editor@sikharchives.org

ਮਾਦਾ ਭਰੂਣ ਹੱਤਿਆ ਅਤੇ ਗੁਰਮਤਿ ਮਾਰਗ

ਜੇਕਰ ਮਾਦਾ ਭਰੂਣ ਹੱਤਿਆ ਦੀ ਗੱਲ ਕਰੀਏ ਤਾਂ ਇਸ ਵਿਚ ਇਸਤਰੀ ਵੀ ਇਸਤਰੀ ਦੀ ਵੱਡੀ ਦੁਸ਼ਮਣ ਦਿਖਾਈ ਦਿੰਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅਕਾਲ ਪੁਰਖ ਨੇ ਪ੍ਰਾਰੰਭਕ ਕਾਲ ਤੋਂ ਹੀ, ਸਮੁੱਚੀ ਪ੍ਰਕਿਰਤੀ ਵਿਚ ਨਰ-ਮਾਦਾ ਅਰਥਾਤ ਮਰਦ-ਇਸਤਰੀ ਦਾ ਅਨਿੱਖੜ ਰਿਸ਼ਤਾ ਸਥਾਪਤ ਕੀਤਾ ਹੈ, ਜਿਸ ਤੋਂ ਬਿਨਾਂ ਸ੍ਰਿਸ਼ਟੀ ਦੀ ਹੋਂਦ ਹੀ ਨਹੀਂ ਹੋ ਸਕਦੀ। ਰੱਬੀ-ਦ੍ਰਿਸ਼ਟੀ ਵਿਚ ਨਰ-ਮਾਦਾ ਨੂੰ ਬਰਾਬਰਤਾ ਦਿੱਤੀ ਗਈ ਹੈ, ਭਾਵੇਂ ਉਨ੍ਹਾਂ ਦੇ ਕਾਰਜ-ਪ੍ਰਕਾਰਜਾਂ ਵਿਚ ਕੁਝ ਵਿਭਿੰਨਤਾ ਜ਼ਰੂਰ ਹੈ। ਪ੍ਰਾਚੀਨ ਕਾਲ ਤੋਂ ਵਿਸ਼ਵ-ਪੱਧਰ ’ਤੇ ਮਰਦ ਕੋਲ ਸਾਰੀਆਂ ਆਰਥਿਕ ਸ਼ਕਤੀਆਂ ਸਨ, ਜਿਸ ਦੇ ਫਲਸਰੂਪ ਸਰਕਾਰੀ ਉੱਚੇ ਅਹੁਦੇ, ਸਮਾਜਿਕ-ਧਾਰਮਿਕ ਉੱਚਤਾ ਅਤੇ ਨੌਕਰੀਆਂ ’ਤੇ ਕੇਵਲ ਮਰਦ ਹੀ ਪ੍ਰਧਾਨ ਰਿਹਾ ਹੈ। ਆਪਣੀਆਂ ਸਭ ਕਮਜ਼ੋਰੀਆਂ ਨੂੰ ਛੁਪਾਉਣ ਲਈ ਉਹ ਦੋਸ਼ ਇਸਤਰੀ ਦੇ ਸਿਰ ਹੀ ਦਿੰਦਾ ਰਿਹਾ ਹੈ। ਜਿਸ ਕਰਕੇ ਇਸਤਰੀ ਨੂੰ ਸਦਾ ਘਿਰਣਾ ਦੀ ਦ੍ਰਿਸ਼ਟੀ ਨਾਲ ਹੀ ਵੇਖਿਆ ਜਾਂਦਾ ਰਿਹਾ ਹੈ। ਗ੍ਰਿਹਸਤ ਧਰਮ ਤੋਂ ਭਗੌੜੇ ਇਸਤਰੀ ਦੀ ਨਿੰਦਾ ਕਰਨ ਵਿਚ ਹੀ ਰੁੱਝੇ ਰਹੇ। ਉਨ੍ਹਾਂ ਦੀ ਨਿਰਪੱਖ ਨਿਗਾਹ ਕਦੇ ਵੀ ਇਸਤਰੀ ਪ੍ਰਤੀ ਨਹੀਂ ਰਹੀ ਅਤੇ ਉਹ ਸਦਾ ਹੀ ਇਸ ਦੀਆਂ ਊਣਤਾਈਆਂ ਹੀ ਵੇਖਦੇ ਰਹੇ। ਕਿਸੇ ਨੂੰ ਇਹ ਚੇਤਾ ਹੀ ਨਾ ਆਇਆ ਕਿ ਇਸਤਰੀ ਸਾਡੀ ਜਨਮਦਾਤੀ ਹੈ, ਮਾਂ ਹੈ। ਜੇਕਰ ਮਾਂ ਵਿਚ ਸਾਰੇ ਔਗੁਣ ਹਨ ਤਾਂ ਔਲਾਦ ਗੁਣਵੰਤੀ ਕਿਵੇਂ ਹੋ ਸਕਦੀ ਹੈ?

ਭਾਰਤੀ ਸਮਾਜਿਕ-ਧਾਰਮਿਕ-ਰਾਜਨੀਤਿਕ ਅਦਾਰਿਆਂ ਵਿਚ ਮਰਦ ਵਰਗ ਦੀ ਹੀ ਚੜ੍ਹਤ ਰਹੀ। ਉਸ ਨੇ ਅੰਨ੍ਹੀ ਪਰਜਾ ਉੱਤੇ, ਅੰਨ੍ਹੇ ਤੇ ਆਪਹੁੱਦਰੇ ਕਾਨੂੰਨ ਬਣਾਏ ਹੋਏ ਸਨ। ਇੱਥੋਂ ਤਕ ਕਿ ਇਸਤਰੀ ਨੂੰ ਪਤੀ-ਸੇਵਾ, ਗ੍ਰਿਹਸਤੀ ਜੀਵਨ, ਕੰਮ-ਧੰਦਾ ਹੀ ਇਸ ਦਾ ਧਰਮ-ਕਰਮ ਦੱਸਿਆ ਹੈ। ਇੱਥੋਂ ਤਕ ਲਿਖਿਆ ਮਿਲਦਾ ਹੈ ਕਿ ਜੇ ਕਿਸੇ ਇਸਤਰੀ ਦਾ ਪਤੀ ਮਰ ਜਾਵੇ ਤਾਂ ਉਹ ਉਸ ਨਾਲ ਹੀ ਸਤੀ ਹੋ ਜਾਵੇ। ਸਤੀ ਹੋਣ ਵਾਲੀ ਇਸਤਰੀ ਦੇ ਜਿੰਨੇ ਕੁ ਸਰੀਰ ਉੱਤੇ ਰੋਮ ਹਨ ਅਰਥਾਤ ਸਾਢੇ ਤਿੰਨ ਕਰੋੜ ਸਾਲਾਂ ਦਾ ਸਵਰਗ ਵਿਚ ਰਹਿਣ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜੈਨੀ ਆਚਾਰੀਆ ਹੇਮ ਚੰਦਰ ਇਸਤਰੀ ਨੂੰ ਨਰਕਾਂ ਦੇ ਰਾਹ ਦਾ ਦੀਵਾ, ਗ਼ਮਾਂ ਦਾ ਸਿਖ਼ਰ ਅਤੇ ਦੁੱਖਾਂ ਦੀ ਖਾਣ ਮੰਨਦਾ ਹੈ। ਭਗਤ ਛੱਜੂ ਦੇ ਸ਼ਬਦਾਂ ਵਿਚ, ਕਾਗਜ਼ ਦੀ ਬਣੀ ਹੋਈ ਖਿਡੌਣਾ ਇਸਤਰੀ ਵੀ ਉਚਿਤ ਨਹੀਂ:

ਕਾਗਜ ਸੰਦੀ ਪੂਤਲੀ ਤਊ ਨ ਤ੍ਰਿਆ ਨਿਹਾਰ।
ਯਹੀਂ ਮਾਰ ਲਿਜਾਵਹੀ ਯਥਾ ਬਲੋਚਨ ਧਾੜ।

ਇਥੋਂ ਤਕ ਕਿ ਕਵੀ ਤੁਲਸੀ ਦਾਸ ਨੇ ਇਸਤਰੀ ਨੂੰ ਪਸ਼ੂ, ਸ਼ੂਦਰ, ਢੋਲ, ਗਵਾਰ ਆਦਿ ਨਾਲ ਤੁਲਨਾ ਦੇ ਕੇ ਇਨ੍ਹਾਂ ਨੂੰ ਸਦਾ ਹੀ ਝਿੜਕਦੇ-ਝੰਬਦੇ (ਤਾੜਨਾ ਕਰਦੇ) ਰਹਿਣ ਲਈ ਕਿਹਾ ਹੈ:

ਢੋਲ ਗਵਾਰ ਸੂਦਰ ਪਸੂ ਨਾਰੀ।
ਸਾਕਲ ਤਾੜਨ ਕੇ ਅਧਿਕਾਰੀ।

ਸਾਮੀ ਧਰਮ ਵਿਚ ਕਿਹਾ ਗਿਆ ਹੈ ਕਿ ਰੱਬ ਨੇ ਸ੍ਰਿਸ਼ਟੀ-ਸਿਰਜਣਾ ਵੇਲੇ ਪਹਿਲਾਂ ਮਰਦ ਬਣਾਇਆ ਅਤੇ ਫਿਰ ਉਸ ਦੇ ਸੁੱਤੇ ਪਏ ਦੀ ਪਸਲੀ ਕੱਢ ਕੇ ਤੀਵੀਂ (ਹਵਾ) ਬਣਾ ਦਿੱਤੀ। ਪ੍ਰਾਚੀਨ ਯੂਨਾਨੀ ਵਿਦਵਾਨਾਂ ਨੇ ਇਸਤਰੀ ਨੂੰ ਸਭ ਬਦੀਆਂ ਦੀ ਜੜ੍ਹ ਤਕ ਕਿਹਾ ਹੈ।

ਵਰਤਮਾਨ ਵਿਗਿਆਨਕ ਯੁੱਗ ਵਿਚ ਨਵੀਨ ਖੋਜਾਂ ਦੁਆਰਾ ਮਨੁੱਖੀ ਸਹੂਲਤ ਲਈ ਨਵੇਂ-ਨਵੇਂ ਰਸਤੇ ਅਪਣਾ ਲਏ ਗਏ ਹਨ। ਇਸ ਯੁੱਗ ਵਿਚ ਮਰਦ ਦੇ ਮੁਕਾਬਲਤਨ ਇਸਤਰੀ ਵੀ ਬਰਾਬਰ ਵਿਕਾਸ ਦੀ ਭਾਈਵਾਲ ਹੈ। ਕਿਹੜਾ ਖੇਤਰ ਹੈ ਜਿੱਥੇ ਮਰਦ ਪਹੁੰਚਿਆ ਹੋਵੇ ਅਤੇ ਇਸਤਰੀ ਉੱਥੇ ਨਾ ਅੱਪੜੀ ਹੋਈ ਹੋਵੇ? ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਨੌਕਰੀਆਂ, ਪੁਲਾੜ ਵਿਗਿਆਨੀ ਖੋਜਾਂ, ਜਲ ਸੈਨਾ, ਥਲ ਸੈਨਾ, ਹਵਾਈ ਫੌਜ ਤੋਂ ਇਲਾਵਾ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਸਭਿਆਚਾਰਕ ਆਦਿ ਕਿਸੇ ਵੀ ਖੇਤਰ ਵਿਚ ਇਸਤਰੀ ਮਰਦ ਤੋਂ ਪਿੱਛੇ ਨਹੀਂ ਰਹੀ। ਇਸ ਯੁੱਗ ਵਿਚ ਇਸਤਰੀ ਦੀ ਭਾਵੇਂ ਪਰੰਪਰਾਗਤ ਤ੍ਰਿਸਕਾਰੀ ਤਾਂ ਨਹੀਂ ਰਹੀ ਪਰ ਮਰਦ ਦੇ ਬਰਾਬਰ ਦੀ ਉਹ ਜ਼ਰੂਰ ਭਾਈਵਾਲ ਹੈ, ਮਾਦਾ ਭਰੂਣ ਹੱਤਿਆ ਦੇ ਜੁਰਮ ਵਿਚ। ਆਧੁਨਿਕ ਯੁੱਗ ਵਿਚ ਅਲਟਰਾ ਸਾਊਂਡ ਸਕੈਨ ਰਾਹੀਂ ਲੜਕੀ ਦਾ ਗਰਭ ਵਿਚ ਪਤਾ ਲਗਾ ਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਦੀ ਧੀ-ਮਾਰ ਪਰਵਿਰਤੀ ਕਾਰਨ, ਮਰਦ-ਇਸਤਰੀ ਦਾ ਅਨੁਪਾਤ 1000 ਪਿੱਛੇ 800 ਤਕ ਆਣ ਪਹੁੰਚਿਆ ਹੈ। ਜੇਕਰ ਮਾਦਾ ਭਰੂਣ ਹੱਤਿਆ ਦੀ ਚਾਲ ਇਸੇ ਪ੍ਰਕਾਰ ਰਹੀ ਤਾਂ ਹਿੰਦੁਸਤਾਨ ਵਿਚ ਇਸਤਰੀਆਂ ਦਾ ਕਾਲ ਪੈ ਜਾਵੇਗਾ ਅਤੇ ਹੋਰ ਕਈ ਸਮੱਸਿਆਵਾਂ ਪੈਦਾ ਹੋਣ ਦਾ ਡਰ ਹੈ। ਵਰਤਮਾਨ ਮਨੁੱਖ ਕੁਦਰਤ ਨਾਲ ਟੱਕਰ ਲੈ ਰਿਹਾ ਹੈ ਜੋ ਮਨੁੱਖੀ ਵਿਨਾਸ਼ ਦਾ ਕਾਰਨ ਬਣਦੀ ਜਾ ਰਹੀ ਹੈ। ਮਨੁੱਖ ਦੀ ਇਸ ਕਮੀਨੀ ਸੋਚ ਦੇ ਭਿਆਨਕ ਸਿੱਟੇ ਨਿਕਲਣਗੇ।

ਜੇਕਰ ਮਾਦਾ ਭਰੂਣ ਹੱਤਿਆ ਦੀ ਗੱਲ ਕਰੀਏ ਤਾਂ ਇਸ ਵਿਚ ਇਸਤਰੀ ਵੀ ਇਸਤਰੀ ਦੀ ਵੱਡੀ ਦੁਸ਼ਮਣ ਦਿਖਾਈ ਦਿੰਦੀ ਹੈ। ਦਾਦੀ ਜਾਂ ਮਾਂ ਦੇ ਹਿਰਦੇ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਵਧੇਰੇ ਪ੍ਰਚੰਡ ਹੁੰਦੀ ਹੈ ਭਾਵੇਂ ਕਿ ਇਸ ਪਿੱਛੇ ਕਈ ਸਮਾਜਿਕ ਸਭਿਆਚਾਰਕ ਕਾਰਨ ਵੀ ਅਸਰ ਪਾਉਂਦੇ ਹਨ। ਸਮਾਜਿਕ ਦ੍ਰਿਸ਼ਟੀਕੋਣ ਤੋਂ ਅਸੀਂ ਲੜਕੇ ਨੂੰ ਵਧੇਰੇ ਸਨਮਾਨ ਦਿੰਦੇ ਹਾਂ। ਜਿਵੇਂ ਲੜਕੇ ਨੂੰ ਸੁਹਣਾ, ਹੀਰਾ, ਲਾਲ, ਰਾਜਾ, ਚੰਨ-ਪੁੱਤ ਆਦਿ ਵਿਸ਼ੇਸ਼ਣਾਂ ਨਾਲ ਉੱਤਮ ਵਸਤੂ ਕਹਿ ਕੇ ਸਤਿਕਾਰਿਆ ਜਾਂਦਾ ਹੈ। ਲੜਕੇ ਦੇ ਪੈਦਾ ਹੋਣ ’ਤੇ ਲੱਡੂ ਵੰਡੇ ਜਾਂਦੇ ਹਨ, ਭੰਗੜੇ ਪਾਏ ਜਾਂਦੇ ਹਨ, ਖੁਸਰੇ ਨੱਚਦੇ ਹਨ, ਲੋਹੜੀ ਵੰਡੀ ਜਾਂਦੀ ਹੈ, ਧਾਰਮਿਕ-ਸਮਾਜਿਕ ਰੀਤੀਆਂ-ਰਸਮਾਂ ਦੁਆਰਾ ਧਮਾਣ ਕੀਤੇ ਜਾਂਦੇ ਹਨ, ਪਰ ਲੜਕੀ ਪੈਦਾ ਹੋਣ ’ਤੇ ਇਹ ਸਭ ਆਮ ਤੌਰ ’ਤੇ ਗਾਇਬ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਸਮਾਜਿਕ ਪਰਵਿਰਤੀ ਆਮ ਹੈ ਕਿ ਲੜਕੇ ਨਾਲ ਖਾਨਦਾਨ ਦਾ ਨਾਮ ਅੱਗੇ ਤੁਰਦਾ ਹੈ। ਲੜਕੀ ਨੇ ਤਾਂ ਵਿਆਹ ਤੋਂ ਬਾਅਦ ਬੇਗਾਨੀ ਬਣ ਜਾਣਾ ਹੈ। ਮਹਿੰਗਾਈ ਅਤੇ ਲਾਲਚੀ ਸਮਾਜ ਵਿਚ ਧੀ ਨੂੰ ਵਿਆਹੁਣਾ ਕੋਈ ਅਸਾਨ ਕੰਮ ਨਹੀਂ ਰਹਿ ਗਿਆ। ਆਧੁਨਿਕ ਵਿੱਦਿਆ ਦੇ ਪ੍ਰਭਾਵ ਦੇ ਨਾਲ ਭਾਵੇਂ ਪੜ੍ਹੇ-ਲਿਖੇ ਵਰਗ ਵਿਚ ਦਾਜ ਨਾ ਲੈਣ ਅਤੇ ਨਾ ਦੇਣ ਦਾ ਰੁਝਾਨ ਵੀ ਪ੍ਰਗਤੀਸ਼ੀਲ ਹੈ ਪਰ ਫਿਰ ਵੀ ਇਸ ਉੱਪਰ ਸਮਾਜਿਕ ਅਮਲ ਦੀ ਕਾਫ਼ੀ ਘਾਟ ਹੈ। ਉਂਞ ਵੇਖਿਆ ਜਾਵੇ ਤਾਂ ਉੱਚ-ਸਿੱਖਿਆ ਪ੍ਰਾਪਤ, ਚੰਗੀ ਸੋਚ ਵਾਲੇ, ਉਸਾਰੂ ਨੌਜਵਾਨ ਵਰਗ, ਗਿਣਨਾਤਮਿਕ ਪੱਖ ਤੋਂ ਵੀ ਆਟੇ ਵਿਚ ਲੂਣ ਦੇ ਸਮਾਨ ਹੀ ਹੈ।

ਸਰਕਾਰ ਵੱਲੋਂ ਮਾਦਾ ਭਰੂਣ ਹੱਤਿਆ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਕੇ ਦੋਸ਼ੀ ਵਿਅਕਤੀ ਨੂੰ ਕੈਦ ਜਾਂ ਜੁਰਮਾਨੇ ਦੀ ਵਿਵਸਥਾ ਕੀਤੀ ਹੋਈ ਹੈ। ਪਰੰਤੂ ਜੇਕਰ ਲੋਕ-ਮਾਨਸਿਕਤਾ ਨੂੰ ਬਦਲਣ ਅਤੇ ਅਜਿਹੀ ਕੁਰੀਤੀ ਵਿਰੁੱਧ ਕ੍ਰਾਂਤੀ ਲਿਆਉਣ ਲਈ ਕੋਈ ਲਹਿਰ ਜਾਂ ਵਿਵਸਥਾ ਸਾਰਥਕ ਰੋਲ ਨਿਭਾ ਸਕਦੀ ਹੈ ਤਾਂ ਉਹ ਕੇਵਲ ਗੁਰਮਤਿ ਸਿੱਖਿਆ ਹੀ ਹੈ। ਗੁਰਮਤਿ ਫ਼ਿਲਾਸਫ਼ੀ ਅਤੇ ਸਿੱਖ ਰਹਿਤ ਮਰਯਾਦਾ ਵਿਚ ਇਸਤਰੀ-ਮਰਦ ਨੂੰ ਬਰਾਬਰ ਦਾ ਸਥਾਨ ਪ੍ਰਾਪਤ ਹੈ ਅਤੇ ਗੁਰਮਤਿ ਹਰ ਪ੍ਰਕਾਰ ਦੀ ਹਿੰਸਾ ਦੇ ਵਿਰੁੱਧ ਹੈ। ਗੁਰਬਾਣੀ ਵਿਚ ਕੰਨਿਆ ਨੂੰ ਮਾਰਨਾ ਮਹਾਂ-ਪਾਪ ਕਿਹਾ ਗਿਆ ਹੈ:

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ॥ (ਪੰਨਾ 1413)

ਗੁਰਮਤਿ ਵਿਚ ਕੁੜੀਮਾਰ ਦਾ ਬਾਈਕਾਟ ਕਰ ਕੇ, ਉਸ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ:

ਕੁੜੀ ਮਾਰ ਆਦਿਕ ਹੈ ਜੇਤੇ।
ਮਨ ਤੇ ਦੂਰ ਤਿਆਗੋ ਤੇਤੇ। (ਰਹਿਤਨਾਮਾ ਭਾਈ ਦੇਸਾ ਸਿੰਘ)

ਕੁੜੀ ਮਾਰ ਨਾਲ ਰੋਟੀ-ਬੇਟੀ ਦਾ ਨਾਤਾ ਨਹੀਂ ਰੱਖਣਾ। (ਰਹਿਤਨਾਮਾ ਭਾਈ ਨੰਦ ਲਾਲ)

ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਹਨ ਕਿ ਹਰ ਮਾਂ ਕੋਲ ਇਕ ਬੇਟੀ ਜ਼ਰੂਰ ਹੋਣੀ ਚਾਹੀਦੀ ਹੈ:

ਸੀਲ ਖਾਨ ਕੰਨਿਆ ਇਕ ਹੋਵੈ, ਨਹੀ ਤੋ ਮਾਂ ਗ੍ਰਹਿਸਤ ਵਿਗੋਵੈ। (ਗੁਰਬਿਲਾਸ ਪਾਤਸ਼ਾਹੀ ਛੇਵੀਂ)

ਮਨੁੱਖੀ ਮਨ ਵਿਚ ਪਰੰਪਰਾਗਤ ਰੂਪ ਵਿਚ ਪ੍ਰਵਾਨਿਤ ਹੋ ਚੁੱਕੀ ਇਸ ਮੰਦੀ ਸੋਚ (ਇਸਤਰੀ ਪ੍ਰਤੀ ਘਿਰਣਾ) ਦੇ ਵਿਰੁੱਧ ਉੱਚੀ ਆਵਾਜ਼ ਨਾਲ ਵਿਸ਼ਵ ਨੂੰ ਸੰਦੇਸ਼ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ਸਨ- ‘ਸ੍ਰੀ ਗੁਰੂ ਨਾਨਕ ਦੇਵ ਜੀ’। ਉਨ੍ਹਾਂ ਨੇ ਸਮਕਾਲੀ ਰਾਜਿਆਂ, ਧਾਰਮਿਕ ਕੱਟੜਪੰਥੀਆਂ, ਜੋਗੀਆਂ, ਮੁਲਾਣਿਆਂ, ਕਾਜ਼ੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸਤਰੀ ਦਾ ਸਨਮਾਨ ਕਰਨ। ਰਾਜਿਆਂ ਦੇ ਮੂੰਹ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਜੀ ਨੇ ਆਖਿਆ, ਆਪਣੀ ਮਾਂ (ਜਨਮਦਾਤੀ) ਨੂੰ ਕਿਉਂ ਮਾਰਦੇ ਹੋ? ਉਸ ਨੂੰ ਬੁਰਾ ਕਿਉਂ ਆਖਦੇ ਹੋ?

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਦਾ ਮਰਦਾਂ ਦੇ ਬਰਾਬਰ ਦਾ ਮਾਣ- ਸਤਿਕਾਰ ਬਹਾਲ ਕੀਤਾ। ਗੁਰਮਤਿ ਪ੍ਰਚਾਰ ਲਈ ਬਾਈ (22) ਮੰਜੀਆਂ (ਪ੍ਰਚਾਰਕਾਂ) ਵਿੱਚੋਂ ਦੋ ਮੰਜੀਆਂ ਇਸਤਰੀ ਪ੍ਰਚਾਰਕਾਂ ਨੂੰ ਬਖਸ਼ੀਆਂ ਗਈਆਂ ਸਨ। ਗੁਰੂ ਸਾਹਿਬ ਨੇ ਇਸਤਰੀਆਂ ਵਿਚ ਘੁੰਡ ਕੱਢਣ ਦੇ ਰਿਵਾਜ ਦਾ ਖ਼ਾਤਮਾ ਕਰਨ ਦਾ ਉਪਦੇਸ਼ ਦਿੱਤਾ। ਵਿਧਵਾ-ਵਿਆਹ ਨੂੰ ਉਤਸ਼ਾਹਿਤ ਕੀਤਾ ਅਤੇ ਸਤੀ ਦੀ ਭੈੜੀ ਰਸਮ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥ (ਪੰਨਾ 787)

ਇਸਤਰੀ ਕਮਜ਼ੋਰੀ ਦਾ ਨਾਮ ਨਹੀਂ ਸਗੋਂ ਇਸਤਰੀ ਤਾਂ ਬਲਵਾਨ ਸ਼ਕਤੀ ਹੈ। ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਇਸਤਰੀ ਨੂੰ ਮੌਕਾ ਮਿਲਿਆ ਹੋਵੇ ਅਤੇ ਉਸ ਨੇ ਕਮਜ਼ੋਰੀ ਵਿਖਾਈ ਹੋਵੇ। ਭੈਣ ਨਾਨਕੀ ਜੀ, ਬੀਬੀ ਸੁਲੱਖਣੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਗੁਜਰੀ ਜੀ ਦੀ ਮਹਾਨਤਾ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ। ਮਾਤਾ ਭਾਗ ਕੌਰ (ਮਾਤਾ ਭਾਗੋ ਜੀ), ਮਹਾਰਾਣੀ ਸਦਾ ਕੌਰ ਆਦਿ ਸਿੱਖ ਇਤਿਹਾਸ ਦੀਆਂ ਮਹਾਨ ਸਿੰਘਣੀਆਂ ਹਨ। ਆਧੁਨਿਕ ਯੁੱਗ ਵਿਚ ਮਦਰ ਟਰੇਸਾ ਨੇ ਮਨੁੱਖਤਾ ਦੀ ਸੇਵਾ ਵਿਚ ਜੋ ਨਾਮ ਕਮਾਇਆ ਹੈ, ਉਹ ਇਕ ਬਹੁਤ ਚੰਗੀ ਮਿਸਾਲ ਹੈ। ਇੰਞ ਹੀ ਕਲਪਨਾ ਚਾਵਲਾ ਨੇ ਇਕ ਪੁਲਾੜ ਵਿਗਿਆਨੀ ਵਜੋਂ ਪੂਰੀ ਦੁਨੀਆਂ ਵਿਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਗੱਲ ਕੀ, ਇਸਤਰੀਆਂ ਨੇ ਹਰ ਖੇਤਰ ਵਿਚ ਪ੍ਰਸੰਸਾਯੋਗ ਪ੍ਰਾਪਤੀਆਂ ਕਰ ਵਿਖਾਈਆਂ ਹਨ।

ਅਜੋਕੇ ਦੌਰ ਵਿਚ ਇਸਤਰੀ ਘਿਰਣਾ ਦੀ ਪਾਤਰ ਨਹੀਂ ਪਰ ਫਿਰ ਵੀ ਪਤਾ ਨਹੀਂ, ਪੜ੍ਹੇ-ਲਿਖੇ ਲੋਕ, ਅੰਧ-ਵਿਸ਼ਵਾਸੀ ਸਾਧੂਆਂ, ਅਖੌਤੀ ਸੰਤਾਂ ਅਤੇ ਸਿਆਣਿਆਂ ਦੇ ਡੇਰਿਆਂ ’ਤੇ ਪੁੱਤਰ-ਪ੍ਰਾਪਤੀ ਲਈ ਕਿਉਂ ਖੱਜਲ-ਖੁਆਰ ਹੋ ਰਹੇ ਹਨ?

ਵਰਤਮਾਨ ਯੁੱਗ ਵਿਚ ਹਰ ਕੋਈ ਇਕ ਦੂਜੇ ਤੋਂ ਵੱਧ ਬੁੱਧੀ ਵਾਲਾ ਹੈ। ਆਉ! ਆਪਾਂ ਸਾਰੇ ਹੋਸ਼ ਕਰੀਏ। ਆਪਣੇ ਪਿਛੋਕੜ ਅਤੇ ਅਮੀਰ ਵਿਰਸੇ ਵੱਲ ਝਾਤੀ ਮਾਰੀਏ। ਇਸਤਰੀ ਜਾਂ ਧੀ ਕੋਈ ਮਾੜੀ ਵਸਤੂ ਨਹੀਂ, ਜੇਕਰ ਧੀਆਂ ਹੀ ਨਹੀਂ ਹੋਣਗੀਆਂ ਤਾਂ ਸੰਸਾਰ ਕਿਵੇਂ ਕਾਇਮ ਰਹਿ ਸਕੇਗਾ? ਕੁੜੀਮਾਰ ਸਮੱਸਿਆ ਅਜੋਕੇ ਵਿਗਿਆਨਕ ਯੁੱਗ ਵਿਚ ਇਕ ਗੰਭੀਰ ਸਮੱਸਿਆ ਬਣ ਗਈ ਹੈ। ਬੇਸ਼ੱਕ ਸਰਕਾਰ ਕੋਲ ਪਹਿਲਾਂ ਹੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵਧ ਰਹੀ ਆਬਾਦੀ, ਭੁਚਾਲ, ਹੜ੍ਹ, ਸੋਕੇ, ਦੁਰਘਟਨਾਵਾਂ ਆਦਿ ਭਿਆਨਕ ਸਮੱਸਿਆਵਾਂ ਖਤਰੇ ਦਾ ਟੱਲ ਬਣ ਕੇ ਖੜ੍ਹੀਆਂ ਹੋਈਆਂ ਹਨ ਪਰ ਇਸ ਵਿਚ ਸਭ ਤੋਂ ਵੱਧ ਖ਼ਤਰਨਾਕ ਸਮੱਸਿਆ, ਮਾਦਾ ਭਰੂਣ ਹੱਤਿਆ ਦੀ ਹੈ। ਜੇਕਰ ਇਸ ਉੱਪਰ ਠੱਲ੍ਹ ਨਾ ਪਾਈ ਗਈ ਤਾਂ ਭਵਿੱਖ ਵਿਚ ਸਮੁੱਚੇ ਵਿਸ਼ਵ ਦਾ ਸੰਤੁਲਨ ਵਿਗਾੜ ਕੇ ਇਸ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਖ਼ਤਰਨਾਕ ਸਮੱਸਿਆ ਨਾਲ ਨਜਿੱਠਣ ਲਈ ਹਰੇਕ ਪ੍ਰਾਣੀ (ਪੁਰਸ਼-ਇਸਤਰੀ) ਨੂੰ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਆਦਿ ਦੇ, ਗੁਰਮਤਿ ਸਿੱਖਿਆ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਲੋੜ ਹੈ। ਇਸੇ ਵਿਚ ਹੀ ਵਿਅਕਤੀ, ਸਮਾਜ, ਦੇਸ਼ ਅਤੇ ਸਮੁੱਚੇ ਜੀਵਨ ਦਾ ਭਲਾ ਹੈ। ਮੇਰੇ ਵਿਚਾਰ ਅਨੁਸਾਰ ਕੁੜੀਮਾਰ ਅਰਥਾਤ ਭਰੂਣ ਹੱਤਿਆ ਪਰਵਿਰਤੀ ਦੇ ਪ੍ਰਚੰਡ ਰੂਪ ਨੂੰ ਠੱਲ੍ਹ ਪਾਉਣ ਲਈ ਗੁਰਬਾਣੀ ਅਨੁਸਾਰ ਜੀਵਿਆ ਅਮਲੀ ਜੀਵਨ ਹੀ ਮਨੁੱਖੀ ਸੋਚ ਅਤੇ ਪਰੰਪਰਾਗਤ ਨੀਵੀਂ ਮਾਨਸਿਕ ਭਾਵਨਾ ਨੂੰ ਬਦਲਣ ਵਿਚ ਸਹਾਈ ਹੋ ਸਕਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)