editor@sikharchives.org

ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆ

ਸ. ਬਘੇਲ ਸਿੰਘ ਦਾ ਜੀਵਨ ਇਕ ਵਹਿੰਦੇ ਨਿਰਮਲ ਚਸ਼ਮੇ ਵਾਂਗ ਸੀ। ਉਨ੍ਹਾਂ ਦੇ ਮਿਸਾਲੀ ਜੀਵਨ, ਉੱਚੇ ਆਚਰਨ, ਵਿਲੱਖਣ ਕਾਰਨਾਮੇ, ਪ੍ਰਾਪਤੀਆਂ, ਬਹਾਦਰੀ ਦੇ ਜੌਹਰ ਆਦਿ ਸਾਰੇ ਮਹਾਨ ਪੱਖ ਸਾਂਭਣ ਯੋਗ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਅਕਾਲ ਪੁਰਖ ਨੇ ਜਿੱਥੇ ਰੰਗ-ਬਰੰਗੀ ਪ੍ਰਕਿਰਤੀ, ਨਦੀਆਂ, ਨਾਲੇ, ਚਸ਼ਮੇ, ਝਰਨੇ, ਉੱਚੀਆਂ ਅਸਮਾਨ ਛੂੰਹਦੀਆਂ ਪਹਾੜੀਆਂ, ਵਿਸ਼ਾਲ ਸਾਗਰ, ਫੁੱਲ- ਫਲ, ਭਾਂਤ-ਭਾਂਤ ਦੇ ਅਨਾਜ, ਮਿੱਠੇ ਜਾਂ ਖਾਰੇ ਜਲ ਦੇ ਸੋਮੇ, ਭਾਂਤ-ਭਾਂਤ ਦੇ ਪਸ਼ੂ, ਪੰਛੀ ਆਦਿ ਪੈਦਾ ਕੀਤੇ ਹਨ ਉਥੇ ਪਰਮਾਤਮਾ ਨੇ ਵੱਖ-ਵੱਖ ਸ਼ਕਲਾਂ, ਸੂਰਤਾਂ, ਧਰਮਾਂ, ਨਸਲਾਂ, ਰੰਗਾਂ, ਵਿਸ਼ਵਾਸਾਂ ਅਤੇ ਛੋਟੇ-ਵੱਡੇ ਸਰੀਰਕ ਅਕਾਰਾਂ ਵਾਲੇ ਮਨੁੱਖ-ਮਾਤਰ ਪੈਦਾ ਕੀਤੇ ਹਨ। ਇਸ ਰੰਗ-ਬਰੰਗੀ ਦੁਨੀਆਂ ਵਿਚ ਸਮੇਂ-ਸਮੇਂ ਬਹਾਦਰ ਯੋਧੇ, ਸੂਰਮੇ ਅਤੇ ਮਹਾਂਬਲੀ ਵੀ ਪੈਦਾ ਹੁੰਦੇ ਰਹੇ ਹਨ, ਜਿਨ੍ਹਾਂ ਨੇ ਨਵੇਂ ਇਤਿਹਾਸ ਹੀ ਨਹੀਂ ਸਿਰਜੇ ਸਗੋਂ ਇਤਿਹਾਸ ਦੇ ਵਹਿਣ ਹੀ ਮੋੜ ਦਿੱਤੇ। ਸਮੇਂ-ਸਮੇਂ ਦੁਨੀਆਂ ਵਿਚ ਪੀਰ, ਫ਼ਕੀਰ, ਪੈਗ਼ੰਬਰ, ਔਲੀਏ, ਸੰਤ, ਮਹਾਂਪੁਰਖ ਵੀ ਪੈਦਾ ਹੋਏ, ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਅਮਲੀ ਜੀਵਨ ਦੁਆਰਾ ਮਨੁੱਖ-ਮਾਤਰ ਨੂੰ ਅਧਿਆਤਮਿਕਤਾ ਦੇ ਰਾਹ ਤੋਰਿਆ। ਕਈ ਹੱਕ, ਸੱਚ, ਨਿਆਏ, ਧਾਰਮਿਕ ਅਜ਼ਾਦੀਆਂ, ਮਨੁੱਖੀ ਅਧਿਕਾਰਾਂ ਅਤੇ ਪਰਉਪਕਾਰ ਦੇ ਖੇਤਰ ਵਿਚ ਸੰਘਰਸ਼ ਕਰਦਿਆਂ ਲੋਕ ਨਾਇਕ ਹੋ ਨਿੱਬੜੇ, ਜਿਨ੍ਹਾਂ ਦਾ ਮਾਣ, ਸਨਮਾਨ ਅਤੇ ਸਤਿਕਾਰ ਹਰ ਸਮੇਂ ਹੀ ਕਾਇਮ ਰਿਹਾ ਹੈ ਅਤੇ ਉਹ ਭਵਿੱਖ ਲਈ ਵੀ ਇਕ ਰੋਸ਼ਨ ਮੀਨਾਰੇ ਦਾ ਕਾਰਜ ਕਰਦੇ ਰਹਿਣਗੇ। ਜਿਨ੍ਹਾਂ ਨੇ ਲੋਕਾਂ ਦੀ ਲੁੱਟ-ਖਸੁੱਟ ਕੀਤੀ ਤੇ ਜ਼ਰ, ਜ਼ੋਰੂ ਤੇ ਜ਼ਮੀਨ ਅਤੇ ਆਪਣੇ ਨਿੱਜੀ ਮੁਫ਼ਾਦ ਲਈ ਜੰਗ-ਯੁੱਧ ਕੀਤੇ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਇਆ ਅਤੇ ਆਪਣੀਆਂ ਅਮੁੱਕ ਅਤੇ ਨਾ ਪੂਰੀਆਂ ਹੋਣ ਵਾਲੀਆਂ ਲਾਲਸਾਵਾਂ, ਤ੍ਰਿਸ਼ਨਾਵਾਂ ਦੀ ਪੂਰਤੀ ਹਿੱਤ ਬੇਅਰਥ ਯੁੱਧ ਕੀਤੇ, ਅਜਿਹੇ ਬਾਹੂਬਲੀਆਂ ਨੂੰ ਨਾ ਤਾਂ ਉਨ੍ਹਾਂ ਦੇ ਸਮੇਂ ਅਤੇ ਨਾ ਹੀ ਉਸ ਤੋਂ ਪਿਛੋਂ ਉਨ੍ਹਾਂ ਨੂੰ ਕੋਈ ਸਤਿਕਾਰ ਜਾਂ ਸਨਮਾਨ ਪ੍ਰਾਪਤ ਹੋਇਆ, ਸਗੋਂ ਉਹ ਨਫ਼ਰਤ ਦੇ ਪਾਤਰ ਹੀ ਬਣੇ। ਨੈਪੋਲੀਅਨ ਬੋਨਾਪਾਰਟ, ਚੰਗੇਜ਼ ਖਾਨ, ਹਲਾਕੂ, ਬਿਸਮਾਰਕ, ਮਹਾਨ ਕਹਾਉਣ ਵਾਲੇ ਸਿਕੰਦਰ ਅਤੇ ਚਰਚਿਲ ਆਦਿ ਵਰਗੇ ਅਨੇਕਾਂ ਜਰਨੈਲ ਹੋਏ ਹਨ, ਇਨ੍ਹਾਂ ਨੇ ਆਪਣੇ ਰਾਜ-ਭਾਗ ਦੀ ਵਿਸ਼ਾਲਤਾ ਲਈ ਜੰਗ-ਯੁੱਧ ਕੀਤੇ ਅਤੇ ਇਨ੍ਹਾਂ ਜੰਗਾਂ-ਯੁੱਧਾਂ ਵਿਚ ਇਨ੍ਹਾਂ ਦੀ ਜ਼ਾਤੀ ਹਉਮੈ ਹੀ ਪ੍ਰਧਾਨ ਸੀ, ਭਾਵੇਂ ਇਨ੍ਹਾਂ ਨੇ ਦੁਨੀਆਂ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸੂਰਮੇ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕੀਤਾ, ਉਹ ‘ਸਚਿਆਰ’ ਮਨੁੱਖ ਸੀ, ਜੋ ਧਰਮ ਦੀ ਮੂਰਤ ਸੀ। ਪਰਉਪਕਾਰ ਦਾ ਮੁਜਸੱਮਾ ਸੀ, ਨੇਕੀ ਦਾ ਸੋਮਾ ਸੀ, ਕਿਰਤੀ ਸੀ, ਵੰਡ ਛਕਣ ਵਾਲਾ ਸੀ, ਸੇਵਾ ਅਤੇ ਸਿਮਰਨ ਨਾਲ ਪਰਨਾਇਆ ਹੋਇਆ ਸੀ। ਇਹ ਨਿਰਵੈਰੁ ਅਤੇ ਨਿਰਭਉ ਸੀ। ਇਹ ਮੌਤ ਦੇ ਡਰ ਤੋਂ ਮੁਕਤ ਸੀ, ਦਾਨੀ ਸੀ, ਤਿਆਗੀ ਸੀ। ਦਾਤਾ ਸੀ, ਗ੍ਰਿਹਸਤੀ ਸੀ। ਜਿਸ ਨੂੰ “ਅਪਨਾ ਬਿਗਾਰਿ ਬਿਰਾਂਨਾ ਸਾਂਢੈ” ਦਾ ਉਪਦੇਸ਼ ਗੁਰੂ ਸਾਹਿਬ ਨੇ ਪਰਪੱਕ ਕਰਾਇਆ ਸੀ। ਇਹੋ ‘ਸਚਿਆਰ’ ਮਨੁੱਖ ਮੈਦਾਨ-ਏ-ਜੰਗ ਵਿਚ ਮਹਾਂਬਲੀ ਸੀ, ਸੂਰਮਾ ਸੀ, ਬੇਜੋੜ ਯੋਧਾ ਸੀ। ਇਹ ਆਪਣੇ ਨਿੱਜੀ ਮੁਫ਼ਾਦ, ਖ਼ੁਦਪ੍ਰਸਤੀ, ਲਾਲਚ, ਹਉਮੈ ਕਾਰਨ ਨਹੀਂ ਜੂਝਿਆ ਸਗੋਂ ਹਮੇਸ਼ਾਂ ਹੀ ਹੱਕ, ਸੱਚ, ਨਿਆਏ, ਧਾਰਮਿਕ ਅਜ਼ਾਦੀਆਂ, ਮਨੁੱਖੀ ਅਧਿਕਾਰਾਂ ਲਈ ਜੂਝਿਆ। ਜਬਰ, ਜ਼ੁਲਮ-ਜ਼ਾਲਮ, ਧੱਕਾ ਅਤੇ ਬੇਇਨਸਾਫ਼ੀ ਵਿਰੁੱਧ ਡੱਟ ਕੇ ਸੰਘਰਸ਼ਸ਼ੀਲ ਹੋਇਆ ਅਤੇ ਇਨ੍ਹਾਂ ਦੇ ਕਾਰਨਾਮਿਆਂ ਅਤੇ ਜੀਵਨ ਨੇ ‘ਮਹਾਂਬਲੀ ਜੰਗਜੂ-ਸੂਰਮਿਆਂ’ ਦੇ ਅਰਥ ਹੀ ਬਦਲ ਦਿੱਤੇ। ਇਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ, ਜੋ ਲਾਮਿਸਾਲ ਹੈ, ਅਦੁੱਤੀ ਹੈ, ਨਿਵੇਕਲਾ ਹੈ। ਗੁਰੂ ਸਾਹਿਬਾਨ ਨੇ ਆਪ ਅਜਿਹਾ ਮਿਸਾਲੀ ਜੀਵਨ ਜੀਵਿਆ, ਜਿਸ ਨਾਲ ਲੋਕਾਂ ਖਾਸ ਕਰਕੇ ਆਪਣੇ ਸਿੱਖਾਂ ਦੇ ਸਾਹਮਣੇ ਇਕ ਮਿਸਾਲ, ਜੀਵਨ-ਰੋਲ-ਮਾਡਲ ਪੇਸ਼ ਕੀਤਾ। ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਸੰਸਾਰ ਨੇ ਅਨੇਕਾਂ ਹੀ ਅਨੋਖੇ ਕਿਸਮ ਦੇ ਮਰਜੀਵੜੇ ਜਰਨੈਲਾਂ ਨੂੰ ਲੋਕ-ਹਿੱਤਾਂ ਲਈ ਜੂਝਦਿਆਂ ਅਤੇ ਸ਼ਹੀਦੀਆਂ ਪਾਉਂਦਿਆਂ ਵੇਖਿਆ। ਇਨ੍ਹਾਂ ਵਿੱਚੋਂ ਇਕ ਸਨ, ਮਹਾਨ ਸਿੱਖ ਜਰਨੈਲ ਸ. ਬਘੇਲ ਸਿੰਘ ਜੀ।

ਜਥੇਦਾਰ ਬਘੇਲ ਸਿੰਘ ਭਾਵੇਂ ਦੇਸ਼-ਦੁਨੀਆਂ ਅਤੇ ਖਾਸ ਕਰਕੇ ਸਿੱਖ ਜਰਨੈਲਾਂ ਵਿਚਕਾਰ ਆਪਣੀ ਨਿਵੇਕਲੀ ਥਾਂ ਰੱਖਦੇ ਹਨ, ਪਰੰਤੂ ਉਨ੍ਹਾਂ ਬਾਰੇ ਕੋਈ ਬਹੁਤਾ ਲਿਖਿਆ ਨਹੀਂ ਗਿਆ। ਇਹ ਸਚਾਈ ਵੀ ਆਮ ਤੌਰ ’ਤੇ ਮੰਨੀ ਗਈ ਹੈ ਕਿ ਸਿੱਖ ਕੌਮ ਸ਼ਾਨਦਾਰ, ਲਾਮਿਸਾਲ ਅਤੇ ਵਿਲੱਖਣ ਇਤਿਹਾਸ ਸਿਰਜਦੀ ਤਾਂ ਹੈ, ਪਰੰਤੂ ਇਸ ਸ਼ਾਨਾਂਮੱਤੇ ਇਤਿਹਾਸ ਨੂੰ ਸਾਂਭਦੀ ਨਹੀਂ। ਸ਼ਾਇਦ ਐਸਾ ਹਾਲਾਤ ਕਾਰਨ ਹੀ ਹੋਇਆ ਹੈ। ਜਿਨ੍ਹਾਂ ਅਤਿ ਸੰਘਰਸ਼ੀ, ਉੱਥਲ-ਪੁੱਥਲ, ਨਾਪਾਇਦਾਰੀ, ਭਾਰਤੀ ਲੋਕਾਂ ਦੇ ਨਿਰਾਰਥਕ ਰਵੱਈਏ ਵਿੱਚੋਂ ਦੀ ਨਿਕਲਣਾ ਪਿਆ; ਘਰ-ਬਾਰ ਘੋੜਿਆਂ ਦੀਆਂ ਕਾਠੀਆਂ ਉੱਤੇ ਹੀ ਰਹੇ। ਦੂਜਿਆਂ ਦੇ ਘਰ-ਘਾਟਾਂ ਦੀ ਰਾਖੀ ਕਰਦਿਆਂ ਆਪਣਾ ਘਰ-ਘਾਟ ਨਹੀਂ ਬਣਾ ਸਕੇ। ਸਮਾਂ ਅਤਿ ਭੀੜਾਵਲਾ ਸੀ।

ਸ. ਬਘੇਲ ਸਿੰਘ ਕਰੋੜਾਸਿੰਘੀਆ ਬਾਰੇ ਵੱਖ-ਵੱਖ ਲਿਖਾਰੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸ. ਬਘੇਲ ਸਿੰਘ ਬਾਰੇ ਇਹੋ ਪਤਾ ਲੱਗਦਾ ਹੈ ਕਿ ਉਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸਕ ਨਗਰ ਝਬਾਲ ਵਿਖੇ ਰਹਿੰਦੇ ਸਨ। ਬਚਪਨ ਉਪਰੰਤ ਇਥੋਂ ਚਲੇ ਗਏ ਅਤੇ ਇਹ ਪਹਿਲਾਂ-ਪਹਿਲ ਨਵਾਬ ਕਪੂਰ ਸਿੰਘ ਦੇ ਡੇਰੇ ਵਿਚ ਸੇਵਾ ਕਰਨ ਲੱਗੇ। ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਸ਼ਸਤਰ-ਵਿੱਦਿਆ ਅਤੇ ਘੋੜ-ਸਵਾਰੀ ਸਿੱਖ ਕੇ ਇਕ ਯੋਧਾ ਬਣ ਕੇ ਦਲ ਖਾਲਸਾ ਦੇ ਨਾਲ ਜੰਗਾਂ-ਯੁੱਧਾਂ ਵਿਚ ਭਾਗ ਲੈਣ ਲੱਗੇ। ਹੌਲੀ-ਹੌਲੀ ਇਨ੍ਹਾਂ ਨੇ 300 ਘੋੜ-ਸਵਾਰਾਂ ਦਾ ਜਥਾ ਕਾਇਮ ਕਰ ਲਿਆ। 1739 ਈ: ਵਿਚ ਉਸ ਜਥੇਦਾਰ ਦੀ ਮ੍ਰਿਤੂ ਤੋਂ ਬਾਅਦ ਉਸ ਦਾ ਭਤੀਜਾ ਸ. ਕਰਮ ਸਿੰਘ ਜਥੇ ਦਾ ਆਗੂ ਬਣਿਆ। ਸ. ਕਰਮ ਸਿੰਘ ਦਾ ਵੀ ਅੱਗੋਂ ਕੋਈ ਵਾਰਸ ਨਹੀਂ ਸੀ। ਇਸ ਲਈ ਉਸ ਤੋਂ ਪਿੱਛੋਂ ਸ. ਕਰੋੜਾ ਸਿੰਘ ਇਸ ਜਥੇ ਦਾ ਆਗੂ ਥਾਪਿਆ ਗਿਆ। ਇਸ ਨੇ ਸ. ਸ਼ਾਮ ਸਿੰਘ ਕੋਲੋਂ ਅੰਮ੍ਰਿਤ ਛਕਿਆ ਸੀ। ਇਸ ਦੇ ਨਾਂ ਤੋਂ ਹੀ ਮਿਸਲ ਦਾ ਨਾਂ ਕਰੋੜਾਸਿੰਘੀਆ ਪੈ ਗਿਆ। ਇਹ ਬਹੁਤ ਬਹਾਦਰ ਆਗੂ ਸੀ। ਇਸ ਦੀ ਅਗਵਾਈ ਹੇਠ ਸੱਤ-ਅੱਠ ਹਜ਼ਾਰ ਸਿੰਘ ਸਿਪਾਹੀ ਅਤੇ ਘੋੜ-ਸਵਾਰ ਰਹਿੰਦੇ ਸਨ। ਸੰਨ 1761 ਵਿਚ ਤਰਾਵੜੀ ਦੇ ਸਥਾਨ ’ਤੇ ਸ. ਕਰੋੜਾ ਸਿੰਘ ਲੜਾਈ ਦੌਰਾਨ ਸ਼ਹੀਦ ਹੋ ਗਿਆ। ਉਸ ਤੋਂ ਪਿੱਛੋਂ ਸਰਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਜਥੇਦਾਰ ਚੁਣਿਆ ਗਿਆ। ਇਥੋਂ ਹੀ ਉਨ੍ਹਾਂ ਦਾ ਜੀਵਨ ਇਕ ਸਿੱਖ ਯੋਧੇ ਅਤੇ ਲਾਸਾਨੀ ਜਰਨੈਲ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।

ਸ. ਕਰੋੜਾ ਸਿੰਘ ਤਰਾਵੜੀ ਦੇ ਰਸਤੇ ਡੀਘ ਘੁਮੇਰ ਦੇ ਰਾਜੇ ਦੀ ਸਹਾਇਤਾ ਲਈ ਰਾਜਸਥਾਨ ਜਾ ਰਿਹਾ ਸੀ। ਸ. ਬਘੇਲ ਸਿੰਘ ਨੇ ਉਸ ਦੇ ਫ਼ੈਸਲੇ ਨੂੰ ਕਾਇਮ ਰੱਖਦਿਆਂ ਡੀਘ ਘੁਮੇਰ ਦੇ ਰਾਜੇ ਕੋਲ ਜਥੇ ਨੂੰ ਲੈ ਗਿਆ। ਡੀਘ ਘੁਮੇਰ ਦੇ ਰਾਜੇ ਨੇ ਸ. ਕਰੋੜਾ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਉਹ ਇਕ ਸਵਾਰ ਨੂੰ ਹਰ ਰੋਜ਼ 10 ਰੁਪਏ ਦੇਵੇਗਾ। ਜਥੇਦਾਰ ਬਘੇਲ ਸਿੰਘ ਜਦੋਂ 5000 ਫੌਜ ਲੈ ਕੇ ਰਾਜੇ ਕੋਲ ਪਹੁੰਚਿਆ ਤਾਂ ਉਹ ਘਬਰਾ ਗਿਆ। ਉਸ ਨੇ ਸੋਚਿਆ ਏਡੀ ਵੱਡੀ ਫੌਜ ਤਾਂ ਮੇਰੇ ਇਲਾਕੇ ਵਿਚ ਹਲਚਲ ਮਚਾ ਦੇਵੇਗੀ ਅਤੇ ਮੇਰੇ ਰਾਜ-ਭਾਗ ਉੱਤੇ ਹੀ ਕਬਜ਼ਾ ਕਰ ਲਏਗੀ। ਉਸ ਨੇ ਸ. ਬਘੇਲ ਸਿੰਘ ਨੂੰ ਵਾਪਸ ਜਾਣ ਲਈ ਕਿਹਾ। ਪਰ ਸ. ਬਘੇਲ ਸਿੰਘ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਰਾਜੇ ਨੇ ਉਸ ਨੂੰ ਮਹਿਲ ਵਿਚ ਬੁਲਾਇਆ ਅਤੇ ਉੱਕਾ-ਪੁੱਕਾ 1000 ਰੁਪਏ ਅਤੇ ਹੋਰ ਤੋਹਫੇ ਭੇਟ ਕਰ ਕੇ ਸ. ਬਘੇਲ ਸਿੰਘ ਨੂੰ ਵਿਦਾ ਕੀਤਾ। ਇਥੋਂ ਵਾਪਸ ਹੋ ਕੇ ਕਾਫ਼ੀ ਦਿਨ ਇਸ ਇਲਾਕੇ ਦਾ ਦੌਰਾ ਕਰ ਕੇ ਸ. ਬਘੇਲ ਸਿੰਘ ਜਲੰਧਰ ਦੁਆਬ ਦੇ ਇਲਾਕੇ ਵਿਚ ਚਲਾ ਗਿਆ, ਜੋ ਸ. ਕਰੋੜਾ ਸਿੰਘ ਨੇ ਆਪਣੇ ਅਧੀਨ ਕਰ ਲਿਆ ਸੀ।

ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖਾਨ ਆਪਣੀ ਸੁਰੱਖਿਆ ਯਕੀਨੀ ਬਣਾਉਣ ਹਿੱਤ ਜਥੇਦਾਰ ਸ. ਕਰੋੜਾ ਸਿੰਘ ਨੂੰ ਹਰ ਸਾਲ ਇਕ ਕੀਮਤੀ ਘੋੜਾ ਅਤੇ ਹੋਰ ਨਜ਼ਰਾਨੇ ਦਿੰਦਾ ਸੀ। ਸ. ਬਘੇਲ ਸਿੰਘ ਨੇ ਵੀ ਮਹਿਮੂਦ ਖਾਨ ਨਾਲ ਪਹਿਲਾਂ ਵਾਂਗ ਹੀ ਸੰਬੰਧ ਰੱਖੇ। ਜਦੋਂ ਸਿੱਖਾਂ ਨੇ ਮਹਿਮੂਦ ਖਾਨ ਨੂੰ ਨੂਰ ਮਹਿਲ ਦੀ ਸਰਾਂ ਵਿਚ ਘੇਰਾ ਪਾ ਲਿਆ. ਸ. ਬਘੇਲ ਸਿੰਘ ਨੇ ਪਹਿਲਾਂ ਆਪਣੇ ਭਤੀਜੇ ਸ. ਹਮੀਰ ਸਿੰਘ ਨੂੰ ਭੇਜਿਆ, ਫਿਰ ਆਪ ਉਸ ਦੀ ਸਹਾਇਤਾ ਲਈ ਆਇਆ। ਮਹਿਮੂਦ ਖਾਨ ਨੂੰ ਸਿੰਘਾਂ ਤੋਂ ਅਜ਼ਾਦ ਕਰਵਾ ਕੇ ਤਲਵਾਨ ਪਹੁੰਚਾਇਆ ਅਤੇ ਕਈ ਮਹੀਨੇ ਉਸ ਦੇ ਕੋਲ ਰਿਹਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ. ਬਘੇਲ ਸਿੰਘ ਨੂੰ ਤਲਵਾਨ ਉੱਤੇ ਕਬਜ਼ਾ ਕਰਨ ਦੀ ਸਲਾਹ ਦਿੱਤੀ। ਸ. ਬਘੇਲ ਸਿੰਘ ਨੇ ਤਲਵਾਨ ਵਿਚ ਮਹਿਮੂਦ ਖਾਨ ਤੋਂ ਜ਼ਮੀਨ ਲੈ ਕੇ ਕਿਲ੍ਹਾ ਬਣਵਾ ਲਿਆ ਪਰ ਉਸ ਦੇ ਇਲਾਕੇ ਉੱਤੇ ਫਿਰ ਵੀ ਕਬਜ਼ਾ ਨਾ ਕੀਤਾ। ਇਹ ਸਿੱਖ ਸਭਿਆਚਾਰ ਦਾ ਉੱਘੜਵਾਂ ਗੁਣ ਹੈ। ਸਿੱਖ ਹਮੇਸ਼ਾਂ ਕਠਨ ਤੋਂ ਕਠਨ ਹਾਲਾਤ ਵਿਚ ਵੀ ਆਪਣਾ ਬਚਨ ਨਿਭਾਉਂਦਾ ਹੈ ਭਾਵੇਂ ਉਸ ਨੂੰ ਆਪਣੀ ਜਾਨ ਵੀ ਦਾਅ ਉੱਤੇ ਕਿਉਂ ਨਾ ਲਾਉਣੀ ਪਵੇ। ਸ. ਬਘੇਲ ਸਿੰਘ ਨੇ ਆਪਣਾ ਮੁੱਖ ਅਸਥਾਨ ਹਰਿਆਣਾ (ਹੁਸ਼ਿਆਰਪੁਰ) ਵਿਚ ਸਥਾਪਤ ਕੀਤਾ ਅਤੇ ਇਥੋਂ ਦੀ ਵਾਗਡੋਰ ਆਪਣੀ ਪਤਨੀ ਬੀਬੀ ਰੂਪ ਕੌਰ ਨੂੰ ਸੌਂਪ ਦਿੱਤੀ। ਇਸ ਇਲਾਕੇ ਦਾ ਮਾਲੀਆ ਦੋ ਲੱਖ ਰੁਪਏ ਸਾਲਾਨਾ ਸੀ।

ਇਧਰੋਂ ਹਟ ਕੇ ਸ. ਬਘੇਲ ਸਿੰਘ ਹੁਣ ਕਰਨਾਲ ਦੇ ਇਲਾਕੇ ਵਿਚ ਚਲਾ ਗਿਆ। ਉਥੇ ਖੁਰਦੀਨ, ਖਨੌੜੀ, ਛਲੌਂਦੀ ਆਦਿ ਇਲਾਕੇ ਜਿੱਤ ਲਏ। ਇਸ ਇਲਾਕੇ ਦੀ ਆਮਦਨ 3 ਲੱਖ ਰੁਪਏ ਸਾਲਾਨਾ ਸੀ। ਇਥੇ ਸ. ਬਘੇਲ ਸਿੰਘ ਨੇ ਛਲੌਂਦੀ ਨੂੰ ਆਪਣਾ ਕੇਂਦਰੀ ਨਿਵਾਸ ਸਥਾਨ ਬਣਾਇਆ। ਸ. ਬਘੇਲ ਸਿੰਘ ਦੇ ਘੋੜੇ ਦੇ ਸੁੰਮ ਜਿੱਧਰ ਨੂੰ ਰਸਤਾ ਬਣਾਉਂਦੇ ਸਨ, ਜਿੱਤਾਂ ਉਨ੍ਹਾਂ ਦੇ ਚਰਨਾਂ ਨੂੰ ਆਪ-ਮੁਹਾਰੇ ਚੁੰਮਦੀਆਂ ਰਹੀਆਂ।

1764 ਈ: ਵਿਚ ਸਰਹੰਦ ਦੀ ਫ਼ਤਹਿ ਤੋਂ ਬਾਅਦ ਬੁੱਢਾ ਦਲ, ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਨੇ ਸਹਾਰਨਪੁਰ, ਮੁਜ਼ੱਫਰਾਬਾਦ ਅਤੇ ਮੇਰਠ ਦੇ ਇਲਾਕਿਆਂ ਉੱਤੇ ਹਮਲਾ ਕੀਤਾ। ਇਸ ਤੋਂ ਉਪਰੰਤ ਗੰਗਾ ਪਾਰ ਰੁਹੇਲ ਖੰਡ ਦੇ ਇਲਾਕੇ ਵਿਚ ਪਹੁੰਚ ਕੇ ਮੁਰਾਦਾਬਾਦ ਅਤੇ ਅਨੂਪ ਸ਼ਹਿਰ ਦੇ ਇਲਾਕਿਆਂ ਦੀ ਸੋਧ ਕੀਤੀ। ਦਿੱਲੀ ਦੇ ਹਾਕਮ ਨਜੀਬ-ਉਦ-ਦੌਲਾ ਨੇ 11 ਲੱਖ ਰੁਪਿਆ ਨਜ਼ਰਾਨਾ ਸਿੱਖਾਂ ਨੂੰ ਦਿੱਤਾ ਅਤੇ ਸਿੱਖਾਂ ਦੀ ਈਨ ਮੰਨ ਲਈ।

ਜਲਾਲਾਬਾਦ ਲੁਹਾਰੀ ਦੇ ਫੌਜਦਾਰ ਸੱਯਦ ਮੁਹੰਮਦ ਹਸਨ ਖਾਨ ਇਕ ਬ੍ਰਾਹਮਣ ਦੀ ਧੀ ਦਾ ਡੋਲਾ ਆਪਣੇ ਘਰ ਲੈ ਗਿਆ। ਉਸ ਬ੍ਰਾਹਮਣ ਨੇ 1766 ਈ: ਵਿਚ ਖਾਲਸਾ ਪੰਥ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਫ਼ਰਿਆਦ ਕੀਤੀ। ਖਾਲਸਾ ਪੰਥ ਨੂੰ ‘ਸ਼ੁਭ ਕਰਮਨੁ’ ਲਈ ਹਮੇਸ਼ਾਂ ਹੀ ਜੂਝਣ ਦਾ ਉਪਦੇਸ਼ ਦਸ਼ਮੇਸ਼ ਪਿਤਾ ਨੇ ਹੀ ਦਿੱਤਾ ਹੋਇਆ ਹੈ। ਇਸ ਵੇਲੇ ਸਾਰੀਆਂ ਮਿਸਲਾਂ ਦੇ ਮੁਖੀਆਂ ਦਾ ਇਕੱਠ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੋ ਹੀ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਸ. ਬਘੇਲ ਸਿੰਘ ਦੀ ਅਗਵਾਈ ਵਿਚ ਖਾਲਸੇ ਦਾ ਦਲ ਜਲਾਲਾਬਾਦ ਵੱਲ ਚੱਲ ਪਿਆ। ਫੌਜਦਾਰ ਨੇ ਅੱਗੋਂ ਟਾਕਰਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਕਾਫ਼ੀ ਨੁਕਸਾਨ ਕਰਵਾ ਕੇ ਛੇਤੀ ਹੀ ਹਥਿਆਰ ਸੁੱਟ ਦਿੱਤੇ ਅਤੇ ਬ੍ਰਾਹਮਣ ਦੀ ਧੀ ਸਹੀ-ਸਲਾਮਤ ਵਾਪਸ ਘਰ ਪਰਤਾ ਦਿੱਤੀ। ਇਸ ਇਲਾਕੇ ਵਿਚ ਖਾਲਸਾ ਦਲ ਨੇ ਸ. ਬਘੇਲ ਸਿੰਘ ਨੂੰ ਹਾਕਮ ਬਣਾ ਦਿੱਤਾ। 1773 ਈ: ਵਿਚ ਸ. ਬਘੇਲ ਸਿੰਘ ਨੇ ਜਬੀਤਾ ਖਾਨ ਰੁਹੇਲੇ ਦੇ ਇਲਾਕੇ ਨੂੰ ਆਪਣੇ ਅਧੀਨ ਕੀਤਾ। 18 ਜਨਵਰੀ, 1774 ਈ: ਨੂੰ ਦਿੱਲੀ ਦੇ ਇਲਾਕੇ ਸ਼ਾਹਦਰੇ ਉੱਤੇ ਹਮਲਾ ਕਰ ਦਿੱਤਾ। ਮੁਗਲ ਬਾਦਸ਼ਾਹ ਨੇ ਸ. ਬਘੇਲ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬਾਦਸ਼ਾਹ ਦੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਜ਼ਾਲਮਾਂ ਨੂੰ ਸੋਧਾ ਲਾ ਕੇ ਪੰਜਾਬ ਆ ਗਿਆ।

1775 ਈ: ਵਿਚ ਸਿੱਖਾਂ ਦਾ ਇਕ ਵੱਡਾ ਇਕੱਠ ਕਰਨਾਲ ਕੋਲ ਹੋਇਆ ਅਤੇ ਗੁਰਮਤਾ ਕਰ ਕੇ ਉਨ੍ਹਾਂ ਨੇ 22 ਅਪ੍ਰੈਲ ਨੂੰ ਯਮਨਾ ਪਾਰ ਕਰ ਕੇ ਜਬੀਤਾ ਖਾਨ ਰੁਹੇਲੇ ਉੱਤੇ ਹਮਲਾ ਕਰ ਦਿੱਤਾ। ਜਬੀਤਾ ਖਾਨ ਨੇ 50000 ਰੁਪਏ ਨਜ਼ਰਾਨਾ ਦੇ ਕੇ ਸਿੱਖਾਂ ਨਾਲ ਸੁਲਹ ਕਰ ਲਈ। ਖਾਲਸੇ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। ਮੁਗ਼ਲ ਬਾਦਸ਼ਾਹ ਦੇ ਵਜ਼ੀਰ ਅਬਦੁਲ ਅਹਿਦ ਖਾਨ ਨੇ ਆਪਣੇ ਭਰਾ ਅਬੁਲ ਕਾਸਿਮ ਨੂੰ ਜਬੀਤਾ ਖਾਨ ਉੱਤੇ ਹਮਲਾ ਕਰਨ ਲਈ ਭੇਜਿਆ। ਸ. ਬਘੇਲ ਸਿੰਘ ਅਤੇ ਹੋਰ ਕਈ ਸਿੱਖ ਸਰਦਾਰ ਜਬੀਤਾ ਖਾਨ ਦੀ ਸਹਾਇਤਾ ਲਈ ਪਹੁੰਚ ਗਏ। ਮੁਜ਼ੱਫਰ ਨਗਰ ਦੇ ਨੇੜੇ ਬੁਧਨਾ ਦੇ ਸਥਾਨ ਉੱਤੇ ਦੋਹਾਂ ਫੌਜਾਂ ਦੀ ਟੱਕਰ ਹੋਈ। ਇਸ ਵਿਚ ਦਿੱਲੀ ਦੀ ਸ਼ਾਹੀ ਸੈਨਾ ਨੂੰ ਹਾਰ ਹੋਈ।

ਸਿੱਖ ਸ਼ਕਤੀ ਦੀ ਅਹਿਮੀਅਤ ਸਮਝਦਿਆਂ ਦਿੱਲੀ ਸਰਕਾਰ ਸਿੱਖਾਂ ਦੀਆਂ ਨਵੀਆਂ ਬਣ ਰਹੀਆਂ ਰਿਆਸਤਾਂ ਨੂੰ ਖ਼ਤਮ ਕਰਨਾ ਚਾਹੁੰਦੀ ਸੀ। ਬਦਕਿਸਮਤੀ ਨਾਲ ਦਿੱਲੀ ਦਾ ਸਿੱਖਾਂ ਪ੍ਰਤੀ ਹਮੇਸ਼ਾਂ ਅਜਿਹਾ ਹੀ ਰਵੱਈਆ ਰਿਹਾ ਹੈ, ਭਾਵੇਂ ਮੁਗ਼ਲ ਰਾਜ ਸੀ ਜਾਂ ਫਰੰਗੀ ਦਾ ਰਾਜ ਸੀ। ਹਰ ਸਰਕਾਰ ਸਿੱਖਾਂ ਨੂੰ ਕਮਜ਼ੋਰ ਕਰਨ ਉੱਤੇ ਹੀ ਜ਼ੋਰ ਲਾਉਂਦੀ ਰਹੀ ਹੈ। ਇਸੇ ਮਕਸਦ ਲਈ 18 ਜੂਨ, 1779 ਈ: ਵਿਚ ਸ਼ਾਹਜ਼ਾਦਾ ਮਿਰਜ਼ਾ ਖਾਨ ਅਤੇ ਵਜ਼ੀਰ ਅਬਦੁਲ ਅਹਿਦ ਖਾਨ ਨੇ ਦਿੱਲੀ ਤੋਂ ਕੂਚ ਕੀਤਾ। ਸ. ਬਘੇਲ ਸਿੰਘ ਵੀ ਉਨ੍ਹਾਂ ਦੇ ਨਾਲ ਹੋ ਲਿਆ। ਸ. ਦੇਸੂ ਸਿੰਘ ਕੈਥਲ ਵਾਲੇ ਤੋਂ 4 ਲੱਖ ਰੁਪਿਆ ਵਸੂਲ ਕੀਤਾ। ਘੁੜਾਮ ਪਹੁੰਚ ਕੇ ਸ. ਅਮਰ ਸਿੰਘ ਪਟਿਆਲਾ ਨੂੰ ਸੁਨੇਹਾ ਭੇਜਿਆ। ਸ. ਅਮਰ ਸਿੰਘ ਨੇ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਮਿਸਲਾਂ ਨੂੰ ਸਹਾਇਤਾ ਲਈ ਬੁਲਾਇਆ। ਸਿੱਖਾਂ ਦਾ ਬਹੁਤ ਵੱਡਾ ਲਸ਼ਕਰ ਦੇਖ ਕੇ ਮੁਗ਼ਲ ਸੈਨਾ ਭੈ-ਭੀਤ ਹੋ ਗਈ। ਸ਼ਾਹਜ਼ਾਦੇ ਨੂੰ ਆਪਣੀ ਸਲਾਮਤੀ ਦਾ ਫ਼ਿਕਰ ਲੱਗ ਗਿਆ। ਸ. ਬਘੇਲ ਸਿੰਘ ਨੇ ਉਨ੍ਹਾਂ ਨੂੰ ਡਰਾ ਕੇ ਸਿੱਖਾਂ ਨੂੰ 3 ਲੱਖ ਰੁਪਿਆ ਨਜ਼ਰਾਨਾ ਦਿਵਾਇਆ। 14 ਅਕਤੂਬਰ, 1779 ਨੂੰ ਅਬਦੁਲ ਅਹਿਦ ਖਾਨ ਨੇ ਫੌਜ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ। ਖਾਲਸਾ ਦਲ ਮੁੜਦੀ ਫੌਜ ਦੀ ਵੀ ਲੁੱਟ-ਮਾਰ ਕਰਦਾ ਰਿਹਾ। ਇਸ ਵੇਲੇ ਸਿੱਖ ਚਾਹੁੰਦੇ ਤਾਂ ਦਿੱਲੀ ਉੱਤੇ ਵੀ ਕਬਜ਼ਾ ਕਰ ਸਕਦੇ ਸੀ। ਮੁਗਲਾਂ ਦਾ ਖ਼ਜ਼ਾਨਾ ਖਾਲੀ ਹੋ ਚੁਕਾ ਸੀ। ਬਹੁਤ ਸਾਰੀ ਸੈਨਾ ਲੈ ਕੇ ਨਜ਼ਫ ਖਾਨ ਦੱਖਣ ਵੱਲ ਗਿਆ ਹੋਇਆ ਸੀ। ਦਿੱਲੀ ਵਿੱਚੋਂ ਸਿੱਖਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ। ਪਰ ਕਬਜ਼ਾ ਨਹੀਂ ਕੀਤਾ ਗਿਆ। ਸ਼ਾਇਦ ਸਿੱਖ ਸਰਦਾਰ ਹਾਲੀ ਦੁਸ਼ਮਣਾਂ ਦਾ ਸੋਧਾ ਲਾਉਣ ਲਈ ਹੀ ਕਾਰਜਸ਼ੀਲ ਰਹੇ ਅਤੇ ਉਹ ਆਪਣਾ ਘਰ-ਘਾਟ, ਰਾਜ-ਭਾਗ ਸਥਾਪਤ ਕਰਨ ਬਾਰੇ ਗੰਭੀਰ ਨਹੀਂ ਸਨ। ਜੇਕਰ ਉਸ ਸਮੇਂ ਦਿੱਲੀ ਉੱਤੇ ਸਿੱਖ ਕਾਬਜ਼ ਹੋ ਜਾਂਦੇ ਅਤੇ ਆਪਣਾ ਰਾਜ-ਭਾਗ ਸਥਾਪਤ ਕਰ ਲੈˆਦੇ ਤਾਂ ਅੱਜ ਹਿੰਦੋਸਤਾਨ ਦਾ ਇਤਿਹਾਸ ਹੀ ਹੋਰ ਹੁੰਦਾ।

ਹੁਣ ਸਿੱਖ ਸਰਦਾਰ ਮਿਸਲਦਾਰ ਆਪੋ-ਆਪਣੇ ਇਲਾਕੇ ਦੇ ਮਾਲਕ ਬਣ ਗਏ ਸਨ। 1780 ਵਿਚ ਦਿੱਲੀ ਦੇ ਵਜ਼ੀਰ ਨਜ਼ਫ਼ ਖਾਨ ਨੇ ਆਪਣੇ ਪੋਤਰੇ ਮਿਰਜ਼ਾ ਸ਼ਫੀ ਨੂੰ ਸਿੱਖਾਂ ਦਾ ਸਫਾਇਆ ਕਰਨ ਦਾ ਹੁਕਮ ਦਿੱਤਾ। ਉਸ ਨੇ ਕਰਨਾਲ ਆ ਕੇ ਡੇਰਾ ਲਾ ਲਿਆ। ਸ. ਬਘੇਲ ਸਿੰਘ ਨੇ ਇਸ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ। ਉਹ ਉਥੋਂ ਉਠ ਕੇ ਸਿਕੰਦਰ ਕੋਲ ਆ ਗਿਆ। ਇਥੋਂ ਵੀ ਸ. ਬਘੇਲ ਸਿੰਘ ਨੇ ਹਮਲਾ ਕਰ ਕੇ ਉਸ ਨੂੰ ਖਦੇੜ ਦਿੱਤਾ। ਹੁਣ ਮਿਰਜ਼ਾ ਸ਼ਫੀ ਨਕਰੀ ਪਿੰਡ ਜਾ ਰਿਹਾ। ਰਾਜਾ ਅਮਰ ਸਿੰਘ ਨੇ ਉਸ ਦੀ ਸਹਾਇਤਾ ਲਈ ਆਪਣੀ ਫੌਜ ਭੇਜ ਦਿੱਤੀ। ਪਿੱਛੋਂ ਸ. ਜੱਸਾ ਸਿੰਘ ਆਹਲੂਵਾਲੀਏ ਨੇ ਜੰਗੀ ਨੁਕਤਾ-ਨਿਗਾਹ ਤੋਂ ਪਟਿਆਲੇ ਉੱਤੇ ਹਮਲਾ ਕਰ ਦਿੱਤਾ। ਨਤੀਜੇ ਵਜੋਂ ਪਟਿਆਲੇ ਵਾਲੇ ਨੂੰ ਫੌਜ ਵਾਪਸ ਬੁਲਾਉਣੀ ਪਈ। ਜਥੇਦਾਰ ਦੀ ਯੁੱਧ-ਨੀਤੀ ਪੱਖੋਂ ਪੈਂਤੜਾ ਸਫਲ ਹੋਇਆ।

ਮਿਰਜ਼ਾ ਸ਼ਫੀ ਦੇ ਜਰਨੈਲ ਮੀਰ ਮਨਸੂਰ ਨੇ ਮੁਸਤਫ਼ਾਬਾਦ ਉੱਤੇ ਕਬਜ਼ਾ ਕਰ ਲਿਆ। ਸ. ਬਘੇਲ ਸਿੰਘ ਨੇ ਇਸ ਦੇ ਖਿਲਾਫ਼ ਫੌਜ ਭੇਜੀ ਪਰ ਇਸ ਨੂੰ ਹਰਾ ਨਹੀਂ ਸਕੀ। ਇਸ ਤੋਂ ਬਾਅਦ 6 ਅਪ੍ਰੈਲ, 1781 ਨੂੰ ਸਿੱਖਾਂ ਦੀ ਅਤੇ ਮੀਰ ਮਨਸੂਰ ਦੀ ਲੜਾਈ ਹੋਈ। ਇਸ ਵਿਚ ਇੰਦਰੀ ਅਤੇ ਹੁਸੈਨਪੁਰ ਪਿੰਡ ਮੀਰ ਮਨਸੂਰ ਦੇ ਕਬਜ਼ੇ ਵਿਚ ਆ ਗਏ। ਸਿੰਘਾਂ ਨੇ ਮਿਰਜ਼ਾ ਸ਼ਫ਼ੀ ਨੂੰ ਭਜਾ-ਭਜਾ ਕੇ ਦਮ ਕੱਢ ਦਿਤਾ। ਹੁਣ ਮਿਰਜ਼ਾ ਸ਼ਫ਼ੀ ਦਾ ਖਜ਼ਾਨਾ ਖਾਲੀ ਹੋ ਗਿਆ, ਇਸ ਕਰਕੇ ਫੌਜ ਨੇ ਉਸ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਬਹੁਤ ਸਾਰੀ ਫੌਜ ਭਗੌੜੀ ਹੋ ਗਈ। ਸ. ਬਘੇਲ ਸਿੰਘ ਨੇ ਇਸ ਦਾ ਫਾਇਦਾ ਉਠਾਇਆ। ਮਈ 1781 ਵਿਚ ਬੂੜੀਆਂ ਪਰਤੇ ਅਤੇ ਸ਼ਾਹਬਾਦ ਉੱਤੇ ਕਬਜ਼ਾ ਕਰ ਲਿਆ। 12 ਜੂਨ, 1781 ਨੂੰ ਮਿਰਜ਼ਾ ਸ਼ਫੀ ਨੇ ਸ. ਬਘੇਲ ਸਿੰਘ ਨਾਲ ਸਮਝੌਤੇ ਦੀ ਕੋਸ਼ਿਸ਼ ਕੀਤੀ ਪਰ ਇਹ ਸਮਝੌਤਾ ਸਿਰੇ ਨਹੀਂ ਸੀ ਚੜ੍ਹ ਸਕਿਆ।

ਮਿਰਜ਼ਾ ਸ਼ਫੀ ਦੀ ਮਾੜੀ ਹਾਲਤ ਵੇਖ ਕੇ ਨਜ਼ਫ਼ ਖਾਨ ਨੇ ਦਿੱਲੀ ਤੋਂ ਅੰਬਰ ਸ਼ਾਹ ਨੂੰ 40000 ਫੌਜ ਸਮੇਤ ਮਿਰਜ਼ਾ ਸ਼ਫੀ ਦੀ ਸਹਾਇਤਾ ਲਈ ਭੇਜਿਆ। ਸਰਹੰਦ ਦੇ ਇਲਾਕੇ ਵਿਚ ਇਸ ਦੀ ਸਿੱਖਾਂ ਨਾਲ ਜੰਗ ਹੋਈ। ਸਿੰਘਾਂ ਨੇ ਮੁਗ਼ਲ ਫੌਜ ਦੇ ਦੰਦ ਖੱਟੇ ਕਰ ਦਿੱਤੇ ਅਤੇ ਲੜਾਈ ਵਿਚ ਮੁਗ਼ਲ ਫੌਜ ਨੂੰ ਹਾਰ ਹੋਈ ਅਤੇ ਇਹ ਵਾਪਸ ਪਾਣੀਪਤ ਪਹੁੰਚ ਗਈ।

ਸਿੱਖਾਂ ਦੇ ਕਬਜ਼ੇ ਵਿਚ ਆਏ ਇਲਾਕੇ ਵਿੱਚੋਂ ਸਰਕਾਰ ਨੂੰ ਮਾਲੀਆ ਮਿਲਣਾ ਬੰਦ ਹੋ ਗਿਆ ਸੀ। ਇਸ ਲਈ ਦਿੱਲੀ ਨੇ ਹੁਣ ਸਿੱਖਾਂ ਨਾਲ ਸਮਝੌਤਾ ਕਰ ਲਿਆ।

ਪਾਣੀਪਤ ਤੋਂ ਉੱਤਰ ਦੇ ਸਾਰੇ ਇਲਾਕੇ ਸਿੱਖਾਂ ਦੇ ਹੀ ਮੰਨ ਲਏ ਗਏ। ਪਾਣੀਪਤ ਤੋਂ ਦਿੱਲੀ ਅਤੇ ਯਮਨਾ ਪਾਰ ਦੇ ਇਲਾਕੇ ਵਿੱਚੋਂ ਫੈਸਲੇ ਅਨੁਸਾਰ ਸਿੱਖਾਂ ਨੂੰ ਮਾਲੀਏ ਦਾ ਅੱਠਵਾਂ ਹਿੱਸਾ ਰਾਖੀ ਵਜੋਂ ਦਿੱਤਾ ਜਾਵੇਗਾ। ਇਸ ਤੋਂ ਅਗਲੇ ਸਾਲ ਨਜ਼ਫ ਖਾਂ ਦੀ 6 ਅਪ੍ਰੈਲ, 1782 ਨੂੰ ਮੌਤ ਹੋ ਗਈ। ਇਸ ਤੋਂ ਬਾਅਦ ਦਿੱਲੀ ਦਰਬਾਰ ਵਿਚ ਕੋਈ ਚੰਗਾ ਪ੍ਰਬੰਧਕ ਨਹੀਂ ਸੀ ਰਿਹਾ। ਅਮੀਰਾਂ-ਵਜ਼ੀਰਾਂ ਵਿਚ ਆਪਣੀ ਖਹਿਬਾਜ਼ੀ ਰਹਿਣ ਲੱਗੀ। ਸਿੱਖਾਂ ਨੇ ਇਸ ਦਾ ਪੂਰਾ ਲਾਭ ਉਠਾਇਆ।

ਫਰਵਰੀ 1783 ਵਿਚ ਖਾਲਸੇ ਨੇ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਆਦਿ ਸਰਦਾਰਾਂ ਦੀ ਅਗਵਾਈ ਵਿਚ 60 ਹਜ਼ਾਰ ਫੌਜ ਤਿਆਰ ਕਰ ਕੇ ਗਾਜੀਆਬਾਦ, ਬੁਲੰਦ ਸ਼ਹਿਰ, ਅਲੀਗੜ੍ਹ ਅਤੇ ਸਿਕੋਹਾਬਾਦ ਦੇ ਇਲਾਕਿਆਂ ਉੱਤੇ ਹਮਲਾ ਕਰ ਦਿੱਤਾ। ਖਾਲਸੇ ਦੇ ਹੱਥ ਬਹੁਤ ਸਾਰਾ ਧਨ ਲੱਗਿਆ। ਇਸ ਵਿੱਚੋਂ 1 ਲੱਖ ਰੁਪਿਆ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਦਸਵੰਧ ਕੱਢਿਆ ਗਿਆ।

ਸ. ਬਘੇਲ ਸਿੰਘ ਨੇ 8 ਮਾਰਚ, 1783 ਨੂੰ 40 ਹਜ਼ਾਰ ਫੌਜ ਨਾਲ ਦਿੱਲੀ ਤੋਂ 16 ਕਿਲੋਮੀਟਰ ਦੂਰ ਬੁਰਾੜੀ ਘਾਟ ਵਿਖੇ ਡੇਰਾ ਲਾ ਲਿਆ। ਇਥੋਂ ਉਸ ਨੇ ਦਿੱਲੀ ਦੇ ਕਈ ਬਾਹਰਲੇ ਇਲਾਕੇ ਸਬਜ਼ੀ ਮੰਡੀ ਆਦਿ ਉੱਤੇ ਹਮਲੇ ਕੀਤੇ। ਇਸ ਨਾਲ ਸ਼ਹਿਰ ਵਿਚ ਹਫੜਾ-ਦਫੜੀ ਮੱਚ ਗਈ। 9 ਮਾਰਚ ਨੂੰ ਸ. ਬਘੇਲ ਸਿੰਘ ਨੇ ਦਿੱਲੀ ਦੀ ਚਾਰਦੀਵਾਰੀ ਵਿਚ ਮੋਰੀ ਕਰ ਕੇ ਪ੍ਰਵੇਸ਼ ਕੀਤਾ। ਉਹ ਥਾਂ ਅੱਜ ਵੀ ਮੋਰੀ ਗੇਟ ਕਰਕੇ ਪ੍ਰਸਿੱਧ ਹੈ। ਸ. ਜੱਸਾ ਸਿੰਘ ਜੋ ਹਿਸਾਰ ਦੇ ਇਲਾਕੇ ਵਿਚ ਸੀ, ਉਹ ਵੀ ਦਿੱਲੀ ਪਹੁੰਚ ਗਿਆ। 11 ਮਾਰਚ, 1783 ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਹੀ ਸੁਭਾਗਾ ਅਤੇ ਦੁਰਲੱਭ ਦਿਹਾੜਾ ਸੀ। ਇਸ ਦਿਨ ਖਾਲਸੇ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕਬਜ਼ਾ ਕਰ ਕੇ ਕੇਸਰੀ ਨਿਸ਼ਾਨ ਝੁਲਾਏ। ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਇਕ ਪੱਥਰ ਦੀ ਸਿਲ ਜਿਸ ਉੱਤੇ ਬਾਦਸ਼ਾਹਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ, ਜਿਸ ਸਿਲ ਉੱਤੇ ਤਖ਼ਤ ਸਥਾਪਤ ਕਰ ਕੇ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ, ਉਹ ਸਿਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾ ਦਿੱਤੀ। ਉਹ ਸਿਲ ਅੱਜ ਵੀ ਰਾਮਗੜ੍ਹੀਏ ਬੁੰਗੇ ਵਿਚ ਮੌਜੂਦ ਹੈ। ਇਸ ਦਾ ਅਕਾਰ 6×4- 0.75” ਦਾ ਹੈ। ਲੇਖਕ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਕਾਰਜਕਾਲ ਸਮੇਂ ਜਿੱਥੇ ਇਤਿਹਾਸਕ ਰਾਮਗੜ੍ਹੀਆ ਬੁੰਗੇ ਦੀ ਪੂਰੀ ਸੰਭਾਲ ਕੀਤੀ ਅਤੇ ਉਸ ਸਿਲ ਨੂੰ ਉਥੇ ਸੰਭਾਲ ਕੇ ਸਥਾਪਿਤ ਕਰਵਾਇਆ ਤਾਂ ਜੋ ਸਿੱਖ ਕੌਮ ਦੇ ਇਸ ਮਹਾਨ ਅਤੇ ਅਦੁੱਤੀ ਕਾਰਨਾਮੇ ਦੀ ਯਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕੇ।

ਸਰਧਨੇ ਦੀ ਬੇਗਮ ਸਮਰੂ ਨੂੰ ਵਿਚ ਪਾ ਕੇ ਸ਼ਾਹ ਆਲਮ ਦੂਜੇ ਨੇ ਸ. ਬਘੇਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਇਕ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਅਨੁਸਾਰ ਸ. ਬਘੇਲ ਸਿੰਘ ਦਿੱਲੀ ਵਿਚ ਰਹਿ ਕੇ ਸੱਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਕਰਵਾਏਗਾ। ਦਿੱਲੀ ਵਿੱਚੋਂ ਵਾਧੂ ਫੌਜ ਵਾਪਸ ਭੇਜ ਦਿੱਤੀ ਜਾਏਗੀ ਅਤੇ ਸਿਰਫ਼ 4000 ਫੌਜ ਸ. ਬਘੇਲ ਸਿੰਘ ਰੱਖ ਸਕੇਗਾ। ਸ. ਬਘੇਲ ਸਿੰਘ ਫੌਜਾਂ ਦੇ ਖ਼ਰਚ ਲਈ ਅਤੇ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਦੇ ਖ਼ਰਚ ਲਈ ਦਿੱਲੀ ਦੀ ਚੂੰਗੀ ਵਿੱਚੋਂ 6 ਆਨੇ ਪ੍ਰਤੀ ਰੁਪਿਆ ਲਵੇਗਾ।

ਸ. ਬਘੇਲ ਸਿੰਘ ਦਿੱਲੀ ਵਿਚ ਰਹਿਣ ਲੱਗ ਪਏ। ਉਨ੍ਹਾਂ ਨੇ ਇਥੇ ਸੱਤ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਕਰਵਾਈ। ਪਹਿਲਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਿਵਾਸ ਅਸਥਾਨ ਉੱਤੇ ਬਣਵਾਇਆ। ਇਹ ਗੁਰਦੁਆਰਾ ਸਾਹਿਬ ਅੱਜਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਦੂਜਾ ਗੁਰਦੁਆਰਾ ਜੈ ਸਿੰਘ ਪੁਰ ਵਿਚ ਬਣਵਾਇਆ। ਇਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਰਾਜਾ ਜੈ ਸਿੰਘ ਦੇ ਬੰਗਲੇ ਵਿਚ ਰਹੇ ਸਨ। ਫਿਰ ਉਨ੍ਹਾਂ ਨੇ ਉਸ ਅਸਥਾਨ ਦੀ ਖੋਜ-ਭਾਲ ਕੀਤੀ, ਜਿੱਥੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੰਗੀਠੇ ਸਨ। ਇਹ ਅਸਥਾਨ ਯਮਨਾ ਦੇ ਕੋਲ ਸੀ। ਇਥੇ ਗੁਰਦੁਆਰਾ ਬਾਲਾ ਸਾਹਿਬ ਦੀ ਉਸਾਰੀ ਕਰਵਾਈ। ਚੌਥਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦੇ ਸਸਕਾਰ ਵਾਲੀ ਥਾਂ ਉੱਤੇ ਬਣਵਾਇਆ ਗਿਆ। ਇਹ ਭਾਈ ਲੱਖੀ ਸ਼ਾਹ ਵਣਜਾਰੇ ਦੀ ਹਵੇਲੀ ਵਾਲੀ ਥਾਂ ਸੀ, ਜਿਸ ਨੇ ਆਪਣੀ ਹਵੇਲੀ ਨੂੰ ਹੀ ਅਗਨ ਭੇਟ ਕਰ ਕੇ ਸਤਿਗੁਰਾਂ ਦੀ ਦੇਹ ਦਾ ਸਸਕਾਰ ਕੀਤਾ ਸੀ। ਇਥੇ ਅੱਜਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ। ਸ. ਬਘੇਲ ਸਿੰਘ ਨੇ ਸੱਖਣ ਮਾਈ ਨਾਮ ਦੀ ਇਕ ਬਿਰਧ ਮਾਸ਼ਕਣ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਦੀ ਨਿਸ਼ਾਨਦੇਹੀ ਕਰਵਾਈ। ਸੱਖਣ ਮਾਈ ਨੇ ਆਪਣੇ ਦਾਦੇ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਉਸ ਥਾਂ ਤੋਂ ਪਵਿੱਤਰ ਖੂਨ ਨੂੰ ਧੋਂਦਿਆ ਵੇਖਿਆ ਸੀ। ਛੇਵਾਂ ਗੁਰਦੁਆਰਾ ਮਜਨੂੰ ਪੀਰ ਦੇ ਟਿੱਲੇ ਉੱਤੇ ਬਣਾਇਆ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਕੁਝ ਦਿਨ ਰਹੇ ਸਨ। ਸਤਵਾਂ ਗੁਰਦੁਆਰਾ ਮੋਤੀ ਬਾਗ ਉਸ ਥਾਂ ਉੱਤੇ ਬਣਵਾਇਆ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਠਹਿਰੇ ਸਨ। ਇਸੇ ਥਾਂ ਤੋਂ ਦਸਮੇਸ਼ ਜੀ ਨੇ ਬਾਦਸ਼ਾਹ ਦੇ ਮਹਿਲ ਅੰਦਰ ਤੀਰ ਨਾਲ ਚਿੱਠੀ ਭੇਜੀ ਸੀ। ਇਸ ਲਈ ਇਸ ਸਥਾਨ ਨੂੰ ਗੁਰਦੁਆਰਾ ਤੀਰ ਸਰ ਸਾਹਿਬ ਵੀ ਕਿਹਾ ਜਾਂਦਾ ਹੈ।

ਸਾਰੇ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਨਵੰਬਰ 1783 ਤਕ ਮੁਕੰਮਲ ਹੋ ਚੁਕੀ ਸੀ। ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਸ. ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਸ. ਬਘੇਲ ਸਿੰਘ ਜੀ ਹਾਥੀ ਉੱਤੇ ਅਸਵਾਰ ਹੋ ਕੇ ਘੋੜਿਆਂ ਉੱਤੇ ਸਵਾਰ ਆਪਣੇ ਫੌਜੀ ਲਸ਼ਕਰ ਨਾਲ ਜੇਤੂ ਜਰਨੈਲ ਵਾਂਗ ਲਾਲ ਕਿਲ੍ਹੇ ਵਿਚ ਪਹੁੰਚੇ ਅਤੇ ਬਾਦਸ਼ਾਹ ਨੇ ਸ. ਬਘੇਲ ਸਿੰਘ ਨਾਲ ਲਾਲ ਕਿਲ੍ਹੇ ਵਿਚ ਬੜੇ ਸਤਿਕਾਰ ਅਤੇ ਅਦਬ ਨਾਲ ਮੁਲਾਕਾਤ ਕੀਤੀ। ਬਾਦਸ਼ਾਹ ਨੇ ਉਨ੍ਹਾਂ ਨੂੰ ਇਕ ਸ਼ਾਹੀ ਪੁਸ਼ਾਕ, ਇਕ ਹਾਥੀ, ਇਕ ਘੋੜਾ ਅਤੇ ਇਕ ਜੜਾਊ ਹਾਰ ਭੇਟ ਕੀਤਾ। ਚੂੰਗੀ ਵਿੱਚੋਂ 6 ਆਨੇ ਦਾ ਹਿੱਸਾ ਸਦਾ ਲਈ ਕਾਇਮ ਕਰ ਦਿੱਤਾ। ਇਸ ਤਰ੍ਹਾਂ ਵੱਡੇ ਸਨਮਾਨ ਨਾਲ ਸ. ਬਘੇਲ ਸਿੰਘ ਨੂੰ ਦਿੱਲੀ ਤੋਂ ਵਿਦਾ ਕੀਤਾ ਗਿਆ।

ਸ. ਬਘੇਲ ਸਿੰਘ ਦਾ ਇਲਾਕਾ ਦਿੱਲੀ ਦੇ ਨਾਲ ਲੱਗਦਾ ਸੀ। ਇਸ ਲਈ ਬਾਅਦ ਵਿਚ ਵੀ ਦਿੱਲੀ ਦੀ ਸਿਆਸਤ ਵਿਚ ਉਹ ਅਹਿਮ ਰੋਲ ਅਦਾ ਕਰਦਾ ਰਿਹਾ। 1785 ਵਿਚ ਉਸ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਯਮਨਾ ਪਾਰ ਜ਼ਬੀਤਾ ਖਾਨ ਤੋਂ ਖਰਾਜ ਵਸੂਲ ਕੀਤਾ। ਫਿਰ ਗੰਗਾ ਪਾਰ ਹੋ ਕੇ ਅਵਧ ਦੇ ਇਲਾਕੇ ਵਿਚ ਪਹੁੰਚ ਗਏ। ਇਥੇ ਪ੍ਰਭਾਵ ਕਾਇਮ ਕਰ ਕੇ ਚੰਦੌਸੀ ਦੇ ਇਲਾਕੇ ਵਿਚ ਪਹੁੰਚ ਗਏ। ਇਥੇ ਦੋ ਹਜ਼ਾਰ ਸ਼ਾਹੂਕਾਰ ਰਹਿੰਦੇ ਸਨ। ਉਨ੍ਹਾਂ ਤੋਂ ਨਜ਼ਰਾਨੇ ਅਤੇ ਕਰ ਵਸੂਲ ਕਰ ਕੇ ਮੁੜ ਪੰਜਾਬ ਆ ਗਏ। ਬਾਦਸ਼ਾਹ ਸ਼ਾਹ ਆਲਮ ਨੇ ਮਹਾਦਜੀ ਸਿੰਧੀਆ ਨੂੰ ਆਪਣਾ ਮੁੱਖ ਮੰਤਰੀ ਥਾਪ ਦਿੱਤਾ। 21 ਜਨਵਰੀ, 1785 ਨੂੰ ਜ਼ਬੀਤਾ ਖਾਂ ਦੀ ਮੌਤ ਹੋ ਗਈ। ਉਸ ਦਾ ਪੁੱਤਰ ਗੁਲਾਮ ਕਾਦਿਰ ਗੱਦੀ ਉੱਤੇ ਬੈਠਾ। ਉਹ ਮਰਹੱਟਿਆਂ ਦਾ ਪੱਖੀ ਸੀ। ਉਸ ਨੇ ਮਹਾਦਜੀ ਸਿੰਧੀਆ ਨਾਲ ਦੋਸਤੀ ਕਰ ਲਈ। ਮਹਾਦਜੀ ਸਿੰਧੀਆ ਨੇ ਦਿੱਲੀ ਤੋਂ ਪਾਣੀਪਤ ਦੇ ਇਲਾਕੇ ਬਾਰੇ ਸਮਝੌਤਾ ਕਰ ਲਿਆ। ਇਹ ਸਮਝੌਤਾ 9 ਮਈ, 1785 ਨੂੰ ਹੋਇਆ। ਸਿੱਖਾਂ ਨੂੰ ਇਹ ਸਮਝੌਤਾ ਪਸੰਦ ਨਹੀਂ ਸੀ। ਮਹਾਦਜੀ ਸਿੰਧੀਆ ਗੁਲਾਮ ਕਾਦਿਰ ਨੂੰ ਸਿੱਖਾਂ ਨਾਲ ਲੜਾਉਣਾ ਚਾਹੁੰਦਾ ਸੀ ਪਰ ਉਸ ਨੇ ਸਿੰਧੀਆ ਦਾ ਸਾਥ ਛੱਡ ਕੇ ਸ. ਬਘੇਲ ਸਿੰਘ ਨਾਲ ਦੋਸਤੀ ਕਰ ਲਈ। ਗੁਲਾਮ ਕਾਦਿਰ ਨੇ ਸਿੱਖਾਂ ਦੀ ਸਹਾਇਤਾ ਨਾਲ ਸਿੰਧੀਆ ਨੂੰ ਅਕਤੂਬਰ 1787 ਵਿਚ ਚੰਬਲ ਦੇ ਇਲਾਕੇ ਵਿਚ ਹਰਾ ਦਿੱਤਾ। ਜੁਲਾਈ 1788 ਵਿਚ ਫਿਰ ਦਿੱਲੀ ਉੱਤੇ ਹਮਲਾ ਕਰ ਦਿੱਤਾ। ਉਸ ਨੇ ਲਾਲ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। 10 ਅਗਸਤ ਨੂੰ ਉਹ ਬਾਦਸ਼ਾਹ ਦੇ ਤਖ਼ਤ ਉੱਤੇ ਬੈਠ ਗਿਆ। ਪਰ ਉਹ ਦੋ ਮਹੀਨੇ ਵੀ ਰਾਜ ਨਹੀਂ ਕਰ ਸਕਿਆ। 2 ਅਕਤੂਬਰ ਨੂੰ ਸਿੰਧੀਆ ਨੇ ਫਿਰ ਦਿੱਲੀ ਉੱਤੇ ਕਬਜ਼ਾ ਕਰ ਲਿਆ। ਗੁਲਾਮ ਕਾਦਿਰ ਨੂੰ ਕਤਲ ਕਰ ਦਿੱਤਾ ਗਿਆ।

ਗੁਲਾਮ ਕਾਦਿਰ ਤੋਂ ਪਿੱਛੋਂ ਮਰਹੱਟਿਆਂ ਨੇ ਉਸ ਦੇ ਇਲਾਕੇ ਗੰਗਾ, ਯਮਨਾ, ਦੁਆਬ ਉੱਤੇ ਕਬਜ਼ਾ ਕਰ ਲਿਆ। ਸ. ਬਘੇਲ ਸਿੰਘ ਨੂੰ ਸਿੰਧੀਆ ਨੇ ਬਹੁਤ ਵੱਡੀ ਜਗੀਰ ਦੇ ਕੇ ਖੁਸ਼ ਕਰ ਲਿਆ ਅਤੇ ਆਪਣਾ ਸਾਥੀ ਬਣਾ ਲਿਆ। ਇਕ ਸਾਲ ਦਾ ਸਮਾਂ ਇਸ ਤਰ੍ਹਾਂ ਸੁਲਹ-ਸਫਾਈ ਨਾਲ ਬੀਤ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਫਿਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਜਾਰਜ ਥਾਮਸ ਇਕ ਅੰਗਰੇਜ਼ ਅਫਸਰ ਬੇਗਮ ਸਮਰੂ ਦੀਆਂ ਫੌਜਾਂ ਦਾ ਕਰਨੈਲ ਸੀ। ਉਸ ਨੇ 1798 ਵਿਚ ਹਾਂਸੀ ਹਿਸਾਰ ਵਿਚ ਆਪਣਾ ਸੁਤੰਤਰ ਰਾਜ ਕਾਇਮ ਕਰ ਲਿਆ। ਨਵੰਬਰ 1798 ਵਿਚ ਇਸ ਨੇ ਜੀਂਦ-ਪਤੀ ਰਾਜਾ ਭਾਗ ਸਿੰਘ ਉੱਤੇ ਹਮਲਾ ਕਰ ਦਿੱਤਾ। ਸ. ਬਘੇਲ ਸਿੰਘ, ਬੀਬੀ ਸਾਹਿਬ ਕੌਰ ਆਦਿ ਆਗੂਆਂ ਨੇ ਮਹਾਰਾਜਾ ਜੀਂਦ ਦੀ ਸਹਾਇਤਾ ਕੀਤੀ। ਜਾਰਜ ਥਾਮਸ ਦੀ ਫੌਜ ਨੂੰ ਘੇਰਾ ਪਾਇਆ ਗਿਆ। ਕਾਫ਼ੀ ਦੇਰ ਲੜਨ ਤੋਂ ਬਾਅਦ ਜਾਰਜ ਥਾਮਸ ਨੇ ਹਾਰ ਮੰਨ ਲਈ। ਇਸ ਤੋਂ ਬਾਅਦ ਸ. ਬਘੇਲ ਸਿੰਘ ਕਿਸੇ ਲੜਾਈ ਵਿਚ ਸ਼ਾਮਲ ਨਹੀਂ ਹੋਇਆ। ਸਰ ਲੈਪਲ ਗਰਿਫਨ ਅਨੁਸਾਰ, 1805 ਜਾਂ 1806 ਵਿਚ ਉਸ ਦਾ ਅਕਾਲ ਚਲਾਣਾ ਹੋਇਆ।

ਸ. ਬਘੇਲ ਸਿੰਘ ਆਖ਼ਰੀ ਸਮੇਂ ਤਕ ਆਪਣੇ ਬਾਹੂਬਲ ਨਾਲ, ਬੁੱਧ-ਬਲ ਨਾਲ ਅਤੇ ਸ਼ਰਧਾ-ਭਾਵ ਨਾਲ ਸਿੱਖ ਪੰਥ ਦੀ ਸੇਵਾ ਕਰਦਾ ਰਿਹਾ। ਉਸ ਦਾ ਇਲਾਕਾ ਦਿੱਲੀ ਰਾਜ ਅਤੇ ਸਿੱਖ ਮਿਸਲਾਂ ਦੇ ਵਿਚਕਾਰ ਪੈਂਦਾ ਸੀ। ਉਹ ਇਕ ਪਾਸੇ ਖਾਲਸੇ ਨਾਲ ਸਾਂਝ ਰੱਖਦਾ ਸੀ, ਦੂਜੇ ਪਾਸੇ ਦਿੱਲੀ ਦੇ ਹੁਕਮਰਾਨਾਂ ਨਾਲ ਦੋਸਤੀ ਰੱਖਦਾ ਸੀ। ਮਰਹੱਟੇ ਸਰਦਾਰ ਵੀ ਸ. ਬਘੇਲ ਸਿੰਘ ਦੇ ਮਹੱਤਵ ਨੂੰ ਸਮਝਦੇ ਸਨ। ਇਸ ਤਰ੍ਹਾਂ ਸ. ਬਘੇਲ ਸਿੰਘ ਸਿੱਖ ਕੌਮ ਦਾ ਇਕ ਨਿਪੁੰਨ ਨੀਤੀਵਾਨ, ਮਹਾਨ ਜਰਨੈਲ, ਨਿਰਭਉ ਅਤੇ ਨਿਰਵੈਰ ਯੋਧਾ ਅਤੇ ਇਕ ਸਮਰਪਿਤ ਗੁਰਸਿੱਖ ਹੋ ਨਿੱਬੜਿਆ। ਉਸ ਦੀ ਆਖ਼ਰੀ ਉਮਰ ਤਕ ਸਿੱਖ ਰਾਜ ਦਾ ਸੂਰਜ ਉਦੇ ਹੋ ਚੁੱਕਾ ਸੀ। 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਸ. ਬਘੇਲ ਸਿੰਘ ਜੇ ਚਾਹੁੰਦਾ ਤਾਂ ਦਿੱਲੀ ਵਿਚ ਆਪਣਾ ਰਾਜ ਸਥਾਪਤ ਕਰ ਸਕਦਾ ਸੀ। ਸ਼ਾਹ ਆਲਮ ਦੂਜੇ ਵੱਲੋਂ ਸ. ਬਘੇਲ ਸਿੰਘ ਨੂੰ ਆਪਣਾ ਵਜ਼ੀਰੇ-ਆਜ਼ਮ ਬਣਨ ਦੀ ਪੇਸ਼ਕਸ਼ ਕੀਤੀ ਗਈ। ਪਰ ਸਰਦਾਰ ਬਘੇਲ ਸਿੰਘ ਰਾਜ ਕਰਨ ਨਾਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਦੁਸ਼ਟਾਂ ਦੀ ਸੋਧ ਕਰਨ ਵਿਚ ਵਧੇਰੇ ਦਿਲਚਸਪੀ ਰੱਖਦਾ ਸੀ। ਸਿੱਖ ਰਾਜ ਦੀ ਸਥਾਪਤੀ ਵਿਚ ਵੀ ਸ. ਬਘੇਲ ਸਿੰਘ ਦਾ ਵੱਡਾ ਹੱਥ ਹੈ। ਉਸ ਦਾ ਇਲਾਕਾ ਦਿੱਲੀ ਦੇ ਨਾਲ ਹੋਣ ਕਰਕੇ ਅਤੇ ਦਿੱਲੀ ਦੀ ਸਿਆਸਤ ਵਿਚ ਉਸ ਦਾ ਹੱਥ ਹੋਣ ਕਰਕੇ ਸਿੱਖ ਮਿਸਲਾਂ ਮੁਗ਼ਲ ਰਾਜ ਵੱਲੋਂ ਸੁਰੱਖਿਅਤ ਹੋ ਗਈਆਂ ਅਤੇ ਉਨ੍ਹਾਂ ਨੂੰ ਆਪਣੀਆਂ ਰਿਆਸਤਾਂ ਕਾਇਮ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ। ਮਹਾਰਾਜਾ ਅਮਰ ਸਿੰਘ ਪਟਿਆਲੇ ਵਾਲੇ ਨੇ ਤਾਂ ਉਸ ਦਾ ਇਲਾਕਾ ਜਿੱਤਣ ਦਾ ਯਤਨ ਕੀਤਾ ਸੀ। ਪਰ ਸ. ਬਘੇਲ ਸਿੰਘ ਨੇ ਫੂਲਕੀਆ ਮਿਸਲ ਜਾਂ ਕਿਸੇ ਵੀ ਹੋਰ ਸਿੱਖ ਮਿਸਲ ਦਾ ਇਲਾਕਾ ਖੋਹਣ ਦੀ ਇੱਛਾ ਵੀ ਨਹੀਂ ਰੱਖੀ, ਸਗੋਂ ਇਨ੍ਹਾਂ ਰਿਆਸਤਾਂ ਦੀ ਮੁਗ਼ਲ ਹਾਕਮ ਅਤੇ ਮਰਹੱਟੇ ਸਰਦਾਰਾਂ ਤੋਂ ਰਾਖੀ ਹੀ ਕੀਤੀ ਸੀ। ਆਪਣੇ ਬਾਹੂਬਲ ਨਾਲ ਉਸ ਨੇ ਗੰਗਾ ਪਾਰ ਅਵਧ ਤਕ ਦੇ ਇਲਾਕਿਆਂ ਵਿਚ ਖਾਲਸੇ ਦਾ ਦਬਦਬਾ ਕਾਇਮ ਕੀਤਾ ਅਤੇ ਕੇਸਰੀ ਝੰਡਾ ਲਹਿਰਾਇਆ ਕਿਉਂਕਿ ਉਹ ਇਕ ਸ਼ਰਧਾਵਾਨ ਗੁਰਸਿੱਖ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ ਉੱਤੇ ਚੱਲਦੇ ਹੋਏ ਉਸ ਨੇ ਜ਼ਾਲਮਾਂ ਨੂੰ ਸੋਧਿਆ ਅਤੇ ਧਰਮ ਦੀ ਉਨਤੀ ਕੀਤੀ। ਗੁਰਵਾਕ ਹੈ:

ਧਰਮ ਚਲਾਵਨ, ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਿਨ॥ (ਬਚਿੱਤ੍ਰ ਨਾਟਕ)

ਸੱਚਮੁਚ ਹੀ ਸ. ਬਘੇਲ ਸਿੰਘ ਦਾ ਜੀਵਨ ਇਕ ਵਹਿੰਦੇ ਨਿਰਮਲ ਚਸ਼ਮੇ ਵਾਂਗ ਸੀ। ਉਨ੍ਹਾਂ ਦੇ ਮਿਸਾਲੀ ਜੀਵਨ, ਉੱਚੇ ਆਚਰਨ, ਵਿਲੱਖਣ ਕਾਰਨਾਮੇ, ਪ੍ਰਾਪਤੀਆਂ, ਬਹਾਦਰੀ ਦੇ ਜੌਹਰ ਆਦਿ ਸਾਰੇ ਮਹਾਨ ਪੱਖ ਸਾਂਭਣ ਯੋਗ ਹਨ। ਅਜਿਹੀਆਂ ਮਹਾਨ ਸ਼ਖਸੀਅਤਾਂ ਦੀ ਸਿਮਰਤੀ ਅਤੇ ਪਾਏ ਹੋਏ ਪੂਰਨੇ ਸਮਾਜ ਦੇ ਦਿਲਾਂ ਉੱਤੇ ਅਮਿਟ ਛਾਪ ਛੱਡ ਜਾਂਦੇ ਹਨ ਅਤੇ ਉਹ ਕੌਮਾਂ ਲਈ ਹਮੇਸ਼ਾਂ ਹੀ ਰੋਸ਼ਨ ਮੀਨਾਰ ਦਾ ਕੰਮ ਕਰਦੀਆਂ ਹਨ। ਅਜਿਹੀਆਂ ਸ਼ਖ਼ਸੀਅਤਾਂ ਜਿਨ੍ਹਾਂ ਦਾ ਸਾਰਾ ਜੀਵਨ-ਕਾਲ ਹੀ ਸੰਘਰਸ਼ਸ਼ੀਲ ਰਿਹਾ ਹੋਵੇ, ਜੋ ਪਹਾੜਾਂ ਜਿੱਡੀਆਂ ਚੁਣੌਤੀਆਂ ਨਾਲ ਬੇਖੌਫ਼ ਟਕਰਾਈਆਂ ਅਤੇ ਜੂਝੀਆਂ ਹੋਣ ਅਤੇ ਅਸੀਮ ਰੂਪ ਵਿਚ ਵਿਚਰਦਿਆਂ ਜਿਨ੍ਹਾਂ ਨੇ ਆਪਣੇ ਸਮਕਾਲੀਆਂ ਨੂੰ ਡਾਢਾ ਪ੍ਰਭਾਵਿਤ ਕੀਤਾ ਹੋਵੇ ਅਤੇ ਨਿਵੇਕਲਾ ਇਤਿਹਾਸ ਸਿਰਜਿਆ ਹੋਵੇ, ਉਹ ਇਤਿਹਾਸ ਵਿਚ ਹਮੇਸ਼ਾਂ ਹੀ ਨਿਵੇਕਲੀਆਂ ਖੜ੍ਹੀਆਂ ਦਿੱਸਦੀਆਂ ਹਨ। ਅਜਿਹੀ ਹੀ ਸ਼ਖ਼ਸੀਅਤ ਸੀ ਸ. ਬਘੇਲ ਸਿੰਘ ਅਤੇ ਅਜਿਹਾ ਹੀ ਜੀਵਨ ਸੀ ਸ. ਬਘੇਲ ਸਿੰਘ ਦਾ। ਉਹ ਅਸੀਮ ਸ਼ਕਤੀਆਂ ਦਾ ਮਾਲਕ ਹੁੰਦੇ ਹੋਏ ਵੀ ਹਉਮੈ, ਹੰਕਾਰ ਅਤੇ ਫੋਕੀ ਹੈਂਕੜ ਤੋਂ ਰਹਿਤ ਸੀ। ਉਹ ਹਮੇਸ਼ਾਂ ਹੀ ਗੁਰੂ-ਘਰ ਦਾ ਅਨਿੰਨ ਸੇਵਕ ਹੁੰਦੇ ਹੋਏ ਸਦਾ ਪ੍ਰਭੂ ਦੇ ਭਉ ਅਤੇ ਭਾਉ ਵਿਚ ਹੀ ਵਿਚਰੇ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਅਤੇ ਕੌਮ ਦੇ ਹੀਰੇ ਸਨ। ਉਹ ਸਰਬਪੱਖੀ ਸ਼ਖ਼ਸੀਅਤ ਦਾ ਮਾਲਕ ਅਤੇ ਸਫਲ ਗੁਰਸਿੱਖ ਸੀ। ਉਹ ਮਾਣ ਹੁੰਦਿਆਂ ਨਿਮਾਣਾ ਅਤੇ ਤਾਣ ਹੁੰਦਿਆਂ ਨਿਤਾਣਾ ਸੀ। ਉਹ ਇਨਸਾਨੀ ਗੁਣਾਂ ਦਾ ਮੁਜੱਸਮਾ ਸੀ। ਅਜਿਹੇ ਗੁਰਸਿੱਖ ਬਾਰੇ ਸਤਿਗੁਰ ਇਉਂ ਫਰਮਾਉਂਦੇ ਹਨ:

ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥ (ਪੰਨਾ 590)

ਮੈਦਾਨ-ਏ-ਜੰਗ ਵਿਚ ਮਹਾਨ ਅਤੇ ਕਾਮਯਾਬ ਯੋਧਾ, ਸਮਾਜਿਕ ਖੇਤਰ ਵਿਚ ਇਕ ਗ੍ਰਿਹਸਤੀ ਅਤੇ ਪਰਉਪਕਾਰੀ, ਗਰੀਬਾਂ, ਮਸਕੀਨਾਂ ਅਤੇ ਅਨਾਥਾਂ ਦੀ ਇੱਜ਼ਤ-ਆਬਰੂ ਦਾ ਰਾਖਾ, ਧਾਰਮਿਕ ਖੇਤਰ ਵਿਚ ਨਾਮ ਜਪਣ ਦੇ ਨਾਲ-ਨਾਲ ਅੰਮ੍ਰਿਤ ਸੰਚਾਰ ਰਾਹੀਂ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਅਜਿਹੇ ਮਨੁੱਖਾਂ ਬਾਰੇ ਇਉਂ ਫਰਮਾਉਂਦੇ ਹਨ:

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ 469)

ਉੱਪਰ ਲਿਖੇ ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਬਚਪਨ ਦੇ ਮੰਦਭਾਗੇ ਦਿਨਾਂ, ਅਸਥਿਰਤਾ ਅਤੇ ਅਨਿਸਚਿਤਤਾ ਦੇ ਬਾਵਜੂਦ ਅਕਾਲ ਪੁਰਖ ਦੀ ਕਿਰਪਾ ਦੁਆਰਾ ਗੁਰੂ-ਘਰ ਦੇ ਅਨਿੰਨ ਸੇਵਕ ਬਣੇ ਸ. ਬਘੇਲ ਸਿੰਘ ਨੇ ਆਪਣੇ ਚੰਗੇ ਅਚਾਰ, ਵਿਹਾਰ ਅਤੇ ਅਹਾਰ, ਉੱਚੇ ਆਚਰਨ, ਦ੍ਰਿੜ੍ਹਤਾ, ਹਲੀਮੀ, ਪਰਉਪਕਾਰਤਾ ਅਤੇ ਸਹੀ ਕੌਮਪ੍ਰਸਤੀ/ਪੰਥਪ੍ਰਸਤੀ ਅਤੇ ਦੇਸ਼-ਭਗਤੀ ਦੇ ਮਹਾਨ ਗੁਣਾਂ ਨਾਲ ਇਕ ਨਿਵੇਕਲਾ ਅਤੇ ਲਾਮਿਸਾਲ ਇਤਿਹਾਸ ਸਿਰਜਿਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਵੇ ‘ਸਚਿਆਰ’ ਜਿਸ ਨੂੰ ਦਸਮੇਸ਼ ਜੀ ਵੱਲੋਂ ‘ਖਾਲਸਾ’ ਅਤੇ ‘ਸੰਤ-ਸਿਪਾਹੀ’ ਦੇ ਰੂਪ ਵਿਚ ਪ੍ਰਗਟ ਕੀਤਾ ਸੀ, ਸ. ਬਘੇਲ ਸਿੰਘ ਉਸ ਉੱਤੇ ਇੰਨ-ਬਿੰਨ ਪੂਰਾ ਉਤਰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)