ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਪ੍ਰਸ਼ਨੋਤਰੀ ਕੀਤੀ। ਸਿੱਧਾਂ ਨੇ ਗੁਰੂ ਜੀ ਨੂੰ 73 ਸਵਾਲ ਪੁੱਛੇ ਜਿਨ੍ਹਾਂ ਵਿੱਚੋਂ 63 ਮਨ ਨਾਲ ਸੰਬੰਧਿਤ ਸਨ।
ਗੁਰਬਾਣੀ ਅਨੁਸਾਰ ਸਰੀਰ ਵਿਚ ਤਿੰਨ ਚੀਜ਼ਾਂ ਹਨ- ਇਕ ਆਤਮਾ, ਦੂਸਰਾ ਮਨ ਅਤੇ ਤੀਸਰਾ ਸਰੀਰ। ਆਤਮਾ ਪਰਮਾਤਮਾ ਦਾ ਅੰਸ਼ ਹੈ। ਸਰੀਰ ਤਦ ਤਕ ਹੀ ਚੱਲਦਾ ਹੈ ਜਦ ਤਕ ਆਤਮਾ ਅਤੇ ਸਰੀਰ ਦਾ ਮੇਲ ਰਹੇ। ਮਰਨ ਪਿੱਛੋਂ ਸਰੀਰ ਅਤੇ ਆਤਮਾ ਦਾ ਸੰਬੰਧ ਟੁੱਟ ਜਾਂਦਾ ਹੈ। ਮਨ ਨੂੰ ਵੀ ਗੁਰਬਾਣੀ ਜੋਤ ਸਰੂਪ ਯਾਨੀ ਪਰਮਾਤਮਾ ਰੂਪੀ ਸੂਰਜ ਦੀ ਕਿਰਨ ਮੰਨਦੀ ਹੈ। ਇਸ ਹਿਸਾਬ ਨਾਲ ਜਦ ਤਕ ਸੂਰਜ ਯਾਨੀ ਪਰਮਾਤਮਾ ਹੈ ਤਦ ਤਕ ਮਨ ਵੀ ਅਮਰ ਹੈ ਮਰਦਾ ਨਹੀਂ। ਪਰ ਆਤਮਾ ਦਾ ਸੰਬੰਧ ਪਰਮਾਤਮਾ ਨਾਲ ਇਸ ਮਾਇਆ, ਇਸ ਕੁਦਰਤ ਨਾਲ ਇਸ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ ਤੇ ਅੱਜ ਵੀ ਉਵੇਂ ਹੀ ਅਤੇ ਸ੍ਰਿਸ਼ਟੀ, ਕੁਦਰਤ, ਮਾਇਆ ਦੇ ਵਿਨਾਸ਼ ਪਿੱਛੋਂ ਵੀ ਉਵੇਂ ਹੀ ਰਹੇਗਾ। ਮਨ ਦੀ ਖੇਡ ਮਾਇਆ, ਕੁਦਰਤ ਦੇ ਪਸਾਰੇ ਦੇ ਅੰਦਰ ਹੀ ਹੈ।
ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਜਿਸ ਵਿਚ ਪਰਮਾਤਮਾ ਆਪ ਆਤਮਾ ਰੂਪ ਹੋ ਕੇ ਵਿਚਰ ਰਿਹਾ ਹੈ। ਮਨ ਵੀ ਇਸ ਦੇ ਅੰਦਰ ਹੀ ਨਿਵਾਸ ਕਰਦਾ ਹੈ। ਮਨ ਅਤੇ ਆਤਮਾ ਸਭ ਜੀਵਾਂ ਵਿਚ ਇਕੱਠੇ ਹੁੰਦੇ ਹਨ ਪਰ ਮਨੁੱਖਾ ਜੂਨੀ ਵਿਚ ਮਨ ਆਪਣੀ ਪੂਰੀ ਉਨਤੀ ਵਿਚ ਹੁੰਦਾ ਹੈ ਤੇ ਬੁੱਧ ਨਾਲ ਮਿਲ ਕੇ ਆਪਣਾ ਭਲਾ- ਬੁਰਾ ਸੋਚਣ ਦੇ ਸਮਰੱਥ ਹੁੰਦਾ ਹੈ। ਇਸੇ ਲਈ ਮਨੁੱਖਾ ਜਨਮ ਨੂੰ ਪਰਮਾਤਮਾ ਪ੍ਰਾਪਤੀ ਦਾ ਵੇਲਾ ਕਿਹਾ ਗਿਆ ਹੈ। ਮਨੁੱਖਾ ਜਨਮ ਹੀ ਅਜਿਹਾ ਜਨਮ ਹੈ ਜਿਸ ਵਿਚ ਬੰਦਾ ਪਰਮਾਤਮਾ ਦੀ ਰਜ਼ਾ ਅਨੁਸਾਰ ਚੱਲ ਕੇ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੈ। ਮਨ ਦਾ ਆਤਮਾ ਨਾਲ ਮਿਲਾਪ ਹੋ ਜਾਣਾ ਹੀ ਪਰਮਾਤਮਾ ਨਾਲ ਅਭੇਦਤਾ ਹੈ ਜੋ ਜਿਊਂਦੇ ਜੀਅ ਹੋ ਸਕਦਾ ਹੈ। ਜਿਊਂਦੇ ਜੀਅ ਜਦ ਆਦਮੀ ਨੂੰ ਕੋਈ ਸਰੀਰਿਕ ਰੋਗ ਹੋਵੇ ਉਸ ਦਾ ਸੰਦੇਸ਼ਾ ਮਨ ਤਕ ਪਹੁੰਚਾਉਣ ਲਈ ਸਰੀਰ ਵਿਚ ਪੂਰਾ ਸਿਸਟਮ ਹੈ। ਸਰੀਰ ਵਿਚ ਬਿਮਾਰੀ ਵੀ ਹੋ ਸਕਦੀ ਹੈ ਅਤੇ ਨਿਰੋਗਤਾ ਵੀ ਹੋ ਸਕਦੀ ਹੈ। ਸਰੀਰ ਦੁਖੀ ਨਹੀਂ ਹੁੰਦਾ। ਦੁਖੀ ਜਾਂ ਖਿੜਿਆ ਹੋਇਆ ਤਾਂ ਮਨ ਹੀ ਹੁੰਦਾ ਹੈ। ਦੁੱਖ ਆਤਮਾ ਨੂੰ ਨਹੀਂ ਹੁੰਦਾ ਕਿਉਂਕਿ ਚੰਗਾ-ਬੁਰਾ ਕੰਮ ਕਰਨਾ ਮਨ ਦਾ ਵਿਸ਼ਾ ਹੈ ਤੇ ਇਸੇ ਲਈ ਉਸ ਦਾ ਫਲ ਭੋਗਣਾ ਵੀ ਮਨ ਦਾ ਹੀ ਵਿਸ਼ਾ ਹੈ।
ਇੱਛਾ, ਵਿਚਾਰ, ਸੰਕਲਪ, ਵਿਕਲਪ, ਗਿਆਨ, ਸਿਆਣਪ, ਸ਼ਕਤੀ, ਸਮਝ ਬੂਝ, ਅੰਤਹਕਰਣ ਆਦਿਕ ਸਾਰੇ ਮਨ ਵਿਚ ਆ ਜਾਂਦੇ ਹਨ ਪਰ ਮਨ ਨੂੰ ਅੰਤਹਕਰਣ ਦੇ ਚਾਰ ਭੇਦਾਂ ਵਿੱਚੋਂ ਇਕ ਭੇਦ ਵੀ ਸਮਝਿਆ ਜਾਂਦਾ ਹੈ। ਅੰਤਹਕਰਣ ਦੇ ਮੁੱਖ ਅੰਗ ਹਨ:
1. ਸਿਮ੍ਰਿਤੀ (MEMORY)
2. ਵਿਚਾਰ-ਭਾਵਨਾ (INTELLECTUAL EMOTION)
3. ਨਿਰਣਾਇਕ (DECISIVE)
4. ਅਹੰਕਾਰ ਹਉਮੈ (EGO)
ਸਿਮ੍ਰਿਤੀ ਤੇ ਵਿਚਾਰ-ਭਾਵਨਾ ਨਿਰਣਾਇਕ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਹਨ ਜਿਸ ਦੇ ਆਧਾਰ ’ਤੇ ਨਿਰਣਾਇਕ ਇਕ ਅਗਲੇ ਕਰਮ ਲਈ ਆਦੇਸ਼ ਦਿੰਦਾ ਹੈ ਪਰ ਇਸ ਦੇ ਨਿਰਣੇ ਉੱਪਰ ਹਮੇਸ਼ਾਂ ਹਉਮੈਂ ਦਾ ਰੰਗ ਚੜ੍ਹਿਆ ਰਹਿੰਦਾ ਹੈ। ਸਿਮ੍ਰਿਤੀ ਤੇ ਵਿਚਾਰ-ਭਾਵਨਾ ਸਰੀਰ ਦੇ ਨਾਲ ਨਸ਼ਟ ਹੋ ਜਾਂਦੇ ਹਨ। ਨਿਰਣਾਇਕ ਤੇ ਹਉਮੈ ਸਰੀਰ ਦੇ ਬਾਹਰ ਚਲੇ ਜਾਂਦੇ ਹਨ, ਖ਼ਤਮ ਨਹੀਂ ਹੁੰਦੇ।
ਮਨੁੱਖੀ ਮਨ ਸਰੀਰ ਦਾ ਸਭ ਤੋਂ ਜ਼ਿਆਦਾ ਪਰਿਵਰਤਨਸ਼ੀਲ ਅੰਗ ਹੈ। ਇਹ ਵਿਆਪਕ ਸੂਚਨਾ, ਅਨੁਭਵਾਂ, ਆਕਾਰਾਂ ਤੇ ਭਾਵਨਾਵਾਂ ਦਾ ਗੋਦਾਮ ਹੈ। ਇਹ ਨਵੀਂ ਸੂਚਨਾ ਸਵੀਕਾਰ ਕਰਨ ਲਈ ਤਿਆਰ ਰਹਿੰਦਾ ਹੈ ਤੇ ਪੁਰਾਣੀ ਮਿਟਾ ਦਿੰਦਾ ਹੈ। ਇਹ ਬਹੁਤ ਲਚਕਦਾਰ ਹੈ। ਇਹ ਹਮੇਸ਼ਾਂ ਸਾਡਾ ਕਿਹਾ ਮੰਨਦਾ ਹੈ ਲੇਕਿਨ ਸ਼ਰਤ ਇਹ ਹੈ ਕਿ ਇਸ ਨੂੰ ਗ਼ੁਲਾਮ ਬਣਾ ਕੇ ਰੱਖਿਆ ਜਾਵੇ, ਇਸ ਨੂੰ ਮਾਲਕ ਬਣਨ ਦੀ ਆਗਿਆ ਨਾ ਦਿੱਤੀ ਜਾਵੇ।
ਮਨ ਦੇ ਕਰਤੱਵ
ਕਿਸੇ ਚੀਜ਼ ਲਈ ਇੱਛਾ ਕਰਨਾ, ਕਿਸੇ ਕੰਮ ਲਈ ਇਰਾਦਾ ਕਰਨਾ, ਕਿਸੇ ਚੀਜ਼ ਵਿਚ ਨਿਸਚਾ ਲਿਆਉਣਾ ਜਾਂ ਨਿਸਚਾ ਤਿਆਗਣਾ, ਇਰਾਦੇ ਨੂੰ ਸਖ਼ਤ ਕਰਨਾ ਜਾਂ ਢਿੱਲਾ ਕਰਨਾ, ਡਰਨਾ, ਸ਼ਰਮ ਮਹਿਸੂਸ ਕਰਨਾ। ਮਨ ਇਹ ਸਾਰੇ ਕਰਮ ਇੰਦਰਿਆਂ ਰਾਹੀਂ ਕਰਦਾ ਹੈ ਜਿਵੇਂ ਅੱਖਾਂ, ਕੰਨ, ਨੱਕ, ਜ਼ੁਬਾਨ, ਚਮੜੀ। ਇਨ੍ਹਾਂ ਰਾਹੀਂ ਵੇਖਦਾ ਹੈ, ਸੁਣਦਾ ਹੈ, ਚੱਖਦਾ ਹੈ, ਸੁੰਘਦਾ ਹੈ ਤੇ ਸਪਰਸ਼ ਕਰਦਾ ਹੈ। ਪੰਜ ਇੰਦਰੇ ਕ੍ਰਿਆ ਦੇ ਹਨ ਜਿਵੇਂ ਕਿ ਬੋਲਣਾ, ਹਿੱਲਣਾ-ਜੁਲਣਾ, ਪਕੜਨਾ, ਸਰੀਰ ਵਿਚੋਂ ਮੁਆਦ ਬਾਹਰ ਕੱਢਣਾ, ਜੰਮਣਾ। ਮਨ ਚੇਤਨਾ(CONSCIOUSNESS) ਦਾ ਕੇਂਦਰੀ ਅੰਗ ਹੈ। ਇਹ ਮਨ ਭੌਤਿਕ ਗਿਆਨ ਇੰਦਰਿਆਂ ਰਾਹੀਂ ਪ੍ਰਾਪਤ ਕਰਦਾ ਹੈ। ਇਸ ਪ੍ਰਾਪਤ ਕੀਤੇ ਗਿਆਨ ਨੂੰ ਇਕੱਠਾ ਕਰਦਾ ਹੈ ਅਤੇ ਫਿਰ ਕਿਸੇ ਇਕ ਜਾਂ ਬਹੁਤੇ ਇੰਦਰਿਆਂ ਰਾਹੀਂ ਕੰਮ ਕਰਦਾ ਹੈ। ਮਨੁੱਖ ਨਿਰਾ ਚੇਤਨ ਮਨ ਦੀ ਪ੍ਰੇਰਨਾ ਨਾਲ ਹੀ ਨਹੀਂ ਦੌੜਿਆ ਫਿਰਦਾ। ਇਸ ਦੇ ਜੀਵਨ ਨੂੰ ਢਾਲਣ ਵਿਚ ਅਚੇਤ ਮਨ (SUB CONSCIOUS MIND) ਦਾ ਵਧੇਰੇ ਹੱਥ ਹੈ। ਇਹ ਅਚੇਤ ਮਨ ਯਾਦ-ਸ਼ਕਤੀ ਦਾ ਜ਼ਖ਼ੀਰਾ ਹੈ। ਜਨਮ ਤੋਂ ਲੈ ਕੇ ਹੁਣ ਤਕ ਦੇ ਸਾਡੇ ਜੀਵਨ ਦੇ ਸੰਸਕਾਰ ਇਸ ਵਿਚ ਜਮ੍ਹਾਂ ਹਨ। ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਮਨੁੱਖੀ ਸਰੀਰ ਦੇ ਸਾਰੇ ਅੰਗ (ਹਿਰਦਾ, ਫੇਫੜੇ ਆਦਿਕ) ਜੋ ਕੰਮ-ਕਾਰ ਕਰਦੇ ਹਨ, ਇਨ੍ਹਾਂ ਦੀ ਦੇਖ-ਭਾਲ ਤੇ ਇਨ੍ਹਾਂ ਅੰਗਾਂ ਦੀ ਅਰੋਗਤਾ ਆਦਿਕ ਦਾ ਧਿਆਨ ਇਹ ਅਚੇਤ ਮਨ ਹੀ ਕਰਦਾ ਹੈ। ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ ਤਾਂ ਸੁਚੇਤ ਮਨ ਆਰਾਮ ਕਰ ਰਿਹਾ ਹੁੰਦਾ ਹੈ ਤੇ ਅਚੇਤ ਮਨ ਸੁਪਨਿਆਂ ਦੇ ਰੂਪ ਵਿਚ ਕੰਮ ਕਰਦਾ ਹੈ। ਸਾਡੇ ’ਤੇ ਉਹੀ ਸੋਚਾਂ ਅਸਰ ਪਾਉਂਦੀਆਂ ਹਨ ਜੋ ਸਾਡੇ ਆਪਣੇ ਮਨ ਵਿਚ ਚੱਕਰ ਲਗਾ ਰਹੀਆਂ ਹੁੰਦੀਆਂ ਹਨ। ਸਿਰਫ਼ ਉਹੀ ਫ਼ੁਰਨੇ ਤੇ ਸੋਚਾਂ ਸਾਡੇ ਜੀਵਨ ਦਾ ਹਿੱਸਾ ਬਣ ਸਕਦੇ ਹਨ, ਜਿਨ੍ਹਾਂ ਨੂੰ ਸਾਡਾ ਮਨ ਸਵੀਕਾਰ ਕਰ ਲੈਂਦਾ ਹੈ। ਜਿਸ ਖ਼ਿਆਲ ਨੂੰ ਮਨ ਕਬੂਲ ਨਹੀਂ ਕਰਦਾ ਉਹ ਸਾਡੇ ਜੀਵਨ ’ਤੇ ਕੋਈ ਅਸਰ ਨਹੀਂ ਪਾ ਸਕਦਾ।
ਮਨ ਦੀਆਂ ਅਵਸਥਾਵਾਂ
- ਜਾਗ੍ਰਿਤ ਅਵਸਥਾ : ਜਦੋਂ ਆਦਮੀ ਜਾਗਦਾ ਹੈ ਤਾਂ ਸਮਝ ਦਾ ਸਾਰਾ ਯੰਤਰ ਕੰਮ ਕਰ ਰਿਹਾ ਹੁੰਦਾ ਹੈ। ਸਾਰੀਆਂ ਚੀਜ਼ਾਂ ਦਾ ਗਿਆਨ ਮਨ ਅਤੇ ਇੰਦਰਿਆਂ ਰਾਹੀਂ ਹੋ ਰਿਹਾ ਹੁੰਦਾ ਹੈ। ਮਨ ਅਤੇ ਇੰਦਰੇ ਦੋਵੇਂ ਜਾਗ ਰਹੇ ਹੁੰਦੇ ਹਨ।
- ਸੁਪਨੇ ਦੀ ਅਵਸਥਾ : ਇਸ ਵਿਚ ਇੰਦਰੇ ਸੌਂ ਰਹੇ ਹੁੰਦੇ ਹਨ ਪਰ ਮਨ ਕਿਰਿਆਸ਼ੀਲ ਰਹਿੰਦਾ ਹੈ। ਇੰਦਰਿਆਂ ਦੇ ਪਿੱਛੇ ਛੱਡੇ ਹੋਏ ਪ੍ਰਭਾਵਾਂ ਰਾਹੀਂ ਮਨ ਚੀਜ਼ਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਸੋ ਇਸ ਵਿਚ ਮਾਇਆ ਦਾ ਅਸਰ ਰਹਿੰਦਾ ਹੈ।
- ਗੂੜ੍ਹੀ ਨੀਂਦ ਦੀ ਅਵਸਥਾ : ਇਸ ਵਿਚ ਮਨ ਅਤੇ ਇੰਦਰੇ ਸੌਂ ਰਹੇ ਹੁੰਦੇ ਹਨ। ਮਨੁੱਖ ਦੀ ਆਤਮਾ ਦਾ ਪਰਮਾਤਮਾ ਨਾਲ ਆਰਜ਼ੀ ਜੋੜ ਹੁੰਦਾ ਹੈ।
- ਚੌਥਾ ਪਦ ਜਾਂ ਤੁਰੀਆ ਅਵਸਥਾ : ਇਸ ਅਵਸਥਾ ਵਿਚ ਮਨ ਸਭ ਵਿਸ਼ੇ-ਵਿਕਾਰਾਂ ਅਤੇ ਹੋਰ ਪਕੜਾਂ ਨੂੰ ਛੱਡ ਕੇ ਚੇਤ, ਅਚੇਤ ਅਤੇ ਨਿਰਚੇਤ ਪਰਮ ਤੱਤ ਨਾਲ ਜੁੜ ਜਾਂਦਾ ਹੈ। ਇਹ ਆਤਮਾ ਅਤੇ ਪਰਮ-ਆਤਮਾ ਦਾ ਪੱਕਾ ਜੋੜ ਹੁੰਦਾ ਹੈ। ਇਸ ਨੂੰ ਮੁਕਤੀ (ਮੋਕਸ਼) ਕਹਿੰਦੇ ਹਨ।
ਮਨ ਸਰੀਰ ਵਿਚ ਹੈ ਪਰ ਸਰੀਰ ਦਾ ਹਿੱਸਾ ਨਹੀਂ ਹੈ। ਸਰੀਰ ਦਿੱਸਦਾ ਹੈ ਪਰ ਮਨ ਨਹੀਂ ਦਿੱਸਦਾ। ਮਨ ਸਰੀਰ ਦਾ ਅਦ੍ਰਿਸ਼ ਹਿੱਸਾ ਕਿਹਾ ਜਾ ਸਕਦਾ ਹੈ। ਸਰੀਰ ਨਾਸ਼ਵਾਨ ਹੈ ਪਰ ਮਨ ਨਾਸ਼-ਰਹਿਤ ਹੈ। ਜੇਕਰ ਮਨ ਨੂੰ ਸਰੀਰ ਦੇ ਆਕਾਰ ਵਿੱਚੋਂ ਲੱਭਣਾ ਚਾਹੀਏ ਤਾਂ ਨਹੀਂ ਲੱਭ ਸਕਦਾ। ਮਨ ਬਾਬਤ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ (ਪੰਨਾ 330)
ਸਰੀਰ ਦੇ ਹੋਰ ਅੰਗਾਂ ਵਾਂਗ ਮਨ ਕੋਈ ਪ੍ਰਤੱਖ ਅੰਗ ਨਹੀਂ ਹੈ। ਇਹ ਤਾਂ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ ਹੈ ਅਤੇ ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਪਿਛਲੇ ਸੰਸਕਾਰਾਂ ਦੇ ਅਨੁਸਾਰ ਹੀ ਜੀਵਾਂ ਨੂੰ ਤੋਰਦਾ ਹੈ। ਪਰ ਰੋਜ਼ਾਨਾ ਸਤਿਸੰਗ ਰਾਹੀਂ ਗੁਰਬਾਣੀ ਤੇ ਸਿਮਰਨ ਵਿਚ ਜੁੜਨ ਦੀ ਘਾਲ-ਕਮਾਈ ਸਦਕਾ ਪਾਤਰਤਾ ਹਾਸਲ ਕਰ ਕੇ ਪਰਮਾਤਮਾ ਦੀ ਮਿਹਰ ਦੁਆਰਾ ਇਸ ਨੂੰ ਵੱਸ ਵਿਚ ਕੀਤਾ ਜਾ ਸਕਦਾ ਹੈ। ਮਨੁੱਖੀ ਮਨ ਬਹੁਤ ਸ਼ਕਤੀਸ਼ਾਲੀ ਹਾਕਮ ਹੈ। ਮਨ ਜੋ ਹੁਕਮ ਕਰਦਾ ਹੈ ਤਨ ਦੇ ਵੱਖ-ਵੱਖ ਅੰਗਾਂ ਨੂੰ ਉਸ ’ਤੇ ਫੁੱਲ ਚੜ੍ਹਾਉਣੇ ਹੀ ਪੈਂਦੇ ਹਨ। ਪਹਿਲਾਂ ਮਨ ਵਿਚ ਵਿਚਾਰ ਉਤਪੰਨ ਹੁੰਦਾ ਹੈ ਅਤੇ ਫਿਰ ਤਨ ਹਰਕਤ ਵਿਚ ਆਉਂਦਾ ਹੈ। ਇਸੇ ਲਈ ਵਿਚਾਰ ਨੂੰ ਕਰਮ ਦਾ ਸਿਰਜਣਹਾਰਾ ਮੰਨਿਆ ਗਿਆ ਹੈ। ਮਨ ਦੇ ਵਿਚਾਰ ਹਾਂ- ਪੱਖੀ ਹੋਣਗੇ ਤਾਂ ਮਨੁੱਖੀ ਅਮਲ ਵੀ ਚੰਗੇ ਹੋਣਗੇ। ਸੋ ਮਨੁੱਖੀ ਮਨ ਵਿਚ ਉਭਰਦੇ ਵਿਚਾਰਾਂ ਨੂੰ ਮਨੁੱਖਤਾ ਦੇ ਭਲੇ ਹਿਤ ਹਾਂ-ਪੱਖੀ ਬਣਾਉਣ ਲਈ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨੂੰ ਭੋਜਨ (ਭਜਨ) ਨੇਕੀ ਦੀ ਰਾਹ ਦਾ ਹੀ ਦਿੱਤਾ ਜਾਵੇ ਜੋ ਪਰਮਾਤਮਾ ਨਾਲ ਜੁੜ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਮਨ ਬਹੁਤ ਅਮੋੜ, ਅਵੈੜਾ ਤੇ ਚੰਚਲ ਹੈ। ਮਨ ਰੱਜਦਾ ਨਹੀਂ ਤੇ ਨਾ ਹੀ ਤ੍ਰਿਪਤ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਬਹੁਤ ਧਨ ਜੋੜ ਕੇ (ਵੀ) ਮਨ ਰੱਜਦਾ ਨਹੀਂ। ਅਨੇਕਾਂ ਰੂਪ (ਇਸਤਰੀਆਂ) ਦੇਖ ਕੇ ਵੀ ਮਨ ਦੀ ਤਸੱਲੀ ਨਹੀਂ ਹੁੰਦੀ:
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ॥
ਅਨਿਕ ਰੂਪ ਦੇਖਿ ਨਹ ਪਤੀਆਨਾ॥ (ਪੰਨਾ 179)
ਜਿਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਨ੍ਹਾਂ ਦੇ ਮਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜ ਵਿਕਾਰ ਟਿਕੇ ਰਹਿੰਦੇ ਹਨ। ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ:
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ॥ (ਪੰਨਾ 297)
ਮਨ ਲੋਭੀ : ਮਨ ਨੂੰ ਮੂਰਖ ਲੋਭੀ ਦੱਸਿਆ ਹੈ। ਮਾਇਆ-ਵੇੜੇ ਮਨੁੱਖ ਦਾ ਇਹ ਮਨ ਮੂਰਖ ਹੈ, ਲਾਲਚੀ ਹੈ। ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ:
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁੋਭਾਨੁ॥ (ਪੰਨਾ 21)
ਮਨ ਮੈਲਾ : ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ। ਜਿਵੇਂ ਤੇਲੀ ਦੀ ਲੀਰ (ਕੋਹਲੂ ਵਿਚ ਫੇਰਨ ਵਾਲੀ) ਧੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ ਸੌ ਵਾਰੀ ਧੋਣ ਦਾ ਯਤਨ ਕਰੋ:
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ (ਪੰਨਾ 651)
ਮਨ ਖੋਟਾ : ਮਨ ਖੋਟਾ ਹੈ। ਇਸ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸਿੱਧੇ ਰਸਤੇ ’ਤੇ ਪਾਉਣ ਲਈ ਕਿਸੇ ਵੀ ਸਮੇਂ ਢਿੱਲ ਨਹੀਂ ਦਿੱਤੀ ਜਾ ਸਕਦੀ:
ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ॥
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ॥ (ਪੰਨਾ 815)
ਮਨ ਹਾਥੀ ਸਮਾਨ : ਮਨ ਹਾਥੀ ਸਮਾਨ ਹੈ। ਗੁਰੂ ਮਹਾਵਤ ਹੈ। ਗਿਆਨ ਦੇ ਡੰਡੇ ਰਾਹੀਂ ਹੀ ਇਸ ਮਨ ਨੂੰ ਹਰ ਸਮੇਂ ਭਲੇ ਰਾਹੇ ਪਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਮੁੜ ਕੁਰਾਹੇ ਪੈਣੋਂ ਨਹੀਂ ਰਹਿ ਸਕਦਾ :
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ॥ (ਪੰਨਾ 516)
ਮਨ ਚੰਚਲ : ਮਨ ਚੰਚਲ ਹੈ, ਸਹਿਜੇ ਕੀਤਿਆਂ ਇਹ ਵੱਸ ਵਿਚ ਨਹੀਂ ਰਹਿੰਦਾ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਦੁਚਿੱਤੀ ਵਿਚ ਪਿਆ ਮਨ ਦਸਾਂ ਹੀ ਦਿਸ਼ਾਵਾਂ ਵਿਚ ਭਟਕਦਾ ਰਹਿੰਦਾ ਹੈ:
ਇਹੁ ਮਨੁ ਚੰਚਲੁ ਵਸਿ ਨ ਆਵੈ॥
ਦੁਬਿਧਾ ਲਾਗੈ ਦਹ ਦਿਸਿ ਧਾਵੈ॥ (ਪੰਨਾ 127)
ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ। ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ। ਇਹ ਵੀ ਵਿਚਾਰਨਾ ਚਾਹੀਦਾ ਹੈ ਕਿ ਮਨ ਨੂੰ ਮਮਤਾ ਕਿੱਥੋਂ ਆ ਚੰਬੜਦੀ ਹੈ:
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ॥ (ਪੰਨਾ 1261)
ਮਨ ਚੰਚਲ ਹੈ ਪਰ ਚੰਚਲਤਾ ਤੇ ਚਤੁਰਾਈ ਨਾਲ ਕਿਸੇ ਨੇ ਭੀ ਆਤਮਕ ਅਨੰਦ, ਪਰਮਾਤਮਾ ਦੇ ਮਿਲਾਪ ਦਾ ਅਨੰਦ ਹਾਸਲ ਨਹੀਂ ਕੀਤਾ:
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ॥ (ਪੰਨਾ 918)
ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਆਪਣੇ ਵਿਚਾਰਾਂ ਤੇ ਕਰਮਾਂ ਵਿੱਚੋਂ ਹਉਮੈ ਹਟਾ ਦੇਣੀ ਚਾਹੀਦੀ ਹੈ:
ਮਨ ਰੇ ਹਉਮੈ ਛੋਡਿ ਗੁਮਾਨੁ॥ (ਪੰਨਾ 21)
ਮਨ ਮੰਦਰ : ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ ਮਨ ਨੂੰ ਸੁਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ ਭਾਵ ਗਿਆਨ ਇੰਦਰਿਆਂ ਨੂੰ ਉਸ ਘਰ ਦੀ ਰਾਖੀ ਲਈ ਵਾੜ ਬਣਾਇਆ ਹੈ। ਇਸ ਮਨ ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਨਾਮ ਦੀ ਪੂੰਜੀ ਹੈ:
ਮਨੁ ਮੰਦਰੁ ਤਨੁ ਸਾਜੀ ਬਾਰਿ॥
ਇਸ ਹੀ ਮਧੇ ਬਸਤੁ ਅਪਾਰ॥ (ਪੰਨਾ 180-81)
ਮਨ ਮਿੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਮਨ ਨੂੰ ਮਿੱਤਰ ਵੀ ਸੰਬੋਧਨ ਕਰਦੇ ਹਨ। ਪਿਆਰੇ ਮਿੱਤਰ ਮਨ! ਸੁਣ, ਪਰਮਾਤਮਾ ਨੂੰ ਮਿਲਣ ਦਾ ਇਹ (ਮਨੁੱਖਾ ਜਨਮ) ਹੀ ਵੇਲਾ ਹੈ:
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ॥ (ਪੰਨਾ 20)
ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਜੋਗ ਵਿਚ ਲੱਗੇ ਮਨ ਨੂੰ ਜੋਗੀ, ਪਦਾਰਥਕ ਭੋਗਾਂ ਵਿਚ ਲੱਗੇ ਮਨ ਨੂੰ ਭੋਗੀ, ਮੂਰਖਾਂ ਵਾਲੇ ਕੰਮ ਕਰਨ ਵਾਲੇ ਨੂੰ ਮੂਰਖ ਜਾਂ ਗਵਾਰ ਆਖਿਆ ਜਾਂਦਾ ਹੈ। ਦਾਨ ਕਰਨ ਵਾਲਾ ਦਾਤਾ, ਮੰਗਣ ਵਾਲਾ ਮਨ ਮੰਗਤਾ ਅਖਵਾਉਂਦਾ ਹੈ। ਇਨ੍ਹਾਂ ਮਨਾਂ ਵਾਲੇ ਜੀਵ-ਆਤਮਾ ਨੂੰ ਵੀ ਇਸ ਅਨੁਸਾਰ ਜੋਗੀ, ਭੋਗੀ, ਮੂਰਖ, ਦਾਤਾ, ਮੰਗਤਾ ਆਦਿ ਆਖਿਆ ਜਾਂਦਾ ਹੈ। ਇਸੇ ਕਰਕੇ ਜੀਵ- ਆਤਮਾ ਦੀ ਕਲਿਆਣ ਲਈ ਮਨ ਨੂੰ ਸ਼ੁੱਧ ਕਰਨ ਦੀ ਲੋੜ ਹੈ। ਜਿੰਨਾ ਚਿਰ ਇਹ ਮਨ ਮਾਇਆ ਦੇ ਸੰਸਕਾਰਾਂ ਤੇ ਫੁਰਨਿਆਂ ਵਿਚ ਪਿਆ ਰਹੇਗਾ ਉਨਾ ਚਿਰ ਜੀਵ-ਆਤਮਾ ਜਨਮ-ਮਰਨ ਦੇ ਚੱਕਰ ਵਿਚ ਪਿਆ ਰਹੇਗਾ:
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥ (ਪੰਨਾ 1330)
ਮਨ ਨੀਵਾਂ ਮਤ ਉੱਚੀ : ਗੁਰਮਤਿ ਵਿਚ ‘ਮਨ ਨੀਵਾਂ’ ਅਤੇ ਮਤ ਉੱਚੀ’ ਦੋਹਾਂ ਗੱਲਾਂ ਦੀ ਬਹੁਤ ਮਹੱਤਤਾ ਹੈ। ਮਨ ਨੀਵਾਂ ਭਾਵ ਨਿਮਰਤਾ ਦਾ ਗੁਣ ਰੱਖਣ ਵਾਲਾ ਹੋਵੇ, ਸਭ ਨਾਲ ਪਿਆਰ ਨਾਲ ਪੇਸ਼ ਆਏ, ਹਉਮੈ ਹੰਕਾਰ ਦਾ ਔਗੁਣ ਨਾ ਹੋਵੇ। ਜੇਕਰ ਮਨ ਨੀਵਾਂ ਤਾਂ ਹੋਵੇ ਪਰ ਉਸ ਦੀ ਮਤ ਉੱਚੀ ਨਾ ਹੋਵੇ ਤਾਂ ਇਸ ਪ੍ਰਕਾਰ ਦਾ ਪ੍ਰਾਣੀ ਕਦਮ- ਕਦਮ ’ਤੇ ਧੋਖਾ ਖਾ ਸਕਦਾ ਹੈ। ਉਹ ਚਲਾਕ, ਪਾਖੰਡੀ ਤੇ ਆਪੂੰ ਬਣੇ ਸਾਧੂ-ਸੰਤਾਂ ਦੇ ਭਰਮ-ਜਾਲ ਵਿਚ ਫਸ ਕੇ ਕੁਰਾਹੇ ਪੈ ਸਕਦਾ ਹੈ। ਨਿਮਰਤਾ ਦੇ ਵਿਖਾਵੇ ਨੂੰ ਹੀ ਮਨ ਨੀਵਾਂ ਨਹੀਂ ਆਖਿਆ ਜਾਂਦਾ ਕਿਉਂਕਿ ਧੋਖਾ ਦੇਣ ਵਾਲੇ ਤੇ ਠੱਗ ਲੋਕ ਵੀ ਇਸ ਤਰ੍ਹਾਂ ਨਿਮਰਤਾ ਦਾ ਦਿਖਾਵਾ ਕਰਦੇ ਹਨ। ਹੇ ਮੇਰੇ ਮਨ! ਤੂੰ ਕਿਉਂ ਹੰਕਾਰ ਨਾਲ ਆਫਰਿਆ ਪਿਆ ਹੈਂ। ਤੇਰੇ (ਸਰੀਰ ਦੇ) ਅੰਦਰ ਬਦਬੋ ਹੈ ਤੇ ਗੰਦਾ ਹੈ। ਜਿਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ, ਇਹ ਵੀ ਨਾਸ਼ਵੰਤ ਹੈ:
ਮਨ ਕਹ ਅਹੰਕਾਰਿ ਅਫਾਰਾ॥ (ਪੰਨਾ 530)
ਜੇ ਮਨੁੱਖ ਦੇ ਮਨ ਵਿੱਚੋਂ ਹਉਮੈ ਦੂਰ ਕਰ ਕੇ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਵੇ ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ। ਉਸ ਦੇ ਮਨ ਵਿਚ ਜਾਗਰਤ ਆ ਜਾਂਦੀ ਹੈ:
ਮੰਨੈ ਸੁਰਤਿ ਹੋਵੈ ਮਨਿ ਬੁਧਿ॥ (ਪੰਨਾ 3)
ਅਸੀਂ ਬਾਰ-ਬਾਰ ਤੇ ਨਿੱਤ ਖਾਂਦੇ ਹਾਂ। ਇਸੇ ਤਰ੍ਹਾਂ ਮਨ ਨੂੰ ਵੀ ਭੋਜਨ ਦੀ ਲੋੜ ਹੈ ਜੋ ਭਜਨ ਹੈ ਜਿਸ ਨਾਲ ਇਹ ਮਨ ਨਿਰੋਆ ਤੇ ਸਿਹਤਮੰਦ ਰਹਿ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਿਰੋਏ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਦੀ ਸ਼ਰਨ ਵਿਚ ਪਿਆਂ ਜੀਵਨ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ:
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ (ਪੰਨਾ 611)
ਹੇ ਮੇਰੇ ਪਿਆਰੇ ਮਨ! ਜੇ ਤੂੰ ਸਦਾ ਦਾ ਆਤਮਕ ਅਨੰਦ ਲੋੜਦਾ ਹੈਂ ਤਾਂ ਸਦਾ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ:
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ॥ (ਪੰਨਾ 918)
ਸੰਸਾਰ ਵਿਚ ਮਨੁੱਖ ਸਰੀਰ ਨਾਲੋਂ ਵੱਧ ਆਪਣੇ ਮਨ ਵਿਚ ਹੀ ਵਿਚਰਦਾ ਹੈ। ਇਨਸਾਨ ਦਾ ਦਿਮਾਗ਼ ਇਕ ਸਥੂਲ ਚੀਜ਼ ਹੈ। ਇਹ ਸਿਰਫ਼ ਪ੍ਰਤੱਖ ਗਿਆਨ ਹੀ ਪ੍ਰਾਪਤ ਕਰ ਸਕਦਾ ਹੈ। ਮਨ ਦਾ ਆਧਾਰ ਸਰਬਵਿਆਪੀ ਚੇਤਨਾ ਹੈ। ਇਹ ਜਿੱਥੇ ਚਾਹੇ ਘੁੰਮ ਸਕਦਾ ਹੈ। ਇਸ ਲਈ ਮਨੁੱਖ ਮੂਲ ਰੂਪ ਵਿਚ ਮਨ ਹੀ ਹੈ। ਮਨ ਹੀ ਹੈ ਜੋ ਖ਼ੁਸ਼ੀ-ਗ਼ਮੀ, ਦੁੱਖ-ਸੁਖ, ਮਾਨ-ਅਪਮਾਨ, ਮਿਲਾਪ-ਵਿਛੋੜਾ ਮਹਿਸੂਸ ਕਰਦਾ ਹੈ। ਮਨ ਹੀ ਕਿਸੇ ਜ਼ੁਲਮ ਤੋਂ ਪ੍ਰੇਸ਼ਾਨ ਹੋ ਕੇ ਇਨਸਾਫ਼ ਦੀ ਮੰਗ ਕਰਦਾ ਹੈ। ਮਨ ਪਦਾਰਥ ਨਹੀਂ ਹੈ, ਇਸ ਲਈ ਇਸ ਨੂੰ ਬਹੁਤ ਸਾਰੇ ਪਦਾਰਥਾਂ ਦੀ ਭੁੱਖ ਹੁੰਦੀ ਹੈ। ਮਨ ਦੀ ਤਾਕਤ ਜਾਂ ਕਮਜ਼ੋਰੀ ਨਾਲ ਮਨੁੱਖ ਤਾਕਤਵਰ ਜਾਂ ਕਮਜ਼ੋਰ ਹੁੰਦਾ ਹੈ। ਮਨੁੱਖ ਦੀ ਸ਼ਕਤੀ ਦਾ ਸ੍ਰੋਤ ਮਨ ਹੈ। ਮਨ ਦੀ ਸ਼ਕਤੀ ਦਾ ਸ੍ਰੋਤ ਹੈ ਪਰਮ ਚੇਤਨਾ। ਇਸ ਲਈ ਗੁਰਬਾਣੀ ਪਰਮਾਤਮਾ ਨੂੰ ਮਨ ਦੀ ਸ਼ਕਤੀ ਦਾ ਮੂਲ ਮੰਨਦੀ ਹੈ।
ਮਨ ਹੀ ਸਾਨੂੰ ਜਨਮਾਂ ਦੇ ਚੱਕਰਾਂ ਵਿਚ ਸੁੱਟਦਾ ਹੈ ਤੇ ਇਹੀ ਜੀਵ-ਆਤਮਾ ਹੋ ਕੇ ਜੋਤਿ ਪ੍ਰਗਟ ਹੋਣ ਉਪਰੰਤ ਸਰਬ-ਸ਼ਕਤੀਮਾਨ ਬਣ ਜਾਂਦਾ ਹੈ। ਜਦੋਂ ਇਹ ਮਨ ਚੰਚਲ, ਗਵਾਰ, ਮੂਰਖ, ਮੈਲਾ, ਲੋਭੀ ਹੁੰਦਾ ਹੈ ਤਾਂ ਜੀਵ ਭਟਕਦਾ ਫਿਰਦਾ ਹੈ। ਜਦੋਂ ਗੁਰੂ ਦੀ ਕਿਰਪਾ ਦੁਆਰਾ ਮੰਦਰ ਜਾਂ ਮਿੱਤਰ ਦਾ ਰੂਪ ਹੁੰਦਾ ਹੈ ਤਾਂ ਗੁਰੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਥਿਰ ਹੋ ਜਾਂਦਾ ਹੈ। ਟਿਕੇ ਹੋਏ ਪਾਣੀ ਵਾਂਗ ਆਪਣੇ ਵਿਚ ਹੀ ਜੀਵ-ਆਤਮਾ ਆਪਣਾ ਅਸਲ ਆਤਮਾ ਸਰੂਪ ਵੇਖ ਲੈਂਦਾ ਹੈ। ਉਦੋਂ ਇਹ ਜੀਵ ਬੇਪਰਵਾਹ, ਪੂਰਾ ਸੰਤੁਸ਼ਟ ਤੇ ਪਾਤਸ਼ਾਹ ਬਣ ਜਾਂਦਾ ਹੈ। ਉਦੋਂ ਇਹ ਮੰਗਤਾ ਨਹੀਂ, ਦਾਤਾ ਹੁੰਦਾ ਹੈ। ਲਗਾਤਾਰ ਗੁਰਬਾਣੀ ਪੜ੍ਹਨ, ਸੁਣਨ ਤੇ ਮੰਨਣ ਨਾਲ ਚੰਚਲ ਮਨ ਠਹਿਰ ਜਾਂਦਾ ਹੈ। ਇਸ ਦੀ ਹਉਮੈ ਨਸ਼ਟ ਹੋ ਜਾਂਦੀ ਹੈ। ਆਪਣਾ ਮਨ, ਆਪਣੇ ਕਰਮ ਗੁਰੂ ਨਮਿਤ ਕਰ ਦੇਈਏ ਤਾਂ ਮਨ ਸੁਖ-ਸ਼ਾਂਤੀ ਦਾ ਅਨੁਭਵ ਕਰਦਾ ਹੈ।
ਜਦੋਂ ਗੁਰੂ ਦੀ ਕਿਰਪਾ ਨਾਲ ਮਨ ਸ਼ੁੱਧ ਹੋ ਜਾਂਦਾ ਹੈ ਤਾਂ ਮਨ ਦੀ ਚੰਚਲਤਾਈ ਖ਼ਤਮ ਹੋ ਜਾਂਦੀ ਹੈ। ਇਹ ਆਪਣੇ ਪਤੀ ਜੀਵ-ਆਤਮਾ ਵਿਚ ਆ ਟਿਕਦਾ ਹੈ। ਇਹੀ ਸਾਡਾ ਜੋਤਿ ਸਰੂਪ ਹੈ ਜਿਸ ਨੂੰ ਲੱਭਣ ਲਈ ਗੁਰਬਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ਼ ਹੈਂ ਜੋ ਨਿਰਾ ਨੂਰ ਹੀ ਨੂਰ ਹੈ। ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)
ਲੇਖਕ ਬਾਰੇ
# 302, ਕਿਦਵਾਈ ਨਗਰ, ਲੁਧਿਆਣਾ
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/August 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/July 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/September 1, 2010