ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਇਹ ਕਹਿਣਾ ਵੀ ਅਤਿਕਥਨੀ ਨਹੀਂ ਕਿ ਮਨੁੱਖ ਇਸ ਕੁਦਰਤ ਦੀ ਸਭ ਤੋਂ ਉੱਤਮ ਕਿਰਤ ਹੈ। ਇਸ ਗੱਲ ਤੋਂ ਅਸੀਂ ਸਭ ਜਾਣੂ ਹਾਂ ਕਿ ਮਨੁੱਖ ਨੂੰ ਸਭਿਅਕ ਮਨੁੱਖ ਬਣਨ ਲਈ ਕਿੰਨੀ ਘਾਲਣਾ ਘਾਲਣੀ ਪਈ ਹੈ। ਮਨੁੱਖ ਨੂੰ ਕੁਦਰਤ ਨੇ ਸਭ ਬਖਸ਼ਿਸ਼ਾਂ ਦਿੱਤੀਆਂ ਜਿਨ੍ਹਾਂ ਕਾਰਨ ਮਨੁੱਖ ਪਸ਼ੂ-ਪੰਛੀਆਂ ਤੋਂ ਸ੍ਰੇਸ਼ਟ ਹੋ ਗਿਆ। ਇਸ ਵਿਚ ਸੁਣਨ, ਬੋਲਣ, ਸਮਝਣ ਤੇ ਗਿਆਨ ਪ੍ਰਾਪਤ ਕਰਨ ਦੀ ਸੋਝੀ ਆ ਗਈ ਪਰ ਨਾਲ ਹੀ ਇਸ ਵਿਚ ਬਦਲੇ ਦੀ ਭਾਵਨਾ ਉਤਪੰਨ ਹੋ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਿੰਤਨ-ਪ੍ਰਕਿਰਿਆ ਨਾਲ ਪੂਰੇ ਬ੍ਰਹਿਮੰਡ ਵਿਚ ਇਕ ਨਵੇਂ ਯੁੱਗ ਦਾ ਅਰੰਭ ਹੋਇਆ। ਉਸ ਸਮੇਂ ਆਮ ਲੋਕ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਅਜਿਹੇ ਤਪਦੇ ਹਿਰਦਿਆਂ ਨੂੰ ਠੰਡ ਪਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ ’ਤੇ ਪ੍ਰਕਾਸ਼ ਹੋਇਆ। ਆਪ ਨੇ ਚਾਰ ਦਿਸ਼ਾਵਾਂ ਵਿਚ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਯਤਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਪਾਪਾਂ ਦੀ ਦਲਦਲ ਵਿੱਚੋਂ ਕੱਢਣ ਲਈ ਜਿਸ ਮਾਨਵਤਾ ਦੀ ਗੱਲ ਆਪਣੀ ਬਾਣੀ ਵਿਚ ਕੀਤੀ ਹੈ, ਉਹ ਅੱਜ ਵੀ ਉਤਨੀ ਹੀ ਭਾਵਪੂਰਨ ਹੈ ਜਿਤਨੀ ਉਦੋਂ ਸੀ। ਬਾਕੀ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਸੰਕਲਪਾਂ ਨੂੰ ਸਪੱਸ਼ਟ ਕਰਨ ਤੇ ਸਮਝਾਉਣ ਦੇ ਲਈ ਇਸ ਲੀਹ ਨੂੰ ਅੱਗੇ ਵਧਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਿੱਧੀ ਤੇ ਸਾਦੀ ਭਾਸ਼ਾ ਵਿਚ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ’ ਦਾ ਉਪਦੇਸ਼ ਦਿੱਤਾ। ਦੇਖਿਆ ਜਾਵੇ ਤਾਂ ਸਮੁੱਚੀ ਬਾਣੀ ਇਨ੍ਹਾਂ ਤੱਥਾਂ ’ਤੇ ਹੀ ਆਧਾਰਿਤ ਹੈ। ਮਨੁੱਖ ਦੁਨਿਆਵੀ ਕਾਰਜਾਂ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਕਿ ਉਹ ਇਹ ਭੁੱਲ ਹੀ ਜਾਂਦਾ ਹੈ ਕਿ ਉਸ ਦਾ ਇਥੇ ਆਉਣ ਦਾ ਮਕਸਦ ਕੀ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਮਾਝ ਕੀ ਵਾਰ ਦੇ ਅਰੰਭ ਵਿਚ ਹੀ ਅੰਕਿਤ ਕਰਦੇ ਹਨ:
ਪਹਿਲੈ ਪਿਆਰਿ ਲਗਾ ਥਣ ਦੁਧਿ॥
ਦੂਜੈ ਮਾਇ ਬਾਪ ਕੀ ਸੁਧਿ॥
ਤੀਜੈ ਭਯਾ ਭਾਭੀ ਬੇਬ॥
ਚਉਥੈ ਪਿਆਰਿ ਉਪੰਨੀ ਖੇਡ॥
ਪੰਜਵੈ ਖਾਣ ਪੀਅਣ ਕੀ ਧਾਤੁ॥
ਛਿਵੈ ਕਾਮੁ ਨ ਪੁਛੈ ਜਾਤਿ॥
ਸਤਵੈ ਸੰਜਿ ਕੀਆ ਘਰ ਵਾਸੁ॥
ਅਠਵੈ ਕ੍ਰੋਧੁ ਹੋਆ ਤਨ ਨਾਸੁ॥
ਨਾਵੈ ਧਉਲੇ ਉਭੇ ਸਾਹ॥
ਦਸਵੈ ਦਧਾ ਹੋਆ ਸੁਆਹ॥
ਗਏ ਸਿਗੀਤ ਪੁਕਾਰੀ ਧਾਹ॥
ਉਡਿਆ ਹੰਸੁ ਦਸਾਏ ਰਾਹ॥
ਆਇਆ ਗਇਆ ਮੁਇਆ ਨਾਉ॥
ਪਿਛੈ ਪਤਲਿ ਸਦਿਹੁ ਕਾਵ॥
ਨਾਨਕ ਮਨਮੁਖਿ ਅੰਧੁ ਪਿਆਰੁ॥
ਬਾਝੁ ਗੁਰੂ ਡੁਬਾ ਸੰਸਾਰੁ॥ (ਪੰਨਾ 137)
ਮਨੁੱਖ ਆਪਣੇ ਮੰਦੇ ਅਮਲਾਂ ਕਾਰਨ ਦੁਨੀਆਂ ’ਤੇ ਆ ਕੇ ਸਭ ਕੁਝ ਭੁੱਲ ਜਾਂਦਾ ਹੈ ਕਿ ਉਹ ਕਿੱਥੋਂ ਆਇਆ ਹੈ ਤੇ ਕਿੱਥੇ ਜਾਣਾ ਹੈ। ਉਸ ਨੂੰ ਤਾਂ ਸਾਰਾ ਕੁਝ ਨਿੱਜੀ ਹੀ ਲੱਗਣ ਲੱਗ ਜਾਂਦਾ ਹੈ। ਉਹ ਕਮਾਈ ਕਰ ਕੇ ਕਹਿੰਦਾ ਹੈ ਕਿ ਮੈਂ ਇਹ ਕੀਤਾ ਹੈ, ਮੈਂ ਇਹ ਲਿਆ ਹੈ, ਇਹ ਵੀ ਮੇਰਾ ਹੈ ਤੇ ਇਹ ਵੀ। ਇਸ ਤਰ੍ਹਾਂ ਉਸ ਵਿਚ ਹਉਮੈ ਆ ਜਾਂਦੀ ਹੈ। ਉਹ ਨਾਮ ਤਾਂ ਹੀ ਧਿਆ ਸਕਦਾ ਹੈ ਜੇਕਰ ਹਉਮੈ ਤੋਂ ਮੁਕਤੀ ਪਾਵੇ। ਜਦੋਂ ਮਨੁੱਖ ਆਪਣੇ ਮਨ ਵਿੱਚੋਂ ਹਉਮੈ ਨੂੰ ਕੱਢ ਕੇ ਆਪਣਾ ਮਨ ਸਾਫ਼ ਕਰ ਲਵੇਗਾ ਤਾਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਗੁਰੂ ਜੀ ਫ਼ਰਮਾਉਂਦੇ ਹਨ:
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥
ਅੰਧਾ ਭੂਲਿ ਪਇਆ ਜਮ ਜਾਲੇ॥
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ॥
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ॥
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ॥ (ਪੰਨਾ 139)
ਇਸ ਤੋਂ ਅੱਗੇ ਮਨੁੱਖ ਨੂੰ ਸਮਝਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਐ ਮਨੁੱਖ! ਤੂੰ ਝੂਠ ਬੋਲਦਾ ਹੈਂ ਜੋ ਕਿ ਮੁਰਦੇ ਨੂੰ ਖਾਣ ਦੇ ਸਮਾਨ ਹੈ। ਐਸਾ ਕਰਕੇ ਵੀ ਤੂੰ ਦੂਸਰਿਆਂ ਨੂੰ ਉਪਦੇਸ਼ ਦੇਣ ਦਾ ਖਿਆਲ ਤੇ ਕੋਸ਼ਿਸ਼ ਕਰਦਾ ਹੈਂ, ਤੈਨੂੰ ਆਤਮ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਆਪ ਜੀ ਦਾ ਸਲੋਕ ਹੈ:
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥ (ਪੰਨਾ 139-140)
ਇਸ ਤੋਂ ਅੱਗੇ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਤੋਂ ਆਪਣਾ ਨਾਤਾ ਤੋੜਨ ਤੇ ਨਾਮ-ਧਨ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਕਹਿੰਦੇ ਹਨ ਕਿ ਨਾਮ-ਧਨ ਤੋਂ ਬਿਨਾਂ ਬਾਕੀ ਧਨ-ਦੌਲਤ ਸਭ ਵਿਅਰਥ ਹੈ:
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ॥ (ਪੰਨਾ 141)
ਇਹ ਦੁਨੀਆਂ ਨਾਸ਼ਵਾਨ ਹੈ। ਇਥੇ ਨਾ ਅਮੀਰ ਟਿਕਦਾ ਹੈ ਤੇ ਨਾ ਹੀ ਗਰੀਬ ਤੇ ਨਾ ਹੀ ਧਨ-ਦੌਲਤ ਨਾਲ ਜਾਂਦੀ ਹੈ। ਮਨੁੱਖ ਨੂੰ ਬੇਸ਼ੱਕ ਇਹ ਸਮਝ ਹੈ ਪਰ ਫਿਰ ਵੀ ਉਹ ਬੇਅੰਤ ਧਨ ਇਕੱਠਾ ਕਰਨ ਤੇ ਝੂਠੀ ਸ਼ਾਨ-ਓ-ਸ਼ੌਕਤ ਲਈ ਤੁਰਿਆ ਫਿਰਦਾ ਹੈ। ਇਹ ਰੁਤਬੇ, ਇਹ ਬਾਗ-ਬਗੀਚੇ ਤੇ ਮਹੱਲ ਤਾਂ ਰਾਜਿਆਂ-ਰਾਣੀਆਂ ਦੇ ਨਾਲ ਵੀ ਨਹੀਂ ਗਏ। ਫਿਰ ਸਾਧਾਰਨ ਮਨੁੱਖ ਇਹ ਭਰਮ-ਭੁਲੇਖਾ ਕਿਉਂ ਪਾਲਦਾ ਹੈ?
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਢਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥ (ਪੰਨਾ 141)
ਮਨੁੱਖੀ ਮਨ ਅੰਦਰ ਸੱਚ ਦਾ ਪ੍ਰਕਾਸ਼ ਕਰ ਦੇਣ ਦੀ ਸ਼ਕਤੀ ਕੇਵਲ ਵਾਹਿਗੁਰੂ ਕੋਲ ਹੈ। ਉਹ ਸਭ ਦੇ ਮਨ ਦੀਆਂ ਜਾਣਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਖਾਵੇ ਦੇ ਕਰਮਾਂ ਦੇ ਮੁਕਾਬਲੇ ਸ਼ੁਭ ਅਮਲਾਂ ’ਤੇ ਜ਼ੋਰ ਦਿੱਤਾ। ਗੁਰੂ ਜੀ ਨੇ ਮਨੁੱਖ ਨੂੰ ਆਤਮਾ ਨੂੰ ਸ਼ੁੱਧ ਕਰਨ ਲਈ ਨਾਮ-ਰੰਗ, ਪ੍ਰੇਮ-ਭਗਤੀ, ਪ੍ਰਭੂ-ਚਿੰਤਨ ਕਰਨ ’ਤੇ ਜ਼ੋਰ ਦਿੱਤਾ ਤੇ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ। ਆਪ ਨੇ ਕਿਹਾ, ਪਰਮਾਤਮਾ ਜਿਸ ’ਤੇ ਦਿਆਲੂ ਹੁੰਦਾ ਹੈ ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਉਸ ਨੂੰ ਦੁਨੀਆਂ ਦੇ ਸਭ ਸੁਖ ਪ੍ਰਾਪਤ ਹੋ ਜਾਂਦੇ ਹਨ। ਆਪ ਦਾ ਕਥਨ ਹੈ:
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ॥
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ॥
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ॥
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ॥
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ॥25॥ (ਪੰਨਾ 149)
ਪਰਮਾਤਮਾ ਜਿਸ ਦੇ ਵੱਲ ਹੁੰਦਾ ਹੈ ਉਸ ਨੂੰ ਜਮ ਦਾ ਵੀ ਡਰ ਨਹੀਂ ਰਹਿੰਦਾ। ਗੁਰੂ ਜੀ ਇੱਕੋ ਪਰਮਾਤਮਾ ਜੋ ਸਰਬ-ਵਿਆਪਕ ਹੈ ਉਸ ਨੂੰ ਮੰਨਣ ਦਾ ਉਪਦੇਸ਼ ਦਿੰਦੇ ਹਨ। ਉਹ ਮਨੁੱਖ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਦੁੱਖਾਂ ਨੂੰ ਦੇਖ ਕੇ ਭੱਜਣ ਤੇ ਹਮੇਸ਼ਾਂ ਸੁਖ ਦੀ ਕਾਮਨਾ ਕਰਦੇ ਰਹਿਣ ਨਾਲ ਇਨਸਾਨ ਸਦਾ ਦੁਖੀ ਹੀ ਰਹਿੰਦਾ ਹੈ। ਦੁੱਖ ਤੇ ਸੁਖ ਤਾਂ ਕੱਪੜਿਆਂ ਦੀ ਤਰ੍ਹਾਂ ਹਨ। ਜਦੋਂ ਮਨੁੱਖ ਦੁੱਖਾਂ ਨੂੰ ਪਰਮਾਤਮਾ ਦੀ ਦੇਣ ਸਮਝ ਕੇ ਸਹਿਣਾ ਸਿੱਖ ਲੈਂਦਾ ਹੈ ਤਾਂ ਉਸ ਨੂੰ ਦੁੱਖ, ਦੁੱਖ ਨਹੀਂ ਲੱਗਦੇ:
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (ਪੰਨਾ 149)
ਪਰਮਾਤਮਾ ਤੋਂ ਬੇਮੁਖ ਹੋਏ ਮਨੁੱਖ ਨੂੰ ਗੁਰੂ ਜੀ ਨੇ ਮੂਰਖ ਦੀ ਉਪਾਧੀ ਦਿੱਤੀ ਹੈ ਜਿਹੜਾ ਕਿ ਲੋਭ ਤੇ ਅਹੰਕਾਰ ਵਿਚ ਫਸਿਆ ਰਹਿੰਦਾ ਹੈ। ਐਸਾ ਮਨੁੱਖ ਵਾਸਤਵਿਕ ਸੁਖ ਪ੍ਰਾਪਤ ਨਹੀਂ ਕਰਦਾ ਸਗੋਂ ਦੁੱਖ ਹੀ ਭੋਗਦਾ ਹੈ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ 140) ਮੂ
ਰਖੁ ਭੋਗੇ ਭੋਗੁ ਦੁਖ ਸਬਾਇਆ॥ (ਪੰਨਾ 139)
ਜਨਮ-ਮਰਨ ਦਾ ਵਰਤਾਰਾ ਪਰਮਾਤਮਾ ਦੀ ਰਜ਼ਾ ਵਿਚ ਚੱਲ ਰਿਹਾ ਹੈ :
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ॥ (ਪੰਨਾ 138)
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਝ ਕੀ ਵਾਰ ਵਿਚ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਗਿਆ ਹੈ ਕਿ ਸਭ ਕੁਝ ਰੱਬ, ਕਰਤਾ ਪੁਰਖ ਦੀ ਰਜ਼ਾ ਵਿਚ ਹੋ ਰਿਹਾ ਹੈ। ਗੁਰੂ ਜੀ ਦਾ ਇਕ ਸਲੋਕ ‘ਮਾਝ ਕੀ ਵਾਰ’ ਵਿੱਚੋਂ ਮਨੁੱਖ ਦੀ ਜਨਮ ਤੋਂ ਮਰਨ ਤਕ ਦੀ ਅਵਸਥਾ ਤੇ ਕਾਰ-ਵਿਹਾਰ ਨੂੰ ਦਰਸਾਉਂਦਾ ਹੈ:
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥ (ਪੰਨਾ 138)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਵਤਾ ਨੂੰ ਸਮਝਣ ਤੇ ਸਮਝਾਉਣ ਲਈ ਉਕਤ ਸੰਕਲਪ ਜਨ-ਸਾਧਾਰਨ ਦੀ ਰਹਿਨੁਮਾਈ ਕਰਦੇ ਹਨ। ਇਨ੍ਹਾਂ ਸੰਕਲਪਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਪ੍ਰੇਮ-ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦਾ ਹੈ।
ਲੇਖਕ ਬਾਰੇ
- ਡਾ. ਰਮਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%b0%e0%a8%ae%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/August 1, 2010