editor@sikharchives.org

ਨਸ਼ਿਆਂ ਦੇ ਵਧਦੇ ਰੁਝਾਨ ਨੂੰ ਰੋਕਣ ਦੇ ਪ੍ਰਸੰਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼

ਸੱਚਾ ਨਸ਼ਾ ਨਾਮ ਸਿਮਰਨ ਦਾ ਹੈ, ਜਿਹੜਾ ਗੁਰੂ ਦੇ ਦਰ-ਘਰ ਤੋਂ ਮਿਲਣਾ ਹੈ, ਇਹੀ ਗੁਰੂ ਵਾਲੇ ਤੇ ਗੁਰੂ ਦੇ ਨਾਲ ਹੋਣ ਦਾ ਸੁਭਾਗ ਹੈ
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਅਜੋਕੇ ਸਮੇਂ ਵਿਚ ਵਿਸ਼ਵ ਦੇ ਜਿੰਨੇ ਵੀ ਮਸਲੇ ਹਨ ਭਾਵੇਂ ਉਹ ਆਰਥਿਕ ਲੁੱਟ-ਖਸੁੱਟ ਦਾ ਹੈ, ਧੰਧੈ ਧਾਵਣੀ ਦੀ ਦੌੜ ਕਰਕੇ ਮਾਨਸਿਕ ਤਣਾਅ ਦਾ ਹੈ, ਧਾਰਮਿਕ ਗਿਰਾਵਟ ਤੇ ਕੱਟੜਵਾਦ ਦਾ ਹੈ, ਅੰਧ-ਵਿਸ਼ਵਾਸ ਦਾ ਹੈ, ਕੁਦਰਤੀ ਸਾਧਨਾਂ ਤੇ ਵਸੀਲਿਆਂ ਦੀ ਲੁੱਟ-ਚੁੰਘ ਰਾਹੀਂ ਵਾਤਾਵਰਣ ਦੇ ਗੰਧਲੇਪਨ ਦਾ ਹੈ, ਨਸਲੀ-ਭਾਸ਼ਾਈ ਵਿਤਕਰਿਆਂ ਦਾ ਹੈ, ਸਮਾਜਿਕ ਬੁਰਾਈਆਂ ਵਿਚ ਭਰੂਣ-ਹੱਤਿਆ, ਏਡਜ਼ ਦੀ ਮਹਾਂਮਾਰੀ ਜਾਂ ਨਸ਼ਿਆਂ ਰਾਹੀਂ ਮਾਨਵੀ ਇੱਜ਼ਤ ਪਤ ਦੀ ਬਰਬਾਦੀ ਦਾ ਹੈ। ਇਹ ਸਾਰੇ ਪੂੰਜੀਵਾਦੀ-ਪਦਾਰਥਕ ਜੀਵਨ ਦੇ ਮਸਲੇ ਹਨ। ਇਨ੍ਹਾਂ ਸਾਰੇ ਅਤੇ ਭਵਿੱਖ ਵਿਚ ਪੈਦਾ ਹੋਣ ਵਾਲੇ ਮਸਲਿਆਂ ਦਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਹਿਤ ਹੈ। ਇਨ੍ਹਾਂ ਸਾਰੇ ਮਸਲਿਆਂ ਬਾਰੇ ਚਰਚਾ ਕਰਨਾ ਮੇਰੇ ਲੇਖ ਦੀ ਸੀਮਾ ਵਿਚ ਨਹੀਂ ਆਉਂਦਾ। ਮੈਂ ਸਿਰਫ਼ ਅਜੋਕੇ ਪ੍ਰਸੰਗ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਦੀ ਗੱਲ ਕਰਾਂਗਾ। ਇਸ ਤੋਂ ਪਹਿਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ ਦੀ ਗੱਲ ਕਰੀਏ ਸਾਨੂੰ ਇਕ ਝਾਤ ਨਸ਼ਿਆਂ ਦੇ ਵਧੇ ਰੁਝਾਨ ਵੱਲ ਮਾਰ ਲੈਣੀ ਚਾਹੀਦੀ ਹੈ।

ਕੋਈ ਸਮਾਂ ਹੁੰਦਾ ਸੀ ਕਿ ਸ਼ਰਾਬ, ਅਫੀਮ, ਤੰਬਾਕੂ ਤੇ ਭੰਗ ਵਰਗੇ ਦੇਸੀ ਨਸ਼ੇ ਚਲਦੇ ਸਨ। ਇਹ ਵੀ ਜੋ ਲੋਕ ਕਰਦੇ ਸਨ ਚੋਰੀ ਛੁਪੇ ਹੀ ਕਰਦੇ ਸਨ ਤੇ ਇਨ੍ਹਾਂ ਦੀ ਗਿਣਤੀ ਸਮਾਜ ਵਿਚ ਆਟੇ ਵਿਚ ਲੂਣ ਦੇ ਬਰਾਬਰ ਸੀ। ਅੱਜ ਤਾਂ ਨਸ਼ਿਆਂ ਦੀ ਗਿਣਤੀ ਏਨੀ ਵਧ ਗਈ ਹੈ ਤੇ ਦੂਜੇ ਇਹ ਏਨੇ ਖ਼ਤਰਨਾਕ ਤੇ ਮਹਿੰਗੇ ਹਨ ਕਿ ਸਿੱਧੀ ਜ਼ਿੰਦਗੀ ਦੀ ਬਰਬਾਦੀ ਹੈ। ਸਿਤਮ-ਦਰ-ਸਿਤਮ ਗੱਲ ਇਹ ਹੈ ਕਿ ਇਨ੍ਹਾਂ ਦਾ ਰੁਝਾਣ ਨੌਜੁਆਨ ਪੀੜ੍ਹੀ ਵਿਚ ਵਧਿਆ ਹੈ। ਜਿਸ ਕੌਮ, ਮੁਲਕ ਦੀ ਜੁਆਨੀ ਹੀ ਨਸ਼ਿਆਂ ਵਿਚ ਰੁੜ੍ਹਦੀ ਜਾ ਰਹੀ ਹੋਵੇ, ਉਸ ਤੋਂ ਵੱਡੀ ਚਿੰਤਾ ਦੀ ਬਾਤ ਕੀ ਹੋ ਸਕਦੀ ਹੈ। ਪੰਜਾਬ ਵਿਚ ਜੋ ਨਸ਼ਿਆਂ ਦਾ ਰੁਝਾਣ ਵਧ ਰਿਹਾ ਹੈ ਜਾਂ ਵਧਿਆ ਹੈ, ਇਹ ਇਕ ਗਿਣੀ-ਮਿਥੀ ਸਾਜ਼ਿਸ਼ ਅਧੀਨ ਹੈ ਕਿ ਪੰਜਾਬੀਆਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ। ਇਸ ਪ੍ਰਤੀ ਸੁਚੇਤ ਹੋਣ ਦੀ ਅਜੋਕੇ ਸੰਦਰਭ ਵਿਚ ਸਭ ਤੋਂ ਵੱਡੀ ਲੋੜ ਹੈ।

ਨਸ਼ਿਆਂ ਦੇ ਵਧੇ ਰੁਝਾਣ ਦੇ ਅੰਕੜੇ ਵੇਖ ਕੇ ਦਿਲ ਦਹਿਲ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੋ ਕੀ ਗਿਆ ਹੈ? ਇਹ ‘ਘੋੜੀਆਂ ਘਰ ਸੁਲਤਾਨਾਂ ਤੇ ਮਹੀਆਂ ਘਰ ਵਰਿਆਮਾਂ’ ਵਾਲੇ ਸੂਬੇ ਵਿਚ ਦੁੱਧ-ਘਿਓ ਦੀਆਂ ਖੁਰਾਕਾਂ ਖਾਣ ਵਾਲੇ ਲੋਕਾਂ ਨੇ ਨਸ਼ਿਆਂ ਦੇ ਕੁਲਹਿਣੇ ਸ਼ੌਂਕ ਕਿਉਂ ਪਾਲ਼ ਲਏ ਹਨ? ਜੇਕਰ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਤੋਂ ਬਾਅਦ ਅੰਗਰੇਜ਼ ਹਕੂਮਤ ਵਾਲੇ ਪੰਜਾਬ ਦੀ ਕਰੀਏ ਤਾਂ 1873 ਈ. ਵਿਚ ਅੰਗਰੇਜ਼ ਨੇ ਆਬਕਾਰੀ (Excise) ਮਹਿਕਮਾ ਚਾਲੂ ਕੀਤਾ ਸੀ। ਇਸ ਮਹਿਕਮੇ ਦੇ ਮੁਖੀ ਨੇ ਇਹ ਗਿਲਾ ਕੀਤਾ ਸੀ ਕਿ ਪੰਜਾਬੀ ਹੋਰ ਸੂਬਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਸ਼ਰਾਬ ਪੀਂਦੇ ਹਨ। ਉਸ ਸਾਲ ਸ਼ਰਾਬ ਦੇ ਠੇਕਿਆਂ ਤੋਂ 10 ਲੱਖ ਰੁਪਏ ਦੀ ਆਮਦਨ ਹੋਈ ਸੀ ਤੇ ਉਹ ਵੀ ਛਾਉਣੀਆਂ ਦੇ ਨੇੜਲੇ ਠੇਕਿਆਂ ਤੋਂ। ਅੰਗਰੇਜ਼ ਚਾਹੁੰਦਾ ਸੀ ਕਿ ਪੰਜਾਬੀਆਂ ਦਾ ਅਸੰਤੁਸ਼ਟ ਵਰਗ ਹਥਿਆਰ ਛੱਡ ਕੇ ਹਲ ਤੇ ਕਹੀ ਵੱਲ ਪਰਤ ਪਵੇ ਤੇ ਸਿੱਖ ਰਾਜ ਦੇ ਖੁੱਸਣ ਦਾ ਦੁੱਖ ਭੁੱਲ ਜਾਵੇ। ਇਸੇ ਉਦੇਸ਼ ਨਾਲ 1882 ਈ: ਵਿਚ ਨਹਿਰ ਸਰਹਿੰਦ ਤੇ ਹੋਰ ਨਹਿਰਾਂ ਕੱਢੀਆਂ ਗਈਆਂ ਸਨ। ਕਿਸਾਨਾਂ ਵਿਚ ਖੁਸ਼ਹਾਲੀ ਆਈ ਤੇ ਇਹ ਇਨ੍ਹਾਂ ਪਾਸੋਂ ਸਾਂਭੀ ਨਾ ਗਈ ਤੇ ਨਸ਼ਿਆਂ ਵਿਚ ਪੈ ਕੇ ਜ਼ਮੀਨਾਂ ਸ਼ਾਹੂਕਾਰਾਂ ਕੋਲ ਗਹਿਣੇ ਪਾਉਣ ਲੱਗੇ। ਭਲਾ ਹੋਵੇ ਸਰ ਛੋਟੂ ਰਾਮ ਦਾ ਜਿਸ ਨੇ ਇਹ ਜ਼ਮੀਨਾਂ ਮੁੜ ਸ਼ਾਹੂਕਾਰਾਂ ਤੋਂ ਛੁਡਵਾ ਕੇ ਕਿਸਾਨਾਂ ਨੂੰ ਦਿੱਤੀਆਂ। 1947 ਈ. ਵਿਚ ਦੇਸ਼ ਅਜ਼ਾਦ ਹੋਇਆ ਤੇ 1966 ਈ. ਵਿਚ ਪੰਜਾਬੀ ਸੂਬਾ ਬਣਿਆ। ‘ਹਰੀ ਕ੍ਰਾਂਤੀ’ ਤੇ ਬਾਹਰਲੇ ਮੁਲਕਾਂ ਵਿਚ ਪੰਜਾਬੀਆਂ ਦੇ ਜਾਣ ਕਰਕੇ ਖੁਸ਼ਹਾਲੀ ਆਈ। ਇਸ ਨਾਲ ਫਿਰ ਪੰਜਾਬੀ ਨਸ਼ਿਆਂ ਵਾਲੇ ਪਾਸੇ ਪੈ ਗਏ।

ਜਿਸ ਪੰਜਾਬ ਵਿਚ ਕਦੇ ਪੰਜ ਦਰਿਆ ਵਗਦੇ ਸਨ, ਉਥੇ ਅੱਜ ਛੇਵਾਂ ਦਰਿਆ ਸ਼ਰਾਬ ਦਾ ਵਗ ਰਿਹਾ ਹੈ। ਜਿਹੜਾ ਸੂਬਾ ਕਦੇ ਭਾਰਤ ਦੇ ਸਭ ਸੂਬਿਆਂ ਤੋਂ ਘੱਟ ਸ਼ਰਾਬ ਪੀਂਦਾ ਸੀ, ਉਹ ਅੱਜ ਨੰਬਰ ਇੱਕ ’ਤੇ ਹੈ। ਪੰਜਾਬ ਵਿਚ ਜ਼ਿਲ੍ਹਾ ਲੁਧਿਆਣਾ ਨੰਬਰ ਇਕ ’ਤੇ ਹੈ। ਇਸ ਵਗਦੇ ਨਸ਼ੇ ਦੇ ਦਰਿਆ ਵਿਚ ਰੋਜ਼ ਤਿੰਨ ਜ਼ਿੰਦੜੀਆਂ ਰੁੜ੍ਹ ਜਾਂਦੀਆਂ ਹਨ। ਪਿਛਲੇ ਸਾਲ ਪੰਜਾਬ ਵਿਚ 982 ਮੌਤਾਂ ਨਸ਼ਿਆਂ ਕਰਕੇ ਹੋਈਆਂ, ਜਿਨ੍ਹਾਂ ਵਿੱਚੋਂ 41% ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀ ਸਨ। 1966 ਵਿਚ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਸਲਾਨਾ ਆਮਦਨ 16 ਕਰੋੜ ਰੁਪਏ ਹੋਈ ਸੀ। 1970-71 ਵਿਚ ਵਧ ਕੇ 228 ਕਰੋੜ ਰੁਪਏ, 1990-91 ਵਿਚ 426 ਕਰੋੜ ਅਤੇ 1996-97 ਵਿਚ 1100 ਕਰੋੜ ਰੁਪਏ ਸੀ। 1999 ਵਿਚ 1500 ਕਰੋੜ ਰੁਪਏ ਤੇ ਹੁਣ 1600 ਕਰੋੜ ਰੁਪਏ ਤੋਂ ਵਧ ਗਈ ਹੈ। ਐਕਸਾਈਜ਼ ਡਿਊਟੀ ਤੋਂ ਇਲਾਵਾ ਸ਼ਰਾਬ ਤੇ 22% ਸੇਲਜ਼ ਟੈਕਸ ਲੱਗਦਾ ਹੈ। ਕੋਈ ਸਮਾਂ ਸੀ ਜਦੋਂ ਕੋਈ ਮਹਿਮਾਨ ਆ ਜਾਂਦਾ ਤਾਂ 10-15 ਕਿਲੋਮੀਟਰ ਜਾ ਕੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਿਆਂਦੀ ਜਾਂਦੀ ਸੀ। ਅੱਜ ਹਰ ਪਿੰਡ, ਸ਼ਹਿਰ ਵਿਚ ਸ਼ਰਾਬ ਦੇ ਠੇਕਿਆਂ ਦੀ ਸਹੂਲਤ ਹੈ। ਪੰਜਾਬ ਵਿਚ ਓਨੇ ਹਾਈ ਸਕੂਲ ਨਹੀਂ, ਜਿੰਨੇ ਸ਼ਰਾਬ ਦੇ ਠੇਕੇ ਹਨ। ਉਸ ਸੂਬੇ ਦਾ ਕੀ ਬਣੇਗਾ, ਜਿਥੇ ਸ਼ਰਾਬ ਦੇ ਟੈਕਸ ਤੋਂ ਪੜ੍ਹਾਈ ਦਾ ਖਰਚਾ ਕੱਢਿਆ ਜਾਂਦਾ ਹੈ। ਇਹ ਗੱਲ ਤਾਂ ਠੇਕਿਆਂ ਦੀ ਸ਼ਰਾਬ ਦੀ ਸੀ, ਇਸ ਤੋਂ ਇਲਾਵਾ ਠਰ੍ਹਾ ਮਾਰਕਾ ਵੱਖਰੀ ਹੈ। ਬਰਤਾਨੀਆ ਦੀ ਇਕ ਨਸ਼ੇ ਛੁਡਾਉਣ ਵਾਲੀ ਸਮਾਜ ਸੇਵੀ ਸੰਸਥਾ ‘ਕਨਸੈਪਟ’ ਦਾ ਸਰਵੇਖਣ ਹੈ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲਾ ਹਰ ਤੀਜਾ ਲੜਕਾ ਤੇ ਹਰ ਸਤਵੀਂ ਲੜਕੀ ਨੇ ਕਿਸੇ ਨਾ ਕਿਸੇ ਰੂਪ ਵਿਚ ਨਸ਼ੇ ਦਾ ਸੁਆਦ ਚਖਿਆ ਹੈ। ਇਨ੍ਹਾਂ ਵਿੱਚੋਂ ਕਈ ਤਾਂ ਨਸ਼ੇ ਦੇ ਦਰਿਆ ਵਿਚ ਡੁਬਕੀਆਂ ਲਾਉਂਦੇ ਹਨ। ਸਕੂਲਾਂ ਦੇ 20% ਵਿਦਿਆਰਥੀ ਨਸ਼ੇ ਕਰਦੇ ਹਨ।

ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਜਿਨ੍ਹਾਂ ਦੀ ਦੁਨੀਆਂ ਵਿਚ ਸ਼ਾਨ ਵੱਖਰੀ ਤੇ ਟੌਹਰ ਨਿਆਰੀ ਹੈ, ਹਰ ਰੋਜ਼ 8 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੇ ਹਨ। ਸਾਲ 1997-98 ਵਿਚ ਪੰਜਾਬੀਆਂ ਨੇ 11.50 ਅਰਬ ਰੁਪਏ ਦੀ ਸ਼ਰਾਬ ਪੀਤੀ, 2000-2001 ਵਿਚ 13.25 ਅਰਬ ਦੀ ਅਤੇ 2005-2006 ਵਿਚ 16 ਅਰਬ ਰੁਪਏ ਦੀ ਸ਼ਰਾਬ ਪੀ ਗਏ। ਇਸ ਤੋਂ ਇਲਾਵਾ ਅਫੀਮ, ਭੁੱਕੀ, ਜਰਦਾ, ਤੰਬਾਕੂ, ਡੋਡੇ, ਸੁਖਾ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਗਾਂਜਾ, ਚਰਸ, ਹੈਰੋਇਨ ਤੇ ਸਮੈਕ ਵਰਗੇ ਨਸ਼ੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ’ਤੇ ਪਸਰੇ ਹੋਏ ਹਨ। ਕਾਲਜਾਂ ਦੇ ਲੜਕੇ ਬੈਨਡਰਿਲ, ਫੈਂਸੀਡਰਿਲ (ਖੰਘ ਦੀ ਦਵਾਈ) ਤੇ ਹੋਰ ਪਤਾ ਨਹੀਂ ਕੀ-ਕੀ ਗੰਦ ਬਲਾਅ ਤੇ ਜ਼ਹਿਰ ਖਾਈ ਜਾ ਰਹੇ ਹਨ।

ਜਿਸ ਨਵੀਨ ਨਸ਼ੀਲੇ ਪਦਾਰਥ ਹੱਥੋਂ ਅਜੋਕੀ ਨੌਜੁਆਨ ਪੀੜ੍ਹੀ ਦਾ ਘਾਣ ਹੋ ਰਿਹਾ ਹੈ, ਉਸ ਵਿਚ ਹੈਰੋਇਨ ਪ੍ਰਮੁੱਖ ਹੈ ਤੇ ਸਮੈਕ ਇਸ ਦਾ ਮਿਲਾਵਟੀ ਜਾਂ ਅਸ਼ੁੱਧ ਰੂਪ ਹੈ। ਦਵਾਈਆਂ ਦੀ ਇਕ ਕੰਪਨੀ ਬਾਇਰ (Bayer) ਨੇ ਸੰਨ 1898 ਵਿਚ ਸਭ ਤੋਂ ਪਹਿਲਾਂ ਇਸ ਨੂੰ ਇਕ ਸ਼ਕਤੀਸ਼ਾਲੀ ਦਰਦ ਨਿਵਾਰਕ ਦਵਾਈ ਦੇ ਰੂਪ ਵਿਚ ਮਾਰਕੀਟ ਵਿਚ ਲਿਆਂਦਾ ਸੀ, ਜਿਸ ਨੂੰ ਨਸ਼ੇ ਕਰਕੇ ਬੰਦ ਕਰਨਾ ਪਿਆ। ਦੁਨੀਆਂ ਦਾ 80% ਹੈਰੋਇਨ ਦਾ ਨਿਰਮਾਣ ਭਾਰਤ ਦੀ ਪੂਰਬੀ ਸੀਮਾ (ਬਰਮਾ, ਲਾਉਸ, ਥਾਈਲੈਂਡ) ਤੇ ਉੱਤਰੀ ਸੀਮਾ (ਇਰਾਨ, ਅਫਗਾਨਿਸਤਾਨ, ਪਾਕਿਸਤਾਨ) ਵਿਚ ਹੁੰਦਾ ਹੈ, ਜੋ ਭਾਰਤ ਰਾਹੀਂ ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਨੂੰ ਜਾਂਦੀ ਹੈ। ਇਹ ਬਹੁਤ ਮਹਿੰਗਾ ਨਸ਼ਾ ਹੈ। ਪੰਜਾਬ ਵਿਚ ਇਹ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੀ ਹੈ, ਜਿਸ ਦਾ ਅਫਗਾਨਿਸਤਾਨ ਵਿਚ ਮੁੱਲ ਪ੍ਰਤੀ ਕਿਲੋ ਇੱਕ ਲੱਖ ਰੁਪਏ ਹੈ, ਪੰਜਾਬ ਪਹੁੰਚ ਕੇ 5 ਲੱਖ ਦੀ ਤੇ ਇੱਥੋਂ ਮੁੰਬਈ ਪਹੁੰਚ ਕੇ 15 ਲੱਖ ਦੀ ਅਤੇ ਅਮਰੀਕਾ ਪਹੁੰਚ ਕੇ ਇੱਕ ਕਰੋੜ ਰੁਪਏ ਪ੍ਰਤੀ ਕਿੱਲੋ ਹੋ ਜਾਂਦਾ ਹੈ।

ਪੰਜਾਬ ਵਿਚ ਹਰ ਰੋਜ਼ ਕਿਲੋਆਂ ਦੇ ਹਿਸਾਬ ਨਾਲ ਮਣਾਂ-ਮੂੰਹੀਂ ਹੈਰੋਇਨ ਫੜੀ ਜਾਂਦੀ ਹੈ, ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿਚ ਕਰੋੜਾਂ, ਅਰਬਾਂ ਰੁਪਏ ਕੀਮਤ ਹੁੰਦੀ ਹੈ। ਇਸ ਸਾਰੇ ਕੁਝ ਵਿਚ ਪੰਜਾਬ ਪੂਰੀ ਤਰ੍ਹਾਂ ਜਕੜ ਚੁੱਕਾ ਹੈ। ਬਹੁਤ ਕੁਝ ਗਵਾ ਕੇ ਜੇਕਰ ਹੋਸ਼ ਵਿਚ ਆਏ ਤਾਂ ਕੀ ਹੋਇਆ। ਅਸੀਂ ਇਕ ਐਸੇ ਚੁਰਾਹੇ ’ਤੇ ਖੜ੍ਹੇ ਹਾਂ ਜਿੱਥੋਂ ਬਹਿਸ਼ਤ ਨੂੰ ਮਾਰਗ ਵੀ ਜਾਂਦਾ ਹੈ ਤੇ ਨਰਕਾਂ ਦੀ ਅੱਗ ਨੂੰ ਵੀ। ਇਹ ਸਮਾਂ ਹੀ ਅਜਿਹਾ ਹੈ, ਜਿਸ ਬਾਰੇ ਚਾਰਲਸ ਡਿਕਨਜ਼ ਆਪਣੇ ਨਾਵਲ ‘ਦੋ ਸ਼ਹਿਰਾਂ ਦੀ ਕਥਾ’ (A Tale of Two Cities) ਵਿਚ ਲਿਖਦਾ ਹੈ:

“ਇਹ ਸਮਾਂ ਬੇਹੱਦ ਮਾੜਾ ਹੈ ਪਰ ਸਭ ਤੋਂ ਚੰਗਾ ਸਮਾਂ ਵੀ ਇਹੋ ਹੈ। ਇਹ ਮਹਾਨ ਦਾਨਿਸ਼ਵਰੀ ਦਾ ਯੁੱਗ ਹੈ ਪਰ ਮੂਰਖਤਾ ਵੀ ਇਸੇ ਯੁੱਗ ਵਿਚ ਆਪਣੇ ਜੋਬਨ ’ਤੇ ਹੈ। ਇਹ ਵਿਸ਼ਵਾਸ ਦਾ ਦੌਰ ਹੈ ਪਰ ਬੇਵਿਸ਼ਵਾਸੀ ਵੀ ਇਸੇ ਯੁੱਗ ਦਾ ਲੱਛਣ ਹੈ। ਇਹੋ ਰੁੱਤ ਹੈ ਜੋ ਹਨੇਰਿਆਂ ਨਾਲ ਲੱਦੀ ਪਈ ਹੈ ਪਰ ਚਾਨਣ ਦੀ ਰੁੱਤ ਵੀ ਇਹੋ ਹੈ। ਇਹੋ ਉਮੀਦਾਂ ਦੀ ਬਹਾਰ ਦਾ ਸਮਾਂ ਹੈ ਅਤੇ ਉਦਾਸੀਆਂ ਦੀ ਪਤਝੜ ਵੀ ਇਨ੍ਹਾਂ ਸਮਿਆਂ ਵਿਚ ਹੈ। ਅਸੀਂ ਨਿਹਮਤਾਂ, ਬਖਸ਼ਿਸ਼ਾਂ ਤੋਂ ਸੱਖਣੇ ਵੀ ਰਹਿ ਸਕਦੇ ਹਾਂ ਤੇ ਝੋਲੀਆਂ ਭਰ-ਭਰ ਕੇ ਸਵਰਗ ਦੇ ਰਾਹੇ ਵੀ ਪੈ ਸਕਦੇ ਹਾਂ।”

ਗੁਰਬਾਣੀ ਦੇ ਮੁਹਾਵਰੇ ਵਿਚ ਇਹ ਸਾਰਾ ਉਪਰੋਕਤ ਬਿਆਨ ਗੁਰਮੁਖ ਤੇ ਮਨਮੁਖ ਦੇ ਰਾਹਾਂ ਦੀ ਪਹਿਚਾਣ ਕਰਵਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਾ ਜੀਵਨ ਜਿਊਣ ਦੇ ਦੋ ਮਾਡਲ ਪੇਸ਼ ਕਰਦੇ ਹਨ: ਇਕ ਹੈ ਮਨ ਦੇ ਪਿੱਛੇ ਲੱਗ ਕੇ ਜੀਵਨ ਜਿਊਣ ਦਾ ਢੰਗ ਜੋ ਮਨਮੁਖਾ ਜੀਵਨ ਹੈ ਅਤੇ ਦੂਜਾ

‘ਗੁਰ ਕੀ ਮਤਿ ਤੂੰ ਲੇਹਿ ਇਆਨੇ॥’

ਵਾਲਾ ਗੁਰਮੁਖਾ ਜੀਵਨ। ਪਹਿਲੇ ਨੂੰ ਸਿੱਖ ਧਰਮ ਵਿਚ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਹੈ ਤੇ ਦੂਜੇ ਦਾ ਧਾਰਕ ਬਣਾਉਣ ਲਈ ਮਾਰਗ-ਦਰਸ਼ਨ ਕੀਤਾ ਗਿਆ ਹੈ। ਗੁਰਮੁਖ ਦੀ ਆਦਰਸ਼ਕਤਾ ਨੂੰ ਪ੍ਰਾਪਤ ਕਰਨ ਲਈ ਸਰੀਰਕ, ਮਾਨਸਿਕ ਤੇ ਆਤਮਿਕ ਤਿੰਨਾਂ ਪੱਖਾਂ ਤੋਂ ਬਲਵਾਨ ਹੋਣ ਦੀ ਲੋੜ ਹੈ। ਗੁਰਮੁਖ ਨੇ ਸੁਰਤਿ ਨੂੰ ਸੰਸਾਰ ਦੀ ਭੈੜੀ ਪਦਾਰਥਕ ਤੇ ਮਾਇਆਵਾਦੀ ਚਪਲ ਚਤੁਰਾਈ ਵਾਲੀ ਤੇ ਲਬ-ਪਾਪ ਨਾਲ ਲਿਬੜੀ ਬਿਰਤੀ ਵਿੱਚੋਂ ਕੱਢ ਕੇ ‘ਸ਼ਬਦ’ ਨਾਲ ਜੋੜਨਾ ਹੈ। ਇਸੇ ਨੂੰ ਭਾਈ ਵੀਰ ਸਿੰਘ ਨੇ ‘ਸਿੱਖੀ ਹੈ ਬਲਵਾਨ ਕਰਨਾ ਸੁਰਤਿ ਨੂੰ’ ਕਿਹਾ ਹੈ। ਨਸ਼ੇ ਮਨੁੱਖ ਨੂੰ ਸਰੀਰਕ, ਮਾਨਸਿਕ ਤੇ ਆਤਮਿਕ ਤੌਰ ’ਤੇ ਕਮਜ਼ੋਰ ਕਰਦੇ ਹਨ। ਇਸੇ ਕਰਕੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦੁਨਿਆਵੀ ਨਸ਼ਿਆਂ ਨਾਲੋਂ ਤੋੜ ਕੇ ਅੰਮ੍ਰਿਤ ਨਾਮ ਦੇ ਸਦੀਵੀ ਨਸ਼ੇ ਨਾਲ ਜੋੜਿਆ ਹੈ। ਦੁਨਿਆਵੀ ਨਸ਼ੇ ਕੁਝ ਘੰਟਿਆਂ ਤਕ ਸਰੂਰ ਦਿੰਦੇ ਹਨ ਪਰ ਨਾਮ ਦਾ ਨਸ਼ਾ ਦਿਨ-ਰਾਤ ਨਿਰੰਤਰ ਸਰੂਰ ਦਿੰਦਾ ਹੈ। ਜਿਸ ਨੂੰ ਜਨਮ ਸਾਖੀਆਂ ਵਿਚ ‘ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ’ ਕਿਹਾ ਹੈ। ਆਦਰਸ਼ਕ ਤੇ ਪਤਿਵਾਨ ਮਨੁੱਖ ਨੂੰ ਪਰਿਭਾਸ਼ਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਦੇਸ਼ ਦਿੰਦੀ ਹੈ ਕਿ ਜੋ ਪ੍ਰਭੂ ਭਾਣੇ ਵਿਚ ਰਹਿ ਕੇ ਪ੍ਰਭੂ ਨਾਮ ਦੀ ਰਸਾਇਣ (ਸ਼ਰਾਬ) ਵਿਚ ਰੰਗੇ ਹੋਏ ਹਨ, ਉਹ ਧੰਨਤਾ ਦੇ ਪਾਤਰ ਹਨ। ਨਸ਼ਈ ਜੋ ਕਰਦੇ ਹਨ ਆਪਣੀ ਮਤ ਅਨੁਸਾਰ ਨਹੀਂ ਕਰਦੇ ਸਗੋਂ ਨਸ਼ੇ ਉੱਤੇ ਸਵਾਰ ਹੋ ਕੇ ਕਰਦੇ ਹਨ। ਅਸਲੀ ਅਮਲ ਵਾਲੇ ਉਹੀ ਹਨ ਜੋ ਹਰੀ ਨਾਮ ਦੀ ਮਸਤੀ ਵਿਚ ਮਸਤ ਹੁੰਦੇ ਹਨ:

ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ॥
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ॥3॥
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ (ਪੰਨਾ 399)

ਸ਼ਰਾਬ ਤੇ ਨਸ਼ਿਆਂ ਰਾਹੀਂ ਮਨੁੱਖੀ ਜੀਵਨ ਵਿਚ ਵਿਕਾਰਾਂ ਦਾ ਹੀ ਵਾਧਾ ਹੁੰਦਾ ਹੈ ਤੇ ਇਹ ਵਿਕਾਰ ਹੀ ਹਨ ਜੋ ਮਨੁੱਖ ਨੂੰ ਹਉਮੈਂ ਦੀ ਰਸਾਤਲ ਵਿਚ ਡੇਗ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦੇਸ਼ ਹੈ:

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਪੰਨਾ 553)

ਸ਼ਰਾਬ ਪੀਣ ਨਾਲ ਮਨੁੱਖ ਆਤਮਿਕ ਪੱਖੋਂ ਗਰੀਬ ਤੇ ਮਾਨਸਿਕ ਪੱਖੋਂ ਦੀਵਾਲੀਆ ਹੋ ਜਾਂਦਾ ਹੈ। ਉਸ ਦੀ ਬੁੱਧੀ ਪੱਤਰਾ ਵਾਚ ਜਾਂਦੀ ਹੈ ਤੇ ਸਿਰ ’ਤੇ ਪਾਗ਼ਲਪਨ ਸਵਾਰ ਹੋ ਜਾਂਦਾ ਹੈ। ਉਹ ਪਰਮਾਤਮਾ ਨੂੰ ਤਾਂ ਭੁੱਲ ਬੈਠਦਾ ਹੀ ਹੈ, ਸਗੋਂ ਉਸ ਨੂੰ ਆਪਣੇ ਪਰਾਏ ਦੀ ਵੀ ਪਛਾਣ ਨਹੀਂ ਰਹਿੰਦੀ। ਇਸ ਲੋਕ ਵਿਚ ਉਸ ਦੀ ਇਹ ਦੁਰਦਸ਼ਾ ਹੁੰਦੀ ਹੈ ਕਿ ਉਹ ਸਰੀਰਕ ਤੌਰ ’ਤੇ ਨਕਾਰਾ ਹੋ ਜਾਂਦਾ ਹੈ, ਕੰਮ-ਧੰਦਾ ਕਰ ਨਹੀਂ ਸਕਦਾ, ਪੈਸਾ ਟਕਾ ਬਰਬਾਦ ਕਰ ਲੈਂਦਾ ਹੈ, ਘਰ ਵਿਚ ਰੋਜ਼ਾਨਾ ਕਲੇਸ਼ ਹੁੰਦਾ ਹੈ, ਗਰੀਬੀ ਚਾਰ-ਚੁਫੇਰਿਓਂ ਘੇਰ ਲੈਂਦੀ ਹੈ, ਹਰ ਪਾਸਿਓਂ ਧੱਕੇ ਪੈਂਦੇ ਹਨ ਅਤੇ ਅੰਤ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਪਰਲੋਕ ਵਿਚ ਉਸ ਨੂੰ ਪਰਮਾਤਮਾ ਦੇ ਦਰ-ਘਰ ਕੋਈ ਥਾਂ ਨਹੀਂ ਮਿਲਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਹਰ ਬਸ਼ਰ ਨੂੰ ਆਦੇਸ਼ ਹੈ ਕਿ ਇਹ ਨਸ਼ਾ ਝੂਠਾ ਹੈ ਕਿਉਂਕਿ ਇਸ ਨੇ ਜੀਵਨ ਨੂੰ ਹੀ ਝੂਠਾ ਕਰ ਦੇਣਾ ਹੈ। ਇਸ ਨੂੰ ਭੁੱਲ ਕੇ ਵੀ ਨਾ ਪੀਓ। ਸੱਚਾ ਨਸ਼ਾ ਨਾਮ ਸਿਮਰਨ ਦਾ ਹੈ, ਜਿਹੜਾ ਗੁਰੂ ਦੇ ਦਰ-ਘਰ ਤੋਂ ਮਿਲਣਾ ਹੈ। ਇਹੀ ਗੁਰੂ ਵਾਲੇ ਤੇ ਗੁਰੂ ਦੇ ਨਾਲ ਹੋਣ ਦਾ ਸੁਭਾਗ ਹੈ:

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥ (ਪੰਨਾ 554)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦੇਸ਼ ਹੈ ਕਿ ਸ਼ਰਾਬ ਤਾਂ ਭਾਵੇਂ ਗੰਗਾ-ਜਲ ਤੋਂ ਵੀ ਤਿਆਰ ਕੀਤੀ ਹੋਵੇ, ਗਿਆਨਵਾਨ ਨੂੰ ਇਸ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ:

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥ (ਪੰਨਾ 1293)

ਇਕੱਲੀ ਸ਼ਰਾਬ ਦੇ ਨਸ਼ੇ ਦੀ ਹੀ ਗੁਰਸਿੱਖ ਨੂੰ ਮਨਾਹੀ ਨਹੀਂ ਸਗੋਂ ਹਰ ਪ੍ਰਕਾਰ ਦੇ ਨਸ਼ਿਆਂ ਤੋਂ ਵਿਮੁਕਤ ਜੀਵਨ ਜਿਊਣ ਵਿਚ ਹੀ ਸਰੀਰਕ, ਮਾਨਸਿਕ ਤੇ ਆਤਮਿਕ ਸੁਖ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਜੋ ਪ੍ਰਭੂ ਨਾਮ ਵਿਸਾਰ ਕੇ ਨਸ਼ਿਆਂ ਦੀ ਮੌਜ-ਮਸਤੀ ਵਿਚ ਲੱਗੇ ਹੋਏ ਹਨ, ਉਨ੍ਹਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾੜਨਾ ਬਹੁਤ ਸਖ਼ਤ ਹੈ ਕਿ:

ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥13॥
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ॥
ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ॥ (ਪੰਨਾ 726)

ਕਈ ਵਾਰ ਅਸੀਂ ਬਾਹਰਮੁਖਤਾ ਤੋਂ ਗੁਰਸਿੱਖ ਬਣ ਜਾਂਦੇ ਹਾਂ। ਪਾਠ-ਪੂਜਾ ਵੀ ਕਰਦੇ ਹਾਂ। ਪੰਜਾਬ ਦੇ ਪਿੰਡਾਂ ਵਿਚ ਲੋਕ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਵਾ ਲੈਂਦੇ ਹਨ। ਭੋਗ ਪੈਣ ਤੋਂ ਪਿੱਛੋਂ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗੁਰਦੁਆਰਾ ਸਾਹਿਬ ਵੀ ਨਹੀਂ ਪਹੁੰਚੀ ਹੁੰਦੀ ਕਿ ਬੋਤਲਾਂ ਦੇ ਡੱਟ ਖੁੱਲ੍ਹ ਜਾਂਦੇ ਹਨ, ਅਜਿਹੇ ਬਾਹਰਮੁਖਤਾ ਵਾਲੇ ਨਾਮਧਰੀਕ ਗੁਰਸਿੱਖਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦੇਸ਼ ਹੈ:

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥ (ਪੰਨਾ 1377)

ਅਜੋਕੇ ਸਮੇਂ ਵਿਚ ਜਿੱਥੇ ਸ਼ਰਾਬ ਨੂੰ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ਸਮੇਂ ਭੋਜਨ ਦਾ ਅੰਗ ਬਣਾ ਕੇ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ‘ਸੋਸ਼ਲ ਡ੍ਰਿਕਿੰਗ’ ਦਾ ਨਾਮ ਦੇ ਦਿੱਤਾ ਗਿਆ ਹੈ, ਉਥੇ ਖਾਂਦੇ-ਪੀਂਦੇ ਪਰਵਾਰਾਂ ਲਈ ਇਹ ‘ਸਟੇਟਸ ਸਿੰਬਲ’ ਬਣ ਗਿਆ ਹੈ। ਗੁਰਸਿੱਖ ਨੂੰ ਕਿਰਤ ਕਮਾਈ ਰਾਹੀਂ ਤਿਆਰ ਕੀਤੇ ਸਾਦਾ ਭੋਜਨ ਨੂੰ ਛਕਣ ਦਾ ਆਦੇਸ਼ ਹੈ। ਇਸ ਕਰਕੇ ਇਸ ਨੂੰ ‘ਗੁਰੂ ਕਾ ਲੰਗਰ’ ਕਿਹਾ ਗਿਆ ਹੈ। ਸਾਡੀਆਂ ਸਰੀਰਿਕ ਬਿਮਾਰੀਆਂ ਦਾ ਕਾਰਨ ਲੋੜ ਤੋਂ ਵੱਧ ਭੋਜਨ ਖਾਣਾ ਹੈ। ਅਸੀਂ ਇਹ ਨਹੀਂ ਵੇਖਦੇ ਕਿ ਕਿਰਤ-ਕਮਾਈ ਕਿਹੋ ਜਿਹੀ ਹੈ, ਅਸੀਂ ਤਾਂ ਵੇਖਦੇ ਹਾਂ ਕਿ ਸਮਾਗਮ ਵਿਚ ਕਿੰਨੀਆਂ ਡਿਸ਼ਾਂ ਪਰੋਸੀਆਂ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੀ ਕਿਰਤ-ਕਮਾਈ ਵਾਲੇ ਭੋਜਨ ਨੂੰ ਤਰਜੀਹ ਦਿੱਤੀ ਸੀ, ਅਸੀਂ ਆਪਣੇ ਮੂੰਹ ਦੇ ਸੁਆਦਾਂ ਬਦਲੇ ਮਲਕ ਭਾਗੋਆਂ ਦੇ ਵਿਹੜੇ ਵੜ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਣ-ਪੀਣ ਦੇ ਮਾਮਲੇ ਵਿਚ ਬੜਾ ਸਪਸ਼ਟ ਸੰਦੇਸ਼ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)

ਇਕ ਸਮਾਂ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ ਦੀ ਰੌਸ਼ਨੀ ਵਿਚ ਕੁਝ ਰਹਿਤਨਾਮੇ ਜਾਰੀ ਕੀਤੇ ਗਏ। ਇਹ ਸਾਰੇ ਰਹਿਤਨਾਮੇ ਗੁਰਸਿੱਖਾਂ ਲਈ ਗੁਰਮੁਖਾ ਜੀਵਨ ਜਿਊਣ ਦੀ ਜੀਵਨ-ਜਾਚ ਵਜੋਂ ਸਨ। ਇਨ੍ਹਾਂ ਵਿੱਚੋਂ ਸਿਰਫ਼ ਨਸ਼ਿਆਂ ਪ੍ਰਤੀ ਆਦੇਸ਼ ਕਰਦੇ ਕੁਝ ਬਚਨ ਇਥੇ ਦੇਣੇ ਚਾਹਾਂਗਾ। ਕੁਝ ਸਿੱਖਾਂ ਨੂੰ ਭੁਲੇਖਾ ਹੈ ਕਿ ਸਿਰਫ਼ ਤੰਬਾਕੂ ਦੀ ਮਨਾਹੀ ਹੀ ਕੀਤੀ ਗਈ ਹੈ ਪਰ ਇਹ ਰਹਿਤਨਾਮੇ ਹਰ ਪ੍ਰਕਾਰ ਦੇ ਨਸ਼ਿਆਂ ਦੇ ਸੇਵਨ ਨੂੰ ਵਰਜਿਤ ਕਰਦੇ ਹਨ:

ਕੁੱਠਾ ਹੁੱਕਾ ਚਰਸ ਤਮਾਕੂ।
ਗਾਂਜਾ ਟੋਪੀ ਤਾੜੀ ਖਾਕੂ।
ਇਨ ਕੀ ਓਰ ਨ ਕਬਹੂ ਦੇਖੈ।
ਰਹਤਵੰਤ ਜੋ ਸਿੰਘ ਬਿਸੇਖੈ। (ਰਹਿਤਨਾਮਾ ਭਾਈ ਦੇਸਾ ਸਿੰਘ)

ਜੋ ਸਿਖੁ ਮੇਰਾ ਹੋਵੈ ਤਿਸ ਨੂੰ ਤਮਾਕੂ ਪੀਵਣ ਤੇ ਨਸਵਾਰ ਚੜ੍ਹਾਵਣੀ ਅਜੇਹੀ ਹੈ ਜੈਸਾ ਗਊ ਮਾਸ ਖਾਇਆ।
ਗੁਰੂ ਕਾ ਸਿੱਖ ਵਸ ਲਗਦੇ ਬਿਖਿਆ ਕਾ ਵਣਜ ਵੀ ਨਾ ਕਰੈ। (ਰਹਿਤਨਾਮਾ ਭਾਈ ਚਉਪਾ ਸਿੰਘ)

ਧੂਮ੍ਰਪਾਨ ਛੁਇ ਹਾਥ ਮੈਂ, ਨਾਸਿਕਾ ਕਣੀ ਲੇਤ।
ਮਰੈ ਨਰਕ ਭੋਗੇ ਬਿਕਟ, ਧਰਮ ਸ਼ਾਸਨਾ ਦੇਤ। (ਰਹਿਤਨਾਮਾ ਭਾਈ ਦਯਾ ਸਿੰਘ)

ਮਦੁਰਾ ਦਹਿਤੀ ਸਾਤ ਕੁਲ, ਭੰਗ ਦਹੇ ਤਨ ਏਕ।
ਸੌ ਕੁਲ ਦਹਿਤਾ ਜਗਤ ਜੂਠ, ਨਿੰਦਿਆ ਦਹੇ ਅਨੇਕ। (ਗੁਰਪ੍ਰਤਾਪ ਸੂਰਜ ਗ੍ਰੰਥ)

ਤੰਬਾਕੂ ਲਈ ਸਿੱਖ ਜਗਤ ਵਿਚ ‘ਜਗਤ ਜੂਠ’ ਸ਼ਬਦ ਵਰਤਿਆ ਗਿਆ ਹੈ ਕਿਉਂਕਿ ਇਕ ਦਾ ਜੂਠਾ ਹੁੱਕਾ, ਸਿਗਰਟ, ਬੀੜੀ ਕਈ ਪੀਂਦੇ ਹਨ। ਨਿਹੰਗ ਸਿੰਘ ਇਸ ਨੂੰ ‘ਗਧੀ ਚੁੰਘਣਾ’ ਕਹਿੰਦੇ ਹਨ।

ਸੋ ਅਜੋਕੇ ਸੰਦਰਭ ਵਿਚ ਪੰਜਾਬ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਤੇ ਨਸ਼ਿਆਂ ਦਾ ਜੋ ਰੁਝਾਣ ਵਧਿਆ ਹੈ, ਉਸ ਨੂੰ ਫੌਰੀ ਠੱਲ੍ਹ ਪਾਉਣ ਦੀ ਲੋੜ ਹੈ। ਜੋ ਕਰੋੜਾਂ ਅਰਬਾਂ ਰੁਪਏ ਪੰਜਾਬੀ ਨਸ਼ਿਆਂ ਦੇ ਮੂੰਹ ਫੂਕ ਰਹੇ ਹਨ ਜੇਕਰ ਉਹੀ ਪੜ੍ਹਾਈ ਤੇ ਸਿੱਖਿਆ-ਸੰਸਥਾਵਾਂ ਉੱਪਰ ਖਰਚੇ ਜਾਣ ਤਾਂ ਵਿਸ਼ਵੀਕਰਨ ਦੇ ਇਸ ਦੌਰ ਵਿਚ ਪੰਜਾਬ ਮੋਹਰੀ ਸੂਬਾ ਬਣ ਜਾਵੇਗਾ ਅਤੇ ਇਸ ਪ੍ਰਾਪਤੀ ਦਾ ਜੋ ਸਰੂਰ ਹੋਵੇਗਾ ਉਹ ਸਭ ਨਸ਼ਿਆਂ ਤੋਂ ਉੱਪਰ ਹੋਵੇਗਾ। ਇਹ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਵਿਸ਼ਵ ਦਾ ਹਰ ਪ੍ਰਾਣੀ ਆਪਣੇ ਹਿਰਦੇ ਵਿਚ ਵਸਾਵੇ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

ਔਸਟੀ ਕਾਲੋਨੀ (ਨੇੜੇ ਐਮ.ਪੀ. ਦੀ ਕੋਠੀ), ਡਾਕ: ਪ੍ਰਤਾਪ ਨਗਰ, ਨੰਗਲ ਡੈਮ (ਰੋਪੜ)-140125

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)