editor@sikharchives.org
Dhadi Sohan Singh Seetal

ਨੇੜਿਓਂ ਡਿੱਠੇ ਢਾਡੀ ਸੋਹਣ ਸਿੰਘ ਜੀ ਸੀਤਲ

ਸੀਤਲ ਜੀ ਦੀਆਂ ਸੁਣਾਈਆਂ ਹੋਈਆਂ ਸਿੱਖ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ-ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਮੈਂ 1952 ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਨਾਲ ਦੇ ਮੁੰਡੇ ਹਰ ਗੁਰਪੁਰਬ ’ਤੇ ਧਾਰਮਿਕ ਕਵਿਤਾਵਾਂ ਪੜ੍ਹਦੇ ਹੁੰਦੇ ਸਨ। ਚੰਗੀ ਕਵਿਤਾ ਪੜ੍ਹਨ ਵਾਲੇ ਨੂੰ ਗੁਰਦੁਆਰਾ ਕਮੇਟੀ ਵੱਲੋਂ ਇਨਾਮ ਦਿੱਤਾ ਜਾਂਦਾ ਸੀ।

ਮੈਂ ਆਪਣੇ ਪਿੰਡ ਦੇ ਮੁੰਡੇ ਚੰਨਣ ਸਿੰਘ ਪਾਸ ਇਕ ਕਿਤਾਬ ਵੇਖੀ ਜਿਸ ਦਾ ਟਾਈਟਲ ‘ਸੀਤਲ ਕਿਰਣਾਂ’ ਸੀ ਤੇ ਲੇਖਕ ਦਾ ਨਾਂ ਸੀ ਸ. ਸੋਹਣ ਸਿੰਘ ‘ਸੀਤਲ’। ਮੈਂ ਉਸ ਕੋਲੋਂ ਕਿਤਾਬ ਲੈ ਕੇ ਉਸ ਵਿਚਲੇ ਸਾਰੇ ਪ੍ਰਸੰਗ ਪੜ੍ਹੇ। ਇਨ੍ਹਾਂ ਵਿੱਚੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵਾਲਾ ਪ੍ਰਸੰਗ ਮੈਨੂੰ ਬਹੁਤ ਚੰਗਾ ਲੱਗਾ।

ਉਸ ਵੇਲੇ ਸਾਡੇ ਪਿੰਡ ਦੇ ਬਜ਼ੁਰਗ ਸੱਥਾਂ ਵਿਚ ਬੈਠ ਕੇ ਸੀਤਲ ਜੀ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਿਆ ਕਰਦੇ ਸਨ। ਸੀਤਲ ਜੀ ਦੀਆਂ ਸੁਣਾਈਆਂ ਹੋਈਆਂ ਸਿੱਖ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ-ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸਨ। ਮੇਰੇ ਪਿਤਾ ਜੀ ਵੀ ਸੀਤਲ ਜੀ ਨੂੰ ਸੁਣਨ ਤਰਨਤਾਰਨ ਦੀ ਹਰ ਮੱਸਿਆ ’ਤੇ ਜਾਂਦੇ ਹੁੰਦੇ ਸਨ। ਇਕ ਵਾਰ ਮੈਂ ਵੀ ਉਨ੍ਹਾਂ ਨਾਲ ਮੱਸਿਆ ਵੇਖਣ ਗਿਆ। ਸੈਂਟਰ ਮਾਝਾ ਦਾ ਦੀਵਾਨ ਪ੍ਰਦੱਖਣਾ ਦੀ ਉੱਤਰ ਵਾਲੀ ਬਾਹੀ ਲੱਗਦਾ ਹੁੰਦਾ ਸੀ ਜਿਸ ਦਾ ਸਟੇਜ ਸੈਕਟਰੀ ਪਿੰਡ ਸੁਰਸਿੰਘ ਦਾ ਰਹਿਣ ਵਾਲਾ ਸ. ਮਹਿਲ ਸਿੰਘ ਹੁੰਦਾ ਸੀ ਜੋ ਨਨਕਾਣਾ ਸਾਹਿਬ ਦੇ ਸਿੱਖਾਂ ਤੋਂ ਵਿਛੋੜੇ ਦੀ ਕਹਾਣੀ ਬੜੇ ਦਰਦਨਾਕ ਸ਼ਬਦਾਂ ਵਿਚ ਬਿਆਨ ਕਰਦਾ ਹੁੰਦਾ ਸੀ। ਪਹਿਲੀ ਵਾਰ ਮੈਂ ਸੀਤਲ ਜੀ ਨੂੰ ਉਥੇ ਸੁਣਿਆ। ‘ਸਿੱਖ ਰਾਜ ਕਿਵੇਂ ਗਿਆ’ ਦਾ ਲਹੂ-ਭਿੱਜਿਆ ਇਤਿਹਾਸ ਉਨ੍ਹਾਂ ਢਾਡੀ-ਜਥੇ ਸਮੇਤ ਵਿਆਖਿਆਕਾਰ ਦੇ ਤੌਰ ’ਤੇ ਸੁਣਾਇਆ। ਮੈਂ ਵੇਖਿਆ, ਕਈ ਲੋਕ ਰੋ ਰਹੇ ਸਨ। ਪਹਿਲਾਂ ਮੈਂ ਪੁਲੀਸ ਵਿਚ ਭਰਤੀ ਹੋ ਗਿਆ। ਪੁਲੀਸ ਦੀ ਨੌਕਰੀ ਛੱਡ ਕੇ ਮੈਂ 1962 ਵਿਚ ਸਰਹਾਲੀ ਵਿਖੇ ਜੇ.ਬੀ.ਟੀ. ਵਿਚ ਦਾਖ਼ਲ ਹੋ ਗਿਆ। ਇਥੇ ਮੇਰਾ ਮੇਲ ਸੁਪ੍ਰਸਿੱਧ ਕਹਾਣੀਕਾਰ ਸ. ਵਰਿਆਮ ਸਿੰਘ (ਲਾਇਲਪੁਰ ਖਾਲਸਾ ਕਾਲਜ, ਜਲੰਧਰ) ਨਾਲ ਹੋਇਆ। ਉਹ ਵੀ ਸੀਤਲ ਜੀ ਨੂੰ ਸੁਣਨ ਦਾ ਬੜਾ ਸ਼ੌਂਕੀ ਸੀ। ਸੀਤਲ ਜੀ ਦੀਆਂ ਕਈ ਵਾਰਾਂ ਉਸ ਨੂੰ ਜ਼ਬਾਨੀ ਯਾਦ ਸਨ ਜਿਵੇਂ ‘ਛੱਜਾ ਡਿੱਗਿਆ’, ‘ਕਿਸਮਤ ਪੰਜਾਬ ਦੀ’। ਜੇ.ਬੀ.ਟੀ. ਕਰਨ ਤੋਂ ਬਾਅਦ ਅਸੀਂ ਦੋਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦੀਵਾਨ ਵਿਚ ਸੀਤਲ ਜੀ ਨੂੰ ਜ਼ਰੂਰ ਸੁਣਨ ਜਾਣਾ।

ਪੰਜਾਬੀ ਸੂਬੇ ਦਾ ਮੋਰਚਾ ਸੰਤ ਫਤਿਹ ਸਿੰਘ ਹੋਰਾਂ ਦੀ ਅਗਵਾਈ ਵਿਚ ਚੱਲ ਰਿਹਾ ਸੀ। ਗਿਆਨੀ ਹਰਚਰਨ ਸਿੰਘ ‘ਹੁਡਿਆਰਾ’ ਨੇ ਪ੍ਰਣ ਕੀਤਾ ਹੋਇਆ ਸੀ ਕਿ ਜਿੰਨਾ ਚਿਰ ਪੰਜਾਬੀ ਸੂਬਾ ਨਹੀਂ ਬਣ ਜਾਂਦਾ, ਮੈਂ ਪੂਰੇ ਬਸਤਰ ਨਹੀਂ ਪਹਿਨਾਂਗਾ। ਉਹ ਕਛਹਿਰੇ ਅਤੇ ਕੰਬਲ ਵਿਚ ਹੀ ਰਹਿੰਦੇ ਸਨ। ਮੰਜੀ ਸਾਹਿਬ ਦੀ ਸਟੇਜ ’ਤੇ ਸੀਤਲ ਜੀ ਵੀ ਬੈਠੇ ਸਨ। ਹੁਡਿਆਰਾ ਜੀ ਨੇ ਸੀਤਲ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਵੀ ਪੰਜਾਬੀ ਸੂਬੇ ਲਈ ਕੋਈ ਕੁਰਬਾਨੀ ਕਰੋ। ਉਨ੍ਹਾਂ ਤੋਂ ਬਾਅਦ ਸੀਤਲ ਜੀ ਆਪਣੇ ਜਥੇ ਸਮੇਤ ਵਾਰਾਂ ਸੁਣਾਉਣ ਲਈ ਉੱਠੇ ਤੇ ਉਨ੍ਹਾਂ ਨੇ ਹੁਡਿਆਰਾ ਜੀ ਨੂੰ ਕਿਹਾ ਕਿ ਤੁਸੀਂ ਪੰਜਾਬੀ ਸੂਬੇ ਲਈ ਕੁਰਬਾਨੀ ਕਰੋ। ਤੁਸੀਂ ਮਰਨ ਦਾ ਪ੍ਰਣ ਕਰੋ ਤੇ ਫਿਰ ਮਰੋ ਵੀ। ਪਿੱਛੋਂ ਮੈਂ ਤੁਹਾਡੀਆਂ ਵਾਰਾਂ ਗਾਇਆ ਕਰਾਂਗਾ। ਮੇਰਾ ਕੰਮ ਸ਼ਹੀਦਾਂ ਦੀਆਂ ਵਾਰਾਂ ਗਾਉਣਾ ਹੈ, ਕੁਰਬਾਨੀ ਕਰਨਾ ਨਹੀਂ। ਇਹ ਸੁਣ ਕੇ ਇਕ ਨਿਹੰਗ ਸਿੰਘ ਨੇ ‘ਬੋਲੇ ਸੋ ਨਿਹਾਲ’ ਦੀ ਲੰਮੀ ਹੇਕ ਲਾ ਕੇ ਜੈਕਾਰਾ ਛੱਡਿਆ। ਸਾਰੀ ਸੰਗਤ ਉਸ ਵੱਲ ਵੇਖਣ ਲੱਗ ਪਈ ਤਾਂ ਸੀਤਲ ਜੀ ਨੇ ਕਿਹਾ, “ਮੇਰੇ ਵੱਲ ਧਿਆਨ ਦਿਓ, ਜਿਸ ਮਗਰ ਕੋਈ ਜਾਵੇ ਨਾ, ਉਹ ਮੁੜ ਹੀ ਆਉਂਦਾ ਹੈ।”

ਬਾਬਾ ਖੜਕ ਸਿੰਘ ਜੀ ਗੁਰਦੁਆਰਾ ਬੀੜ ਸਾਹਿਬ ਵਾਲੇ ਬੜੇ ਪਰਉਪਕਾਰੀ ਸਨ। ਉਨ੍ਹਾਂ ਹਰ ਸਾਲ 22 ਅੱਸੂ ਨੂੰ ਸਾਲਾਨਾ ਜੋੜ-ਮੇਲੇ ’ਤੇ ਸੀਤਲ ਜੀ ਨੂੰ ਸੱਦਣਾ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਨੂੰ ਸੁਣਨ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਾਣ ਲੱਗ ਪਿਆ। ਪਹਿਲਾਂ ਮੈਨੂੰ ਢੱਡ-ਸਾਰੰਗੀ ਨਾਲ ਉਨ੍ਹਾਂ ਦੁਆਰਾ ਗਾਇਨ ਕੀਤੀਆਂ ਵਾਰਾਂ ਸੁਣ ਕੇ ਬੜਾ ਅਨੰਦ ਆਉਂਦਾ ਸੀ ਪਰ ਬਾਅਦ ਵਿਚ ਭਾਸ਼ਣ ਸੁਣ ਕੇ ਅਨੰਦ ਆਉਣ ਲੱਗ ਪਿਆ। ਇਕ ਵਾਰ ਉਨ੍ਹਾਂ ਸਟੇਜ ਤੋਂ ਕਿਹਾ, “ਜੇ ਦੁਨੀਆਂ ’ਤੇ ਆਏ ਹੋ ਤਾਂ ਕੁਝ ਕਰ ਕੇ ਜਾਓ, ਨਹੀਂ ਤਾਂ ਅੰਨ ਗੰਦਾ ਕਰਨ ਦਾ ਕੋਈ ਫ਼ਾਇਦਾ ਨਹੀਂ।” ਇਹ ਗੱਲ ਮੈਂ ਆਪਣੇ ਲੜਕੇ ਆਤਮਜੀਤ ਸਿੰਘ ਨੂੰ ਦੱਸੀ ਜੋ ਉਸ ਵੇਲੇ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਮਿਹਨਤ ਕਰਨ ਲੱਗ ਪਿਆ। ਪੰਜਵੀਂ ਤੋਂ ਲੈ ਕੇ ਦਸਵੀਂ ਤਕ ਪਹਿਲੇ ਨੰਬਰ ’ਤੇ ਆਉਂਦਾ ਰਿਹਾ। ਅੱਜਕਲ੍ਹ ਉਹ ਅਮਰੀਕਾ ਵਿਚ ਇਕ ਜਪਾਨੀ ਕੰਪਨੀ ਵਿਚ ਕੰਪਿਊਟਰ ਇੰਜੀਨੀਅਰ ਹੈ। ਕਈ ਵਾਰ ਇੱਕ-ਇੱਕ ਸ਼ਬਦ, ਇੱਕ-ਇੱਕ ਵਾਕ ਜ਼ਿੰਦਗੀ ਦਾ ਰੁਖ਼ ਬਦਲ ਦਿਆ ਕਰਦਾ ਹੈ।

ਇਕ ਵਾਰ ਮੈਂ ਬਾਬਾ ਬੁੱਢਾ ਜੀ ਦੇ ਮੇਲੇ ’ਤੇ ਉਨ੍ਹਾਂ ਤੋਂ ਦੋ ਕਿਤਾਬਾਂ ਖਰੀਦੀਆਂ, ‘ਸਿੱਖ ਰਾਜ ਕਿਵੇਂ ਬਣਿਆ’ ਤੇ ‘ਸਿੱਖ ਰਾਜ ਕਿਵੇਂ ਗਿਆ?’ ਮੈਂ ਦੋਹਾਂ ਕਿਤਾਬਾਂ ਦੇ ਪੈਸੇ ਦੇ ਦਿੱਤੇ ਤੇ ਕਿਹਾ ਕਿ ਤੁਸੀਂ ਆਪਣੇ ਆਟੋਗਰਾਫ਼ ਦੇ ਦਿਓ। ਉਨਾਂ ਦੋਹਾਂ ਕਿਤਾਬਾਂ ’ਤੇ ਲਿਖ ਦਿੱਤਾ ‘ਪਿਆਰ ਸਤਿਕਾਰ ਸਹਿਤ ਮਾਸਟਰ ਜਸਵੰਤ ਸਿੰਘ ਜੀ ਨੂੰ।’ ਨਾਲ ਹੀ ਕਿਹਾ, “ਮਾਸਟਰ ਜੀ! ਪੈਸੇ ਤਾਂ ਮੈਂ ਤੁਹਾਡੇ ਤੋਂ ਲੈ ਲਏ ਨੇ। ਪਿਆਰ ਕਾਹਦਾ ਰਹਿ ਗਿਆ?”

ਉਨ੍ਹਾਂ ਨੇ ਇੰਗਲੈਂਡ ਦੀ ਗੱਲ ਸੁਣਾਈ ਕਿ ਮੈਂ ਇਕ ਗੋਰੇ ਦੀ ਦੁਕਾਨ ਤੋਂ ਬਦਾਮ ਰੋਗਨ ਖ਼ਰੀਦਿਆ ਤੇ ਪੈਸੇ ਦੇ ਦਿੱਤੇ। ਜਦ ਮੈਂ ਦੁਕਾਨ ਤੋਂ ਉਤਰਿਆ ਤਾਂ ਗੋਰੇ ਨੇ ਕਿਹਾ, “ਮਿਸਟਰ ਸਿੰਘ! ਇਹ ਤੁਸਾਂ ਖਾਣ ਵਾਸਤੇ ਲਿਆ ਹੈ ਜਾਂ ਮਲਣ ਵਾਸਤੇ?” ਮੈਂ ਕਿਹਾ, “ਖਾਣ ਵਾਸਤੇ (ਪਰ ਉਹ ਮਲਣ ਵਾਸਤੇ ਸੀ)।” ਉਸ ਨੇ ਉਸੇ ਵੇਲੇ ਬਦਾਮ ਰੋਗਨ ਵਾਪਸ ਲੈ ਕੇ ਪੈਸੇ ਮੋੜ ਦਿੱਤੇ। ਜੇ ਮੈਂ ਬਦਾਮ ਰੋਗਨ ਭਾਰਤ ਵਿੱਚੋਂ ਖ਼ਰੀਦਿਆ ਹੁੰਦਾ ਤਾਂ ਕਿਸੇ ਨੇ ਪੈਸੇ ਵਾਪਸ ਨਹੀਂ ਕਰਨੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਗੋਰਿਆਂ ਦੇ ਅਸੀਂ ਔਗੁਣ ਤਾਂ ਸਾਰੇ ਅਪਣਾ ਲਏ ਪਰ ਗੁਣ ਕੋਈ ਨਹੀਂ ਅਪਣਾਇਆ।

ਮੈਂ ਇਕ ਵਾਰ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ, “ਪਿਤਾ ਜੀ! ਤੁਹਾਡੀ ਲੰਮੀ ਉਮਰ ਹੋਏ ਤਾਂ ਕਿ ਅਸੀਂ ਤੁਹਾਡੀਆਂ ਵਾਰਾਂ ਸੁਣਦੇ ਰਹੀਏ ਤੇ ਤੁਹਾਡੇ ਜੀਵਨ ਤੋਂ ਹੋਰ ਪ੍ਰੇਰਨਾ ਲੈ ਸਕੀਏ।” ਉਨ੍ਹਾਂ ਨੇ ਕਿਹਾ, “ਜਾਣ ਦੀ ਮੈਨੂੰ ਕਾਹਲੀ ਨਹੀਂ ਤੇ ਜੇ ਆ ਗਈ ਤਾਂ ਮੈਂ ਇਨਕਾਰ ਨਹੀਂ ਕਰ ਸਕਣਾ।”

ਉਨ੍ਹਾਂ ਨੇ ਇਕ ਸਕੂਲ ਦੀ ਗੱਲ ਸੁਣਾਈ, ਜਿਸ ਵਿਚ ਉਨ੍ਹਾਂ ਭਾਸ਼ਣ ਦੇਣਾ ਸੀ। ਉਨ੍ਹਾਂ ਕਿਹਾ, “ਮੈਂ ਭੈਣਜੀਆਂ ਨੂੰ ਜਾਂਦਿਆਂ ਪੁੱਛਿਆ, ‘ਤੁਹਾਨੂੰ ਸਵਾਟਰ ਉਣਨ ਦੀ ਜਾਚ ਆ?’” ਸਾਰੀਆਂ ਖਿੜ-ਖਿੜਾ ਕੇ ਹੱਸ ਪਈਆਂ।

ਮੇਰੇ ਪਿਤਾ ਜੀ ਨੇ ਮਨ ਵਿਚ ਧਾਰਿਆ ਕਿ ਜੇ ਵਾਹਿਗੁਰੂ ਨੇ ਮੇਰੇ ਘਰ ਪੋਤਰੇ ਦੀ ਦਾਤ ਬਖ਼ਸ਼ੀ ਤਾਂ ਮੈਂ ਅਖੰਡ ਪਾਠ ਕਰਾਵਾਂਗਾ ਅਤੇ ਸੀਤਲ ਜੀ ਜਾਂ ਭਾਈ ਪਿਆਰਾ ਸਿੰਘ ‘ਪੰਛੀ’ ਦੇ ਢਾਡੀ ਜਥੇ ਨੂੰ ਭੋਗ ’ਤੇ ਸੱਦਾਂਗਾ। ਉਨ੍ਹਾਂ ਦੇ ਜਿਊਂਦਿਆਂ ਉਨ੍ਹਾਂ ਦੀ ਆਸ ਪੂਰੀ ਨਾ ਹੋਈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਪੋਤਰੇ ਹੋਏ। ਅਸੀਂ ਪਿਤਾ ਜੀ ਦੀ ਉਸ ਗੱਲ ਨੂੰ ਯਾਦ ਕਰ ਕੇ ਸ੍ਰੀ ਅਖੰਡ ਪਾਠ ਕਰਾਇਆ। ਮੈਂ ਸ੍ਰੀ ਅਖੰਡ ਪਾਠ ਦੇ ਭੋਗ ’ਤੇ ਦਰਸ਼ਨ ਦੇਣ ਲਈ ਕਹਿਣ ਵਾਸਤੇ ‘ਸੀਤਲ ਭਵਨ’ ਲੁਧਿਆਣੇ ਗਿਆ। ਜਦ ਉਨ੍ਹਾਂ ਨੂੰ ਕਹਿ ਕੇ ਵਾਪਸ ਤੁਰਨ ਲੱਗਾ ਤਾਂ ਉਹ ਆਪਣੀ ਕੋਠੀ ਦੇ ਬਾਹਰਲੇ ਗੇਟ ਤਕ ਮੈਨੂੰ ਛੱਡਣ ਆਏ। ਇਸ ਈਮਾਨਦਾਰ, ਸੱਚੇ-ਸੁੱਚੇ, ਕਹਿਣੀ ਅਤੇ ਕਰਨੀ ਦੇ ਸੂਰੇ, ਵਿਦਵਾਨ ਅਤੇ ਵਧੀਆ ਇਨਸਾਨ ਵਿਚ ਐਨੀ ਨਿਰਮਾਣਤਾ ਸੀ!

ਕਿਸੇ ਦੀਵਾਨ ’ਤੇ ਬਹੁਤ ਸਾਰੇ ਢਾਡੀ ਇਕੱਠੇ ਹੋਏ। ਸੀਤਲ ਜੀ ਵੀ ਗਏ ਹੋਏ ਸਨ। ਇਕ ਢਾਡੀ ਹੁੰਦਾ ਸੀ ਹਜ਼ਾਰਾ ਸਿੰਘ ‘ਤੂਫਾਨ ਮੇਲ’। ਉਸ ਦੀ ਸਕੂਲੀ ਵਿੱਦਿਆ ਕੋਈ ਨਹੀਂ ਸੀ। ਪਰ ਦੋ-ਚਾਰ ਪ੍ਰਸੰਗ ਸਿੱਖ ਇਤਿਹਾਸ ਦੇ ਉਸ ਨੂੰ ਯਾਦ ਸਨ। ਉਹ ਲੋਕਾਂ ਨੂੰ ਹਸਾਉਣੀਆਂ ਗੱਲਾਂ ਸੁਣਾ ਕੇ ਸੰਗਤ ਕੋਲੋਂ ਵਾਹਵਾ ਪੈਸੇ ਬਣਾ ਲੈਂਦਾ ਸੀ। ਉਸ ਦੀਵਾਨ ਵਿਚ ‘ਤੂਫਾਨ ਮੇਲ’ ਨੂੰ ਜ਼ਿਆਦਾ ਪੈਸੇ ਹੋਏ ਤੇ ਸੀਤਲ ਜੀ ਨੂੰ ਘੱਟ। ਰਿਹਾਇਸ਼ ਵਾਲੀ ਜਗ੍ਹਾ ’ਤੇ ਵਾਪਸ ਆ ਕੇ ਤੂਫਾਨ ਮੇਲ ਨੇ ਸੀਤਲ ਜੀ ਨੂੰ ਹਾਸੇ ਨਾਲ ਕਿਹਾ ਕਿ ਤੁਸੀਂ ਵੱਡੇ ਢਾਡੀ ਬਣੇ ਫਿਰਦੇ ਜੇ! ਮੈਨੂੰ 65 ਰੁਪਏ ਹੋਏ ਨੇ ਤੇ ਤੁਹਾਨੂੰ 13 ਰੁਪਏ।” ਸੀਤਲ ਜੀ ਨੇ ਇਸ ਦੇ ਜਵਾਬ ਵਿਚ ਕਿਹਾ, “ਦੀਵਾਨ ਵਿਚ 13 ਸਿਆਣੇ ਤੇ 65 ਮੂਰਖ ਬੈਠੇ ਸਨ।” (ਸੀਤਲ ਜੀ ਦਾ ਮਨੋਭਾਵ ਦੀਵਾਨ ’ਚ ਹਾਜ਼ਰ ਸ੍ਰੋਤਿਆਂ ਦੀ ਲਹਾਈ ਨਹੀਂ ਸੀ ਸਗੋਂ ਅਹੰਕਾਰ-ਭਾਵ ’ਚ ਵਿਚਰ ਰਹੇ ਗੁਰੂ-ਘਰ ਦੇ ਪ੍ਰਚਾਰਕ ਨੂੰ ਅਹੰਕਾਰ-ਭਾਵ ’ਚੋਂ ਬਾਹਰ ਕੱਢਣ ਦਾ ਯਤਨ ਕਰਨਾ ਸੀ।) ਇਸ ਗੱਲ ’ਤੇ ਬਹੁਤ ਹਾਸਾ ਪਿਆ।

23 ਸਤੰਬਰ, 1998 ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਪ੍ਰਸੰਸਕਾਂ ਨੂੰ ਬੜਾ ਦੁੱਖ ਹੋਇਆ। 2 ਅਕਤੂਬਰ, 1998 ਨੂੰ ਉਨ੍ਹਾਂ ਦੀ ਅੰਤਮ ਅਰਦਾਸ ਸੀ। ਸਿੱਖ-ਪੰਥ ਨੂੰ ਉਨ੍ਹਾਂ ਦੀ ਬੜੀ ਦੇਣ ਹੈ।

ਸੀਤਲ ਜੀ ਆਪਣੀ ਢਾਡੀ-ਕਲਾ ਅਤੇ ਆਪਣੀਆਂ ਮਹਾਨ ਲਿਖਤਾਂ ਰਾਹੀਂ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿਚ ਸਦਾ ਜ਼ਿੰਦਾ ਰਹਿਣਗੇ। ਉਹ ਢਾਡੀ-ਕਲਾ ਦੇ ਪਿਤਾਮਾ ਸਨ। ਜੇ ਅਸੀਂ ਆਪਣੇ ਸਮਾਜ ਨੂੰ, ਆਪਣੀ ਆਉਣ ਵਾਲੀ ਨਸਲ ਨੂੰ ਨਸ਼ਿਆਂ ਤੇ ਅਸ਼ਲੀਲਤਾ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਢਾਡੀ-ਕਲਾ ਨੂੰ ਸੁਰਜੀਤ ਕਰਨਾ ਪਏਗਾ, ਸਿੱਖ ਇਤਿਹਾਸ ਤੇ ਪੰਜਾਬ ਦੇ ਅਸਲ ਕਲਚਰ ਦੀ ਗੱਲ ਕਰਨੀ ਹੋਵੇਗੀ। ਸੀਤਲ ਜੀ ਆਪਣੀ ਮਹਾਨ ਕਰਨੀ ਰਾਹੀਂ ਜ਼ਿੰਦਾ ਹਨ ਜਿਵੇਂ ਉਨ੍ਹਾਂ ਆਪ ਲਿਖਿਆ ਹੈ:

‘ਸੀਤਲ’ ਸਦਾ ਜਹਾਨ ’ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਜਨਰਲ ਸ਼ਾਮ ਸਿੰਘ ਅਟਾਰੀ ਮੈਮੋਰੀਅਲ ਪਬਲਿਕ ਸਕੂਲ, ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)