ਨਿਰੰਕਾਰੀ ਜੋਤਿ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ-ਜਲੰਦੇ ਨੂੰ ਤਾਰਦੇ ਹੋਏ, ਧਰਤਿ ਲੋਕਾਈ ਦੀ ਸੁਧਾਈ ਲਈ ਵੱਖ-ਵੱਖ ਥਾਵਾਂ ’ਤੇ ਯਾਤਰਾ ਲਈ ਗਏ। ਗੁਰੂ ਬਾਬੇ ਨੇ ਧਿਆਨ ਧਰ ਕੇ ਵੇਖਿਆ, ਸਾਰੀ ਧਰਤੀ ਹਉਮੈ ਅਤੇ ਕੂੜ ਦੀ ਅੱਗ ਵਿਚ ਸੜਦੀ ਹੋਈ ਨਜ਼ਰੀਂ ਆਈ। ਪੂਰੇ ਗੁਰੂ ਤੋਂ ਬਿਨਾਂ ਸਾਰੀ ਸ੍ਰਿਸ਼ਟੀ ’ਤੇ ਹਾਹਾਕਾਰ ਦੀ ਪੁਕਾਰੀ ਸੁਣੀ। ਜਗਤ ਕਲਿਆਣ ਲਈ ਸਤਿਗੁਰੂ ਜੀ ਉਦਾਸੀਨਤਾ (ਯਾਤਰਾਵਾਂ) ਦੀ ਰੀਤੀ ਦਾ ਪ੍ਰਾਰੰਭ ਕਰ ਕੇ, ਧਰਤਿ ਲੋਕਾਈ ਨੂੰ ਸੋਧਣ ਲਈ ਘਰੋਂ ਤੁਰ ਪਏ। ਜਗਤ ਗੁਰੂ ਬਾਬਾ ਜੀ ਤੀਰਥਾਂ ਉੱਤੇ ਗਏ ਅਤੇ ਸਾਰੇ ਪੁਰਬ ਫਿਰ ਕੇ ਵੇਖੇ। ਪੂਰਬਲੇ ਸਭ ਧਰਮ ਕਰਮਕਾਂਡਾਂ ਵਿਚ ਫਸੇ ਹੋਏ ਨਜ਼ਰੀਂ ਪਏ। ਸਾਰੀ ਪ੍ਰਿਥਵੀ ਅਤੇ ਚਾਰਾਂ ਜੁਗਾਂ (ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ) ਨੂੰ ਖੋਜ-ਵਿਚਾਰ ਕੇ ਵੇਖਿਆ। ਗੁਰੂ ਬਾਬੇ ਨੇ ਵੇਖਿਆ ਕਿ ਕਲਜੁਗ ਵਿਚ ਅੰਧਕਾਰ ਹੈ ਅਤੇ ਸਾਰੀ ਧਰਤੀ ਭਰਮਾਂ-ਭੇਖਾਂ ਵਿਚ ਹੀ ਫਸੀ ਪਈ ਹੈ। ਆਪ ਅਕਾਲ ਪੁਰਖ ਮਨੁੱਖ ਜਾਮੇ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਆ ਕੇ ਸਾਰੀ ਨੌਂ-ਖੰਡ ਧਰਤੀ ’ਤੇ ਫਿਰਿਆ। ਸੁਮੇਰ ਪਰਬਤ ਉੱਤੇ ਸਿੱਧਾਂ ਨਾਲ, ਮੱਕੇ ਵਿਚ ਕਾਜ਼ੀਆਂ ਨਾਲ, ਬਗ਼ਦਾਦ ਵਿਚ ਉੱਚ ਦੇ ਪੀਰ ਨਾਲ, ਗੋਸ਼ਟੀਆਂ ਕਰ ਕੇ ਆਪਣੀ ਜਿੱਤ ਦਾ ਡੰਕਾ ਵਜਾਉਣ ਤੋਂ ਬਾਅਦ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ (ਪਾਕਿਸਤਾਨ) ਵਿਚ ਆਣ ਟਿਕੇ। ਉਦਾਸੀ ਵਾਲਾ ਬਾਣਾ ਉਤਾਰ ਕੇ, ਸੰਸਾਰੀ ਲੋਕਾਂ ਵਾਂਗ ਜੀਵਨ ਬਤੀਤ ਕਰਨ ਲੱਗੇ। ਕਿਰਤ-ਵਿਰਤ ਦੇ ਨਾਲ, ਆਪ ਜੀ ਇਥੇ ਬੈਠ ਕੇ ਪਵਿੱਤਰ ਮੁੱਖ ਤੋਂ ਧੁਰ ਕੀ ਬਾਣੀ ਦਾ ਉਚਾਰਣ ਕਰਦੇ। ਗਿਆਨ-ਗੋਸ਼ਟੀਆਂ ਅਤੇ ਅਗੰਮੀ ਨਿਰੰਕਾਰ ਸਬੰਧੀ ਚਰਚਾ ਹੁੰਦੀ ਰਹਿੰਦੀ। ਅੰਮ੍ਰਿਤ ਵੇਲੇ ਜਪੁਜੀ ਸਾਹਿਬ, ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ (ਆਰਤੀ) ਦੇ ਜਾਪ ਹੁੰਦੇ। ਕਰਤਾਰਪੁਰ ਵਿਖੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਰੱਖ ਕੇ, ਸੇਵਕ ਨੂੰ ਆਪਣਾ ਰੂਪ ਬਣਾ ਲਿਆ।
ਗੁਰਦਾਸਪੁਰ ਜ਼ਿਲ੍ਹੇ ਵਿਚ ਬਟਾਲੇ ਦੀ ਧਰਤੀ ’ਤੇ ਅੱਚਲ ਸਾਹਿਬ ਦੇ ਸਥਾਨ ’ਤੇ ਹਰ ਸਾਲ ਨਵੰਬਰ ਮਹੀਨੇ ਵਿਚ ਸ਼ਿਵਰਾਤਰੀ ਦਾ ਭਾਰੀ ਮੇਲਾ ਲੱਗਦਾ ਹੈ। ਸ਼ਿਵਰਾਤਰੀ ਦਾ ਮੇਲਾ ਸੁਣ ਕੇ, ਗੁਰੂ ਬਾਬਾ ਜੀ ਬਟਾਲੇ ਦੇ ਲਾਗੇ ਅੱਚਲ ਪਿੰਡ ਵਿਚ ਆ ਗਏ। ਗੁਰੂ ਜੀ ਦਾ ਦਰਸ਼ਨ ਕਰਨ ਲਈ ਲੋਕ ਦੂਰੋਂ-ਦੂਰੋਂ ਬੜੇ ਉਤਸ਼ਾਹ ਨਾਲ ਆਏ। ਭਾਈ ਮਰਦਾਨਾ ਜੀ ਦੀ ਰਬਾਬ ਵਿੱਚੋਂ ਜਦੋਂ ਸਤਿਕਰਤਾਰੀ ਤਨਬਾਂ ਨਿਕਲੀਆਂ ਅਤੇ ਗੁਰੂ ਬਾਬੇ ਦੇ ਮੁਖਾਰਬਿੰਦ ਵਿੱਚੋਂ ਧੁਰ ਕੀ ਪਵਿੱਤਰ ਬਾਣੀ ਦੇ ਅਗੰਮੀ ਉਚਾਰਣ ਹੋਏ ਤਾਂ ਆਲੇ-ਦੁਆਲੇ ਦੇ ਸਭ ਲੋਕ ਮਸਤ ਹੋ ਕੇ, ਇਥੇ ਆਣ ਜੁੜ ਕੇ ਬੈਠ ਗਏ। ਓਨ੍ਹੀਂ ਦਿਨੀਂ ਇਸ ਇਲਾਕੇ ਵਿਚ ਅਤੇ ਵਿਸ਼ੇਸ਼ ਕਰਕੇ ਸ਼ਿਵਰਾਤਰੀ ਦੇ ਮੇਲੇ ’ਤੇ ਸਿੱਧ, ਨਾਥ, ਜੋਗੀਆਂ ਦਾ ਬੋਲਬਾਲਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਅਖਾੜੇ ਵਿਚ ਬੈਠੀ ਹੋਈ ਲੋਕਾਂ ਦੀ ਭਾਰੀ ਭੀੜ ਨੂੰ ਵੇਖ ਕੇ ਸਿੱਧਾਂ-ਨਾਥਾਂ ਦੇ ਮਨ ਵਿਚ ਵੱਡਾ ਸਾੜਾ ਹੋਇਆ ਪਰ ਜੋਗੀਆਂ ਦੀ ਕੋਈ ਪੇਸ਼ ਨਾ ਗਈ ਤੇ ਚੁੱਪ ਹੀ ਰਹੇ। ਕੀਰਤਨ ਕਰਨ ਵਾਲਿਆਂ ਨੇ ਗੁਰੂ ਜੀ ਦੇ ਨੇੜੇ ਆ ਕੇ ਕੀਰਤਨ ਕੀਤਾ। ਸਿੱਧਾਂ-ਨਾਥਾਂ ਨੇ ਆਪਣੀਆਂ ਰਿਧੀਆਂ-ਸਿੱਧੀਆਂ ਜਾਂ ਹੇਰਾਫੇਰੀ ਨਾਲ, ਕੀਰਤਨ ਕਰਨ ਵਾਲਿਆਂ ਦਾ ਮਾਇਆ ਵਾਲਾ ਗੜਵਾ ਲੁਕਾ ਲਿਆ। ਮਾਇਆ ਵਾਲਾ ਲੋਟਾ ਗਵਾਚਾ ਵੇਖ ਕੇ, ਉਨ੍ਹਾਂ ਨੂੰ ਕੀਰਤਨ ਕਰਨਾ ਭੁੱਲ ਗਿਆ ਕਿਉਂਕਿ ਉਨ੍ਹਾਂ ਦੀ ਸੁਰਤ ਤਾਂ ਮਾਇਆ ਵਾਲੇ ਲੋਟੇ ਵਿਚ ਲੱਗੀ ਹੋਈ ਸੀ। ਅੰਤਰਯਾਮੀ ਅਰਥਾਤ ਜਾਣੀ-ਜਾਣ ਅਕਾਲ ਪੁਰਖ ਗੁਰੂ ਬਾਬੇ ਨੇ, ਜਿਥੇ ਜੋਗੀਆਂ ਨੇ ਮਾਇਆ ਵਾਲਾ ਲੋਟਾ ਲੁਕਾਇਆ ਸੀ, ਉਹ ਲੱਭ ਲਿਆ ਤੇ ਕੀਰਤਨੀਆਂ ਦੇ ਹਵਾਲੇ ਕਰ ਦਿੱਤਾ। ਇਹ ਕੌਤਕ ਵੇਖ ਕੇ ਜੋਗੀਆਂ ਨੂੰ ਬਹੁਤ ਗ਼ੁੱਸਾ ਆਇਆ। ਭਾਈ ਗੁਰਦਾਸ ਜੀ ਨੇ ਇਸ ਨੂੰ ਇਸ ਪ੍ਰਕਾਰ ਪ੍ਰਗਟਾਇਆ ਹੈ:
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।
ਦਰਸਨੁ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ।
ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ।
ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ।
ਭਗਤੀਆ ਪਾਈ ਭਗਤਿ ਆਣਿ, ਲੋਟਾ ਜੋਗੀ ਲਇਆ ਛਪਾਈ।
ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ।
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ।
ਵੇਖਿ ਚਲਿਤ੍ਰਿ ਜੋਗੀ ਖੁਣਿਸਾਈ॥ (ਵਾਰ 1;39)
ਜੋਗੀਆਂ ਦੁਆਰਾ ਲੁਕਾਇਆ ਹੋਇਆ ਲੋਟਾ ਜਦ ਗੁਰੂ ਜੀ ਨੇ ਲੱਭ ਦਿੱਤਾ ਤਾਂ ਜੋਗੀਆਂ ਨੇ ਗ਼ੁੱਸੇ ਵਿਚ ਗੁਰੂ ਜੀ ਨੂੰ ਦੁਰਬਚਨ ਬੋਲਣੇ ਸ਼ੁਰੂ ਕਰ ਦਿੱਤੇ। ਕਈ ਵਿਦਵਾਨਾਂ ਨੇ ‘ਭਗਤੀਆ’ ਦਾ ਅਰਥ ‘ਰਾਸਧਾਰੀਏ’ ਵੀ ਕੀਤਾ ਹੈ ਜੋ ਕਿ ਗੁਰਮਤਿ ਅਨੁਸਾਰ ਠੀਕ ਨਹੀਂ ਜਾਪਦਾ, ਕਿਉਂਕਿ ਗੁਰੂ ਜੀ ਰਾਸਾਂ ਨਹੀਂ ਸਨ ਵੇਖ ਸਕਦੇ। ਗੁਰੂ ਜੀ ਨੇ ਤਾਂ ਰਾਸਾਂ ਦਾ ਖ਼ੁਦ ਖੰਡਨ ਕੀਤਾ ਹੈ। ਗ਼ੁੱਸਾ ਖਾ ਕੇ ਸਾਰੇ ਜੋਗੀ ਉੱਠ ਕੇ ਗੁਰੂ ਬਾਬੇ ਨਾਲ ਗੋਸਟਿ ਕਰਨ ਲਈ ਆ ਗਏ। ਜੋਗੀ ਭੰਗਰ ਨਾਥ ਨੇ ਪੁੱਛਿਆ, “ਹੇ ਨਾਨਕ, ਤੂੰ ਦੁੱਧ ਵਿਚ ਕਾਂਜੀ ਪਾ ਕੇ, ਦੁੱਧ ਨੂੰ ਕਿਉਂ ਖ਼ਰਾਬ ਕਰ ਦਿੱਤਾ ਹੈ? ਅਰਥਾਤ ਦੁੱਧ ਦਾ ਮਟਕਾ ਫਿਟ ਜਾਣ ਕਰਕੇ, ਰਿੜਕਿਆਂ ਮੱਖਣ ਵੀ ਨਹੀਂ ਮਿਲਦਾ। ਉਦਾਸੀ ਦਾ ਭੇਖ ਉਤਾਰ ਕੇ, ਤੂੰ ਫਿਰ ਸੰਸਾਰੀਆਂ ਵਾਲੀ ਰੀਤੀ ਕਿਉਂ ਚਲਾ ਦਿੱਤੀ ਹੈ?” ਗੁਰੂ ਜੀ ਨੇ ਉੱਤਰ ਦਿੱਤਾ, “ਹੇ ਜੋਗੀ ਭੰਗਰ ਨਾਥ! ਤੇਰੀ ਮਾਂ (ਬੁੱਧੀ) ਕੁਚੱਜੀ ਹੈ, ਜਿਸ ਨੇ ਤੇਰੇ ਹਿਰਦੇ (ਭਾਂਡੇ) ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ। ਇਸ ਕੁਚੱਜਪੁਣੇ ਕਰਕੇ ਹੀ ਤੇਰਾ ਗਿਆਨ ਰੂਪੀ ਫੁੱਲ ਤੇ ਫਲ ਸੜ ਗਿਆ ਹੈ। ਕਿਉਂਕਿ ਤੁਸੀਂ ਗ੍ਰਿਹਸਤ ਨੂੰ ਤਿਆਗ ਕੇ, ਅਤੀਤ ਹੋਏ ਫਿਰਦੇ ਹੋ ਅਤੇ ਫਿਰ ਪੇਟ ਦੀ ਖ਼ਾਤਰ ਮੰਗਣ ਦੁਬਾਰਾ ਗ੍ਰਿਹਸਤੀਆਂ ਦੇ ਘਰੀਂ ਹੀ ਜਾਂਦੇ ਹੋ। ਬਿਨਾਂ ਗ੍ਰਿਹਸਤੀਆਂ ਦੇ ਦਿੱਤਿਆਂ ਤੁਹਾਡੇ ਹੱਥ ਕੁਝ ਵੀ ਨਹੀਂ ਆਉਂਦਾ”:
ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ।
ਪੁਛੇ ਜੋਗੀ ਭੰਗਰਨਾਥੁ, ‘ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ?
ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ।
ਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈਂ?’
ਨਾਨਕ ਆਖੇ, ‘ਭੰਗਰਿਨਾਥ! ਤੇਰੀ ਮਾਉ ਕੁਚਜੀ ਆਹੀ।
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ।
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।
ਬਿਨੁ ਦਿਤੇ ਕਛੁ ਹਥਿ ਨ ਆਈ’॥ (ਵਾਰ 1;40)
ਸਿੱਧਾਂ-ਨਾਥਾਂ ਨੂੰ ਆਪਣੀਆਂ ਰਿਧੀਆਂ-ਸਿੱਧੀਆਂ ਉੱਪਰ ਵੱਡਾ ਹੰਕਾਰ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕੇ ਉਨ੍ਹਾਂ ਨੇ ਉੱਚੀ-ਉੱਚੀ ਚੀਕਾਂ ਮਾਰ- ਮਾਰ ਕੇ ਰੌਲ਼ਾ ਪਾਇਆ। ਉਨ੍ਹਾਂ ਨੇ ਕਿਹਾ ਕਿ ਕਲਜੁਗ ਵਿਚ ਨਾਨਕ ਬੇਦੀ ਨੇ ਆ ਕੇ ਛੇ ਦਰਸ਼ਨਾਂ (ਸ਼ਾਸਤਰਾਂ) ਨੂੰ ਦੁੱਖ ਦਿੱਤਾ ਹੈ। ਸਿੱਧਾਂ ਨੇ ਆਪਣੀਆਂ ਕਰਾਮਾਤਾਂ ਨਾਲ ਤੰਤਰਾਂ-ਮੰਤਰਾਂ ਦੀ ਧੁਨ ਚੜ੍ਹਾ ਲਈ। ਸਾਰਿਆਂ ਨੇ ਆਪਣੇ-ਆਪਣੇ ਰੂਪ ਬਦਲ ਲਏ। ਕੋਈ ਸ਼ੇਰ ਤੇ ਕੋਈ ਬਘਿਆੜ ਆਦਿ ਬਣ ਕੇ, ਡਰਾਉਣ ਲੱਗ ਪਿਆ। ਕਈ ਜੋਗੀ ਖੰਭ ਲਾ ਕੇ ਉੱਡਣ ਲੱਗ ਪਏ। ਉਹ ਸੱਪ ਬਣ ਕੇ ਜ਼ੋਰ-ਜ਼ੋਰ ਦੀ ਫੂੰਕਾਰਾਂ ਮਾਰਨ ਲੱਗੇ। ਉਨ੍ਹਾਂ ਨੇ ਜ਼ੋਰ ਦੀ ਹਨੇਰੀ ਛੱਡ ਦਿੱਤੀ। ਅੱਗ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਹਿਰਨ ਦੀ ਖੱਲ ’ਤੇ ਸਵਾਰ ਹੋ ਕੇ, ਉਹ ਪਾਣੀ ਉੱਪਰ ਤੈਰਨ ਲੱਗ ਪਏ। ਸਿੱਧਾਂ ਦੇ ਮਨ ਦੀ ਈਰਖਾ ਬਹੁਤ ਪ੍ਰਚੰਡ ਹੋ ਗਈ। ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਵਿਚ ਇਸ ਨੂੰ ਇਸ ਪ੍ਰਕਾਰ ਪ੍ਰਗਟਾਇਆ ਹੈ:
ਇਹਿ ਸੁਣਿ ਬਚਨਿ ਜੋਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ।
ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ।
ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ।
ਰੂਪ ਵਟਾਏ ਜੋਗੀਆਂ, ਸਿੰਘ ਬਾਘਿ ਬਹੁ ਚਲਿਤਿ ਦਿਖਾਈ।
ਇਕਿ ਪਰਿ ਕਰਿ ਕੈ ਉਡਰਨਿ ਪੰਖੀ ਜਿਵੈ ਰਹੇ ਲੀਲਾਈ।
ਇਕ ਨਾਗ ਹੋਇ ਪਉਣ ਛੋੜਿਆ, ਇਕਨਾ ਵਰਖਾ ਅਗਨਿ ਵਸਾਈ।
ਤਾਰੇ ਤੋੜੇ ਭੰਗਰਿਨਾਥ ਇਕ ਚੜਿ ਮਿਰਗਾਨੀ ਜਲੁ ਤਰਿ ਜਾਈ।
ਸਿਧਾ ਅਗਨਿ ਨ ਬੁਝੈ ਬੁਝਾਈ॥ (ਵਾਰ 1;41)
ਆਪਣੀਆਂ ਸਭ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਚਲਿਤ੍ਰ ਕਰ ਕੇ, ਜੋਗੀ ਨਾਥ ਹਾਰ ਹੰਭ ਕੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਣ ਕੇ ਬੈਠ ਗਏ। ਉਨ੍ਹਾਂ ਨੇ ਕਿਹਾ ਕਿ “ਹੇ ਨਾਨਕ! ਤੂੰ ਸੰਸਾਰ ਨੂੰ ਆਪਣੀ ਕੀ ਕਰਾਮਾਤ ਵਿਖਾਈ ਹੈ? ਕੁਝ ਸਾਨੂੰ ਵੀ ਵਿਖਾ?” ਗੁਰੂ ਜੀ ਨੇ ਉੱਤਰ ਦਿੱਤਾ, “ਅਸੀਂ ਵੇਖ ਲਿਆ ਹੈ ਕਿ ਜੋਗੀ ਕੋਈ ਵਸਤੂ ਨਹੀਂ ਹਨ। ਸਾਡੇ ਕੋਲ ਬਾਣੀ ਗੁਰੂ ਅਤੇ ਸੰਗਤ ਤੋਂ ਬਿਨਾਂ, ਹੋਰ ਕਿਸੇ ਦਾ ਰਤੀ ਭਰ ਵੀ ਆਸਰਾ ਨਹੀਂ ਹੈ।” ਇੰਨੇ ਬਚਨ ਕਰ ਕੇ ਗੁਰੂ ਜੀ ਤਾਂ ਅਚਲ (ਅਡੋਲ) ਹੋ ਗਏ। ਅਹਿੱਲ ਹੋ ਗਏ। ਸਿੱਧਾਂ-ਨਾਥਾਂ ਨੇ ਕਰਾਮਾਤਾਂ ਨਾਲ ਜ਼ੋਰ ਲਾ ਲਿਆ ਪਰ ਜਿਸ ਤਰ੍ਹਾਂ ਧਰਤੀ ਹਿਲਾਇਆਂ ਨਹੀਂ ਹਿੱਲ ਸਕਦੀ, ਇਵੇਂ ਹੀ ਗੁਰੂ ਜੀ ਨਾ ਹਿੱਲੇ। ਸਿੱਧਾਂ ਦੇ ਜੰਤਰ-ਮੰਤਰ ਸਾਰੇ ਵਿਅਰਥ ਗਏ। ਗੁਰੂ ਜੀ ਦੇ ਸ਼ਬਦ ਨੇ ਉਨ੍ਹਾਂ ਦੀਆਂ ਸਾਰੀਆਂ ਸ਼ਕਤੀਆਂ ਹੀ ਖ਼ਤਮ ਕਰ ਦਿੱਤੀਆਂ। ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਕੀਤਾ, “ਸਾਡੇ ਕੋਲ ਸੱਚੇ ਨਾਮ ਤੋਂ ਬਿਨਾਂ ਹੋਰ ਕੋਈ ਕਰਾਮਾਤ ਹੈ ਹੀ ਨਹੀਂ”:
ਬਾਬਾ ਬੋਲੇ ਨਾਥ ਜੀ! ਸਬਦੁ ਸੁਨਹੁ ਸਚੁ ਮੁਖਹੁ ਅਲਾਈ।
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। (ਵਾਰ 1;43)
ਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ। ਗੁਰੂ ਜੀ ਦੇ ਸ਼ਬਦ ਨਾਲ, ਸਿੱਧਾਂ ਦੇ ਮਨਾਂ ਵਿਚ ਸ਼ਾਂਤੀ ਆ ਗਈ। ਉਨ੍ਹਾਂ ਦੇ ਹੰਕਾਰ ਦਾ ਪਾਰਾ ਲਹਿ ਗਿਆ। ਗੁਰੂ ਜੀ ਨੇ ਸ਼ਿਵਰਾਤਰੀ ਦਾ ਮੇਲਾ ਜਿੱਤ ਲਿਆ। ਛੇ ਦਰਸ਼ਨਾਂ ਅਤੇ ਸਾਰੇ ਸਿੱਧਾਂ-ਨਾਥਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਧਨੁ ਨਾਨਕ ਤੇਰੀ ਵਡੀ ਕਮਾਈ’ ਅਤੇ ‘ਵਡਾ ਪੁਰਖੁ’ ਆਖਿਆ:
ਬਾਬੇ ਕੀਤੀ ਸਿਧਿ ਗੋਸਟਿ ਸਬਦੀ ਸਾਂਤਿ ਸਿਧਾਂ ਵਿਚਿ ਆਈ।
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨਿ ਆਦੇਸਿ ਕਰਾਈ।
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ।
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ। (ਵਾਰ 1;44)
ਲੇਖਕ ਬਾਰੇ
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/July 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/October 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2007
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2009
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/March 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/April 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/August 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/September 1, 2010
- ਡਾ. ਰਛਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%b0%e0%a8%9b%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-2/December 1, 2010