editor@sikharchives.org
Bhagat Namdev Ji

ਨਾਮਦੇਉ ਹਰਿ ਗੁਨ ਗਾਏ

ਭਗਤ ਨਾਮਦੇਵ ਜੀ ਮੱਧਕਾਲੀਨ ਭਗਤੀ ਲਹਿਰ ਦੇ ਪਹਿਲੇ ਇਕ-ਈਸ਼ਵਰਵਾਦੀ ਪ੍ਰਚਾਰਕ ਸਨ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਨਾਮਦੇਵ ਜੀ ਦੀ ਬਾਣੀ ਨੂੰ ਉਦਾਸੀਆਂ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਇਕੱਠਾ ਕੀਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰ ਰਚਨਾ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਣ ਤੋਂ ਬਾਅਦ ਹੀ ਆਦਿ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਸੀ। ਭਗਤ ਨਾਮਦੇਵ ਜੀ ਦੇ ਕੁੱਲ 61 ਸ਼ਬਦ 18 ਵੱਖ-ਵੱਖ ਰਾਗਾਂ ਵਿਚ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਰਚਨਾਵਾਂ ਹੋਰ ਵੀ ਕਈ ਗ੍ਰੰਥਾਂ ਵਿਚ ਮਿਲਦੀਆਂ ਹਨ।

ਭਗਤ ਨਾਮਦੇਵ ਜੀ ਦਾ ਜਨਮ ਸੋਲਾਪੁਰ ਦੇ ਪ੍ਰਸਿੱਧ ਅਸਥਾਨ ਪੰਡਰਪੁਰ ਵਿਚ ਤਕਰੀਬਨ ਸੰਨ 1270 ਦੇ ਨੇੜੇ-ਤੇੜੇ ਹੋਇਆ ਸੀ। ਆਪ ਜੀ ਦੇ ਪਿਤਾ ਜੀ ਦਾ ਨਾਂ ਦਾਮਾਸੇਠ ਤੇ ਮਾਤਾ ਜੀ ਦਾ ਨਾਂ ਗੋਨਾਬਾਈ ਸੀ। ਆਪ ਜੀ ਦੇ ਪਿਤਾ ਜੀ ਜਾਤ ਦੇ ਦਰਜ਼ੀ ਸਨ। ਅਜੋਕੇ ਸਮੇਂ ਵਿਚ ਇਹ ਪੇਸ਼ਾ ਇਕ ਚੰਗਾ ਤੇ ਕਮਾਊ ਪੇਸ਼ਾ ਸਮਝਿਆ ਜਾਂਦਾ ਹੈ ਪਰ ਅੱਜ ਤੋਂ ਸੱਤ-ਅੱਠ ਸੌ ਸਾਲ ਪਹਿਲਾਂ ਪੇਸ਼ੇ ਜਾਤ ਮੁਤਾਬਕ ਵੰਡੇ ਜਾਂਦੇ ਸਨ ਤੇ ਦਰਜੀ ਜਾਂ ਛੀਪੇ ਦਾ ਪੇਸ਼ਾ ਬੜਾ ਨੀਵਾਂ ਸਮਝਿਆ ਜਾਂਦਾ ਸੀ, ਇਨ੍ਹਾਂ ਦੀ ਜਾਤ ਵੀ ਨੀਵੀਂ ਸਮਝੀ ਜਾਂਦੀ ਸੀ। ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਬੜੀ ਛੋਟੀ ਉਮਰ ਵਿਚ ਹੀ ਪੁਰਵਾ ਪਿੰਡ ਦੇ ਗੋਬਿੰਦ ਸੇਠ ਦੀ ਬੇਟੀ ਰਾਜਾਬਾਈ ਨਾਲ ਕਰ ਦਿੱਤਾ ਸੀ, ਉਨ੍ਹਾਂ ਦੀ ਪਤਨੀ ਵਾਕਈ ਮਿੱਠੇ ਸੁਭਾਅ ਵਾਲੀ ਸੀ। ਬਚਪਨ ਤੋਂ ਹੀ ਨਾਮਦੇਵ ਜੀ ਦਾ ਮਨ ਆਮ ਸੰਸਾਰਿਕ ਕਾਰ-ਵਿਹਾਰ ਵਿਚ ਨਹੀਂ ਲੱਗਦਾ ਸੀ, ਉਨ੍ਹਾਂ ਦਾ ਰੁਝਾਨ ਧਾਰਮਿਕ ਖੇਤਰ ਵੱਲ ਜ਼ਿਆਦਾ ਸੀ।

ਆਪ ਜੀ ਦੇ ਪਿਤਾ ਜੀ ਵਾਰਕਰੀ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ। ਮੱਧਕਾਲੀਨ ਸਮੇਂ ਵਿਚ ਮਹਾਂਰਾਸ਼ਟਰ ਦੀ ਧਰਤੀ ’ਤੇ ਇਸ ਸੰਪਰਦਾ ਦਾ ਅਰੰਭ ਹੋਇਆ ਇਹ ਇਕ ਧਾਰਮਿਕ ਅੰਦੋਲਨ ਸੀ ਜੋ ਨਿਰੰਤਰ ਵਧਦਾ ਗਿਆ ਅਤੇ ਅੱਜ ਤਕ ਜਾਰੀ ਹੈ। ਇਸ ਸੰਪ੍ਰਦਾਇ ਨਾਲ ਸਬੰਧ ਰੱਖਣ ਵਾਲੇ ਲੋਕ ਬਿਠਲ ਦੇ ਪੁਜਾਰੀ ਹੁੰਦੇ ਹਨ, ਪਹਿਲਾਂ-ਪਹਿਲ ਤਾਂ ਇਹ ਮੂਰਤੀਪੂਜ ਹੀ ਸਨ ਪਰ ਹੌਲੀ-ਹੌਲੀ ਇਸ ਸੰਪ੍ਰਦਾਇ ਵਿੱਚੋਂ ਕਈ ਮਹਾਨ ਸੰਤ ਹੋਏ, ਜਿਨ੍ਹਾਂ ਨੇ ਮੂਰਤੀ ਪੂਜਾ ਦਾ ਖੰਡਨ ਕਰ ਕੇ ਸਰਬ-ਵਿਆਪਕ ਪਰਮਾਤਮਾ ਦਾ ਜੱਸ ਗਾਇਨ ਕੀਤਾ ਹੈ। ਇਕ ਬੜੀ ਖਾਸ ਗੱਲ ਸੀ ਕਿ ਇਸ ਸੰਪ੍ਰਦਾਇ ਵਿਚ ਜਾਤ-ਪਾਤ ਅਤੇ ਕਰਮਕਾਂਡਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਭਾਵ ਜੋ ਬਿਠਲ ਦੀ ਮੂਰਤੀ ਦੀ ਪੂਜਾ ਵੀ ਕਰਦੇ ਸਨ, ਉਨ੍ਹਾਂ ਵਿਚ ਵੀ ਕਿਸੇ ਪ੍ਰਕਾਰ ਦਾ ਭੇਦ-ਭਾਵ ਨਹੀਂ ਸੀ ਅਤੇ ਨਾ ਹੀ ਕੋਈ ਖਾਸ ਤੌਰ-ਤਰੀਕੇ ਇਨ੍ਹਾਂ ਨੇ ਪੂਜਾ ਲਈ ਅਪਣਾਏ ਸਨ। ਇਹ ਵਾਰਕਰੀ ਲੋਕ ਸਾਲ ਵਿਚ ਘੱਟੋ-ਘੱਟ ਇਕ ਵਾਰ ਨਿਯਮਬੱਧੀ ਜਥੇ ਬਣਾ ਕੇ ਹਜ਼ਾਰਾਂ ਦੀ ਤਦਾਦ ਵਿਚ ਪੰਡਰਪੁਰ ਦੀ ਯਾਤਰਾ ’ਪਰ ਜਾਂਦੇ ਸਨ ਤੇ ਸਿਰਫ ਹੱਥਾਂ ਵਿਚ ਖੜਤਾਲਾਂ ਲੈ ਕੇ ਜੋ ਕਿ ਉਸ ਸਮੇਂ ਆਮ ਤੇ ਗ਼ਰੀਬ ਲੋਕਾਂ ਦਾ ਸਾਜ਼ ਸੀ, ਇਕ-ਰਸ ਕੀਰਤਨ ਕਰਦੇ ਯਾਤਰਾ ਕਰਦੇ ਸਨ। ਮਕਸਦ ਸਿਰਫ਼ ਇੱਕੋ ਹੀ ਸੀ:

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ (ਪੰਨਾ 17-18)

ਜਿਸ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਨੇ ਜਾਤਿ-ਪਾਤਿ ਦੇ ਭਿੰਨ-ਭੇਦ ਮਿਟਾਉਣ ਲਈ ਲੰਗਰ ਦੀ ਪ੍ਰਥਾ ਅਰੰਭ ਕੀਤੀ, ਸਰੋਵਰਾਂ ਤੇ ਬਾਉਲੀਆਂ ਦੀ ਉਸਾਰੀ ਕੀਤੀ, ਠੀਕ ਉਸੇ ਪ੍ਰਕਾਰ ਵਾਰਕਰੀ ਸੰਤਾਂ ਨੇ ਸਿਰਫ਼ ਇਕ ਥਾਂ, ਬਿਨਾਂ ਕਿਸੇ ਭਿੰਨ-ਭੇਦ ਦੇ ਇਕੱਠੇ ਹੋ ਕੇ ਸਿਫਤ-ਸਲਾਹ ਕਰਨ ਲਈ ਹੀ ਇਹ ਰੀਤ ਤੋਰੀ ਸੀ। ਮੱਧਕਾਲੀਨ ਭਗਤੀ ਅੰਦੋਲਨ ਵਿਚ ਇਹ ਪਹਿਲੀ ਲਹਿਰ ਸੀ ਜਿਸ ਨੇ ਜਾਤ-ਪਾਤ ਤੇ ਕਰਮਕਾਂਡਾਂ ਦਾ ਵਿਰੋਧ ਕੀਤਾ ਤੇ ਨਾਲ ਹੀ ਸੰਸਕ੍ਰਿਤ ਦੀ ਥਾਂ ਲੋਕ-ਬੋਲੀ ਮਰਾਠੀ ਨੂੰ ਅਪਣਾਇਆ। ਭਗਤ ਜੀ ਦੇ ਪਿਤਾ ਜੀ ਇਸ ਸੰਪ੍ਰਦਾਇ ਨਾਲ ਸੰਬੰਧਿਤ ਸਨ, ਇਸ ਲਈ ਬਚਪਨ ਤੋਂ ਹੀ ਭਗਤ ਨਾਮਦੇਵ ਜੀ ਵੀ ਇਨ੍ਹਾਂ ਨਾਲ ਰਲ ਕੇ ਹਰਿ-ਜੱਸ ਗਾਇਨ ਕਰਦੇ। ਕਈ ਪੁਰਾਤਨ ਗ੍ਰੰਥਾਂ ਵਿਚ ਜ਼ਿਕਰ ਮਿਲਦਾ ਹੈ ਕਿ ਭਗਤ ਜੀ ਨਿਤਾ-ਪ੍ਰਤੀ ਮੰਦਰ ਜਾ ਕੇ ਮੂਰਤੀ ਪੂਜਾ ਕਰਦੇ ਸਨ, ਇਹ ਗੱਲ ਸਿੱਖਾਂ ਦੀ ਤੇ ਹਿੰਦੂਆਂ ਦੀ ਦੋਵੇਂ ਹੀ ‘ਭਗਤ ਮਾਲਾ’ ਵਿਚ ਵੀ ਮਿਲਦੀ ਹੈ, ਜਦਕਿ ਸੱਚ ਤਾਂ ਇਹ ਹੈ ਕਿ ਪੁਰਾਤਨ ਸਮਿਆਂ ਵਿਚ ਸ਼ੂਦਰ ਨੂੰ ਮੰਦਰ ਵਿਚ ਜਾਣ ਦੀ ਸਖ਼ਤ ਮਨਾਹੀ ਸੀ; ਹਾਂ, ਇਕ ਵਾਰ ਮੌਜ ਵਿਚ ਆ ਕੇ ਉਹ ਮੰਦਰ ਜ਼ਰੂਰ ਚਲੇ ਗਏ ਸਨ ਤੇ ਅਖੌਤੀ ਹੰਕਾਰੀ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਸੀ। ਇਸ ਘਟਨਾ ਤੋਂ ਵੀ ਇਹੀ ਪਤਾ ਚੱਲਦਾ ਹੈ ਕਿ ਸਿਰਫ਼ ਮੌਜ ਵਿਚ ਆ ਕੇ ਕਿਸੇ ਇਕ ਦਿਨ ਚਲੇ ਗਏ ਸਨ, ਜੇ ਰੋਜ਼ ਹੀ ਜਾ ਰਹੇ ਹੁੰਦੇ ਤਾਂ ਪੰਡਿਤ ਕਿਸੇ ਇਕ ਦਿਨ ਹੀ ਉਚੇਚਾ ਕਿਉਂ ਰੋਕਦੇ! ਪਰ ਜਦੋਂ ਪੰਡਤਾਂ ਨੇ ਉਨ੍ਹਾਂ ਨੂੰ ਮੰਦਰ ਵਿਚ ਆਉਣ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਇਆ ਕਿ ਜਦੋਂ ਰੱਬ ਸਭ ਦਾ ਸਾਂਝਾ ਹੈ ਤਾਂ ਫਿਰ ਕੋਈ ਛੋਟਾ ਜਾਂ ਵੱਡਾ ਕਿਵੇਂ ਹੋ ਜਾਂਦਾ ਹੈ? ਇਸ ਦਾ ਜ਼ਿਕਰ ਉਨ੍ਹਾਂ ਨੇ ਬਾਣੀ ਵਿਚ ਵੀ ਕੀਤਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਹਨ:

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥
ਤੂ ਨ ਬਿਸਾਰੇ ਰਾਮਈਆ॥1॥ ਰਹਾਉ॥
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ॥
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ॥ (ਪੰਨਾ 1292)

ਹੇ ਵਾਹਿਗੁਰੂ! ਮੈਂ ਤਾਂ ਸਿਰਫ਼ ਤੇਰਾ ਨਾਮ ਲੈਂਦਾ ਰਹਿੰਦਾ ਹਾਂ, ਪਰ ਪਤਾ ਨਹੀਂ ਕਿਉਂ ਫਿਰ ਵੀ ਇਹ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਸਮਝਣ ਵਾਲੇ ਮੇਰੇ ’ਤੇ ਖਫ਼ਾ ਹਨ; ਮੈਨੂੰ ਇਨ੍ਹਾਂ ਨੇ ਸ਼ੂਦਰ ਕਹਿ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਹੈ! ਹੇ ਵਾਹਿਗੁਰੂ ਜੀ! ਜੇ ਤੁਸੀਂ ਹੁਣ ਵੀ ਨਾ ਬਹੁੜੇ ਤਾਂ ਦੁਨੀਆਂ ਇਵੇਂ ਹੀ ਹਰਿ ਨਾਮ ਲੈਣ ਵਾਲੇ ਨਾਲ ਵਰਤੇਗੀ! ਹੇ ਵਾਹਿਗੁਰੂ ਮੇਰੀ ਪੁਕਾਰ ਸੁਣੋ:

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ॥2॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ॥
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ॥ (ਪੰਨਾ 1292-93)

ਤੇ ਅਖੀਰ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਨਾਮਦੇਵ ਜੀ ’ਪਰ ਕਿਰਪਾ ਕੀਤੀ ਤੇ ਪੰਡਿਆਂ ਦਾ ਹੰਕਾਰ ਤੋੜਿਆ, ਇਹ ਘਟਨਾ ਬਚਪਨ ਦੀ ਸੀ, ਪਰ ਹੌਲੀ-ਹੌਲੀ ਜਦੋਂ ਉਹ ਨਾਮ ਵਿਚ ਲੀਨ ਹੁੰਦੇ ਗਏ, ਸਰਗੁਣ ਭਗਤੀ ਤੋਂ ਨਿਰਗੁਣ ਵੱਲ ਪ੍ਰਵਿਰਤ ਹੋ ਗਏ। ਮੱਧਕਾਲੀਨ ਭਗਤੀ ਲਹਿਰ ਦੇ ਦੋ ਮੁੱਖ ਹਿੱਸੇ ਜਾਂ ਦੋ ਮੁੱਖ ਧਾਰਾਵਾਂ ਸਨ- ਸਰਗੁਣ ਤੇ ਨਿਰਗੁਣ। ਸਰਗੁਣਵਾਦੀ ਉਪਾਸ਼ਕ ਪਰਮਾਤਮਾ ਦੇ ਜ਼ਾਹਿਰਾ ਰੂਪ ਦੀ ਉਪਾਸ਼ਨਾ ਕਰਦੇ ਸਨ ਇਸ ਲਈ ਇਨ੍ਹਾਂ ਦਾ ਇਸ਼ਟ ਅਵਤਾਰਵਾਦੀ ਪਰੰਪਰਾ ਵਿੱਚੋਂ ਹੀ ਕੋਈ ਹੁੰਦਾ ਸੀ। ਦੂਜੇ ਪਾਸੇ ਨਿਰਗੁਣਵਾਦੀ ਉਪਾਸ਼ਕ ਪਰਮਾਤਮਾ ਦੇ ਨਿਰਲੇਪ ਸਰੂਪ ਨੂੰ ਮੰਨਦੇ ਹਨ ਜੋ ਸਾਰਿਆਂ ਤੋਂ ਦੂਰ ਸੁੰਨ ਅਵਸਥਾ ਵਿਚ ਨਿਵਾਸ ਕਰਦਾ ਹੈ। ਸੁਖਮਨੀ ਸਾਹਿਬ ਵਿਚ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੋ-ਟੁਕ ਨਿਰਣਾ ਹੀ ਕਰ ਦਿੱਤਾ ਹੈ:

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥ (ਪੰਨਾ 290)

ਇਸੇ ਪ੍ਰਕਾਰ ਭਗਤ ਨਾਮਦੇਵ ਜੀ ਨੇ ਵੀ ਸਾਰਾ ਜੀਵਨ ਫਿਰ ਪਰਮਾਤਮਾ ਦੇ ਇਸੇ ਸਰੂਪ ਦੀ ਸਿਫ਼ਤ-ਸਲਾਹ ਕੀਤੀ। ਭਗਤ ਨਾਮਦੇਵ ਜੀ ਦੀ ਧਰਮ ਵਿਚ ਪਰਪੱਕਤਾ ਵੇਖ ਕੇ ਗੋਗ ਕੁਮਿਆਰ ਜੀ ਨੇ, ਜੋ ਕਿ ਆਮ ਮਹਾਂਰਾਸ਼ਟਰ ਦੇ ਨਾਮੀ ਭਗਤ ਹੋਏ ਹਨ, ਭਗਤ ਨਾਮਦੇਵ ਜੀ ਨੂੰ ਗੁਰੂ ਧਾਰਨ ਕਰਨ ਲਈ ਪ੍ਰੇਰਿਆ। ਸੰਤ ਗਿਆਨੇਸ਼ਵਰ ਮਹਾਰਾਜ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ ਤੇ ਮਹਾਂਰਾਸ਼ਟਰ ਵਿਚ ਉਨ੍ਹਾਂ ਨੂੰ ਭਗਤ ਜਾਂ ਸੰਤ ਸ਼੍ਰੇਣੀ ਵਿੱਚੋਂ ਸਭ ਤੋਂ ਉੱਚਾ ਸਥਾਨ ਦਿੱਤਾ ਜਾਂਦਾ ਹੈ, ਜਦੋਂ ਤਕ ਭਗਤ ਨਾਮਦੇਵ ਜੀ ਉਨ੍ਹਾਂ ਤਕ ਪੁੱਜਦੇ, ਸੰਤ ਗਿਆਨੇਸ਼ਵਰ ਜੀ ਆਪਣੇ ਦੋਵੇਂ ਭਰਾਵਾਂ ਤੇ ਭੈਣ ਮੁਕਤਾਬਾਈ ਸਹਿਤ ਅੰਤਿਮ ਸਮਾਧੀ ਲੈ ਚੁਕੇ ਸਨ। ਸੋ ਭਗਤ ਨਾਮਦੇਵ ਜੀ ਨੇ ਉਨ੍ਹਾਂ ਦੇ ਸਾਥੀ ਵਿਸੋਬਾ ਖੇਚਰ ਜੀ ਤੋਂ ਗੁਰੂ-ਦੀਖਿਆ ਲਈ ਜਿਨ੍ਹਾਂ ਨੇ ਭਗਤ ਨਾਮਦੇਵ ਜੀ ਨੂੰ ਅਧਿਆਤਮਿਕ ਸਿੱਖਿਆ ਦਿੱਤੀ। ਜਦੋਂ ਆਪ ਜੀ ਨੇ ਅੰਤਰ-ਆਤਮੇ ਉਸ ਹਰੀ ਪਰਮਾਤਮਾ ਦੇ ਦਰਸ਼ਨ ਕਰ ਲਏ ਤਾਂ ਮਨ ਜਾਗ੍ਰਿਤ ਹੋ ਗਿਆ। ਪੁਰਾਤਨ ਕਰਮਕਾਂਡ ਹੁਣ ਨਿਰਾਰਥਕ ਜਾਪਣ ਲੱਗੇ:

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ (ਪੰਨਾ 874)

ਇਸ ਸ਼ਬਦ ਵਿਚ ਤਾਂ ਉਨ੍ਹਾਂ ਨੇ ਸਮੇਂ ਦੇ ਸਾਰੇ ਮੰਤਰਾਂ ਤੇ ਅਵਤਾਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਥੱਲੇ ਦੱਸਿਆ ਤੇ ਅਖੀਰ ਜੋ ਨਿਰਣਾ ਦਿੱਤਾ ਉਹ ਵਾਕਈ ਗੁਰਮਤਿ ਦੇ ਆਸ਼ੇ ’ਪਰ ਸਭ ਤੋਂ ਸਟੀਕ ਉੱਤਰਦਾ ਹੈ:

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)

ਇਸ ਤੋਂ ਬਾਅਦ ਭਗਤ ਨਾਮਦੇਵ ਜੀ ਪ੍ਰਚਾਰਕ ਯਾਤਰਾਵਾਂ ’ਪਰ ਤੁਰ ਪਏ। ਕਾਸ਼ੀ, ਮਥੁਰਾ, ਦੁਆਰਕਾ, ਮਾਰਵਾੜ ਆਦਿ ਜਾ ਕੇ ਲੋਕਾਂ ਨੂੰ ਸਿਰਫ਼ ਇਕ ਪਰਮਾਤਮਾ ਦੇ ਲੜ ਲਾਇਆ। ਹਰ ਥਾਂ ਉਨ੍ਹਾਂ ਨੇ ਇਸੇ ਆਸ਼ੇ ਦੀ ਬਾਣੀ ਉਚਾਰੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਕਾਰ ਸਹਿਤ ਆਪਣੇ ਨਾਲ ਪੰਜਾਬ ਲਿਆਂਦਾ। ਭਗਤ ਜੀ ਨੂੰ ਉਹ ਹਰੀ ਪਰਮਾਤਮਾ ਹੁਣ ਹਰ ਥਾਈਂ ਦਿੱਸਣ ਲੱਗ ਪਿਆ ਸੀ:

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥1॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ (ਪੰਨਾ 485)

ਭਗਤ ਨਾਮਦੇਵ ਜੀ ਮੱਧਕਾਲੀਨ ਭਗਤੀ ਲਹਿਰ ਦੇ ਪਹਿਲੇ ਇਕ-ਈਸ਼ਵਰਵਾਦੀ ਪ੍ਰਚਾਰਕ ਸਨ, ਇਸ ਲਈ ਆਮ ਲੋਕਾਂ ਨੂੰ ਉਨ੍ਹਾਂ ਦੀ ਗੱਲ ਪਹਿਲਾਂ-ਪਹਿਲ ਸਮਝ ਨਹੀਂ ਆਉਂਦੀ ਸੀ, ਸਦੀਆਂ ਦੇ ਕਰਮਕਾਂਡੀ ਜੂਲੇ ਨੂੰ ਲਾਹ ਸੁੱਟਣਾ ਆਸਾਨ ਨਹੀਂ ਸੀ, ਹਰ ਥਾਂ ਕਰਮਕਾਂਡੀ ਜਮਾਤ ਨੇ ਵਿਰੋਧ ਕੀਤਾ, ਪਰ ਭਗਤ ਨਾਮਦੇਵ ਜੀ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ:

ਹਉ ਤਉ ਏਕੁ ਰਮਈਆ ਲੈਹਉ॥
ਆਨ ਦੇਵ ਬਦਲਾਵਨਿ ਦੈਹਉ॥ (ਪੰਨਾ 874)

ਲੋਕਾਂ ਨੂੰ ਵੀ ਇਹੀ ਸਮਝਾਇਆ ਕਿ ਪਰਮਾਤਮਾ ਤੁਹਾਡੇ ਆਪਣੇ ਅੰਦਰ ਵੱਸ ਰਿਹਾ ਹੈ, ਉਸ ਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ; ਇੱਕੋ ਹੀ ਹੱਡ-ਮਾਸ ਦੀ ਮਿੱਟੀ ਤੋਂ ਵਾਹਿਗੁਰੂ ਨੇ ਕੀੜੀ ਤੋਂ ਲੈ ਕੇ ਹਾਥੀ ਤਕ ਦੀ ਰਚਨਾ ਕਰ ਦਿੱਤੀ ਤੇ ਹੋਰ ਸਾਰੀਆਂ ਫੋਕੀਆਂ ਚਿੰਤਾਵਾਂ ਛੱਡ ਕੇ ਸਿਰਫ਼ ਇਕ ਉਸ ਦਾ ਚਿੰਤਨ ਕਰੋਗੇ ਤਾਂ ਸਹਿਜੇ ਹੀ ਤੁਸੀਂ ਵੀ ਉਸ ਦਾ ਰੂਪ ਹੋ ਜਾਵੋਗੇ:

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥1॥ ਰਹਾਉ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ॥1॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ॥ (ਪੰਨਾ 988)

ਨਾਮ-ਬਾਣੀ ਦਾ ਪ੍ਰਚਾਰ ਕਰਦਿਆਂ ਭਗਤ ਨਾਮਦੇਵ ਜੀ ਪੰਜਾਬ ਵਿਚ ਪਹਿਲਾਂ ਲਾਹੌਰ ਆਏ ਤੇ ਫਿਰ ਜ਼ਿਲ੍ਹਾ ਗੁਰਦਾਸਪਰ ਦੇ ਪਿੰਡ ਘੁਮਾਣ ਤਕ ਪੁੱਜੇ ਤੇ ਲੰਮਾਂ ਸਮਾਂ ਇੱਥੇ ਰਹੇ। ਇਤਿਹਾਸ ਮੁਤਾਬਿਕ ਭਗਤ ਜੀ ਇਥੇ ਤਕਰੀਬਨ ਦੋ ਦਹਾਕੇ ਤੋਂ ਵੱਧ ਸਮਾਂ ਰਹੇ, ਉਨ੍ਹਾਂ ਦੀ ਯਾਦਗਾਰ ਘੁਮਾਣ ਵਿਚ ਤੇ ਪੰਡਰਪੁਰ ਦੋਵੇਂ ਥਾਵਾਂ ਵਿਚ ਬਣੀ ਹੋਈ ਹੈ। ਇਕ ਬੜੀ ਖ਼ਾਸ ਗੱਲ ਇਹ ਹੈ ਕਿ ਭਗਤ ਜੀ ਪੰਜਾਬ ਦੀ ਧਰਤੀ ’ਪਰ ਪੰਜਾਬੀ ਸੱਭਿਅਤਾ ਦਾ ਇਕ ਅੰਗ ਬਣ ਕੇ ਰਹੇ ਤੇ ਫਿਰ ਪੰਜਾਬ ਦੀ ਧਰਤੀ ਤਾਂ ਬਣੀ ਹੀ ਪ੍ਰੇਮ ਦੀ ਮਿੱਟੀ ਨਾਲ ਹੈ, ਜੋ ਹਰ ਕਿਸੇ ਨੂੰ ਆਪਣੇ ਰੰਗ ਵਿਚ ਰੰਗ ਦਿੰਦੀ ਹੈ। ਭਗਤ ਨਾਮਦੇਵ ਜੀ ਵੀ ਪ੍ਰੇਮ ਦੇ ਰੰਗ ਵਿਚ ਇਤਨੇ ਰੰਗੇ ਗਏ ਕਿ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਪਿਆਸ ਲਈ, ਉਸ ਦੇ ਦਰਸ਼ਨਾਂ ਲਈ ਤੜਪ ਉੱਠੇ। ਇਸੇ ਦਰਸ਼ਨ ਲਈ ਫਿਰ ਉਨ੍ਹਾਂ ਨੇ ਕਈ ਸ਼ਬਦ ਉਚਾਰਨ ਕੀਤੇ ਹਨ। ਅਸੀਂ ਇਥੇ ਸਿਰਫ਼ ਇੱਕੋ ਹੀ ਸ਼ਬਦ ਲਿਆ ਹੈ, ਪਰ ਵੇਖੋ ਕਿ ਕਿਸ ਤਰ੍ਹਾਂ ਭਗਤ ਜੀ ਆਪਣੇ ਪਿਆਰੇ ਦੀ ਆਪਣੇ ਜੀਵਨ ਵਿਚ ਅਤਿ-ਤੀਬਰ ਲੋੜ ਦਾ ਵਰਣਨ ਕਰਦੇ ਹਨ। ਕਿਤਨੀਆਂ ਉਪਮਾਵਾਂ ਉਹ ਇਸ ਪ੍ਰੇਮ ਨੂੰ ਸਮਝਾਉਣ ਲਈ ਦੇ ਰਹੇ ਹਨ:

ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ॥
ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥1॥
ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ॥1॥ ਰਹਾਉ॥
ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ॥
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥2॥
ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ॥
ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥3॥
ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ॥
ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥  (ਪੰਨਾ 693)

ਤੇ ਅਖੀਰ ਵਿਚ ਆਪਣੀ ਅਵਸਥਾ ਦੱਸ ਰਹੇ ਹਨ:

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ॥
ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ॥ (ਪੰਨਾ 693)

ਉਂਞ ਵਾਰਕਰੀ ਸੰਪ੍ਰਦਾਇ ਵਿਚ ਬੀਠਲ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਕਹਿੰਦੇ ਹਨ ਪਰ ਭਗਤ ਨਾਮਦੇਵ ਜੀ ਨੇ ‘ਬੀਠਲ’ ਲਫ਼ਜ਼ ਨੂੰ ਸਰਬ-ਵਿਆਪਕ ਪਰਮਾਤਮਾ ਲਈ ਹੀ ਵਰਤਿਆ ਹੈ, ਆਸਾ ਰਾਗ ਵਿਚ ਦਰਜ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਉਨ੍ਹਾਂ ਦੇ ਆਸ਼ੇ ਨੂੰ ਬਿਲਕੁਲ ਸਪੱਸ਼ਟ ਕਰ ਦਿੰਦੀਆਂ ਹਨ:

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥ (ਪੰਨਾ 485)

ਤੇ ਫਿਰ ‘ਬੀਠਲੁ’ ਸ਼ਬਦ ਨੂੰ ਇਸੇ ਅਰਥ ਵਿਚ ਸਾਰੇ ਗੁਰੂ ਸਾਹਿਬਾਨ ਨੇ ਵੀ ਸਵੀਕਾਰ ਕਰ ਲਿਆ ਸੀ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਫਿਰ ਇਸ ਨੂੰ ਵਰਤਿਆ ਹੈ ਜਿਵੇਂ ਸੋਰਠਿ ਰਾਗ ਵਿਚ ਦਰਜ ਸ਼ਬਦ:

ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ॥
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ॥ (ਪੰਨਾ 624)

ਇਕ ਹੋਰ ਬੜੀ ਅਹਿਮ ਘਟਨਾ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਜੋ ਉਨ੍ਹਾਂ ਨੂੰ ਭਗਤੀ ਲਹਿਰ ਦੇ ਪਹਿਲੇ ਕ੍ਰਾਂਤੀਕਾਰੀ ਭਗਤ ਬਣਾ ਦਿੰਦੀ ਹੈ। ਈਰਖਾਲੂ ਜਾਤਿ-ਅਭਿਮਾਨੀਆਂ ਨੂੰ ਇਹ ਗੱਲ ਕਦੇ ਬਰਦਾਸ਼ਤ ਨਹੀਂ ਸੀ ਕਿ ਇਕ ਅਖੌਤੀ ਨੀਵੀਂ ਜਾਤ ਵਾਲਾ ਨਾ ਸਿਰਫ਼ ਪਰਮਾਤਮਾ ਦੀ ਭਗਤੀ ਕਰੇ। ਐਸੀ ਜਮਾਤ ਦੇ ਮੁਖੀਆਂ ਨੇ ਜਾ ਕੇ ਸਮੇਂ ਦੇ ਬਾਦਸ਼ਾਹ ਮੁਹੰਮਦ ਤੁਗ਼ਲਕ ਕੋਲ ਸ਼ਿਕਾਇਤ ਕੀਤੀ ਤੇ ਉਹ ਵੀ ਚੁੱਕ ਵਿਚ ਆ ਗਿਆ। ਉਸ ਨੇ ਭਗਤ ਨਾਮਦੇਵ ਜੀ ਨੂੰ ਬੰਨ੍ਹ ਲਿਆਂਦਾ ਤੇ ਕਿਹਾ ਕਿ ਅੱਜ ਤੇਰਾ ਬੀਠਲ ਸਾਨੂੰ ਪ੍ਰਗਟ ਕਰ ਕੇ ਵਿਖਾ ਤੇ ਬਹਾਨਾ ਲਾਇਆ ਮੋਈ ਗਾਂ ਜੀਵਤ ਕਰਨ ਦਾ ਭਾਵ ਕਿ ਭਗਤ ਜੀ ਕੋਈ ਚਮਤਕਾਰ ਵਿਖਾ ਦੇਣ। ਵਾਰ-ਵਾਰ ਭਗਤ ਜੀ ਨੂੰ ਕਿਹਾ ਗਿਆ ਕਿ ‘ਬਿਸਮਿਲ’ ਕਹੁ ਪਰ ਭਗਤ ਜੀ ਕਿਸੇ ਦੇ ਦਬਾਅ ਹੇਠ ਆ ਕੇ ਇਹ ਕਹਿਣ ਲਈ ਤਿਆਰ ਨਾ ਹੋਏ। ਉਨ੍ਹਾਂ ਨੇ ਆਪ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ:

ਬਿਸਮਿਲਿ ਗਊ ਦੇਹੁ ਜੀਵਾਇ॥
ਨਾਤਰੁ ਗਰਦਨਿ ਮਾਰਉ ਠਾਂਇ॥2॥
ਬਾਦਿਸਾਹ ਐਸੀ ਕਿਉ ਹੋਇ॥
ਬਿਸਮਿਲਿ ਕੀਆ ਨ ਜੀਵੈ ਕੋਇ॥3॥
ਮੇਰਾ ਕੀਆ ਕਛੂ ਨ ਹੋਇ॥
ਕਰਿ ਹੈ ਰਾਮੁ ਹੋਇ ਹੈ ਸੋਇ॥ (ਪੰਨਾ 1165)

ਇਸ ਘਟਨਾ ਵਿਚ ਹਿੰਦੂ-ਮੁਸਲਮਾਨੀ ਤਰੀਕੇ ਨਾਲ ਰੱਬ ਨੂੰ ਪੁਕਾਰਨ ਦਾ ਮਸਲਾ ਨਹੀਂ ਹੈ, ਗੱਲ ਹੈ ਧਰਮ ਪ੍ਰਤੀ ਸ੍ਵੈ-ਸੁਤੰਤਰ ਸੋਚਣੀ ਦੀ, Independent thinking ਦੀ। ਆਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸੇ ਸ੍ਵੈ-ਸੁਤੰਤਰ ਸੋਚਣੀ ਦੀ ਹਿਫ਼ਾਜ਼ਤ ਲਈ ਹੀ ਆਪਣੀ ਕੁਰਬਾਨੀ ਦਿੱਤੀ ਸੀ। ਦੂਜਾ ਕਿ ਭਗਤ-ਜਨ ਕਦੇ ਚਮਤਕਾਰਾਂ ਨੂੰ ਮਹੱਤਵ ਨਹੀਂ ਦਿੰਦੇ। ਭਗਤ ਜੀ ਨੂੰ ‘ਬਿਸਮਿਲ’ ਕਹਿਣ ਵਿਚ ਕੋਈ ਪਰਹੇਜ਼ ਨਹੀਂ ਸੀ। ਗੱਲ ਕੀ, ਕਿਸੇ ਦੇ ਦਬਾਅ ਹੇਠ ਆ ਕੇ ਸੱਚਾ ਭਗਤ ਕਦੇ ਈਨ ਨਹੀਂ ਮੰਨਦਾ। ਸੋ ਭਗਤ ਜੀ ਨੇ ਵੀ ਈਨ ਨਹੀਂ ਮੰਨੀ ਤੇ ਅਕਾਲ ਪੁਰਖ ਵਾਹਿਗੁਰੂ ਨੇ ਬਹੁੜ ਕੇ ਉਨ੍ਹਾਂ ਦੀ ਬੰਦ-ਖਲਾਸੀ ਕੀਤੀ। ਇਸ ਤੋਂ ਛੁਟ ਹੋਰ ਕਈ ਸ਼ਬਦਾਂ ਵਿਚ ਉਨ੍ਹਾਂ ਨੇ ਇਸਲਾਮੀ ਸੰਬੋਧਨ ਕੀਤੇ ਹਨ, ਜਿਵੇਂ ਕਿ ‘ਕਰੀਮਾ ਰਹੀਮਾ ਅਲਾਹ ਤੂ ਗਨੀ’। ਇਥੋਂ ਤਕ ਕਿ ਉਨ੍ਹਾਂ ਨੇ ਪਰਮਾਤਮਾ ਨੂੰ ਕਹਿ ਦਿੱਤਾ:

ਆਉ ਕਲੰਦਰ ਕੇਸਵਾ॥
ਕਰਿ ਅਬਦਾਲੀ ਭੇਸਵਾ॥ (ਪੰਨਾ 1167)

ਇਸ ਲਈ ਇਹ ਕਹਿ ਸਕਦੇ ਹਾਂ ਕਿ ਭਗਤ ਨਾਮਦੇਵ ਜੀ ਨੇ ਸਦਾ ਹੀ ਨਿਰਭੈ ਹੋ ਕੇ ਬਿਨਾਂ ਕਿਸੇ ਜਾਤ-ਧਰਮ ਦੀ ਪਰਵਾਹ ਕੀਤੇ ਨਾਮ ਜਪਿਆ ਤੇ ਜਪਾਇਆ ਹੈ। ਆਪ ਨੇ ਮੱਧਕਾਲੀਨ ਸਮੇਂ ਵਿਚ ਇੱਕ-ਈਸ਼ਵਰਵਾਦ ਦਾ ਨਾਮ ਬੁਲੰਦ ਕੀਤਾ ਤੇ ਅਡੰਬਰਾਂ ਦੀ ਨਿਖੇਧੀ ਕੀਤੀ। ਗੁਰੂ ਸਾਹਿਬਾਨ ਨੇ ਖੁੱਲ੍ਹੇ ਦਿਲ ਤੋਂ ਭਗਤ ਨਾਮਦੇਵ ਜੀ ਦੀ ਘਾਲਣਾ ਨੂੰ ਸਵੀਕਾਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਵੀ ਜਿਸ ਵੇਲੇ ਭਗਤ ਸਾਹਿਬਾਨ ਦੀ ਉਸਤਤਿ ਅਰੰਭ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਦਾ ਹੀ ਨਾਮ ਲੈਂਦੇ ਹਨ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ (ਪੰਨਾ 487)

ਇਸ ਲਈ ਸਾਨੂੰ ਵੀ ਭਗਤ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਭਾਵੇਂ ਬਾਹਰੀ ਤੌਰ ’ਤੇ ਜਿੰਨੇ ਮਰਜ਼ੀ ਕੰਮ-ਕਾਜ ਅਸੀਂ ਕਰਦੇ ਰਹੀਏ, ਅੰਤਰ-ਆਤਮੇ ਚਿੱਤ ਨੂੰ ਉਸ ਹਰੀ ਪਰਮਾਤਮਾ ਵਿਚ ਲੀਨ ਰੱਖੀਏ:

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375-76)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Room No. 2, Banta Singh Chowk, Opp. Manish Park, Jijamata Marg, Pump House, Andheri (East) Mumbai-400093

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)