ਅਕਾਲੀ ਫੂਲਾ ਸਿੰਘ ਜੀ ਸਿੱਖ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਜਿੰਨ੍ਹਾਂ ਦਾ ਨਾਂ ਸੁਣਦਿਆਂ ਹੀ ਦੁਸ਼ਮਣ-ਦਲਾਂ ਨੂੰ ਕਾਂਬਾ ਛਿੜ ਪੈਂਦਾ ਸੀ। ਦੇਸ਼ ਤੇ ਧਰਮ ਲਈ ਜਾਨ ਵਾਰਨ ਵਾਲੇ ਬਹਾਦਰਾਂ ਵਿਚ ਅਕਾਲੀ ਫੂਲਾ ਸਿੰਘ ਦਾ ਨਾਂ ਬਹੁਤ ਉੱਘਾ ਹੈ।
ਇਸ ਬਹਾਦਰ ਜਰਨੈਲ ਦਾ ਜਨਮ ਸੰਨ 1761 ਈ. 1818 ਬਿਕਰਮੀ ਵਿਚ ਬਾਂਗਰ ਦੇ ਇਲਾਕੇ ਵਿਚ ਇਕ ਛੋਟੇ ਜਿਹੇ ਪਿੰਡ ਸੀਹਾਂ ਵਿਖੇ ਕੰਬੋਜ ਪਰਵਾਰ ਵਿਚ ਹੋਇਆ। ਆਪ ਜੀ ਦੇ ਵੱਡੇ-ਵਡੇਰੇ ਦਰਿਆ ਘੱਗਰ ਦੇ ਕੰਢੇ ਰਹਿੰਦੇ ਸਨ, ਜਿਥੇ ਹਰ ਸਾਲ ਇਨ੍ਹਾਂ ਦੀ ਫਸਲ ਤੇ ਘਰ-ਘਾਟ ਦਰਿਆ ਦੇ ਹੜ੍ਹ ਨਾਲ ਬਰਬਾਦ ਹੋ ਜਾਂਦਾ ਸੀ। ਇਸ ਕੁਦਰਤੀ ਆਫਤ ਤੋਂ ਬਚਣ ਲਈ ਇਨ੍ਹਾਂ ਨੇ ਬਾਂਗਰ ਦੇ ਇਲਾਕੇ ਵਿਚ ਆਪਣਾ ਟਿਕਾਣਾ ਜਾ ਕੀਤਾ। ਵੱਡੇ ਘੱਲੂਘਾਰੇ ਸਮੇਂ ਅਕਾਲੀ ਫੂਲਾ ਸਿੰਘ ਦੇ ਪਿਤਾ ਜੀ ਨੇ ਸਿੱਖ ਫੌਜਾਂ ਵਿਚ ਸ਼ਾਮਲ ਹੋ ਕੇ ਹਿੱਸਾ ਲਿਆ ਤੇ ਡਾਢੇ ਫੱਟੜ ਹੋਏ ਅਤੇ ਆਪਣੇ ਪਿੰਡ ਪਹੁੰਚ ਕੇ ਅਕਾਲ ਚਲਾਣਾ ਕਰ ਗਏ। ਉਸ ਵੇਲੇ ਅਕਾਲੀ ਜੀ ਦੀ ਉਮਰ ਸਵਾ ਕੁ ਸਾਲ ਸੀ। ਸਰਦਾਰ ਨੈਣਾ ਸਿੰਘ ਜੋ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਦਾ ਪਰਮ ਮਿੱਤਰ ਸੀ, ਨੇ ਬਾਲਕ ਫੂਲਾ ਸਿੰਘ ਦੀ ਪਰਵਰਸ਼ ਕੀਤੀ। ਇਨ੍ਹਾਂ ਦੀ ਉਮਰ ਸੱਤ ਕੁ ਸਾਲ ਸੀ ਜਦੋਂ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਸ. ਨੈਣਾ ਸਿੰਘ ਅਕਾਲੀ ਫੂਲਾ ਸਿੰਘ ਨੂੰ ਆਪਣੇ ਪਾਸ ਅਨੰਦਪੁਰ ਲੈ ਗਏ ਜਿਥੇ ਇਨ੍ਹਾਂ ਦਾ ਡੇਰਾ ਹੁੰਦਾ ਸੀ।
ਦਸ-ਬਾਰ੍ਹਾਂ ਸਾਲ ਦੀ ਉਮਰ ਵਿਚ ਹੀ ਅਕਾਲੀ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿਚ ਮਾਹਿਰ ਹੋ ਗਏ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਸੀ। ਤੇਗ ਚਲਾਉਣ ਵਿਚ ਆਪ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ। ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਰਹਿੰਦੇ ਸਨ ਇਸ ਲਈ ਅਕਾਲੀ ਫੂਲਾ ਸਿੰਘ ਵੀ ਨਿਹੰਗ ਸਜ ਗਏ।
ਸਰਦਾਰ ਨੈਣਾ ਸਿੰਘ ਜਦ ਬੁੱਢੇ ਹੋ ਗਏ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਨ੍ਹਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਇਥੇ ਆ ਗਏ। ਸਰਦਾਰ ਨੈਣਾ ਸਿੰਘ ਦੀ ਮੌਤ ਹੋ ਗਈ ਤੇ ਅਕਾਲੀ ਫੂਲਾ ਸਿੰਘ ਜਿਥੇ ਅੱਜਕਲ੍ਹ ਬੁਰਜ ਅਕਾਲੀ ਫੂਲਾ ਸਿੰਘ ਹੈ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਅਕਾਲੀ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੌਂਪ ਦਿੱਤੀ ਤੇ ਉਨ੍ਹਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਗੀਰ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਨੇ ਜਦ ਅੰਮ੍ਰਿਤਸਰ ਨੂੰ ਫਤਹਿ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫੌਜਾਂ ਆਪਸ ਵਿਚ ਲੜਨ ਲਗੀਆਂ। ਅਕਾਲੀ ਜੀ ਨੇ ਵਿਚ ਪੈ ਕੇ ਜੰਗ ਬੰਦ ਕਰਵਾ ਦਿੱਤੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜੇ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰਜਮੈਂਟ ਬਣਾ ਦਿੱਤੀ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ। ਇਹ ਸਾਰੀ ਰਜਮੈਂਟ ਘੋੜ ਸਵਾਰ ਸਰਦਾਰਾਂ ਦੀ ਸੀ, ਜਿਹੜੇ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਸਨ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਤੇ ਖ਼ਤਰਨਾਕ ਮੁਹਿੰਮਾਂ ਵਿਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਨਾਈ ਦਾ ਸਾਹਮਣਾ ਕਰਨਾ ਪਿਆ। ਕਿਲ੍ਹਾ ਫਤਹਿ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਵੀ ਕਿਲ੍ਹਾ ਸਰ ਨਾ ਹੋ ਸਕਿਆ।
ਜਦ ਹਰ ਹੀਲਾ ਬੇਅਰਥ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ। ਅਕਾਲੀ ਜੀ ਨੇ ਅਰਦਾਸਾ ਸੋਧਿਆ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪ ਨੇ ਆਪਣੇ ਅਕਾਲੀ ਸੂਰਬੀਰ ਘੋੜ ਸਵਾਰਾਂ ਨੂੰ ਲੈ ਕੇ ਮੁਲਤਾਨ ’ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਦੇ ਨਾਲ ਕਿਲ੍ਹੇ ਦੀ ਕੰਧ ਵਿਚ ਪਾੜਾ ਪਾਇਆ ਗਿਆ ਤੇ ਉਸ ਪਾੜੇ ਵਾਲੀ ਥਾਂ ਵਿੱਚੋਂ ਅਕਾਲੀ ਜੀ ਦੇ ਸਿਰਲੱਥ ਘੋੜ ਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲ੍ਹੇ ਵਿਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਨ੍ਹਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ। ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੰਜ ਪੁੱਤਰ ਮਾਰੇ ਗਏ। ਕਿਲ੍ਹਾ ਫਤਿਹ ਹੋ ਗਿਆ।
ਅਕਾਲੀ ਫੂਲਾ ਸਿੰਘ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿਚ ਸ਼ਾਮਲ ਹੋਏ ਤੇ ਆਪ ਨੇ ਸਿੱਖ ਰਾਜ ਦੀ ਉਸਾਰੀ ਵਿਚ ਮਹਾਨ ਹਿੱਸਾ ਪਾਇਆ। ਆਪ ਸਿੱਖ ਰਾਜ ਦੇ ਉਸਰਈਏ ਤੇ ਵੱਡੇ ਥੰਮ ਗਿਣੇ ਜਾਂਦੇ ਸਨ। ਉਹ ਨਿਰਭੈ ਤੇ ਨਿਧੜਕ ਜਰਨੈਲ ਸਨ। ਇਕ ਵਾਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਯਾਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮਹਾਰਾਜੇ ਨੂੰ ਬੰਨ੍ਹ ਕੇ ਕੋਰੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜੇ ਨੇ ਇਸ ਹੁਕਮਨਾਮੇ ਅੱਗੇ ਸਿਰ ਝੁਕਾਇਆ ਭਾਵੇਂ ਕਿ ਹਾਜ਼ਰ ਸੰਗਤ ਦੁਆਰਾ ਸਨਿਮਰ ਬੇਨਤੀ ਕਰਨ ’ਤੇ ਮਹਾਰਾਜੇ ਨੂੰ ਬਖਸ਼ ਦਿੱਤਾ ਗਿਆ। ਸੱਚੀ ਗੱਲ ਮੂੰਹ ’ਤੇ ਕਹਿ ਦੇਣੀ ਅਕਾਲੀ ਫੂਲਾ ਸਿੰਘ ਆਪਣਾ ਫਰਜ਼ ਸਮਝਦੇ ਸੀ। ਉਹ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਲੜ ਪੈਂਦੇ ਸਨ ਪਰ ਮਹਾਰਾਜਾ ਰਣਜੀਤ ਸਿੰਘ ਹੋਰੀਂ ਆਪ ਉਨ੍ਹਾਂ ਨੂੰ ਮਨਾ ਲੈਂਦੇ ਸਨ। ਉਨ੍ਹਾਂ ਨੇ ਡੋਗਰਿਆਂ ਦੀ ਰਾਜ ਦਰਬਾਰੇ ਵਧਦੀ ਸ਼ਕਤੀ ਤੋਂ ਕਈ ਵਾਰ ਮਹਾਰਾਜੇ ਨੂੰ ਜਾਣੂ ਕਰਵਾਇਆ ਸੀ ਤਾਂ ਜੋ ਸਿੱਖ ਰਾਜ ਨੂੰ ਉਨ੍ਹਾਂ ਦੀਆਂ ਗੰਦੀਆਂ ਤੇ ਭੱਦੀਆਂ ਚਾਲਾਂ ਤੋਂ ਬਚਾਇਆ ਜਾ ਸਕੇ। ਇਕ ਵਾਰ ਉਨ੍ਹਾਂ ਨੇ ਇਸ ਸਬੰਧ ਵਿਚ ਮਹਾਰਾਜੇ ਪਾਸ ਲਾਹੌਰ ਜਾ ਕੇ ਮੁਲਾਕਾਤ ਕਰਨੀ ਚਾਹੀ। ਪਰ ਡੋਗਰੇ ਦਰਬਾਰੀਆਂ ਨੇ ਉਨ੍ਹਾਂ ਨਾਲ ਮਹਾਰਾਜੇ ਦੀ ਮੁਲਾਕਾਤ ਕਰਾਉਣ ਵਿਚ ਢਿੱਲ ਵਰਤੀ। ਅਕਾਲੀ ਜੀ ਅੱਕ ਕੇ ਆਪਣੀ ਸੈਨਾ ਸਮੇਤ ਮਹਾਰਾਜੇ ਸਾਹਮਣੇ ਕਿਲ੍ਹੇ ਵਿਚ ਜਾ ਵੜ੍ਹੇ। ਮਹਾਰਾਜੇ ਹੋਰੀਂ ਅਕਾਲੀ ਜੀ ਦੀ ਗੱਲਬਾਤ ਦੌਰਾਨ ਚੰਗੀ ਤੱਸਲੀ ਨਾ ਕਰਾ ਸਕੇ ਤੇ ਡੋਗਰਿਆਂ ਦਾ ਪੱਖ ਪੂਰਦੇ ਰਹੇ। ਰੋਸ ਵਜੋਂ ਅਕਾਲੀ ਜੀ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਜਾ ਟਿਕੇ। ਅਕਾਲੀ ਜੀ ਦੇ ਇਥੇ ਪਹੁੰਚਣ ਨਾਲ ਅੰਗਰੇਜ਼ਾਂ ਨੂੰ ਡਾਢਾ ਫਿਕਰ ਲੱਗ ਗਿਆ ਸੀ ਕਿਉਂਕਿ ਉਹ ਬੇਧੜਕ ਜਰਨੈਲ ਦੀ ਬਹਾਦਰੀ ਬਾਰੇ ਪਹਿਲਾਂ ਬਹੁਤ ਕੁਝ ਸੁਣ ਚੁੱਕੇ ਸਨ।
ਮਹਾਰਾਜਾ ਜੀਂਦ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਨਾਰਾਜ਼ ਸੀ ਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਆ ਗਏ। ਅੰਗਰੇਜ਼ਾਂ ਨੇ ਮਹਾਰਾਜੇ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ ’ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਅੰਤ ਡੋਗਰੇ ਵਜ਼ੀਰਾਂ ਦੀ ਮਾਰਫਤ ਮਹਾਰਾਜੇ ’ਤੇ ਜ਼ੋਰ ਪਾਇਆ ਗਿਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਅਨੰਦਪੁਰੋਂ ਕੱਢ ਕੇ ਆਪਣੇ ਇਲਾਕੇ ਵਿਚ ਲੈ ਜਾਣ। ਡੋਗਰਿਆਂ ਦੀ ਸਾਜ਼ਿਸ਼ ਨਾਲ ਫ਼ਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਨੂੰ ਜੰਗੋਂ ਅੰਨਦਪੁਰੋਂ ਮੋੜ ਲਿਆਵੇ। ਜਦ ਦੀਵਾਨ ਮਾਖੋਵਾਲ ਪੁੱਜਾ ਤਾਂ ਸਿੱਖ ਫੌਜ ਨੇ ਅਕਾਲੀ ਜੀ ਵਿਰੁੱਧ ਲੜਨੋਂ ਨਾਂਹ ਕਰ ਦਿੱਤੀ। ਉਧਰੋਂ ਨਵਾਬ ਮਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫੌਜਾਂ ਵੀ ਅੰਗਰੇਜ਼ਾਂ ਦੇ ਕਹੇ ’ਤੇ ਇਸੇ ਮੰਤਵ ਲਈ ਚੜ੍ਹ ਆਈਆਂ, ਪਰ ਉਨ੍ਹਾਂ ਵੀ ਅਕਾਲੀ ਜੀ ਵਿਰੁੱਧ ਹਥਿਆਰ ਚੁੱਕਣ ਤੋਂ ਨਾਂਹ ਕਰ ਦਿੱਤੀ। ਜਦ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾ ਉਹ ਆਪ ਅਕਾਲੀ ਹੋਰਾਂ ਪਾਸ ਪਹੁੰਚੇ ਤੇ ਉਨ੍ਹਾਂ ਨੂੰ ਮਿੰਨਤ ਤੇ ਪਿਆਰ ਨਾਲ ਵਾਪਸ ਅੰਮ੍ਰਿਤਸਰ ਮੋੜ ਲਿਆਏ।
ਜਦ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦੀ ਸੰਧੀ ਵੇਲੇ ਅੰਗਰੇਜ਼ ਜਨਰਲ ਤੇ ਉਸ ਦੀ ਫੌਜ ਅੰਮ੍ਰਿਤਸਰ ਠਹਿਰੀ ਹੋਈ ਸੀ, ਉਸ ਵੇਲੇ ਅਕਾਲੀ ਫੂਲਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ’ਤੇ ਲੱਗੇ ਹੋਏ ਸਨ। ਅੰਗਰੇਜ਼ਾਂ ਦੀ ਫੌਜ ਵਿਚ ਸੀਹੇ ਮੁਸਲਮਾਨ ਫੌਜੀ ਸਨ। ਮੁਹੱਰਮ ਦਾ ਦਿਨ ਸੀ ਤੇ ਉਹ ਤਾਜੀਏ ਕੱਢਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਦੀ ਲੰਘੇ ਤਾਂ ਕਿੰਨਾ ਚਿਰ ਖੜ੍ਹੇ ਹੋ ਕੇ ਉਥੇ ਰੌਲਾ ਪਾਉਂਦੇ ਰਹੇ। ਸ੍ਰੀ ਅਕਾਲ ਤਖਤ ਸਾਹਿਬ ’ਤੇ ਕੀਰਤਨ ਹੋ ਰਿਹਾ ਸੀ। ਅਕਾਲੀ ਜੀ ਨੇ ਕਈ ਵਾਰ ਉਨ੍ਹਾਂ ਮੁਸਲਮਾਨਾਂ ਨੂੰ ਬੇਨਤੀ ਕੀਤੀ ਕਿ ਉਹ ਚੁੱਪ ਕਰ ਕੇ ਲੰਘ ਜਾਣ ਪਰ ਉਹ ਰੌਲਾ ਪਾਉਣ ਤੋਂ ਨਾ ਹਟੇ।
ਫਿਰ ਅਕਾਲੀ ਜੀ ਨੇ ਆਪਣੀ ਕਿਰਪਾਨ ਫੜੀ ਤੇ ਮੁਸਲਮਾਨ ਫੌਜੀਆਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਅਫ਼ਸਰ ਵੀ ਮਿੰਨਤਾਂ ਕਰਦੇ ਰਹੇ ਪਰ ਅਕਾਲੀ ਹੋਰਾਂ ਇਕ ਨਾ ਸੁਣੀ। ਅੰਤ ਮਹਾਰਾਜਾ ਰਣਜੀਤ ਸਿੰਘ ਨੂੰ ਦਖਲ ਦੇਣਾ ਪਿਆ ਪਰ ਅਕਾਲੀ ਜੀ ਫਿਰ ਵੀ ਖੰਡਾ ਖੜਕਾਈ ਜਾ ਰਹੇ ਸਨ। ਅੰਤ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੀ ਕਿਰਪਾਨ ਥੱਲੇ ਆਪਣੀ ਧੌਣ ਨਿਵਾ ਦਿੱਤੀ ਤੇ ਤਦ ਕਿਤੇ ਜਾ ਕੇ ਉਨ੍ਹਾਂ ਮਿਆਨ ਵਿਚ ਕਿਰਪਾਨ ਨੂੰ ਪਾਇਆ। ਬਹੁਤ ਸਾਰੇ ਮੁਸਲਮਾਨ ਫੌਜੀ ਮਾਰੇ ਗਏ। ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਹਿਤੂ ਸਨ। ਉਨ੍ਹਾਂ ਦਾ ਲੂੰ-ਲੂੰ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਰਾਜ ਲਈ ਤੜਪਦਾ ਸੀ।
ਪਿਸ਼ਾਵਰ ਦੇ ਹਾਕਮ ਮੁਹੰਮਦ ਅਜੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ ਅਤੇ ਲੱਖਾਂ ਦੀ ਗਿਣਤੀ ਵਿਚ ਸੈਨਾ ਇਕੱਠੀ ਕਰ ਲਈ ਤੇ ਸਿੱਖ ਰਾਜ ਦੇ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਡੇ ਦਰਿਆ ਦੇ ਪਾਸ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ। ਫਿਰ ਉਨ੍ਹਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ। ਪਰ ਉਸ ਵੇਲੇ ਤਕ ਪਿੱਛੋ ਤੋਪਾਂ ਨਹੀਂ ਪਹੁੰਚੀਆਂ ਸਨ, ਇਸ ਲਈ ਤੋਪਾਂ ਦੀ ਉਡੀਕ ਵਿਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਬ ਸਮਝਦਿਆਂ ਹੋਇਆਂ ਮਹਾਰਾਜੇ ਨੇ ਫੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ ਕਿ ਸਿੰਘ ਅਰਦਾਸ ਕਰ ਚੁੱਕੇ ਹਨ। ਇਸ ਲਈ ਚੜ੍ਹਾਈ ਹੁਣੇ ਹੀ ਹੋਵੇਗੀ।
ਉਨ੍ਹਾਂ ਕਿਹਾ ਜੇ ਅਸੀਂ ਅਰਦਾਸ ’ਤੇ ਹੀ ਕਾਇਮ ਨਾ ਰਹੇ ਤਾਂ ਵਾਹਿਗੁਰੂ ਸਾਡੀ ਸਹਾਇਤਾ ਕਿਵੇਂ ਕਰਨਗੇ? ਪਰ ਫਿਰ ਵੀ ਮਹਾਰਾਜੇ ਹੋਰੀਂ ਜਦ ਨਾ ਮੰਨੇ ਤਾਂ ਅਕਾਲੀ ਜੀ ਨੇ ਆਪਣੇ 1500 ਘੋੜ ਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਆਪ ਵੀ ਪਿੱਛੇ ਨਾ ਰਹਿ ਸਕੇ ਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲਵਾ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਏ ਹਜ਼ਾਰਾਂ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਹਾਰਾਜੇ ਅਤੇ ਅਕਾਲੀ ਫੂਲਾ ਸਿੰਘ ਦੀਆਂ ਫੌਜਾਂ ਨੇ ਏਨੇ ਘਮਾਸਾਨ ਦਾ ਯੁੱਧ ਕੀਤਾ ਕਿ ਦੁਸ਼ਮਣ ਦੇ ਹੌਸਲੇ ਟੁੱਟ ਗਏ। ਮਹਾਰਾਜਾ ਸਾਹਿਬ ਲੜਾਈ ਦਾ ਜਾਇਜ਼ਾ ਲੈ ਰਹੇ ਸਨ। ਫਰਾਂਸੀਸੀ ਜਨਰਲ ਵੰਤੁਰਾ ਪਿੱਛੇ ਤੋਪਾਂ ਲੈ ਕੇ ਉਥੇ ਪਹੁੰਚ ਗਿਆ। ਜਵਾਬੀ ਤੋਪਾਂ ਦੇ ਫਾਇਰ ਸਿੱਖ ਫੌਜਾਂ ਵੱਲੋਂ ਹੋਏ। ਮੁਹੰਮਦ ਅਜੀਜ਼ ਖਾਂ ਦਾ ਰਸਤਾ ਰੋਕਣ ਲਈ ਸੈਨਾ ਭੇਜੀ ਗਈ, ਜਿਹੜਾ ਲੁੰਡਾ ਦਰਿਆ ਪਾਰ ਕਰ ਕੇ ਆਪਣੇ ਸਾਥੀਆਂ ਨਾਲ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਕਾਲੀ ਫੂਲਾ ਸਿੰਘ ਜੋਸ਼ ਵਿਚ ਆਏ ਹੋਏ ਦੂਰ ਦੁਸ਼ਮਣ ਦੀਆਂ ਫੌਜਾਂ ਵਿਚ ਘੁਸ ਗਏ ਸਨ ਤੇ ਹੱਥੋ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਤੇ ਸੈਨਕਾਂ ਨੂੰ ਅੱਗੇ ਵਧਣ ਲਈ ਲਲਕਾਰਿਆ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਦੀ ਸਾਰੀ ਸਿੱਖ ਫੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ’ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਸੱਥਰ ਲਹਿ ਰਹੇ ਸਨ। ਸਿੰਘਾਂ ਦੀਆਂ ਤੇਗਾਂ ਬਿਜਲੀ ਦੀ ਤੇਜ਼ੀ ਵਾਂਗ ਚੱਲ ਰਹੀਆਂ ਸਨ ਤੇ ਜੈਕਾਰਿਆਂ ਦੀ ਗੂੰਜ ਨਾਲ ਕੁਝ ਸੁਣਾਈ ਨਹੀਂ ਸੀ ਦੇ ਰਿਹਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਆਪ ਦਾ ਸਸਕਾਰ ਸ਼ਾਹੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ ਅਤੇ ਇਥੇ ਹੀ ਲੁੰਡੇ ਦਰਿਆ ਦੇ ਕੰਢੇ ਇਨ੍ਹਾਂ ਦੀ ਯਾਦਗਾਰ ਬਣਾਈ ਗਈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ