ਨਿਤਨੇਮ ਤੋਂ ਭਾਵ ਹੈ ਹਰ ਰੋਜ਼ ਨੇਮ ਨਾਲ ਕਰਨ ਵਾਲਾ ਕੰਮ। ਸਿੱਖ ਧਰਮ ਵਿਚ ਨਿਤਨੇਮ ਤੋਂ ਅਰਥ ਨਿਤਾਪ੍ਰਤੀ ਕਰਨ ਵਾਲਾ ਪਾਵਨ ਬਾਣੀਆਂ ਦਾ ਪਾਠ ਹੈ, ਜਿਸ ਨੂੰ ਨਿਤ ਕਰਨ ਦੀ ਗੁਰੂ ਸਾਹਿਬਾਨ ਵੱਲੋਂ ਹਦਾਇਤ ਹੈ ਜਿਸ ਦਾ ਜ਼ਿਕਰ ਮਹਾਨ ਚਿੰਤਕ ਭਾਈ ਗੁਰਦਾਸ ਜੀ ਕਰਦੇ ਹਨ:
“ਗੁਰਸਿਖੀ ਦਾ ਕਰਮ ਇਹੁ ਗੁਰ ਫੁਰਮਾਏ ਗੁਰਸਿਖ ਕਰਨਾ।”1
ਉਪਰੋਕਤ ਵਿਚਾਰ ਦੀ ਪੁਸ਼ਟੀ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਵੀ ਆਪਣੀ ਰਚਨਾ ਵਿਚ ਇਉਂ ਕਰਦੇ ਹਨ:
“ਜਪੁ, ਅਨੰਦ ਪਢਿ ਜਾਪ ਨਿਤ ਥੋੜਾ ਸਾਰਾ ਸਿੱਖ।
ਰਹਿਰਾਸ, ਆਰਤੀ ਸ਼ਬਦ ਪੁਨ ਕੀਰਤਨ ਕਰੈ ਸੁਭਿੱਖ॥33॥”2
ਭਾਵ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਹਰ ਗੁਰਸਿੱਖ ਦਾ ਧਰਮ ਅਤੇ ਕਰਮ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਦੀਆਂ ਨਿਰਧਾਰਿਤ ਬਾਣੀਆਂ ਹੇਠ ਲਿਖੇ ਅਨੁਸਾਰ ਹਨ:
(ੳ) ਅੰਮ੍ਰਿਤ ਵੇਲੇ : ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵਪ੍ਰਸਾਦਿ ਸ੍ਵਯੈ ‘ਸ੍ਰਾਵਗ ਸੁਧ’ ਵਾਲੇ।
(ਅ) ਸ਼ਾਮ ਵੇਲੇ : ਰਹਰਾਸਿ ਸਾਹਿਬ।
(ੲ) ਰਾਤ ਨੂੰ ਸੌਣ ਵੇਲੇ : ਕੀਰਤਨ ਸੋਹਿਲਾ।
ਜੋ ਕਿਰਿਆ ਅਸੀਂ ਬਾਰ-ਬਾਰ ਕਰਦੇ ਹਾਂ, ਉਹ ਸਮਾਂ ਪਾ ਕੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ, ਜਿਸ ਤਰ੍ਹਾਂ ਬੱਚਾ ਜੇ ਹਰ ਵੇਲੇ ਪਹਾੜੇ ਯਾਦ ਕਰਦਾ ਰਹੇ ਤਾਂ ਉਹ ਵੱਡੇ ਤੋਂ ਵੱਡੇ ਹਿਸਾਬ ਦੇ ਸਵਾਲ ਹੱਲ ਕਰਨ ਵਿਚ ਸਹਾਈ ਹੁੰਦੇ ਹਨ ਉਸੇ ਤਰ੍ਹਾਂ ਜਿਹੜਾ ਮਨ ਨਿੱਤ ਦੀ ਪ੍ਰਕ੍ਰਿਆ ਵਿਚ ਪ੍ਰਪੱਕ ਹੋਇਆ ਹੋਵੇ ਉਹ ਅਚਨਚੇਤੀ ਕਿਸੇ ਵਿਕਾਰ ਦਾ ਹਮਲਾ ਹੋਣ ’ਤੇ ਪ੍ਰੀਖਿਆ ਦੀ ਘੜੀ ਨੂੰ ਅਸਾਨੀ ਨਾਲ ਪਾਰ ਕਰ ਲੈਂਦਾ ਹੈ। ਇਸੇ ਲਈ ਸਤਿਗੁਰਾਂ ਨੇ ਨਿਤਾਪ੍ਰਤੀ ਨਿਤਨੇਮ ਕਰਨ ਦੀ ਹਦਾਇਤ ਕੀਤੀ ਹੈ:
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ॥
ਆਠ ਪਹਰ ਹਰਿ ਸਿਮਰਹੁ ਪ੍ਰਾਣੀ॥2॥ (ਪੰਨਾ 1340)
ਖਿਨ-ਖਿਨ ਅੰਮ੍ਰਿਤ ਬਾਣੀ ਗਾਉਣ ਵਾਲਿਆਂ ਦੀ ਰਸਾਈ ਪੂਰੇ ਗੁਰੂ ਤਕ ਹੋ ਜਾਂਦੀ ਹੈ, ਜਿਨ੍ਹਾਂ ਵਡਭਾਗੇ ਜੀਵਾਂ ਨੇ ਬਾਣੀ ਹਿਰਦੇ ਵਿਚ ਵਸਾ ਲਈ ਉਹ ਪਰਮੇਸ਼ਰ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ। ਵਾਹਿਗੁਰੂ ਸਦਾ ਉਨ੍ਹਾਂ ਦੇ ਅੰਗ-ਸੰਗ ਰਹਿੰਦਾ ਹੈ ਤੇ ਉਨ੍ਹਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ।
ਜਪੁ ਜੀ ਸਾਹਿਬ
ਬਾਣੀ ਦਾ ਨਾਂ ‘ਜਪੁ ਹੈ, ‘ਜੀ’ ਤੇ ‘ਸਾਹਿਬ’ ਸਤਿਕਾਰ ਬੋਧਕ ਸ਼ਬਦ ਹੋਣ ਕਾਰਨ ਪਿੱਛੇ ਲਾਏ ਗਏ ਹਨ। ‘ਜਪੁ’ ਤੋਂ ਭਾਵ ਹੈ ਸਿਮਰਨ, ਭਜਨ, ਬੰਦਗੀ। ਜਿਵੇਂ ‘ਜਪੁ’ ਬਾਣੀ ਦੀ ਪਹਿਲੀ ਪਉੜੀ ਪਹਿਲਾ ਪ੍ਰਸ਼ਨ ਦਰਸਾਉਂਦੀ ਹੈ ਕਿ-
ਜੀਵ ਦੀ ਪਰਮੇਸਰ ਨਾਲ ਪਈ ਵਿੱਥ ਕਿਵੇਂ ਦੂਰ ਹੋ ਸਕਦੀ ਹੈ? ਤੇ ਫਿਰ ਉੱਤਰ ਵਿਚ ਦੱਸਿਆ ਗਿਆ ਹੈ ਕਿ-
ਪ੍ਰਭੂ ਦੀ ਰਜ਼ਾ ਵਿਚ ਰਿਹਾਂ ਉਸ ਪਰਮਾਤਮਾ ਤੋਂ ਦੂਰੀ ਮਿਟਦੀ ਹੈ। ਪਰ ਹੁਕਮ ਵਿਚ ਕਿਵੇਂ ਰਿਹਾ ਜਾਵੇ?
ਇਸ ਪ੍ਰਸ਼ਨ ਦਾ ਉੱਤਰ ਹੈ ਕਿ ਹਰੀ ਪਰਮਾਤਮਾ ਨਾਲ ਪਿਆਰ ਕੀਤਿਆਂ ਅਥਵਾ ਉਸ ਦਾ ਸਿਮਰਨ ਕਰਿਆਂ, ਰਜ਼ਾ ਮਿੱਠੀ ਲੱਗਣ ਲੱਗਦੀ ਹੈ। ਸਪੱਸ਼ਟ ਹੈ ਕਿ ਦਾਨ, ਪੁੰਨ, ਤੀਰਥ-ਯਾਤਰਾ, ਪ੍ਰਾਣਾਯਾਮ, ਯੋਗ ਦੇ ਖਿੰਥਾ, ਮੁੰਦਰਾ ਆਦਿ ਚਿੰਨ੍ਹ ਕਰਤਾਰ ਨਾਲੋਂ ਵਿੱਛੜੇ ਜੀਵ ਨੂੰ ਉਸ ਨਾਲ ਨਹੀਂ ਮਿਲਾ ਸਕਦੇ ਸਗੋਂ ਸਿਮਰਨ ਜਾਂ ਜਪੁ ਹੀ ਐਸਾ ਸਾਧਨ ਹੈ ਜੋ ਜੀਵ ਦੀ ਵਾਹਿਗੁਰੂ ਨਾਲ ਪਈ ਦੂਰੀ ਨੂੰ ਮਿਟਾ ਸਕਦਾ ਹੈ। ‘ਜਪੁ’ ਬਾਣੀ ਵਿਚ ਸਿਮਰਨ ਦੀ ਹੀ ਵਿਆਖਿਆ ਕੀਤੀ ਗਈ ਹੈ। ਇਸੇ ਲਈ ਇਸ ਬਾਣੀ ਦਾ ਨਾਂ ‘ਜਪੁ’ ਰੱਖਿਆ ਗਿਆ ਹੈ।
ਇਹ ਬਾਣੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਹੋਈ ਹੈ ਤੇ ਸਤਿਗੁਰਾਂ ਨੇ ਇਸ ਨੂੰ ਰਾਗ-ਮੁਕਤ ਰੱਖਿਆ ਹੈ। ਸਿੱਧ ਯੋਗੀ ਆਪਣੀਆਂ ਰਿਧੀਆਂ-ਸਿਧੀਆਂ ਰਾਹੀਂ ਭੋਲੇ-ਭਾਲੇ ਜੀਵਾਂ ਨੂੰ ਪਰਮੇਸ਼ਵਰ ਦੀ ਭਗਤੀ ਤੋਂ ਤੋੜ ਕੇ ਆਪਣੀ ਪੂਜਾ ਵਿਚ ਲਾ ਰਹੇ ਸਨ ਜਿਨ੍ਹਾਂ ਸਿੱਧਾਂ ਨਾਲ ਗੁਰੂ ਜੀ ਨੇ ਚਰਚਾ ਕੀਤੀ, ਉਨ੍ਹਾਂ ਦੇ ਕੁਝ ਪ੍ਰਸ਼ਨਾਂ ਦਾ ਉੱਤਰ ਜਪੁ ਜੀ ਸਾਹਿਬ ਵਿਚ ਵਿਦਮਾਨ ਹੈ।
ਜਪੁ ਜੀ ਸਾਹਿਬ ਦੀਆਂ 38 ਪਉੜੀਆਂ ਹਨ। ਅਰੰਭ ਵਿਚ ਮੂਲ ਮੰਤਰ ਤੇ ‘ਆਦਿ ਸਚੁ ਜੁਗਾਦਿ ਸਚੁ’ ਵਾਲਾ ਸਲੋਕ ਹੈ ਅਤੇ ਅੰਤ ਵਿਚ ‘ਪਵਣੁ ਗੁਰੂ ਪਾਣੀ ਪਿਤਾ’ ਵਾਲਾ ਸਲੋਕ ਰੱਖਿਆ ਗਿਆ ਹੈ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸਾਰੇ ਗ੍ਰੰਥ ਦਾ ਸਾਰ ਜਪੁ ਜਾਂ ਸਿਮਰਨ ਨੂੰ ਦਰਸਾਉਂਦਿਆਂ ਮਹੱਲੇ ਪਹਿਲੇ ਦੀ ਇਸ ਕ੍ਰਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੀ ਬਾਣੀ ਹੋਣ ਦਾ ਮਾਣ ਬਖਸ਼ਿਆ। ਇਹ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਸਮੇਂ ਦੀ ਵੀ ਪਹਿਲੀ ਬਾਣੀ ਹੈ।
ਜਿਹਾ ਕਿ ਬਾਣੀ ਦੇ ਨਾਂ ਤੋਂ ਸਪੱਸ਼ਟ ਹੈ ਜਪੁ, ਸਿਮਰਨ, ਭਜਨ, ਬੰਦਗੀ। ਇਸ ਬਾਣੀ ਦਾ ਨਿਤਾਪ੍ਰਤੀ ਜਾਪ ਕਰਨ ਨਾਲ ਪ੍ਰਭੂ ਨਾਲ ਸੁਰਤੀ ਜੁੜਦੀ ਹੈ। ਰਜ਼ਾ ਵਿਚ ਰਹਿਣ ਦਾ ਹੌਸਲਾ ਬੁਲੰਦ ਹੁੰਦਾ ਹੈ ਤੇ ਜਦੋਂ ਸੁਰਤੀ ਜੁੜ ਗਈ, ਰਜ਼ਾ ਵਿਚ ਰਹਿਣਾ ਆ ਗਿਆ ਫਿਰ ਉਸ ਕਰਤਾਰ ਨਾਲ ਸਹਿਜੇ ਹੀ ਮਿਲਾਪ ਹੋ ਜਾਂਦਾ ਹੈ ਤੇ ਜਦੋਂ ਉਸ ਵਾਹਿਗੁਰੂ ਨਾਲ ਮੇਲਾ ਹੋ ਗਿਆ ਫਿਰ ਜਨਮ-ਜਨਮਾਂਤਰਾਂ ਦੇ ਹਰ ਤਰ੍ਹਾਂ ਦੇ ਦੁੱਖ, ਕਲੇਸ਼ ਕੱਟੇ ਜਾਂਦੇ ਹਨ। ਧਾਰਨਾ ਹੈ:
ਜਪੁ ਜੀ ਕੰਠ ਨਿਤਾਪ੍ਰਤਿ ਰਟੈ।
ਜਨਮ ਜਨਮ ਕੇ ਕਲਮਲ ਕਟੈ॥3
ਜਾਪੁ ਸਾਹਿਬ :
ਜਿਹਾ ਕਿ ਇਸ ਪਵਿੱਤਰ ਬਾਣੀ ਦੇ ਸਿਰਲੇਖ ਤੋਂ ਸਪੱਸ਼ਟ ਹੁੰਦਾ ਹੈ:
॥ਜਾਪੁ॥ ਸ੍ਰੀ ਮੁਖਵਾਕ ਪਾਤਿਸ਼ਾਹੀ 10॥
ਕਿ ਇਹ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਹ ਨਿਤਨੇਮ ਦੀ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵਿੱਚੋਂ ਦੂਸਰੇ ਕ੍ਰਮ ’ਤੇ ਹੈ। ਜਪੁ ਜੀ ਸਾਹਿਬ ਅਤੇ ਜਾਪੁ ਸਾਹਿਬ ਬਾਣੀ ਜਿੱਥੇ ਦੋਹਾਂ ਦੇ ਨਾਮ ਰਲਦੇ-ਮਿਲਦੇ ਹਨ, ਉਥੇ ਦੋਹਾਂ ਦੇ ਅਰਥ ਵੀ ਇੱਕੋ ਹੀ ਹਨ। ‘ਜਪੁ’ ਤੋਂ ਭਾਵ ਹੈ ਜਪਣਾ ਅਤੇ ‘ਜਾਪੁ’ ਤੋਂ ਭਾਵ ਹੈ ਇਕਰਸ ਲਗਾਤਾਰ ਪੜ੍ਹਨਾ। ਇਸ ਬਾਣੀ ਨੂੰ ਨਮਸਕਾਰਕ ਬਾਣੀ ਕਿਹਾ ਜਾਂਦਾ ਹੈ। ‘ਜਾਪੁ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਕਾਲ ਪੁਰਖ ਦੀ ਸਿਫਤ-ਸਲਾਹ ਹੈ। ਇਸ ਵਿਚ ਤਕਰੀਬਨ ਇਕ ਹਜ਼ਾਰ ਤੋਂ ਵੱਧ ਉਪ ਨਾਮਾਂ ਦੁਆਰਾ ਅਕਾਲ ਪੁਰਖ ਦਾ ਅਭਿਨੰਦਨ ਕੀਤਾ ਹੋਇਆ ਹੈ। ਜਿਥੇ ਇਸ ਬਾਣੀ ਨੂੰ ਪੜ੍ਹਨ ਨਾਲ ਜਗਿਆਸੂ ਨੂੰ ਇਕ ਅਕਾਲ ਪੁਰਖ ਦੇ ਪੁਜਾਰੀ ਹੋਣ ਦੀ ਪ੍ਰੇਰਨਾ ਮਿਲਦੀ ਹੈ ਉਥੇ ਅਕਾਲ ਪੁਰਖ ਦੀ ਬਹੁਗੁਣੀ ਹੋਂਦ ਅਤੇ ਆਪਣੀ ਨਿਗੂਣੀ ਹੋਂਦ ਦਾ ਅਹਿਸਾਸ ਵੀ ਹੁੰਦਾ ਹੈ ਜਿਸ ਨਾਲ ਹਉਮੈ-ਨਵਿਰਤੀ ਕਰਨ ਵਿਚ ਮੱਦਦ ਮਿਲਦੀ ਹੈ। ਅਧਿਆਤਮਿਕ ਪੱਖੋਂ ਇਹ ਬਾਣੀ ਸਰਬ-ਸ਼ਕਤੀਮਾਨ ਅਕਾਲ ਪੁਰਖ ਨਾਲ ਜੋੜਨ ਵਾਲੀ ਹੈ। ‘ਜਾਪੁ ਸਾਹਿਬ’ ਦੀ ਬੋਲੀ ਸਾਧ ਭਾਖਾ ਹੈ। ਕਿਤੇ-ਕਿਤੇ ਬ੍ਰਿਜ ਅਤੇ ਫਾਰਸੀ ਦਾ ਵੀ ਸੁਮੇਲ ਹੈ:
ਕਿ ਸਰਬਤ੍ਰ ਜਾ ਹੋ॥
ਕਿ ਸਰਬਤ੍ਰ ਭਾ ਹੋ॥113॥
ਕਿ ਸਰਬੰ ਕਲੀਮੈ॥
ਕਿ ਪਰਮੰ ਫਹੀਮੈ॥120॥
ਦੇਸ਼, ਨਸਲ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਸ ਪਾਵਨ ਬਾਣੀ ਵਿਚ ਪਾਤਸ਼ਾਹ ਜੀ ਨੇ ਸਪੱਸ਼ਟ ਕੀਤਾ ਹੈ ਕਿ ਪਰਮੇਸ਼ਵਰ ਦੀ ਉਸਤਤਿ ਕਿਸੇ ਵੀ ਬੋਲੀ ਵਿਚ ਕੀਤੀ ਜਾ ਸਕਦੀ ਹੈ। ਇਸ ਬਾਣੀ ਦੀ ਛੰਦ-ਚਾਲ ਪਹਾੜੀ ਨਦੀ ਦੇ ਤੀਬਰ ਵੇਗ ਵਾਂਗ ਰਾਗਾਤਮਿਕ ਹੈ। ਇਸ ਬਾਣੀ ਵਿਚ ਕੁੱਲ 199 ਬੰਦ ਹਨ ਅਤੇ ਦਸ ਛੰਦਾਂ ਦੀ ਬਾਈ ਵਾਰ ਵਰਤੋਂ ਕੀਤੀ ਗਈ ਹੈ। ਜਿਹਾ ਕਿ:
ਛਪੈ ਛੰਦ ਇਕ ਵਾਰ
ਭੁਜੰਗ ਪ੍ਰਯਾਤ ਛੰਦ ਛੇ ਵਾਰ
ਚਾਚਰੀ ਛੰਦ ਪੰਜ ਵਾਰ
ਚਰਪਟ ਛੰਦ ਦੋ ਵਾਰ
ਰੂਆਲ ਛੰਦ ਇਕ ਵਾਰ
ਮਧੁਭਾਰ ਛੰਦ ਦੋ ਵਾਰ
ਭਗਵਤੀ ਛੰਦ ਦੋ ਵਾਰ
ਰਸਾਵਲ ਛੰਦ ਇਕ ਵਾਰ
ਹਰਿਬੋਲਮਨਾ ਛੰਦ ਇਕ ਵਾਰ
ਏਕ ਅਛਰੀ ਛੰਦ ਇਕ ਵਾਰ
ਇਸ ਬਾਣੀ ਦਾ ਪਹਿਲੋਂ ਪਹਿਲ ਪਾਠ ਕਰਨ ’ਤੇ ਇਹ ਬਾਣੀ ਕਠਿਨ ਜਾਪਦੀ ਹੈ ਪਰ ਜਿਉਂ-ਜਿਉਂ ਇਸ ਦਾ ਪਾਠ ਕੀਤਾ ਜਾਂਦਾ ਹੈ ਇਹ ਸੌਖੀ ਲੱਗਣ ਲੱਗ ਪੈਂਦੀ ਹੈ।
ਰਹਿਤਨਾਮਿਆਂ ਵਿਚ ਇਸ ਦੇ ਰਚਣ ਦਾ ਸਮਾਂ ਸੰਮਤ 1734 ਬਿ: ਅਥਵਾ ਸੰਨ 1677 ਈ. ਅੰਕਿਤ ਹੈ:
ਸੰਮਤ 1734 ‘ਜਾਪੁ’ ਆਪਨੀਂ ਰਸਨੀਂ ਉਚਾਰ ਕੀਤਾ।”4
ਤ੍ਵਪ੍ਰਸਾਦਿ ਸ੍ਵਯੇ
‘ਤ੍ਵਪ੍ਰਸਾਦਿ ਸ੍ਵਯੇ’ ਨਾਮੀ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਇਸ ਬਾਣੀ ਦਾ ਸਿਰਲੇਖ ‘ਤ੍ਵਪ੍ਰਸਾਦਿ ਸ੍ਵਯੇ’ ਹੈ।
ਇਸ ਬਾਣੀ ਦੇ ਪਦਾਂ ਦੀ ਗਿਣਤੀ ਕੁੱਲ ਦਸ ਹੈ।
ਨਿਤਨੇਮ ਦੀਆਂ ਬਾਣੀਆਂ ਵਿੱਚੋਂ ਇਹ ਤੀਜੇ ਨੰਬਰ ’ਤੇ ਹੈ। ਅੰਮ੍ਰਿਤ ਤਿਆਰ ਕਰਨ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਇਸ ਨੂੰ ‘ਸੁਧਾ ਸ੍ਵਯੇ’ ਜਾਂ ‘ਅੰਮ੍ਰਿਤ ਸ੍ਵਯੇ’ ਵੀ ਕਿਹਾ ਜਾਂਦਾ ਹੈ। ਇਹ ਪਾਵਨ ਬਾਣੀ ‘ਅਕਾਲ ਉਸਤਤਿ’ ਨਾਮਕ ਪਾਵਨ ਬਾਣੀ ਦਾ ਹਿੱਸਾ ਹੈ। ‘ਜਾਪੁ ਸਾਹਿਬ’ ਦੇ ਉਚਾਰਨ-ਕਾਲ ਨੂੰ ਹੀ ‘ਅਕਾਲ ਉਸਤਤਿ’ ਦਾ ਰਚਨਾ-ਕਾਲ ਮੰਨਿਆ ਜਾਂਦਾ ਹੈ:
ਸੰਮਤ 1734 ‘ਜਾਪੁ’ ਆਪਨੀਂ ਰਸਨੀ ਉਚਾਰ ਕੀਤਾ। ਸ੍ਰੀ ਅਕਾਲ ਉਸਤਤਿ ਉਚਾਰੀ। ਸ੍ਰੀ ਮੁਖ ਵਾਕ ਸ੍ਵੈਯੇ ਉਚਾਰੇ।”5
ਸਾਰੇ ਸਵੱਈਆਂ ਦਾ ਕੇਂਦਰੀ ਭਾਵ ਜੀਵ ਨੂੰ ਸਹੀ ਅਧਿਆਤਮਿਕ ਮਾਰਗ ਵਿਖਾ ਕੇ ਸਰਬ ਕਲਾ ਸਮਰੱਥ ਪ੍ਰਮੇਸ਼ਰ ਦੇ ਚਰਨੀਂ ਲਾਉਣਾ ਹੈ। ਮੂਰਤੀ ਪੂਜਾ, ਮੜ੍ਹੀਆਂ ਅਥਵਾ ਕਬਰਾਂ ਦੀ ਮਾਨਤਾ ਅਤੇ ਸਰਬ-ਵਿਆਪੀ ਰੱਬੀ ਹੋਂਦ ਨੂੰ ਕਿਸੇ ਨਿਸ਼ਚਿਤ ਦਿਸ਼ਾ ਤਕ ਸੀਮਤ ਜਾਣਨਾ ਇਹ ਸਾਰੇ ਫੋਕਟ ਕਰਮ ਹਨ, ਜੋ ਉਸ ਹਰੀ ਨਾਲ ਮੇਲਣ ਦੀ ਬਜਾਇ ਉਸ ਤੋਂ ਦੂਰ ਲੈ ਜਾਂਦੇ ਹਨ। ਕਰਤਾਰ ਨਾਲ ਮਿਲਾਪ ਦੀ ਇੱਕੋ ਇਕ ਜੁਗਤੀ ਪ੍ਰਭੂ-ਪ੍ਰੇਮ ਦੇ ਧਾਰਨੀ ਹੋਣਾ ਹੈ। ਸੱਚ ਦੀ ਸਦਾ ਜਿੱਤ ਅਤੇ ਕੂੜ ਦੀ ਸਦਾ ਹਾਰ ਹੁੰਦੀ ਹੈ। ਦੇਣ ਵਾਲਾ ਉਹ ਇਕ ਵਾਹਿਗੁਰੂ ਹੈ ਤੇ ਬਾਕੀ ਸਭ ਉਸ ਪਰਮਾਤਮਾ ਦੇ ਦਰ ਦੇ ਮੰਗਤੇ ਹਨ। ਜੀਵ ਤਾਂ ਕੀ ਵੱਡੇ-ਵੱਡੇ ਰਿਸ਼ੀ, ਮੁਨੀ ਤੇ ਦੇਵਤੇ ਵੀ ਕਾਲ ਅੱਗੇ ਬੇਵੱਸ ਹੋ ਜਾਂਦੇ ਹਨ। ਪਰ ਉਸ ਪਰਮੇਸ਼ਵਰ ਦੇ ਸੇਵਕ ਕਾਲ-ਚੱਕਰ ਤੋਂ ਮੁਕਤ ਹੁੰਦੇ ਹਨ। ਇਨ੍ਹਾਂ ਸਾਰਿਆਂ ਵਿਚਾਰਾਂ ਦਾ ਗਿਆਨ ਇਨ੍ਹਾਂ ਸਵੱਈਆਂ ਨੂੰ ਪੜ੍ਹਨ ਤੇ ਸਮਝਣ ਤੋਂ ਪ੍ਰਾਪਤ ਹੁੰਦਾ ਹੈ।
ਰਹਰਾਸਿ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਬਾਣੀ ਜਪੁ ਜੀ ਸਾਹਿਬ ਤੋਂ ਮਗਰੋਂ ‘ਸੋਦਰੁ’ ਬਾਣੀ ਹੈ ਅਤੇ ਸਿੱਖ ਸੰਗਤਾਂ ਵਿਚ ਇਹ ਬਾਣੀ ‘ਰਹਰਾਸਿ’ ਕਰਕੇ ਪ੍ਰਸਿੱਧ ਹੈ ਤੇ ਇਹ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਸ਼ਾਮ ਸਮੇਂ ਪੜ੍ਹਨ ਵਾਲੀ ਬਾਣੀ ਹੈ:
“ਸੰਧਿਆ ਸਮੇਂ ਸੁਨੇ ਰਹਿਰਾਸ।…।” 6
ਭਾਵੇਂ ਇਸ ਬਾਣੀ ਦੇ ਸਿਰ ’ਤੇ ਸਿਰਲੇਖ ‘ਰਹਰਾਸਿ’ ਪਦ ਨਹੀਂ ਆਇਆ ਪਰ ਇਸ ਬਾਣੀ ਅੰਦਰ ਰਹਰਾਸਿ ਪਦ ਦੀ ਵਰਤੋਂ ਕੀਤੀ ਗਈ ਹੈ:
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥ (ਪੰਨਾ 10)
‘ਰਹਰਾਸਿ’ ਤੋਂ ਭਾਵ ਹੈ ਪ੍ਰਾਰਥਨਾ, ਬਿਨੈ:
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥ (ਪੰਨਾ 938)
‘ਰਹਰਾਸਿ’ ਸ਼ਬਦ ਦਾ ਸੰਸਕ੍ਰਿਤ ਅਤੇ ਫਾਰਸੀ ਨਾਲ ਵੀ ਗੂੜ੍ਹਾ ਸੰਬੰਧ ਹੈ। ਫ਼ਾਰਸੀ ਵਿਚ ‘ਰਹਰਾਸਿ’ ਤੋਂ ਭਾਵ ਹੈ ‘ਰਾਹੇ-ਰਾਸਤ’ ਸਿੱਧਾ ਰਾਹ, ਮਰਯਾਦਾ, ਰੀਤ, ਤਰੀਕਾ।
ਸੰਸਕ੍ਰਿਤ ਵਿਚ ‘ਰਹਰਾਸਿ’ ਦਾ ਅਰਥ ਰਹੱਸ ਤੇ ਗੁੱਝਾ ਭੇਦ ਹੈ। ਰਹਰਾਸਿ ਦਾ ਅਰੰਭ ‘ਸੋ ਦਰੁ’ ਵਾਲੇ ਮਹਲਾ 1 ਦੇ ਆਸਾ ਰਾਗੁ ਦੇ ਸ਼ਬਦ ਨਾਲ ਹੁੰਦਾ ਹੈ। ‘ਸੁਣਿ ਵਡਾ ਆਖੈ ਸਭੁ ਕੋਇ’ ਅਤੇ ‘ਆਖਾ ਜੀਵਾ ਵਿਸਰੈ ਮਰਿ ਜਾਉ’ ਦੋਨੋਂ ਸ਼ਬਦ ਇਸੇ ਮਹਲੇ ਤੇ ਰਾਗੁ ਦੇ ਹਨ। ਰਾਗੁ ਗੂਜਰੀ ਦਾ ‘ਹਰਿ ਕੇ ਜਨ ਸਤਿਗੁਰ ਸਤ ਪੁਰਖਾ…’ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਅਤੇ ਇਸੇ ਰਾਗ ਦਾ ‘ਕਾਹੇ ਰੇ ਮਨ ਚਿਤਵਹਿ ਉਦਮੁ’ ਸ਼ਬਦ ਪੰਚਮ ਗੁਰੂ ਜੀ ਦਾ ਹੈ। ਇਉਂ ਹੀ ਆਸਾ ਰਾਗ ਦੇ ‘ਸੋ ਪੁਰਖੁ ਨਿਰੰਜਨੁ’, ‘ਤੂੰ ਕਰਤਾ ਸਚਿਆਰੁ’ ਦੋ ਸ਼ਬਦ ਚੌਥੇ ਪਾਤਸ਼ਾਹ ਜੀ ਦੇ ਹਨ।
ਆਸਾ ਮ: 1 ਦਾ ਸ਼ਬਦ ‘ਤਿਤੁ ਸਰਵਰੜੈ ਭਈਲੇ ਨਿਵਾਸਾ’ ਅਤੇ ਆਸਾ ਮ: 5 ਦਾ ਸ਼ਬਦ ‘ਭਈ ਪਰਾਪਤਿ ਮਾਨੁਖ ਦੇਹੁਰੀਆ’ ਦੋ ਸ਼ਬਦਾਂ ਤੋਂ ਮਗਰੋਂ ਬੇਨਤੀ ਚੌਪਈ ਪਾਤਸ਼ਾਹੀ 10 (‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੇ ਲਏ ਬਚਾਈ’ ਤਕ ਸ੍ਵੈਯਾ (ਪਾਇ ਗਹੇ ਜਬ ਤੇ ਤੁਮਰੈ) ਅਤੇ ਦੋਹਰਾ (ਸਗਲ ਦੁਆਰ ਕਉ ਛਾਡਿ ਕੈ) ਅਨੰਦ ਸਾਹਿਬ ਦੀਆਂ ਅੰਤਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ ਮੁੰਦਾਵਣੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ’।
ਚੌਪਈ ਸਾਹਿਬ ਦੀ ਬਾਣੀ ਰਹਰਾਸਿ ਸਾਹਿਬ ਵਿਚ ਸ਼ਾਮਲ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਇਹ ਬਾਣੀ ‘ਕਬਯੋ ਬਾਚ ਬੇਨਤੀ॥ਚੌਪਈ॥’ ਦੇ ਸਿਰਲੇਖ ਹੇਠ ਦਰਜ ਹੈ। ਇਹ ਬਾਣੀ ਪਿੰਗਲ ਅਨੁਸਾਰ ਚੌਪਈ ਛੰਦ ਵਿਚ ਲਿਖੀ ਹੋਣ ਕਾਰਨ ਇਸ ਨੂੰ ਚੌਪਈ ਕਿਹਾ ਜਾਂਦਾ ਹੈ। ਚੌਪਈ ਦੇ ਚਾਰ-ਚਾਰ ਚਰਣ (ਪੰਗਤੀਆਂ) ਹਨ। ਇਹ ਇਕ ਮਾਤ੍ਰਿਕ ਛੰਦ ਹੈ, ਇਕ-ਇਕ ਚਰਣ ਵਿਚ ਪੰਦਰ੍ਹਾਂ ਜਾਂ ਸੋਲ੍ਹਾਂ ਮਾਤਰਾਂ ਹੁੰਦੀਆਂ ਹਨ।
ਚੌਪਈ ਸਾਹਿਬ ਵਿਚ ਸਰਬ ਕਲਾ ਸਮਰੱਥ, ਸਰਬ ਸ਼ਕਤੀਮਾਨ, ਸਦਾ ਥਿਰ ਹੋਂਦ ਵਾਲੇ ਸਿਰਜਨਹਾਰ, ਪਾਲਣਹਾਰ ਅਤੇ ਸੰਘਾਰ ਕਰਨ ਵਾਲੇ ਪ੍ਰਭੂ ਦੇ ਚਰਣਾਂ ਵਿਚ ਅਰਦਾਸ ਬੇਨਤੀ ਕੀਤੀ ਹੈ ਅਤੇ ਦੀਨ ਬੰਧੂ, ਨਿਰੰਕਾਰ, ਨਿਰਵਿਕਾਰ, ਨਿਰਲੰਭ, ਖੜਗਕੇਤ, ਅਨੀਲ, ਅਨਾਦਿ, ਅਸੰਭ, ਮਹਾਂਕਾਲ, ਸੰਤ ਸਹਾਈ ਆਦਿ ਆਪਣੇ ਇਸ਼ਟ ਦੇਵ ਦੇ ਵਿਸ਼ੇਸ਼ ਗੁਣਾਂ ਦਾ ਵਰਣਨ ਕੀਤਾ ਹੈ। ਇਸ ਦਾ ਰਚਨ-ਕਾਲ ਸੰਮਤ 1753 ਬਿਕ੍ਰਮੀ (ਸੰਨ 1696 ਈ.) ਬਣਦਾ ਹੈ।
‘ਸੋ ਦਰੁ’ ਦਾ ਪਾਠ ‘ਜਪੁ ਜੀ ਸਾਹਿਬ’ ਦੀ ਸਤਾਈਵੀਂ ਪਉੜੀ ਅਤੇ ਰਾਗੁ ਆਸਾ ਦੇ ਅਰੰਭ ਵਿਚ ਤੀਸਰੀ ਵਾਰ ਫਿਰ ਆਇਆ ਹੈ। ਤਿੰਨਾਂ ਸੋਦਰਾਂ ਦੇ ਪਾਠਾਂ ਵਿਚ ਪਦ, ਅੱਖਰ, ਲਗਾਂ, ਮਾਤਰਾ ਦਾ ਥੋੜ੍ਹਾ-ਬਹੁਤ ਫਰਕ ਹੈ ਪਰ ਸਾਰਿਆਂ ਦਾ ਭਾਵ ਇੱਕੋ ਹੀ ਹੈ।
ਇਸ ਬਾਣੀ ਦਾ ਪਾਠ ਕਰਨ ’ਤੇ ਇੰਞ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਦੀਆਂ ਲੰਮੀਆਂ ਬਾਣੀਆਂ ਤੋਂ ਬਾਅਦ ਸੰਝ ਸਮੇਂ ਦੀ ਇਹ ਬਾਣੀ ਨਿਤਨੇਮ ਵਿਚ ਇਸ ਮਨੋਭਾਵ ਨਾਲ ਦਰਜ ਕੀਤੀ ਕਿ ਸਾਰੀ ਦਿਹਾੜੀ ਦੇ ਕੰਮਾਂ-ਕਾਜਾਂ ਤੋਂ ਥੱਕਿਆ ਜੀਵ ਆਤਮਿਕ ਸ਼ਾਂਤੀ ਨਾਲ ਕਰ ਸਕੇ।
ਕੀਰਤਨ ਸੋਹਿਲਾ
‘ਕੀਰਤਨ ਸੋਹਿਲਾ’ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਤੀਸਰੇ ਨੰਬਰ ’ਤੇ ਦਰਜ ਕੀਤਾ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 12-13 ਉੱਪਰ ਅੰਕਿਤ ਹੈ। ਇਹ ਬਾਣੀ ਪੰਜ ਸ਼ਬਦਾਂ ਦਾ ਸੁੰਦਰ ਸੰਗ੍ਰਹਿ ਹੈ ਜਿਸ ਵਿਚ ਪਹਿਲੇ ਤਿੰਨ ਸ਼ਬਦ ਸ੍ਰੀ ਗੁਰੁ ਨਾਨਕ ਦੇਵ ਜੀ ਦੇ, ਚੌਥਾ ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦਾ ਅਤੇ ਪੰਜਵਾਂ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ। ਇਸ ਬਾਣੀ ਨੂੰ ਕਈ ਨਾਵਾਂ ਨਾਲ ਲਿਖਿਆ ਤੇ ਪੜ੍ਹਿਆ ਜਾਂਦਾ ਹੈ। ਜਿਵੇਂ ਕਿ ‘ਸੋਹਿਲਾ’ ‘ਆਰਤੀ ਸੋਹਿਲਾ’ ਜਾਂ ‘ਕੀਰਤਨ ਸੋਹਿਲਾ’।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸ਼ਬਦ ਦੇ ਉੱਪਰ ਸਿਰਲੇਖ:
‘ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1’
ਅਤੇ ਸ਼ਬਦ ਦੇ ਅੰਦਰ ਦੋ ਵਾਰੀ ‘ਸੋਹਿਲਾ’ ਤੇ ਇਕ ਵਾਰੀ ‘ਸੋਹਿਲੈ’ ਆਉਣ ਕਾਰਨ ਇਸ ਬਾਣੀ ਦਾ ਨਾਂ ‘ਸੋਹਿਲਾ’ ਪ੍ਰਚਲਤ ਹੋਇਆ:
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ॥1॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ॥1॥ਰਹਾਉ॥ (ਪੰਨਾ 157)
ਗੁਰ-ਅਸਥਾਨਾਂ ’ਤੇ ‘ਸੋ ਦਰੁ’ ਦੇ ਪਾਠ ਤੋਂ ਬਾਅਦ ਕੀਰਤਨ ਹੁੰਦਾ ਹੈ ਤੇ ਸ਼ਬਦ ਕੀਰਤਨ ਦੀ ਸਮਾਪਤੀ ਉਪਰੰਤ ‘ਸੋਹਿਲਾ’ ਬਾਣੀ ਦਾ ਪਾਠ ਹੁੰਦਾ ਹੈ।
ਇਸ ਬਾਣੀ ਨੂੰ ਰਾਤ ਸਮੇਂ ਪੜ੍ਹਨ ਦਾ ਵਿਧਾਨ ਹੈ ਜਿਸ ਦੀ ਪੁਸ਼ਟੀ ਦੋ ਗ੍ਰੰਥਾਂ ਵਿੱਚੋਂ ਹੁੰਦੀ ਹੈ। ਜਿਥੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਇਕ ਆਜੜੀ ਨੂੰ ਉਪਦੇਸ਼ ਦੇ ਕੇ ‘ਕੀਰਤਨ ਸੋਹਿਲਾ’ ਰਾਤ ਨੂੰ ਬਿਸਤਰ ਪਰ ਬੈਠ ਕੇ ਸੌਣ ਸਮੇਂ ਪੜ੍ਹਨ ਦੀ ਹਦਾਇਤ ਕੀਤੀ ਹੈ:
“ਤਾਂ ਅਗਲੇ ਭਲਕ ਸ੍ਰੀ ਗੁਰੂ ਅੰਗਦ ਜੀ ਨੇ ਉਸ ਅਯਾਲੀ ਕੋ ਸਦਵਾਇ ਕਰ ਕਹਿਆ ਸੁਣ ਭਾਈ! ਤੂੰ ਜੋ ਆਰਤੀ ਸੋਹਿਲਾ ਪੜ੍ਹਦਾ ਹੈਂ ਸੋ ਤੂੰ ਆਪਣੇ ਬਿਸਤਰੇ ਉੱਪਰ ਬੈਠ ਕੇ ਸੌਂਦੀ ਵਾਰ ਪੜ੍ਹਿਆ ਕਰ, ਸੁਣਦੇ ਪੜ੍ਹਦੇ ਪਰਮਗਤੀ ਹੋਏਗੀ ਅਤੇ ਸ੍ਰੀ ਗੁਰੂ ਜੀ ਤੁਹਾਡੇ ਅੰਗ-ਸੰਗ ਰਹਿਣਗੇ, ਇਹ ਬਾਣੀ ਪੜ੍ਹਨ ਦਾ ਸਾਰੀ ਸੰਗਤ ਕੋ ਹੁਕਮ ਦੀਆ।”7
ਪਢਹਿਂ ਸੋਹਿਲਾ ਸੋਵਨ ਕਾਲਾ।
ਹਿਰਦੈ ਧਰਿ ਕੈ ਧ੍ਯਾਨ ਬਿਸਾਲਾ।
ਤਿਨ ਕਾ ਹ੍ਵੈ ਸਤਿਗੁਰ ਰਖਵਾਰਾ।
ਬਿਘਨ ਸਰਬ ਦੇ ਦੂਖ ਨਿਵਾਰਾ॥46॥8
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਤ ਨੂੰ ਸੁਖਆਸਣ ਕਰਨ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਇਸ ਬਾਣੀ ਨੂੰ ਪੜ੍ਹਿਆਂ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਸਾਰੇ ਦੁੱਖਾਂ, ਕਲੇਸ਼ਾਂ ਦਾ ਨਾਸ਼ ਹੁੰਦਾ ਹੈ। ਅਕਾਲ ਪੁਰਖ ਸਦਾ ਅੰਗ-ਸੰਗ ਰਹਿੰਦੇ ਹਨ।
ਅਰਦਾਸਿ
‘ਅਰਦਾਸਿ’ ਫਾਰਸੀ ਸਬਦ ਅਰਜ+ਦਾਸਤ ਦਾ ਬਦਲਵਾਂ ਰੂਪ ਹੈ ਜਿਸ ਦਾ ਭਾਵ ਹੈ ਅਰਜ਼ੀ ਜਾਂ ਬੇਨਤੀ। ਅਰਦਾਸਿ ਕਿਸੇ ਪਰਾ-ਸਰੀਰਕ ਸ਼ਕਤੀ ਨੂੰ ਇੱਛਾ- ਪੂਰਤੀ, ਭੁੱਲਾਂ ਅਪਰਾਧਾਂ ਦੀ ਮੁਆਫੀ। ਕਰਣੀ ਦਾ ਅਭਿਮਾਨ ਛੱਡ ਕੇ ਬਖਸ਼ਿਸ਼ ਦੀ ਮੰਗ ਕਰਨੀ, ਕਰਤਾਰ ਦੀ ਰਜ਼ਾ ਅੰਦਰ ਰਹਿ ਕੇ ਆਤਮ-ਸਮਰਪਣ ਲਈ ਆਪਣੇ ਪਿਤਾ-ਪਰਮੇਸ਼ਵਰ ਅੱਗੇ ਕੀਤੀ ਗਈ ਬੇਨਤੀ ਹੈ। ਅਰਦਾਸਿ ਹਰ ਥਾਂ, ਹਰ ਸਮੇਂ ਕੀਤੀ ਜਾ ਸਕਦੀ ਹੈ। ਅਰਦਾਸਿ ਲੰਮੀ ਜਾਂ ਛੋਟੀ ਵੀ ਹੋ ਸਕਦੀ ਹੈ। ਧਾਰਮਿਕ ਅਸਥਾਨਾਂ ’ਤੇ ਨੀਯਤ ਸਮਿਆਂ ਦੇ ਜਾਪ, ਕਥਾ ਜਾਂ ਕੀਰਤਨ ਪਿੱਛੋਂ ਅਰਦਾਸਿ ਦੀ ਮਰਯਾਦਾ ਹੈ। ਸਮੂਹਿਕ ਜਾਂ ਜਮਾਤੀ ਅਰਦਾਸਿ ਪਿੱਛੋਂ ਇਕੱਤਰ ਹੋਈ ਸੰਗਤ ਵਿਚ ਪ੍ਰਸ਼ਾਦ ਵੰਡਿਆ ਜਾਂਦਾ ਹੈ।
ਸਿੱਖ ਧਰਮ ਵਿਚ ਹਰ ਖੁਸ਼ੀ ਗ਼ਮੀ ਦੇ ਸਮੇਂ ਅਰਦਾਸਿ ਕਰਨ ਦਾ ਵਿਧਾਨ ਹੈ। ਕਿਸੇ ਸ਼ੁੱਭ ਕੰਮ ਨੂੰ ਕਰਨ ਲੱਗਿਆਂ ਉਸ ਦੀ ਨਿਰਵਿਘਨਤਾ ਸਹਿਤ ਪੂਰਤੀ ਤੇ ਕਾਰਜ ਸੰਪੂਰਨ ਹੋਣ ’ਤੇ ਸ਼ੁਕਰਾਨੇ ਵਜੋਂ ਅਰਦਾਸਿ ਕੀਤੀ ਜਾਂਦੀ ਹੈ। ਇਸ ਅਰਦਾਸਿ ਨੂੰ ਜਾਤੀ ਜਾਂ ਨਿੱਜੀ ਅਰਦਾਸਿ ਕਿਹਾ ਜਾਂਦਾ ਹੈ।
ਸਿੱਖੀ ਅਰਦਾਸਿ ਜੋ ਪ੍ਰਚੱਲਤ ਰੂਪ ਵਿਚ ਕੀਤੀ ਜਾਂਦੀ ਹੈ, ਉਸ ਨੂੰ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:-
(ੳ) ਮੁੱਢਲਾ ਭਾਗ
ਚੰਡੀ ਦੀ ਵਾਰ ਦੇ ਸ਼ੁਰੂ ਵਿਚ ਆਏ ਮੰਗਲ ਤੇ ਪਉੜੀ (‘ੴ ਵਾਹਿਗੁਰੂ ਜੀ ਕੀ ਫ਼ਤਹ॥’ ਤੋਂ ਲੈ ਕੇ ‘ਸਭ ਥਾਈਂ ਹੋਇ ਸਹਾਇ॥’ ਤਕ) ਰਾਹੀਂ ਅਕਾਲ ਪੁਰਖ ਤੇ ਪਹਿਲੀਆਂ ਨੌਂ ਪਾਤਸ਼ਾਹੀਆਂ ਦੀ ਅਰਾਧਨਾ ਅਤੇ ਉਨ੍ਹਾਂ ਤੋਂ ਮਦਦ ਦੀ ਮੰਗ।
(ਅ) ਵਿਚਕਾਰਲਾ ਹਿੱਸਾ
1. ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਹਾਜ਼ਰਾ ਹਜ਼ੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਾਧਨਾ ਕਰਕੇ ਉਸ ਤੋਂ ਸਹਾਇਤਾ ਦੀ ਜਾਚਨਾ।
2. ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਨਾਮ ਜਪਣ ਤੇ ਧਰਮ ਲਈ ਕੁਰਬਾਨ ਹੋਣ ਵਾਲੇ ਸਮੂਹ ਸ਼ਹੀਦਾਂ ਦਾ ਧਿਆਨ ਧਰ ਕੇ ਉਨ੍ਹਾਂ ਦੇ ਸਿੱਖੀ ਸਿਦਕ ਨੂੰ ਬੰਦਨਾ।
3. ਪੰਜਾਂ ਤਖ਼ਤਾਂ ਤੇ ਸਰਬੱਤ ਗੁਰ-ਅਸਥਾਨਾਂ ਦਾ ਧਿਆਨ ਧਰ ਕੇ ਉਨ੍ਹਾਂ ਨੂੰ ਨਮਸਕਾਰ।
4. ਸਰਬੱਤ ਖਾਲਸੇ ਦੀ ਚੜ੍ਹਦੀ ਕਲਾ, ਰੱਖਿਆ ਅਤੇ ਜਿੱਤ ਲਈ ਬਿਨੈ।
5. ਸਿੱਖੀ ਦੇ ਨਿਸ਼ਾਨ ਚੌਕੀਆਂ, ਝੰਡੇ, ਬੁੰਗੇ, ਅਟੱਲ ਰਹਿਣ ਲਈ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਦੀ ਕਾਮਨਾ।
6. ਸ੍ਰੀ ਨਨਕਾਣਾ ਸਾਹਿਬ ਆਦਿ ਗੁਰ-ਅਸਥਾਨ ਜਿਨ੍ਹਾਂ ਤੋਂ ਪੰਥ ਵਿਛੜਿਆ ਹੋਇਆ ਹੈ ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ-ਸੰਭਾਲ ਦੀ ਕਾਮਨਾ।
7. ਖਾਸ ਸਮੇਂ ਅਤੇ ਅਸਥਾਨ ਨਾਲ ਸੰਬੰਧਤ ਸ਼ਖ਼ਸੀ ਜਾਂ ਸੰਗਤੀ ਅਰਜ਼ੋਈ।
(ੲ) ਛੇਕੜਲਾ ਭਾਗ ਸਿੱਖ ਧਰਮ ਵੱਲੋਂ ਸਮੂਹਕ ਭਲੇ ਲਈ ਜਾਚਨਾ-
ਨਾਨਕ ਨਾਮ ਚੜ੍ਹਦੀ ਕਲਾ॥
ਤੇਰੇ ਭਾਣੇ ਸਰਬੱਤ ਦਾ ਭਲਾ॥
ਹਵਾਲਾ-ਪੁਸਤਕਾਂ :
1.ਵਾਰਾਂ ਭਾਈ ਗੁਰਦਾਸ ਜੀ ਵਾਰ 28, ਪਉੜੀ 10
2. ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਿਤੁ 5, ਅੰਸੂ 38, ਜਿਲਦ 13, ਪੰਨਾ 5633 ਕ੍ਰਿਤ ਭਾਈ ਸੰਤੋਖ ਸਿੰਘ ਜੀ, ਟਿੱਪਣੀਕਾਰ ਭਾਈ ਵੀਰ ਸਿੰਘ ਜੀ।
3. ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ 52, ਜਿਲਦ 4, ਪੰਨਾ 1207, ਕ੍ਰਿਤ ਭਾਈ ਸੰਤੋਖ ਸਿੰਘ ਜੀ, ਟਿੱਪਣੀਕਾਰ ਭਾਈ ਵੀਰ ਸਿੰਘ ਜੀ।
4. ਰਹਿਤਨਾਮੇ ਪੰਨਾ 102 ਸੰਪਾਦਕ ਪ੍ਰੋ. ਪਿਆਰਾ ਸਿੰਘ ਪਦਮ ਰਹਿਤਨਾਮਾ ਹਜ਼ੂਰੀ ਭਾਈ ਚਉਪਾ ਸਿੰਘ। ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ 1991.
5. ਉਹੀ, ਪੰਨਾ 102.
6. ਉਹੀ, ਪੰਨਾ 54, ਰਹਿਤਨਾਮਾ ਭਾਈ ਨੰਦ ਲਾਲ ਜੀ।
7. ਜਨਮ ਸਾਖੀ ਭਾਈ ਬਾਲੇ ਵਾਲੀ, ਪੰਨਾ 468, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਖੀ, ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ।
8. ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ 48, ਜਿਲਦ 4, ਪੰਨਾ 1165, ਕ੍ਰਿਤ ਭਾਈ ਸੰਤੋਖ ਸਿੰਘ ਜੀ ਟਿੱਪਣੀਕਾਰ ਭਾਈ ਵੀਰ ਸਿੰਘ ਜੀ।
ਸਹਾਇਕ ਪੁਸਤਕਾਂ :
1. ਸਿੱਖ ਰਹਿਤ ਮਰਯਾਦਾ, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
2. ਗੁਰੁ ਸ਼ਬਦ ਰਤਨਾਕਰ, ਮਹਾਨ ਕੋਸ਼, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ, ਪ੍ਰਕਾਸ਼ਕ ਭਾਸ਼ਾ ਵਿਭਾਗ ਪੰਜਾਬ, 1981.
3. ਨਿਤਨੇਮ ਸਰਲ ਵਿਚਾਰਧਾਰਾ, ਕ੍ਰਿਤ ਭਾਈ ਜੋਗਿੰਦਰ ਸਿੰਘ ਤਲਵਾੜਾ, ਪ੍ਰਕਾਸ਼ਕ ਸਿੰਘ ਬ੍ਰਦਰਜ਼, ਅੰਮ੍ਰਿਤਸਰ-1999.
ਲੇਖਕ ਬਾਰੇ
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/April 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/June 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/June 1, 2009
- ਗਿਆਨੀ ਮੋਹਨ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a9%8b%e0%a8%b9%e0%a8%a8-%e0%a8%b8%e0%a8%bf%e0%a9%b0%e0%a8%98/July 1, 2009