ਪੰਗਤ ਨੂੰ ਸੰਗਤ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਸੰਗਤ ਤੋਂ ਬਿਨਾਂ ਪੰਗਤ ਨਹੀਂ ਅਤੇ ਪੰਗਤ ਤੋਂ ਬਿਨਾਂ ਸੰਗਤ ਨਹੀਂ। ਇਹ ਇਕ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਦੋਹਾਂ ਦਾ ਮੁੱਖ ਉਦੇਸ਼ ਮਨੁੱਖ ਦੀ ਸਮੱਸਿਆਗ੍ਰਸਤ ਹਸਤੀ ਅਤੇ ਹੋਂਦ ਦਾ ਉਧਾਰ ਤੇ ਕਲਿਆਣ ਕਰਨਾ ਹੀ ਹੈ। ਸੰਗਤ ਅਤੇ ਪੰਗਤ ਭਜਨ ਅਤੇ ਭੋਜਨ ਦਾ ਸੰਜੋਗ ਹੈ। ਸੰਗਤ ਉੱਚੀ ਹੈ। ਪੰਗਤ ਸੁੱਚੀ ਹੈ। ਪੰਗਤ ਵਿਚ ਤਨ ਦੀ ਲੋੜ ਪੂਰੀ ਹੁੰਦੀ ਹੈ ਅਤੇ ਸੰਗਤ ਵਿਚ ਮਨ ਨਿਰਮਲ ਹੁੰਦਾ ਹੈ। ਜਿੱਥੇ ਪੰਗਤ ਵਿਚ ਪੇਟ ਦੀ ਭੁੱਖ ਮਿਟਾਉਣ ਦਾ ਪ੍ਰਬੰਧ ਹੈ, ਉਥੇ ਸੰਗਤ ਵਿਚ ਆਤਮਿਕ ਭੁੱਖ ਮਿਟਾਉਣ ਦਾ ਪ੍ਰਬੰਧ ਹੈ। ਗੁਰੂ ਸਾਹਿਬ ਨੇ ਸੰਗਤ ਨਾਲੋਂ ਪੰਗਤ ਨੂੰ ਪਹਿਲਾ ਦਰਜਾ ਦਿੱਤਾ ਹੈ। ਸ਼ਾਇਦ ਇਸੇ ਕਰਕੇ ਕਿ ‘ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ’ ਜਾਂ ਭਗਤ ਕਬੀਰ ਜੀ ਦੇ ਇਸ ਕਥਨ ਮੁਤਾਬਿਕ ‘ਭੂਖੇ ਭਗਤਿ ਨ ਕੀਜੈ- ਯਹ ਮਾਲਾ ਅਪਨੀ ਲੀਜੈ।” ਖ਼ੈਰ ਕੁਝ ਵੀ ਹੋਵੇ ਉਦਰ ਪੂਰਤੀ ਤਾਂ ਜ਼ਰੂਰੀ ਹੈ ਹੀ ਪਰ ਪੰਗਤ ਤਾਂ ਇਸ ਤੋਂ ਅੱਗੇ ਵਧ ਕੇ ਮਨੁੱਖ ਨੂੰ ਮਾਨਵੀ ਹੋਂਦ ਦਾ ਹਕੀਕੀ-ਗੌਰਵ ਪਛਾਣਨ ਦਾ ਸੰਦੇਸ਼ ਦਿੰਦੀ ਹੋਈ ਨੈਤਿਕ ਮਨੋਬਲ ਬਣਾਈ ਰੱਖਣ ਲਈ ਪ੍ਰੇਰਿਤ ਕਰਦੀ ਹੈ।
ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਪੰਗਤ ਨੂੰ ਲਾਜ਼ਮੀ ਕਰਾਰ ਦੇ ਕੇ ਕਿਹਾ ਸੀ ‘ਪਹਿਲੇ ਪੰਗਤ ਪਾਛੈ ਸੰਗਤ’। ਸੰਗਤਾਂ ਅਤੇ ਸ਼ਰਧਾਲੂ ਜਦ ਵੀ ਦਰਸ਼ਨਾਂ ਨੂੰ ਆਇਆ ਕਰਦੇ ਸਨ ਤਾਂ ਪਹਿਲਾ ਭੋਜਨ ਛਕਦੇ ਸਨ। ਇਥੋਂ ਤਕ ਕਿ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਵੀ ਉਸੇ ਹੀ ਪੰਗਤ ਵਿਚ ਬੈਠਿਆ ਜਿਥੇ ਅਮੀਰ-ਗ਼ਰੀਬ ਬਿਨਾਂ ਵਿਤਕਰੇ ਬੈਠਦੇ ਸਨ। ਇਹ ਰਾਜੇ-ਰੰਕ ਨੂੰ ਇੱਕੋ ਪੰਗਤ ਵਿਚ ਬਿਠਾਉਣ ਵਾਲਾ ਸਿੱਖ ਧਰਮ ਹੀ ਹੈ ਜੋ ਮਨੁੱਖੀ ਬਰਾਬਰਤਾ, ਸਮਾਨਤਾ ਅਤੇ ਸਾਂਝੀਵਾਲਤਾ ਦਾ ਪੱਥ-ਪ੍ਰਦਰਸ਼ਕ ਹੈ। ਪੰਗਤ ਦਾ ਮਤਲਬ ਹੀ ਬਿਨਾਂ ਕਿਸੇ ਭੇਦ-ਭਾਵ ਅਤੇ ਵਿਤਕਰੇ ਦੇ ਕਤਾਰ ਵਿਚ ਸਭ ਨਾਲ ਇਕੱਠੇ ਬੈਠ ਕੇ ਗੁਰੂ ਕੇ ਲੰਗਰ ਵਿਚ ਪਰਸ਼ਾਦਾ ਛਕਣਾ ਹੈ।
‘ਲੰਗਰ’ ਸ਼ਬਦ ਸੰਸਕ੍ਰਿਤ ਧਾਤੂ ‘ਲਗ’ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਨੇੜੇ ਹੋਣਾ। ਇਸ ਤੋਂ ਇਲਾਵਾ ਇਸ ਦੇ ਅਰਥ ਹਨ ਪਾਕਸ਼ਾਲਾ, ਰਸੋਈ ਜਾਂ ਉਹ ਜਗ੍ਹਾ ਜਿੱਥੇ ਅਨਾਥਾਂ, ਗ਼ਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਮਿਲੇ। ‘ਲੰਗਰ’ ਲੋਹੇ ਦੇ ਇਕ ਵਜ਼ਨਦਾਰ ਕੁੰਡੇ ਦਾ ਨਾਮ ਵੀ ਹੈ ਜਿਸ ਨੂੰ ਪਾਣੀ ਵਿਚ ਸੁੱਟ ਕੇ ਜਹਾਜ਼ ਨੂੰ ਠਹਿਰਾਇਆ ਜਾਂਦਾ ਹੈ। ਜਿਵੇਂ ਕੁੰਡਾ ਪਾ ਕੇ ਸਮੁੰਦਰ ਵਿਚ ਤੁਰਦੇ ਜਹਾਜ਼ ਨੂੰ ਰੋਕਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਵਿਚ ਸਰੀਰ ਰੂਪੀ ਜਹਾਜ਼ ਨੂੰ ਚਲਾਉਂਦੇ ਸਮੇਂ ਸਿਮਰਨ ਦਾ ਲੰਗਰ ਪਾ ਕੇ ਰੱਖਣਾ ਹੈ ਅਤੇ ਉਦਰ ਪੂਰਤੀ ਦੇ ਨਾਲ-ਨਾਲ ਇਸ ਨੂੰ ਸਹੀ ਦਿਸ਼ਾ ਵਿਚ ਲਿਜਾਣਾ ਹੈ। ਇਸ ਪ੍ਰਕਾਰ ਲੰਗਰ ਦਾ ਸੰਬੰਧ ਲੋਹੇ ਨਾਲ ਹੈ। ਇਸੇ ਕਰਕੇ ਹੀ ਲੰਗਰ ਦੇ ਸੰਬੰਧ ਵਿਚ ਸ਼ਬਦ ‘ਲੋਹ-ਲੰਗਰ’ ਆਮ ਪ੍ਰਚੱਲਤ ਹੋ ਗਿਆ।
ਸਿੱਖ ਜਗਤ ਅੰਦਰ ਲੰਗਰ ਦੀ ਅਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੇ ਸੰਸਾਰ ਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਸਿਧਾਂਤ ਦ੍ਰਿੜ੍ਹ ਕਰਵਾਇਆ। ਖਰੇ ਸੌਦੇ ਦੇ ਸਬੰਧ ਵਿਚ ਪਿਤਾ ਕਲਿਆਣ ਚੰਦ ਜੀ ਵੱਲੋਂ ਮਿਲੇ ਵੀਹ ਰੁਪਏ ਲੋੜਵੰਦ ਸਾਧੂਆਂ ਨੂੰ ਭੋਜਨ ਛਕਾਉਣ ਹਿਤ ਖਰਚ ਕਰਨੇ ਹੀ ਲੰਗਰ ਦੀ ਅਰੰਭਤਾ ਸੀ ਅਤੇ ਅੱਜ ਵੀ ਉਹ ਵੀਹ ਰੁਪਏ ਹੀ ਅਤੁੱਟ ਲੰਗਰ ਦੇ ਖ਼ਜ਼ਾਨੇ ਬਣੇ ਹੋਏ ਹਨ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਮੇਂ ਲੰਗਰ ਦੀ ਐਸੀ ਪ੍ਰਭੁਤਾ ਸੀ ਕਿ ਉਨ੍ਹਾਂ ਦੀ ਧਰਮ ਸੁਪਤਨੀ ਮਾਤਾ ਖੀਵੀ ਜੀ ਦੁੱਧ ਦੀ ਬਣੀ ਖੀਰ ਵਿਚ ਸ਼ੁੱਧ ਦੇਸੀ ਘਿਉ ਵਰਤਾਇਆ ਕਰਦੇ ਸਨ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਦੇ ਸਨ। ਮਾਤਾ ਖੀਵੀ ਜੀ ਦੇ ਇਸ ਯੋਗਦਾਨ ਦਾ ਜ਼ਿਕਰ ਗੁਰਬਾਣੀ ਅੰਦਰ ਭਾਈ ਸਤਾ ਜੀ ਤੇ ਰਾਇ ਬਲਵੰਡ ਜੀ ਦੁਆਰਾ ‘ਰਾਮਕਲੀ ਕੀ ਵਾਰ’ ਅੰਦਰ ਕੀਤਾ ਗਿਆ ਮਿਲਦਾ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਵੀ ਇਕ ਵਾਰ ਗੁਰ-ਸ਼ਬਦ ਦੇ ਲੰਗਰ ਦੇ ਅਰਥਾਂ ਵਿਚ ‘ਲੰਗਰ’ ਪਦ ਦੀ ਵਰਤੋਂ ਹੋਈ ਹੈ:
ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ। (ਵਾਰ 2:20)
ਸਾਈਂ ਬੁੱਲ੍ਹੇ ਸ਼ਾਹ ਜੀ ਨੇ ਗੁਰੂ-ਘਰ ਅਤੇ ਗੁਰੂ-ਘਰ ਦੇ ‘ਲੰਗਰ’ ਦੀ ਮਹਾਨਤਾ ਨੂੰ ਇੰਞ ਵਡਿਆਇਆ ਹੈ:
ਇੱਟ ਖੜੱਕੇ, ਦੁੱਕੜ ਵੱਜੇ, ਨਾਲੇ ਤਪੇ ਚੁੱਲ੍ਹਾ।
ਇਹਨੀਂ ਗੱਲੀਂ ਰੱਬ ਵੀ ਰਾਜ਼ੀ, ਨਾਲੇ ਰਾਜ਼ੀ ਬੁੱਲ੍ਹਾ।
ਇੱਟ ਖੜੱਕੇ ਤੋਂ ਭਾਵ ਹੈ ਉਸਾਰੀ-ਨਿਰਮਾਣ, ਦੁੱਕੜ ਵੱਜੇ ਤੋਂ ਭਾਵ ਜੋੜੀ ਵਾਜਾ, ਢੱਡ ਤੇ ਢੋਲਕ ਜੋ ਪ੍ਰਭੂ ਦੀ ਸਿਫ਼ਤ-ਸਲਾਹ ਹਿੱਤ ਵਜਾਏ ਜਾਂਦੇ ਸਨ। ਤਪੇ ਚੁੱਲ੍ਹਾ ਤੋਂ ਭਾਵ ਹੈ ਲੋਹ ’ਤੇ ਲੰਗਰ ਪਕਾ ਕੇ ਸੰਗਤ ਨੂੰ ਛਕਾਉਣਾ। ਗੱਲ ਕੀ, ਇਸ ‘ਨਿਰਮਲ ਪੰਥ’ ਨੂੰ ਪ੍ਰਪੱਕਤਾ ਤੇ ਵਿਕਾਸ ਪ੍ਰਦਾਨ ਕਰਨ ਲਈ ਲੋਹ-ਲੰਗਰ ਦੀ ਜ਼ਿੰਮੇਵਾਰੀ ਸਾਰੇ ਗੁਰੂ ਸਾਹਿਬਾਨ ਨੇ ਬਾਖ਼ੂਬੀ ਨਿਭਾਈ। ਇਥੋਂ ਤਕ ਕਿ ਇਕ ਵਾਰ ਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਭੇਸ ਬਦਲ ਕੇ ਸਾਰੇ ਲੰਗਰਾਂ ਵਿਚ ਗਏ ਅਤੇ ਲੰਗਰ ਵਿਚ ਪਾਈਆਂ ਗਈਆਂ ਤਰੁੱਟੀਆਂ ਫੌਰਨ ਦੂਰ ਕੀਤੀਆਂ।
ਖ਼ੈਰ ਕੁਝ ਵੀ ਹੋਵੇ ‘ਲੰਗਰ’ ਮਨੁੱਖ ਅੰਦਰ ਨਿਰਭਉ ਅਤੇ ਨਿਰਵੈਰ ਹੋ ਕੇ ਜਿਉਣ ਦੀ ਚੇਤਨਾ ਜਗਾਉਣ ਅਤੇ ਜਾਤੀ-ਪ੍ਰਥਾ ਦੇ ਵਿਵੇਕ ਨੂੰ ਲੋਕ-ਸੂਝ ਦੇ ਆਧਾਰ ’ਤੇ ਰੱਦ ਕਰਨ ਦਾ ਇਕ ਉਪਰਾਲਾ ਸੀ। ਲੋਹ-ਲੰਗਰ ਦੇ ਸਬੰਧ ਵਿਚ ਵੇਖਿਆ ਜਾਵੇ ਤਾਂ ਗੁਰੂ ਸਾਹਿਬਾਨ ਨੇ ਜਾਤੀ ਪ੍ਰਥਾ ਹੱਥੋਂ ਸਤਾਏ ਹੋਏ ਦਲਿਤ ਵਰਗਾਂ ਦਾ ਪੱਖ ਪੂਰਿਆ ਅਤੇ ਰੂਹਾਨੀ ਸਾਂਝ ਦੇ ਧਰਾਤਲ ਨੂੰ ਤਲਾਸ਼ ਕਰਨ ਦਾ ਇਕ ਉਪਰਾਲਾ ਕੀਤਾ। ਇਹ ਇਕ ਤਰ੍ਹਾਂ ਦਾ ਸਮਾਜ ਦੇ ਦੱਬੇ-ਕੁਚਲੇ ਅਤੇ ਨਿਤਾਣੇ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਸਮਾਜਵਾਦ ਦੀ ਸਥਾਪਤੀ ਦਾ ਇਕ ਨਮੂਨਾ ਸੀ। ‘ਲੋਹ-ਲੰਗਰ’ ਦੀ ਪ੍ਰਥਾ ਪਿੱਛੇ ਗੁਰੂ ਸਾਹਿਬ ਦੀ ਹੇਠ ਲਿਖੀ ਭਾਵਨਾ ਕੰਮ ਕਰ ਰਹੀ ਸੀ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)
ਜਾਤ-ਪਾਤ, ਛੂਤ-ਛਾਤ, ਸੁੱਚ-ਭਿੱਟ, ਈਰਖਾ, ਦਵੈਤ ਅਤੇ ਨਫ਼ਰਤ ਆਦਿ ਬੁਰਾਈਆਂ ਪਹਿਲਾਂ ਵੀ ਸਨ ਅਤੇ ਗੁਰੂ ਸਾਹਿਬਾਨ ਦੇ ਸਮੇਂ ਇਹ ਬੁਰਾਈਆਂ ਪ੍ਰਬਲ ਰੂਪ ਧਾਰਨ ਕਰ ਚੁੱਕੀਆਂ ਸਨ ਜਿਸ ਦੇ ਸਿੱਟੇ ਵਜੋਂ ਸਮਾਜ ਦੀ ਦਸ਼ਾ ਬਹੁਤ ਹੀ ਦੁਖਦਾਈ ਤੇ ਕਰੁਣਾਮਈ ਬਣ ਚੁੱਕੀ ਸੀ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਿਚ ਵੰਡ ਤੇ ਵਿੱਥ ਭਿਆਨਕ ਰੂਪ ਧਾਰਨ ਕਰ ਗਈ ਸੀ। ਇਸ ਭਿਆਨਕ ਵੰਡ ਦਾ ਜ਼ਿਕਰ ਲਾਲਾ ਦੌਲਤ ਰਾਏ ਜੀ ਨੇ ਆਪਣੀ ਪੁਸਤਕ ‘ਸਾਹਿਬ-ਏ-ਕਮਾਲ ਗੁਰੁ ਗੋਬਿੰਦ ਸਿੰਘ ਜੀ’ ਵਿਚ ਇੰਞ ਕੀਤਾ ਹੈ:
“ਉਸ ਵੇਲੇ ਹਿੰਦੂਆਂ ਦੀ ਸਥਿਤੀ ਇਹ ਸੀ ਕਿ ਇਕ ਟੱਬਰ ਵਿਚ ਹੀ ਦਰਜਨਾਂ ਵੱਖ-ਵੱਖ ਮੱਤ ਸਨ। ਇਕ ਗਣੇਸ਼ ਦਾ ਪੁਜਾਰੀ, ਦੂਜਾ ਸੂਰਜ ਦਾ, ਤੀਜਾ ਸ਼ਿਵ ਦਾ, ਚੌਥਾ ਵਿਸ਼ਨੂੰ, ਪੰਜਵਾਂ ਰਾਮਬੰਸੀ, ਛੇਵਾਂ ਭੈਰੋਂ ਦਾ ਉਪਾਸ਼ਕ, ਸਤਵਾਂ ਹਨੂੰਮਾਨ ਦਾ ਭਗਤ, ਅੱਠਵਾਂ ਕ੍ਰਿਸ਼ਨ ਜੀ ਦੀ ਜਵਾਨੀ ’ਤੇ ਮਸਤ, ਨੌਵਾਂ ਕ੍ਰਿਸ਼ਨ ਜੀ ਦੀ ਬਾਲ ਲੀਲਾ ’ਤੇ ਕੁਰਬਾਨ, ਦਸਵਾਂ ਰਾਮ ਜੀ ਦਾ ਪੁਜਾਰੀ, ਗਿਆਰਵਾਂ ਲਛਮਣ ਜਤੀ ’ਤੇ ਮੋਹਿਤ, ਬਾਰ੍ਹਵਾਂ ਵੇਦਾਂਤੀ ਤੇ ਤੇਰ੍ਹਵਾਂ ਕਰਮਕਾਂਡੀ ਤੇ ਸੰਨਿਆਸੀ ਆਦਿ… ਇਨ੍ਹਾਂ ਕਾਰਨਾਂ ਕਰਕੇ ਹਿੰਦੂਆਂ ਦੀ ਸਮਾਜਿਕ ਸਾਂਝ ਉੱਕਾ ਹੀ ਸਮਾਪਤ ਹੋ ਚੁੱਕੀ ਸੀ।”
ਅਜਿਹੀ ਹਾਲਤ ਵਿਚ ਗੁਰੂ ਸਾਹਿਬਾਨ ਦਾ ਮੁੱਖ ਉਦੇਸ਼ ਜਾਤੀ-ਪ੍ਰਥਾ, ਕਰਮਕਾਂਡ ਅਤੇ ਅਡੰਬਰ-ਯੁਕਤ ਸਾਧਨਾਂ ਨੂੰ ਰੱਦ ਕਰ ਕੇ ਇਕ ਅਜਿਹੇ ਸਾਬਤ-ਸੂਰਤ ਮਨੁੱਖ ਦੀ ਘਾੜਤ ਘੜਨਾ ਸੀ ਜੋ ਰੂਹਾਨੀ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਇਕ ਨਿਵੇਕਲੀ ਥਾਂ ਰੱਖਦਾ ਹੋਵੇ ਅਤੇ ਸਵੈਮਾਣ, ਸਵੈ-ਅਣਖ ਨੂੰ ਕਾਇਮ ਰੱਖਦਿਆਂ ਰੂਹਾਨੀ ਪ੍ਰੇਮ ਦਾ ਸੁਨੇਹਾ ਸਾਰੀ ਮਨੁੱਖਤਾ ਤਕ ਪਹੁੰਚਾਉਣ ਦੇ ਯੋਗ ਹੋਵੇ। ਅਜਿਹੇ ਘਾਲਮਈ ਜੀਵਨ ਲਈ ਗੁਰਮਤਿ ਸਿਧਾਂਤ, ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਨੂੰ ਦਰਸਾਉਂਦਿਆਂ ਸੰਗਤ ਅਤੇ ਪੰਗਤ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ।
ਗੁਰੂ ਸਾਹਿਬਾਨ ਮੁਤਾਬਕ ਮਨੁੱਖ ਵਿਚਕਾਰ ਸਿਰਜੀ ਗਈ ਵਿੱਥ ਮਸਨੂਈ ਤੇ ਤਰਕ-ਵਿਹੂਣੀ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਮਨੁੱਖੀ ਸਮਾਜ ਨੂੰ ਕੁਲ ਅਤੇ ਜਾਤੀ ਦੇ ਆਧਾਰਾਂ ਅਨੁਸਾਰ ਵੰਡਣ ਵਾਲੀ ਮਿੱਥ ਨੂੰ ਤੋੜਿਆ। ਅਨੰਦਪੁਰ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਦ ਪਹਾੜੀ ਰਾਜੇ ਮਿਲਣ ਆਏ ਸਨ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਵੱਖਰਾ ਅੰਮ੍ਰਿਤ ਅਤੇ ਲੰਗਰ ਛਕਾਉਣ ਦੀ ਬੇਨਤੀ ਕੀਤੀ ਸੀ ਜੋ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਸੀ ਕੀਤੀ ਜਿਸ ਕਾਰਨ ਪਹਾੜੀ ਰਾਜੇ ਨਰਾਜ਼ ਹੋਏ ਸਨ। ਗੁਰੂ ਸਾਹਿਬ ਨੇ ਆਰਥਿਕ ਦ੍ਰਿਸ਼ਟੀ ਤੋਂ ਦੱਬੇ-ਕੁਚਲੇ ਲੋਕਾਂ ਅਤੇ ਸਮਾਜਿਕ ਅਨਿਆਂ ਭੋਗਦੇ ਦਲਿਤ ਵਰਗਾਂ ਦੇ ਹੱਕ ਵਿਚ ਬੋਲਦਿਆਂ ਕਿਹਾ ਸੀ:
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੇ ਗਰੀਬ ਕਰੋਰ ਪਰੇ।
ਲੰਗਰ ਉਹ ਜੋ ਕਿਰਤੀ ਦਾ ਹੋਵੇ। ਲੰਗਰ ਅਤੇ ਕਿਰਤ ਵਿਚ ਅੰਤਰ-ਅਨੁਸ਼ਾਸਨੀ ਸੰਬੰਧ ਹੈ। ਗੁਰਮਤਿ ਦ੍ਰਿਸ਼ਟੀ ਮੁਤਾਬਿਕ ਕਿਰਤ-ਵਿਹੂਣੇ ਲੰਗਰ ਵਿੱਚੋਂ ਨਾ ਤਾਂ ਰੂਹਾਨੀ ਅਨੰਦ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਇਸ ਦੀ ਸਾਰਥਿਕਤਾ ਰਹਿੰਦੀ ਹੈ। ਕਿਰਤ ਇਕ ਰੱਬੀ ਤੇ ਦੈਵੀ ਗੁਣ ਹੈ। ਲੰਗਰ ਲਈ ਸੱਚੀ-ਸੁੱਚੀ ਕਿਰਤ ਨਾਲ ਜੁੜਨਾ ਜ਼ਰੂਰੀ ਹੈ। ਇਉਂ ਕਹਿ ਲਈਏ ਕਿ ਲੰਗਰ ਕਿਰਤ-ਸੱਭਿਆਚਾਰ ਨੂੰ ਵਧਾਵਾ ਦੇਣ ਦਾ ਇਕ ਸਾਧਨ ਵੀ ਹੈ ਜਿਸ ਨਾਲ ਮਨੁੱਖੀ ਹਿਰਦੇ ਵਿਚ ਨਿਰਭਉ, ਨਿਰਵੈਰ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ’ ਅਤੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ’ ਆਦਿ ਭਾਵਾਂ ਦਾ ਸੰਚਾਰ ਹੁੰਦਾ ਹੈ। ਇਹ ਇਕ ਰੂਹਾਨੀ ਮਾਡਲ ਹੈ ਜੋ ਮੂਲ ਮੰਤਰ ਵਿਚ ਨਿਹਿਤ ਹੈ। ਗੁਰੂ ਸਾਹਿਬਾਨ ਮੁਤਾਬਿਕ ਕਿਰਤ ਵੀ ਤਾਂ ਹੀ ਥਾਂਏਂ ਪੈਂਦੀ ਹੈ ਜੇ ਗੁਰੂ-ਘਰ ਦੇ ਲੰਗਰ ਹਿੱਤ ਦਸਵੰਧ ਕੱਢਿਆ ਜਾਵੇ। ਫ਼ਰਮਾਨ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਬ੍ਰਹਮ-ਭੋਜ ਤਾਂ ਮਲਕ ਭਾਗੋ ਨੇ ਵੀ ਲਾਇਆ ਸੀ ਪਰ ਗੁਰੂ ਸਾਹਿਬ ਨੇ (ਸ੍ਰੀ ਗੁਰੂ ਨਾਨਕ ਦੇਵ ਜੀ ਨੇ) ਭਾਈ ਲਾਲੋ ਜੀ ਦੇ ਰੁੱਖੇ-ਮਿੱਸੇ ਪਰਸ਼ਾਦੇ ਨੂੰ ਹੀ ਤਰਜੀਹ ਦਿੱਤੀ ਸੀ, ਉਹ ਇਕ ਅਹਿਲਕਾਰ (ਮਲਕ ਭਾਗੋ) ਦਾ ਬ੍ਰਹਮ-ਭੋਜ ਸੀ ਜੋ ਕਿਰਤ-ਵਿਹੂਣਾ ਹੀ ਨਹੀਂ ਸੀ ਸਗੋਂ ਕਿਰਤ ਦੀ ਲੁੱਟ ਦਾ ਨਤੀਜਾ ਵੀ ਸੀ। ਮਲਕ ਭਾਗੋ ਦੇ ਤਰ੍ਹਾਂ-ਤਰ੍ਹਾਂ ਦੇ ਵਧੀਆ ਪਕਵਾਨ ਲੰਗਰ ਨਹੀਂ ਸਨ ਬਲਕਿ ਭਾਈ ਲਾਲੋ ਜੀ ਦਾ ਪਰਸ਼ਾਦਾ ਹੀ ਇਕ ਕਿਰਤੀ ਦੀ, ਦਸਾਂ ਨਹੁੰਆਂ ਦੀ ਕਿਰਤ-ਕਮਾਈ ਦਾ ਲੰਗਰ ਸੀ।
ਅੱਜ ਸਿੱਖ ਧਰਮ ਵਿਚ ਲੰਗਰ ਪ੍ਰਥਾ ਇਕ ਖਾਸ, ਵਿਲੱਖਣ, ਨਿਰਾਲੀ ਤੇ ਅਦੁੱਤੀ ਹੋਂਦ ਰੱਖਦੀ ਹੈ। ਇਸ ਸੰਸਥਾ ਨੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਉਭਾਰਿਆ ਹੈ। ਲੰਗਰ ਪ੍ਰਥਾ ਕਰਕੇ ਹੀ ਸੰਗਤ ਤੇ ਪੰਗਤ ਦਾ ਸਿਧਾਂਤ ਪ੍ਰਪੱਕ ਹੋਇਆ ਹੈ। ਇਸ ਲਈ ਆਓ, ਲੰਗਰ ਦੀ ਸਾਰਥਿਕਤਾ ਨੂੰ ਸਮਝਦੇ ਹੋਏ ਸਾਂਝੀ ਪੰਗਤ ਵਿਚ ਬੈਠ ਕੇ ਗੁਰੂ ਕੇ ਲੰਗਰ ਦੀ ਮਹਾਨਤਾ ਨੂੰ ਸਮਝਣ ਦਾ ਯਤਨ ਕਰੀਏ।
ਲੇਖਕ ਬਾਰੇ
ਪਿੰਡ ਤਾਰਾਗੜ੍ਹ, ਡਾਕ: ਧਰਮਕੋਟ ਬੱਗਾ, ਤਹਿ: ਬਟਾਲਾ (ਗੁਰਦਾਸਪੁਰ)
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/July 1, 2007
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/March 1, 2008
- ਸ. ਬਲਵਿੰਦਰ ਸਿੰਘ ਗੰਭੀਰhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%ad%e0%a9%80%e0%a8%b0-2/May 1, 2008