editor@sikharchives.org

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਮੀਨ ਹਲਵਾਹਕਾਂ ਨੂੰ ਦੇਣ ਦਾ ਇਤਿਹਾਸਕ ਕਾਰਨਾਮਾ

ਬਾਬਾ ਬੰਦਾ ਸਿੰਘ ਬਹਾਦਰ ਸਮੇਂ ਦੇ ਸ਼ਾਸਕਾਂ ਤੇ ਉਨ੍ਹਾਂ ਦੇ ਚੌਧਰੀਆਂ ਤੋਂ ਪ੍ਰਾਪਤ ਹੋਏ ਮਾਲ ਨੂੰ ਲੋਕਾਂ ਦਰਮਿਆਨ ਆਪ ਵੰਡਦਾ ਸੀ ਅਤੇ ਆਪਣੀ ਨਿਗਰਾਨੀ ਹੇਠ ਵੰਡ ਕਰਵਾਉਂਦਾ ਸੀ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਦਰਸ਼ਨ ਤੇ ਇਤਿਹਾਸ ਦਾ ਇਕ ਪ੍ਰਮੁੱਖ ਸਰੋਕਾਰ ਤੇ ਪਾਸਾਰ ਵੰਚਿਤ-ਵਿਹੂਣੀ ਤੇ ਪੀੜਤ ਧਿਰ ਦੇ ਹੱਕ ’ਚ ਖਲੋਣਾ; ਹੱਕ, ਸੱਚ ਤੇ ਨਿਆਂ ਦੀ ਰਾਖੀ ਲਈ ਸਿਰ ਤਲੀ ’ਤੇ ਧਰ ਕੇ ਜੂਝਣਾ ਅਤੇ ਜ਼ੋਰ, ਜ਼ੁਲਮ ਤੇ ਜਬਰ ਦਾ ਅੰਤਿਮ ਸਮੇਂ ਤਕ ਡੱਟ ਕੇ ਟਾਕਰਾ ਕਰਨਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਿਜ ਅਵਸਥਾ ਦਾ ਇਕ ਪਾਸਾਰ ਦੱਸਦੇ ਹੋਏ ਉਚਾਰਦੇ ਹਨ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)

ਸਿੱਖ ਇਤਿਹਾਸ ਤੇ ਵਿਰਸਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਦੀ ਲਾਸਾਨੀ ਸ਼ਹਾਦਤ ਤੋਂ ਲੈ ਕੇ ਇੰਗਲੈਂਡ ’ਚ ਵੱਸਦੇ ਇਕ ਸਿੱਖ ਨੌਜਵਾਨ ਵੱਲੋਂ ਸਾਲ 2010 ਦੇ ਅਰੰਭ ’ਚ ਕਿਸੇ ਇਸਤਰੀ ਦੇ ਨਾਰੀਤਵ ਦੀ ਉਲੰਘਣਾ ਬਰਦਾਸ਼ਤ ਨਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣ ਤਕ ਭਰਪੂਰ ਹੈ।

ਸਿੱਖ ਦਰਸ਼ਨ ਦੇ ਪਾਸਾਰ ਸੰਬੰਧੀ ਦੋ ਤੱਥ ਮੇਰੇ ਵਰਗੇ ਸਾਧਾਰਨ ਪਾਠਕ ਨੂੰ ਹੈਰਾਨੀ ਭਰੀ ਖੁਸ਼ੀ ਦਿੰਦੇ ਹਨ।

ਇਕ ਜਰਮਨ ਚਿੰਤਕ ਦੇ ਅਠਾਰ੍ਹਵੀਂ ਸਦੀ ਦੇ ਮੱਧ ਵਿਚ ਪੇਸ਼ ਇਕ ਸਿਧਾਂਤ ਨੂੰ ਬੇਹੱਦ ਪ੍ਰਚਾਰਿਆ ਗਿਆ ਹੈ ਕਿ ਸਰਵਹਾਰਾ ਹੀ ਸਮਾਜਿਕ ਤਬਦੀਲੀ ਲਈ ਇੱਕੋ-ਇੱਕ ਜਮਾਤ ਹੈ ਪਰ ਲੱਗਭਗ ਇਹ ਸਿਧਾਂਤ ਮੌਲਿਕ ਰੂਪ ’ਚ ਸਿੱਖ ਗੁਰੂ ਸਾਹਿਬਾਨ ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਵਿਚ ਪੇਸ਼ ਕਰ ਰਹੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1756 ਬਿਕ੍ਰਮੀ ’ਚ ਖਾਲਸੇ ਦੀ ਸਾਜਨਾ ਸਮੇਂ ਇਸ ਨੂੰ ਜਥੇਬੰਦਕ ਪੱਧਰ ’ਤੇ ਲਾਗੂ ਕਰ ਰਹੇ ਹਨ। ਇਹ ਸਿਧਾਂਤ ਸੀ ਕਿ ਸਮਾਜਿਕ ਤਬਦੀਲੀ ਲਈ, ਜ਼ੋਰ-ਜ਼ੁਲਮ ਦੇ ਵਿਰੋਧ ਲਈ ਅਤੇ ਹੱਕ, ਸੱਚ ਤੇ ਨਿਆਂ ਦੀ ਰਾਖੀ ਲਈ ਸਮਾਜਿਕ ਤੌਰ ’ਤੇ ਸਤਾਏ ਹੋਏ ਵਰਗ ਹੀ ਪ੍ਰਮੁੱਖ ਰੂਪ ’ਚ ਸਿਰਲੱਥਾਂ ਵਾਂਗ ਲੜ-ਮਰ ਸਕਦੇ ਹਨ। ਗੁਰਦੁਆਰਾ ਰਵਾਲਸਰ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਦੇ ਇਕ ਸਮੂਹ ਨਾਲ ਹੋਈ ਗੱਲਬਾਤ ਇਸ ਸਮਝਦਾਰੀ ਦਾ ਅਕੱਟ ਪ੍ਰਮਾਣ ਹੈ।

ਦੂਜੇ, ਵੀਹਵੀਂ ਸਦੀ ਦੇ ਤੀਜੇ ਦਹਾਕੇ ’ਚ ਰੂਸ ਵਿਚ ਜ਼ਮੀਨ ਹਲਵਾਹਕਾਂ ਨੂੰ ਦੇ ਕੇ ਮਾਂ ਧਰਤੀ ਦੀ ਉਪਜਾਇਕਤਾ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਦਾ ਇਤਿਹਾਸਕ ਕਦਮ ਚੁੱਕਿਆ ਗਿਆ। ਪਰ ਇਹ ਮਹਾਂ ਕਾਰਨਾਮਾ ਬਾਬਾ ਬੰਦਾ ਸਿੰਘ ਬਹਾਦਰ ਇਸ ਤੋਂ 210 ਸਾਲ ਪਹਿਲਾਂ ਮਈ 1710 ਈ: ਵਿਚ ਸਰਹਿੰਦ ਫਤਿਹ ਤੋਂ ਬਾਅਦ ਲਾਗੂ ਕਰ ਰਹੇ ਹਨ। ਇਸ ਸੰਖੇਪ ਪਿੱਠ-ਭੂਮੀ ਵਿਚ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੇ ਰਾਜ ਸਮੇਂ ਇਸ ਇਤਿਹਾਸਕ ਕਾਰਨਾਮੇ ਨੂੰ ਵਿਚਾਰਨ ਦਾ ਯਤਨ ਕਰਾਂਗੇ।

ਮੁਗ਼ਲ ਬਾਦਸ਼ਾਹਾਂ ਦੇ ਦਮਨ-ਚੱਕਰ ਤੇ ਗ਼ੈਰ-ਮੁਸਲਮਾਨ ਆਮ ਭਾਰਤੀ ਲੋਕਾਂ ਅਤੇ ਵਿਸ਼ੇਸ਼ ਕਰਕੇ ਨਿਮਨਜਾਤੀ ਲੋਕਾਂ ਦੀ ਤਰਸਯੋਗ ਸਥਿਤੀ ਬਾਰੇ ਨਾਂਦੇੜ ਵਿਖੇ ‘ਮਾਧੋਦਾਸ ਬੈਰਾਗੀ’ ਨੂੰ ਜਾਣੂ ਕਰਵਾ ਕੇ, ਦਾਰਸ਼ਨਿਕ ਯੋਧੇ ਤੇ ਮਹਾਂ ਮਾਨਵੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਤੇ ਅਸ਼ੀਰਵਾਦ ਨਾਲ ਸਿੰਘ ਸਜਾ ਕੇ ‘ਬੰਦਾ ਸਿੰਘ ਬਹਾਦਰ’ ਵਿਚ ਤਬਦੀਲ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਉਸ ਦੇ ਮੌਲਿਕ ਗੁਣਾਂ ਨੂੰ ਪਛਾਣਦਿਆਂ ਤੇ ਉਸ ਵਿਚ ਬੀਰਤਾ ਤੇ ਜੁਝਾਰੂਪਣ ਜਗਾ ਕੇ ਉਸ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ਹੁਕਮਨਾਮਾ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਸਮਝਣ ਅਤੇ ਦੁਸ਼ਟਾਂ ਨੂੰ ਸੋਧਣ ਲਈ ਖਾਲਸੇ ਦੇ ਕੇਸਰੀ ਝੰਡੇ ਹੇਠ ਇਕੱਠੇ ਹੋਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਇਕ ਨਗਾਰਾ, ਨਿਸ਼ਾਨ ਸਾਹਿਬ, ਆਪਣੇ ਭੱਥੇ ’ਚੋਂ ਪੰਜ ਤੀਰ ਅਤੇ ਕੁਝ ਹੋਰ ਸ਼ਸਤਰ ਵੀ ਬਖਸ਼ਿਸ਼ ਕੀਤੇ। ਸਲਾਹਕਾਰ ਕੌਂਸਲ ਦੇ ਤੌਰ ’ਤੇ ਪੰਜ ਪਿਆਰਿਆਂ ਦੇ ਰੂਪ ਵਿਚ ਪੰਜ ਸਿੰਘ 1. ਭਾਈ ਬਿਨੋਦ ਸਿੰਘ, 2. ਭਾਈ ਕਾਹਨ ਸਿੰਘ, 3. ਭਾਈ ਬਾਜ ਸਿੰਘ, 4. ਭਾਈ ਦਇਆ ਸਿੰਘ, 5. ਭਾਈ ਰਣ ਸਿੰਘ ਆਦਿ ਨਾਲ ਭੇਜੇ। ਇਨ੍ਹਾਂ ਤੋਂ ਛੁਟ ਹੋਰ 20 ਸਿੰਘ ਵੀ ਨਾਲ ਭੇਜੇ। ਬਾਬਾ ਬੰਦਾ ਸਿੰਘ ਇਸ ਤਰ੍ਹਾਂ 25 ਸਿੰਘਾਂ ਸਮੇਤ ਪੰਜਾਬ ਵੱਲ ਰਵਾਨਾ ਹੋਏ। ਪੰਜਾਬ ਨੇੜੇ ਪਹੁੰਚਣ ’ਤੇ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ ਹਜ਼ਾਰਾਂ ਤਕ ਪਹੁੰਚ ਗਈ। ਖਾਫ਼ੀ ਖਾਂ ਅਨੁਸਾਰ 2-3 ਮਹੀਨਿਆਂ ਵਿਚ ਹੀ ਬਾਬਾ ਬੰਦਾ ਸਿੰਘ ਨਾਲ ਚਾਰ ਹਜ਼ਾਰ ਘੋੜ-ਸਵਾਰ ਅਤੇ 7800 ਪੈਦਲ ਲੜਾਕੂ ਆ ਰਲੇ ਸਨ। ਡਾ. ਗੋਕਲ ਚੰਦ ਨਾਰੰਗ ਅਨੁਸਾਰ

“ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਅਤੇ ਅੰਤ ਵਿਚ ਚਾਲੀ ਹਜ਼ਾਰ ਤਕ ਪਹੁੰਚ ਗਈ।” ਬਾਬਾ ਬੰਦਾ ਸਿੰਘ ਬਹਾਦਰ ਨਾਲ ਉਹ ਰਲੇ ਜਿਹੜੇ ਸਦੀਆਂ ਤੋਂ ਆਰਥਿਕ ਲੁੱਟ ਤੇ ਸਮਾਜਿਕ ਸੋਸ਼ਣ ਦਾ ਸ਼ਿਕਾਰ ਸਨ ਅਤੇ ਲੁੱਟਿਆ-ਕੁੱਟਿਆ ਉਨ੍ਹਾਂ ਨੂੰ ਗਿਆ ਜੋ ਲੁੱਟ ਦੇ ਮਾਲ ’ਤੇ ਸਰਦਾਰੀ ਸਥਾਪਤ ਕਰਕੇ ਵਿਲਾਸੀ ਤੇ ਭੋਗਮਈ ਜ਼ਿੰਦਗੀ ਜਿਊਂਦੇ ਸਨ ਅਤੇ ਸਮੁੱਚੇ ਸਮਾਜ ਲਈ ਇਕ ਲਾਹਨਤ ਸਾਬਤ ਹੁੰਦੇ ਸਨ। ਇਸ ਪ੍ਰਸੰਗ ਵਿਚ ਸ. ਕਰਮ ਸਿੰਘ ਹਿਸਟੋਰੀਅਨ ਦਾ ਕਥਨ ਹੈ ਕਿ ਉਨ੍ਹਾਂ ਨੇ “ਆਪਣਾ ਕੰਮ ਵੱਡੇ ਆਦਮੀਆਂ ਨਾਲ ਰਲ ਕੇ ਨਹੀਂ ਤੋਰਿਆ, ਬਲਕਿ ਇਸ ਦੇ ਸਾਰੇ ਸਹਾਇਕ ਮਾਝੇ, ਮਾਲਵੇ ਦੇ… ਕਿਸਾਨ ਸਨ।” (ਸਫ਼ਾ 113)

ਦਸਮ ਪਾਤਸ਼ਾਹ ਦੇ ਆਦੇਸ਼ ਤੇ ਅਸ਼ੀਰਵਾਦ ਅਤੇ ਵੰਚਿਤ-ਵਿਹੂਣੀ ਧਿਰ, ਜੋ ਮੁਗ਼ਲ ਹਾਕਮਾਂ ਦੀ ਸਤਾਈ ਹੋਈ ਹੋਣ ਕਰਕੇ, ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੰਗ-ਸਾਥ ਬਾਹਰਮੁਖੀ ਕਾਰਨ ਸਨ, ਜਿਹੜੇ ਸੈਨਾ ਦੀ ਗਿਣਤੀ ਵਧਾਉਣ ਵਿਚ ਸਹਾਈ ਹੋਏ। ਇਨ੍ਹਾਂ ਤੋਂ ਛੁਟ ਬਾਬਾ ਜੀ ਦੀ ਚੁੰਬਕੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਵੀ ਹਜ਼ਾਰਾਂ ਲੋਕ ਉਨ੍ਹਾਂ ਨਾਲ ਆ ਰਲੇ। ਮੁਗ਼ਲ ਹਕੂਮਤ ਤੇ ਵਿਸ਼ੇਸ਼ ਕਰਕੇ ਸੂਬਾ ਸਰਹਿੰਦ ਦੇ ਜ਼ੁਲਮ ਅਜੇ ਲੋਕ-ਮਾਨਸਿਕਤਾ ਵਿਚ ਤਰੋ-ਤਾਜ਼ਾ ਸਨ। ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਦਰਸ਼ਨ ਦਾ ਨਿਸ਼ਠਾਵਾਨ ਤੇ ਸੱਚਾ-ਸੁੱਚਾ ਪੈਰੋਕਾਰ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਦ੍ਰਿੜ੍ਹਤਾ ਸਹਿਤ ਚੱਲਣ ਵਾਲਾ ਮਨੁੱਖ ਬਣ ਗਿਆ। ਉਹ ਸਵੈ-ਵਿਸ਼ਵਾਸ ਨਾਲ ਲਬਰੇਜ਼ ਅਤੇ ਨਿਸ਼ਚੈ ਕਰ ਆਪਣੀ ਜਿੱਤ ਹਾਸਲ ਕਰਨ ਵਾਲੇ ਸਨ। ਬਾਬਾ ਜੀ ਗਰੀਬਾਂ ਤੇ ਦਲਿਤਾਂ ਦੇ ਸਮਰਥਕ ਸਨ ਤੇ ਰਾਜਸੀ ਲਾਲਸਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਸਨ। ਉਹ ਲਾਸਾਨੀ ਸ਼ਕਤੀ ਦੇ ਮਾਲਕ ਸਨ ਅਤੇ ਸੁਤੰਤਰ ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਸਨ। ਉਹ ਯੁੱਧ ਕਲਾ ’ਚ ਬੇਹੱਦ ਪ੍ਰਬੀਨ ਸਨ। ਸ. ਕਰਮ ਸਿੰਘ ਹਿਸਟੋਰੀਅਨ ਅਨੁਸਾਰ,

“ਉਹ ਇਤਨਾ ਜ਼ੋਰਾਵਰ ਨਹੀਂ ਸੀ, ਜਿਤਨਾ ਕਿ ਛੁਹਲਾ ਸੀ ਅਤੇ ਤੀਰ ਤੇ ਖੰਜਰ ਤੋਂ ਬਿਨਾਂ ਹੋਰ ਕੋਈ ਹਥਿਆਰ ਉਸ ਦੇ ਮਨ ਨੂੰ ਨਾ ਭਾਉਂਦਾ। ਉਹ ਤਕੜਾ ਸਵਾਰ ਅਤੇ ਸਰੀਰ ਦਾ ਸਖ਼ਤ ਸੀ ਅਤੇ ਲਗਾਤਾਰ ਕਈ ਦਿਨਾਂ ਦੀਆਂ ਮੰਜ਼ਿਲਾਂ ਉਸ ਉੱਤੇ ਰਤਾ ਵੀ ਅਸਰ ਨਹੀਂ ਸੀ ਕਰਦੀਆਂ।” (ਸਫ਼ਾ 113)

ਬਾਬਾ ਬੰਦਾ ਸਿੰਘ ਬਹਾਦਰ ਕਦੇ ਵੀ ਦੁਬਿਧਾ-ਦੋਚਿੱਤੀ ਦਾ ਸ਼ਿਕਾਰ ਨਹੀਂ ਹੋਏ। ਉਹ ਝੱਟ ਹੀ ‘ਡਗਮਗ ਛਾਡਿ ਰੇ ਮਨ ਬਉਰਾ’ ਨੂੰ ਅਮਲ ’ਚ ਲਾਗੂ ਕਰ ਦਿੰਦੇ ਸਨ। ਸ. ਕਰਮ ਸਿੰਘ ਹਿਸਟੋਰੀਅਨ ਬਾਬਾ ਜੀ ਦੇ ਇਸ ਗੁਣ ਨੂੰ ਵਾਰ-ਵਾਰ ਰੇਖਾਂਕਿਤ ਕਰਦਾ ਹੈ। “ਉਸ ਦੀ ਜਿੱਤ ਦਾ ਮੂਲ ਕਾਰਨ ਉਸ ਦੀ ਤੇਜੀ ਅਤੇ ਜੱਕੋ-ਤੱਕੇ ਵਿਚ ਨਾ ਪੈਣਾ ਸੀ। ਉਹ ਏਕਾ ਏਕ ਹੀ ਵੈਰੀ ਉੱਤੇ ਟੁੱਟ ਪੈਂਦਾ ਅਤੇ ਉਸ ਦੇ ਸੰਭਲਣ ਤੋਂ ਪਹਿਲਾਂ-ਪਹਿਲਾਂ ਹੀ ਉਸ ਦੇ ਜਥਿਆਂ ਨੂੰ ਅੱਡੋ-ਅੱਡ ਮਾਰ ਲੈਂਦਾ। ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਦੀ ਇਹ ਖ਼ੂਬੀ ਸੀ ਕਿ ਜੰਗ ਵਿਚ ਜੋ ਕੁਝ ਉਹ ਕਰਦਾ, ਏਕਾ ਏਕ ਹੀ ਕਰਦਾ, ਉਹ ਬਹੁਤਾ ਚਿਰ ਸੋਚਦਾ ਨਹੀਂ ਰਹਿੰਦਾ ਸੀ। ਉਹ ਅੱਖ ਦੇ ਫੋਰ ਵਿਚ ਸਭ ਕੁਝ ਜਾਂਚ ਜਾਂਦਾ ਅਤੇ ਤੜੱਕ ਹੀ ਸਿੱਟੇ ਤੀਕ ਅੱਪੜ ਪੈਂਦਾ। ਇਹੋ ਕਾਰਨ ਸੀ ਕਿ ਉਹ ਲੜਾਈ ਵਿਚ ਘਾਬਰਦੇ ਨਹੀਂ ਸਨ ਜੋ ਕੁਝ ਕਰਨਾ ਹੁੰਦਾ, ਉਹ ਤੜੱਕ ਹੀ ਉਨ੍ਹਾਂ ਨੂੰ ਫੁਰ ਪੈਂਦਾ ਅਤੇ ਉਸੇ ਵੇਲੇ ਕੀਤਾ ਜਾਂਦਾ। ਇਹੋ ਹੀ ਉਸ ਦੀ ਜਿੱਤ ਦਾ ਭੇਦ ਸੀ। ਜੋ ਕੁਝ ਦੂਜੇ ਆਦਮੀ ਦਿਨਾਂ ਵਿਚ ਕਰਦੇ, ਉਹ ਘੜੀਆਂ ਵਿਚ ਕਰ ਲੈਂਦਾ।” (ਸਫੇ 115-116) ਅਤੇ ਹੋਰ ਵੇਖੋ: “ਜਦ ਬੰਦਾ (ਬਾਬਾ ਬੰਦਾ ਸਿੰਘ ਬਹਾਦਰ) ਪੱਕਾ ਕਰ ਲੈਂਦਾ ਕਿ ਪਿੱਛੇ ਨਹੀਂ ਹਟਣਾ ਤਦ ਉਹ ਦਲੀਲਾਂ ਵਿਚ ਵਕਤ ਨਾ ਲੰਘਾਉਂਦਾ।” (ਸਫਾ 117) ਸ. ਸੋਹਨ ਸਿੰਘ ਆਪਣੀ ਪੁਸਤਕ “Banda the Brave” ਦੇ ਸਫਾ 151 ’ਤੇ ਉਕਤ ਕਥਨਾਂ ਦੀ ਪੁਸ਼ਟੀ ਆਪਣੇ ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ, “ਫੁਰਤੀ ਵਿਚ (ਬਾਬਾ ਬੰਦਾ ਸਿੰਘ) ਬੰਦਾ ਸ਼ਿਵਾ ਜੀ ਨੂੰ ਵੀ ਪਿੱਛੇ ਛੱਡ ਗਿਆ ਅਤੇ ਮੈਸਮ੍ਰੇਜ਼ਮ ਅਤੇ ਉਹ ਦੂਜੇ ਰਮਜ਼ ਭਰੇ ਵਿਗਿਆਨਾਂ ਦਾ ਅਨੋਖਾ ਉਸਤਾਦ ਸੀ।” ਇਸੇ ਤਰ੍ਹਾਂ ਮੈਲਕਮ History of the Sikhs ਦੇ ਸਫ਼ਾ 79 ’ਤੇ ਲਿਖਦਾ ਹੈ, “ਬੰਦਾ (ਬਾਬਾ ਬੰਦਾ ਸਿੰਘ ਬਹਾਦਰ) ਅਚੰਭੇ ਭਰੀ ਸੂਰਮਤਾਈ ਵਿਖਾਉਂਦਾ ਸੀ। ਖਾਲਸੇ ਦੀ ਫਤਹਿ ਲਈ ਅਣਰੁਕੇ ਲੜਦੇ ਜਾਣਾ ਉਸ ਦੀ ਫਿਤਰਤ ਸੀ।” ਵਿਦਵਾਨ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਬਾਰੇ ਲਿਖਦਾ ਹੈ: “ਜੰਗ ਦੇ ਮੈਦਾਨ ਵਿਚ ਉਹ ਸਭ ਬਹਾਦਰਾਂ ਅਤੇ ਜ਼ੁਰਅਤ-ਭਰਿਆਂ ਵਿੱਚੋਂ ਇਕ ਹੁੰਦਾ ਅਤੇ ਕਦੇ ਜਾਨ ਦੀ ਪਰਵਾਹ ਨਾ ਕਰਦਾ।… ਉਸ ਦੇ ਚਿਹਰੇ ਦੀ ਪ੍ਰਤਿਭਾ-ਭਰਪੂਰ ਛਬ ਅਤੇ ਤਿੱਖੀਆਂ ਅਤੇ ਚਮਕਦਾਰ ਅੱਖੀਆਂ ਵੈਰੀਆਂ ਦੇ ਮਨਾਂ ਉੱਤੇ ਵੀ ਉਸ ਦੀ ਮਾਨਸਿਕ ਉੱਚਤਾ ਦਾ ਪ੍ਰਭਾਵ ਪਾਉਂਦੀਆਂ ਸਨ।” “ਬੰਦਾ ਸਿੰਘ ਬਹਾਦਰ” (ਸਫਾ 252) ਇਕ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮੈਕਰੇਗਰ ਅਨੁਸਾਰ, “ਬੰਦਾ (ਬਾਬਾ ਬੰਦਾ ਸਿੰਘ) ਬਹਾਦਰਾਂ ਤੇ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ।” ਬਾਬਾ ਬੰਦਾ ਸਿੰਘ ਬਹਾਦਰ ਦੀ ਮਿਕਨਾਤੀਸੀ ਸ਼ਖ਼ਸੀਅਤ ਤੇ ਉਨ੍ਹਾਂ ਦੇ ਮਿਸ਼ਨ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨਾਲ ਜੁੜਨ ਵਾਲਿਆਂ ਬਾਰੇ ਡਾ. ਗੋਕਲ ਚੰਦ ਨਾਰੰਗ ਦੀ ਟਿੱਪਣੀ ਨਾਲ ਇਸ ਪੱਖ ਨੂੰ ਸਮੇਟਿਆ ਜਾਵੇਗਾ। ਉਹ ਲਿਖਦਾ ਹੈ,

“ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਨ ਦਾ ਨਾਂ ਨਹੀਂ ਸੁਣਿਆ, ਉਹ ਵੀ ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਦੀਆਂ ਜਿੱਤਾਂ ਦੁਆਰਾ ਪ੍ਰਾਪਤ ਹੋਈ ਸ਼ਾਨ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿਚ ਉਸ ਨਾਲ ਮਿਲ ਗਏ। ਉਸ ਦੀ ਨਿੱਜੀ ਆਕਰਸ਼ਣ ਸ਼ਕਤੀ ਵੀ ਬੜੀ ਸੀ ਅਤੇ ਉਸ ਦੇ ਅਝੁਕ ਸਾਹਸ ਅਤੇ ਅਸਾਧਾਰਨ ਸੂਰਮਤਾਈ ਨੇ ਉਸ ਦੇ ਪੈਰੋਕਾਰਾਂ ਨੂੰ ਉਸ ਨਾਲ ਪੱਕੀ ਤਰ੍ਹਾਂ ਜੋੜ ਦਿੱਤਾ ਸੀ। ਇਸ ਤੱਥ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਮੁਗ਼ਲ ਸਰਕਾਰ ਦੁਆਰਾ ਫੜੇ ਅਤੇ ਸ਼ਹੀਦ ਕੀਤੇ ਗਏ ਹਜ਼ਾਰਾਂ ਸਿੱਖਾਂ ਵਿੱਚੋਂ ਇਕ ਨੇ ਵੀ ਆਪਣੀ ਜਾਨ ਬਚਾਉਣ ਲਈ ਧਰਮ ਨਾ ਛੱਡਿਆ। ਬੰਦੇ (ਬਾਬਾ ਬੰਦਾ ਸਿੰਘ) ਦੀ ਆਪਣੀ ਬੇਮਿਸਾਲ ਪਵਿੱਤਰਤਾ ਅਤੇ ਉੱਚਾ ਚਰਿੱਤਰ ਓਨਾ ਹੀ ਵੱਡਾ ਕਾਰਨ ਸੀ ਜਿੰਨਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ।”

ਪ੍ਰਿੰ. ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਸਿੱਖ ਇਤਿਹਾਸ (1469-1765 ਈ:) ਦੇ ਸਫ਼ਾ 103 ’ਤੇ ਲਿਖਦੇ ਹਨ:

“ਉਸ ਦਿਨ ਤੋਂ ਲੈ ਕੇ ਜਿਸ ਦਿਨ ਬਾਬਾ ਬੰਦਾ ਸਿੰਘ ਨੇ ਆਪਣੇ ਗੁਰੂ ਜੀ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਸੀ, ਆਪਣੀ ਜ਼ਿੰਦਗੀ ਦੇ ਅੰਤਿਮ ਦਿਨ ਤਕ ਜਦੋਂ ਕਿ ਉਸ ਦੀ ਬੋਟੀ-ਬੋਟੀ ਕਰ ਦਿੱਤੀ ਗਈ ਸੀ, ਉਹ ਆਪਣੇ ਗੁਰੂ ਦੇ ਮਿਸ਼ਨ ਦਾ ਪੱਕਾ ਸ਼ਰਧਾਲੂ ਰਿਹਾ। ਉਸ ਦੇ ਸਿੱਕੇ ਅਤੇ ਉਸ ਦੀ ਮੋਹਰ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਉਂ ਉਕਰੇ ਹੋਏ ਸਨ, ਜਿਨ੍ਹਾਂ ਨੂੰ ਉਹ ਆਪਣੀ ਸ਼ਕਤੀ ਦਾ ਸਰੋਤ ਸਮਝਦਾ ਸੀ। ਉਸ ਨੇ ਸਿੱਖ ਰਹਿਤ ਦੀ ਪੂਰਨ ਰੂਪ ਵਿਚ ਪਾਲਣਾ ਕੀਤੀ। ਉਸ ਨੇ ਨਾ ਕਦੇ ਰੋਮਾਂ ਦੀ ਬੇਅਦਬੀ, ਨਾ ਤੰਬਾਕੂ ਆਦਿ ਦੀ ਵਰਤੋਂ ਕੀਤੀ ਅਤੇ ਨਾ ਹੀ ਪਰਾਈ ਇਸਤਰੀ ਵੱਲ ਨਜ਼ਰ ਚੁੱਕ ਕੇ ਦੇਖਿਆ। ਯੁੱਧਾਂ ਦੀ ਹਾਲਤ ਵਿੱਚੋਂ ਮਿਲਣ ਵਾਲੇ ਲਾਲਚਾਂ, ਉਸ ਦੀ ਅਣਵੰਗਾਰੀ ਸਥਿਤੀ ਅਤੇ ਉਸ ਦੇ ਵੈਰੀਆਂ ਵੱਲੋਂ ਮਿਲਣ ਵਾਲੀ ਉਕਸਾਹਟ ਤੇ ਉਦਾਹਰਣ ਹੁੰਦੇ ਹੋਏ ਵੀ ਉਹ ਸ਼ੁੱਧ ਅਤੇ ਪਵਿੱਤਰ ਰਿਹਾ। ਧਰਮ ਪ੍ਰਚਾਰ ਲਈ ਉਸ ਦੀ ਲਗਨ ਯੁੱਧ ਲਈ ਉਸ ਦੇ ਜੋਸ਼ ਤੋਂ ਕੋਈ ਘੱਟ ਨਹੀਂ ਸੀ।”

ਵਿਸ਼ਵ ਦੇ ਇਸ ਮਹਾਨ ਜਰਨੈਲ ਵੱਲੋਂ ਦਿੱਲੀ ਲੰਘਦਿਆਂ ਸਾਰ ਹੀ ਜੰਗਾਂ-ਯੁੱਧਾਂ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ, ਛੱਤ-ਬਨੂੜ, ਸਰਹਿੰਦ, ਕਲਾਨੌਰ ਤੇ ਬਟਾਲਾ ਆਦਿ ਤੋਂ ਛੁਟ ਦਰਜਨ ਕੁ ਹੋਰ ਛੋਟੀਆਂ-ਵੱਡੀਆਂ ਲੜਾਈਆਂ ਲੜੀਆਂ। ਇਨ੍ਹਾਂ ਸਾਰੀਆਂ ਲੜਾਈਆਂ ਵਿੱਚੋਂ ਸਰਹਿੰਦ ਦੀ ਲੜਾਈ ਸਭ ਤੋਂ ਅਹਿਮ ਤੇ ਮਹੱਤਵਪੂਰਨ ਹੈ। ਇਹ ਲੜਾਈ ਸਰਹਿੰਦ ਤੋਂ ਤਕਰੀਬਨ 10-12 ਕੋਹ ਦੂਰ ਚੱਪੜਚਿੜੀ ਦੇ ਮੈਦਾਨ ’ਚ ਹੋਈ। ਵਜ਼ੀਰ ਖਾਨ ਮਾਰਿਆ ਗਿਆ ਅਤੇ ਸਿੱਖ 14 ਮਈ 1710 ਈ: ਨੂੰ ਸਰਹਿੰਦ ਵਿਚ ਦਾਖਲ ਹੋਏ। ਸਢੌਰਾ ਤੇ ਨਾਹਨ ਵਿਚਕਾਰ ਬਾਬਾ ਜੀ ਨੇ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਲੋਹਗੜ੍ਹ ਦਾ ਨਾਂ ਦਿੱਤਾ।

ਸਰਹਿੰਦ ਉੱਤੇ ਹਮਲੇ ਪਿੱਛੇ ਇਕ ਮਹੱਤਵਪੂਰਨ ਮੰਤਵ ਜ਼ਾਲਮ ਰਾਜ ਦੀ ਥਾਂ ਪੰਜਾਬ ਦੇ ਆਮ ਲੋਕਾਂ ਦਾ ਰਾਜ ਸਥਾਪਤ ਕਰਨਾ ਅਤੇ ਸਿੱਖ ਲਹਿਰ ਦਾ ਅਗਲੇਰਾ ਵਿਕਾਸ ਕਰਨਾ ਸੀ। ਇਸ ਲਈ ਬਾਬਾ ਬੰਦਾ ਸਿੰਘ ਦਾ ਸੰਘਰਸ਼ ਸਵੈ-ਰੱਖਿਆ ਤਕ ਹੀ ਸੀਮਤ ਨਹੀਂ ਰਿਹਾ। ਉਨ੍ਹਾਂ ਨੇ ਜਾਬਰ ਰਾਜ ਨਾਲ ਜ਼ੋਰਦਾਰ ਟੱਕਰ ਲਈ। ਉਨ੍ਹਾਂ ਨੇ ਆਮ ਲੋਕਾਂ ਤੇ ਨਿਮਨ ਜਾਤੀਆਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਜਿੱਤੇ ਹੋਏ ਵੱਖ-ਵੱਖ ਇਲਾਕਿਆਂ ਦੇ ਹਾਕਮ ਬਣਾ ਦਿੱਤਾ ਅਤੇ ਜ਼ਿਮੀਂਦਾਰੀ/ਜਾਗੀਰਦਾਰੀ ਪ੍ਰਥਾ ਖ਼ਤਮ ਕਰਕੇ ਜ਼ਮੀਨ ਕਿਸਾਨਾਂ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਨੇ ਫਿਰਕੂ ਜਾਨੂੰਨ ਤੇ ਧਾਰਮਿਕ ਤੁਅੱਸਬਾਂ ਤੋਂ ਉੱਪਰ ਉੱਠ ਕੇ ਸਭ ਨਾਲ ਬਰਾਬਰੀ ਵਾਲਾ ਵਿਹਾਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਉਕਤ ਜਿੱਤਾਂ ਅਤੇ ਪੇਸ਼ ਅਮਾਨਵੀ ਵਿਵਸਥਾ ’ਚ ਚੁੱਕੇ ਲੋਕ-ਹਿੱਤੂ ਕਦਮਾਂ ਨਾਲ ਕਿਰਤੀ-ਕਿਸਾਨ ਤੇ ਦਲਿਤ ਵਰਗ ਉਨ੍ਹਾਂ ਨਾਲ ਜੁੜ ਗਿਆ। ਇਹ ਵਰਤਾਰਾ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਜ਼ਮਾਨੇ ਅਤੇ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਵਾਪਰਨਾ ਸ਼ੁਰੂ ਹੋਇਆ ਸੀ। ਬਾਬਾ ਜੀ ਦੀ ਨਾਂਦੇੜ ਤੋਂ ਪੰਜਾਬ ’ਚ ਆਮਦ ਨਾਲ ਉਕਤ ਵਰਗਾਂ ਨੇ ਉਨ੍ਹਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਦਿੱਲੀ ਤੋਂ ਉੱਤਰ-ਪੱਛਮ ਵਿਚ 50 ਕਿਲੋਮੀਟਰ ਦੂਰ ਖਰਖੋਦਾ ਵਿਚ ਪਹੁੰਚੇ ਤਾਂ ਇਲਾਕੇ ਦੇ ਛੋਟੇ-ਛੋਟੇ ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ। ਬਾਅਦ ਵਿਚ ਬਿਆਸ ਤੇ ਰਾਵੀ ਦੇ ਦੋਵਾਂ ਕਿਨਾਰਿਆਂ ਵੱਲ ਦੇ ਛੋਟੇ ਜ਼ਮੀਨ ਮਾਲਕ ਵੀ ਆਪ ਜੀ ਨਾਲ ਮਿਲ ਗਏ। ਸਰਹਿੰਦ ਦੇ ਸੂਬੇ ਵਿਚ ਵੀ ਅਜਿਹਾ ਹੀ ਵਾਪਰਿਆ। ਇਰਵਿਨ ਆਪਣੀ ਪੁਸਤਕ Later Mughals ਦੇ ਭਾਗ ਪਹਿਲੇ ਦੇ ਸਫਾ ਨੰ: 98 ਉੱਪਰ ਲਿਖਦਾ ਹੈ,

“ਜੋ ਜ਼ਿਮੀਂਦਾਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਦਮ ਮਿਲਾ ਕੇ ਚੱਲੇ ਉਹ ਵਧੇਰੇ ਕਰਕੇ ਜੱਟ ਜਾਂ ਜਾਟ ਸਨ। ਇਹ ਹੈ ਵੀ ਪਿੰਡ ਪੱਧਰ ਦੇ ਜ਼ਿਮੀਂਦਾਰ ਅਤੇ ਕਿਸਾਨ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰਾਂ ਨੂੰ ਹਟਾ ਕੇ ਇਨ੍ਹਾਂ ਕਥਿਤ ਛੋਟੇ ਲੋਕਾਂ ਨੂੰ ਆਪਣੇ ਇਲਾਕੇ ਵਿਚ ਜ਼ਮੀਨ ਦੇ ਮਾਲਕ ਬਣਾਇਆ। ਇਹ ਲੋਕ ਜੋ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲੇ, ਉਨ੍ਹਾਂ ਤੋਂ ਜ਼ਮੀਨ ਦੀ ਮਾਲਕੀ ਦੇ ਹੱਕ ਲੈ ਕੇ ਆਪਣੇ ਪਿੰਡਾਂ ਵਿਚ ਪਰਤੇ ਅਤੇ ਮਾਲਕੀ ਪ੍ਰਾਪਤ ਕਰ ਗਏ।”

ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤ ਸੌ ਸਾਲ ਦੀ ਵਿਦੇਸ਼ੀ ਹਕੂਮਤ ਨੂੰ ਇਕ ਅਤਿ ਜ਼ੋਰਦਾਰ ਝਟਕਾ ਦਿੱਤਾ ਅਤੇ ਉਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਹਿਲਾ ਦਿੱਤੀਆਂ। ਉਨ੍ਹਾਂ ਦੇ ਜਿਊਂਦੇ ਜੀਅ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਤੇ ਫਰੁੱਖਸੀਅਰ ਤੇ ਤਿੰਨ- ਚਾਰ ਸੂਬਿਆਂ ਦੇ ਗਵਰਨਰ ਇਕ ਵੀ ਰਾਤ ਅਮਨ-ਚੈਨ ਨਾਲ ਨਹੀਂ ਸੌਂ ਸਕੇ ਸਨ। ਮੁਗ਼ਲ ਹਾਕਮਾਂ ਦੀ ਕੁੱਲ ਫੌਜ ਦਾ ਦੋ-ਤਿਹਾਈ ਹਿੱਸਾ ਬਾਬਾ ਬੰਦਾ ਸਿੰਘ ਨੂੰ ਕਾਬੂ ਕਰਨ ਲਈ ਛੇ ਸਾਲ ਲੱਗਾ ਰਿਹਾ। ਇਸ ਸਮੇਂ ਦੌਰਾਨ ਲੱਗਭਗ 35 ਹਜ਼ਾਰ ਸਿੱਖ ਸਵੈ-ਮਾਣ ਤੇ ਸਵੈ-ਸ਼ਾਸਨ ਖਾਤਰ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦਾ ਇਹ ਲਹੂ-ਵੀਟਵਾਂ ਸੰਘਰਸ਼ ਆਮ ਕਿਸਾਨਾਂ, ਛੋਟੇ ਜ਼ਿਮੀਂਦਾਰਾਂ ਅਤੇ ਨਿਮਨ ਜਾਤੀਆਂ ਸਮਝੇ ਜਾਂਦੇ ਲੋਕਾਂ ਦਾ ਅਤਿਆਚਾਰੀ ਤੇ ਅਨਿਆਂ ਪੂਰਨ ਰਾਜ (State) ਵਿਰੁੱਧ ਸੀ ਅਤੇ ਸੈਨਾ ਤੇ ਸ਼ਕਤੀ ਦੇ ਮਾਲਕ ਇਸ ਸੰਘਰਸ਼ ਨੂੰ ਦਬਾਉਣ ਵਿਚ ਅਸਫਲ ਹੋਏ। ਬਾਬਾ ਬੰਦਾ ਸਿੰਘ ਦੀ ਅਗਵਾਈ ’ਚ ਇਹ ਆਮ ਪੰਜਾਬੀ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਦੀ ਸ਼ੁਰੂਆਤ ਸੀ। ਜਦੋਂ ਵੀ ਅਤੇ ਜਿਥੇ ਵੀ ਅਜਿਹਾ ਸੰਘਰਸ਼ ਜ਼ਾਲਮਾਂ ਵਿਰੁੱਧ ਚੱਲੇਗਾ ਤੇ ਚੱਲਦਾ ਰਹੇਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਪ੍ਰੇਰਨਾ-ਸ੍ਰੋਤ ਬਣਿਆ ਰਹੇਗਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਵੀ ਇਲਾਕਾ ਜਿੱਤਿਆ, ਉਸ ਨੂੰ ਸੁੰਨਾ ਛੱਡਣ ਦੀ ਥਾਂ ਉਸ ਇਲਾਕੇ ਦੇ ਪ੍ਰਬੰਧਕ ਤੇ ਉਪ-ਪ੍ਰਬੰਧਕ ਨਿਯੁਕਤ ਕੀਤੇ। ਇਹ ਆਮ ਕਰਕੇ ਵੰਚਿਤ-ਵਿਹੂਣੀ ਧਿਰ ’ਚੋਂ ਹੁੰਦੇ ਸਨ। ਇਨ੍ਹਾਂ ਪ੍ਰਬੰਧਕਾਂ ਨੂੰ ਗਰੀਬਾਂ ਤੇ ਦੱਬੇ-ਕੁਚਲੇ ਲੋਕਾਂ ਨਾਲ ਰਿਆਇਤ ਤੇ ਨਿਆਂ ਕਰਨ ਦੀ ਸਖ਼ਤ ਹਦਾਇਤ ਹੁੰਦੀ ਸੀ। ਇਸ ਤਰ੍ਹਾਂ ਦਬਾਏ ਤੇ ਸਤਾਏ ਹੋਏ ਲੋਕਾਂ ਨੇ ਪਹਿਲੀ ਵਾਰ ਅਜ਼ਾਦੀ ਦਾ ਨਿੱਘ ਮਾਣਿਆ। ਸਵੈ-ਸਤਿਕਾਰ ਤੇ ਸਵੈ-ਮਾਣ ਦਾ ਇਕ ਨਵਾਂ ਯੁੱਗ ਸ਼ੁਰੂ ਹੋਇਆ। ਡਾ. ਗੋਕਲ ਚੰਦ ਨਾਰੰਗ ਅਨੁਸਾਰ “ਗੁਰੂ ਗੋਬਿੰਦ ਸਿੰਘ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ਤੋਂ ਮਾਰ ਮੁਕਾਇਆ।” ਡਾ. ਗੰਡਾ ਸਿੰਘ ਵੀ ਉਕਤ ਵਰਣਿਤ ਸਮਝਦਾਰੀ ਦੀ ਪੁਸ਼ਟੀ ਕਰਦਿਆਂ ਲਿਖਦਾ ਹੈ, “ਇਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਸਦਕਾ ਸੀ ਕਿ ਪੰਜਾਬੀਆਂ ਨੇ ਪਹਿਲੀ ਵਾਰ ਸਦੀਆਂ ਬਾਅਦ ਅਜ਼ਾਦੀ ਦਾ ਸਵਾਦ ਚੱਖਿਆ।”

ਔਰੰਗਜ਼ੇਬ ਦੇ ਸਮੇਂ ਮਨਸਬਦਾਰੀ ਤੇ ਜਾਗੀਰਦਾਰੀ ਪ੍ਰਬੰਧ ਵਿਚ ਵੀ ਰਾਜਨੀਤਕ ਤੇ ਆਰਥਿਕ ਪੱਖ ਤੋਂ ਵੱਡੇ ਵਿਗਾੜ ਆਏ। ਭਾਵੇਂ ਇਹ ਪ੍ਰਬੰਧ ਆਮ ਕਿਸਾਨਾਂ ਤੇ ਦਲਿਤਾਂ ਦੀ ਕਰੂਰ ਲੁੱਟ ’ਤੇ ਆਧਾਰਿਤ ਸੀ, ਪਰ ਇਨ੍ਹਾਂ ਵਿਗਾੜਾਂ ਨੇ ਆਮ ਲੋਕਾਂ ਦੀ ਆਰਥਿਕਤਾ ਨੂੰ ਬਰਬਾਦ ਕਰ ਦਿੱਤਾ। ਹਰੇਕ ਮਨਸਬਦਾਰ ਨੂੰ ਨਕਦ ਤਨਖਾਹ ਦੀ ਥਾਂ ਜਾਗੀਰ ਹੀ ਆਮ ਕਰਕੇ ਮਿਲਦੀ ਹੁੰਦੀ ਸੀ। ਦੂਜੇ, ਇਕ ਜਾਗੀਰਦਾਰ ਵਧੇਰੇ ਸਮੇਂ ਲਈ ਇਕ ਹੀ ਜਾਗੀਰ ’ਤੇ ਨਹੀਂ ਸੀ ਰਹਿਣ ਦਿੱਤਾ ਜਾਂਦਾ। ਹਾਕਮ ਜਾਗੀਰਦਾਰਾਂ ਨੂੰ ਏਧਰੋਂ-ਉੱਧਰ ਕਰਦੇ ਹੀ ਰਹਿੰਦੇ ਸਨ। ਇਸ ਅਨਿਸ਼ਚਿਤਤਾ ਕਾਰਨ ਜਾਗੀਰਦਾਰ ਆਪਣੇ ਇਲਾਕੇ ਦੇ ਕਿਸਾਨਾਂ ਦੀ ਵੱਧ ਤੋਂ ਵੱਧ ਲੁੱਟ ਕਰਨ ਦੇ ਜਤਨ ਜਾਰੀ ਰੱਖਦੇ ਸਨ। ਜਾਗੀਰਦਾਰਾਂ ਤੇ ਮਨਸਬਦਾਰਾਂ ਦੀ ਗਿਣਤੀ ਵਧਣ ਕਾਰਨ ਜਾਗੀਰਾਂ ਦੀ ਅਲਾਟਮੈਂਟ ਵੀ ਪੈਸੇ ਤੇ ਪਹੁੰਚ ਸਦਕਾ ਹੁੰਦੀ ਸੀ। ਕਈ ਵਾਰ ਅਲਾਟਮੈਂਟ ਹੋ ਜਾਂਦੀ ਸੀ ਪਰ ਜਾਗੀਰ ਦਾ ਕਬਜ਼ਾ ਨਹੀਂ ਸੀ ਮਿਲਦਾ। ਜਾਗੀਰ ਪ੍ਰਾਪਤੀ ਲਈ ਜਾਗੀਰਦਾਰਾਂ ਦਰਮਿਆਨ ਆਪਸੀ ਤਣਾਉ ਤੇ ਟਕਰਾਉ ਵੀ ਬਣਿਆ ਰਹਿੰਦਾ ਸੀ, ਪਰ ਰਗੜਾ ਹਮੇਸ਼ਾਂ ਆਮ ਲੋਕਾਂ ਦਾ ਬੱਝਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮਨਸਬਦਾਰੀ ਪ੍ਰਬੰਧ ਤੇ ਹਲਵਾਹਕਾਂ ਦੀਆਂ ਸਮੱਸਿਆਵਾਂ ਨੂੰ ਬਾਰੀਕੀ ਨਾਲ ਸਮਝਿਆ ਅਤੇ ਸਰਹਿੰਦ ਫਤਹਿ ਤੋਂ ਬਾਅਦ ਜ਼ਮੀਨ ਹਲਵਾਹਕ ਨੂੰ ਦੇਣ ਦਾ ਇਤਿਹਾਸਕ ਫੈਸਲਾ ਲਿਆ। ਇਸ ਤਰ੍ਹਾਂ ਕਿਸਾਨ ਤੇ ਛੋਟਾ ਜ਼ਿਮੀਂਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਾ ਅਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਪ੍ਰੇਰਿਤ ਹੋ ਕੇ ਬਾਬਾ ਜੀ ਦੀ ਮਦਦ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਵੀ ਇਲਾਕਾ ਜਿੱਤਿਆ, ਉਸ ਦੀ ਜ਼ਮੀਨ ਜਾਗੀਰਦਾਰਾਂ ਕੋਲੋਂ ਖੋਹ ਕੇ ਕਿਸਾਨਾਂ ਤੇ ਛੋਟੇ ਜ਼ਿਮੀਂਦਾਰਾਂ ਵਿਚ ਵੰਡ ਦਿੱਤੀ। ਪੰਜਾਬ ਵਿਚ ਜਾਗੀਰਦਾਰੀ ਪ੍ਰਬੰਧ ਅਤੇ ਜਾਗੀਰੂ ਕਦਰਾਂ-ਕੀਮਤਾਂ ਦਾ ਡੰਗ ਓਨਾ ਤਿੱਖਾ ਨਹੀਂ ਹੈ ਤਾਂ ਇਸ ਦਾ ਮਾਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਜਾਂਦਾ ਹੈ। ਇਸ ਦੇ ਦੋ ਲਾਜ਼ਮੀ ਸਿੱਟੇ ਨਿਕਲੇ।

1. ਉਨ੍ਹਾਂ ਨੂੰ ਜਿਹੜੀ ਵੀ ਸਹਾਇਤਾ ਮਿਲੀ ਉਹ ਛੋਟੇ ਤੇ ਗਰੀਬ ਕਿਸਾਨਾਂ ਤੋਂ ਹੀ ਪ੍ਰਾਪਤ ਹੋਈ।

2. ਜਾਗੀਰਦਾਰ ਤੇ ਗ਼ੈਰ-ਜੱਟ ਜ਼ਿਮੀਂਦਾਰ ਵੱਖ-ਵੱਖ ਕਾਰਨਾਂ ਕਰਕੇ ਮੁਗ਼ਲ ਹਾਕਮਾਂ ਨਾਲ ਹੀ ਰਹੇ। ਜ਼ਮੀਨ ਹਲਵਾਹਕ ਨੂੰ ਦੇਣ ਦੀ ਨੀਤੀ ਸਿੱਖ ਦਰਸ਼ਨ ਤੇ ਗੁਰਬਾਣੀ ਦੇ ਉਦੇਸ਼ਾਂ ਨੂੰ ਲਾਗੂ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਮਝਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਮੇਂ ਦੇ ਸ਼ਾਸਕਾਂ ਤੇ ਉਨ੍ਹਾਂ ਦੇ ਚੌਧਰੀਆਂ ਤੋਂ ਪ੍ਰਾਪਤ ਹੋਏ ਮਾਲ ਨੂੰ ਲੋਕਾਂ ਦਰਮਿਆਨ ਆਪ ਵੰਡਦਾ ਸੀ ਅਤੇ ਆਪਣੀ ਨਿਗਰਾਨੀ ਹੇਠ ਵੰਡ ਕਰਵਾਉਂਦਾ ਸੀ। ਘੁੜਾਮ ’ਤੇ ਹਮਲੇ ਸਮੇਂ ਬਾਬਾ ਜੀ ਨੇ ਹੁਕਮ ਦਿੱਤਾ ਸੀ ਕਿ ਘੋੜੇ ਤੇ ਝੋਟੇ ਛੱਡ ਕੇ ਪ੍ਰਾਪਤ ਹੋਈਆਂ ਗਊਆਂ ਤੇ ਮੱਝਾਂ ਜੋ ਆਮ ਲੋਕਾਂ ਦੀਆਂ ਸਨ, ਵਾਪਸ ਕਰ ਦਿੱਤੀਆਂ ਜਾਣ। ਭਾਈ ਰਤਨ ਸਿੰਘ (ਭੰਗੂ) ਅਨੁਸਾਰ ਜਿਹੜਾ ਵੀ ਭੁੱਖਾ ਬਾਬਾ ਬੰਦਾ ਸਿੰਘ ਬਹਾਦਰ ਪਾਸ ਆਇਆ, ਉਸ ਦੀ ਉਨ੍ਹਾਂ ਨੇ ਭੁੱਖ ਦੂਰ ਕਰ ਦਿੱਤੀ। ਛੋਟੀਆਂ-ਵੱਡੀਆਂ ਸਾਰੀਆਂ ਲੜਾਈਆਂ ਤੋਂ ਬਾਅਦ ਜਾਬਰਾਂ ਤੋਂ ਪ੍ਰਾਪਤ ਧਨ, ਮਾਲ ਆਦਿ ਆਪਣੀ ਸੈਨਾ ਤੇ ਲੋਕਾਂ ’ਚ ਵੰਡ ਦਿੱਤਾ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਦਾ ਕਾਰਜਕਾਲ ਕੇਵਲ ਪੌਣੇ ਕੁ ਅੱਠ ਸਾਲ ਦਾ ਬਣਦਾ ਹੈ, ਪਰ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਦੀਆਂ ਅੱਖਾਂ ’ਚ ਉਨ੍ਹਾਂ ਨੇ ਸਵੈ-ਵਿਸ਼ਵਾਸ, ਸਵੈ-ਮਾਣ ਤੇ ਸੁਤੰਤਰਤਾ ਦੇ ਨਾ ਬੁਝਣ ਵਾਲੇ ਚਿਰਾਗ ਜਗਾ ਦਿੱਤੇ। ਭਾਰਤੀ ਇਤਿਹਾਸ ਵਿਚ ਪਹਿਲੀ ਵਾਰ, ਕਿਸਾਨਾਂ ਨੂੰ, ਜੋ ਕਿ ਅਸਲ ਵਿਚ ਮੁਜਾਰੇ ਸਨ ਅਤੇ ਜ਼ਮੀਨ ਜੋ ਜਾਗੀਰਦਾਰਾਂ ਜਾਂ ਵੱਡੇ ਜ਼ਿਮੀਂਦਾਰਾਂ ਦੀ ਸੀ, ਇਸ ਦੇ ਮਾਲਕ ਬਣਾ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਥੋੜ੍ਹ-ਚਿਰਾ ਰਾਜ ਅਸਲ ਵਿਚ ਵਕਤੀ ਸੈਨਿਕ ਕਬਜ਼ਾ ਸੀ। ਇਸੇ ਲਈ ਡਾ. ਗੰਡਾ ਸਿੰਘ ਲਿਖਦਾ ਹੈ,

“ਇੱਕੋ ਖਾਸ ਗੱਲ ਜੋ ਬਾਬਾ ਬੰਦਾ ਸਿੰਘ ਕਰ ਸਕਿਆ, ਉਹ ਸੀ ਮੁਗ਼ਲਾਂ ਦੇ ਜ਼ਿਮੀਂਦਾਰੀ ਢੰਗ ਨੂੰ ਖਤਮ ਕਰ ਦੇਣਾ। ਨਿੱਜੀ ਅਮਲੀ ਤਜਰਬੇ ਤੋਂ ਸਿੰਘਾਂ ਨੂੰ ਪਤਾ ਸੀ ਕਿ ਰਈਅਤ ਇਸ ਤੋਂ ਬਹੁਤ ਦੁਖੀ ਹੈ ਅਤੇ ਉਨ੍ਹਾਂ ਨੂੰ ਸੁਖ ਕੇਵਲ ਇਸ ਦੇ ਮਿਟਾ ਦੇਣ ਨਾਲ ਹੀ ਹੋ ਸਕਦਾ ਹੈ। ‘ਸਹੀ ਉਲ-ਅਖ਼ਬਾਰ’ ਦਾ ਕਰਤਾ ਲਿਖਦਾ ਹੈ ਕਿ ਬਾਦਸ਼ਾਹਾਂ ਦੇ ਵੇਲੇ ਹਰ ਉਹ ਆਦਮੀ ਜੋ ਪੁਰਾਣੇ ਸਮੇਂ ਕਈ ਪਰਗਨਿਆਂ ਦਾ ਮਾਲਕ ਚਲਾ ਆਉਂਦਾ ਸੀ, ਜ਼ਿਮੀਂਦਾਰ ਅਖਵਾਉਂਦਾ ਸੀ। ਇਹ ਮਨ-ਮਰਜ਼ੀ ਨਾਲ ਕਿਸਾਨਾਂ ਨੂੰ ਰੱਖ ਅਤੇ ਕੱਢ ਸਕਦਾ ਸੀ। ਇਹ ਜ਼ਿਮੀਂਦਾਰ ਆਮ ਤੌਰ ’ਤੇ ਵੱਡੇ ਸਰਕਾਰੀ ਅਫਸਰ ਹੁੰਦੇ ਸਨ ਜੋ ਆਪਣੇ ਆਪ ਵਿਚ ਹੀ ਮਨਮੌਜੀ ਬਾਦਸ਼ਾਹ ਵਾਂਗ ਹੁੰਦੇ ਸਨ ਅਤੇ ਕਿਸੇ ਦੀ ਘੱਟ ਹੀ ਪਰਵਾਹ ਕਰਦੇ ਸਨ। ਸਰਕਾਰੀ ਹਾਕਮ ਵੀ ਉਦੋਂ ਤਕ ਇਨ੍ਹਾਂ ਦੇ ਅੰਦਰੂਨੀ ਪ੍ਰਬੰਧ ਵਿਚ ਦਖ਼ਲ ਨਹੀਂ ਸੀ ਦਿੰਦੇ ਜਦੋਂ ਤਕ ਇਹ ਨਿਯਤ ਸਰਕਾਰੀ ਮਾਮਲਾ ਤਾਰਦੇ ਰਹਿੰਦੇ ਸਨ। ਸਰਕਾਰ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਸੀ ਕਿ ਇਹ ਜ਼ਿਮੀਂਦਾਰ ਲੋਕ ਆਪ ਕਿੰਨੀ ਤੇ ਕਿਵੇਂ ਉਗਰਾਹੀ ਕਰਦੇ ਹਨ। ਨਤੀਜਾ ਇਹ ਹੁੰਦਾ ਸੀ ਕਿ ਹਲਵਾਹਕ ਲੋਕਾਂ ਦੀ ਦਸ਼ਾ ਹੌਲੀ-ਹੌਲੀ ਪ੍ਰਾਧੀਨ ਦਾਸਾਂ ਵਰਗੀ ਹੋ ਜਾਂਦੀ ਸੀ।… ਸਿੱਖ ਬਹੁਤੇ ਚੂੰਕਿ ਪੇਂਡੂ ਕਿਸਾਨਾਂ ਵਿੱਚੋਂ ਬਣੇ ਹੋਏ ਸਨ ਇਸ ਲਈ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੀੜ ਕਿੱਥੇ ਅਤੇ ਕਿੱਥੋਂ ਹੋ ਰਹੀ ਹੈ। ਜ਼ਿਮੀਂਦਾਰ ਪ੍ਰਬੰਧ ਹੇਠ ਲੋਕਾਂ ਉੱਤੇ ਹੋ ਰਹੇ ਜ਼ੁਲਮ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਇਸ ਲਈ ਹੱਥ ਵਿਚ ਤਾਕਤ ਆ ਜਾਣ ਨਾਲ ਜੋ ਕੰਮ ਕੁਦਰਤੀ ਤੌਰ ਉੱਤੇ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਜਾਂ ਉਨ੍ਹਾਂ ਨੇ ਕੀਤਾ ਉਹ ਸੀ ਇਸ ਜ਼ਿਮੀਂਦਾਰੀ ਨਿਜ਼ਾਮ ਨੂੰ ਜੜ੍ਹੋਂ ਪੁੱਟ ਦੇਣਾ। ਸਿੱਖ ਇਸ ਵਡਿਆਈ ਦੇ ਸਭ ਤੋਂ ਵੱਧ ਭਾਗੀ ਹਨ ਕਿ ਉਨ੍ਹਾਂ ਨੇ ਆਪਣੇ ਸੀਮਿਤ ਸਮੇਂ ਇਸ ਪਲੇਠੇ ਰਾਜ ਵਿਚ ਇਕ ਬੜਾ ਵੱਡਾ ਸੁਧਾਰ ਕਰਕੇ ਰੱਖ ਦਿੱਤਾ। ਅਸਲੀ ਹਲਵਾਹਕ ਭੋਇੰ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਦੇ ਇਲਾਕੇ ਵਿੱਚੋਂ ਇਹ ਸਦਾ ਵਗਦਾ ਮੋਮਲੀ ਫੋੜਾ ਹਟ ਗਿਆ।” (ਬੰਦਾ ਸਿੰਘ ਬਹਾਦਰ, ਸਫਾ 45)

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

#142, ਅਰਬਨ ਅਸਟੇਟ ਬਟਾਲਾ (ਗੁਰਦਾਸਪੁਰ)-143505.

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)