19ਵੀਂ ਸਦੀ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਮਹਾਂਕਵੀ ਜਾਂ ‘ਚੂੜਾਮਣਿ’ ਕਵੀ ਕਰਕੇ ਜਾਣਿਆ ਜਾਂਦਾ ਹੈ, ਦਾ ਜਨਮ ਪਿੰਡ ਨੂਰ ਦੀ ਸਰਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੰਮਤ 1845 ਬਿਕ੍ਰਮੀ (ਸਤੰਬਰ 1787 ਈਸਵੀ) ਨੂੰ ਸ. ਦੇਵਾ ਸਿੰਘ ਦੇ ਘਰ ਰਾਜ ਦੇਵੀ ਦੀ ਕੁੱਖੋਂ ਹੋਇਆ ਜਿਸ ਦਾ ਨਾਂ ਹੁਣ ਕਿਲ੍ਹਾ ਸੰਤੋਖ ਸਿੰਘ ਰੱਖਿਆ ਗਿਆ ਹੈ।
ਆਪ ਜੀ ਦੇ ਪਿਤਾ ਗੁਰੂ-ਘਰ ਦੇ ਸ਼ਰਧਾਲੂ ਤੇ ਗੁਰਬਾਣੀ ’ਤੇ ਭਰੋਸਾ ਰੱਖਣ ਵਾਲੇ ਸਨ। ਉਨ੍ਹਾਂ ਦੀ ਹਾਰਦਿਕ ਇੱਛਾ ਸੀ ਕਿ ਉਨ੍ਹਾਂ ਦਾ ਲੜਕਾ ਵੱਡਾ ਹੋ ਕੇ ਪੜ੍ਹ-ਲਿਖ ਕੇ ਵਿਦਵਾਨ ਬਣੇ। ਇਸ ਉਦੇਸ਼ ਨੂੰ ਮੁੱਖ ਰੱਖ ਕੇ ਇਨ੍ਹਾਂ ਦੇ ਪਿਤਾ ਜੀ ਨੇ ਇਨ੍ਹਾਂ ਨੂੰ ਗਿਆਨੀ ਸੰਤ ਸਿੰਘ ਜੀ ਪਾਸ ਉੱਚ-ਸਿੱਖਿਆ ਲਈ ਭੇਜਿਆ ਸੀ। ਆਪ ਜੀ ਨੇ ਇਨ੍ਹਾਂ ਪਾਸੋਂ ਪੰਦਰ੍ਹਾਂ ਸਾਲ ਸਿੱਖਿਆ ਗ੍ਰਹਿਣ ਕੀਤੀ ਤੇ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਸਾਕਾਰ ਕੀਤਾ। ਆਪ ਉੱਚ-ਕੋਟੀ ਦੇ ਵਿਦਵਾਨ ਕਵੀ ਬਣੇ ਤੇ ਆਪ ਜੀ ਨੂੰ ਕੈਥਲ ਦੇ ਮਹਾਰਾਜੇ ਭਾਈ ਉਦੈ ਸਿੰਘ ਜੀ ਦੇ ਰਾਜ-ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ।
ਆਮ ਨਿਮਰਤਾ ਤੇ ਨਿਰ-ਅਭਿਮਾਨਤਾ ਨੂੰ ਇਕ ਵੱਡਾ ਗੁਣ ਸਮਝਦੇ ਸਨ। ਆਪ ‘ਗੁਰ ਪ੍ਰਤਾਪ ਸੂਰਜ’ ਵਿਚ ਇਸ ਦਾ ਉਲੇਖ ਇਸ ਤਰ੍ਹਾਂ ਕਰਦੇ ਹਨ:
ਜਥਾ ਫੁਹਾਰੇ ਕੋ ਜਲ ਹੇਰੇ।
ਜਿਤੋ ਨੀਵ ਚਢਿ ਤਿਤੋ ਉਚੇਰੇ।
ਧੂਰ ਸਰਬ ਪਾਇਨ ਤਰੇ।
ਇਸ ਗੁਨ ਤੇ ਸਭ ਕੇ ਸਿਰ ਚਰੇ।
ਕਰ ਅੰਗੁਰੀ ਜਿਨ ਛੋਟਿ ਕਹਾਯੋ।
ਰਚਿਤ ਵਿਭੂਸ਼ਨ ਤਿਸ ਕੈ ਪਾਯੋ।
ਸਭ ਤਰੁ ਤੇ ਛੋਟਾ ਤਰੁ ਚੁੰਦਨ।
ਕਰਹਿ ਸੁਗੰਧਿਤ ਨਿਕਟਜਿ ਬ੍ਰਿਦੰਨ।
ਜੇਤਿਕ ਊਚੇ ਪਦ ਅਭਿਲਾਖਹ।
ਤੇਤਿਕ ਨਿਮ੍ਰਿ ਅਪਨੋ ਮਨ ਰਾਖਹਿ।
ਸਭ ਕੇ ਅਧਿਕ ਬਿਸ਼ਨ ਬੜਿਆਇ।
ਤਿਸ ਸਭ ਤੇ ਮਨ ਨਮ੍ਰਿ ਸਦਾਇ।
ਤ੍ਰਿਗ ਲਾਭ ਸਹਿ ਨਿਮ੍ਰ ਹੋਈ।
ਤਾਂਡਵ ਮੁਖ ਨਹਿ ਰਿਸਿ ਪਦ ਖੋਈ।
ਅਪਰ ਜਿ ਧਰਮ ਧਰਤਿ ਭਗਵਾਨ।
ਹੁਈ ਨਮ੍ਰਿ ਹੰਕਾਰ ਨ ਠਾਨ।
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਵਿਚ ਬੜੀ ਉੱਚ-ਪਾਇ ਦੀ ਰਵਾਨਗੀ ਹੈ। ਦਸਮੇਸ਼ ਪਿਤਾ ਬਾਰੇ ਉਹ ਲਿਖਦੇ ਹਨ ਕਿ ਜੇ ‘ਦਸਮ ਪਿਤਾ’ ਅਵਤਾਰ ਨਾ ਧਾਰਦੇ ਤਾਂ ਹਿੰਦੂ ਸੰਸਕ੍ਰਿਤੀ ਮਿਟ ਜਾਣੀ ਸੀ:
ਛਾਏ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ।
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਦੱਸਕ ਜਾਤੇ,
ਵਰਨ ਗਰਜ ਜਾਤੇ, ਸਹਿਤ ਵਿਧਾਨੀ ਕੀ।
ਦੇਵੀ ਦੇਵ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ,
ਰੀਤਿ ਮਿਟ ਜਾਤੀ ਸਭ ਬੇਦਨ ਕੁਰਾਨ ਕੀ।
ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤਿ ਨਾ ਹੋਤੀ ਜਊਪੈ ਕਰੁਣਾ ਨਿਧਾਨ ਕੀ।
ਅੱਜਕਲ੍ਹ ਸਾਨੂੰ ਇਤਿਹਾਸਕ ਗੁਰਦੁਆਰਿਆਂ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀਆਂ ਪ੍ਰਸਿੱਧ ਕਾਵਿ ਰਚਨਾਵਾਂ ‘ਗੁਰੂ ਨਾਨਕ ਪ੍ਰਕਾਸ਼’ ਤੇ ‘ਸੂਰਜ ਪ੍ਰਕਾਸ਼’ ਦੀ ਅੰਮ੍ਰਿਤਮਈ ਕਥਾ ਸੁਣਨ ਦਾ ਸੁਭਾਗ ਮਿਲਦਾ ਹੈ। ਇਹ ਗ੍ਰੰਥ ਉਨ੍ਹਾਂ ਦੀ ਵੀਹ ਸਾਲਾਂ ਦੀ ਸਖ਼ਤ ਮਿਹਨਤ ਦਾ ਫਲ ਇਤਿਹਾਸਕ ਗੁਰਦੁਆਰਿਆਂ ਲਈ ਵਡਮੁੱਲੀ ਦੇਣ ਹਨ; ਕਥਾ-ਪ੍ਰੇਮੀਆਂ ਲਈ ਇਤਿਹਾਸਕ ਗ੍ਰੰਥ ਗੁਰੂ-ਘਰ ਦੀ ਮਹਿਮਾ ਦੇ ਗਿਆਨ ਦਾ ਅਥਾਹ ਸਮੁੰਦਰ ਹਨ। ਇਤਿਹਾਸਕਾਰਾਂ ਲਈ ਇਤਿਹਾਸਕ ਸਮੱਗਰੀ ਮੁਹੱਈਆ ਕਰਨ ਲਈ ਇਹ ਗ੍ਰੰਥ ਵਡਮੁੱਲਾ ਖ਼ਜ਼ਾਨਾ ਹਨ। ਇਤਿਹਾਸਕਾਰ ਇਨ੍ਹਾਂ ਗ੍ਰੰਥਾਂ ਵਿੱਚੋਂ ਇਤਿਹਾਸਕ ਤੱਥਾਂ ਨੂੰ ਬੜੀ ਅਸਾਨੀ ਨਾਲ ਢੂੰਡ ਸਕਦੇ ਹਨ। ਉਪਰੋਕਤ ਇਤਿਹਾਸਕ ਗ੍ਰੰਥਾਂ ਦਾ ਜੋ ਜ਼ਿਕਰ ਕੀਤਾ ਹੈ ਉਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ:
ਗੁਰੂ ਨਾਨਕ ਪ੍ਰਕਾਸ਼ :
ਇਹ ਭਗਤੀ ਪ੍ਰਧਾਨ ਕਾਵਿ ਭਾਈ ਸੰਤੋਖ ਸਿੰਘ ਜੀ ਦੀ ਮੌਲਿਕ ਰਚਨਾ ਹੈ। ਇਸ ਰਚਨਾ ਨਾਲ ਭਾਈ ਸਾਹਿਬ ਨੂੰ ਸ੍ਰੇਸ਼ਠ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਵਿਚ ਕੁੱਲ 9700 ਬੰਦ ਹਨ। ਇਹ ਗ੍ਰੰਥ ਪੂਰਬਾ-ਧਿਆਇ ਤੇ ਉੱਤਰਾਧਿਆਇ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਅੱਧੇ ਹਿੱਸੇ ਵਿਚ 73 ਅਤੇ ਦੂਜੇ ਅੱਧੇ ਹਿੱਸੇ ਵਿਚ 57 ਅਧਿਆਇ ਹਨ। ਕੁੱਲ ਛੰਦਾਂ ਦੀ ਗਿਣਤੀ 700 ਹੈ। ਇਹ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਮੁੱਖ ਘਟਨਾਵਾਂ, ਜਨਮ, ਉਪਦੇਸ਼, ਅਲੌਕਿਕ ਕਰਾਮਾਤਾਂ ’ਤੇ ਆਧਾਰਿਤ ਹੈ। ਇਹ ਕਥਾ-ਪ੍ਰੇਮੀਆਂ ਲਈ ਨਿਰੋਲ ਧਾਰਮਿਕ ਗ੍ਰੰਥ ਹੈ। ਇਹ ਮਹਾਨ ਗ੍ਰੰਥ ਸੰਮਤ 1880 ਬਿਕ੍ਰਮੀ ਵਿਚ ਸੰਪੂਰਨ ਹੋਇਆ। ਇਸ ਦੀ ਰਚਨਾ ਗੁਰਮੁਖੀ ਲਿਪੀ ਵਿਚ ਹੈ।
ਸੂਰਜ ਪ੍ਰਕਾਸ਼ :
ਇਹ ਕਾਵਿ-ਰਚਨਾ ਭਾਈ ਸੰਤੋਖ ਸਿੰਘ ਜੀ ਦੀ ਆਖ਼ਰੀ ਤੇ ਸਭ ਤੋਂ ਉੱਤਮ ਰਚਨਾ ਹੈ। ‘ਗੁਰ ਪ੍ਰਤਾਪ ਸੂਰਜ’ ਦਾ ਸਰੀਰਕ ਰਚਨਾ ਵਿਧਾਨ ਸ਼ਾਸਤਰੀ ਆਧਾਰ ’ਤੇ ਹੋਇਆ ਹੈ। ਇਸ ਵਿਚ 51829 ਛੰਦ ਹਨ। ਕੁੱਲ 20 ਅਧਿਆਏ ਹਨ, ਜੋ ਅੱਗੋਂ 1151 ਅੰਸ਼ੂ ਸੂਰਜ ਦੀ ਚਾਲ ਦੇ ਆਧਾਰ ’ਤੇ 12 ਰਾਸ਼ੀਆਂ, 6 ਰੁੱਤਾਂ ਅਤੇ 2 ਆਯਨਾਂ ਵਿਚ ਵੰਡਿਆ ਗਿਆ ਹੈ। ਉਹ ਫਿਰ ਅੰਸ਼ੂਆਂ (ਕਿਰਨਾਂ) ਵਿਚ ਵੰਡੇ ਗਏ ਹਨ। ਕਵੀ ਦੇ ਅਨੁਭਵ ਅਨੁਸਾਰ ਗੁਰੂ ਗਿਆਨ ਰੂਪੀ ਸੂਰਜ ਦੀਆਂ ਕਿਰਨਾਂ ਹਰ ਯੁੱਗ ਵਿਚ ਝੂਠ, ਕਪਟ ਆਦਿ ਦੇ ਅੰਧਕਾਰ ਨੂੰ ਦੂਰ ਕਰਨ ਵਿਚ ਸਮਰੱਥ ਹਨ ਜੋ ਧਾਰਮਿਕ ਅੰਧ-ਵਿਸ਼ਵਾਸ, ਪਾਖੰਡ, ਭਰਮ ਆਦਿ ਨੂੰ ਮਿਟਾ ਕੇ ਗਿਆਨ ਤੇ ਸੱਚ ਦਾ ਪ੍ਰਕਾਸ਼ ਫੈਲਾਉਂਦੀਆਂ ਹਨ। ਸੱਜਣ ਪੁਰਸ਼ ਦੇ ਹਿਰਦਿਆਂ ਨੂੰ ਕਮਲ ਵਾਂਗ ਖਿੜਾ ਦਿੰਦੀਆਂ ਹਨ। ਇਸ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀਵਨ-ਬ੍ਰਿਤਾਂਤ ਹੈ। ਇਹ ਬ੍ਰਿਜ ਭਾਸ਼ਾ ਵਿਚ ਲਿਖਿਆ ਗ੍ਰੰਥ ਆਕਾਰ ਵਿਚ ਬਹੁਤ ਵੱਡਾ ਹੈ। ਇਹ ਮਹਾਨ ਕਾਵਿ-ਗ੍ਰੰਥ ਸੰਮਤ 1900 ਬਿਕ੍ਰਮੀ ਵਿਚ ਸੰਪੂਰਨ ਹੋਇਆ। ਇਹ ਕਥਾ-ਪ੍ਰੇਮੀਆਂ ਲਈ ਅਨਮੋਲ ਖ਼ਜ਼ਾਨਾ ਹੈ।
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਜ਼ਮਾਨੇ ਵਿਚ ਇੰਨੇ ਮਹਾਨ ਵਿਦਵਾਨ ਸਨ ਕਿ ਵੱਡੇ-ਵੱਡੇ ਵਿਦਵਾਨ ਪੰਡਤ ਆਪ ਜੀ ਦੀ ਈਨ ਮੰਨਦੇ ਸਨ। ਸਿੱਖ ਜਗਤ ਵਿਚ ਆਪ ਜੀ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਉੱਚ ਸ਼ਖ਼ਸੀਅਤ ਦੇ ਮਾਲਕ ਤੇ ਮਹਾਨ ਸਿੱਖ ਵਿਦਵਾਨ ਸਨ।
ਭਾਈ ਸੰਤੋਖ ਸਿੰਘ ਜੀ ਦੀਆਂ ਰਚਨਾਵਾਂ:
ਨਾਮ ਕੋਸ਼, ‘ਗੁਰੂ ਨਾਨਕ ਪ੍ਰਕਾਸ਼’, ਗਰਬ ਗੰਜਨੀ, ਵਾਲਮੀਕਿ ਰਾਮਾਇਣ, ਭਾਸ਼ ਆਤਮ ਪੁਰਾਣ ਟੀਕਾ, ਗੁਰ ਪ੍ਰਤਾਪ ਸੂਰਜ, ਗੁਰੂ ਸਾਹਿਬਾਨ ਦੇ ਜੀਵਨ ’ਤੇ ਆਧਾਰਿਤ ਉਨ੍ਹਾਂ ਦੇ ਮੌਲਿਕ ਪ੍ਰਬੰਧ-ਕਾਵਿ ਹਨ, ਬਾਕੀ ਚਾਰ ਅਨੁਵਾਦਿਤ ਰਚਨਾਵਾਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਨ ਕਵੀ ਦੀ ਯਾਦ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੇ ਵੱਡੇ ਭਵਨਾਂ ਦਾ ਨਾਂ ‘ਮਹਾਂਕਵੀ ਭਾਈ ਸੰਤੋਖ ਸਿੰਘ ਹਾਲ’ ਰੱਖਿਆ ਹੈ।
ਪਿੰਡ ਨੂਰ ਦੀ ਸਰਾਂ ਹੁਣ ਜਿਸ ਦਾ ਨਾਂ ‘ਕਿਲ੍ਹਾ ਟੇਕ ਸਿੰਘ’ ਰੱਖਿਆ ਗਿਆ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ ਹਰ ਸਾਲ ਭਾਈ ਸਾਹਿਬ ਦੀ ਯਾਦ ਵਿਚ ਭਾਈ ਸਾਹਿਬ ਦੇ ਜਨਮ ਦਿਹਾੜੇ ’ਤੇ ਮੇਲਾ ਲੱਗਦਾ ਹੈ।
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਜ਼ਿੰਦਗੀ ਦਾ ਅੰਤਿਮ ਪਲ ਸਾਹਿਤ ਸਿਰਜਣਾ ਕਰਦਿਆਂ ਹਰਿਆਣੇ ਦੇ ਸ਼ਹਿਰ ਕੈਥਲ ਵਿਚ ਬਤੀਤ ਹੋਇਆ। ਮਹਾਨ ਗ੍ਰੰਥ ‘ਸੂਰਜ ਪ੍ਰਕਾਸ਼’ ਸਮਾਪਤ ਕਰਨ ਤੋਂ ਕੁਝ ਸਮੇਂ ਬਾਅਦ ਸੰਮਤ 1900 ਬਿਕ੍ਰਮੀ ਵਿਚ ਇਹ ਮਹਾਨ ਕਵੀ ਹਰਿਆਣੇ ਦੇ ਸ਼ਹਿਰ ਕੈਥਲ ਵਿਚ ਸਾਡੇ ਤੋਂ ਸਦਾ ਲਈ ਵਿੱਛੜ ਗਏ।
ਲੇਖਕ ਬਾਰੇ
138, ਜੋਧੂ ਕਾਲੋਨੀ, ਗਲੀ ਨੰ: 6, ਮੁਕਤਸਰ-152026.
- ਹੋਰ ਲੇਖ ਉਪਲੱਭਧ ਨਹੀਂ ਹਨ