editor@sikharchives.org

ਓਅੰਕਾਰੁ ਬਾਣੀ ਵਿਚ ਜੀਵਨ-ਜਾਚ

ਓਅੰਕਾਰੁ ਬਾਣੀ ਵਿਚ ਜੀਵ ਨੂੰ ਮਨ ਦੀ ਦੌੜ-ਭੱਜ ਰੋਕ ਕੇ ਇਕ ਥਾਂ ਟਿਕਾਏ ਰੱਖਣ ਲਈ ਕਿਹਾ ਗਿਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਦੀ ਮਹੱਤਤਾ ਇਕਸਾਰ ਹੈ। ਜਿੱਥੇ ਇਹ ਸ਼ਰਧਾ ਦਾ ਵਿਸ਼ਾ ਹੈ, ਉਥੇ ਨਾਲ ਹੀ ਇਸ ਨੂੰ ਵਿਚਾਰਨ ਅਤੇ ਇਸ ਅਨੁਸਾਰ ਜੀਵਨ ਬਤੀਤ ਕਰਨਾ ਵੀ ਅਤਿ ਲੋੜੀਂਦਾ ਹੈ। ਇਹ ਸਾਨੂੰ ਅਜਿਹੀ ਜੀਵਨ-ਜਾਚ ਵੱਲ ਪ੍ਰੇਰਦੀ ਹੈ ਤਾਂ ਜੋ ਆਦਰਸ਼ ਮਨੁੱਖ ਬਣਿਆ ਜਾ ਸਕੇ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਡੂੰਘਿਆਈ ਨਾਲ ਸਮਝਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਖਰੇ-ਵੱਖਰੇ ਰਚਨਾਕਾਰਾਂ ਦੀ ਬਾਣੀ ਅਤੇ ਫਿਰ ਇਕ ਰਚਨਾਕਾਰ ਦੀਆਂ ਵੱਖਰੀਆਂ-ਵੱਖਰੀਆਂ ਬਾਣੀਆਂ ਦਾ ਵਿਸ਼ਲੇਸ਼ਣਾਤਮਕ ਅਧਿਐਨ ਕੀਤਾ ਜਾਂਦਾ ਹੈ।

ਓਅੰਕਾਰੁ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਾਮਕਲੀ ਦਖਣੀ ਰਾਗ ਵਿਚ ਰਚਿਤ ਹੈ। ਰਾਮਕਲੀ ਦਖਣੀ ਰਾਗਣੀ ਰਾਮਕਲੀ ਦੀ ਹੀ ਇਕ ਕਿਸਮ ਹੈ। ਇਸ ਬਾਣੀ ਦੀਆਂ 54 ਪਉੜੀਆਂ ਹਨ। ਇਸ ਬਾਣੀ ਦਾ ਕੇਂਦਰੀ ਭਾਵ ਰਹਾਉ ਵਾਲੀ ਤੁਕ ਵਿਚ ਹੀ ਸਪਸ਼ਟ ਹੈ ਜੋ ਹੇਠ ਲਿਖੇ ਅਨੁਸਾਰ ਹੈ:

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ (ਪੰਨਾ 930)

ਭਾਵ ਹੇ ਪਾਂਡੇ! ਸੁਣ ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ ਕੋਈ ਆਤਮਿਕ ਲਾਭ ਨਹੀਂ ਹੋ ਸਕਦਾ। ਜੇ ਤੂੰ ਆਪਣਾ ਜੀਵਨ ਸਫਲ ਕਰਨਾ ਹੈ ਤਾਂ ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਲਿਖ।1

ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਸਾਨੂੰ ‘ਓਅੰਕਾਰੁ’ ਬਾਣੀ ਵਿਚ ਇਕ ਆਮ ਪਾਂਧੇ (ਮਨਮੁਖ) ਨੂੰ ਆਦਰਸ਼ ਪਾਂਧਾ (ਗੁਰਮੁਖ) ਬਣਨ ਦਾ ਰਾਹ ਸੁਝਾਉਣ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕਿਨ੍ਹਾਂ ਅਵਗੁਣਾਂ ਨੂੰ ਤਿਆਗਣਾ ਹੈ ਤੇ ਕਿਹੜੇ ਗੁਣ ਆਪਣੇ ਵਿਚ ਸਮੋਣੇ ਹਨ। ਓਅੰਕਾਰੁ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਹੈ ਕਿ ਇੱਕੋ ਇੱਕ ਪਰਮਾਤਮਾ ਹਰ ਜਗ੍ਹਾ ਵਰਤ ਰਿਹਾ ਹੈ ਪਰ ਫਿਰ ਵੀ ਉਸ ਦੇ ਮਨ ’ਤੇ ਹਉਮੈ ਤੇ ਹੰਕਾਰ ਗਲਬਾ ਪਾਈ ਰੱਖਦੇ ਹਨ। ਮਾਇਆ ਦੇ ਮਤਵਾਲੇ ਜੀਵਾਂ ਨੂੰ ਮਾਇਆ ਰੂਪੀ ਝੂਠ ਨੇ ਠਗਉਰੀ ਪਾ ਕੇ ਗਰਕ ਕੀਤਾ ਹੋਇਆ ਹੈ। ਉਹ ਚਸਕੇ, ਲਾਲਚ ਤੇ ਮੁਥਾਜੀ ਵਿਚ ਗਰਕ ਹੋ ਰਹੇ ਹਨ। ਉਨ੍ਹਾਂ ਨੂੰ ਦ੍ਵੈਤ ਭਾਵ ਹੀ ਚੰਗਾ ਲੱਗਦਾ ਹੈ। ਉਹ ਹੰਕਾਰ ਵਿਚ ਸੜਦੇ ਅਤੇ ਮਾਇਆ ਦੀ ਜ਼ਹਿਰ ਖਾਂਦੇ ਹਨ।2 ਹਉਮੈ ਰੂਪ ਪਰਬਤ ਉੱਤੇ ਵੱਸਣ ਵਾਲੇ ਜੀਵ ਤ੍ਰਿਸ਼ਨਾ ਵਿਚ ਫਸੇ ਹੁੰਦੇ ਹਨ ਅਤੇ ਤ੍ਰਿਸ਼ਨਾ ਦੇ ਹੁੰਦਿਆਂ ਸਰੀਰ ਵਿਚ ਸੁਖ ਨਹੀਂ ਹੋ ਸਕਦਾ।3 ਅਜਿਹੇ ਮਨੁੱਖਾਂ ਨੂੰ ਦੁਬਿਧਾ ਜਾਂ ਦੁਚਿੱਤੇਪਨ ਦਾ ਰੋਗ ਚਿੰਬੜਿਆ ਹੋਇਆ ਹੈ ਅਤੇ ਸਿੱਟੇ ਦੇ ਤੌਰ ’ਤੇ ਉਹ ਆਵਾਗਵਨ ਦੇ ਚੱਕਰ ਵਿਚ ਪਏ ਹੋਏ ਹਨ।4 ਓਅੰਕਾਰੁ ਬਾਣੀ ਵਿਚ ਸਰੀਰ ਨੂੰ ਰੁੱਖ ਅਤੇ ਮਨ ਤੇ ਗਿਆਨ-ਇੰਦ੍ਰੀਆਂ ਨੂੰ ਪੰਛੀ ਕਿਹਾ ਗਿਆ ਹੈ। ਜਦੋਂ ਇਹ ਮਨ ਰੂਪੀ ਪੰਛੀ ਚੋਖੀ ਚੋਗ ਵੇਖ ਕੇ ਕਾਹਲੀ-ਕਾਹਲੀ ਉਸ ਨੂੰ ਖਾਣ ਪੈਂਦੇ ਹਨ ਤਾਂ ਉਨ੍ਹਾਂ ਨੂੰ ਫਾਹੀ ਪੈਂਦੀ ਹੈ, ਉਨ੍ਹਾਂ ਦੇ ਖੰਭ ਟੁੱਟਦੇ ਹਨ ਭਾਵ ਉਹ ਦੁਖੀ ਹੁੰਦੇ ਹਨ। ਕਾਮ ਅਤੇ ਕ੍ਰੋਧ ਜਿੱਥੇ ਸਰੀਰ ਨੂੰ ਵਿਕ੍ਰਿਤ ਕਰਦੇ ਹਨ ਉੱਥੇ ਲੋਭ ਦੇ ਅਉਗਣ ਕਰਕੇ ਜੀਵ ’ਤੇ ਮੁਸੀਬਤ ਆ ਪੈਂਦੀ ਹੈ।5 ਜੀਵ ਅਉਗਣਾਂ ਨਾਲ ਨਕਾਨੱਕ ਭਰੇ ਹੋਏ ਹਨ। ਪਰ ਅਉਗਣ ਕਰਨ ਵਾਲਾ ਅੰਤ ਪਛਤਾਉਂਦਾ ਹੈ। ਪਾਪਾਂ ਨਾਲ ਭਰੇ ਹੋਏ ਬੰਦੇ ਸੰਸਾਰ ਸਾਗਰ ਦੇ ਉਰਲੇ ਕੰਢੇ ’ਤੇ ਹੀ ਡਿੱਗ ਰਹੇ ਹਨ।6 ਪਾਪ ਮਾੜਾ ਹੈ ਫਿਰ ਵੀ ਕਰਨ ਵਾਲੇ ਨੂੰ ਪਿਆਰਾ ਲੱਗਦਾ ਹੈ। ਅਜਿਹਾ ਜੀਵ ਪਾਪਾਂ ਦੇ ਭਾਰ ਹੀ ਲੱਦਦਾ ਹੈ ਤੇ ਪਾਪਾਂ ਦਾ ਖਿਲਾਰਾ ਖਿਲਾਰਦਾ ਹੈ। ਪਾਪ ਵਿਚ ਫਸੇ ਜੀਵ ਨੂੰ ਸੋਗ, ਵਿਛੋੜਾ ਅਤੇ ਦੁੱਖ ਹੁੰਦਾ ਹੈ, ਉਹ ਨਰਕਾਂ ਵਿਚ ਪੈਂਦਾ ਹੈ। ਜਦ ਤਕ ਝੂਠ ਰੂਪ ਨਾਸ ਕਰਨ ਵਾਲਾ ਕਾਲ ਅੰਦਰ ਮੌਜੂਦ ਹੈ ਜਨਮ-ਮਰਨ ਖ਼ਤਮ ਨਹੀਂ ਹੋ ਸਕਦਾ। ਨਿੰਦਾ ਅਤੇ ਚੁਗਲੀ ਵੀ ਮਾੜੇ ਹਨ। ਮਨਮੁਖ ਜੋ ਮਨ ਦੇ ਮਗਰ ਲੱਗ ਕੇ ਮਾੜੇ ਕੰਮ ਕਰਦਾ ਹੈ, ਓਅੰਕਾਰੁ ਬਾਣੀ ਅਨੁਸਾਰ ‘ਅੰਧੁ ਮੁਗਧੁ ਗਵਾਰੁ’ ਹੈ। ਜੀਵ ਸੰਸਾਰ ਵਿਚ ਆਇਆ ਤਾਂ ਹੈ ਲਾਹੇ ਲਈ ਪਰ ਇਥੇ ਮਾਇਆ ਦਾ ਸੇਵਕ ਹੋ ਕੇ ਫਿਰਦਾ ਹੈ ਤੇ ਠੱਗਣੀ ਮਾਇਆ ਦੇ ਹੱਥੋਂ ਠੱਗਿਆ ਜਾਂਦਾ ਹੈ।7 ਜੀਵ ਮਾਇਆ ਦੇ ਅਸਰ ਹੇਠ ਜਮ ਦੇ ਰਸਤੇ ਨੂੰ ਫੜਦਾ ਹੈ ਅਤੇ ਖੱਜਲ ਹੁੰਦਾ ਹੈ। ਮਾਇਆ ਦੇ ਇਸ ਪ੍ਰਭਾਵ ਨੂੰ ਰੋਕਣ ਦੀ ਕਿਸੇ ਪਾਸ ਤਾਕਤ ਨਹੀਂ ਹੈ।8 ਮਾਇਆ ‘ਮੈਂ ਮੇਰੀ’ ਦਾ ਭਾਵ ਪੈਦਾ ਕਰਦੀ ਹੈ। ਇਸ ਮਾਇਆ ਨੂੰ ਸਮਝਣਾ ਅਤਿ ਮੁਸ਼ਕਿਲ ਹੈ। ਜਿਸ ਨੇ ਇਸ ਨੂੰ ਬਣਾਇਆ ਹੈ, ਉਹ ਹੀ ਇਸ ਦੇ ਸਰੂਪ ਨੂੰ ਸਮਝ ਸਕਦਾ ਹੈ। ਉਪਰੋਕਤ ਪ੍ਰਸੰਗ ਵਿਚ ਜਿੱਥੇ ‘ਮਾਇਆ’ ਸ਼ਬਦ ਦਾ ਪ੍ਰਯੋਗ ਭੁਲੇਖੇ, ਭਰਮ ਜਾਂ ਅਵਿਦਿਆ ਲਈ ਕੀਤਾ ਗਿਆ ਹੈ, ਉਥੇ ਕਈ ਹੋਰ ਪਉੜੀਆਂ ਵਿਚ, ਓਅੰਕਾਰੁ ਬਾਣੀ ਵਿਚ ਹੀ, ‘ਮਾਇਆ’ ਸ਼ਬਦ ਦਾ ਪ੍ਰਯੋਗ ਧਨ, ਸੰਪਦਾ ਆਦਿ ਲਈ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਧਨ-ਪਦਾਰਥ ਆਦਿ ਮਾਇਆ ਦਾ ਪ੍ਰਭਾਵ ਏਨਾ ਜ਼ਿਆਦਾ ਹੁੰਦਾ ਹੈ ਕਿ ਜੇ ਨੀਚ ਵਿਅਕਤੀ ਦੇ ਘਰ ਮਾਇਆ ਹੋਵੇ ਤਾਂ ਲੋਕ ਉਸ ਨੂੰ ਸਲਾਮਾਂ ਕਰਦੇ ਹਨ। ਮੂਰਖ ਮਾਇਆਧਾਰੀ ਨੂੰ ਵੀ ਜਗਤ ਵਿਚ ਸਿਆਣਾ ਸਮਝਿਆ ਜਾਂਦਾ ਹੈ:

ਆਥਿ ਸੈਲ ਨੀਚ ਘਰਿ ਹੋਇ॥
ਆਥਿ ਦੇਖਿ ਨਿਵੈ ਜਿਸੁ ਦੋਇ॥
ਆਥਿ ਹੋਇ ਤਾ ਮੁਗਧੁ ਸਿਆਨਾ॥
ਭਗਤਿ ਬਿਹੂਨਾ ਜਗੁ ਬਉਰਾਨਾ॥ (ਪੰਨਾ 931)

ਮਾਇਆ (ਧਨ) ਦੇ ਜਾਣ ਨਾਲ ਜੀਵ ਬਹੁਤ ਝੂਰਦਾ ਹੈ, ਮੂਰਖ ਦਾ ਮਨ ਧਨ ਵਿਚ ਹੀ ਰਹਿੰਦਾ ਹੈ। ‘ਮਾਇਆ ਮਾਇਆ’ ਕਰਦੇ ਜੀਵ ਮਰ ਜਾਂਦੇ ਹਨ ਪਰ ਉਹ ਕਿਸੇ ਦੇ ਨਾਲ ਨਹੀਂ ਜਾਂਦੀ। ਆਤਮਾ ਜਦ ਤੁਰ ਜਾਂਦੀ ਹੈ ਤਾਂ ਮਾਇਆ ਇਥੇ ਹੀ ਰਹਿ ਜਾਂਦੀ ਹੈ। ਜੀਵ ਸੋਨਾ, ਚਾਂਦੀ ਆਦਿ ਧਨ ਇਕੱਠਾ ਕਰਦਾ ਹੈ ਪਰ ਇਹ ਧਨ ਕੱਚਾ ਅਤੇ ਨਾਸ਼ਮਾਨ ਹੈ। ਲੋਕ ਇਸ ਪ੍ਰਕਾਰ ਦਾ ਧਨ ਇਕੱਤਰ ਕਰ ਕੇ ਸ਼ਾਹ ਅਖਵਾਉਂਦੇ ਹਨ ਪਰ ਉਹ ਦੁਚਿੱਤੀ ਵਿਚ ਖੁਆਰ ਹੀ ਹੁੰਦੇ ਹਨ। ਅਸਲੀ ਧਨ ਤਾਂ ਨਾਮ ਧਨ ਹੈ ਜਿਸ ਤੋਂ ਬਿਨਾਂ ਸਰੀਰ ਵਿਚ ਖਿੱਚਾ-ਖਿੱਚੀ ਬਣੀ ਰਹਿੰਦੀ ਹੈ। ਜੀਵਨ ਸੰਤੁਲਿਤ ਢੰਗ ਨਾਲ ਨਹੀਂ ਚੱਲਦਾ।8 ਜੀਵ ਦੁਨਿਆਵੀ ਧਨ ਲਈ ਪਰਮਾਤਮਾ ਦੀ ਅਰਾਧਨਾ ਕਰਦੇ ਹਨ। ਪਰ ਇਹ ਧਨ ਉਤਨਾ ਹੀ ਮਿਲਦਾ ਹੈ, ਜਿਤਨਾ ਪਰਮਾਤਮਾ ਵੱਲੋਂ ਪਹਿਲਾਂ ਹੀ ਕਿਸਮਤ ਵਿਚ ਲਿਖਿਆ ਹੋਵੇ। ਇਸ ਧਨ ਲਈ ਲੋਕ ਚੋਰੀਆਂ ਕਰਦੇ ਹਨ। ਉਸ ਸਮੇਂ ਉਹ ਭੁੱਲ ਜਾਂਦੇ ਹਨ ਕਿ ਇਸ ਧਨ ਨੇ ਅੱਗੇ ਨਾਲ ਨਹੀਂ ਜਾਣਾ। ਜੀਵ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੁਨਿਆਵੀ ਧਨ ਵਿਅਰਥ ਹਨ, ਨਾਮ ਰੂਪੀ ਧਨ ਹੀ ਅਸਲ ਧਨ ਹੈ। ਜਗਤ ਨਾਲ ਝਗੜੇ ਸਹੇੜਨ ਦਾ ਕੋਈ ਲਾਭ ਨਹੀਂ।

ਇਹ ਨਿਰੀ ਝੱਖ ਮਾਰਨਾ ਹੈ (ਇਹ ਪਾਗ਼ਲਪਨ ਹੈ)। ਜਦ ਇਸ ਪਾਗ਼ਲਪਨ ਨੂੰ ਕੋਈ ਵੇਖ ਲਵੇ ਤਾਂ ਉਹ ਝੂਰ-ਝੂਰ ਕੇ ਮਰਦਾ ਹੈ ਕਿ ਅਜਿਹਾ ਕਿਉਂ ਹੋਇਆ। ਅਜਿਹੇ ਜੀਵ ਨਿਤ-ਨਿਤ ਜੰਮਦੇ ਮਰਦੇ ਹਨ। ਉਨ੍ਹਾਂ ਨੂੰ ਦ੍ਵੈਤ ਭਾਵ ਹੀ ਚੰਗਾ ਲੱਗਦਾ ਹੈ, ਉਹ ਹੰਕਾਰ ਵਿਚ ਸੜਦੇ ਹਨ ਅਤੇ ਮਾਇਆ ਜ਼ਹਿਰ ਖਾਂਦੇ ਹਨ। ਉਨ੍ਹਾਂ ਨੂੰ ਨਾ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ ਨਾ ਜਸ।9 ਜਿਨ੍ਹਾਂ ਨੇ ਸਹੀ ਜੀਵਨ ਦੀ ਆਸ ਨਹੀਂ ਬਣਾਈ ਉਹ ਦੁਨੀਆਂ ’ਤੇ ਆ ਕੇ ਸੱਖਣੇ ਹੀ ਤੁਰ ਜਾਂਦੇ ਹਨ। ਬੇਲੋੜਾ ਝੂਰ-ਝੂਰ ਕੇ ਝੱਖਾਂ ਮਾਰ-ਮਾਰ ਕੇ ਮਿੱਟੀ ਵਿਚ ਮਿਲ ਜਾਂਦੇ ਹਨ।10 ਕਾਂ ਵਰਗੀ ਮਾੜੀ ਬਿਰਤੀ ਦੇ ਲੋਕ ਨਿਤ- ਨਿਤ ਜੰਮਦੇ-ਮਰਦੇ ਹਨ, ਮੁੜ-ਮੁੜ ਫਾਹੀ ਵਿਚ ਫਸਦੇ ਹਨ ਅਤੇ ਫਿਰ ਪਛਤਾਉਂਦੇ ਹਨ। ਫਾਹੀ ਵਿਚ ਫਸੇ ਜੀਵ ਚੋਗ ਚੁਗੀ ਜਾਂਦੇ ਹਨ ਅਤੇ ਆਪਣੀ ਦਸ਼ਾ ਨੂੰ ਨਹੀਂ ਸਮਝਦੇ। ਜਿਵੇਂ ਮੱਛੀ ਜਮ ਰੂਪ ਜਾਲ ਵਿਚ ਫਸ ਜਾਂਦੀ ਹੈ, ਤਿਵੇਂ ਜੀਵ ਪਾਪਾਂ ਦੇ ਜਾਲ ਵਿਚ ਫਸ ਜਾਂਦੇ ਹਨ। ਪਾਪਾਂ ਦੀ ਫਾਹੀ ਵਿਚ ਫਸੇ ਜੀਵ ਆਵਾਗਵਨ ਦੇ ਚੱਕਰ ਵਿਚ ਪਏ ਰਹਿੰਦੇ ਹਨ।11 ਚੰਚਲ ਮਨ ਇਕ ਥਾਂ ਟਿਕਦਾ ਨਹੀਂ। ਮਨ ਰੂਪ ਹਿਰਨ ਪਾਪ ਰੂਪ ਅੰਗੂਰੀ ਲੁਕ-ਲੁਕ ਕੇ ਖਾਂਦਾ ਹੈ। ਹਰ ਕੋਈ ਇਸ ਸੰਸਾਰ ਵਿਚ ਚਿੰਤਾਤੁਰ ਦਿੱਸਦਾ ਹੈ ਇਸ ਦਾ ਕਾਰਨ ਜੀਵਨ ਦੀਆਂ ਅਸਲੀ ਕੀਮਤਾਂ ਨੂੰ ਨਾ ਪਛਾਣਨਾ ਹੈ। ਓਅੰਕਾਰੁ ਬਾਣੀ ਵਿਚ ਜੀਵ ਨੂੰ ਮਨ ਦੀ ਦੌੜ-ਭੱਜ ਰੋਕ ਕੇ ਇਕ ਥਾਂ ਟਿਕਾਏ ਰੱਖਣ ਲਈ ਕਿਹਾ ਗਿਆ ਹੈ।12

ਜੋ ਜੀਵ ਮਨ ਦੇ ਮਗਰ ਲੱਗਾ ਰਹਿੰਦਾ ਹੈ ਭਾਵ ਜਿਸ ਨੇ ਮਨ ਨੂੰ ਹੀ ਮੁੱਖ ਜਾਣਿਆ ਹੈ, ਮਨਮਤ ਧਾਰਨ ਵਾਲਾ ਮਨਮੁਖ ਹੈ।13 ਮਨਮਤੀਏ ਮਨਮੁਖ ਅਥਵਾ ਵਿਮੁਖ ਵੀ ਕਹੇ ਜਾਂਦੇ ਹਨ।14 ਗੁਰਬਾਣੀ ਵਿਚ ਮਨਮੁਖ ਲਈ ਕੂੜਿਆਰ, ਕੁਚੱਜੀ, ਦੋਹਾਗਣੀ, ਸਾਕਤ ਆਦਿ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ। ਓਅੰਕਾਰ ਬਾਣੀ ਵਿਚ ਮਨਮੁਖ,15 ਕੂੜਿਆਰ,16 ਅਗਿਆਨੀ,17 ਦੁਰਜਨ,18 ਪਾਪੀ,19 ਆਦਿ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ। ਓਅੰਕਾਰੁ ਬਾਣੀ ਅਨੁਸਾਰ ਅਜਿਹਾ ਜੀਵ ਪਾਪ, ਅਉਗਣ, ਮਾਇਆ, ਹਉਮੈ, ਅਹੰਕਾਰ, ਦੁਬਿਧਾ ਆਦਿ ਨਾਲ ਘਿਰਿਆ ਰਹਿੰਦਾ ਹੈ। ਪਰ ਇਸ ਬਾਣੀ ਵਿਚ ਇਸ ਵਿਸ਼ੇ ਦੀ ਵੀ ਚਰਚਾ ਹੈ ਕਿ ਇਨ੍ਹਾਂ ਵਿਕਾਰਾਂ ਨਾਲ ਘਿਰਿਆ ਮਨੂਰ ਰੂਪੀ ਜੀਵ ਕੰਚਨ ਕਿਵੇਂ ਬਣ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬਾਣੀ ਵਿਚ ਫ਼ਰਮਾਉਂਦੇ ਹਨ ਕਿ ਕੂੜਿਆਰ ਮਨੁੱਖ ਦਾ ਨਿਰੇ ਬਹੁਤੇ ਵੇਸ ਜਾਂ ਵਿਖਾਵੇ ਹੀ ਕਰਦਾ ਹੈ। ਉਹ ਨਿਰੇ ਫੋਕਟ ਕਰਮਾਂ ਦਾ ਸਹਾਰਾ ਲੈਂਦਾ ਹੈ। ਉਸ ਨੂੰ ਨਾ ਇਸ ਸੰਸਾਰ ਵਿਚ ਢੋਈ ਮਿਲਦੀ ਹੈ ਅਤੇ ਨਾ ਪਰਲੋਕ ਵਿਚ। ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਪ੍ਰਾਪਤ ਨਹੀਂ ਹੁੰਦਾ।

ਇਸ ਲਈ ਮਨੁੱਖ ਨੂੰ ਗੁਰਮੁਖ,20 ਸਚਿਆਰੀ,21 ਉਤਮ,22 ਗਿਆਨੀ,23 ਸਿਆਣਾ,24 ਪੰਡਿਤ,25 ਗੁਣਵੰਤੀ,26 ਸਾਜਨ,27 ਆਦਿ ਕਿਹਾ ਗਿਆ ਹੈ। ਅਜਿਹਾ ਬਣਨ ਲਈ ਜੀਵ ਨੂੰ ਆਪਣੇ ਮਨ ਵਿੱਚੋਂ ਵਿਕਾਰ ਕੱਢਣੇ ਪੈਂਦੇ ਹਨ। ਕਿਉਂਕਿ ਕਿਸੇ ਚੀਜ਼ ਵਿਚ ਕੋਈ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਉਸ ਵਿੱਚੋਂ ਪਹਿਲੀ ਚੀਜ਼ ਕੱਢ ਲਈ ਜਾਵੇ। ਅਰਥਾਤ ਮਨ ਨੂੰ ਪ੍ਰਭੂ ਵੱਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਉਸ ਦਾ ਸੁਭਾਅ ਬਦਲਿਆ ਜਾਵੇ। ਮਨਮੁਖ ਸੁਭਾਅ ਬਦਲ ਕੇ ਗੁਰਮੁਖ ਬਣ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮੁਖ ਉਹ ਪੁਰਖ ਹੈ ਜੋ ਗੁਰੂ ਦੇ ਸਨਮੁਖ ਹੈ, ਜਿਸ ਨੇ ਗੁਰੂ ਦੇ ਉਪਦੇਸ਼ ’ਤੇ ਪੂਰਾ ਅਮਲ ਕੀਤਾ ਹੈ।28 ਡਾਕਟਰ ਮਨਮੋਹਨ ਸਹਿਗਲ ਅਨੁਸਾਰ- ਗੁਰਮੁਖ ਮੁਕਤ ਜੀਵ ਹੈ ਕਿਉਂਕਿ ਉਹ ਸਤਿਗੁਰ ਦੀ ਸਤਿਅਤਾ ਪਛਾਣ ਕੇ ਆਪਣਾ ਸਭ ਕੁਝ ਉਸ ਨੂੰ ਅਰਪਿਤ ਕਰ ਦਿੰਦਾ ਹੈ, ਉਸ ਦੇ ਸ਼ਬਦਾਂ ਵਿਚ ਵਿਸ਼ਵਾਸ ਰੱਖਦਾ ਹੈ।29 ਓਅੰਕਾਰੁ ਬਾਣੀ ਅਨੁਸਾਰ ਗੁਰਮੁਖ ਜਗਤ ਵਿਚ ਬੰਧਨ ਰਹਿਤ ਆਉਂਦਾ ਹੈ ਤੇ ਬੰਧਨ ਰਹਿਤ ਹੀ ਇੱਥੋਂ ਤੁਰ ਜਾਂਦਾ ਹੈ। ਗੁਰਮੁਖ ਮਨ ਦੀ ਮੈਲ ਨੂੰ ਦੂਰ ਕਰ ਕੇ ਵਿਕਾਰਾਂ ਨੂੰ ਆਪਣੇ ਅੰਦਰੋਂ ਮੁਕਾ ਚੁੱਕਾ ਹੁੰਦਾ ਹੈ।30

ਪਰ ਜ਼ਰੂਰੀ ਨੁਕਤਾ ਇਹ ਹੈ ਕਿ ਮਨਮੁਖ ਤੋਂ ਗੁਰਮੁਖ ਕਿਵੇਂ ਬਣਨਾ ਹੈ। ਸਾਰੀ ਬਾਣੀ ਇਸ ਵੱਲ ਵਾਰ-ਵਾਰ ਸੰਕੇਤ ਕਰਦੀ ਹੈ। ਭਾਵੇਂ ਬਾਣੀ ਦਾ ਮੂਲ ਮੁੱਦਾ ਪਰਮਾਤਮਾ ਦੀ ਉਸਤਤਿ ਹੀ ਮੰਨਿਆ ਜਾਂਦਾ ਹੈ ਪਰ ਇਸ ਵਿਚ ਜਿਸ ਸੰਦੇਸ਼ ਵੱਲ ਵਾਰ-ਵਾਰ ਧਿਆਨ ਦੁਆਇਆ ਜਾਂਦਾ ਹੈ, ਉਹ ਮਨਮੁਖ ਤੋਂ ਗੁਰਮੁਖ ਬਣਨ ਦੇ ਰਾਹ ਵੱਲ ਲਿਜਾਂਦਾ ਹੈ।

ਓਅੰਕਾਰੁ ਬਾਣੀ ਵਿਚ ਮਨੁੱਖ ਨੂੰ ਆਤਮਿਕ ਅਨੰਦ ਦੀ ਪ੍ਰਾਪਤੀ ਲਈ ਕੱਚੇ ਗੁਰੁ ਤੋਂ ਬਚ ਕੇ ਸੱਚੇ ਗੁਰੂ ਦਾ ਲੜ ਫੜਨ ਦੀ ਸਲਾਹ ਦਿੱਤੀ ਗਈ ਹੈ। ਜੀਵ ਅਨੇਕਾਂ ਜਨਮਾਂ ਵਿਚ ਫਿਰਦਾ ਹੈ ਪਰ ਫਿਰ ਵੀ ਉਸ ਤੋਂ ਪਰਮਾਤਮਾ ਦੀ ਥਾਹ ਨਹੀਂ ਪਾਈ ਜਾਂਦੀ। ਸਿਰਫ਼ ਸਤਿਗੁਰੂ ਹੀ ਪ੍ਰਭੂ ਨਾਲ ਮਿਲਾਪ ਕਰਾਉਣ ਦੇ ਸਮਰੱਥ ਹੈ।31 ਸਤਿਗੁਰ ਜਦੋਂ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਤਾਂ ਪੱਕਾ ਮੇਲ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰੂ ਜਨਮ-ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ।32 ਸਤਿਗੁਰੂ ਦੇ ਮਿਲਿਆਂ ਹੀ ਅਸਲ ਗੱਲ ਸਮਝ ਆਉਂਦੀ ਹੈ। ਵਿਕਾਰਾਂ ਆਦਿ ਆਤਮਿਕ ਮੌਤ ਲਿਆਉਣ ਵਾਲੇ ਜਾਲ ਵਿੱਚੋਂ ਸਤਿਗੁਰੂ ਹੀ ਕੱਢਦਾ ਹੈ।33 ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਗੁਰੂ ਦੇ ਦਰ ’ਤੇ ਪੈ ਕੇ ਪ੍ਰਭੂ ਦੀ ਸਿਫ਼ਤ-ਸਲਾਹ ਦੀ ਸੂਝ ਪੈਂਦੀ ਹੈ।34 ਜੋ ਮਨੁੱਖ ਗੁਰੂ ਦੇ ਦੱਸੇ ਰਾਹ ’ਤੇ ਤੁਰਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।35 ਗੁਰੂ ਦੇ ਦੱਸੇ ਰਾਹ ’ਤੇ ਤੁਰ ਕੇ ਆਪਾ ਭਾਵ ਦੂਰ ਹੋ ਜਾਂਦਾ ਹੈ ਅਤੇ ਹਉਮੈ ਰੋਗ ਕੱਟਿਆ ਜਾਂਦਾ ਹੈ।36 ਪਰ ਜੋ ਮਨੁੱਖ ਗੁਰੂ ਦੇ ਦੱਸੇ ਰਾਹ ’ਤੇ ਤੁਰਨ ਦੀ ਥਾਂ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਸ ਨੂੰ ਅਨਪੜ੍ਹ ਹੀ ਸਮਝਣਾ ਚਾਹੀਦਾ ਹੈ। ਉਹ ਸਿਰਫ਼ ਆਜੀਵਿਕਾ ਦੀ ਖ਼ਾਤਰ ਹੀ ਵਿੱਦਿਆ ਵੇਚ ਰਿਹਾ ਹੈ। ਉਸ ਵਿੱਚੋਂ ਆਤਮਿਕ ਗੁਣ ਕੋਈ ਨਹੀਂ ਗ੍ਰਹਿਣ ਕਰਦਾ।37 ਗੁਰੂ ਦੀ ਦੱਸੀ ਕਾਰ ਤੋਂ ਪਰ੍ਹੇ ਨਾ ਜਾਣਾ, ਗੁਰੂ ਦੇ ਦੱਸੇ ਉਪਦੇਸ਼ ਨੂੰ ਹਿਰਦੇ ਵਿਚ ਵਸਾਉਣਾ ਹੀ ਪਵਿੱਤਰ ਜੀਵਨ ਬਣਾਉਣ ਦਾ ਤਰੀਕਾ ਹੈ, ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਗੁਰੂ ਪਰਮਾਤਮਾ ਦੇ ਗੁਣਾਂ ਦਾ ਅਥਾਹ ਸਮੁੰਦਰ ਹੈ।38

ਓਅੰਕਾਰੁ ਬਾਣੀ ਦੇ ਅੰਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹੀ ਪਾਂਧਾ ਵਿਦਵਾਨ ਹੈ ਜਾਂ ਗੁਰਮੁਖ ਹੈ ਜੋ ਗੁਰੂ ਦੇ ਦੱਸੇ ਹੋਏ ਰਾਹ ’ਤੇ ਤੁਰ ਕੇ ਆਪ ਵੀ ਪਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਆਪਣੇ ਚੇਲਿਆਂ ਨੂੰ ਵੀ ਪ੍ਰਭੂ ਨਾਮ ਜਪਣ ਅਤੇ ਨਾਮ ਧਨ ਇਕੱਤਰ ਕਰਨ ਦੀ ਪ੍ਰੇਰਨਾ ਦਿੰਦਾ ਹੈ।39 ਉਹੀ ਪਾਂਧਾ ਇਸ ਜੀਵਨ ਤੋਂ ਕੋਈ ਖੱਟੀ ਖੱਟਦਾ ਹੈ।

ਓਅੰਕਾਰੁ ਬਾਣੀ ਵਿਚ ਨਾਮ ਦੀ ਮਹਿਮਾ ’ਤੇ ਭਰਵਾਂ ਜ਼ੋਰ ਹੈ। ਕਿਹਾ ਗਿਆ ਹੈ ਕਿ ਜੇ ਨਾਮ ਧਨ ਦੀ ਖ਼ਾਤਰ ਦੁਨਿਆਵੀ ਧਨ, ਮਨ ਅਤੇ ਜਿੰਦ ਵੀ ਦੇਣੇ ਪੈ ਜਾਣ ਤਾਂ ਵੀ ਸੌਦਾ ਸਸਤਾ ਹੈ ਕਿਉਂਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਇਆਂ ਮਨ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਪਰਮਾਤਮਾ ਦਾ ਨਾਮ ਆਪਣੇ ਅੰਦਰੋਂ ਹੀ, ਗੁਰੂ ਦੇ ਦੱਸੇ ਰਾਹ ’ਤੇ ਤੁਰਿਆਂ ਮਿਲਦਾ ਹੈ।40 ਵਿਕਾਰਾਂ ਦੇ ਜੰਜਾਲ ਵਿੱਚੋਂ ਪਰਮਾਤਮਾ ਦਾ ਨਾਮ ਹੀ ਕੱਢ ਸਕਦਾ ਹੈ।41 ਹਾਲਾਂਕਿ ਜੀਵ ਜਗਤ ਵਿਚ ਪ੍ਰਭੂ ਦਾ ਨਾਮ ਧਨ ਵਿਹਾਜਣ ਲਈ ਵਣਜਾਰਾ ਬਣ ਕੇ ਆਇਆ ਹੈ ਪਰ ਕੁਰਾਹੇ ਪੈ ਕੇ ਦੁਨੀਆਂ ਦੀਆਂ ਮੱਲਾਂ ਹੀ ਮੱਲਦਾ ਰਹਿੰਦਾ ਹੈ ਤੇ ਮੇਰ-ਤੇਰ ਵਿਚ ਪੈ ਕੇ ਦੁਖੀ ਰਹਿੰਦਾ ਹੈ। ਸਿਆਣਾ ਵਪਾਰੀ ਉਹ ਹੈ ਜੋ ਨਾਮ ਧਨ ਜੋੜਦਾ ਹੈ, ਉਸ ਨੂੰ ਹੀ ਪ੍ਰਭੂ ਦਾ ਪਿਆਰ ਤੇ ਆਦਰ ਨਸੀਬ ਹੁੰਦਾ ਹੈ।42 ਓਅੰਕਾਰੁ ਬਾਣੀ ਵਿਚ ਕਿਹਾ ਗਿਆ ਹੈ ਕਿ ਨਾਮ ਤੋਂ ਸੱਖਣੇ ਜੀਵ ਕੱਲਰ ਦੀ ਕੰਧ ਵਾਂਗ ਡਿੱਗਦੇ ਹਨ। ਨਾਮ ਤੋਂ ਬਿਨਾਂ ਨਰਕ ਹੀ ਮਿਲਦਾ ਹੈ। ਜੋ ਮਨੁੱਖ ਪ੍ਰਭੂ ਦਾ ਬਿਆਨ ਅੱਖਰਾਂ ਰਾਹੀਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਅਕਲ ਤੋਂ ਸੱਖਣਾ ਹੈ। ਜਿਵੇਂ ਰਬਾਬ ਦੀ ਤਾਰ ਟੁੱਟ ਜਾਵੇ ਤਾਂ ਉਹ ਨਹੀਂ ਵੱਜਦੀ ਉਂਞ ਹੀ ਪ੍ਰਭੂ ਤੋਂ ਵਿਛੜਿਆ ਜੀਵ ਆਪਣੇ ਵਿਚ ਰਾਗ ਪੈਦਾ ਨਹੀਂ ਕਰ ਸਕਦਾ।43 ਓਅੰਕਾਰੁ ਬਾਣੀ ਵਿਚ ਪ੍ਰਭੂ ਮੇਲ ਦਾ ਰਾਹ ‘ਨਾਮ’ ਦੱਸਿਆ ਹੈ।

ਨਾਮ ਤੋਂ ਭਾਵ ਪ੍ਰਭੂ ਦਾ ਸਿਮਰਨ, ਪ੍ਰਭੂ ਦੀ ਸਿਫਤ -ਸਲਾਹ, ਉਸ ਨੂੰ ਯਾਦ ਰੱਖਣਾ ਹੈ। ਓਅੰਕਾਰ ਬਾਣੀ ਵਿਚ ਚਰਚਾ ਹੈ ਕਿ ਜੋ ਪਰਮਾਤਮਾ ਨੂੰ ਸਿਮਰਦੇ ਹਨ ਉਨ੍ਹਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ।44 ਪਰਮਾਤਮਾ ਦਾ ਸਿਮਰਨ ਸੜੇ ਲੋਹੇ (ਮਨੂਰ) ਨੂੰ ਸੋਨਾ (ਕੰਚਨ) ਭਾਵ ਮਨਮੁਖ ਨੂੰ ਗੁਰਮੁਖ ਬਣਾ ਦਿੰਦਾ ਹੈ।45 ਨਾਮ ਸਿਮਰਨ ਤੋਂ ਭਾਵ ਹੈ ਗੁਰੂ ਦੀ ਬਾਣੀ ਨੂੰ ਪੜ੍ਹਨਾ ਅਤੇ ਸਮਝਣਾ।46 ਬਾਣੀ ਨੂੰ ਰੂੜ੍ਹੀ ਭਾਵ ਸੁੰਦਰ ਆਖਦਿਆਂ ਹੋਇਆਂ ਕਿਹਾ ਗਿਆ ਹੈ ਕਿ ਸਤਿਗੁਰੂ ਦੀ ਸੁੰਦਰ ਬਾਣੀ ਰਾਹੀਂ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਹੀ ਪ੍ਰਭੂ ਮਿਲਦਾ ਹੈ।47 ਇਹ ਵੀ ਕਿਹਾ ਗਿਆ ਹੈ ਕਿ ‘ਗੁਰ ਸਬਦੀ ਘਰਿ ਕਾਰਜੁ ਸਾਰਿ’ ਭਾਵ ਪਾਂਡੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਸਿਮਰਨ ਦਾ ਕਾਰਜ ਸੰਭਾਲ, ਫਿਰ ਕਿਸੇ ਪਾਸੇ ਵੱਲੋਂ ਘਾਟਾ ਨਹੀਂ ਪੈਂਦਾ।48 ਪਰਮਾਤਮਾ ਹਰ ਥਾਂ ਵਿਆਪਕ ਹੈ ਪਰ ਸਤਿਗੁਰੂ ਦੇ ਸ਼ਬਦ ਦੇ ਵਿਚਾਰ ਵਿਚ ਜੁੜਿਆਂ ਹੀ ਇਹ ਅਹਿਸਾਸ ਹੁੰਦਾ ਹੈ।49 ਜਦ ਹਉਮੈ ਕਰਨ ਦੀ ਆਦਤ ਮੁੱਕ ਜਾਂਦੀ ਹੈ ਤਾਂ ਸੁਰਤਿ ਗੁਰੂ ਸ਼ਬਦ ਵਿਚ ਜੁੜ ਜਾਂਦੀ ਹੈ ਜਿਸ ਨਾਲ ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਜਾਂਦੀ ਹੈ।50 ਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪੈਂਦੇ ਹਨ ਪਰ ਪਰਮਾਤਮਾ ਨੂੰ ਸਦਾ ਹਿਰਦੇ ਵਿਚ ਜਪਣ ਨਾਲ ਹੀ ਗੁਣੀ ਗੁਰਮੁਖਾਂ ਵਰਗਾ ਬਣਿਆ ਜਾ ਸਕਦਾ ਹੈ।51

ਪਰ ਜੀਵ ਨੂੰ ਸੱਚਾ ਗੁਰੂ ਅਤੇ ਨਾਮ ਦਾ ਰਾਹ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਪਰਮਾਤਮਾ ਦੀ ਮਿਹਰ ਵੀ ਨਾਲ ਹੋਵੇ। ਉਹ ਪਰਮਾਤਮਾ ਜੋ ਸਰੋਵਰ ਨੂੰ ਭਰ ਕੇ ਸੁਕਾ ਦਿੰਦਾ ਹੈ ਤੇ ਫਿਰ ਨੱਕੋ-ਨੱਕ ਭਰ ਦਿੰਦਾ ਹੈ। ਸਭ ਕੁਝ ਕਰਨ ਜੋਗਾ ਅਤੇ ਵੇਪਰਵਾਹ ਹੈ। ਸਤਿਗੁਰੂ ਦੀ ਗਿਆਨ ਰੂਪੀ ਡੋਰੀ ਪ੍ਰਭੂ ਨੇ ਆਪਣੇ ਹੱਥ ਫੜੀ ਹੋਈ ਹੈ, ਜਿਨ੍ਹਾਂ ਨੂੰ ਇਸ ਡੋਰੀ ਨਾਲ ਆਪਣੇ ਵੱਲ ਖਿੱਚਦਾ ਹੈ ਭਾਵ ਜਿਨ੍ਹਾਂ ਉੱਤੇ ਉਹ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ’ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ।52 ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਸਦੀਵੀਂ ਸੁਖ ਮਿਲਦਾ ਹੈ।53

ਇਸ ਪ੍ਰਕਾਰ ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਓਅੰਕਾਰੁ ਬਾਣੀ ਵਿਚ ਅਸਲੀ ਪਾਂਧਾ, ਗੁਰਮੁਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਦੀ ਚਰਚਾ ਹੈ। ਵਿਕਾਰਾਂ ਦੇ ਜਾਲ ਤੋਂ ਮੁਕਤ, ਗੁਣ ਗ੍ਰਹਿਣ ਕਰ ਕੇ, ਨਾਮ ਸਿਮਰਨ ਕਰਨ ਵਾਲਾ, ਬਾਣੀ ਨੂੰ ਵਿਚਾਰਨ ਵਾਲਾ, ਗੁਰੂ ਦੀ ਆਗਿਆ ਵਿਚ ਚੱਲਣ ਵਾਲਾ ਹੀ ਸਹੀ ਅਰਥਾਂ ਵਿਚ ਪਾਂਧਾ, ਗੁਰਮੁਖ ਜਾਂ ਜੀਵਨ ਮੁਕਤ ਹੈ। ਉਹ ਪਰਮਾਤਮਾ ਦੀ ਕਿਰਪਾ ਦਾ ਪਾਤਰ ਹੈ। ਅਜਿਹੇ ਜੀਵ ਬਾਰੇ ਓਅੰਕਾਰੁ ਬਾਣੀ ਵਿਚ ਕਿਹਾ ਗਿਆ ਹੈ:

ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ॥
ਗੁਰ ਪਰਸਾਦੀ ਆਪੋ ਚੀਨੈ੍ ਜੀਵਤਿਆ ਇਵ ਮਰੀਐ॥ (ਪੰਨਾ 935)

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ (ਪੰਨਾ 938)

ਹਵਾਲੇ ਤੇ ਟਿੱਪਣੀਆਂ :

1. ਕੁਝ ਵਿਦਵਾਨ ਓਅੰਕਾਰੁ ਬਾਣੀ ਦੀ ਰਚਨਾ ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨਾਲ ਜੋੜਦੇ ਹਨ ਜਦੋਂ ਉਹ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ-ਕੰਢੇ ਉਸ ਥਾਂ ’ਤੇ ਪੁੱਜੇ, ਜਿੱਥੇ ਓਅੰਕਾਰ ਦਾ ਮੰਦਰ ਹੈ। ਉਨ੍ਹਾਂ ਵੇਖਿਆ ਕਿ ਲੋਕ ਮੰਦਰ ਵਿਚ ਥਾਪੀ ਹੋਈ ਸ਼ਿਵ ਮੂਰਤੀ ਨੂੰ ਓਅੰਕਾਰੁ ਮੰਨ ਕੇ ਉਸ ਦੀ ਪੂਜਾ ਕਰਦੇ ਹਨ। ਮੰਦਰ ਦੇ ਪਾਠਸ਼ਾਲ ਦੇ ਚਾਟੜੇ ਪੱਟੀਆਂ ਉੱਤੇ ਓਅੰ ਨਮਹ ਲਿਖਦੇ, ਲਿਖਾਂਦੇ ਹਨ ਪਰ ਉਹ ਵੀ ਸ਼ਿਵ ਮੂਰਤੀ ਨੂੰ ਹੀ ਓਅੰ ਸਮਝ ਰਹੇ ਹਨ। ਗੁਰੂ ਜੀ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਨਾ ਤਾਂ ਮੰਦਰ ਵਿਚ ਸਥਾਪਿਤ ਮੂਰਤੀ ਹੀ ਅਸਲੀ ਪਰਮਾਤਮਾ ਹੈ ਅਤੇ ਨਾ ਹੀ ਪੱਟੀਆਂ ਉੱਪਰ ਓਅੰ ਨਮਹ ਲਿਖਣ ਦਾ ਕੋਈ ਲਾਭ ਹੈ। ਜੇ ਤੂੰ ਆਪਣਾ ਜੀਵਨ ਸਫ਼ਲਾ ਕਰਨਾ ਹੈ ਤਾਂ ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ।
2-12. ਓਅੰਕਾਰੁ, ਪਉੜੀ 4, 30, 32, 33, 13, 14, 15, 4, 27, 39, 29.
13. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਸਫ਼ਾ 711.
14-26. ਓਅੰਕਾਰੁ, ਪਉੜੀ 13, 29, 32, 36, 38, 1, 4, 7, 12, 48, 46, 17, 14, 54, 17, 36.
27. ਗੁਰਮਤਿ ਮਾਰਤੰਡ, ਸਫ਼ਾ 397.
28. ਸੰਤ ਕਾਵਯ ਕਾ ਦਾਰਸ਼ਨਿਕ ਵਿਸ਼ਲੇਸ਼ਣ, ਸਫ਼ਾ 78-79.
29-54. ਓਅੰਕਾਰੁ, ਪਉੜੀ 22, ਓਹੀ, 21, 36, 39, 40, 46 47, 53, 27,
54, 36, 38, 48, 32, 21, 3, 4, 40, 47, 28, 34, 51, 44, 41, 52.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਭਟੇੜੀ ਕਲਾਂ, ਡਾਕ: ਦੌਣ ਕਲਾਂ (ਪਟਿਆਲਾ)-147021

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)