ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਅਤੇ ਸਿੱਖ ਪੰਥ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ‘ਸ਼ਹੀਦੀ ਅਧਾਰਸ਼ਿਲਾ’ ਉੱਪਰ ਹੀ ਰੱਖੀ ਗਈ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਮੱਲੂ ਜੀ ਦੇ ਪੁੱਛਣ ’ਤੇ ਉਪਦੇਸ਼ ਕੀਤਾ ਸੀ “ਭਾਈ ਮੱਲੂ! ਯੁੱਧ ਕਰਦੇ ਥੋੜ੍ਹਿਆਂ-ਬਹੁਤਿਆਂ ਦੀ ਪਰਵਾਹ ਨਹੀਂ ਕਰਨੀ।” ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ‘ਪਹਿਲਾਂ ਮਰਣ ਕਬੂਲ ਜੀਵਣੁ ਕੀ ਛਡਿ ਆਸ’ ਦਾ ਉਪਦੇਸ਼ ਦਿੱਤਾ ਅਤੇ ਨਾਲ ਹੀ ਫ਼ੁਰਮਾਇਆ, ‘ਜੋ ਸ਼ਸਤਰ ਦਾ ਵਾਰ ਸਹਿੰਦੇ ਸ਼ਹੀਦ ਹੁੰਦਾ ਹੈ, ਉਸ ਨੂੰ ਏਨਾ ਵੱਡਾ ਪਰਮ-ਅਨੰਦ ਪ੍ਰਾਪਤ ਹੁੰਦਾ ਹੈ ਜੋ ਹਜ਼ਾਰਾਂ ਸਾਲ ਤਪ ਕਰ ਕੇ ਕਿਸੇ ਜੋਗੀ ਨੂੰ ਵੀ ਨਹੀਂ ਮਿਲਦਾ।” ਇਸੇ ਸ਼ਹੀਦੀ ਪਰੰਪਰਾ ਦੇ ਸਬੰਧ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਨ ਕੀਤਾ ਕਿ ਕੋਲ ਆਏ ਮਹਿਮਾਨ ਲਈ ‘ਦੇਗ’ ਅਤੇ ਸਿਰ ਫਿਰੇ ਆਕੀ ਲਈ ‘ਤੇਗ’ ਹਰ ਗੁਰਸਿੱਖ ਦੇ ਘਰ ਸਦਾ ਤਿਆਰ ਮਿਲਣੀ ਚਾਹੀਦੀ ਹੈ।
ਗੁਰਬਾਣੀ ਅਤੇ ਕੁਰਬਾਨੀ ਦੇ ਇਸ ਮਹਾਨ ਪੰਥ ਵਿਚ ਪਹਿਲਾਂ ਸਤਿਗੁਰੂ ਸਾਹਿਬਾਨ ਨੇ ਆਪ ਤੇ ਫਿਰ ਸਿੱਖਾਂ ਨੇ ਇਸੇ ਲਹਿਰ ’ਤੇ ਚੱਲ ਕੇ ਸ਼ਹੀਦੀ ਪਰੰਪਰਾ ਨੂੰ ਜਨਮ ਦੇ ਕੇ ਅੱਗੇ ਤੋਰਿਆ।
ਧਰਮ ਯੁੱਧ ਵਿਚ ਜੂਝਦੇ ਹੋਏ ਸਿੰਘਾਂ ਦੀ ਗੱਲ ਹੀ ਦੁਨੀਆਂ ਤੋਂ ਵੱਖਰੀ ਕਿਸਮ ਦੀ ਸੀ। ਨਾ ਤਾਂ ਉਨ੍ਹਾਂ ਵਿਚ ਗੁੱਸੇ ਜਾਂ ਕ੍ਰੋਧ ਵਾਲੀ ਕੋਈ ਗੱਲ ਸੀ ਅਤੇ ਨਾ ਹੀ ਬਦਲਾਖੋਰੀ ਵਾਲੀ। ਮੈਦਾਨ-ਏ-ਜੰਗ ਵਿਚ ਸਿੰਘ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਸੀ ਸਮਝਦਾ, ਸਗੋਂ ਸਰਬ-ਸ਼ਕਤੀਵਾਨ ਸਤਿਗੁਰੂ ਨੂੰ ਉਹ ਸਦਾ ਹੀ ਆਪਣੇ ਅੰਗ-ਸੰਗ ਸਮਝਦੇ ਸਨ। ਆਪਣੇ ਗੁਰੂ ਅਤੇ ਸੱਚ ਵਿਚ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ। ਤਾਂ ਹੀ ਤਾਂ ਸਿੰਘ ਇਕੱਲਾ ਕਦੇ ਵੀ ਨਹੀਂ ਹੁੰਦਾ ਤੇ ਉਹ ਸਦਾ ਹੀ ਚੜ੍ਹਦੀ ਕਲਾ ਵਿਚ ਰਹਿ ਕੇ, ਸਦਾ ਸਫ਼ਲਤਾ ਪ੍ਰਾਪਤ ਕਰਦਾ ਹੈ।
ਸਿੰਘਾਂ ਦੇ ਵਿਲੱਖਣ ਧਰਮ ਯੁੱਧ ਬਾਰੇ ਕਿਹਾ ਜਾਂਦਾ ਹੈ ਕਿ “ਜੇਕਰ ਯੁੱਧ ਵਿਚ ਜੂਝਦੇ ਦੁਸ਼ਮਣ ਦੀ ਪੱਗ ਉਤਰ ਜਾਂਦੀ ਸੀ ਤਾਂ ਸਿੰਘ ਕਿਰਪਾਨ ਮਿਆਨ ਵਿਚ ਪਾ ਲੈਂਦੇ ਸਨ ਤੇ ਕਹਿੰਦੇ ਸਨ- “ਐ ਭਲੇ ਪੁਰਸ਼! ਆਪਣੀ ਪੱਗ ਸੰਭਾਲ, ਮੈਂ ਤੇਰੀ ਇੱਜ਼ਤ ਲਾਹੁਣ ਨਹੀਂ ਆਇਆ।” ਯੁੱਧ ਵਿਚ ਸਿੰਘ ਕਦੇ ਕਿਸੇ ਔਰਤ ਦੇ ਗਹਿਣੇ ਨੂੰ ਵੀ ਹੱਥ ਨਹੀਂ ਸਨ ਲਾਉਂਦੇ ਅਤੇ ਨਾ ਹੀ ਕਿਸੇ ਔਰਤ ਨੂੰ ਬੁਰੀ ਨਿਗ੍ਹਾ ਨਾਲ ਹੀ ਵੇਖਦੇ ਸਨ। ਔਰਤ, ਬੱਚੇ ਜਾਂ ਬਿਰਧ ਉੱਤੇ ਕਦੇ ਵੀ ਸਿੰਘ ਵਾਰ ਨਹੀਂ ਸਨ ਕਰਦੇ ਅਤੇ ਨਾ ਹੀ ਰਣ ਵਿਚ ਭੱਜੇ ਜਾਂਦੇ ਉੱਤੇ ਹੀ ਵਾਰ ਕਰਦੇ ਸਨ।
ਇਹ ਸੀ ਸਿੱਖਾਂ ਦਾ ਵਿਲੱਖਣ ਧਰਮ-ਯੁੱਧ, ਜਿਸ ਦੇ ਪ੍ਰਤਾਪ ਕਰਕੇ ਹੀ ਸਿੰਘਾਂ ਨਾਲ ਕੋਈ ਵੀ ਦੁਸ਼ਮਣ ਨਾ ਅੜ ਸਕਿਆ, ਦਸ-ਦਸ ਲੱਖ ਦੀਆਂ ਫੌਜਾਂ ਦੇ ਲਸ਼ਕਰ ਬੁਰੀ ਤਰ੍ਹਾਂ ਮਾਰ ਖਾ-ਖਾ ਕੇ ਭੱਜੇ ਅਤੇ ਖਾਲਸੇ ਦੀ ਹਰ ਮੈਦਾਨ ਫਤਹਿ ਹੋਈ। ਆਕੀਆਂ, ਦੁਸ਼ਟਾਂ ਅਤੇ ਹੰਕਾਰੀਆਂ ਦਾ ਨਾਸ਼ ਹੋਇਆ ਅਤੇ ‘ਅਕਾਲ ਪੁਰਖ ਦੀ ਫੌਜ’ ਦੇ ਬੋਲ-ਬਾਲੇ ਹੋਏ।
ਮਾਤਾ ਗੁਜਰੀ ਜੀ ਦੀ ਮਹਾਨਤਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ, ਆਪ ਤਾਂ ਮਾਤਾ ਜੀ ਮਹਾਨ ਸ਼ਹੀਦ ਹਨ ਹੀ, ਪਰ ਜਿਨ੍ਹਾਂ ਦਾ ਸਮੁੱਚਾ ਖਾਨਦਾਨ ਹੀ ਮਹਾਨ ਸ਼ਹੀਦ ਹੋਵੇ, ਐਸੀ ਸ਼ਹੀਦ ਮਾਤਾ ਨੂੰ ਸ਼ਿਰੋਮਣੀ ਸ਼ਹੀਦ ਮਾਤਾ ਕਿਹਾ ਜਾਂਦਾ ਹੈ।
ਸ਼ਹੀਦ ਪਤੀ (ਸ੍ਰੀ ਗੁਰੂ ਤੇਗ ਬਹਾਦਰ ਜੀ),
ਸ਼ਹੀਦ ਪੁੱਤਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ),
ਸ਼ਹੀਦ ਭਰਾ (ਮਾਮਾ ਕ੍ਰਿਪਾਲ ਚੰਦ ਜੀ),
ਨਣਾਨ (ਬੀਬੀ ਵੀਰੋ ਜੀ) ਦੇ ਪੰਜ ਪੁੱਤਰ ਸ਼ਹੀਦ (ਨਦੋਤਰੇ)
ਬਾਬਾ ਸੰਗੋ ਸ਼ਾਹ ਜੀ, ਬਾਬਾ ਗੁਲਾਬ ਚੰਦ ਜੀ, ਬਾਬਾ ਜਤੀ ਮੱਲ ਜੀ, ਬਾਬਾ ਗੰਗਾ ਰਾਮ ਜੀ, ਬਾਬਾ ਸਹਾਰੀ ਚੰਦ ਜੀ।
ਇਸ ਸ਼ਹੀਦੀ ਖਾਨਦਾਨ (ਵੰਸ਼) ਦੀ ਪ੍ਰਧਾਨ, ਐਸੀ ਸ਼ਹੀਦ ਮਾਤਾ ਗੁਜਰੀ ਜੀ ਦਾ ਜਨਮ 1627 ਈ. ਨੂੰ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਜਲੰਧਰ ਨੇੜੇ ਕਰਤਾਰਪੁਰ ਵਿਖੇ ਹੋਇਆ। ਆਪ ਜੀ ਦਾ ਵਿਆਹ ਨੌਂਵੇਂ ਸਤਿਗੁਰੂ, ਹਿੰਦ ਦੀ ਚਾਦਰ, ਧਰਮ ਹੇਤ ਮਹਾਨ ਸਾਕਾ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ। ਜਦੋਂ ਡੋਲੀ ਤੁਰਨ ਲੱਗੀ ਤਾਂ ਮਾਤਾ ਬਿਸ਼ਨ ਕੌਰ ਜੀ ਨੇ ਸਿਰ ’ਤੇ ਪਿਆਰ ਦੇ ਕੇ ਸਮਝਾਇਆ, “ਗੁਜਰੀ! ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰੀਂ, ਇਸ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ।”
ਪਤਿ ਸਮ ਈਸ ਪਛਾਨ ਕੈ, ਹੇ ਪੁੱਤਰੀ ਕਰ ਸੇਵ।
ਪਤਿ ਪਰਮੇਸ਼ਰ ਜਾਨੀਐ, ਔਰ ਤੁਛ ਲਖ ਏਵ। (ਗੁਰ ਬਿਲਾਸ)
ਮਾਤਾ ਬਿਸ਼ਨ ਕੌਰ ਤੇ ਪਿਤਾ ਲਾਲ ਚੰਦ ਜੀ ਨੇ ਅਰਦਾਸ ਕੀਤੀ, “ਹੇ ਸਤਿਗੁਰੂ ਜੀਓ! ਗਰੀਬ ਦੀ ਲਾਜ ਰੱਖਿਓ। ਗੁਰੂ (ਹਰਿਗੋਬਿੰਦ ਜੀ) ਦੇ ਘਰੋਂ ਸਦਾ ਨਿੱਘ ਹੀ ਆਵੇ, ਸੇਕ ਨਾ ਆਵੇ।”
ਮਾਤਾ ਗੁਜਰੀ ਜੀ ਦੀ ਸੁੰਦਰਤਾ ਬੇਮਿਸਾਲ ਸੀ। ਲੰਮਾ ਕੱਦ, ਸੁੰਦਰ ਨੈਣ, ਹੱਸਮੁਖ ਚਿਹਰਾ, ਬੋਲ ਮਿੱਠੇ-ਮਿੱਠੇ, ਅਵਾਜ ਸਹਿਜ ਅਵਸਥਾ ਵਾਲੀ, ਮਨ ਦੀ ਨਿਰਮਾਣਤਾ, ਸ਼ਰਮ ਲੱਜਾ ਅਤੇ ਨਿਮਰਤਾ ਦੀ ਸੁੰਦਰ ਮੂਰਤ ਸਨ, ਮਾਤਾ ਗੁਜਰੀ ਜੀ। ਹਰ ਵੇਲੇ ਆਪ ਜੀ ਸੱਸ, ਸਹੁਰੇ ਅਤੇ ਘਰ ਆਈ ਸਾਧ-ਸੰਗਤ ਦੀ ਸੇਵਾ ਵਿਚ ਐਸਾ ਲੀਨ ਰਹਿੰਦੇ ਸਨ ਕਿ ਆਪ ਨੇ ਕਦੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਹੀ ਨਹੀਂ ਸੀ ਦਿੱਤਾ।
ਆਪ ਜੀ ਦਾ ਵਿਆਹ ਹੋਏ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ, ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ, ਕਰਤਾਰਪੁਰ ਦੀ ਜੰਗ ਬੇਸ਼ੁਮਾਰ ਮੁਗ਼ਲ ਸੈਨਾ ਨਾਲ ਲੜਨੀ ਪਈ। ਇਸ ਭਿਆਨਕ ਜੰਗ ਨੂੰ ਨਵੀਂ ਵਿਆਹੀ ਆਈ, ਮਾਤਾ ਗੁਜਰੀ ਜੀ ਨੇ, ਮਕਾਨਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਅੱਖੀਂ ਵੇਖਿਆ। ਪਤੀ ਨੂੰ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਖ਼ੂਬ ਹੱਲਾਸ਼ੇਰੀ ਦਿੱਤੀ। ਐਸੀ ਧਰਮ, ਬਹਾਦਰ ਅਤੇ ਨਿਰਭੈ ਸ਼ਖ਼ਸੀਅਤ ਦੇ ਮਾਲਕ ਸਨ, ਮਾਤਾ ਜੀ।
ਸ੍ਰੀ ਗੁਰੂ ਤੇਗ ਬਹਾਦਰ ਜੀ, ਪਿਤਾ-ਗੁਰੂ ਦੇ ਹੁਕਮ ਅਨੁਸਾਰ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨਾਲ ਬਾਬਾ ਬਕਾਲਾ ਵਿਖੇ ਆ ਗਏ। ਬਾਬਾ ਬਕਾਲਾ ਵਿਖੇ ਜੋ ਤਿਆਗ, ਸੰਜਮ, ਸੇਵਾ, ਭਗਤੀ ਅਤੇ ਸਿਮਰਨ, ਗੁਰੂ ਜੀ ਦੇ ਨਾਲ, ਮਾਤਾ ਗੁਜਰੀ ਜੀ ਨੇ (ਲੱਗਭਗ 21 ਸਾਲ) ਕੀਤਾ, ਇਸ ਦੀ ਉਦਾਹਰਣ ਮਿਲਣੀ ਕਠਿਨ ਲੱਗਦੀ ਹੈ। ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਰਮਾਤਮਾ ਦੀ ਬੇਅੰਤ ਬੰਦਗੀ ਕੀਤੀ ਜਿਸ ਦਾ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿਤਰ ਨਾਟਕ’ ਰਚਨਾ ਵਿਚ ਵੀ ਕੀਤਾ ਹੈ:
ਤਾਤ ਮਾਤ ਮੁਰ ਅਲਖ ਅਰਾਧਾ॥
ਬਹੁ ਬਿਧਿ ਜੋਗ ਸਾਧਨਾ ਸਾਧਾ॥
ਤਿਨ ਜੋ ਕਰੀ ਅਲਖ ਕੀ ਸੇਵਾ॥
ਤਾਤੇ ਭਏ ਪ੍ਰਸੰਨ ਗੁਰਦੇਵਾ॥
ਇਥੇ ਹੀ ਬਸ ਨਹੀਂ, ਕਸ਼ਮੀਰੀ ਪੰਡਤਾਂ ਦੀ ਅਰਜ਼ੋਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਅਨੰਦਪਰ ਸਾਹਿਬ ਛੱਡ ਕੇ, ਦਿੱਲੀ ਜਾ ਕੇ ਸ਼ਹੀਦ ਹੋਣਾ ਤੇ ਮਾਤਾ ਗੁਜਰੀ ਜੀ ਨੇ ਭਾਣੇ ਵਿਚ ਅਡੋਲ ਰਹਿਣਾ, ਹਰ ਦੁੱਖ-ਸੁਖ ਨੂੰ ਸਮ (ਬਰਾਬਰ) ਕਰਕੇ ਜਾਣਨਾ, ਇਕ ਔਰਤ ਵਾਸਤੇ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਜਦੋਂ ਮਹਾਨ ਸ਼ਹੀਦ ਪਿਤਾ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚੋਂ ਉਠਾ ਕੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੱਟਿਆ ਹੋਇਆ ਸੀਸ ਵੇਖ ਕੇ ਮਾਤਾ ਗੁਜਰੀ ਜੀ ਨੇ ‘ਗੁਰੂ-ਪਤੀ’ ਨੂੰ ਮੱਥਾ ਟੇਕਿਆ। ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਬਚਨ ਕਹੇ, ‘ਤੁਹਾਡੀ ਨਿਭ ਆਈ, ਇਹ ਕਿਰਪਾ ਕਰੋ ਕਿ ਮੇਰੀ ਵੀ ਨਿਭ ਜਾਏ!’ ਅੱਖਾਂ ਵਿਚ ਅੱਥਰੂ ਨਹੀਂ, ਨਾ ਹੀ ਗ਼ਮ ਸੀ, ਸਗੋਂ ਮੱਥੇ ਤੇ ਚਿਹਰੇ ਤੋਂ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਪੜ੍ਹਿਆ ਜਾ ਸਕਦਾ ਸੀ।
ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਖੰਡੇ ਕੀ ਪਾਹੁਲ’ ਅਤੇ ‘ਖਾਲਸਾ ਸਿਰਜਣਾ ਵੇਲੇ’ ਗੁਰੂ ਜੀ ਵੱਲੋਂ ਸੀਸ ਮੰਗਣ ’ਤੇ ਬਹੁਤ ਸਾਰੇ ਸ਼ਰਧਾਲੂ ਅਤੇ ਮਸੰਦ ਦੌੜ ਕੇ ਮਾਤਾ ਗੁਜਰੀ ਜੀ ਪਾਸ ਫਰਿਆਦੀ ਹੋਏ ਸਨ ਪਰ ਮਾਤਾ ਜੀ ਅੰਤਰਯਾਮੀ ਦੂਰ-ਦ੍ਰਿਸ਼ਟੀ ਦੇ ਮਾਲਕ ਸਨ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਅਨੋਖੀ ਖੇਡ ਵਿਚ ਦਖਲ ਨਾ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ (1700 ਈ.) ਜਿੱਤ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਏ ਤਾਂ ਮਾਤਾ ਗੁਜਰੀ ਜੀ ਨੇ ਗਲਵਕੜੀ ਵਿਚ ਲੈ ਕੇ, ਨਿੱਘਾ ਪਿਆਰ ਦਿੱਤਾ ਤੇ ਸ਼ਾਬਾਸ਼ ਦਿੱਤੀ।
ਗੰਗੂ ਰਸੋਈਏ ਨੇ ਜਦੋਂ ਲੂਣ ਹਰਾਮੀ ਕਰ ਕੇ ਮਾਤਾ ਜੀ ਦੀ ਧਨ ਹੀਰਿਆਂ ਆਦਿ ਵਾਲੀ ਗਠੜੀ ਲੁਕਾ ਲਈ ਤਾਂ ਮਾਤਾ ਜੀ ਨੇ ਬੜੇ ਪਿਆਰ ਤੇ ਠਰ੍ਹੰਮੇ ਨਾਲ ਗੰਗੂ ਨੂੰ ਆਖਿਆ ਸੀ, “ਗੰਗੂ! ਤੂੰ ਇੰਜ ਕਿਉਂ ਕੀਤਾ, ਜੇ ਤੂੰ ਮੇਰੇ ਕੋਲੋਂ ਉਂਝ ਮੰਗ ਲੈਂਦੋਂ ਤਾਂ ਕਿਹੜੀ ਮੈਂ ਨਾਂਹ ਕਰ ਦੇਣੀ ਸੀ?”
ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਲੈਣ ਲਈ ਆਏ ਸਿਪਾਹੀ ਵੇਖ ਕੇ ਮਾਤਾ ਗੁਜਰੀ ਜੀ ਨੇ, ਛੋਟੇ ਪੋਤਰਿਆਂ ਦੇ ਸੁੰਦਰ ਮੁਖੜੇ ਧੋਤੇ, ਸਿਰ ’ਤੇ ਦਸਤਾਰਾਂ ਸਜਾਈਆਂ ਤੇ ਕਿਹਾ “ਬੇਟਾ! ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ। ਕਿਸੇ ਅੱਗੇ ਜਾ ਕੇ ਸਿਰ ਨਹੀਂ ਝੁਕਾਉਣਾ; ਗੱਜ ਕੇ ਫਤਹਿ ਬੁਲਾਉਣੀ, ਆਪਣਾ ਧਰਮ ਨਹੀਂ ਛੱਡਣਾ, ਕਿਸੇ ਪ੍ਰਕਾਰ ਦੇ ਵੀ ਲਾਲਚ ਵਿਚ ਨਹੀਂ ਆਉਣਾ, ਕਿਤੇ ਪਿਉ-ਬਾਬੇ ਦੀ ਪੱਗ ਨੂੰ ਲਾਜ ਨਾ ਲੱਗੇ!” ਸਾਹਿਬਜ਼ਾਦਿਆਂ ਨੇ ਜਾਨਾਂ ਕੁਰਬਾਨ ਤਾਂ ਕਰ ਦਿੱਤੀਆਂ, ਨੀਹਾਂ ਵਿਚ ਤਾਂ ਚਿਣੇ ਗਏ ਪਰ ਇਸਲਾਮ ਕਬੂਲ ਨਾ ਕੀਤਾ। ਇਹ ਸੀ ਦਾਦੀ ਮਾਂ ਗੁਜਰੀ ਜੀ ਦੀ ਸਿੱਖਿਆ ਉਪਦੇਸ਼ ਦਾ ਚਮਤਕਾਰ। ਬੱਚਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਨੇ ਨਿਰੰਕਾਰ ਦਾ ਸ਼ੁਕਰਾਨਾ ਕੀਤਾ, ਆਪਣੀ ਸਮਾਧੀ ਰੂਪ ਵਿਚ ਬਿਰਾਜਮਾਨ ਹੋ ਗਏ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ।
ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ, ਤਿੰਨਾਂ ਦਾ ਇਕੱਠਿਆਂ ਹੀ ਸਸਕਾਰ, ਗੁਰਦੁਆਰਾ ਸਾਹਿਬ ਜੋਤੀ ਸਰੂਪ ਵਾਲੀ ਥਾਂ, ਫਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ 28 ਦਸੰਬਰ, 1704 ਈ. ਨੂੰ ਕੀਤਾ ਗਿਆ।
ਨਿਰਸੰਦੇਹ ਮਾਤਾ ਗੁਜਰੀ ਜੀ ਵਰਗੀ ਅਮਰ ਸ਼ਹੀਦ ਅਤੇ ਲਾਸਾਨੀ ਕੁਰਬਾਨੀ ਵਾਲੀ ਮਹਾਨ ਸ਼ਖ਼ਸੀਅਤ ਦੁਨੀਆਂ ਭਰ ਦੇ ਇਤਿਹਾਸ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦੀ ਜੋ ਆਪਣਾ ਆਪ, ਆਪਣਾ ਸਾਰਾ ਖਾਨਦਾਨ ਅਰਥਾਤ ਪਤੀ, ਪੁੱਤਰ, ਪੋਤਰੇ, ਭਰਾ ਅਤੇ ਨਦੋਤਰੇ ਦੇਸ਼-ਧਰਮ ਹਿੱਤ ਕੁਰਬਾਨ ਕਰਵਾ ਕੇ ਪ੍ਰਭੂ-ਭਾਣੇ ਵਿਚ ਅਡੋਲ ਰਹੀ ਹੋਵੇ।
ਲੇਖਕ ਬਾਰੇ
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/July 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/October 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/November 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2009
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/April 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/August 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/September 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2010