editor@sikharchives.org
Lavan

ਲਾਵਾਂ ਲਈਆਂ ਦੀ ਰੱਖਿਓ ਲਾਜ ਬਈ

ਜੇਕਰ ਦੋਵਾਂ ਜੀਆਂ ਵਿੱਚੋਂ ਕਿਸੇ ਇੱਕ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਅਹਿਸਾਸ ਬਾਕੀ ਹੋਵਣ ਤਾਂ ਆਪਣੇ ਰਿਸ਼ਤੇ ਦਾ ਗਲਾ ਘੁੱਟਣ ਤੋਂ ਪਹਿਲਾਂ, ਆਪਣੀ ਹਉਮੈਂ ਦਾ ਗਲਾ ਘੁੱਟਣ ਦੀ ਪਹਿਲ ਜ਼ਰੂਰ ਕਰਨੀ ਚਾਹੀਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਡੇ ਸੱਭਿਆਚਾਰ ਵਿੱਚ ਵਿਆਹ ਨੂੰ ਇਕ ਪਵਿੱਤਰ ਬੰਧਨ ਮੰਨਿਆ ਗਿਆ ਹੈ ਆਪੋ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਸਾਡੇ ਸਮਾਜ ਵਿੱਚ ਇਸ ਦੀ ਰਸਮ ਸੰਪੂਰਨ ਹੋਣ ਤੋਂ ਬਾਅਦ ਹੀ ਪਰਿਵਾਰ ਹੋਂਦ ਵਿੱਚ ਆਉਂਦਾ ਹੈ, ਇਹ ਸਿਰਫ ਦੋ ਜੀਆਂ ਦਾ ਸਰੀਰਕ ਮੇਲ ਹੀ ਨਹੀਂ ਸਗੋਂ ਅਸਲ ਵਿੱਚ ਦੋ ਰੂਹਾਂ ਦਾ ਸੁਮੇਲ ਹੁੰਦਾ ਹੈ। ਇਸੇ ਕਾਰਨ ਜਦੋਂ ਲਾਵਾਂ ਜਾਂ ਫੇਰਿਆਂ ਦੀ ਰਸਮ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੜ੍ਹੇ ਜਾਂਦੇ ਸ਼ਬਦ ਵੀ ਰੂਹਾਨੀ ਜੀਵਨ ਮਾਰਗ ਰਾਹੀਂ ਦੁਨਿਆਵੀ ਜੀਵਨ ਦੇ ਹਰ ਪੜਾਅ ਵੱਲ ਸੰਕੇਤ ਕਰਦੇ ਹਨ | ਅਧਿਆਤਮਕ ਜੀਵਨ ਦੀ ਵਿਆਖਿਆ ਦੇ ਤਹਿਤ ਲਾਵਾਂ ਜਾਂ ਫੇਰਿਆਂ ਵਿੱਚ ਗ੍ਰਹਿਸਥ ਜੀਵਨ ਵਿੱਚ ਦਾਖਲ ਹੋਣ ਦੇ ਸਭ ਤੋਂ ਉੱਤਮ ਉਪਦੇਸ਼ ਅਤੇ ਸਿੱਖਿਆਵਾਂ ਦਾ ਜ਼ਿਕਰ ਆਉਂਦਾ ਹੈ।

ਇਹ ਸਿੱਖਿਆ ਜਾਂ ਉਪਦੇਸ਼ ਗ੍ਰਹਿਸਥ ਜੀਵਨ ਵਿੱਚ ਕਦਮ ਰੱਖ ਰਹੇ ਦੋਵਾਂ ਜੀਵਾਂ ਦੀ ਆਪਣੇ ਧਾਰਮਿਕ ਇਸ਼ਟ ਜਾਂ ਗੁਰੂ ਦੇ ਸਾਹਮਣੇ ਇਕ ਦੂਜੇ ਪ੍ਰਤੀ ਅਤੇ ਇਕ ਦੂਜੇ ਦੇ ਪਰਿਵਾਰਾਂ ਪ੍ਰਤੀ ਜ਼ਿਮੇਵਾਰੀਆਂ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਵਿਆਹ ਦੀ ਇਹ ਪਵਿੱਤਰ ਰਸਮ ਹੀ ਅਸਲ ਵਿੱਚ ਇਸ ਰਿਸ਼ਤੇ ਦੀ ਠੋਸ ਬੁਨਿਆਦ ਜਾਂ ਅਧਾਰ ਹੈ। ਪਰ ਦੇਖਿਆ ਜਾਵੇ ਤਾਂ ਆਮ ਤੌਰ ‘ਤੇ ਸਾਡੇ ਪਰਿਵਾਰਾਂ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਰਹੀ ਜੋੜੀ ਨੂੰ ਲਾਵਾਂ ਜਾਂ ਫੇਰਿਆਂ ਦੇ ਅਰਥ ਸਮਝਣ ਜਾਂ ਸਮਝਾਉਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਸਗੋਂ ਪਰਿਵਾਰ, ਰਿਸ਼ਤੇਦਾਰ ਅਤੇ ਵਿਆਂਦੜ ਜੋੜੀ ਦਾ ਝੁਕਾਅ ਵੀ ਇਸ ਰਸਮ ਤੋਂ ਇਲਾਵਾ ਬਾਹਰੀ ਚਕਾ ਚੌਂਧ ਵਾਲੀਆਂ ਰਸਮਾਂ ਵੱਲ ਵਧੇਰੇ ਹੁੰਦਾ ਹੈ। ਆਪਣੀ ਨਿੱਜੀ ਹਉਮੈ ਨੂੰ ਤਿਆਗ ਕੇ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਅੱਗੇ ਆਪਣਾ ਆਪਾ ਸਮਰਪਣ ਕਰਨ ਦੇ ਸਿਧਾਂਤ ਦੇ ਵਿਸਥਾਰ ਤਹਿਤ ਹੀ ਲਾਵਾਂ ਦੁਨਿਆਵੀ ਤੌਰ ਤੇ ਦੋਵਾਂ ਜੀਵਾਂ ਨੂੰ ਆਪਣਾ ਆਪ ਇਕ ਦੂਜੇ ਲਈ ਸਮਰਪਣ ਕਰਨ ਵੱਲ ਸੰਕੇਤ ਹਨ। ਪਰ ਇੱਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ ਇਹ ਉਪਦੇਸ਼ ਦੋਵਾਂ ਜੀਵਾਂ ਲਈ ਸਾਂਝਾ ਹੈ, ਇਸ ਲਈ ਇਹ ਸਮਝਿਆ ਜਾਣਾ ਗ਼ਲਤ ਹੈ ਕਿ ਇਹ ਸਿਰਫ ਕੁੜੀ ਲਈ ਜਾਂ ਕੇਵਲ ਮੁੰਡੇ ਲਈ ਹੈ। ਦੋਵਾਂ ਜੀਵਾਂ ਨੂੰ ਵਿਆਹ ਦੇ ਇਸ ਪਵਿੱਤਰ ਬੰਧਨ ਵਿੱਚ ਬੱਝਣ ਤੋਂ ਪਹਿਲਾਂ ਜੇਕਰ ਲਾਵਾਂ ਦਾ ਮਹੱਤਵ ਸਮਝਾਇਆ ਜਾਵੇ ਤਾਂ ਗ੍ਰਹਿਸਥ ਜੀਵਨ ਦੇ ਚਾਰ ਪੜਾਅ ਸਮਝਣੇ ਵੀ ਸੌਖੇ ਹੋ ਸਕਦੇ ਹਨ |

ਆਸਟ੍ਰੇਲੀਆ ਵਿੱਚ ਰਹਿੰਦਿਆਂ ਦੋ ਕੁ ਸਾਲ ਪਹਿਲਾਂ ਵਾਪਰੀ ਇਕ ਸੱਚੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ, ਜਿਸ ਵਿੱਚ ਆਪਣੇ ਕਿਸੇ ਜਾਣੂ ਪਰਿਵਾਰ ਦੀ ਇਸੇ ਦੇਸ਼ ਵਿੱਚ ਜਨਮੀ ਧੀ ਦੇ ਵਿਆਹ ਮੌਕੇ ਵਿਆਂਦੜ ਜੋੜੀ ਵਲੋਂ ਆਪਣੇ ਜੀਵਨ ਵਿੱਚ ਲਾਵਾਂ ਦੀ ਰਸਮ ਨਾਲ ਜੁੜੇ ਹਰ ਸੰਸਕਾਰ, ਮਰਿਆਦਾ ਅਤੇ ਮਹੱਤਵ ਬਾਰੇ ਗ੍ਰੰਥੀ ਸਾਹਿਬਾਨ ਜੀ ਤੋਂ ਜਾਣਨ ਦੀ ਇੱਛਾ ਪ੍ਰਗਟ ਕੀਤੀ ਗਈ। ਮੇਰੀ ਜ਼ਿੰਦਗੀ ਵਿੱਚ ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦਿਆਂ ਇਹ ਪਹਿਲਾ ਅਨੋਖਾ ਅਨੁਭਵ ਸੀ ਜਦੋਂ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਇਕ ਜੋੜੇ ਵਲੋਂ ਇਸ ਦੇ ਮਹੱਤਵ ਨੂੰ ਜਾਣਨ ਦੀ ਇੱਛਾ ਰੱਖੀ ਗਈ ਸੀ | ਅਨੋਖਾ ਇਸ ਲਈ ਕਿਓਂਕਿ ਅੱਜ ਤੱਕ ਜਿੰਨੇ ਵਿਆਹ ਦੇਖੇ ਸਨ ਉਹਨਾਂ ਵਿੱਚ ਪਰਿਵਾਰਾਂ ਵਲੋਂ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਦੇਰੀ ਨਾਲ ਪਹੁੰਚਣ ਕਾਰਨ ਇਸ ਰਸਮ ਨੂੰ ਕਾਹਲ ਵਿੱਚ ਸੰਪੂਰਨ ਕਰਨ ਦੀ ਇੱਛਾ ਹੀ ਦੇਖੀ ਸੀ। ਆਪਣੇ ਬੱਚਿਆਂ ਨੂੰ ਅਜਿਹੀ ਪਰਵਰਿਸ਼ ਦੇਣ ਵਾਲੇ ਮਾਪੇ ਵੀ ਅਸਲ ਵਧਾਈ ਦੇ ਪਾਤਰ ਮੰਨੇ ਜਾ ਸਕਦੇ ਹਨ। ਸਾਡੇ ਪਰਿਵਾਰਾਂ ਵਿੱਚ ਅਜਿਹੀ ਕੋਸ਼ਿਸ਼ ਨਾ ਮਾਤਰ ਹੀ ਹੁੰਦੀ ਹੈ, ਇਹੀ ਕਾਰਨ ਹੈ ਕਿ ਜਿਓਂ ਜਿਓਂ ਅਸੀਂ ਤਰੱਕੀ ਕਰਦੇ ਜਾ ਰਹੇ ਹਾਂ ਤਿਓਂ ਤਿਓਂ ਦੂਜੇ ਰਿਸ਼ਤਿਆਂ ਦੇ ਨਾਲ-ਨਾਲ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜਾਂ ਆਉਣ ਕਾਰਨ ਵਿਆਹੇ ਜਾਣ ਤੋਂ ਬਾਅਦ ਪਰਿਵਾਰ ਤੇਜ਼ੀ ਨਾਲ ਟੁੱਟ ਰਹੇ ਹਨ। ਸਾਡੀ ਹਉਮੈ ਸਾਡੇ ਉੱਤੇ ਭਾਰੀ ਹੋ ਰਹੀ ਹੈ। ਇਕ ਦੂਜੇ ਲਈ ਤਿਆਗ ਜਾਂ ਸਮਰਪਣ ਦੀ ਭਾਵਨਾ ਲਗਭਗ ਖ਼ਤਮ ਹੋ ਰਹੀ ਹੈ।

ਇਹ ਰਿਸ਼ਤਾ ਵੀ ਕਈ ਤਰਾਂ ਦੇ ਸਵਾਰਥਾਂ ਦੀ ਭੇਂਟ ਚੜ੍ਹ ਰਿਹਾ ਹੈ। ਸਾਡੇ ਸੱਭਿਆਚਾਰ ਵਿੱਚ ਵਿਆਹਾਂ ਦੇ ਅਜਿਹੇ ਹਸ਼ਰ ਲਈ ਅਨੇਕਾਂ ਕਾਰਨ ਜਿੰਮੇਵਾਰ ਹਨ। ਕੋਈ ਸਮਾਂ ਸੀ ਜਦੋਂ ਸਿਰਫ ਪਰਿਵਾਰ ਦੀ ਮਰਜ਼ੀ ਨਾਲ ਕੀਤੇ ਜਾਣ ਵਾਲੇ ਵਿਆਹਾਂ ਦਾ ਪ੍ਰਚਲਨ ਸੀ, ਮੁੰਡੇ ਕੁੜੀ ਦੀ ਨਿੱਜੀ ਚੋਣ ਜਾਂ ਪਸੰਦ ਕੋਈ ਮਾਅਨੇ ਨਹੀਂ ਰੱਖਦੀ ਸੀ। ਜੇਕਰ ਵਿਆਹ ਤੋਂ ਬਾਦ ਝਗੜੇ ਸ਼ੁਰੂ ਹੁੰਦੇ ਤਾਂ ਪਰਿਵਾਰ ਦੇ ਵੱਡਿਆਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਹੱਲ ਲਈ ਵਿਚਾਰ ਕਰਕੇ ਉਹਨਾਂ ਨੂੰ ਸੁਲਝਾ ਲਿਆ ਜਾਂਦਾ। ਹੌਲੀ ਹੌਲੀ ਪਰਿਵਾਰਾਂ ਦਾ ਰੂਪ ਬਦਲਣ ਲੱਗਿਆ ਸਾਂਝੇ ਪਰਿਵਾਰ ਇਕਹਿਰੇ ਪਰਿਵਾਰਾਂ ਵਿੱਚ ਤਬਦੀਲ ਹੋਣ ਲੱਗੇ। ਕਈ ਪਰਿਵਾਰਾਂ ਵਿੱਚ ਬੱਚਿਆਂ ਨੂੰ ਨਿੱਜੀ ਆਜ਼ਾਦੀ ਤਹਿਤ ਆਪਣੀ ਮਰਜ਼ੀ ਦਾ ਸਾਥੀ ਚੁਣਨ ਦਾ ਅਧਿਕਾਰ ਦਿੱਤਾ ਗਿਆ। ਇਹ ਵਿਸ਼ਵਾਸ ਕੀਤਾ ਗਿਆ ਕਿ ਅਜਿਹੀ ਚੋਣ ਵਿੱਚ ਮੁੰਡਾ ਕੁੜੀ ਪਹਿਲਾਂ ਤੋਂ ਇਕ ਦੂਜੇ ਦੇ ਜਾਣੂ ਹੋਣ ਕਾਰਨ ਝਗੜੇ ਦੀ ਗੁੰਜਾਇਸ਼ ਘੱਟ ਰਹੇਗੀ|

ਦੇਖਿਆ ਜਾਵੇ ਤਾਂ ਬਹੁਤ ਸਾਰੇ ਅਜਿਹੇ ਜੋੜੇ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਮਾਣਦੇ ਹਨ ਜਿਨਾਂ ਦੇ ਵਿਆਹ ਉਹਨਾਂ ਮਾਪਿਆਂ ਦੀ ਮਰਜ਼ੀ ਮੁਤਾਬਕ ਹੁੰਦੇ ਹਨ, ਪਰ ਇਸ ਦੇ ਬਾਵਜੂਦ ਬਹੁਤੇ ਜੋੜੇ ਅਜਿਹੀ ਸਥਿਤੀ ਵਿੱਚ ਵੀ ਦਿਨ ਕਟੀ ਲਈ ਮਜਬੂਰ ਹੁੰਦੇ ਹਨ ਅਤੇ ਅਖੀਰ ਗੱਲ ਤਲਾਕ ਉੱਤੇ ਆ ਕੇ ਮੁੱਕਦੀ ਹੈ | ਪਿਆਰ ਵਿਆਹ ਕਰਵਾਉਣ ਵਾਲਿਆਂ ਦੇ ਸਿਲਸਿਲੇ ਵਿੱਚ ਵੀ ਅਜਿਹਾ ਹੀ ਵਾਪਰਦਾ ਹੈ। ਕੁਝ ਜੋੜੇ ਜਾਤ ਧਰਮ ਤੋਂ ਬਾਹਰੇ ਹੋਣ ਦੇ ਬਾਵਜੂਦ ਵੀ ਸਫਲ ਵਿਆਹੁਤਾ ਜੀਵਨ ਗੁਜ਼ਾਰਦੇ ਹਨ ਪਰ ਕੁਝ ਜੋੜਿਆਂ ਦਾ ਵਿਆਹ ਤੋਂ ਬਾਅਦ ਵਾਲਾ ਜੀਵਨ ਕਾਫੀ ਸ਼ਿਕਵੇ ਸ਼ਿਕਾਇਤਾਂ ਅਤੇ ਨਰਾਜ਼ਗੀਆਂ ਭਰਿਆ ਹੁੰਦਾ ਹੈ ਅਤੇ ਅਖੀਰ ਵਿਆਹ ਟੁੱਟ ਕੇ ਹੀ ਸਾਹ ਲੈਂਦਾ ਹੈ |

ਅਸਲ ਵਿੱਚ ਸਾਡੀ ਇਕ ਦੂਜੇ ਪ੍ਰਤੀ ਵਚਨਬੱਧਤਾ ਹੀ ਇਸ ਰਿਸ਼ਤੇ ਦਾ ਅਧਾਰ ਹੈ|

ਅਖੇ …ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇਕ ਜਿੰਦੜੀ..ਚੰਨ ਵੇ

ਜਿੱਥੇ ਇਕ ਦੂਜੇ ਲਈ ਕੀਤੇ ਜਾਣ ਵਾਲੇ ਛੋਟੇ ਛੋਟੇ ਤਿਆਗ ਪਤੀ ਪਤਨੀ ਦੇ ਇਸ ਰਿਸ਼ਤੇ ਨੂੰ ਮਜਬੂਤ ਕਰਦੇ ਹਨ ਉੱਥੇ ਇਕ ਦੂਜੇ ਉੱਤੇ ਬੇਲੋੜਾ ਦਬਾਅ ਜਾਂ ਇਕ ਦੂਜੇ ਨੂੰ ਕਾਬੂ ਵਿੱਚ ਰੱਖਣ ਦੀ ਭਾਵਨਾ ਇਸ ਰਿਸ਼ਤੇ ਦੇ ਪਤਨ ਦਾ ਕਾਰਨ ਬਣਦੀ ਹੈ।

ਪ੍ਰੰਪਰਾਗਤ ਪੰਜਾਬੀ ਸਮਾਜ ਅਤੇ ਸੱਭਿਆਚਾਰ ਮਰਦ ਪ੍ਰਧਾਨ ਰਿਹਾ ਹੈ ਅਤੇ ਅਜਿਹੇ ਸੱਭਿਆਚਾਰ ਵਿੱਚ ਕੁੜੀ ਨੂੰ ਵਧੇਰੇ ਕਰਕੇ ਆਪਣੇ ਘਰ ਵਾਲੇ ਦੀਆਂ ਲੋੜਾਂ ਮੁਤਾਬਕ ਢਲ ਕੇ ਉਸਦੇ ਪਰਿਵਾਰ ਵਿੱਚ ਆਪਣੀ ਜਗਾ ਬਣਾਉਣੀ ਪੈਂਦੀ ਸੀ। ਅਜਿਹੇ ਵਿੱਚ ਉਸਦੇ ਅਰਮਾਨ ਜਾਂ ਸਧਰਾਂ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ ਸੀ। ਅਜਿਹੇ ਪਰਿਵਾਰਕ ਢਾਂਚੇ ਵਿੱਚ ਵੀ ਪਰਿਵਾਰ ਦੇ ਜੀਆਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਵਾਲੀ ਆਪਣੀ ਘਰਵਾਲੀ ਦੀਆਂ ਰੀਝਾਂ ਪੁਗਾਉਣ ਵਿੱਚ ਉਸ ਦਾ ਸਾਥ ਦੇਣ ਵਾਲੇ ਮਰਦਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ| ਬੇਸ਼ਕ ਇਹਨਾਂ ਦੀ ਗਿਣਤੀ ਆਟੇ ਵਿੱਚ ਲੂਣ ਜਿੰਨੀ ਹੀ ਹੋਵੇਗੀ | ਇਸ ਸਭ ਦੇ ਬਾਵਜੂਦ ਇਕ ਗੱਲ ਤਾਂ ਮੰਨਣਯੋਗ ਹੈ ਕਿ ਪਹਿਲੇ ਸਮਿਆਂ ਵਿੱਚ ਕੁੜੀਆਂ ਜਾਂ ਤੀਵੀਆਂ ਵਿੱਚ ਸਬਰ-ਸੰਤੋਖ ਅਤੇ ਸਹਿਣਸ਼ੀਲਤਾ ਵਧੇਰੇ ਹੋਣ ਕਾਰਨ ਛੋਟੀਆਂ ਛੋਟੀਆਂ ਗੱਲਾਂ ਉੱਤੇ ਝਗੜੇ ਦੀ ਸੰਭਾਵਨਾ ਘੱਟ ਹੁੰਦੀ ਸੀ ਜਾਂ ਘਰੇਲੂ ਹਿੰਸਾ ਵਰਗਾ ਸ਼ਬਦ ਹੋਂਦ ਵਿੱਚ ਨਾ ਆਇਆ ਹੋਣ ਕਾਰਨ ਅਜਿਹੇ ਵਿਵਹਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਲੈਂਦੀਆਂ ਸਨ। ਇਹ ਕਹਿ ਲਵੋ ਕਿ ਵੱਡੀਆਂ ਵੱਡੀਆਂ ਗੱਲਾਂ ਨੂੰ ਬਰਦਾਸ਼ਤ ਕਰਕੇ ਹਉ ਪਰੇ ਕਰਨ ਦਾ ਹੁਨਰ ਉਹ ਜਾਣਦੀਆਂ ਸਨ।

ਪਰ ਸਮੇਂ ਦੇ ਨਾਲ ਬਹੁਤ ਕੁਝ ਬਦਲਿਆ ਹੈ ਅਤੇ ਇਸ ਤਬਦੀਲੀ ਦਾ ਸਾਡੀ ਜੀਵਨ ਸ਼ੈਲੀ ਉੱਤੇ ਅਸਰ ਵੀ ਸੁਭਾਵਿਕ ਹੈ। ਜੇਕਰ ਅੱਜ ਕੁੜੀਆਂ ਪੜ੍ਹ ਲਿਖ ਕੇ ਵੱਖ ਵੱਖ ਖੇਤਰਾਂ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਾਜ ਕਰ ਰਹੀਆਂ ਹਨ ਤਾਂ ਉਹ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਹੋਈਆਂ ਹਨ। ਵਿਆਹ ਤੋਂ ਬਾਅਦ ਘਰ ਪਰਿਵਾਰਾਂ ਵਿੱਚ ਅਜਿਹੀਆਂ ਕੁੜੀਆਂ ਨੂੰ ਜੇਕਰ ਥੋੜਾ ਬਹੁਤ ਸਹਿਯੋਗ ਮਿਲਦਾ ਹੈ ਤਾਂ ਉਹਨਾਂ ਲਈ ਦੋਵੇਂ ਪਾਸੇ ਸੰਭਾਲਣੇ ਸੌਖੇ ਹੋ ਸਕਦੇ ਹਨ। ਪਰ ਇਸ ਦੇ ਉਲਟ ਦੋਸ਼ ਇਹ ਲਗਦਾ ਹੈ ਕੇ ਅੱਜ ਕੱਲ ਨੌਕਰੀ ਪੇਸ਼ਾ ਕੁੜੀਆਂ ਨੂੰ ਘਰ ਦੇ ਕੰਮ ਦੀ ਜਾਂਚ ਘੱਟ ਹੁੰਦੀ ਹੈ| ਇਸੇ ਕਾਰਨ ਉਹਨਾਂ ਨੂੰ ਕਈ ਤਰਾਂ ਦੇ ਤਾਅਨੇ ਮਿਹਣੇ ਵੀ ਸੁਣਨੇ ਪੈਂਦੇ ਹਨ। ਜਦਕਿ ਆਪਣਾ ਪੇਕਾ ਪਰਿਵਾਰ ਛੱਡ ਕੇ ਆਈ ਕੁੜੀ ਨੂੰ ਇਕ ਨਵੇਂ ਪਰਿਵਾਰ ਦੇ ਨਵੇਂ ਮਹੌਲ ਵਿੱਚ ਇਕ ਸਤਿਕਾਰਤ ਥਾਂ ਦੇਣਾ ਮੁੰਡੇ ਅਤੇ ਉਸਦੇ ਪਰਿਵਾਰ ਦਾ ਵੀ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ ਕਿਓਂਕਿ ਲਾਵਾਂ ਵੇਲੇ ਦੋਹਾਂ ਧਿਰਾਂ ਵਲੋਂ ਇਹ ਜ਼ਿੰਮੇਵਾਰੀ ਨਿਭਾਉਣ ਦੀ ਵਚਨਬੱਧਤਾ ਦਿੱਤੀ ਅਤੇ ਲਈ ਜਾਂਦੀ ਹੈ।

ਬਹੁਤੇ ਪਰਿਵਾਰਾਂ ਵਿੱਚ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਆਪਸੀ ਗਿਲੇ-ਸ਼ਿਕਵੇ, ਨਾਰਾਜ਼ਗੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਕ ਪਰਿਵਾਰਕ ਧਿਰ ਵਲੋਂ ਸ਼ੁਰੂ ਹੋਏ ਤਾਅਨੇ ਮਿਹਣੇ (ਆਪਸੀ ਲੈਣ ਦੇਣ ਜਾਂ ਸੁਭਾਅ ਅਤੇ ਆਦਤਾਂ ਬਾਰੇ ) ਦੂਜੀ ਪਰਿਵਾਰਕ ਧਿਰ ਦੇ ਰਿਸ਼ਤੇ ਵਿੱਚ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੇ ਹਨ ਫਿਰ ਦੋਵਾਂ ਧਿਰਾਂ ਵਿੱਚ ਇਕ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਅਤੇ ਛੇਤੀ ਹੀ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦੇਣ ਦੀ ਬਜਾਇ ਅਕਸਰ ਵਧੇਰੇ ਜ਼ੋਰ ਸਮੱਸਿਆ ਨੂੰ ਵੱਡੀ ਕਰਨ (ਇਕ ਦੂਜੇ ਵਿਰੁੱਧ ਸਬੂਤ ਇਕੱਠੇ ਕਰਨ, ਸੰਬੰਧੀਆਂ ਵਲੋਂ ਕਹੀਆਂ ਗਈਆਂ ਗੱਲਾਂ ਦੇ ਗਵਾਹ ਇਕੱਠੇ ਕਰਨ) ਵੱਲ ਲੱਗਿਆ ਹੋਣ ਕਾਰਨ ਅਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਅਸਲ ਵਿੱਚ ਨਵੇਂ ਪਰਿਵਾਰਾਂ ਦੇ ਜੁੜਨ ਵੇਲੇ ਇਕ ਦੂਜੇ ਦੇ ਵੱਖਰੇ ਸੁਭਾਅ ਅਤੇ ਆਦਤਾਂ ਦਾ ਭੇਦ ਜਦੋਂ ਹੌਲੀ ਹੌਲੀ ਖੁੱਲਦਾ ਹੈ ਤਾਂ ਦੋਵਾਂ ਪਾਸਿਆਂ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਸਾਹਮਣੇ ਆਉਣ ਲੱਗਦੀਆਂ ਹਨ। ਸਿਆਣਪ ਇਸ ਗੱਲ ਵਿੱਚ ਹੁੰਦੀ ਹੈ ਕਿ ਜੇਕਰ ਇਕ ਦੂਜੇ ਦੀਆਂ ਕਮਜ਼ੋਰੀਆਂ ਨੂੰ ਉਛਾਲਣ ਨਾਲੋਂ ਉਹਨਾਂ ਨੂੰ ਅਣਗੌਲਿਆਂ ਕਰਕੇ ਪਹਿਲੇ ਕੁਝ ਮਹੀਨਿਆਂ ਅਤੇ ਸਾਲਾਂ ਤਕ ਇਕ ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਕਮਜ਼ੋਰੀਆਂ ਆਪਮੁਹਾਰੇ ਸਮੇਂ ਅਨੁਸਾਰ ਫਿੱਕੀਆਂ ਪੈ ਸਕਦੀਆਂ ਹਨ। ਇਸ ਸ਼ੁਰੂਆਤੀ ਦੌਰ ਵਿੱਚ ਵਿਸ਼ੇਸ਼ ਤੌਰ ਤੇ ਸੰਭਲ ਕੇ ਤੁਰਨ ਦੀ ਲੋੜ ਹੁੰਦੀ ਹੈ। ਜੇਕਰ ਇਕ ਧਿਰ ਵਲੋਂ ਕੋਈ ਅਜਿਹੀ ਪਹਿਲ ਹੁੰਦੀ ਹੈ ਤਾਂ ਰਿਸ਼ਤਾ ਬਚਾਉਣ ਵਿੱਚ ਉਹ ਕਾਫੀ ਹੱਦ ਤੱਕ ਸਹਾਈ ਹੋ ਸਕਦੀ ਹੈ।

ਵਿਦੇਸ਼ਾਂ ਵਿੱਚ ਧੀਆਂ ਪੁੱਤਰਾਂ ਨੂੰ ਵਿਆਹੁਣ ਦੀ ਲਾਲਸਾ ਹਿੱਤ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ 15-20 ਸਾਲਾਂ ਤੋਂ ਜੋ ਇਕ ਵੱਡਾ ਬਦਲਾਅ ਆਇਆ ਹੈ ਉਸਨੇ ਵਿਆਹ ਦੇ ਇਸ ਪਵਿੱਤਰ ਬੰਧਨ ਨੂੰ ਇਕ ਵੱਡੀ ਢਾਅ ਲਾਈ ਹੈ। ਇਸ ਲਾਲਸਾ ਪਿੱਛੇ ਭਾਰੂ ਸਵਾਰਥ ਨੇ ਇਸ ਰਿਸ਼ਤੇ ਦੀ ਪਵਿੱਤਰਤਾ ਅਤੇ ਮਹੱਤਵ ਦਾ ਵੱਡਾ ਘਾਣ ਕੀਤਾ ਹੈ। ਧੀ ਜਾਂ ਪੁੱਤ ਨੂੰ ਵਿਦੇਸ਼ਾਂ ਵਿੱਚ ਵਿਆਹੁਣ ਦੇ ਚਾਅ ਵਿੱਚ ਆਪਣੀ ਔਕਾਤ ਤੋਂ ਵੱਧ ਕੇ ਬੇਲੋੜਾ ਖ਼ਰਚ ਅਤੇ ਦਿਖਾਵਾ ਕਰਨ ਦੀ ਪ੍ਰਵਿਰਤੀ ਵਿੱਚ ਵਾਧਾ ਹੋਇਆ ਹੈ। ਵਿਦੇਸ਼ਾਂ ਦੀਆਂ ਜ਼ਮੀਨੀ ਮੁਸ਼ਕਿਲਾਂ ਤੋਂ ਅਣਜਾਣ ਮੁੰਡਾ ਜਾਂ ਕੁੜੀ ਜਦੋਂ ਆਪਣੇ ਸੁਫਨਿਆਂ ਦੀ ਨੀਂਦ ਤੋਂ ਜਾਗਦੇ ਹਨ ਤਾਂ ਅੱਖਾਂ ਖੁੱਲਦਿਆਂ ਹੀ ਰੰਗੀਨ ਨਜ਼ਾਰਿਆਂ ਦੇ ਨਾਲ ਨਾਲ ਜ਼ਮੀਨੀ ਹਕੀਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਵਿਸ਼ੇਸ਼ ਕਰਕੇ ਵਿਦਿਆਰਥੀ ਜੀਵਨ ਹੰਢਾਅ ਰਹੇ ਜੋੜਿਆਂ ਲਈ ਜ਼ਿੰਦਗੀ ਦਾ ਇਹ ਦੌਰ ਕਾਫੀ ਚੁਣੌਤੀਆਂ ਭਰਿਆ ਹੁੰਦਾ ਹੈ। ਵਿਦੇਸ਼ ਵਿੱਚ ਪੱਕੇ ਹੋਣ ਲਈ ਪੜ੍ਹਾਈ ਦੀ ਫੀਸ ਦਾ ਖ਼ਰਚ,ਵੀਜ਼ਾ ਫੀਸਾਂ ਘਰ ਦਾ ਕਿਰਾਇਆ ਅਤੇ ਹੋਰ ਖਰਚੇ ਜੁਟਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਪਿੱਛੇ ਦੇ ਸ਼ਰੀਕੇ ਭਾਈਚਾਰੇ ਨੂੰ ਬਾਹਰਲੇ ਦੇਸ਼ ਵਿੱਚ ਘੁੱਗ ਵਸਦੇ ਹੋਣ ਦਾ ਭੁਲੇਖਾ ਪਾਉਣ ਲਈ ਚਾਈਂ ਚਾਈਂ ਪੈਸੇ ਭੇਜਣੇ ਪਹਿਲਾਂ ਪਹਿਲ ਤਾਂ ਔਖੇ ਹੋ ਕੇ ਵੀ ਰਾਸ ਆਉਂਦੇ ਹਨ। ਪਰ ਜਿਓਂ ਜਿਓਂ ਪਿੱਛੇ ਵਸਦੇ ਪਰਿਵਾਰ ਦੀਆਂ ਮੰਗਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਪਸੀ ਰਿਸ਼ਤਿਆਂ ਦੀਆਂ ਨਾਜ਼ੁਕ ਤੰਦਾਂ ਇਸ ਬੇਲੋੜੇ ਬੋਝ ਨੂੰ ਚੁੱਕਦਿਆਂ ਟੁੱਟਣ ਉੱਤੇ ਆ ਜਾਂਦੀਆਂ ਹਨ। ਦੋਵਾਂ ਜੀਆਂ ਉੱਤੇ ਪਿੱਛੇ ਰਹਿੰਦੇ ਪਰਿਵਾਰਾਂ ਦਾ ਦਬਾਅ ਅਤੇ ਦਖਲਅੰਦਾਜ਼ੀ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਖਲਬਲੀ ਪੈਦਾ ਕਰਕੇ ਉਸਨੂੰ ਤਹਿਸ ਨਹਿਸ ਕਰਨ ਦਾ ਕਾਰਨ ਬਣਦੀ ਹੈ। ਇੱਕ ਦੂਜੇ ਪ੍ਰਤੀ ਸ਼ੰਕਿਆਂ ਅਤੇ ਸ਼ਿਕਾਇਤਾਂ ਵਿੱਚ ਵਾਧਾ ਹੋਣ ਲੱਗਦਾ ਹੈ ਆਪਸੀ ਬਹਿਸਬਾਜ਼ੀ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਹੈ|

ਅਜਿਹੇ ਮਾਹੌਲ ਕਾਰਨ ਹੀ ਇਹਨਾਂ ਦੇਸ਼ਾਂ ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਦੂਰੀਆਂ ਇਸ ਕਦਰ ਵਧ ਰਹੀਆਂ ਹਨ ਕਿ ਇਕ ਦੂਜੇ ਨੂੰ ਕੀਤੇ ਸਵਾਲਾਂ ਦੇ ਜਵਾਬ ਇਕ ਦੂਜੇ ਨੂੰ ਸੁਣੇ ਬਿਨਾਂ ਹੀ ਸਾਨੂੰ ਸੁਣਾਈ ਦੇਣ ਲੱਗੇ ਹਨ। ਅਸੀਂ ਇਕ ਦੂਜੇ ਲਈ ਦਿੱਤੇ ਵਚਨਾਂ ਤੋਂ ਮੂੰਹ ਫੇਰ ਕੇ ਇਕ ਦੂਜੇ ਦੇ ਵੈਰੀ ਬਣ ਰਹੇ ਹਾਂ| ਇਹ ਸਭ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਰਿਹਾ ਕਿ ਇਹ ਦੂਰੀਆਂ ਸਾਡੀਆਂ ਆਪਣੀਆਂ ਪੈਦਾ ਕੀਤੀਆਂ ਨਹੀਂ ਸਗੋਂ ਦੂਜਿਆਂ ਦੇ ਕਾਰਨ ਪੈਦਾ ਹੋ ਰਹੀਆਂ ਹਨ। ਪਰ ਜਦੋਂ ਤੱਕ ਇਸਦਾ ਅਸਲ ਅਹਿਸਾਸ ਹੁੰਦਾ ਤਾਂ ਦੇਰ ਹੋ ਚੁੱਕੀ ਹੁੰਦੀ ਹੈ। ਇਹ ਕੇਵਲ ਵਿਦੇਸ਼ਾਂ ਵਿੱਚ ਰਹਿੰਦੇ ਵਿਦਿਆਰਥੀਆਂ ਨਾਲ ਹੀ ਨਹੀਂ ਸਗੋਂ ਬਹੁਤ ਸਾਰੇ ਸਥਾਈ ਤੌਰ ‘ਤੇ ਵਸਦੇ ਟੱਬਰਦਾਰ ਪਰਿਵਾਰਾਂ ਨਾਲ ਵੀ ਵਾਪਰ ਰਿਹਾ ਹੈ ਪਰ ਸਥਿਤੀਆਂ ਅਤੇ ਕਾਰਨ ਵੱਖਰੇ ਹਨ। ਉਹਨਾਂ ਕਾਰਨਾਂ ਦਾ ਜ਼ਿਕਰ ਕਦੇ ਫੇਰ ਸਹੀ।

ਪਰ ਇਸ ਸਭ ਦੇ ਬਾਵਜੂਦ ਜੇ ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਰਿਸ਼ਤੇ ਨੂੰ ਨਿਭਾਉਣਾ ਅਤੇ ਬਚਾਉਣਾ ਹੈ ਤਾਂ ਸਾਡਾ ਧਿਆਨ ਵਧੇਰੇ ਕਰਕੇ ਰਿਸ਼ਤਿਆਂ ਨੂੰ ਸੰਭਾਲਣ ਵੱਲ ਹੋਵੇਗਾ ਪਰ ਜਦੋਂ ਰਿਸ਼ਤਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਹੋਵਾਂਗੇ ਤਾਂ ਇਹਨਾਂ ਦੀ ਮੌਤ ਯਕੀਨੀ ਹੈ। ਸਾਡੀ ਆਪਣੀ ਹਉਮੈ ਹੀ ਕਈ ਵਾਰ ਸਾਡੇ ਗਲਤ ਹੋਣ ਦੇ ਬਾਵਜੂਦ ਵੀ ਸਾਨੂੰ ਇਸਦਾ ਦਾ ਅਹਿਸਾਸ ਨਹੀਂ ਹੋਣ ਦਿੰਦੀ।ਰਿਸ਼ਤਿਆਂ ਦਾ ਅਜਿਹਾ ਘਾਣ ਸਾਡੇ ਅਹਿਸਾਸਾਂ ਤੋਂ ਕੋਰੇ ਹੋਣ ਦਾ ਪ੍ਰਤੀਕ ਹੈ। ਪਦਾਰਥਕ ਯੁੱਗ ਦੀਆਂ ਇਹਨਾਂ ਪਦਾਰਥਕ ਲੋੜਾਂ ਨੇ ਸਾਡੀਆਂ ਜਜ਼ਬਾਤੀ ਲੋੜਾਂ ਨੂੰ ਬੁਰੀ ਤਰਾਂ ਝੰਬਿਆ ਹੈ। ਸੋ ਅਜੋਕੇ ਸਮੇਂ ਵਿੱਚ ਆਪਣੇ ਰਿਸ਼ਤਿਆਂ ਰੂਪੀ ਕੰਧਾਂ ਵਿੱਚ ਆ ਰਹੀਆਂ ਦਰਾਰਾਂ ਨੂੰ ਅਹਿਸਾਸਾਂ ਦੇ ਸੰਦਾਂ ਦੀ ਮੁਰੰਮਤ ਨਾਲ ਭਰਿਆ ਜਾ ਸਕਦਾ ਹੈ ਤਾਂ ਕਿ ਪਰਿਵਾਰ ਰੂਪੀ ਮਕਾਨ ਨੂੰ ਢਹਿ ਢੇਰੀ ਹੋਣ ਤੋਂ ਬਚਾਇਆ ਜਾ ਸਕੇ। ਪਰ ਅਜਿਹਾ ਤਾਂ ਹੀ ਸੰਭਵ ਹੈ ਜੇ ਲਾਵਾਂ ਜਾਂ ਫੇਰਿਆਂ ਸਮੇਂ ਇਕ ਦੂਜੇ ਪ੍ਰਤੀ ਕੀਤੀ ਵਚਨਬੱਧਤਾ ਸੱਚੀ ਸੁੱਚੀ ਹੋਵੇ ਕਿਸੇ ਤਰਾਂ ਦੇ ਲਾਲਚ ਜਾਂ ਸਵਾਰਥ ਤੋਂ ਮੁਕਤ ਹੋਵੇ। ਕਿਓਂਕਿ ਕਿਸੇ ਲਾਲਚ ਜਾਂ ਸਵਾਰਥ ਦੀ ਬੁਨਿਆਦ ਉੱਤੇ ਖੜੇ ਰਿਸ਼ਤੇ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਅਤੇ ਜੇ ਅਜਿਹਾ ਹੈ ਤਾਂ ਆਪਣੇ ਵੱਖਰੇ ਰਾਹ ਚੁਣ ਲੈਣ ਵਿੱਚ ਹੀ ਭਲਾਈ ਹੈ|

ਪਰ ਇੱਥੇ ਡੇਵ ਵਿਲਿਸ ਦੇ ਹਵਾਲੇ ਤੋਂ ਇਹ ਕਹਿਣਾ ਚਾਹਾਂਗੀ

“ਵਿਆਹ 50 50 ਨਹੀਂ ਹੁੰਦਾ
ਤਲਾਕ 50 50 ਹੋ ਸਕਦਾ ਹੈ
ਵਿਆਹ 100 ਬਟਾ 100 ਹੀ ਹੁੰਦਾ ਹੈ
ਵਿਆਹ ਅੱਧੋ ਅੱਧ ਵੰਡਣ ਦਾ ਨਹੀਂ
ਸਗੋਂ ਆਪਣਾ ਸਭ ਕੁਝ ਦੇਣ ਦਾ ਨਾਮ ਹੈ।”

(ਡੇਵ ਵਿਲਿਸ)

ਜੇਕਰ ਦੋਵਾਂ ਜੀਆਂ ਵਿੱਚੋਂ ਕਿਸੇ ਇੱਕ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਅਹਿਸਾਸ ਬਾਕੀ ਹੋਵਣ ਤਾਂ ਆਪਣੇ ਰਿਸ਼ਤੇ ਦਾ ਗਲਾ ਘੁੱਟਣ ਤੋਂ ਪਹਿਲਾਂ, ਆਪਣੀ ਹਉਮੈਂ ਦਾ ਗਲਾ ਘੁੱਟਣ ਦੀ ਪਹਿਲ ਜ਼ਰੂਰ ਕਰਨੀ ਚਾਹੀਦੀ ਹੈ। ਗੁੱਸੇ ਗਿਲੇ ਭੁਲਾ ਕੇ ਆਪਣੀਆਂ ਕਮੀਆਂ ਸਵੀਕਾਰ ਕਰ ਲੈਣ ਵਿੱਚ ਕੋਈ ਹੇਠੀ ਨਹੀਂ। ਪਰ ਯਾਦ ਰਹੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੋਈ ਤੀਜੀ ਧਿਰ ਦਾ ਦਖ਼ਲ ਨਾ ਹੋਵੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਦੋਵਾਂ ਦਾ ਇੱਕ ਦੂਜੇ ਉੱਤੇ ਭਰੋਸਾ ਪਕੇਰਾ ਹੋਵੇ। ਪਰਿਵਾਰ ਦਾ ਕੋਈ ਹੋਰ ਜੀਅ, ਕੋਈ ਨੇੜਲਾ ਦੋਸਤ ਜਾਂ ਕੋਈ ਵੀ ਤੀਜੀ ਧਿਰ ਇਸ ਭਰੋਸੇ ਨੂੰ ਨਾ ਤੋੜ ਸਕੇ ਕਿਓਂਕਿ ਇਹਨਾਂ ਧਿਰਾਂ ਜ਼ਰੀਏ ਤੁਹਾਨੂੰ ਇਕ ਦੂਜੇ ਵਲੋਂ ਇਕ ਦੂਜੇ ਬਾਰੇ ਉਹ ਕੁਝ ਵੀ ਸੁਣਾਇਆ ਜਾਵੇਗਾ ਜੋ ਤੁਹਾਡੇ ਵਲੋਂ ਕਦੇ ਕਿਹਾ ਹੀ ਨਹੀਂ ਗਿਆ ਹੋਵੇਗਾ। ਸੋ ਦੁਬਾਰਾ ਕਿਸੇ ਗਲਤੀ ਦੀ ਗੁੰਜਾਇਸ਼ ਨਾ ਛੱਡੀ ਜਾਵੇ ਅਤੇ ਇੱਕ ਦੂਜੇ ਉੱਤੇ ਭਰੋਸਾ ਨਾ ਟੁੱਟਣ ਦਿੱਤਾ ਜਾਵੇ। ਲਾਵਾਂ ਦੀ ਰਸਮ ਵੇਲੇ ਇਕ ਦੂਜੇ ਨੂੰ ਆਪਣਾ ਆਪ ਸਮਰਪਣ ਕਰਨ ਦਾ ਪ੍ਰਣ ਨਾ ਭੁਲਾਇਆ ਜਾਵੇ। ਸ਼ਾਇਦ! ਸਾਡੀ ਇਹ ਇੱਕ ਕੋਸ਼ਿਸ਼ ਪੁਲਿਸ ਜਾਂ ਅਦਾਲਤਾਂ ਤਕ ਪਹੁੰਚਣ ਤੋਂ ਪਹਿਲਾਂ ਸਾਡੇ ਰਿਸ਼ਤੇ ਨੂੰ ਬਚਾਉਣ ਵਿੱਚ ਕਾਮਯਾਬ ਹੋਵੇ, ਬਸ਼ਰਤੇ ਕੋਸ਼ਿਸ਼ ਦੋਵਾਂ ਵਲੋਂ ਕੀਤੀ ਗਈ ਹੋਵੇ | ਇਹਨਾਂ ਰਿਸ਼ਤਿਆਂ ਨੂੰ ਬਚਾਉਣ ਵਿੱਚ ਮਾਪਿਆਂ ਦੀ ਭੂਮਿਕਾ ਵੀ ਅਹਿਮ ਹੋ ਸਕਦੀ ਹੈ, ਕੁਝ ਹੋਰ ਕਾਰਨਾਂ ਅਤੇ ਮਾਪਿਆਂ ਦੀ ਗੱਲ ਅਗਲੀ ਵਾਰ ਕਰਾਂਗੀ |

ਅਖ਼ੀਰ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਇਹਨਾਂ ਸਤਰਾਂ ਨਾਲ ਇਜਾਜ਼ਤ ਚਾਹਾਂਗੀ –

ਮਹਿਕ ਹਾਂ ਹਵਾ ਦਾ ਸਫ਼ਰ ਭਾਲਦੀ ਹਾਂ
ਘਿਰੀ ਹਾਂ ਦੀਵਾਰਾਂ ‘ਚ ਦਰ ਭਾਲਦੀ ਹਾਂ
ਅਸੀਂ ਦੋਵੇਂ ਰੱਲ ਕੇ ਤਲਾਸ਼ਾਂਗੇ ਮੰਜ਼ਿਲ
ਮੈਂ ਰਹਿਬਰ ਨਹੀਂ ਹਮਸਫ਼ਰ ਭਾਲਦੀ ਹਾਂ (ਸੁਖਵਿੰਦਰ ਅੰਮ੍ਰਿਤ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

amardeep kaur
ਸੀਨੀਅਰ ਜਰਨਲਿਸਟ -ਵਿਖੇ: ਹਰਮਨ ਰੇਡੀਉ ਆਸਟ੍ਰੇਲੀਆ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)