰ ਐਸੀਆਂ ਮਿਸਾਲਾਂ ਮਿਲਣ। ਇਸ ਦੌਰਾਨ ਕਈ ਵਾਰੀ ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ। ਕਈ ਵਾਰੀ ਸਿੱਖ ਧਰਮ ਨੂੰ ਕਾਨੂੰਨ ਵਿਰੋਧੀ ਐਲਾਨਿਆ ਗਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਤਕ ਲਾ ਦਿੱਤੇ ਗਏ। ਮੁਲਕ ਦੀ ਹਰ ਗਲੀ, ਹਰ ਕੂਚੇ ’ਤੇ ਗਸ਼ਤੀ ਫੌਜਾਂ ਸਿੱਖਾਂ ਦਾ ਸ਼ਰ੍ਹੇਆਮ ਸ਼ਿਕਾਰ ਕਰਦੀਆਂ ਫਿਰਦੀਆਂ। ਵੱਡਾ ਘੱਲੂਘਾਰਾ ਇਸੇ ਕਰੜੇ ਸਮੇਂ ਦੀ ਸਭ ਤੋਂ ਦੁਖਦਾਈ ਘਟਨਾ ਹੈ। ਇਸ ਸਾਕੇ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਮੌਜੂਦਾ ਹਾਲਾਤ ਨੂੰ ਸਮਝਣਾ ਪਵੇਗਾ।

ਉਸ ਸਮੇਂ ਕੇਂਦਰੀ ਦਿੱਲੀ ਵਿਚ ਮੁਗ਼ਲਾਂ ਦਾ ਰਾਜ ਸੀ ਪਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਰਾਜ ਆਪਣੀ ਸਾਖ ਗੁਆ ਬੈਠਾ ਤੇ ਨਾਮ-ਮਾਤਰ ਹੀ ਕੇਂਦਰੀ ਰਾਜ ਰਿਹਾ। ਅਸਲ ਵਿਚ ਹਿੰਦੁਸਤਾਨ ਵਿਚ ਮੱਧਕਾਲੀਨ ਸਮੇਂ ਵਿਚ ਇਕ ਵੱਡੀ ਸਲਤਨਤ ਦੀ ਥਾਂ ਛੋਟੇ-ਛੋਟੇ ਰਾਜਾਂ ਦਾ ਹੀ ਬੋਲ-ਬਾਲਾ ਰਿਹਾ ਹੈ ਤੇ ਇਨ੍ਹਾਂ ਵਿੱਚੋਂ ਵੀ ਬਹੁਤੇ ਆਪਣੇ ਸਾਰੀ ਤਾਕਤ ਆਪਸ ਵਿਚ ਲੜਨ ਵਿਚ ਹੀ ਬਰਬਾਦ ਕਰ ਦਿੰਦੇ। ਸਵਾਰਥ, ਈਰਖਾ ਤੇ ਹੰਕਾਰ ਦੇ ਮਾਰੇ ਹੋਏ ਇਨ੍ਹਾਂ ਰਾਜਿਆਂ, ਰਿਆਸਤਦਾਰਾਂ ਵਿਚ ਆਪਣੀ ਹਉਮੈ ਦੇ ਪ੍ਰਗਟਾਵੇ ਨੂੰ ਲੈ ਕੇ ਅਕਸਰ ਖਿੱਚੋਤਾਣ ਚੱਲਦੀ ਰਹਿੰਦੀ ਤੇ ਇਹ ਨਿੱਤ ਆਪਣੇ ਅਖੌਤੀ ਰਾਜਾਂ ਦੀਆਂ ਸਰਹੱਦਾਂ ਵਧਾਉਣ ਲਈ ਜੰਗਾਂ-ਯੁੱਧਾਂ ਵਿਚ ਰੁੱਝੇ ਰਹਿੰਦੇ। ਕਈ ਵਿਚਾਰੇ ਮਜਬੂਰੀ ਦੇ ਮਾਰੇ ਆਪਣੀ ਹੋਂਦ ਬਚਾਉਣ ਲਈ ਇਸ ਵਿਚ ਫਸ ਗਏ ਸਨ। ਕਈਆਂ ਨੇ ਆਪਣੀ ਰਾਜਸੱਤਾ ਦੀ ਭੁੱਖ ’ਤੇ ਧਰਮ ਦਾ ਮੁਲੰਮਾ ਵੀ ਚਾੜ੍ਹ ਲਿਆ ਸੀ। ਬੱਸ ਇਹ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਸਾਰੇ ਦੇਸ਼ ਵਿਚ ਅਰਾਜਕਤਾ ਸੀ, ਡਾਵਾਂਡੋਲ ਜਿਹੇ ਹਾਲਾਤ ਬਣੇ ਹੋਏ ਸਨ ਤੇ ਨਾਲ ਹੀ ਉੱਤਰ-ਪੱਛਮ ਵੱਲੋਂ ਹੋਣ ਵਾਲੇ ਵਿਦੇਸ਼ੀ ਹਮਲਿਆਂ ਨੇ ਵੀ ਬਹੁਤ ਹੱਦ ਤਕ ਕਿਸੇ ਰਾਜ ਨੂੰ ਸਥਿਰ ਨਾ ਰਹਿਣ ਦਿੱਤਾ। ਇਨ੍ਹਾਂ ਸਾਰੇ ਹੀ ਕਾਰਨਾਂ ਦੀ ਚੁਤਰਫ਼ੀ ਮਾਰ ਸਿੱਖਾਂ ’ਤੇ ਪਈ। ਉਂਞ ਹਾਲੇ ਗੁਰੂ ਸਾਹਿਬਾਨ ਤਕ ਕਿਸੇ ਨੇ ਵੀ ਆਪਣਾ ਰਾਜ ਸਥਾਪਤ ਨਹੀਂ ਕੀਤਾ ਸੀ, ਪਰ ਸਿੱਖਾਂ ਦੇ ਧਨ-ਦੌਲਤ ਦੇ ਰੂਪ ਨੇ ਕਈਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਖਾਲਸੇ ਦੀ ਸਿਰਜਨਾ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਮੁੱਖ ਰੱਖ ਕੇ ਸਿੱਖਾਂ ਦੀ ਫੌਜੀ ਕਵਾਇਦ ਪਹਿਲਾਂ ਹੀ ਪਹਾੜੀ ਰਾਜਿਆਂ ਤੇ ਮੁਗ਼ਲ ਦਰਬਾਰ ਤਕ ਦੀ ਨੀਂਦ ਹਰਾਮ ਕਰ ਚੁੱਕੀ ਸੀ।

ਗੁਰੂ ਸਾਹਿਬਾਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਹਿਲੀ ਵਾਰੀ ਸਿੱਖ ਰਾਜ ਕਾਇਮ ਕੀਤਾ ਪਰ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਪੰਜਾਬ ਵਿਚ ਜ਼ੁਲਮ ਦੀ ਐਸੀ ਹਨੇਰੀ ਝੁੱਲੀ, ਜਿਸ ਦਾ ਸਾਹਮਣਾ ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਹੀ ਸਿੱਖਾਂ ਦੇ ਇਲਾਵਾ ਕਿਸੇ ਹੋਰ ਕੌਮ ਨੇ ਕੀਤਾ ਹੋਵੇ। ਆਪਣੇ ਧਰਮ ਤੇ ਆਪਣੀ ਹੋਂਦ ਨੂੰ ਬਚਾਉਣ ਲਈ ਸਿੱਖਾਂ ਨੇ ਮਜਬੂਰਨ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ, ਮਾਰੂਥਲਾਂ ਦੀ ਸ਼ਰਨ ਲਈ। ਹਰ ਸਮੇਂ ਮੌਤ ਉਨ੍ਹਾਂ ਦਾ ਪਿੱਛਾ ਕਰਦੀ ਰਹਿੰਦੀ। ਇਹ ਸਮਾਂ ਸਿੱਖ ਇਤਿਹਾਸ ਦਾ ਸਭ ਤੋਂ ਕਰੜਾ ਸਮਾਂ ਰਿਹਾ ਹੈ। ਪਰ ਸਿੱਖ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੱਗੇ ਸਿਰ ਝੁਕਾ ਕੇ ਸਹਾਰਦੇ ਗਏ। ਇੰਨੇ ਮਾੜੇ ਹਾਲਾਤ ਵਿਚ ਸਿੱਖਾਂ ਨੇ ਆਪਣੇ ਫ਼ਰਜ਼ ਤੋਂ ਮੂੰਹ ਨਹੀਂ ਮੋੜਿਆ। ਆਪ ਜ਼ੁਲਮਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੀ ਸ਼ਰਨ ਵਿਚ ਆਏ ਹਰ ਮਜ਼ਲੂਮ ਦੀ ਰਾਖੀ ਖਾਲਸੇ ਨੇ ਕੀਤੀ ਹੈ। ਇਹੋ ਸਿਲਸਿਲਾ ਨਾਦਰ ਸ਼ਾਹ ਦੇ ਹਮਲੇ ਸਮੇਂ ਸੀ। ਸੰਨ 1739 ਵਿਚ ਸਿੱਖਾਂ ਨੇ ਹਮਲਾ ਕਰ ਕੇ ਸੈਂਕੜੇ ਅਬਲਾਵਾਂ ਨੂੰ ਛੁਡਾਇਆ ਤੇ ਹਿੰਦੁਸਤਾਨ ਦੀ ਪੱਤ ਰੱਖੀ ਸੀ।

ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਹਾਕਮ ਬਣਿਆ। ਹਿੰਦੁਸਤਾਨ ਦਾ ਧਨ-ਦੌਲਤ ਸਦਾ ਉਸ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਤੇ ਇਸੇ ਨੂੰ ਹਾਸਲ ਕਰਨ ਲਈ ਅਬਦਾਲੀ ਨੇ ਸੰਨ 1748 ਤੋਂ ਲੈ ਕੇ 1761 ਤਕ ਇਸ ਦੇਸ਼ ਉੱਤੇ ਪੰਜ ਹਮਲੇ ਕੀਤੇ। ਪੰਜਾਬ ਕਿਉਂਕਿ ਉਸ ਸਮੇਂ ਬਹੁਤ ਵੱਡਾ ਸਰਹੱਦੀ ਰਾਜ ਸੀ ਤੇ ਦੂਜੇ ਪਾਸੇ ਧਨ-ਦੌਲਤ ਨਾਲ ਮਾਲਾ-ਮਾਲ ਵੀ, ਇਸ ਲਈ ਪੰਜਾਬ ਨੂੰ ਉਸ ਨੇ ਆਪਣਾ ਖਾਸ ਨਿਸ਼ਾਨਾ ਬਣਾਇਆ। ਸੰਨ 1760 ਤਕ ਮਰਹੱਟੇ ਵੀ ਤਕਰੀਬਨ ਸਾਰੇ ਦੇਸ਼ ’ਤੇ ਹਾਵੀ ਹੋ ਚੁੱਕੇ ਸਨ। ਇਥੋਂ ਤਕ ਕਿ ਦਿੱਲੀ ਵਿਚ ਸ਼ਾਹ ਆਲਮ ਨੂੰ ਵੀ ਇਨ੍ਹਾਂ ਨੇ ਹੀ ਤਖ਼ਤ ’ਤੇ ਬਿਠਾਇਆ ਸੀ। ਦੂਰ ਅਟਕ ਦਰਿਆ ਤਕ ਇਹ ਮਾਮਲਾ ਇਕੱਠਾ ਕਰਿਆ ਕਰਦੇ ਸਨ। ਸੰਨ 1750 ਤੋਂ ਲੈ ਕੇ 1760 ਤਕ ਦੇ ਕੁਝ ਸਾਲ ਸਿੱਖਾਂ ਲਈ ਵੀ ਠੀਕ ਰਹੇ। ਮੁਗ਼ਲਾਂ ਦੀ ਤਾਕਤ ਘਟਣ ਦੇ ਨਾਲ ਹੀ ਸਿੱਖਾਂ ਨੇ ਮੁੜ ਜ਼ੋਰ ਫੜ੍ਹਨਾ ਤੇ ਨਗਰਾਂ ਵਿਚ ਵੱਸਣਾ ਸ਼ੁਰੂ ਕਰ ਦਿੱਤਾ।

ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁਕਿਆ ਹੈ ਕਿ ਆਪਸੀ ਫੁੱਟ ਸਿਰ ਚੜ੍ਹ ਕੇ ਬੋਲ ਰਹੀ ਸੀ। ਭਰਤਪੁਰ ਦੇ ਰਾਜਪੂਤ ਰਾਜੇ ਸੂਰਜਮੱਲ ਨੂੰ ਮਰਹੱਟਿਆਂ ਨੂੰ ਕਰ (Tax) ਦੇਣ ਦੀ ਗੱਲ ਨਾਗਵਾਰ ਸੀ। ਸਭ ਤੋਂ ਵੱਧ ਖਿਲਾਫ਼ਤ ਕੀਤੀ ਰੁਹੇਲਖੰਡ ਦੇ ਰਾਜੇ ਨਜ਼ੀਬ ਖਾਨ ਨੇ। ਜੇ ਮਰਹੱਟੇ ਕਰ (Tax) ਲੈ ਰਹੇ ਸਨ ਤਾਂ ਅਟਕ ਦਰਿਆ ਤਕ ਦੇ ਇਲਾਕਿਆਂ ਦੀ ਰੱਖਿਆ ਵੀ ਕਰ ਰਹੇ ਸਨ। ਪਰ ਇਸ ਦੇਸ਼ ਵਿਚ ਜੈ ਚੰਦ ਜਿਹੇ ਗ਼ਦਾਰਾਂ ਦੀ ਵੀ ਘਾਟ ਨਹੀਂ ਸੀ। ਨਜ਼ੀਬ ਖਾਨ ਵੀ ਐਸੇ ਹੀ ਗ਼ਦਾਰਾਂ ਵਿੱਚੋਂ ਇੱਕ ਸੀ। ਉਸ ਨੇ ਮਰਹੱਟਿਆਂ ਦੇ ਖ਼ਿਲਾਫ਼ ਚੜ੍ਹ ਆਉਣ ਦਾ ਅਬਦਾਲੀ ਨੂੰ ਸੱਦਾ ਭੇਜ ਦਿੱਤਾ। ਸੰਨ 1761 ਵਿਚ ਪਾਨੀਪਤ ਦੇ ਮੈਦਾਨ ਵਿਚ ਅਬਦਾਲੀ ਤੇ ਮਰਹੱਟਿਆਂ ਵਿਚ ਜ਼ਬਰਦਸਤ ਜੰਗ ਹੋਈ ਤੇ ਇਸ ਲੜਾਈ ਵਿਚ ਮਰਹੱਟਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਸੈਨਾਪਤੀ ਸਦਾ ਸ਼ਿਵ ਰਾਓ ਵੀ ਮਾਰਿਆ ਗਿਆ। ਇਹ ਅਬਦਾਲੀ ਦਾ ਪੰਜਵਾਂ ਹਮਲਾ ਸੀ, ਜੋ ਨਿਰੋਲ ਮਰਹੱਟਿਆਂ ਵਿਰੁੱਧ ਸੀ। ਸਿੱਖਾਂ ਦਾ ਇਸ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ। ਮਰਹੱਟਿਆਂ ਦੀ ਹਾਰ ਤੋਂ ਬਾਅਦ ਤਿੰਨ-ਚਾਰ ਮਹੀਨੇ ਇਥੇ ਰਹਿ ਕੇ ਅਬਦਾਲੀ ਨੇ ਲੁੱਟ-ਮਾਰ ਕੀਤੀ ਤੇ ਅੱਗੇ ਉੱਤਰ ਪ੍ਰਦੇਸ਼ ਤਕ ਦੇ ਇਲਾਕੇ ਨੂੰ ਸਰ ਕੀਤਾ। 20 ਮਾਰਚ ਸੰਨ 1761 ਨੂੰ ਅਬਦਾਲੀ ਨੇ ਦਿੱਲੀ ਦੇ ਨੇੜੇ ਡੇਰਾ ਲਾਇਆ। ਇਸ ਵਾਰ ਅਬਦਾਲੀ ਦੇ ਡੇਰੇ ਵਿਚ ਹਜ਼ਾਰਾਂ ਕੈਦੀ ਵੀ ਸਨ, ਜਿਨ੍ਹਾਂ ਵਿਚ 2200 ਖ਼ੂਬਸੂਰਤ ਕੁਆਰੀਆਂ ਤੇ ਨਵ- ਵਿਆਹੀਆਂ ਹਿੰਦੂ ਲੜਕੀਆਂ ਵੀ ਸਨ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਅਬਲਾਵਾਂ ਦੀਆਂ ਚੀਕਾਂ ਤੇ ਤਰਲੇ ਕਿਸੇ ਅਖੌਤੀ ਸੂਰਮੇ ਨੇ ਨਹੀਂ ਸੁਣੇ। ਉਸ ਸਮੇਂ ਭਾਵੇਂ ਮਰਹੱਟਿਆਂ ਨੂੰ ਹਾਰ ਹੀ ਹੱਥ ਲੱਗੀ ਪਰ ਉਨ੍ਹਾਂ ਨੇ ਵੀ ਦਲੇਰੀ ਨਾਲ ਮੁਕਾਬਲਾ ਕੀਤਾ, ਪਰ ਬਾਕੀ ਸਾਰਾ ਦੇਸ਼ ਕੀ ਕਰ ਰਿਹਾ ਸੀ? ਉਸ ਸਮੇਂ ਕਿਉਂ ਕਿਸੇ ਹੋਰ ਨੇ ਇਨ੍ਹਾਂ ਮਾਸੂਮਾਂ ਦੇ ਤਰਲਿਆਂ ਨੂੰ ਨਹੀਂ ਸੁਣਿਆ? ਸਾਰੇ ਸਿਰਫ਼ ਆਪਣੇ-ਆਪ ਨੂੰ ਬਚਾਉਣ ਵਿਚ ਤੇ ਅਬਦਾਲੀ ਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਸਨ।

ਜਦ ਕਿਸੇ ਪਾਸਿਓਂ ਕੋਈ ਮਦਦ ਨਾ ਮਿਲੀ ਤਾਂ 10 ਅਪ੍ਰੈਲ, 1761 ਨੂੰ ਵਿਸਾਖੀ ਦੇ ਮੌਕੇ ’ਤੇ ਹਿੰਦੂਆਂ ਦੇ ਮੁਖੀਆਂ ਨੇ ਅੰਮ੍ਰਿਤਸਰ, ਖਾਲਸੇ ਦੀ ਸ਼ਰਨ ਵਿਚ ਆ ਕੇ ਬੇਨਤੀ ਕੀਤੀ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਉਸ ਸਮੇਂ ਦਲ ਖਾਲਸਾ ਦੇ ਸਰਦਾਰ ਸਨ। ਉਨ੍ਹਾਂ ਨੇ ਇਸ ਬਿਪਤਾ ਨੂੰ ਸਮਝਦਿਆਂ ਹੋਇਆਂ ਮਦਦ ਕਰਨ ਦਾ ਫ਼ੈਸਲਾ ਲਿਆ। ਅਬਦਾਲੀ ਦੀ ਫੌਜ ਨਾਲ ਸਿੱਧੀ ਟੱਕਰ ਨਾ ਲੈਣ ਦਾ ਫੈਸਲਾ ਕਰ ਕੁਝ ਚੋਣਵੇਂ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੋਇੰਦਵਾਲ ਪੱਤਣ ’ਤੇ ਜਾ ਪੁੱਜੇ ਤੇ ਜਿਸ ਵੇਲੇ ਅਬਦਾਲੀ ਦਾ ਲਸ਼ਕਰ ਬਿਆਸ ਦਰਿਆ ਪਾਰ ਕਰ ਰਿਹਾ ਸੀ ਸਿੱਖ ਅਚਨਚੇਤ ਹੀ ਉਸ ’ਤੇ ਜਾ ਪਏ ਤੇ ਕੁੜੀਆਂ ਨੂੰ ਛੁਡਾ ਲਿਆ ਤੇ ਜਿੱਥੋਂ ਤਕ ਹੋ ਸਕਿਆ ਸਾਰੀਆਂ ਨੂੰ ਆਪੋ-ਆਪਣੇ ਘਰੀਂ ਪੁਚਾ ਦਿੱਤਾ ਗਿਆ। ਜਿਨ੍ਹਾਂ ਨੂੰ ਉਨ੍ਹਾਂ ਦੇ ਘਰਵਾਲਿਆਂ ਨੇ ਸਵੀਕਾਰ ਨਹੀਂ ਕੀਤਾ ਉਨ੍ਹਾਂ ਨੇ ਸਿੱਖੀ ਨੂੰ ਅਪਣਾ ਲਿਆ ਤੇ ਵਹੀਰਾਂ ਵਿਚ ਰਹਿ ਕੇ ਖਾਲਸੇ ਦੀ ਸੇਵਾ ਕਰਨਾ ਹੀ ਸਭ ਤੋਂ ਬਿਹਤਰ ਸਮਝਿਆ।

ਭਾਵੇਂ ਅਬਦਾਲੀ ਦਾ ਕੋਈ ਖਾਸ ਮਾਲੀ ਨੁਕਸਾਨ ਨਹੀਂ ਹੋਇਆ ਸੀ ਪਰ ਫਿਰ ਵੀ ਕੁੜੀਆਂ ਤੇ ਗ਼ੁਲਾਮਾਂ ਨੂੰ ਛੁਡਾਇਆ ਜਾਣਾ ਇਕ ਵੱਡੀ ਸੱਟ ਸੀ ਜਿਸ ਨੂੰ ਉਹ ਸਹਾਰ ਨਾ ਸਕਿਆ ਤੇ ਅੱਗ-ਬਬੂਲਾ ਹੋ ਗਿਆ। ਕਾਬਲ ਪਰਤਦਾ ਹੋਇਆ ਉਹ ਆਪਣੇ ਸੂਹੀਏ ਪੰਜਾਬ ਛੱਡ ਗਿਆ ਤੇ ਮਨ ਹੀ ਮਨ ਫ਼ੈਸਲਾ ਕਰ ਲਿਆ ਕਿ ਅਚਨਚੇਤ ਹਮਲਾ ਕੀ ਹੁੰਦਾ ਹੈ, ਮੈਂ ਇਨ੍ਹਾਂ ਨੂੰ ਦੱਸਾਂਗਾ। ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁਕਿਆ ਹੈ ਕਿ ਗ਼ਦਾਰੀ ਇਸ ਦੇਸ਼ ਦੀ ਰਗ-ਰਗ ਵਿਚ ਫੈਲ ਚੁਕੀ ਸੀ। ਜੰਡਿਆਲੇ ਦਾ ਮਹੰਤ ਆਕਲ ਦਾਸ ਆਪਣੀ ਹੀ ਕੌਮ ਦੀਆਂ ਧੀਆਂ/ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਸਿੱਖਾਂ ਖ਼ਿਲਾਫ਼ ਅਬਦਾਲੀ ਨੂੰ ਸੂਹਾਂ ਦਿੰਦਾ ਰਿਹਾ। ਉਸੇ ਸਾਲ 27 ਅਕਤੂਬਰ, 1761 ਦੇ ਦੀਵਾਲੀ ਵਾਲੇ ਦਿਨ ਇਕੱਠ ’ਤੇ ਖਾਲਸੇ ਨੇ ਆਪਣੇ ਵਿਰੋਧੀਆਂ ਬਾਰੇ ਠੋਸ ਰਣਨੀਤੀ ਬਣਾਈ ਤੇ ਨਾਲ ਹੀ ਆਕਲ ਦਾਸ ਨੂੰ ਵੀ ਖਾਲਸਾ ਦਰਬਾਰ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ। ਪਰ ਉਸ ਨੇ ਪੇਸ਼ ਹੋਣ ਦੀ ਥਾਂ ਅਬਦਾਲੀ ਨੂੰ ਸਿੱਖਾਂ ’ਪੁਰ ਚੜ੍ਹ ਆਉਣ ਦਾ ਸੱਦਾ ਭੇਜ ਦਿੱਤਾ ਜੋ ਉਹ ਆਪ ਵੀ ਮੌਕੇ ਦੀ ਤਲਾਸ਼ ਵਿਚ ਸੀ। ਉਸ ਨੇ ਸੁਨੇਹੇ ’ਤੇ ਅਮਲ ਕੀਤਾ ਤੇ ਹਿੰਦੁਸਤਾਨ ’ਤੇ ਆਪਣਾ ਛੇਵਾਂ ਹਮਲਾ ਕਰ ਦਿੱਤਾ ਜੋ ਨਿਰੋਲ ਸਿੱਖਾਂ ਵਿਰੁੱਧ ਸੀ।

ਖਾਲਸੇ ਨੂੰ ਵੀ ਇਸ ਦੀ ਭਿਣਕ ਲੱਗ ਚੁਕੀ ਸੀ ਤੇ ਸਿੱਖਾਂ ਨੇ ਪਹਿਲਾਂ ਪਰਵਾਰਾਂ ਨੂੰ ਸਤਲੁਜੋਂ ਪਾਰ ਲਿਜਾ ਕੇ ਸੁਰੱਖਿਅਤ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਵਹੀਰ ਵਿਚ ਬੜੀ ਤਦਾਦ ਵਿਚ ਬੀਬੀਆਂ, ਬੱਚੇ ਤੇ ਬਜ਼ੁਰਗ ਵੀ ਸਨ। 3 ਫਰਵਰੀ, 1762 ਨੂੰ ਅਬਦਾਲੀ ਦਾ ਲਸ਼ਕਰ ਲਾਹੌਰ ਪੁੱਜ ਗਿਆ। ਸਿੱਖਾਂ ਨੇ ਅੰਦਾਜ਼ਾ ਲਗਾਇਆ ਕਿ ਉਹ ਅਗਲੇ ਪੰਜਾਂ-ਸੱਤਾਂ ਦਿਨਾਂ ਤਕ ਉਨ੍ਹਾਂ ਤਕ ਪਹੁੰਚ ਸਕੇਗਾ ਤੇ ਇਹੀ ਅੰਦਾਜ਼ਾ ਸਭ ਤੋਂ ਵੱਧ ਘਾਤਕ ਸਾਬਤ ਹੋਇਆ। ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਸਿਰਫ਼ ਦੋ ਹੀ ਦਿਨਾਂ ਵਿਚ ਅਬਦਾਲੀ ਤੇ ਉਸ ਦੇ ਇਤਨੇ ਵੱਡੇ ਲਸ਼ਕਰ ਨੇ ਲਾਹੌਰ ਤੋਂ ਮਲੇਰਕੋਟਲੇ ਤਕ ਦਾ ਸਫ਼ਰ ਕਿਸ ਫ਼ੁਰਤੀ ਨਾਲ ਤੈਅ ਕਰ ਲਿਆ ਤੇ 5 ਫਰਵਰੀ, 1762 ਨੂੰ ਮਲੇਰਕੋਟਲੇ ਦੇ ਨੇੜੇ ਸਿੱਖਾਂ ’ਤੇ ਆ ਪਿਆ। ਅਖ਼ੀਰ ਸਿੰਘਾਂ ਨੂੰ ਹਮਲੇ ਦਾ ਪਤਾ ਲੱਗਾ ਤੇ ਸਾਰੇ ਹੀ ਮੁਕਾਬਲੇ ਲਈ ਡੱਟ ਗਏ। ਇਹ ਹਮਲਾ ਮੂੰਹ ਹਨੇਰੇ ਤੜਕੇ ਅਚਨਚੇਤ ਹੀ ਹੋਇਆ ਸੀ ਇਸ ਲਈ ਸਿੱਖਾਂ ਨੂੰ ਕੋਈ ਵਿਉਂਤ ਬਣਾਉਣ ਦਾ ਮੌਕਾ ਨਾ ਮਿਲਿਆ। ਕਿਸੇ ਨੇ ਹਾਲੇ ਇਸ਼ਨਾਨ ਕਰਨਾ ਸੀ, ਕੋਈ ਨਿਤਨੇਮ ਕਰ ਰਿਹਾ ਸੀ, ਕੋਈ ਘੋੜਿਆਂ ਨੂੰ ਘਾਹ-ਪੱਠਾ ਪਾ ਰਿਹਾ ਸੀ, ਸਾਰੇ ਕੰਮ ਵਿਚੇ ਹੀ ਛੱਡ ਦਿੱਤੇ ਗਏ। ਭਾਵੇਂ ਹਮਲਾ ਅਚਨਚੇਤ ਹੀ ਹੋਇਆ ਸੀ ਪਰ ਸਿੱਖਾਂ ਨੇ ਮੁਕਾਬਲਾ ਕਰਨ ਦੀ ਠਾਣ ਲਈ। ਪਹਿਲੇ ਹੀ ਹੱਲੇ ਵਿਚ ਸੈਂਕੜੇ ਸਿੱਖ ਸ਼ਹੀਦ ਹੋ ਗਏ, ਕਿਉਂਕਿ ਸਿੱਖਾਂ ਦੇ ਪਰਵਾਰ ਵੀ ਉਨ੍ਹਾਂ ਦੇ ਨਾਲ ਸਨ। ਕਿਸੇ ਤਰ੍ਹਾਂ ਮੁਖੀ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਮਤਾ ਪਕਾਇਆ ਤੇ ਵਹੀਰ ਦੇ ਇਰਦ-ਗਿਰਦ ਚਾਰੇ ਪਾਸੇ ਫੌਜੀ ਸਿੱਖਾਂ ਦੀ ਦੀਵਾਰ ਜਿਹੀ ਬਣਾ ਲਈ ਤੇ ਵਿਚਕਾਰ ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਨੂੰ ਰੱਖ ਕੇ ਬਚਾਉਣ ਦਾ ਜਤਨ ਕੀਤਾ ਗਿਆ ਤੇ ਨਾਲ ਹੀ ਅੱਗੇ ਹੋ ਕੇ ਲੜਦੇ ਹੋਏ ਬਰਨਾਲੇ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਸਭ ਤੋਂ ਅੱਗੇ ਸਰਦਾਰ ਸ਼ਾਮ ਸਿੰਘ ਸਨ ਤੇ ਅਹਿਮਦਗੜ੍ਹ ਵਾਲੇ ਪਾਸੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪ ਸਨ। ਮਲੇਰਕੋਟਲੇ ਵਾਲਾ ਪਾਸਾ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਕਮਾਨ ਹੇਠ ਲੜ ਰਿਹਾ ਸੀ। ਸਿੰਘਾਂ ਨੇ ਬੜੀ ਸੂਰਮਗਤੀ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਘਮਸਾਨ ਹੁਣ ਦੋ ਤਰਫ਼ਾ ਹੋ ਗਿਆ। ਸਾਰੇ ਪਾਸੇ ਇਕਦਮ ਭਾਜੜ ਪੈ ਗਈ। ਅਬਦਾਲੀ ਦੇ ਜਰਨੈਲ ਹਰ ਪਾਸਿਓਂ ਕੋਸ਼ਿਸ਼ ਕਰ ਰਹੇ ਸਨ ਕਿ ਖਾਲਸੇ ਦੀ ਪਹਿਲੀ ਕਤਾਰ ਨੂੰ ਤੋੜ ਕੇ ਵਿਚਕਾਰਲੇ ਨਾ ਲੜਨ ਵਾਲੇ ਸਿੱਖਾਂ ਨੂੰ ਕਤਲ ਕਰ ਸਕਣ, ਜਿਨ੍ਹਾਂ ਵਿੱਚੋਂ ਜੈਨ ਖਾਂ ਸਭ ਤੋਂ ਅੱਗੇ ਸੀ। ਸਿੱਖ ਜਾਨਾਂ ਹੂਲ ਕੇ ਲੜ ਰਹੇ ਸਨ ਪਰ ਫਿਰ ਵੀ ਪਿੱਛੇ ਹਟਦੇ ਸਿੰਘਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਸੀ। ਸਿੱਖਾਂ ਨੇ ਆਪਣੇ ਗੁਰੂ ਸਾਹਿਬਾਨ ਨੂੰ ਯਾਦ ਕੀਤਾ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਰਸਨਾ ’ਤੇ ਉਚਾਰਦੇ ਹੋਏ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗੁੰਜਾਉਂਦੇ ਰਹੇ। ਉਸ ਵੇਲੇ ਇੱਕੋ ਚੜ੍ਹਦੀ ਕਲਾ ਦੀ ਖ਼ੁਮਾਰੀ ਕੰਮ ਕਰ ਰਹੀ ਸੀ। ਸਿੰਘ ਸਰਦਾਰ ਮੁੜ-ਮੁੜ ਖ਼ਾਲਸੇ ਨੂੰ ਕਲਗੀਧਰ ਪਿਤਾ ਦੇ ਇਹ ਬਚਨ ਚੇਤੇ ਕਰਾ ਰਹੇ ਸਨ:

ਨ ਡਰੋ ਅਰਿ ਸੋ ਜਬ ਜਾਇ ਲਰੋ,
ਨਿਸਚੈ ਕਰਿ ਅਪੁਨੀ ਜੀਤ ਕਰੋਂ॥(ਚੰਡੀ ਚਰਿਤ੍ਰ)

ਦੋ ਮੀਲ ਤਕ ਸਿੰਘ ਬੜੇ ਜੋਸ਼ ਨਾਲ ਲੜਦੇ ਹੋਏ ਦੁਸ਼ਮਣਾਂ ਨੂੰ ਪਾੜ-ਪਾੜ ਕੇ ਸੁੱਟਣ ਲੱਗੇ। ਥੋੜ੍ਹੇ ਸਮੇਂ ਵਿਚ ਹੀ ਹਰ ਪਾਸੇ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ। ਅਬਦਾਲੀ ਦੇ ਲਸ਼ਕਰ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ ਤੇ ਸਿੱਖਾਂ ਦਾ ਵੀ। ਸਿੱਖ ਲੜਾਕਿਆਂ ਦੀ ਗਿਣਤੀ ਨਾਲੋਂ ਦੁਸ਼ਮਣ ਲੜਾਕਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਲੜਨ ਤੋਂ ਇਲਾਵਾ ਅਬਦਾਲੀ ਨੇ ਸਿੰਘਾਂ ਲਈ ਹੋਰ ਕੋਈ ਰਸਤਾ ਬਾਕੀ ਨਹੀਂ ਛੱਡਿਆ ਸੀ। ਸਿੰਘਾਂ ਨੇ ਵੀ ਘਿਰ ਕੇ ਕਤਲ ਹੋ ਜਾਣ ਨਾਲੋਂ ਜੂਝ ਕੇ ਸ਼ਹੀਦ ਹੋ ਜਾਣ ਨੂੰ ਹੀ ਬਿਹਤਰ ਸਮਝਿਆ। ਲੜਨ ਵਾਲਿਆਂ ਵਿਚ ਹੁਣ 13-14 ਸਾਲ ਦੇ ਬੱਚੇ ਵੀ ਸ਼ਾਮਲ ਹੋਣ ਲੱਗੇ। ਕਈ ਸਿੰਘਣੀਆਂ ਨੇ ਵੀ ਅੱਗੇ ਵਧ ਕੇ ਸੂਰਮਗਤੀ ਦੇ ਜ਼ੌਹਰ ਦਿਖਾਏ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਸਿੰਘਾਂ ਦੀ ਡਿਊਟੀ ਪਾਣੀ ਪਿਲਾਉਣ, ਜ਼ਖ਼ਮੀਆਂ ਨੂੰ ਸੰਭਾਲਣ ਤੇ ਭਾਰੀ ਸਾਮਾਨ ਚੁੱਕ ਕੇ ਨਾਲ ਤੁਰਨਾ ਸੀ। ਜ਼ਖ਼ਮੀਆਂ ਦੀ ਮਲ੍ਹਮ ਪੱਟੀ ਦੀ ਮੁੱਖ ਜ਼ਿੰਮੇਵਾਰੀ ਸਿੰਘਣੀਆਂ ਨੇ ਸਾਂਭੀ ਤਾਂ ਜੋ ਵੱਧ ਤੋਂ ਵੱਧ ਸਿੰਘ ਮੁਕਾਬਲੇ ਲਈ ਵਿਹਲੇ ਹੋ ਸਕਣ। ਕੁਝ ਸਿੰਘਾਂ ਨੇ ਇਕ ਖਾਸ ਸੇਵਾ ਸੰਭਾਲੀ, ਉਹ ਸੀ ਮਾਰੇ ਗਏ ਅਫਗਾਨੀਆਂ ਦੇ ਸ਼ਸਤਰ ਇਕੱਠੇ ਕਰ ਕੇ ਖਾਲਸਾਈ ਫੌਜ ਨੂੰ ਦੇਣਾ, ਜਿਸ ਨਾਲ ਜੰਗ ਜਾਰੀ ਰਹਿ ਸਕੇ। ਕਿਉਂਕਿ ਸਿੱਖਾਂ ਕੋਲ ਸ਼ਸਤਰ ਤੇ ਗੋਲਾ-ਬਾਰੂਦ ਤਕਰੀਬਨ ਮੁੱਕ ਰਿਹਾ ਸੀ। ਸਿੱਖਾਂ ਦੇ ਜੋਸ਼ ਤੇ ਲੜਾਈ ਦੇ ਢੰਗ ਨੂੰ ਵੇਖ ਕੇ ਅਬਦਾਲੀ ਹੱਕਾ-ਬੱਕਾ ਰਹਿ ਗਿਆ। ਆਪਣੇ ਸੂਹੀਆਂ ਕੋਲੋਂ ਉਹ ਸਿੱਖਾਂ ਬਾਰੇ ਬਹੁਤ ਕੁਝ ਸੁਣ ਚੁਕਿਆ ਸੀ। ਪਰ ਇਹ ਪਹਿਲਾ ਮੌਕਾ ਸੀ ਉਹ ਸਿੱਖਾਂ ਨਾਲ ਸਾਹਮਣੇ ਹੋ ਕੇ ਲੜ ਰਿਹਾ ਸੀ। ਅੱਜ ਆਪਣੇ ਅਹਿਲਕਾਰਾਂ ਕੋਲੋਂ ਵੀ ਉਹ ਸਿੱਖਾਂ ਦੀ ਤਾਰੀਫ਼ ਸੁਣ ਕੇ ਸੜ-ਬਲ ਗਿਆ ਤੇ ਅੰਤਰਮਨ ਫ਼ੈਸਲਾ ਕਰ ਲਿਆ ਕਿ ਉਹ ਸਿੱਖਾਂ ਦਾ ਸਮੂਲ ਨਾਸ਼ ਕਰ ਕੇ ਰਹੇਗਾ। ਉਸ ਨੇ ਆਪਣੇ ਸਿਪਾਹ-ਸਲਾਰ ਵਲੀ ਖਾਨ, ਭੀਖਨ ਖਾਨ ਤੇ ਜ਼ੈਨ ਖਾਨ ਨੂੰ ਤਕੜੇ ਹੋ ਕੇ ਲੜਨ ਲਈ ਕਿਹਾ। ਉਨ੍ਹਾਂ ਨੇ ਤਿੰਨੇ ਪਾਸਿਓਂ ਬੜੇ ਵੱਡੇ ਦਸਤੇ ਨਾਲ ਹੱਲਾ ਬੋਲ ਦਿੱਤਾ, ਸਿੱਖ ਘੱਟ- ਗਿਣਤੀ ਹੋਣ ਕਾਰਨ ਇਸ ਨੂੰ ਸਹਾਰ ਨਾ ਸਕੇ ਤੇ ਹਜ਼ਾਰਾਂ ਦੀ ਤਦਾਦ ਵਿਚ ਸ਼ਹੀਦੀਆਂ ਪਾ ਗਏ ਤੇ ਇਸ ਤਰ੍ਹਾਂ ਸਿੱਖ ਲੜਾਕਿਆਂ ਦੁਆਰਾ ਬਣਾਈ ਹੋਈ ਰੱਖਿਅਕ ਵਾੜ ਵੀ ਟੁੱਟ ਗਈ ਤੇ ਅੰਦਰੂਨੀ ਵਹੀਰ ਵਿਚ ਵੀ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ। ਅਬਦਾਲੀ ਨੇ ਮਨ ਬਣਾ ਲਿਆ ਸੀ ਕਿ ਵਹੀਰ ਦੇ ਐਨ ਵਿਚਕਾਰ ਪੁੱਜ ਕੇ ਐਸੀ ਕਰੜੀ ਸੱਟ ਮਾਰੀ ਜਾਏ ਕਿ ਸਿੱਖ ਮੁੜ ਉੱਠ ਨਾ ਸਕਣ। ਪਰ ਸਿੰਘ ਸਰਦਾਰਾਂ ਨੇ ਵੀ ਹੁਣ ਹੁਸ਼ਿਆਰੀ ਤੇ ਹਿੰਮਤ ਤੋਂ ਕੰਮ ਲੈਂਦਿਆਂ ਹੋਇਆਂ ਆਪਣੇ-ਆਪ ਨੂੰ ਸੰਭਾਲਿਆ ਤੇ ਅਬਦਾਲੀ ਦੇ ਨਾਪਾਕ ਇਰਾਦੇ ਨੂੰ ਰੋਕਣ ਲਈ ਡੱਟ ਗਏ। ਮੁੜ ਦੋਹਾਂ ਧਿਰਾਂ ਵਿਚ ਅਤਿ ਦੀ ਘਮਸਾਨ ਮੱਚ ਗਈ। ਸਾਰੀ ਧਰਤੀ ਲਹੂ ਦੇ ਰੰਗ ਵਿਚ ਸੁਰਖ਼ ਹੋ ਰਹੀ ਸੀ। ਹਰ ਪਲ ਜੰਗ ਦਾ ਮੈਦਾਨ ਕੁਝ ਹੋਰ ਹੀ ਰੂਪ ਧਾਰੀ ਜਾ ਰਿਹਾ ਸੀ। ਇਸ ਤਰ੍ਹਾਂ ਰਾਤ ਪੈਣ ਤਕ ਸਿੱਖ 20 ਮੀਲ ਦੇ ਕਰੀਬ ਪੈਂਡਾ ਤੈਅ ਕਰ ਚੁਕੇ ਸਨ। ਉਧਰ ਅਬਦਾਲੀ ਦੇ ਸੈਨਿਕ ਵੀ ਜਿਨ੍ਹਾਂ ਨੇ ਪਹਿਲਾਂ ਲਗਾਤਾਰ ਦੋ ਦਿਨ ਸਫ਼ਰ ਕੀਤਾ ਤੇ ਹੁਣ ਪਿਛਲੇ ਦਸ ਘੰਟਿਆਂ ਤੋਂ ਲਗਾਤਾਰ ਲੜ ਰਹੇ ਸਨ, ਥੱਕ ਕੇ ਚੂਰ ਹੋ ਚੁਕੇ ਸਨ। ਅਖ਼ੀਰ ਸੂਰਜ ਢਲਣ ’ਤੇ ਦੋਹਾਂ ਧਿਰਾਂ ਵੱਲੋਂ ਜੰਗ ਖ਼ਤਮ ਹੋ ਗਈ।

ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਵਿਚ ਤਕਰੀਬਨ 30 ਹਜ਼ਾਰ ਸਿੰਘ, ਸਿੰਘਣੀਆਂ ਸ਼ਹੀਦ ਹੋਏ ਸਨ; ਤਕਰੀਬਨ ਉਸ ਸਮੇਂ ਦੀ ਮੌਜੂਦਾ ਅੱਧੀ ਕੌਮ। ਇਕ ਦਿਨ ਵਿਚ ਖਾਲਸੇ ਦਾ ਇਸ ਤੋਂ ਵੱਧ ਨੁਕਸਾਨ ਕਦੇ ਨਹੀਂ ਹੋਇਆ ਸੀ। ਇਕ ਪਾਸੇ ਅਬਦਾਲੀ ਸਿੱਖਾਂ ਦਾ ਖੁਰਾ-ਖੋਜ ਨਾ ਮਿਟਾ ਸਕਣ ਕਾਰਨ ਬੌਖਲਾਇਆ ਹੋਇਆ ਸੀ ਕਿਉਂਕਿ ਸਿੱਖ ਹਾਲੇ ਜ਼ਿੰਦਾ ਸਨ ਜਿਨ੍ਹਾਂ ਨੂੰ ਉਹ ਆਪਣੀ ਅੱਖੀਂ ਵੇਖ ਚੁਕਿਆ ਸੀ। ਇਸ ਖਿਝ ਨੂੰ ਲਾਹੁਣ ਲਈ ਵਾਪਿਸ ਮੁੜ ਜਾਂਦਿਆਂ ਹੋਇਆਂ ਉਹ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰ ਗਿਆ ਤੇ ਸਿੱਖਾਂ ਦੇ ਸਿਰਾਂ ਨੂੰ ਗੱਡਿਆਂ ਵਿਚ ਲੱਦ ਕੇ ਲਾਹੌਰ ਲੈ ਗਿਆ ਤੇ ਦਰਵਾਜ਼ਿਆਂ ਵਿਚ ਚਿਣਵਾ ਦਿੱਤਾ ਤਾਂ ਜੁ ਲੋਕਾਂ ਅੱਗੇ ਆਪਣੀ ਤਾਕਤ ਦਾ ਪ੍ਰਗਟਾਵਾ ਕਰ ਸਕੇ। ਪਰ ਦੂਜੇ ਪਾਸੇ ਇਤਨੇ ਭਾਰੀ ਨੁਕਸਾਨ ਤੋਂ ਬਾਅਦ ਵੀ ਸਿੱਖਾਂ ਦਾ ਹਾਲ ਸੀ:

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥ (ਪੰਨਾ 968)

ਸਿੱਖ ਪਿਛਲੇ 50-55 ਸਾਲਾਂ ਤੋਂ ਐਸੇ ਹਾਲਾਤ ਦਾ ਸਾਹਮਣਾ ਕਰ ਰਹੇ ਸਨ, ਫਿਰ ਵੀ ਡੋਲੇ ਨਹੀਂ, ਥਿੜਕੇ ਨਹੀਂ, ਅਡੋਲ ਰਹੇ। ਇਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਇਕ ਖੇਡ ਸਮਝ ਕੇ ਤੇ ਖਾਲਸੇ ਦਾ ਇਕ ਹੋਰ ਇਮਤਿਹਾਨ ਜਾਣ, ਸ਼ੁਕਰਾਨਾ ਕਰਦੇ ਹੋਏ ਸਹਿ ਗਏ। ਖਿੜੇ ਮੱਥੇ ਭਾਣਾ ਮੰਨਣਾ ਸਿੱਖੀ ਸਪਿਰਟ ਦਾ ਅਟੁੱਟ ਅੰਗ ਹੈ। ਸਿੱਖ ਸਦਾ ਇਹੀ ਅਰਦਾਸ ਕਰਦੇ ਹਨ:

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥ (ਪੰਨਾ 1302)

ਇਸ ਅਤਿ ਕਰੜੇ ਘੱਲੂਘਾਰੇ ਤੋਂ ਨੌਂ ਮਹੀਨਿਆਂ ਬਾਅਦ ਹੀ ਸਿੱਖ ਮੁੜ ਆਪਣੇ ਟਿਕਾਣਿਆਂ ’ਤੇ ਆ ਗਏ। ਉਸੇ ਸਾਲ ਦੀਵਾਲੀ ’ਤੇ ਸ੍ਰੀ ਹਰਿਮੰਦਰ ਸਾਹਿਬ ਬੜਾ ਭਾਰੀ ਇਕੱਠ ਹੋਇਆ। ਜਿਹੜੇ ਸਿੱਖ ਘੱਲੂਘਾਰੇ ਤੋਂ ਬਚ ਗਏ ਸਨ, ਉਹ ਮੁੜ ਵਹੀਰਾਂ ਵਿਚ ਸਰਗਰਮ ਹੋ ਰਹੇ ਸਨ। ਨੌਜੁਆਨ ਬੱਚੇ-ਬੱਚੀਆਂ ਨੇ ਪੂਰੇ ਦੇਸ਼ ਤੋਂ ਅੰਮ੍ਰਿਤਸਰ ਆ ਕੇ ਅੰਮ੍ਰਿਤਪਾਨ ਕੀਤਾ ਤੇ ਪੰਥ ਦੀ ਮੁੱਖਧਾਰਾ ਵਿਚ ਜੁੜ ਗਏ। ਸਿੰਘਾਂ ਨੇ ਮੁੜ ਅੰਮ੍ਰਿਤ-ਸਰੋਵਰ ਦੀ ਖੁਦਾਈ ਕਰਵਾਈ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੁੜ ਉਸਾਰਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Room No. 2, Banta Singh Chowk, Opp. Manish Park, Jijamata Marg, Pump House, Andheri (East) Mumbai-400093

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)