ਦੇਸ਼ ਦੀ ਵੰਡ ਤੋਂ ਬਾਅਦ ਸਿੱਖਾਂ ਦੇ ਜਾਨ ਤੋਂ ਪਿਆਰੇ ਗੁਰਧਾਮ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਕਿਸਤਾਨ ਰਹਿ ਗਏ, ਜਿਨ੍ਹਾਂ ਦੇ ਦਰਸ਼ਨਾਂ ਲਈ ਸਿੱਖਾਂ ਦੀ ਹਮੇਸ਼ਾਂ ਤਾਂਘ ਰਹਿੰਦੀ ਹੈ। ਸੰਸਾਰ ਭਰ ਦੇ ਸਿੱਖ, ਪੰਥ ਤੋਂ ਵਿਛੜੇ ਇਨ੍ਹਾਂ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਲਈ ਨਿਤ ਅਰਦਾਸ ਕਰਦੇ ਹਨ। ਭਾਰਤ-ਪਾਕਿਸਤਾਨ ਦੋਹਾਂ ਮੁਲਖਾਂ ਵਿਚਕਾਰ ਹੋਏ ਸਮਝੌਤਿਆਂ ਅਧੀਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਨਵੰਬਰ ਮਹੀਨੇ, ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਮੌਕੇ ਅਪ੍ਰੈਲ ਮਹੀਨੇ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਮਹੀਨੇ ਅਤੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ ਮਹੀਨੇ ਲਾਹੌਰ ਵਿਖੇ ਸਾਲ ਵਿਚ ਚਾਰ ਜਥੇ ਜਾਂਦੇ ਹਨ। ਇਹਨਾਂ ਪੁਰਬਾਂ ’ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ, ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਅਤੇ ਸ਼ਹੀਦੀ ਜੋੜ-ਮੇਲੇ ਹੋਰਨਾਂ ਦੇਸ਼ਾਂ ਜਿਵੇਂ ਇੰਗਲੈਂਡ, ਅਮਰੀਕਾ, ਕੈਨੇਡਾ, ਹਾਲੈਂਡ, ਨਾਰਵੇ ਆਦਿ ਕਈ ਦੇਸ਼ਾਂ ਤੋਂ ਵੱਡੀ ਗਿਣਤੀ ’ਚ ਸਿੱਖ-ਸੰਗਤਾਂ ਦੇ ਜਥੇ ਦਰਸ਼ਨ ਕਰਨ ਆਉਂਦੇ ਹਨ। ਭਾਰਤ ਵਿੱਚੋਂ ਜਾਣ ਵਾਲੇ ਜਥਿਆਂ ਵਿੱਚੋਂ ਪ੍ਰਮੁੱਖ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਵੀ ਛੋਟੇ-ਛੋਟੇ ਜਥੇ ਭੇਜਦੀਆਂ ਹਨ। ਹਰ ਜਥੇ ਦੀਆਂ ਸੰਗਤਾਂ ਜੋ ਕਿਸੇ ਵੀ ਪੁਰਬ ਮੌਕੇ ਜਾਂਦੀਆਂ ਹਨ ਉਹ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸਾਹਿਬ ਸੱਚਾ ਸੌਦਾ ਮੰਡੀ ਚੂਹੜਕਾਣਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਲਾਹੌਰ ਦੇ ਸਥਾਨਕ ਗੁਰਦੁਆਰੇ, ਗੁਰਦੁਆਰਾ ਏਮਨਾਬਾਦ ਰੋੜੀ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰਦੀਆਂ ਹਨ। ਹਰ ਜਥਾ 10ਵੇਂ ਦਿਨ ਵਾਪਸ ਭਾਰਤ ਪਰਤਦਾ ਹੈ।
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਾਸ ਨੇ ਤਾਂ ਕਈ ਵਾਰ ਦਰਸ਼ਨ ਕੀਤੇ ਹਨ ਪਰ ਇਸ ਵਾਰ ਵਿਸਾਖੀ ਦਾ ਪੁਰਬ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਮਨਾਉਣ ਲਈ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਗਏ ਜਥੇ ਪ੍ਰਬੰਧਕੀ ਸਟਾਫ਼ ਨਾਲ ਜਾਣ ਦਾ ਦਾਸ ਨੂੰ ਪਰਵਾਰ ਸਮੇਤ ਸੁਭਾਗ ਪ੍ਰਾਪਤ ਹੋਇਆ। ਜਥੇ ਦੇ ਪਾਰਟੀ ਲੀਡਰ ਸ. ਮਨਜੀਤ ਸਿੰਘ ਬੱਪੀਆਣਾ ਮੈਂਬਰ ਸ਼੍ਰੋਮਣੀ ਕਮੇਟੀ, ਉਨ੍ਹਾਂ ਦੇ ਸਾਥੀਆਂ ਤੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੰਥਕ ਰਵਾਇਤਾਂ ਅਨੁਸਾਰ ਸਿਰੋਪਾਓ ਤੇ ਫੁੱਲਾਂ ਦੇ ਸੇਹਰੇ ਪਾ ਕੇ ਜੈਕਾਰਿਆਂ ਦੀ ਗੂੰਜ ’ਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਕੀਤਾ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਅਜੈਬ ਕੌਰ ਭੋਤਨਾ ਅਤੇ ਨਾਮਵਰ ਅਕਾਲੀ ਆਗੂ ਸ. ਸੰਤਾ ਸਿੰਘ ਉਮੈਦਪੁਰੀ (ਲੁਧਿਆਣਾ) ਡਿਪਟੀ ਲੀਡਰ ਅਤੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਬਲਵੰਤ ਸਿੰਘ ਪੱਟੀ ਜਨਰਲ ਪ੍ਰਬੰਧਕ ਵਜੋਂ ਜਥੇ ਦੇ ਨਾਲ ਗਏ।
ਅਸੀਂ ਆਪਣੇ ਦਫ਼ਤਰ (ਸ਼੍ਰੋਮਣੀ ਕਮੇਟੀ) ਤੋਂ ਅਟਾਰੀ ਰੇਵਲੇ ਸਟੇਸ਼ਨ ਤੀਕ ਦਫ਼ਤਰੀ ਗੱਡੀ ’ਤੇ ਪੁੱਜੇ। ਪਲੇਟਫਾਰਮ ’ਤੇ ਯਾਤਰੂ ਇਮੀਗ੍ਰੇਸ਼ਨ ਤੇ ਕਸਟਮ ਕਰਾਉਣ ’ਚ ਰੁਝੇ ਹੋਏ ਸਨ ਤੇ ਕਾਫ਼ੀ ਗਿਣਤੀ ’ਚ ਪਾਕਿਸਤਾਨ ਨੂੰ ਰਵਾਨਾ ਹੋਣ ਵਾਲੀ ਰੇਲਗੱਡੀ ਦੇ ਪਲੇਟਫਾਰਮ ’ਤੇ ਪੁੱਜ ਚੁਕੇ ਸਨ। ਗੱਡੀ ਦਾ ਸਮਾਂ ਤੇ ਯਾਤਰੂ ਪੂਰੇ ਹੋਣ ’ਤੇ ਪਹਿਲੀ ਰੇਲ ਤੁਰ ਪਈ। ਜਥੇ ਦੇ ਲੀਡਰ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਅਸੀਂ ਵੀ ਇਮੀਗ੍ਰੇਸ਼ਨ ਤੇ ਕਸਟਮ ਦੀ ਪ੍ਰਕਿਰਿਆ ਪੂਰੀ ਕਰ ਚੁਕੇ ਸੀ ਪਰ ਪਹਿਲੀ ਗੱਡੀ ਵਿਚ ਭੀੜ ਹੋਣ ਕਾਰਨ ਅਸੀਂ ਦੂਜੀ ਗੱਡੀ ’ਤੇ ਸਫ਼ਰ ਕਰਨ ਨੂੰ ਪਹਿਲ ਦਿੱਤੀ। ਇੰਨੇ ਨੂੰ ਸ. ਮਨਿੰਦਰ ਸਿੰਘ ਕਸਟਮ ਇੰਸਪੈਕਟਰ ਸਾਡੇ ਪਾਸ ਪੁੱਜੇ ਤੇ ਕਿਹਾ ਕਿ ਕਸਟਮ ਦੇ ਅਸਿਸਟੈਂਟ ਕਮਿਸ਼ਨਰ ਸ਼੍ਰੀ ਵੀ.ਕੇ. ਮਹਾਜਨ ਜਥੇ ਦੇ ਲੀਡਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਿਲਣਾ ਚਾਹੁੰਦੇ ਹਨ। ਸ. ਮਨਜੀਤ ਸਿੰਘ ਬੱਪੀਆਣਾ, ਡਿਪਟੀ ਪਾਰਟੀ ਲੀਡਰ ਬੀਬੀ ਅਜੈਬ ਕੌਰ ਭੋਤਨਾ ਤੇ ਸ. ਸੰਤਾ ਸਿੰਘ ਉਮੈਦਪੁਰੀ, ਐਡੀਸ਼ਨਲ ਸਕੱਤਰ ਸ. ਬਲਵੰਤ ਸਿੰਘ ਪੱਟੀ ਤੇ ਦਾਸ (ਰਾਮ ਸਿੰਘ) ਆਪਣੀ ਪਤਨੀ ਸੰਦੀਪ ਕੌਰ ਸਮੇਤ ਉਨ੍ਹਾਂ ਦੇ ਦਫ਼ਤਰ ਪੁੱਜੇ। ਸ਼੍ਰੀ ਮਹਾਜਨ ਨੇ ਬਹੁਤ ਹੀ ਸਤਿਕਾਰ ਨਾਲ ‘ਜੀ ਆਇਆਂ’ ਕਿਹਾ, ਜਲ-ਪਾਣੀ ਛਕਾਇਆ ਤੇ ਯਾਤਰਾ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਜਥੇ ਦੇ ਲੀਡਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯਾਤਰਾ ਵਰਗੇ ਪਵਿੱਤਰ ਕਾਜ ਲਈ ਜਾ ਰਹੇ ਯਾਤਰੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਯਾਤਰਾ ਦੌਰਾਨ ਇਸ ਵਿਭਾਗ ਵਲੋਂ ਕਿਸੇ ਵੀ ਯਾਤਰੂ ਨੂੰ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਬੜੇ ਹੀ ਅਦਬ ਨਾਲ ਸਾਨੂੰ ਪਾਕਿਸਤਾਨ ਲਈ ਵਿਦਾ ਕੀਤਾ।
ਸਟੇਸ਼ਨ ਮਾਸਟਰ ਨੇ ਵੀ ਪਾਰਟੀ ਲੀਡਰ ਤੇ ਯਾਤਰੂਆਂ ਨੂੰ ਜੀ ਆਇਆਂ ਕਹਿੰਦਿਆਂ ਰੇਲ ’ਚ ਹਰ ਪ੍ਰਕਾਰ ਦੀ ਸਹੂਲਤ ਲਈ ਭਰੋਸਾ ਦਿੱਤਾ। 11.40 ਦੇ ਕਰੀਬ ਸਾਡੀ ਗੱਡੀ ਪਾਕਿਸਤਾਨ ਲਈ ਰਵਾਨਾ ਹੋਈ। ਹੌਲੀ-ਹੌਲੀ 8-10 ਮਿੰਟ ਦੇ ਸਫ਼ਰ ਉਪਰੰਤ ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ’ਤੇ ਰੁਕੀ ਜਿਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ, ਵਕਫ ਬੋਰਡ ਦੇ ਐਡੀਸ਼ਨਲ ਸੈਕਟਰੀ ਜਨਾਬ ਇਜ਼ਹਾਰਉਲ ਹੱਕ, ਡਿਪਟੀ ਐਡਮਨਿਸਟ੍ਰੇਟਰ ਸ਼ਰਾਈਨਜ਼ ਜਨਾਬ ਫਰਾਜ਼ ਅੱਬਾਸ ਤੇ ਉਨ੍ਹਾਂ ਦੇ ਸਾਥੀਆਂ ਨੇ ਗੁਲਾਬ ਦੇ ਫੁੱਲਾਂ ਦੇ ਸੇਹਰੇ ਪਾ ਕੇ ਜਥੇ ਦੇ ਲੀਡਰ ਤੇ ਜਥੇ ਨੂੰ ‘ਜੀ ਆਇਆਂ’ ਕਿਹਾ। ਪਾਕਿਸਤਾਨੀ ਸਿੱਖ ਸੰਗਤਾਂ ਵਲੋਂ ਯਾਤਰੂ ਜਥੇ ’ਤੇ ਗੁਲਾਬ ਦੇ ਸੁੰਦਰ ਫੁੱਲਾਂ ਦੀ ਵਰਖਾ ਦਾ ਹਰ ਯਾਤਰੂ ਵੱਖਰਾ ਹੀ ਅਨੰਦ ਮਹਿਸੂਸ ਕਰ ਰਿਹਾ ਸੀ।
ਜਥੇ ਦੇ ਲੀਡਰ ਸ. ਮਨਜੀਤ ਸਿੰਘ ਬੱਪੀਆਣਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਪ੍ਰਬੰਧਕਾਂ ਵੱਲੋਂ ਖੈਰ-ਸੁਖ ਪੁੱਛੀ ਅਤੇ ਜਲ-ਪਾਣੀ ਦੀ ਸੇਵਾ ਕੀਤੀ, ਅਗਲੇ ਸਫ਼ਰ ਸਬੰਧੀ ਵਿਚਾਰ-ਵਟਾਂਦਾਰਾ ਕੀਤਾ ਅਤੇ ਇਥੇ ਹੀ ਮੀਡੀਏ ਨੇ ਜਥੇ ਦੇ ਲੀਡਰ ਪਾਸੋਂ ਜਥੇ ਦਾ ਮਿਸ਼ਨ, ਜਥੇ ਲਈ ਕੀਤੇ ਪ੍ਰਬੰਧਾਂ ਸਬੰਧੀ ਸਵਾਲ ਪੁੱਛੇ। ਸ. ਮਨਜੀਤ ਸਿੰਘ ਬੱਪੀਆਣਾ ਨੇ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਜਥੇ ਦੇ ਪਾਰਟੀ ਲੀਡਰ ਵਜੋਂ ਜਥੇ ਦੇ ਪ੍ਰੋਗਰਾਮ ਸਬੰਧੀ ਬੜੇ ਹੀ ਭਾਵਪੂਰਤ ਢੰਗ ਨਾਲ ਗੱਲਬਾਤ ਕੀਤੀ ਅਤੇ ਜਥੇ ਦੇ ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਵਾਹਗਾ ਸਟੇਸ਼ਨ ’ਤੇ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ‘ਪਾਕਿਸਤਾਨ ਪੁੱਜਣ ’ਤੇ ਜੀ ਆਇਆਂ’, ਨਾਮ ਦਾ ਇਕ ਪਰਚਾ ਵੰਡਿਆ ਜਾ ਰਿਹਾ ਸੀ, ਇਸ ਪੁਰ ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਗੁਰਦੁਆਰਾ ਸਾਹਿਬਾਨ ਲਈ ਕੀਤੇ ਕੰਮਾਂ ਦੇ ਵੇਰਵੇ ਤੇ ਇਸ ਯਾਤਰਾ ਦੌਰਾਨ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਜਾਂ ਵਕਫ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਨੰਬਰ, ਵਕਫ ਬੋਰਡ ਦਾ ਈਮੇਲ ਆਦਿ ਲਿਖੇ ਹੋਏ ਸਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਤੋਂ ਜਾਣ ਵਾਲੇ ਜਥੇ ਦੇ 60% ਯਾਤਰੂ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜਾਂਦੇ ਹਨ ਅਤੇ ਬਾਕੀ 40% ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੇਸ਼ ਦੇ ਹੋਰ ਵੱਖ-ਵੱਖ ਸੂਬਿਆਂ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਭੇਜੇ ਜਾਂਦੇ ਹਨ। ਪਰ ਸਮੁੱਚੇ ਤੌਰ ’ਤੇ ਪ੍ਰਤੀਨਿਧਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਦਿੱਤੀ ਜਾਂਦੀ ਹੈ।
ਵਾਹਗਾ ਸਟੇਸ਼ਨ ’ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ ਜਿਸ ਦੀ ਦੇਖ-ਰੇਖ ਭਾਈ ਹਰੀ ਸਿੰਘ ਸਿੰਧ ਵਾਲੇ ਕਰ ਰਹੇ ਸਨ। ਵਿਸ਼ੇਸ਼ ਟੈਂਟ ਲਗਾ ਕੇ ਬੈਠਣ ਲਈ ਦਰੀਆਂ ਵਿਛਾਈਆਂ ਹੋਈਆਂ ਸਨ ਜਿਨ੍ਹਾਂ ’ਤੇ ਸੰਗਤ ਬੈਠ ਕੇ ਆਰਾਮ ਨਾਲ ਲੰਗਰ ਛਕ ਧੰਨ ਧੰਨ ਮਹਿਸੂਸ ਕਰਦੀ ਸੀ।ਲੰਗਰ ਵਰਤਾਉਣ ਵਾਲੇ ਸਿੰਧੀ ਸਿੱਖ ਬੜੀ ਸ਼ਰਧਾ ਤੇ ਸੇਵਾ-ਭਾਵਨਾ ਨਾਲ ਲੰਗਰ ਛਕਾਉਣ ਦੀ ਸੇਵਾ ਨਿਭਾ ਰਹੇ ਸਨ। ਚਾਹ ਤੇ ਲੰਗਰ ਆਖ਼ਰੀ ਗੱਡੀ ਦੇ ਰਵਾਨਾ ਹੋਣ ਤੀਕ ਨਿਰੰਤਰ ਚਲਦਾ ਰਿਹਾ। ਕੁਝ ਯਾਤਰੂ ਥਾਲੀਆਂ ਵਿਚ ਲੰਗਰ ਪੁਆ ਕੇ ਗੱਡੀ ਵਿਚ ਬੈਠੇ ਸਾਥੀਆਂ ਲਈ ਵੀ ਲੈ ਜਾਂਦੇ। ਯਾਤਰਾ ਦੌਰਾਨ ਹਰ ਯਾਤਰੂ ਨੂੰ ਆਪਣੀ ਵਰਤੋਂ ਲਈ ਗਲਾਸ, ਚਮਚ, ਕੌਲਾ ਤੇ ਪਾਣੀ ਦੀ ਬੋਤਲ ਆਦਿ ਆਪਣੇ ਨਾਲ ਜ਼ਰੂਰ ਲਿਜਾਣੇ ਪੈਂਦੇ ਹਨ ਤਾਂ ਜੋ ਰਸਤੇ ਵਿਚ ਪ੍ਰਸ਼ਾਦਾ ਜਾਂ ਜਲ, ਚਾਹ ਆਦਿ ਛਕਣ ਵੇਲੇ ਕੋਈ ਦਿਕਤ ਨਾ ਆਵੇ।
ਪਾਕਿਸਤਾਨ ਸਰਕਾਰ ਦੇ ਸਿਹਤ ਵਿਭਾਗ ਵਲੋਂ ਸਟੇਸ਼ਨ ’ਤੇ ਸੰਗਤਾਂ ਦੀ ਸਿਹਤ ਸਹੂਲਤ ਲਈ ਦੋ ਪ੍ਰਮੁੱਖ ਡਾਕਟਰਾਂ ਦੀ ਅਗਵਾਈ ’ਚ ਨਰਸਾਂ ਸਮੇਤ ਵੱਡੀ ਗਿਣਤੀ ’ਚ ਸਟਾਫ਼ ਤੇ ਭਾਰੀ ਮਾਤਰਾ ’ਚ ਦਵਾਈਆਂ ਮੌਜੂਦ ਸਨ। ਵਾਹਗਾ ਵਿਖੇ ਵੱਡੇ ਟੇਬਲਾਂ ’ਤੇ ਲੱਗੀਆਂ ਦਵਾਈਆਂ ਤੇ ਮਰੀਜ਼ਾਂ ਨੂੰ ਚੈਕ ਕਰ ਮਿੰਟੋ-ਮਿੰਟ ਦਵਾਈ ਦਿੱਤੇ ਜਾਣ ਦਾ ਦ੍ਰਿਸ਼ ਇਕ ਮਿੰਨੀ ਹਸਪਤਾਲ ਦਾ ਭੁਲੇਖਾ ਪਾਉਂਦਾ ਸੀ। ਐਮਰਜੈਂਸੀ ਲਈ ਐਬੂਲੈਂਸ ਵੀ ਮੌਜੂਦ ਸੀ। ਸੰਗਤਾਂ ਦੀ ਸਹੂਲਤ ਲਈ ਬੈਂਕ ਵਲੋਂ ਵੀ ਇਕ ਵਿਸ਼ੇਸ਼ ਕਾਊਂਟਰ ਖੋਲ੍ਹਿਆ ਹੋਇਆ ਸੀ ਜੋ ਯਾਤਰੂਆਂ ਤੋਂ ਡਾਲਰ ਆਦਿ ਲੈ ਕੇ ਪਾਕਿਸਤਾਨੀ ਕਰੰਸੀ ਮੁਹੱਈਆ ਕਰ ਰਿਹਾ ਸੀ।
ਭਾਰਤ-ਪਾਕਿਸਤਾਨ ਐਲ.ਓ.ਸੀ. (ਲਾਈਨ ਆਫ ਕੰਟਰੋਲ) ਤੋਂ ਕੁਝ ਦੂਰੀ ’ਤੇ ਆਪਣੇ ਵਤਨ (ਭਾਰਤ) ਵਾਲੇ ਪਾਸੇ ਖੇਤਾਂ ਵਿਚ ਕੰਮ ਕਰਦੇ ਕਿਸਾਨ ਵੀਰਾਂ ਤੇ ਸਾਹਮਣੇ ਨਜ਼ਰ ਆਉਂਦੇ ਪਿੰਡਾਂ ਨੂੰ ਦੇਖ ਕੇ ਬੜਾ ਅਜੀਬ ਨਜ਼ਾਰਾ ਮਹਿਸੂਸ ਹੋ ਰਿਹਾ ਸੀ। ਕੁਝ ਸਮਾਂ ਪਹਿਲਾਂ ਅਸੀਂ ਆਪਣੇ ਵਤਨ ਵਾਸੀਆਂ ਨਾਲ ਹੈਲੋ ਕਰ ਕੇ ਆਏ ਸਾਂ ਅਤੇ ਹੁਣ ਅਸੀਂ ਦੂਸਰੇ ਮੁਲਕ ’ਚ ਕੇਵਲ ਇਨ੍ਹਾਂ ਨੂੰ ਦੇਖ ਹੀ ਸਕਦੇ ਸਾਂ। ਅਸੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਆਪਣੇ ਟ੍ਰੈਵਲਿੰਗ ਦਸਤਾਵੇਜ਼ (ਪਾਸਪੋਰਟ) ਆਦਿ ਨਾਲ ਸਟੇਸ਼ਨ ’ਤੇ ਵਿਚਰ ਰਹੇ ਸਾਂ ਪਰ ਕੁਝ ਪੰਛੀ ਵਾਹਗੇ ਵਾਲੇ ਪਾਸਿਓਂ ਉੱਡ ਬੇਖੌਫ ਇਧਰ-ਉਧਰ ਆ ਜਾ ਰਹੇ ਸਨ ਜੋ ਮਨੁੱਖਾਂ ਵਲੋਂ ਮਨੁੱਖਾਂ ਲਈ ਬਣਾਈਆਂ ਹੱਦਾਂ ਦਾ ਮੂੰਹ ਚਿੜਾ ਰਹੇ ਸਨ।
ਵਾਹਗਾ ਰੇਲਵੇ ਸਟੇਸ਼ਨ ਤੋਂ ਪਹਿਲੀ ਗੱਡੀ ਦੇ ਤੁਰਨ (4.30 ਵਜੇ) ਵੇਲੇ ਤੀਕ ਦੂਜੀ ਗੱਡੀ ਦੇ ਯਾਤਰੂਆਂ ਦੀ ਵੀ ਇਮੀਗ੍ਰੇਸ਼ਨ ਤੇ ਕਸਟਮ ਆਦਿ ਲੱਗਭਗ ਹੋ ਚੁੱਕਾ ਸੀ ਤੇ ਯਾਤਰੂ ਆਪਣੀ ਗੱਡੀ ਦੀ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਪਹਿਲੀ ਗੱਡੀ ਦੇ ਚੱਲਣ ਉਪਰੰਤ ਹੀ ਦੂਸਰੀ ਗੱਡੀ ਨੇ ਇਸ ਪਲੇਟਫਾਰਮ ’ਤੇ ਲੱਗਣਾ ਸੀ।
ਇਸ ਵਾਰ ਪਾਕਿਸਤਾਨ ਸਰਕਾਰ ਵਲੋਂ ਹੋਰ ਸਹੂਲਤਾਂ ਤੋਂ ਇਲਾਵਾ ਯਾਤਰੂਆਂ ਨੂੰ ਇਕ ਹੋਰ ਵਧੀਆ ਸਹੂਲਤ ਵੀ ਪ੍ਰਦਾਨ ਕੀਤੀ ਗਈ, ਉਹ ਇਹ ਸੀ ਕਿ ਪਾਕਿਸਤਾਨ ਦੀ ਮੋਬਾਇਲ ਟੈਲੀਫੋਨ ਕੰਪਨੀ ‘ਮੋਬਾਇਲ ਲਿੰਕ’ ਵਲੋਂ ਵੱਡੀ ਗਿਣਤੀ ਸਿਮ ਕਾਰਡ ਵਿਚ ਬਹੁਤ ਹੀ ਵਾਜਬ ਰੇਟਾਂ ’ਤੇ ਬਿਨਾਂ ਕਿਸੇ ਦਸਤਾਵੇਜ਼ ਦੇ ਮੁਹੱਈਆ ਕੀਤੇ। ਜਿਹੜੇ ਯਾਤਰੂ ਪਾਸ ਆਪਣਾ ਮੋਬਾਇਲ ਸੈੱਟ ਸੀ ਉਹ ਸਿਮ ਲੈ ਕੇ ਆਪਣੇ ਫੋਨ ਵਿਚ ਪਾ ਆਪਣਾ ਟੈਲੀਫੋਨ ਚਾਲੂ ਕਰ ਸਕਦਾ ਸੀ। ਦੂਜਾ ਇਸ ਦਾ ਇਹ ਵੀ ਫ਼ਾਇਦਾ ਸੀ ਕਿ ਜਥੇ ਵਿਚ ਜਿਨ੍ਹਾਂ ਯਾਤਰੂਆਂ ਪਾਸ ਮੋਬਾਇਲ ਫੋਨ ਸਨ ਉਨ੍ਹਾਂ ਦਾ ਆਪਸੀ ਤਾਲਮੇਲ ਵੀ ਬਣਿਆ ਰਿਹਾ। ਜਦ ਕਿ ਪਾਕਿਸਤਾਨ ਤੋਂ ਭਾਰਤ ਜਾਂ ਹੋਰ ਕਿਧਰੇ ਵੀ ਟੈਲੀਫੋਨ ਕਰਨਾ ਹੁੰਦਾ ਤਾਂ ਕੋਈ ਐਸ.ਟੀ.ਡੀ ਬੂਥ ਲੱਭਣਾ ਪੈਂਦਾ ਸੀ ਤੇ ਉਹ ਮਹਿੰਗਾ ਵੀ ਮਹਿਸੂਸ ਹੁੰਦਾ ਸੀ।
ਤੀਜੀ ਟ੍ਰੇਨ ਤੁਰਨ ਤੀਕ ਪਾਰਟੀ ਲੀਡਰ ਸ. ਮਨਜੀਤ ਸਿੰਘ ਬੱਪੀਆਣਾ ਆਪਣੇ ਸਾਥੀਆਂ ਬੀਬੀ ਅਜੈਬ ਕੌਰ, ਸ. ਸੰਤਾ ਸਿੰਘ, ਬਾਬਾ ਜੁਗਰਾਜ ਸਿੰਘ, ਸ. ਜਰਨੈਲ ਸਿੰਘ ਭੋਤਨਾ ਤੇ ਐਡੀਸ਼ਨਲ ਸਕੱਤਰ ਸ. ਬਲਵੰਤ ਸਿੰਘ ਪੱਟੀ ਤੇ ਦਾਸ (ਰਾਮ ਸਿੰਘ) ਨੂੰ ਲੈ ਨਾਲ ਦੇ ਨਾਲ ਜਥੇ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਂਦੇ ਰਹੇ ਅਤੇ ਯਾਤਰੂਆਂ ਦਾ ਹਾਲਚਾਲ ਪੁੱਛਦੇ ਰਹੇ। ਸਾਰੇ ਯਾਤਰੂਆਂ ਦੀ ਰਸਮੀ ਕਾਰਵਾਈ ਪੂਰੀ ਹੋਣ ਉਪਰੰਤ ਅਸੀਂ ਸ਼ਾਮ 7 ਵਜੇ ਦੇ ਕਰੀਬ ਤੀਸਰੀ ਗੱਡੀ ਰਾਹੀਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਏ। ਸਾਡੇ ਡੱਬੇ ਵਿਚ ਪਾਰਟੀ ਲੀਡਰ ਦੇ ਨਾਲ ਡਿਪਟੀ ਐਡਮਿਨਸਟ੍ਰੇਟਰ ਸ਼ਰਾਈਨਜ਼ ਜਨਾਬ ਫਰਾਜ਼ ਅੱਬਾਸ ਤੇ ਉਨ੍ਹਾਂ ਦੇ ਕੁਝ ਸਾਥੀ ਵੀ ਸਵਾਰ ਸਨ। ਰਾਤ 8.30 ਵਜੇ ਦੇ ਕਰੀਬ ਗੱਡੀ ਲਾਹੌਰ ਰੇਲਵੇ ਸਟੇਸ਼ਨ ਪੁੱਜੀ। ਇਥੇ ਰੇਲ ਦੇ ਡੱਬਿਆਂ ’ਚ ਪਾਣੀ ਭਰਿਆ, ਯਾਤਰੂਆਂ ਨੇ ਆਪਣੇ ਤੌਰ ’ਤੇ ਕੁਝ ਰੀਫਰੈਸ਼ਮੈਂਟ ਜਲ, ਚਾਹ, ਠੰਡਾ ਤੇ ਫਰੂਟ ਆਦਿ ਲਿਆ।9.20 ਵਜੇ ਗੱਡੀ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਅਤੇ ਰਾਤ ਨੂੰ 12.30 ਵਜੇ ਦੇ ਕਰੀਬ ਅਸੀਂ ਸ੍ਰੀ ਨਨਕਾਣਾ ਸਾਹਿਬ ਪੁੱਜੇ।
ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਪਹਿਲਾਂ ਤੋਂ ਹੀ ਜਥੇ ਦਾ ਇੰਤਜ਼ਾਰ ਕਰ ਰਹੀਆਂ ਸੰਗਤਾਂ ਤੇ ਪ੍ਰਬੰਧਕਾਂ ਨੇ ਯਾਤਰੂਆਂ ਦਾ ਫੁੱਲਾਂ ਦੇ ਸੇਹਰੇ ਪਾ ਕੇ ਨਿੱਘਾ ਸਵਾਗਤ ਕੀਤਾ। ਸਟੇਸ਼ਨ ਤੋਂ ਸ੍ਰੀ ਨਨਕਾਣਾ ਸਾਹਿਬ ਤੀਕ ਜਾਣ ਵਾਲਾ ਰਸਤਾ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਸੁੰਦਰ ਲਾਈਟਾਂ ’ਚ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਮਾਨੋ ਇਕ ਸਵਰਗ ਦਾ ਨਜ਼ਾਰਾ ਪੇਸ਼ ਕਰਦੀ ਨਜ਼ਰ ਆ ਰਹੀ ਸੀ। ਸੰਗਤਾਂ ਆਟੋ ਤੇ ਵੈਨਾਂ ਆਦਿ ’ਤੇ ਸਵਾਰ ਹੋ ਗੁਰਦੁਆਰਾ ਸਾਹਿਬ ਪੁੱਜੀਆਂ। ਕੁਝ ਸੰਗਤਾਂ ਪੈਦਲ ਵੀ ਬੜੇ ਅਨੰਦ ਨਾਲ ਜਾ ਰਹੀਆਂ ਸਨ। ਗੁਰਦੁਆਰਾ ਸਾਹਿਬ ਦੇ ਬਾਹਰ ਸਕਿਓਰਟੀ ਪੱਖੋਂ ਪੁਲੀਸ ਫੋਰਸ ਤਾਇਨਾਤ ਸੀ। ਯਾਤਰੂਆਂ ਨੂੰ ਚੈਕ ਕਰ ਕੇ ਲੰਘਾਇਆ ਜਾ ਰਿਹਾ ਸੀ। ਹਰ ਸਕਿਓਰਟੀ ਵਾਲੇ ਦੇ ਚੇਹਰੇ ’ਤੇ ਮੁਸਕਰਾਹਟ ਤੇ ਸਤਿਕਾਰ ਦੀ ਭਾਵਨਾ ਪ੍ਰਤੱਖ ਨਜ਼ਰ ਆਉਂਦੀ ਸੀ। ਗੇਟ ਤੋਂ ਪੈਰ ਅੰਦਰ ਧਰਦਿਆਂ ਹੀ ਸੰਗਤਾਂ ਗੁਰੂ ਨਾਨਕ ਸਾਹਿਬ ਦੀ ਪਾਵਨ ਧਰਤੀ ਨੂੰ ਨਤਮਸਤਕ ਹੋ ਰਹੀਆਂ ਸਨ। ਗੁਰਦੁਆਰਾ ਸਾਹਿਬ ਵਿਖੇ ਰੋਸ਼ਨੀਆਂ ਦੀ ਡੈਕੋਰੇਸ਼ਨ ਤੇ ਸੁੰਦਰ ਫੁੱਲ ਬੂਟੇ ਵੇਖ ਮਨ ਨੂੰ ਬਹੁਤ ਸਕੂਨ ਮਹਿਸੂਸ ਹੋਇਆ। ਸੰਗਤਾਂ ਬੜੇ ਅਦਬ ਤੇ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆ ਜਾ ਰਹੀਆਂ ਸਨ।
ਜਨਾਬ ਫਰਾਜ਼ ਅੱਬਾਸ ਨੇ ਸਾਨੂੰ ਆਪਣੇ ਦਫ਼ਤਰ ਬਿਠਾ ਚਾਹ-ਪਾਣੀ ਛਕਾਇਆ ਤੇ ਪਾਰਟੀ ਲੀਡਰ ਸਮੇਤ ਸਾਰਿਆਂ ਨੂੰ ਉਨ੍ਹਾਂ ਦੇ ਕਮਰਿਆਂ ਤੀਕ ਛੱਡਣ ਗਏ। ਕਮਰਿਆਂ ਦੀ ਅਲਾਟਮੈਂਟ ਵਾਹਗਾ ਬਾਰਡਰ ’ਤੇ ਹੀ ਕਰ ਦਿੱਤੇ ਜਾਣ ਕਾਰਨ ਜਿਹੜੀ ਵੀ ਗੱਡੀ ਦੀ ਸੰਗਤ ਗੁਰਦੁਆਰਾ ਸਾਹਿਬ ਪੁੱਜਦੀ, ਆਪਣੇ-ਆਪਣੇ ਕਮਰਿਆਂ ਵਿਚ ਜਾ ਟਿਕਦੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਕੇਅਰਟੇਕਰ ਆਪਣੇ ਸਾਥੀਆਂ ਸਮੇਤ ਸੰਗਤਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ, ਦਰੀਆਂ ਤੇ ਗੱਦੇ ਆਦਿ ਦੇਣ ਲਈ ਰੁਝੇ ਹੋਏ ਸਨ। ਜੋ ਯਾਤਰੂ ਕਮਰਾ ਲੈਣ ਤੋਂ ਰਹਿ ਗਏ ਤਾਂ ਉਨ੍ਹਾਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਹੇਸ਼ ਸਿੰਘ ਤੇ ਉਨ੍ਹਾਂ ਦੇ ਸਾਥੀ ਭਾਈ ਰਾਜਾ ਸਿੰਘ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਇਕ ਗੁੰਬਦ ਵਿਚ ਸੰਗਤਾਂ ਨਾਲ ਉਨ੍ਹਾਂ ਦੀ ਸਹਾਇਤਾ ਲਈ ਮਸਰੂਫ਼ ਸਨ। ਇਥੇ ਹੀ ਗੁਰਦੁਆਰਾ ਸਾਹਿਬ ਦੇ ਬਰਾਮਦੇ ਦੇ ਇਕ ਕਮਰੇ ’ਚ ਯਾਤਰੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਇਕ ਦਫ਼ਤਰ ‘ਸਹਾਇਤਾ ਕੇਂਦਰ’ ਸਥਾਪਤ ਕੀਤਾ ਹੋਇਆ ਸੀ ਜਿਥੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਨ ਲਈ ਕਰਮਚਾਰੀ ਮੌਜੂਦ ਸਨ ਅਤੇ ਹੈਲਪ ਲਾਈਨ ਵਜੋਂ ਬਕਾਇਦਾ ਟੈਲੀਫੋਨ ਨੰਬਰ ਲਿਖੇ ਹੋਏ ਸਨ।
ਅਸੀਂ ਨਵੀਂ ਸਰਾਂ ਦੇ ਪਹਿਲੇ ਬਲਾਕ ’ਚ ਪੁੱਜੇ। ਜਨਰਲ ਪ੍ਰਬੰਧਕ ਸ. ਬਲਵੰਤ ਸਿੰਘ ਪੱਟੀ ਆਪਣੇ ਸੇਵਾਦਾਰ ਨਾਲ ਆਪਣੇ ਅਲਾਟ ਹੋਏ ਕਮਰੇ ਵਿਚ ਚਲੇ ਗਏ। ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੀ ਯਾਤਰੂਆਂ ਦੀ ਸਹੂਲਤ ਵਜੋਂ ਚਾਹ ਅਤੇ ਬ੍ਰੇਕਫਾਸਟ ਆਦਿ ਕਰਨ ਲਈ ਸਟਾਲ ਲੱਗੇ ਹੋਏ ਸਨ, ਇਥੇ ਕੱਪੜੇ ਧੋਣ ਤੇ ਪ੍ਰੈਸ ਕਰਨ ਦਾ ਪ੍ਰਬੰਧ ਵੀ ਸੀ ਪਰ ਇਹ ਕਾਫ਼ੀ ਮਹਿੰਗਾ ਵੀ ਸੀ।
ਅਸੀਂ ਅੰਮ੍ਰਿਤ ਵੇਲੇ ਉਠੇ ਇਸ਼ਨਾਨ ਕਰ ਗੁਰਦੁਆਰਾ ਸਾਹਿਬ ਜਨਮ ਅਸਥਾਨ ਵਿਖੇ ਨਤਮਸਤਕ ਹੋਏ ਅਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਜਥੇ ਨਾਲ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸਿੱਖ ਬੱਚੀਆਂ ਦੇ ਜਥਿਆਂ ਨੇ ਇਲਾਹੀ ਬਾਣੀ ਦਾ ਬਹੁਤ ਹੀ ਅਨੰਦਮਈ ਕੀਰਤਨ ਕੀਤਾ।
ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਤੋਂ ਪਹਿਲਾਂ ਜੋੜੇ (ਜੁਤੀਆਂ) ਜਮ੍ਹਾਂ ਕਰਾਉਣ ਲਈ ਲੋਹੇ ਦੇ ਖਾਨਿਆਂ ਵਾਲੇ ਰੈਕ ਲੱਗੇ ਹੋਏ ਸਨ, ਜਿਥੇ ਜੋੜਾ ਜਮ੍ਹਾਂ ਕਰਾਉਣ ’ਤੇ ਬਕਾਇਦਾ ਟੋਕਨ ਦਿੱਤਾ ਜਾਂਦਾ ਸੀ। ਇਥੇ ਸੇਵਾ ਕਰਨ ਵਾਲੇ ਸ਼ਰਧਾਲੂ ਸੇਵਕ ਸ਼ਰਧਾ ਵਜੋਂ ਸੰਗਤਾਂ ਦੇ ਜੋੜੇ ਰੱਖਣ ਦੇ ਨਾਲ ਪਾਲਸ਼ ਦੀ ਸੇਵਾ ਵੀ ਕਰਦੇ ਸਨ। ਪਰ ਸੰਗਤਾਂ ਇਥੇ ਜੋੜੇ ਜਮ੍ਹਾਂ ਕਰਾ ਕੇ ਅੰਦਰ ਜਾਣ ਦੀ ਬਜਾਏ ਚਰਨਕੁੰਡ ਦੇ ਨਜ਼ਦੀਕ ਹੀ ਉਤਾਰ ਕੇ ਦਰਸ਼ਨਾਂ ਲਈ ਚਲੇ ਜਾਂਦੀਆਂ। ਇਥੋਂ ਕਈ ਵਾਰ ਕੁਝ ਸੰਗਤਾਂ ਦੇ ਜੋੜੇ ਗੁੰਮ ਵੀ ਹੋਏ।
ਅਗਲੇ ਦਿਨ (9 ਅਪ੍ਰੈਲ ਨੂੰ) ਅਸੀਂ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲ ਲੀਲ੍ਹਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ, ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸਰਪ ਛਾਇਆ ਸਾਹਿਬ ਅਤੇ ਗੁਰਦੁਆਰਾ ਕਿਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ।
ਗੁਰਦੁਆਰਾ ਜਨਮ ਅਸਥਾਨ ਸਾਹਿਬ ’ਚ ਆਧੁਨਿਕ ਸਹੂਲਤਾਂ ਵਾਲੀਆਂ ਤਿੰਨ ਸਰਾਵਾਂ ਹਨ। ਇਕ ਬਹੁਤ ਵੱਡੀ ਪੁਰਾਣੀ ਸਰਾਂ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ ਅਨੁਸਾਰ ਪ੍ਰਬੰਧਕੀ ਬਲਾਕ ਤੇ ਸਾਰੀ ਹੀ ਪੁਰਾਣੀ ਸਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਸਿਰਿਓਂ ਉਸਾਰੇ ਜਾਣ ਦਾ ਵਿਚਾਰ ਹੈ। ਲੰਗਰ ਹਾਲ ਵਾਲੇ ਪਾਸੇ ਵੀ ਰਿਹਾਇਸ਼ ਲਈ ਕੁਝ ਨਵੇਂ ਕਮਰੇ ਤਿਆਰ ਕੀਤੇ ਹਨ।
ਗੁਰਦੁਆਰਾ ਪੱਟੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ। ਇਥੇ ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਦੇ ਨਾਲ ਕੀਰਤਨ ਵੀ ਸਿਖਾਇਆ ਜਾਂਦਾ ਹੈ। ਅਸੀਂ ਜਦੋਂ ਗੁਰਦੁਆਰਾ ਪੱਟੀ ਸਾਹਿਬ ਦੇ ਦਰਸ਼ਨਾਂ ਲਈ ਗਏ ਤਾਂ ਉਥੇ ਸ੍ਰੀ ਅਖੰਡ ਪਾਠ ਹੋ ਰਿਹਾ ਸੀ। ਇਕ ਬੱਚੀ ਬਹੁਤ ਹੀ ਮਿੱਠੀ ਆਵਾਜ਼ ’ਚ ਗੁਰਬਾਣੀ ਦਾ ਸੁੰਦਰ ਉਚਾਰਨ ਕਰ ਰਹੀ ਸੀ। ਗੁਰਦੁਆਰਾ ਬਾਲਾ ਸਾਹਿਬ ਵਿਖੇ ਕੁਝ ਮੁਰੰਮਤ ਆਦਿ ਦਾ ਕੰਮ ਚੱਲ ਰਿਹਾ ਸੀ।
ਗੁਰਦੁਆਰਾ ਤੰਬੂ ਸਾਹਿਬ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰ ਕੇ ਸ੍ਰੀ ਨਨਕਾਣਾ ਸਾਹਿਬ ਪੁੱਜ/ਘਰ ਜਾਣ ਦੀ ਬਜਾਏ ਇਸ ਸਥਾਨ ’ਤੇ ਇਕ ਰੁੱਖ ਦੇ ਥੱਲੇ ਬੈਠ ਗਏ ਸਨ। ਇਹ ਰੁੱਖ ਅਜੇ ਵੀ ਮੌਜੂਦ ਹੈ। ਇਸ ਸਥਾਨ ਦਾ ਆਲਾ-ਦੁਆਲਾ ਕਾਫ਼ੀ ਖੁੱਲ੍ਹਾ ਹੋਣ ਕਰਕੇ ਦੋ ਸਰਾਵਾਂ, ਇਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤੇ ਦੂਜੀ ਇੰਗਲੈਂਡ ਦੀਆਂ ਸੰਗਤਾਂ (ਕਾਰ ਸੇਵਾ ਕਮੇਟੀ ਯੂ.ਕੇ.) ਵਲੋਂ ਤਿਆਰ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਬਣਿਆ ਕਮਰਾ ਬਹੁਤ ਵਧੀਆ ਰੈਨੋਵੇਟ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਅਸੀਂ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਉਪਰੰਤ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਵਾਪਸ ਆ ਲੰਗਰ ਛਕਿਆ। ਥੋੜ੍ਹਾ ਆਰਾਮ ਕਰਨ ਉਪਰੰਤ ਅਸੀਂ ਬਾਅਦ ਦੁਪਹਿਰ ਸ੍ਰੀ ਨਨਕਾਣਾ ਸਾਹਿਬ ਦਾ ਅਨਾਰਕਲੀ ਬਜ਼ਾਰ ਵੇਖਿਆ ਤੇ ਵਾਪਸੀ ਉਪਰੰਤ ਗੁਰਦੁਆਰਾ ਜਨਮ ਅਸਥਾਨ ਵਿਖੇ ਸ਼ਾਮ ਦੇ ਦੀਵਾਨ ’ਚ ਹਾਜ਼ਰੀਆਂ ਭਰੀਆਂ। ਗੁਰਦੁਆਰਾ ਸਾਹਿਬ ਦੇ ਸਮੁੱਚੇ ਕੰਪਲੈਕਸ ’ਚ ਸੰਗਤਾਂ ਦੀ ਖੂਬ ਰੌਣਕ ਸੀ।
10 ਅਪ੍ਰੈਲ ਦੀ ਸਵੇਰ ਨੂੰ ਦੀਵਾਨ ਦੀ ਸਮਾਪਤੀ ਉਪਰੰਤ ਜਥਾ 10 ਵਜੇ ਦੇ ਕਰੀਬ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਬੱਸ ਵਿਚ ਪ੍ਰਤੀ ਯਾਤਰੂ ਆਉਣ ਜਾਣ 90 ਰੁਪੈ ਕਿਰਾਇਆ ਵਸੂਲ ਕੀਤਾ ਗਿਆ। ਸ੍ਰੀ ਨਨਕਾਣਾ ਸਾਹਿਬ ਤੋਂ ਮਾਨਾਂਵਾਲਾ ਤੀਕ ਵਧੀਆ ਸੜਕ (ਡਬਲ ਲੇਨ) ਬਣ ਚੁਕੀ ਹੈ ਪਰ ਮਾਨਾਂਵਾਲਾ ਤੋਂ ਮੁੜ ਸ਼ੇਖੂਪੁਰੇ ਤੋਂ ਹੋ ਕੇ ਗੁਰਦੁਆਰਾ ਸੱਚਾ ਸੌਦਾ ਸਾਹਿਬ (ਚੂਹੜਕਾਣਾ) ਵਿਖੇ ਜਾਣਾ ਪੈਂਦਾ ਹੈ ਜਿਸ ਕਾਰਨ ਕਾਫ਼ੀ ਸਮਾਂ ਲੱਗ ਜਾਂਦਾ ਹੈ। ਸਥਾਨਕ ਸੰਗਤ ਅਨੁਸਾਰ ਜੇ ਇਹ ਸੜਕ ਮਾਨਾਂਵਾਲਾ ਤੋਂ ਸਿੱਧੀ ਚੂਹੜਕਾਣਾ ਤੀਕ ਬਣ ਜਾਵੇ ਤਾਂ ਇਹ ਸਫ਼ਰ ਕੇਵਲ ਅੱਧੇ ਘੰਟੇ ਦਾ ਰਹਿ ਜਾਵੇਗਾ।
12.30 ਵਜੇ ਦੇ ਕਰੀਬ ਅਸੀਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂਹੜਕਾਣਾ ਵਿਖੇ ਪੁੱਜੇ। ਸੰਗਤਾਂ ਦਰਸ਼ਨ-ਦੀਦਾਰੇ ਕਰਨ ਲਈ ਪੌੜੀਆਂ ਚੜ੍ਹ ਕੇ ਉਪਰ ਪੁੱਜੀਆਂ। ਪ੍ਰਕਾਸ਼ ਅਸਥਾਨ ’ਤੇ ਨਤਮਸਤਕ ਹੋਣ ਲਈ ਚਹੁੰ ਪਾਸਿਓਂ ਸੰਗਤਾਂ ਅੰਦਰ ਨੂੰ ਹੋ ਤੁਰੀਆਂ। ਉਲਟ ਪਾਸਿਓਂ ਅੰਦਰ ਜਾਣ ਵਾਲੀ ਸੰਗਤ ਨੂੰ ਨਜ਼ਰ ਵੀ ਆ ਰਿਹਾ ਸੀ ਕਿ ਜੇ ਸਾਰੇ ਪਾਸਿਆਂ ਤੋਂ ਅਸੀਂ ਅੰਦਰ ਹੀ ਜਾਣ ਲੱਗ ਪਏ ਤਾਂ ਸੰਗਤ ਬਾਹਰ ਕਿਧਰੋਂ ਦੀ ਨਿਕਲੇਗੀ? ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਸੰਗਤਾਂ ਰੁਕੀਆਂ ਨਾ। ਇਥੇ ਮੱਥਾ ਟੇਕਣ ਲਈ ਇੰਨੀ ਦਿੱਕਤ ਆਈ ਕਿ ਬਿਆਨ ਕਰਨਾ ਮੁਸ਼ਕਲ ਹੈ। ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਸਹੀ ਰਸਤੇ ਰਾਹੀਂ ਹੀ ਮੱਥਾ ਟੇਕਿਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ। ਜੋ ਸੰਗਤਾਂ ਉਲਟ ਜਾਂ ਗਲਤ ਪਾਸਿਓਂ ਦਰਸ਼ਨ ਕਰਦੀਆਂ ਹਨ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਜਿਥੇ ਮਰਯਾਦਾ ਦੀ ਉਲੰਘਣਾ ਹੈ ਉਥੇ ਸ਼ੋਭਨੀਕ ਵੀ ਨਹੀਂ ਹੈ। ਜ਼ਰੂਰੀ ਨਹੀਂ ਕਿ ਕੋਈ ਕਿਸੇ ਨੂੰ ਦੱਸੇ ਕਿ ਇਧਰ ਨਾ ਜਾਉ ਇਹ ਰਸਤਾ ਗ਼ਲਤ ਹੈ। ਇਹ ਮਰਯਾਦਾ ਦਾ ਹੀ ਹਿੱਸਾ ਹੈ। ਜਾਣ ਵਾਲੇ ਨੂੰ ਖ਼ੁਦ ਵੀ ਪਤਾ ਹੁੰਦਾ ਹੈ। ਇਸ ਲਈ ਆਤਮਾ ਦੀ ਆਵਾਜ਼ ਨਾਲ ਠੀਕ ਰਸਤੇ ਰਾਹੀਂ ਜਾਇਆ ਜਾਵੇ ਤਾਂ ਹੀ ਯਾਤਰਾ ਨੂੰ ਸਫਲ ਸਮਝਣਾ ਚਾਹੀਦਾ ਹੈ। ਕਿਸੇ ਨੂੰ ਧੱਕੇ ਨਾਲ ਬਾਈਪਾਸ ਕਰਕੇ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਅੱਗੇ ਜਾਣ ਨਾਲ ਯਾਤਰਾ ਦਾ ਮਿਸ਼ਨ ਮਿੱਟੀ ਹੋ ਜਾਂਦਾ ਹੈ। ਇਸ ਲਈ ਮੱਥਾ ਟੇਕਣ ਸਮੇਂ ਸਬਰ, ਸੰਤੋਖ ਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ।
ਗੁਰਦੁਆਰਾ ਸਾਹਿਬ ਸੱਚਾ ਸੌਦਾ ਚੂਹੜਕਾਣਾ ਵਿਖੇ ਸਜੇ ਦੀਵਾਨ ’ਚ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਲੰਗਰ ਹਾਲ ’ਚ ਸੰਗਤਾਂ ਨੇ ਅਨੰਦ ਨਾਲ ਲੰਗਰ ਛਕਿਆ। ਇਸ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦੇ ਅੰਦਰ ਅਮਰੂਦਾਂ ਤੇ ਕਿੰਨੂਆਂ ਦਾ ਬਾਗ਼ ਹੈ। ਲੈਂਡ ਸਕੈਪਿੰਗ ਦਾ ਕੰਮ ਵੀ ਵਧੀਆ ਕੀਤਾ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸਰੋਵਰ ਵੀ ਹੈ। ਰੰਗ ਬਿਰੰਗੇ ਸੁੰਦਰ ਫੁੱਲ ਗੁਰਦੁਆਰਾ ਸਾਹਿਬ ਦੀ ਸੁੰਦਰਤਾ ’ਚ ਹੋਰ ਵਾਧਾ ਕਰ ਰਹੇ ਸਨ। ਬਾਗ਼ ’ਚ ਸੰਗਤਾਂ ਨੇ ਅਮਰੂਦ ਖ਼ਰੀਦ ਕੇ ਛਕੇ ਤੇ ਕੁਝ ਨੇ ਬੂਟਿਆਂ ਨਾਲੋਂ ਅਮਰੂਦ ਤੋੜ ਕੇ ਛਕਣ ਦਾ ਸ਼ੌਂਕ ਵੀ ਪੂਰਾ ਕੀਤਾ। ਸਾਰੀ ਸੰਗਤ ਨੂੰ ਇਕੱਠਿਆਂ ਹੀ ਬੱਸਾਂ ’ਚ ਸਵਾਰ ਕਰਨ ਲਈ ਸਕਿਓਰਟੀ ਵਾਲਿਆਂ ਗੇਟ ਤੋਂ ਬਾਹਰ ਜਾਣ ਤੋਂ ਰੋਕ ਦਿੱਤੇ ਜਾਣ ਕਾਰਨ ਸੰਗਤਾਂ ਨੇ ਬਾਗ਼ ’ਚ ਬੈਠ ਟਾਈਮ ਪਾਸ ਕੀਤਾ। ਸ਼ਾਮ ਤਿੰਨ ਵਜੇ ਦੇ ਕਰੀਬ ਸਾਰੀ ਸੰਗਤ ਨੇ ਆਪਣੀਆਂ-ਆਪਣੀਆਂ ਬੱਸਾਂ ’ਚ ਬੈਠ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾਏ। ਵਾਪਸੀ ਸਮੇਂ ਸਾਡੀ ਬੱਸ ਦੇ ਦੋਵੇਂ ਟਾਇਰ ਵਾਰੀ-ਵਾਰੀ ਪੈਂਚਰ ਹੋ ਗਏ। ਟਾਇਰ ਤਬਦੀਲ ਕਰਨ ਸਮੇਂ ਕਈ ਯਾਤਰੂ ਝੱਟ ਪਾਣੀ ਪੀਣ ਲਈ ਇਧਰ ਉਧਰ ਤੁਰ ਪੈਂਦੇ ਜਾਂ ਕੁਝ ਲੈ ਕੇ ਖਾਣ ਲੱਗ ਪੈਂਦੇ। ਯਾਤਰੂਆਂ ਵਿਚ 5-10 ਮਿੰਟ ਦਾ ਵੀ ਹੌਸਲਾ ਨਹੀਂ ਸੀ ਪੈਂਦਾ ਕਿ ਅਸੀਂ ਆਰਾਮ ਨਾਲ ਟਿਕੇ ਰਹੀਏ। ਕਈ ਸਹਿਜ ਵਾਲੇ ਵੀ ਸਨ, ਜਿਨ੍ਹਾਂ ਪਾਸ ਜਲ ਆਦਿ ਦੇ ਆਪਣੇ ਪ੍ਰਬੰਧ ਸਨ, ਉਨ੍ਹਾਂ ਨੇ ਹੋਰ ਸੰਗਤਾਂ ਨੂੰ ਇਸ ਮੌਕੇ ਜਲ ਛਕਾਇਆ। ਸ਼ਾਮ 5 ਵਜੇ ਦੇ ਕਰੀਬ ਅਸੀਂ ਵਾਪਸ ਸ੍ਰੀ ਨਨਕਾਣਾ ਸਾਹਿਬ ਪੁੱਜੇ। ਕਾਰਸੇਵਾ ਵਾਲੇ ਬਾਬਿਆਂ ਵਲੋਂ ਚਾਹ, ਜਲੇਬੀਆਂ ਤੇ ਪਕੌੜਿਆਂ ਦਾ ਲੰਗਰ ਚਲ ਰਿਹਾ ਸੀ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਸੁੰਦਰ ਲਾਨ ਵਿਚ ਚਾਹ ਦੇ ਲੰਗਰ ਦਾ ਆਨੰਦ ਮਾਣਿਆ। ਸ਼ਾਮ ਦੇ ਦੀਵਾਨ ਵਿਚ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਸਰਸ਼ਾਰ ਕੀਤਾ। ਗੁਰਦੁਆਰਾ ਸਾਹਿਬ ਦੇ ਲਾਨ ਵਿਚ ਦਰੀਆਂ ਆਦਿ ਵੀ ਵਿਛੀਆਂ ਹੋਈਆਂ ਸਨ। ਕੁਝ ਸੰਗਤਾਂ ਨੇ ਇਥੇ ਹੀ ਬੈਠ ਸ਼ਾਮ ਦਾ ਦੀਵਾਨ ਸਰਵਣ ਕੀਤਾ। ਮੌਸਮ ਵਧੀਆ ਸੀ ਕਈ ਸੰਗਤਾਂ ਨੇ ਇਸ ਲਾਨ ਵਿਚ ਹੀ ਰੈਣ-ਬਸੇਰਾ ਕੀਤਾ।
ਗੁਰਦੁਆਰਾ ਜਨਮ ਅਸਥਾਨ ਵਿਖੇ ਦੀਵਾਨ ਦੀ ਸਮਾਪਤੀ ਉਪਰੰਤ 11 ਅਪ੍ਰੈਲ ਕਾਰਸੇਵਾ ਕਮੇਟੀ ਯੂ.ਕੇ. ਦੇ ਪ੍ਰਧਾਨ ਸ. ਅਵਤਾਰ ਸਿੰਘ ਸੰਘੇੜਾ ਤੇ ਸਕੱਤਰ ਸ. ਜੋਗਾ ਸਿੰਘ ਨੇ ਸ. ਬਲਵੰਤ ਸਿੰਘ ਪੱਟੀ ਤੇ ਪਾਰਟੀ ਲੀਡਰ ਸ. ਮਨਜੀਤ ਸਿੰਘ ਜੀ ਨੂੰ ਬੜੇ ਸਤਿਕਾਰ ਨਾਲ ਗੁਰਦੁਆਰਾ ਤੰਬੂ ਸਾਹਿਬ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸੰਗਤਾਂ ਦੇ ਦਰਸ਼ਨ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਦੀਵਾਨ ਦੀ ਸਮਾਪਤੀ ਉਪਰੰਤ ਲੰਗਰ ਹਾਲ ਦੀ ਉਸਾਰੀ ਦੀ ਅਰੰਭਤਾ ਕਰਨੀ ਹੈ। ਪਾਰਟੀ ਲੀਡਰ ਦੇ ਨਾਲ ਅਸੀਂ ਸਟਾਫ਼ ਸਮੇਤ 11 ਵਜੇ ਗੁਰਦੁਆਰਾ ਤੰਬੂ ਸਾਹਿਬ ਪੁੱਜ ਗਏ। ਸ੍ਰੀ ਅਖੰਡ ਪਾਠ ਦੇ ਭੋਗ ਅਤੇ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਸ. ਅਵਤਾਰ ਸਿੰਘ ਸੰਘੇੜਾ ਨੇ ਪਾਰਟੀ ਲੀਡਰ ਨੂੰ ਬੇਨਤੀ ਕੀਤੀ ਕਿ ਅੱਜ ਲੰਗਰ ਹਾਲ ਦੀ ਉਸਾਰੀ ਦੀ ਅਰੰਭਤਾ ਮੌਕੇ ਪੰਜ ਪਿਆਰਿਆਂ ਵਜੋਂ ਸ਼ਾਮਲ ਹੋ ਇਸ ਸ਼ੁਭ ਕਾਰਜ ਦਾ ਅਰੰਭ ਕਰਨ। ਪਾਰਟੀ ਲੀਡਰ ਸ. ਮਨਜੀਤ ਸਿੰਘ ਬੱਪੀਆਣਾ, ਸ. ਸੰਤਾ ਸਿੰਘ ਉਮੈਦਪੁਰੀ, ਸ. ਅਵਤਾਰ ਸਿੰਘ ਸੰਘੇੜਾ, ਬਾਬਾ ਜੁਗਰਾਜ ਸਿੰਘ, ਗੁਰਦੁਆਰਾ ਤੰਬੂ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਵਾ ਰਹੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸੇਵਾ ਕਰਵਾ ਰਹੇ ਬਾਬਾ ਜਗਤਾਰ ਸਿੰਘ ਜੀ ਦੇ ਨੁਮਾਇੰਦੇ ਭਾਈ ਹਰਪਾਲ ਸਿੰਘ ਕਾਰਸੇਵਾ ਕਮੇਟੀ ਯੂ.ਕੇ. ਦੇ ਸਕੱਤਰ ਸ. ਜੋਗਾ ਸਿੰਘ, ਪ੍ਰੋਜੈਕਟ ਮੈਨੇਜਰ ਸ. ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
ਵੱਖ-ਵੱਖ ਸ਼ਖ਼ਸੀਅਤਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਗੁਰਦੁਆਰਾ ਤੰਬੂ ਸਾਹਿਬ ਦੀ ਇਮਾਰਤ ਦੇ ਨਜ਼ਦੀਕ ਲੰਗਰ ਹਾਲ ਦੀ ਇਮਾਰਤ ਉਸਾਰੀ ਦੀ ਕਾਰਸੇਵਾ ਦਾ ਅਰੰਭ ਕੀਤਾ। ਸ. ਅਵਤਾਰ ਸਿੰਘ ਸੰਘੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 125×75 ਦੀ ਇਹ ਇਮਾਰਤ ਪੁਰ ਇਕ ਕਰੋੜ ਰੁਪੈ ਖਰਚ ਅਤੇ ਅਕਤੂਬਰ ਮਹੀਨੇ ਤੀਕ ਤਿਆਰ ਹੋ ਜਾਣ ਦਾ ਅਨੁਮਾਨ ਹੈ। ਜਥੇ ਨਾਲ ਗਈਆਂ ਸੰਗਤਾਂ ਲਈ ਖਡੂਰ ਸਾਹਿਬ ਵਾਲੇ ਬਾਬਿਆਂ ਵਲੋਂ ਇਥੇ ਲਗਾਤਾਰ ਲੰਗਰ ਚਲਦਾ ਰਿਹਾ ਹੈ। ਇਸ ਕੰਪਲੈਕਸ ’ਚ ਯੂ.ਕੇ. ਦੀ ਕਾਰਸੇਵਾ ਕਮੇਟੀ ਵਲੋਂ ਆਪਣੀ ਰਿਹਾਇਸ਼ ਵਜੋਂ 10-12 ਪਰਵਾਰਾਂ ਦੇ ਰਹਿਣ ਲਈ ਇਕ ਵੱਖਰਾ ਬਲਾਕ ਤਿਆਰ ਕੀਤਾ ਗਿਆ। ਸ. ਸੰਘੇੜਾ ਨੇ ਦੱਸਿਆ ਕਿ ਇਹ ਸੰਗਤਾਂ ਦੀ ਰਿਹਾਇਸ਼ ਦੀ ਸਮੱਸਿਆ ਨੂੰ ਪੂਰਿਆਂ ਕਰਨ ਲਈ ਕਾਫ਼ੀ ਸਹਾਈ ਹੋਣਗੀਆਂ।
ਇਸੇ ਦਿਨ ਸ਼ਾਮ ਨੂੰ 5, 6 ਤੇ 7 ਵਜੇ ਰੇਲ ਗੱਡੀਆਂ ਰਾਹੀਂ ਜਥਾ ਪੰਜਾ ਸਾਹਿਬ (ਹਸਨ ਅਬਦਾਲ) ਲਈ ਰਵਾਨਾ ਹੋਇਆ। ਰਸਤੇ ਵਿਚ ਸ਼ਾਹਦਰਾ ਰੇਲਵੇ ਸਟੇਸ਼ਨ ’ਤੇ ਇਕ ਫਰੂਟ ਵੈਂਡਰ (ਸਟਾਲ ਵਾਲਾ) ਮਿਥੇ ਰੇਟਾਂ ਤੋਂ ਬਹੁਤ ਜ਼ਿਆਦਾ ਰੇਟਾਂ ’ਤੇ ਫਰੂਟ ਵੇਚ ਰਿਹਾ ਸੀ। ਸੰਗਰੂਰ ਤੋਂ ਅਜੀਤ ਅਖ਼ਬਾਰ ਦੇ ਪ੍ਰਤੀਨਿਧ ਸਰਦਾਰ ਐਸ.ਐਸ. ਫੁੱਲ ਨੂੰ ਖਰਬੂਜਾ 70 ਰੁਪੈ ਪ੍ਰਤੀ ਕਿਲੋ ਵੇਚਣ ’ਤੇ ਸ. ਫੁੱਲ ਨੇ ਉਸ ਦਾ ਰੇਟ ਜ਼ਿਆਦਾ ਹੋਣ ਬਾਰੇ ਕਿਹਾ ਪਰ ਗਾਹਕਾਂ (ਸੰਗਤ) ਦਾ ਕਾਫ਼ੀ ਰਸ਼ ਹੋਣ ਕਰਕੇ ਉਸ ਵੈਂਡਰ ਨੇ ਸ. ਫੁੱਲ ਨੂੰ ਕੋਈ ਧਿਆਨ ਨਾ ਦਿੱਤਾ ਜਿਸ ’ਤੇ ਸ. ਫੁੱਲ ਨੇ ਰੇਲ ਵਿਭਾਗ ਦੇ ਸਟੇਸ਼ਨ ਅਧਿਕਾਰੀ ਨੂੰ ਸ਼ਕਾਇਤ ਕੀਤੀ। ਰੇਲ ਵਿਭਾਗ ਦੇ ਇੰਸਪੈਕਟਰ ਨੇ ਇਸ ਵੈਂਡਰ ਦੀ ਰੇਟ ਲਿਸਟ ਚੈਕ ਕੀਤੀ ਅਤੇ ਉਸ ਨੂੰ ਵੱਧ ਰੇਟਾਂ ’ਤੇ ਫਰੂਟ ਵੇਚਣ ਸਬੰਧੀ ਪੁੱਛਗਿੱਛ ਕੀਤੀ ਅਤੇ ਮੌਕੇ ਪੁਰ ਹੀ 500 ਰੁਪੈ ਜੁਰਮਾਨਾ ਕੀਤਾ।ਰੇਲਵੇ ਅਧਿਕਾਰੀ ਨੇ ਇਕ ਲਿਖਤੀ ਪ੍ਰੋਫਾਰਮੇ ਪੁਰ ਸ਼ਿਕਾਇਤ ਲਿਖਵਾ ਲਈ ਅਤੇ ਕਿਹਾ ਕਿ ਇਸ ਵੈਂਡਰ ਦੇ ਖ਼ਿਲਾਫ਼ ਰੇਲਵੇ ਦੀ ਇਕ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੌਰਾਨ ਕੇਸ ਵਿਚਾਰਿਆ ਜਾਵੇਗਾ ਜਿਸ ਵਿਚ ਇਸ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ। ਇਸੇ ਦੌਰਾਨ ਸ. ਫੁੱਲ ਨੇ ਕਿਹਾ ਕਿ ਸਾਡੀ ਸ਼ਿਕਾਇਤ ਦਾ ਭਾਵ ਇਹ ਹਰਗਿਜ਼ ਨਹੀਂ ਕਿ ਅਸੀਂ ਕਿਸੇ ਨੂੰ ਨੁਕਸਾਨ ਪੁਚਾਉਣਾ ਚਾਹੁੰਦੇ ਹਾਂ। ਸਾਨੂੰ ਤਾਂ ਰੇਟ ਬਹੁਤ ਜ਼ਿਆਦਾ ਮਹਿਸੂਸ ਹੋਣ ਅਤੇ ਵੈਂਡਰ ਨੂੰ ਪੁੱਛੇ ਜਾਣ ’ਤੇ ਕੋਈ ਪ੍ਰਵਾਹ ਨਾ ਕੀਤੀ ਤਾਂ ਸਾਨੂੰ ਅਜਿਹਾ ਕਦਮ ਉਠਾਉਣਾ ਪਿਆ। ਵਰਨਾ ਧਾਰਮਿਕ ਯਾਤਰਾ ਦੌਰਾਨ ਸਾਡਾ ਕਿਸੇ ਨੂੰ ਕੋਈ ਨੁਕਸਾਨ ਪੁਚਾਉਣ ਜਾਂ ਕਿਸੇ ਦੀ ਆਤਮਾ ਨੂੰ ਦੁਖ ਦੇਣ ਦਾ ਕੋਈ ਮੰਤਵ ਨਹੀਂ ਸੀ।
ਅਗਲੀ ਸਵੇਰ (12 ਅਪ੍ਰੈਲ) 3 ਵਜੇ ਦੇ ਕਰੀਬ ਰੇਲ ਹਸਨ ਅਬਦਾਲ ਰੇਲਵੇ ਸਟੇਸ਼ਨ ’ਤੇ ਪੁੱਜੀ। ਆਪਣਾ-ਆਪਣਾ ਸਾਮਾਨ ਲੈ ਯਾਤਰੂ ਗੁਰਦੁਆਰਾ ਪੰਜਾ ਸਾਹਿਬ ਪੁੱਜੇ। ਇਸ਼ਨਾਨ ਕਰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਪਾਵਨ ‘ਪੰਜੇ’ ਦੇ ਦਰਸ਼ਨ ਕੀਤੇ ਤੇ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਪੰਜਾ ਸਾਹਿਬ ਤੋਂ ਵਹਿ ਰਿਹਾ ਨਿਰਮਲ ਜਲ ਵੇਖਦਿਆਂ ਹੀ ਛੋਟੇ ਹੁੰਦਿਆਂ ਸੁਣੀ ਭਾਈ ਮਰਦਾਨਾ ਜੀ ਨੂੰ ਤੇਹ (ਪਿਆਸ) ਲੱਗਣ ’ਤੇ ਗੁਰੂ ਸਾਹਿਬ ਵਲੋਂ ਵੰਡ ਛਕਣ ਤੇ ਮਨੁੱਖਤਾ ’ਚ ਆਪਣੀ ਪ੍ਰੇਮ-ਭਾਵ ਦੀ ਭਾਵਨਾ ਨੂੰ ਪ੍ਰਬਲ ਕਰਨ ਲਈ ਵਰਤੀ ਘਟਨਾ ਦੀ ਕਹਾਣੀ ਅੱਖਾਂ ਸਾਹਮਣੇ ਪ੍ਰਤੱਖ ਦਿੱਸਦੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਵਗਦੇ ਕੁਦਰਤੀ ਚਸ਼ਮੇ ਦੇ ਨਾਲ ਵਧੀਆ ਥੜ੍ਹਾ ਤਿਆਰ ਕੀਤਾ ਗਿਆ ਹੈ ਜਿਥੇ ਬੈਠ ਕੇ ਸੰਗਤ ਇਸ਼ਨਾਨ ਅਤੇ ਕਪੜੇ ਆਦਿ ਵੀ ਸਾਫ਼ ਕਰ ਸਕਦੀ ਹੈ। ਇਥੇ ਕੁਝ ਫੁਹਾਰੇ ਵੀ ਲਗਾਏ ਗਏ ਹਨ, ਇਸ਼ਨਾਨ ਕਰਨ ਵਾਲੀ ਸੰਗਤ ਇਨ੍ਹਾਂ ਦੀ ਵਰਤੋਂ ਵੀ ਕਰਦੀ ਹੈ।
ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੀ ਨਿਸ਼ਾਨ ਸਾਹਿਬ ਵਾਲੇ ਪਾਸਿਓਂ ਰੁੱਖਾਂ ਦੀ ਕਟਾਈ ਕਰ ਕੇ ਪ੍ਰਕਰਮਾਂ ਦਾ ਫਰਸ਼ ਇਕਸਾਰ ਕਰ ਦਿੱਤਾ ਗਿਆ ਹੈ ਜੋ ਬਹੁਤ ਸੋਹਣਾ ਲਗਦਾ ਹੈ। ਲੰਗਰ ਦੀ ਮੌਜੂਦਾ ਇਮਾਰਤ ਦੇ ਬਾਹਰ ਵਾਲੇ ਪਾਸੇ ਲੰਗਰ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ ਅਤੇ ਨਵੰਬਰ ਤੀਕ ਤਿਆਰ ਹੋ ਜਾਣ ਦਾ ਅਨੁਮਾਨ ਹੈ। ਪੰਜਾ ਸਾਹਿਬ ਵਿਖੇ ਪਾਕਿਸਤਾਨ ਦੇ ਸੂਬੇ ਸਿੰਧ, ਪਿਸ਼ਾਵਰ ਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਪੁੱਜੀਆਂ ਹੋਈਆਂ ਸਨ। ਗੁਰਦੁਆਰਾ ਸਾਹਿਬ ਵਿਖੇ ਇੰਨੀ ਰੌਣਕ ਸੀ ਕਿ ਚੜ੍ਹਦੇ ਪੰਜਾਬ ਦੇ ਕਿਸੇ ਗੁਰਦੁਆਰਾ ਸਾਹਿਬ ਦੀ ਰੌਣਕ ਵਾਂਗ ਝਲਕ ਪੈਂਦੀ ਸੀ। ਆਸਾ ਦੀ ਵਾਰ ਦੇ ਭੋਗ ਉਪਰੰਤ ਅਖੰਡ ਪਾਠ ਸਾਹਿਬ ਅਰੰਭ ਕੀਤਾ ਗਿਆ। ਦਿਨ ਭਰ ਸੰਗਤਾਂ ਨੇ ਪਾਵਨ ਸਰੋਵਰ ’ਚ ਇਸ਼ਨਾਨ ਕਰ ਆਪਣੇ ਮਨ ਤੇ ਤਨ ਦੀ ਪਿਆਸ ਬੁਝਾਈ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਰਾਤ ਨੂੰ ਸਿੰਧ ਤੋਂ ਆਈਆਂ ਸੰਗਤਾਂ ਨੇ ਰੈਣ ਸਬਾਈ ਕੀਰਤਨ ਅਤੇ ਗੁਰਮਤਿ ਵਿਚਾਰਾਂ ਕੀਤੀਆਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ ਆਪਣੇ ਮੈਂਬਰ ਸਾਥੀਆਂ ਨਾਲ ਸੰਗਤਾਂ ਦੀ ਸੇਵਾ ਵਿਚ ਰਿਹਾਇਸ਼ ਤੇ ਲੰਗਰ ਦੇ ਪ੍ਰਬੰਧਾਂ ਵਿਚ ਮਸ਼ਰੂਫ ਰਹੇ। ਸੰਗਤ ਦੀ ਸਿਹਤ ਸਹੂਲਤ ਲਈ ਡਾਕਟਰਾਂ ਦੀ ਟੀਮ ਦਿਨ-ਰਾਤ ਹਾਜ਼ਰ ਰਹੀ। ਸਿੰਧੀ ਸਿੱਖਾਂ ਨੇ ਆਪਣੀ ਸ਼ਰਧਾ ਅਨੁਸਾਰ ਬਰੈੱਡ ਪਕੌੜੇ, ਜਲੇਬੀਆਂ, ਸ਼ੱਕਰਪਾਰੇ, ਫਰੂਟ ਜੂਸ, ਪੂੜੀਆਂ ਛੋਲੇ, ਕੜਾਹਿ ਪ੍ਰਸ਼ਾਦਿ ਅਤੇ ਖੀਰ ਦੇ ਲੰਗਰਾਂ ਦੀ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਚਾਹ ਨਾਲ ਪਕੌੜੇ ਤੇ ਲੰਗਰ ’ਚ ਜਲੇਬੀਆਂ ਲਈ 12 ਟੀਨ ਘਿਉ ਦੀ ਸੇਵਾ ਕੀਤੀ। ਇਸੇ ਦਿਨ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਤੇ ਨੁਮਾਇੰਦੇ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਜਥੇ ਦੇ ਲੀਡਰ ਨਾਲ ਮੁਲਾਕਾਤ ਕੀਤੀ।
ਅਪ੍ਰੈਲ ਨੂੰ ਬਾਅਦ ਦੁਪਹਿਰ ਸੰਗਤਾਂ ਨੇ ਪੰਜ ਪਿਆਰਿਆਂ ਦੀ ਅਗਵਾਈ ’ਚ ਬੈਂਡ ਦੀਆਂ ਧੁਨਾਂ ’ਤੇ ਸ਼ਬਦ ਗਾਇਨ ਕਰਦਿਆਂ ਨਗਰ ਕੀਰਤਨ ਦੇ ਰੂਪ ’ਚ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕੀਤੀ। ਜਿਸ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਨ, ਦੇਸ਼-ਵਿਦੇਸ਼ ਤੋਂ ਪੁੱਜੇ ਪ੍ਰਤੀਨਿਧ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਗਏ ਜਥੇ ਦੇ ਲੀਡਰ ਸਾਹਿਬਾਨ ਤੇ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਡਰਾਈ ਫਰੂਟ ਤੇ ਕੋਲਡ ਡਰਿੰਕਸ ਦੀ ਸੇਵਾ ਕੀਤੀ ਗਈ। ਕਿਸੇ ਦੂਜੇ ਦੇਸ਼ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਦੇ ਇਸ ਨਗਰ ਕੀਰਤਨ ਦਾ ਵਿਲੱਖਣ ਉਤਸ਼ਾਹ ਆਪਣੀ ਮਿਸਾਲ ਆਪ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾਂਦੇ ਨਿੱਕੇ-ਨਿੱਕੇ ਕਾਰਗਰ ਯਤਨਾਂ ਦੀ ਦਿਲ-ਟੁੰਬਵੀਂ ਝਲਕ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਰਾਤ ਦੇ ਦੀਵਾਨ ’ਚ ਸਿੱਖ ਬੱਚੇ-ਬੱਚੀਆਂ ਨੇ ਗੁਰਬਾਣੀ, ਸ਼ਬਦ ਗਾਇਨ ਅਤੇ ਕੁਇਜ਼ ਮੁਕਾਬਲਿਆਂ ’ਚ ਸਿੱਖ ਇਤਿਹਾਸ ਸਬੰਧੀ ਸਵਾਲਾਂ ਦੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਉੱਤਰ ਦੇ ਕੇ ਸੰਗਤਾਂ ਨੂੰ ਹੈਰਾਨ ਕਰ ਦਿੱਤਾ। ਇਕ 6 ਸਾਲ ਦੀ ਬੱਚੀ ਨੇ 40 ਮੁਕਤਿਆਂ ਦੇ ਨਾਮ ਜ਼ੁਬਾਨੀ ਸੁਣਾਏ। ਇਹਨਾਂ ਬੱਚਿਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਤਸ਼ਾਹਤ ਕਰਨ ਲਈ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਇਹ ਦੀਵਾਨ ਦੇਰ ਰਾਤ ਤੀਕ ਚਲਦਾ ਰਿਹਾ।
14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ, ਅੰਮ੍ਰਿਤ ਵੇਲੇ ਤੋਂ ਹੀ ਇਸ਼ਨਾਨ ਘਰਾਂ ਤੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਰਸ਼ ਸੀ। ਵਿਸਾਖੀ ਪੁਰਬ ਲਈ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੰਧੀ ਸਿੱਖਾਂ ਦੇ ਜਥੇ ਨੇ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ। ਦੇਸ਼- ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਏ ਜਥੇ ਦੇ ਲੀਡਰ ਨੇ ਹਾਜ਼ਰੀਆਂ ਭਰੀਆਂ ਤੇ ਕੀਰਤਨ ਸਰਵਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ਬਾਹਰ ਮੁਖ ਪ੍ਰਵੇਸ਼-ਦੁਆਰ ਦੇ ਨਜ਼ਦੀਕ ਸੁੰਦਰ ਤਿਆਰ ਕੀਤੇ ਮੰਚ ’ਤੇ ਧਾਰਮਿਕ ਦੀਵਾਨ ਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਸਿੰਧ ਤੋਂ ਆਏ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ। ਇਸ ਦੀਵਾਨ ਵਿਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਤੋਂ ਇਲਾਵਾ ਪਾਕਿਸਤਾਨ ਘੱਟ ਗਿਣਤੀਆਂ ਦੇ ਵਜ਼ੀਰ ਜਨਾਬ ਇਜਾਜੁਲ ਹੱਕ, ਵਕਫ ਬੋਰਡ ਦੇ ਚੇਅਰਮੈਨ ਜਨਾਬ ਜੁਲਫਿਕਾਰ ਅਲੀ ਖਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਡਾ: ਸਵਰਨ ਸਿੰਘ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵਕਫ ਬੋਰਡ ਦੇ ਆਹਲਾ ਅਧਿਕਾਰੀ ਵੀ ਮੌਜੂਦ ਸਨ।
ਕੀਰਤਨ ਦੀ ਸਮਾਪਤੀ ਉਪਰੰਤ ਸਮਾਗਮ ਦੀ ਅਰੰਭਤਾ ਕਰਦਿਆਂ ਡਾ: ਸਵਰਨ ਸਿੰਘ (ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਵਿਸਾਖੀ ਦੇ ਮੁਬਾਰਕ ਮੌਕੇ ਸੰਗਤਾਂ ਨੂੰ ਵਧਾਈ ਦੇਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਦੇਸ਼ਾਂ-ਵਿਦੇਸ਼ਾਂ ਤੋਂ ਪੁੱਜੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ। ਜਥੇ ਦੇ ਪਾਰਟੀ ਲੀਡਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ. ਮਨਜੀਤ ਸਿੰਘ ਬੱਪੀਆਣਾ ਨੇ ਇਸ ਮੁਬਾਰਕ ਮੌਕੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਸਾਜਨਾ ਦੇ ਇਤਿਹਾਸਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਾਲਸਾ ਜਿਥੇ ਸਰਬੱਤ ਦਾ ਭਲਾ ਮੰਗਦਾ ਹੈ ਉਥੇ ਜਬਰ-ਜ਼ੁਲਮ ਦਾ ਟਾਕਰਾ ਤੇ ਮਜ਼ਲੂਮ ਦੀ ਰੱਖਿਆ ਕਰਨਾ ਵੀ ਆਪਣਾ ਫਰਜ਼ ਸਮਝਦਾ ਹੈ।
ਇਸੇ ਦਿਨ ਸ਼ਾਮ ਨੂੰ 5, 6 ਤੇ 7 ਵਜੇ ਦੀਆਂ ਗੱਡੀਆਂ ਰਾਹੀਂ ਜਥਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਇਆ। 15 ਅਪ੍ਰੈਲ ਦੀ ਸਵੇਰ ਨੂੰ ਅਸੀਂ 4.30 ਵਜੇ ਦੇ ਕਰੀਬ ਲਾਹੌਰ ਪੁੱਜੇ। ਲਾਹੌਰ ਸਟੇਸ਼ਨ ਤੋਂ ਆਟੋ ’ਤੇ ਗੁਰਦੁਆਰਾ ਸਾਹਿਬ ਦਾ 10 ਕੁ ਮਿੰਟ ਦਾ ਰਸਤਾ ਹੈ। ਇਥੋਂ ਅਸੀਂ ਆਟੋ ’ਤੇ ਸਵਾਰ ਹੋ ਗੁਰਦੁਆਰਾ ਡੇਹਰਾ ਸਾਹਿਬ ਪੁੱਜੇ ਤੇ ਪੰਚਮ ਪਾਤਸ਼ਾਹ ਦੇ ਪਾਵਨ ਅਸਥਾਨ ਵਿਖੇ ਨਤਮਸਤਕ ਹੋਏ।
ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚਲ ਰਿਹਾ ਸੀ। ਅਸੀਂ ਅੰਮ੍ਰਿਤ ਵੇਲੇ ਦੇ ਦੀਵਾਨ ’ਚ ਹਾਜ਼ਰੀਆਂ ਭਰੀਆਂ। ਸਵੇਰੇ 10 ਕੁ ਵਜੇ ਲੰਗਰ ਛਕ ਅਸੀਂ ਗੁਰਦੁਆਰਾ ਡੇਹਰਾ ਸਾਹਿਬ ਤੋਂ ਪੈਦਲ ਹੀ ਚਾਲੇ ਪਾਏ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ‘ਚੂਨਾ ਮੰਡੀ’ ਦੇ ਦਰਸ਼ਨ ਕੀਤੇ। ਇਸ ਅਸਥਾਨ ਦੀ ਨਵ-ਉਸਾਰੀ ਲਈ ਕਾਰਸੇਵਾ ਚਲ ਰਹੀ ਹੈ। ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਬਣ ਰਹੀ ਹੈ। ਇਥੇ ਦਰਸ਼ਨ ਦੀਦਾਰ ਕਰ ਕੇ ਸਾਨੂੰ ਬਹੁਤ ਅਨੰਦ ਆਇਆ।
ਇਸ ਤੋਂ ਅੱਗੇ ਲੰਡੇ ਬਜ਼ਾਰ ’ਚ ਅਸੀਂ ਭਾਈ ਤਾਰੂ ਸਿੰਘ ਸ਼ਹੀਦ ਦੇ ਅਸਥਾਨ ਤੇ ‘ਸ਼ਹੀਦ ਸਿੰਘ ਸਿੰਘਣੀਆਂ’ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਾਰਸੇਵਾ ਕਮੇਟੀ ਯੂ.ਕੇ. ਵਲੋਂ ਦੋ ਮੰਜ਼ਲਾ ਬਹੁਤ ਹੀ ਸੁੰਦਰ ਗੁਰੂ-ਘਰ ਤਾਮੀਰ ਕੀਤਾ ਗਿਆ ਹੈ। ਇਥੇ ਰਿਹਾਇਸ਼ ਲਈ ਕਮਰੇ ਵੀ ਹਨ ਤੇ ਲੰਗਰ ਵੀ ਨਿਰੰਤਰ ਚਲਦਾ ਹੈ। ਇਥੇ ਦਰਸ਼ਨ ਕਰਨ ਤੇ ਲੰਗਰ ਛਕਣ ਸਮੇਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਚੜ੍ਹਦੇ ਪੰਜਾਬ ਦੇ ਕਿਸੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਐਤਵਾਰ ਹੋਣ ਕਾਰਨ ਬਜ਼ਾਰ ਜ਼ਿਆਦਾਤਰ ਬੰਦ ਹੀ ਸੀ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਉਪਰੰਤ ਅਸੀਂ ਦਿੱਲੀ ਦਰਵਾਜ਼ਾ, ਆਜਮ ਮਾਰਕੀਟ ਤੇ ਰੰਗ ਮਹਿਲ ਹੁੰਦੇ ਹੋਏ ਵਾਪਸ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪੁੱਜੇ ਤਾਂ ਗੇਟ ਪੁਰ ਹੀ ਅੱਗੇ ਸ. ਬਲਵੰਤ ਸਿੰਘ ਪੱਟੀ ਮਿਲ ਪਏ। ਉਨ੍ਹਾਂ ਦੱਸਿਆ ਕਿ ਸ. ਦਿਆਲ ਸਿੰਘ (ਮਜੀਠੀਆ) ਰੀਸਰਚ ਐਂਡ ਕਲਚਰਲ ਫੋਰਮ ਵਲੋਂ ਲਾਹੌਰ ਦੇ ਨਾਮਵਰ ਹੋਟਲ ‘ਹੋਲੀਡੇ ਇਨ’ ’ਚ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਅਸੀਂ ਵੀ ਸਭ ਨੇ ਉਥੇ ਜਾਣਾ ਹੈ। ਸੈਮੀਨਾਰ ’ਚ ਸੰਗਤਾਂ ਨੂੰ ਲੈ ਕੇ ਜਾਣ ਲਈ ਪ੍ਰਬੰਧਕਾਂ ਵਲੋਂ ਫਰੀ ਬੱਸਾਂ ਲਗਾਈਆਂ ਹੋਈਆਂ ਹਨ। ਅਸੀਂ ਵੀ ਥੋੜਾ ਫਰੈਸ਼ ਹੋਏ ਤੇ ਚਾਹ ਆਦਿ ਛਕ ਸੈਮੀਨਾਰ ’ਚ ਸ਼ਾਮਲ ਹੋਣ ਲਈ ਚਲ ਪਏ।
ਸ. ਦਿਆਲ ਸਿੰਘ ਮਜੀਠੀਆ ਫੋਰਮ ਕੀ ਹੈ? 1848 ਨੂੰ ਬਨਾਰਸ ਵਿਖੇ ਜਨਮੇ ਸ. ਦਿਆਲ ਸਿੰਘ ਨੂੰ ਪੜ੍ਹਨ ਲਿਖਣ ’ਚ ਬੜੀ ਰੁਚੀ ਸੀ। 2 ਫਰਵਰੀ, 1881 ਨੂੰ ਅੰਗਰੇਜ਼ੀ ਅਖ਼ਬਾਰ “ਦਾ ਟ੍ਰਿਬਿਊਨ” ਚਾਲੂ ਕੀਤਾ ਜੋ ਅੱਜ ਅੰਗਰੇਜ਼ੀ ਤੇ ਪੰਜਾਬੀ ਦੋ ਭਾਸ਼ਾਵਾਂ ਵਿਚ ਛਪ ਰਿਹਾ ਹੈ। ਸ. ਦਿਆਲ ਸਿੰਘ ਦੀ ਕੋਈ ਔਲਾਦ ਨਾ ਹੋਣ ਕਾਰਨ ਉਨ੍ਹਾਂ ਇਕ ਵਸੀਅਤ ਰਾਹੀਂ ਆਪਣੀ ਸਾਰੀ ਕਮਾਈ ਸਿੱਖਿਆ ਲਈ ਵਕਫ ਕਰ ਦਿੱਤੀ। ਇਸ ਪੈਸੇ ਨਾਲ ‘ਸ. ਦਿਆਲ ਸਿੰਘ ਕਾਲਜ’ ਅਤੇ ‘ਸ. ਦਿਆਲ ਸਿੰਘ ਲਾਇਬ੍ਰੇਰੀ’ ਉਸਾਰੀ ਗਈ ਜੋ ਅੱਜ ਵੀ ਉਨ੍ਹਾਂ ਦੇ ਨਾਮ ਪੁਰ ਚਲ ਰਹੀ ਹੈ। ਚੜ੍ਹਦੇ ਪੰਜਾਬ ’ਚ ਨਿਰੰਤਰ ਚਲਦੇ ਅਖ਼ਬਾਰ ਤੇ ਲਹਿੰਦੇ ਪੰਜਾਬ ’ਚ ਲਾਹੌਰ ਸ. ਦਿਆਲ ਸਿੰਘ ਕਾਲਜ ਤੇ ਸ. ਦਿਆਲ ਸਿੰਘ ਲਾਇਬ੍ਰੇਰੀ ਦਾ ਤੋਹਫਾ ਉਨ੍ਹਾਂ ਦੀ ਔਲਾਦ ਦੇ ਰੂਪ ’ਚ ਸਦਾ ਜ਼ਿੰਦਾ ਰਹੇਗਾ। ਇਸੇ ਲਾਇਬ੍ਰੇਰੀ ਦੀ ਚਾਰ ਦਿਵਾਰੀ ਅੰਦਰ ਸ. ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ 2003 ’ਚ ਬਣਾਇਆ ਗਿਆ ਹੈ। ਫੋਰਮ ਵਲੋਂ ਪ੍ਰਕਾਸ਼ਤ ਪੈਂਫਲਿਟ ਅਨੁਸਾਰ ਫੋਰਮ ਦਾ ਵਿਸ਼ਵ ਭਰ ਦੇ ਪੰਜਾਬ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਨੂੰ ਇਕ ਕੇਂਦਰ ਦੇਣਾ ਅਤੇ ਉਨ੍ਹਾਂ ਦੀ ਖੋਜ ਪਰਖ ਨੂੰ ਲੋਕਾਈ ਤੀਕ ਪਹੁੰਚਾਉਣਾ; ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਉਪਰ ਖੋਜ ਕਰਨਾ; ਖੋਜਕਾਰਾਂ ਨੂੰ ਇਸ ਪ੍ਰਸੰਗ ਵਿਚ ਹਰ ਪ੍ਰਕਾਰ ਦੀ ਸਿੱਖਿਆ ਅਤੇ ਸਹਾਇਤਾ ਦੇਣਾ, ਨੌਜੁਆਨਾਂ ਨੂੰ ਖੋਜ ਵੱਲ ਪ੍ਰੇਰਨਾ ਅਤੇ ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਕਰਨੀ, ਖੋਜ ਨਾਲ ਸਬੰਧਤ ਸਾਮਾਨ ਮੁਹੱਈਆ ਕਰਵਾਉਣਾ, ਪੰਜਾਬੀ ਸਾਹਿਤ ਅਤੇ ਇਤਿਹਾਸ ਉਤੇ ਪੁਸਤਕਾਂ, ਮੈਗਜ਼ੀਨ, ਰਸਾਲੇ ਛਾਪਣੇ ਅਤੇ ਉਹਨਾਂ ਨੂੰ ਵਰਤਾਉਣ ਦਾ ਕਾਰਜ ਕਰਨਾ; ਵਿਸ਼ਵ ਭਰ ਵਿੱਚੋਂ ਦਸਤਾਵੇਜ਼ ਅਤੇ ਹੋਰ ਯਾਦਗਾਰੀ ਚੀਜ਼ਾਂ ਨੂੰ ਇਕੱਤਰ ਕਰਨਾ, ਸਾਂਭਣਾ-ਸੰਭਾਲਣਾ ਅਤੇ ਦੂਸਰਿਆਂ ਸਾਹਮਣੇ ਪੇਸ਼ ਕਰਨਾ; ਕਵੀ ਦਰਬਾਰ, ਸੈਮੀਨਾਰ ਅਤੇ ਬਾਲਾਂ ਦੇ ਤਕਰੀਰੀ ਮੁਕਾਬਲੇ ਕਰਵਾਉਣਾ, ਪੰਜਾਬ ਅਤੇ ਪੰਜਾਬੀ ਬਾਰੇ ਕੰਮ ਕਰ ਰਹੇ ਬੁੱਧੀਜੀਵੀਆਂ ਤੋਂ ਲੈਕਚਰ ਕਰਵਾਉਣੇ ਅਤੇ ਉਹਨਾਂ ਨੂੰ ਛਾਪਣਾ ਅਤੇ ਦੁਨੀਆਂ ਦੇ ਵੱਡੇ ਖੋਜ ਅਦਾਰਿਆਂ, ਯੂਨੀਵਰਸਿਟੀਆਂ, ਲਾਇਬ੍ਰੇਰੀਆਂ ਅਤੇ ਥਿੰਕ ਟੈਂਕਸ ਨਾਲ ਜੁੜਨ ਤੇ ਸੰਪਰਕ ਕਰਨ ਦਾ ਵਿਸ਼ਾਲ ਮਿਸ਼ਨ ਹੈ। ਇਸ ਫੋਰਮ ਵਲੋਂ ਹਰ ਸਾਲ ਵਿਸਾਖੀ ਦੇ ਅਵਸਰ ਪੁਰ ਸੈਮੀਨਾਰ ਕਰਾਏ ਜਾਣ ਦੀ ਪ੍ਰੰਪਰਾ ਸ਼ੁਰੂ ਕੀਤੀ ਹੈ। ਇਸ ਵਾਰ ਇਹ ਸੈਮੀਨਾਰ ਦਾ ਪ੍ਰਬੰਧ ਹੋਟਲ ‘ਹੋਲੀਡੇ ਇਨ’ ਦੇ ਇਕ ਹਾਲ ਵਿਚ ਕੀਤਾ ਗਿਆ ਸੀ।
ਜਦੋਂ ਅਸੀਂ ਹਾਲ ਵਿਚ ਪੁੱਜੇ ਤਾਂ ਹਾਲ ਖਚਾ-ਖਚ ਭਰਿਆ ਹੋਇਆ ਸੀ। ਇਸ ਸੈਮੀਨਾਰ ਦੇ ਮੇਜ਼ਬਾਨ ਸਨ ਡਾ: ਜਫਰ ਚੀਮਾ, ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਚੌਧਰੀ ਮੁਹੰਮਦ ਅਫ਼ਜ਼ਲ ਸਾਹੀ, ਵਕਫ ਬੋਰਡ ਦੇ ਚੇਅਰਮੈਨ ਜਨਾਬ ਜੁਲਫਿਕਾਰ ਅਲੀ ਖਾਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ। ਡਾ: ਜਫਰ ਚੀਮਾ ਇਸ ਫੋਰਮ ਦੇ ਡਾਇਰੈਕਟਰ ਵੀ ਹਨ। ਚੰਗੇ ਪੜ੍ਹੇ-ਲਿਖੇ ਡਾ: ਜਫਰ ਚੀਮਾ ਦੀ ਸ਼ਖ਼ਸੀਅਤ ਤੇ ਬੋਲ-ਬਾਣੀ ਕਾਫ਼ੀ ਪ੍ਰਭਾਵਸ਼ਾਲੀ ਹੈ। ਡਾ: ਜਫਰ 8 ਐਮ.ਏ. ਤੇ ਅੰਗਰੇਜ਼ੀ ਦੀ ਪੀ.ਐਚ.ਡੀ. ਹਨ। ਵੱਖ-ਵੱਖ ਵਿਸ਼ਿਆਂ ’ਤੇ ਉਨ੍ਹਾਂ ਦੀ 17 ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ ਅਤੇ 5 ਕੁ ਮੈਗਜ਼ੀਨਾਂ ਦੀ ਸੰਪਾਦਨਾ ਵੀ ਕਰਦੇ ਹਨ।
ਡਾ: ਚੀਮਾ ਨੇ ਮੰਚ ਦੇ ਸੰਚਾਲਨ ਸਮੇਂ ਠੇਠ ਪੰਜਾਬੀ ’ਚ ਸੰਗਤਾਂ ਨੂੰ ਕਈ ਪੱਖਾਂ ਤੋਂ ਰੋਚਿਕ ਜਾਣਕਾਰੀ ਪ੍ਰਦਾਨ ਕੀਤੀ। ਇਸ ਸੈਮੀਨਾਰ ’ਚ ਦੋ ਪਾਕਿਸਤਾਨੀ ਬੀਬੀਆਂ ਨੇ ਵਿਸਾਖੀ ਦੇ ਪ੍ਰਚਲਿਤ ਮੇਲੇ ਪੁਰ ਹੀ ਆਪਣੇ ਪਰਚੇ ਪੜ੍ਹੇ ਜਿਨ੍ਹਾਂ ਵਿਚ ਹਾੜੀ ਦੀ ਫ਼ਸਲ ਦੀ ਤਿਆਰੀ ਸਾਂਭ-ਸੰਭਾਲ ਤੇ ਮਹਿਜ ਇਕ ਮੇਲੇ ਦੇ ਰੂਪ ਵਿਚ ਮਨਾਏ ਜਾਣ ਦੀਆਂ ਗੱਲਾਂ ਕੀਤੀਆਂ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਇਸ ਸੈਮੀਨਾਰ ਲਈ ਇਨਵਾਈਟ ਕੀਤੀ ਡਾ: ਜਸਬੀਰ ਕੌਰ ਨੇ ਵਿਸਾਖੀ ਦੇ ਇਤਿਹਾਸਕ, ਸਮਾਜਿਕ ਤੇ ਧਾਰਮਿਕ ਮਹੱਤਵ ’ਤੇ ਵਿਸਥਾਰਤ ਚਾਨਣਾ ਪਾਉਂਦਿਆਂ ਕਿਹਾ ਕਿ ਵਿਸਾਖੀ ਮਹਿਜ ਇਕ ਮੇਲੇ ਤੋਂ ਇਲਾਵਾ ਧਾਰਮਿਕ ਪੱਖੋਂ ਸਿੱਖ ਜਗਤ ਨਾਲ ਵੱਡਾ ਸਬੰਧ ਹੈ। ਡਾ: ਜਸਬੀਰ ਕੌਰ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ ਨੂੰ ਵੱਖ-ਵੱਖ ਰਾਗਾਂ ’ਚ ਗਾ ਕੇ ਇਕ ਵੱਖਰਾ ਮਾਹੌਲ ਸਿਰਜ ਦਿੱਤਾ। ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ’ਚ ਇਹ ਖਾਲਸੇ ਦੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਗਿਆ।
ਅੰਤ ਵਿਚ ਮੁੱਖ ਮਹਿਮਾਨ ਨੇ ਬੜੇ ਹੀ ਪਿਆਰ ਭਰੇ ਅੰਦਾਜ਼ ਵਿਚ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਵਿਸਾਖੀ ਦੋਹਾਂ ਮੁਲਖਾਂ ਦਾ ਮੁਹੱਬਤ ਭਰਿਆ ਸਾਂਝਾ ਤਿਉਹਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਹਾਂ ਮੁਲਕਾਂ ਦੀ ਜੋ ਬੁਨਿਆਦੀ ਤੇ ਸਮਾਜਿਕ ਸਾਂਝ ਦੀਆਂ ਤੰਦਾਂ ’ਚ ਮੁਹੱਬਤ ਦੀ ਸਾਂਝ ਹੈ ਉਹ ਹੋਰ ਕਿਸੇ ਮੁਲਕ ਨਾਲ ਹੋ ਨਹੀਂ ਸਕਦੀ ਕਿਉਂਕਿ ਸਾਡਾ ਦੋਹਾਂ ਮੁਲਕਾਂ ਦਾ ਪਿਛੋਕੜ, ਵਿਰਸਾ, ਸਾਡੇ ਤਿਉਹਾਰ ਤੇ ਸਾਡੀ ਤਹਿਜ਼ੀਬ ਸਾਂਝੇ ਹਨ। ਵੱਖ-ਵੱਖ ਬੁਲਾਰਿਆਂ ਵਲੋਂ ਵਿਸਾਖੀ ਸਬੰਧੀ ਜੋ ਵਿਚਾਰ ਪੇਸ਼ ਕੀਤੇ ਹਨ ਉਨ੍ਹਾਂ ਤੋਂ ਵੀ ਇਹੀ ਗੱਲ ਪ੍ਰਤੱਖ ਜ਼ਾਹਰ ਹੋਈ ਹੈ ਅਤੇ ਜਿਥੇ ਵਿਚਾਰ ਦੀ ਸਾਂਝ ਹੋਵੇ ਉਥੇ ਪਿਆਰ ਤੇ ਮੁਹੱਬਤ ਹੋਰ ਵੀ ਵਧਦੀ ਹੈ। ਜਨਾਬ ਸਪੀਕਰ ਨੇ ਫੋਰਮ ਵਲੋਂ ਕਰਾਏ ਇਸ ਪ੍ਰੋਗਰਾਮ ਦੀ ਤਾਰੀਫ਼ ਕੀਤੀ ਤੇ ਭਰੋਸਾ ਦਿੱਤਾ ਕਿ ਫੋਰਮ ਦੇ ਕਿਸੇ ਵੀ ਕਾਜ ਲਈ ਮੇਰੀਆਂ ਸੇਵਾਵਾਂ ਹਰ ਵੇਲੇ ਹਾਜ਼ਰ ਹਨ।
ਆਖ਼ਰ ਵਿਚ ਜੱਸੀ ਨਾਮ ਦੇ ਪੰਜਾਬੀ ਨੌਜੁਆਨ ਦੇ ਕਲਚਰਲ ਗਰੁੱਪ ਵਲੋਂ ਭੰਗੜਾ ਪਾ ਕੇ ਵਿਸਾਖੀ ’ਤੇ ਕੀਤੇ ਜਾ ਰਹੇ ਸੈਮੀਨਾਰ ਦੇ ਮਾਹੌਲ ਨੂੰ ਵਿਸਾਖੀ ਵਰਗਾ ਖੁਸ਼ਗਵਾਰ ਬਣਾ ਦਿੱਤਾ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਵਿਚ ਚਾਹ ਦੇ ਲੰਗਰ ਵੀ ਛਕਾਏ ਗਏ।
16 ਅਪ੍ਰੈਲ ਨੂੰ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਤੇ ਗੁਰਮਤਿ ਵਿਚਾਰਾਂ ਹੋਈਆਂ। ਸੰਗਤਾਂ ਨੇ ਲੰਗਰ ਛਕਿਆ ਤੇ ਤਿਆਰੀ ਕੀਤੀ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਸੀ ਅਤੇ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਸੁਹਣੇ ਤਰੀਕੇ ਨਾਲ ਲੰਗਰ ਛਕਿਆ ਪਰ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਲੰਗਰ ਵਰਤਾਉਣ ਵਾਲਿਆਂ ਦੀ ਘਾਟ ਰੜਕਦੀ ਰਹੀ।
ਗੁਰਦੁਆਰਾ ਡੇਹਰਾ ਸਾਹਿਬ ਪ੍ਰਸ਼ਾਦਿਆਂ ਲਈ ਤਿੰਨ ਤੰਦੂਰ ਲਗਾਏ ਹੋਏ ਸਨ। ਤੰਦੂਰੀ ਪ੍ਰਸ਼ਾਦਾ ਅਕਾਰ ਵਿਚ ਕਾਫ਼ੀ ਵੱਡਾ ਅਤੇ ਛਕਣ ਵਿਚ ਬਹੁਤ ਸਵਾਦ ਸੀ। ਇਸ ਦਿਨ ਲੰਗਰ ’ਚ ਆਲੂ ਤੇ ਬੈਂਗਨਾਂ ਦੀ ਸਬਜ਼ੀ ਤੇ ਨਾਲ ਰਾਈ ਪਾ ਕੇ ਤਿਆਰ ਕੀਤਾ ਖੱਟਾ ਅਚਾਰ ਬਹੁਤ ਹੀ ਸੁਆਦਲਾ ਸੀ। ਗਿਰੀਆਂ ਤੇ ਸੌਗੀ ਵਾਲਾ ਕੜਾਹ ਪ੍ਰਸ਼ਾਦਿ ਹੋਰ ਵੀ ਸੁਆਦੀ ਸੀ। ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਬੰਦ ਹੋਣ ਕਰਕੇ ਯਾਤਰੂ ਬਾਹਰ ਨਹੀਂ ਜਾ ਸਕੇ, ਇਸ ਲਈ ਸੰਗਤਾਂ ਨੇ ਤਸੱਲੀ ਨਾਲ ਲੰਗਰ ਦਾ ਅਨੰਦ ਮਾਣਿਆਂ। ਲਾਹੌਰ ਵਿਖੇ ਕੇਵਲ ਅੱਜ ਦਾ ਦਿਨ ਹੀ ਹੋਣ ਕਾਰਨ ਸੰਗਤਾਂ ਨੂੰ ਇਹ ਵੀ ਕਾਹਲ ਸੀ ਕਿ ਲਾਹੌਰ ਦੇ ਵੱਖ-ਵੱਖ ਬਜ਼ਾਰ ਵੀ ਦੇਖੇ ਜਾਣ ਕਿਉਂਕਿ ਅਗਲੇ ਦਿਨ ਸਵੇਰੇ ਵਤਨ ਵਾਪਸੀ ਸੀ। ਲਾਹੌਰ ਬਹੁਤ ਵੱਡਾ ਸ਼ਹਿਰ ਹੈ। ਇਥੇ ਵੱਖ-ਵੱਖ ਚੀਜ਼ਾਂ ਲਈ ਵੱਖਰੀਆਂ ਮਾਰਕੀਟਾਂ ਹਨ। ਜਿਵੇਂ ਕੱਪੜੇ ਦੀ ਖ਼ਰੀਦੋ- ਫ਼ਰੋਖਤ ਲਈ ਆਜਮ ਮਾਰਕੀਟ ਹੈ। ਇਥੋਂ ਭਾਵੇਂ ਪ੍ਰਚੂਨ ਵਿਚ ਵੀ ਕੱਪੜਾ ਮਿਲ ਜਾਂਦਾ ਹੈ ਪਰ ਇਹ ਹੈ ਹੋਲਸੇਲ ਦੀ ਮਾਰਕੀਟ ਸੀ। ਭਾਰਤ ਦੇ ਮੁਕਾਬਲੇ ਕੱਪੜਾ ਸਾਡੀ ਵਰਤੋਂ ਵਾਲਾ ਤਾਂ ਨਹੀਂ ਸੀ ਪਰ ਕਢਾਈ ਵਾਲੇ ਦੁਪੱਟੇ ਬੀਬੀਆਂ ਪਸੰਦ ਕਰਦੀਆਂ ਹਨ।
ਦਿੱਲੀ ਦਰਵਾਜ਼ੇ ਦੇ ਨਜ਼ਦੀਕ ਅਕਬਰੀ ਮੰਡੀ ਹੈ ਜਿਸ ਨੂੰ ਡਰਾਈ ਫਰੂਟ ਦੀ ਮਾਰਕੀਟ ਕਿਹਾ ਜਾਂਦਾ ਹੈ। ਇਹ ਬਹੁਤ ਵੱਡੀ ਮਾਰਕੀਟ ਹੈ। ਇਥੇ ਬਦਾਮਾਂ ਦਾ ਭਾਰਤ ਨਾਲੋਂ ਰੇਟਾਂ ਵਿਚ ਫ਼ਰਕ ਤਾਂ ਜ਼ਰੂਰ ਹੈ ਪਰ ਜੇ ਕੁਆਲਟੀ ਦਾ ਪਤਾ ਹੋਵੇ ਤਾਂ। ਇਸ ਮਾਰਕੀਟ ’ਚ ਯਾਤਰੂ ਡਰਾਈ ਫਰੂਟ ਦੇ ਨਾਲ-ਨਾਲ ਬਦਾਮ ਰੋਗਨ ਮੌਕੇ ਪੁਰ ਹੀ ਕਢਾ ਕੇ ਲਿਆਉਣ ’ਚ ਬਹੁਤ ਵਿਸ਼ਵਾਸ ਰੱਖਦੇ ਹਨ। ਇਸ ਮਾਰਕੀਟ ਦੇ ਬਾਹਰ ਬਜ਼ਾਰ ’ਚ ਪਲਾਸਟਿਕ, ਕੱਚ ਦੇ ਬਰਤਨ (ਡਿਨਰ ਸੈੱਟ) ਦੀਆਂ ਦੁਕਾਨਾਂ ਹਨ। ਇਸ ਤੋਂ ਇਲਾਵਾ ਅਨਾਰਕਲੀ ਬਜ਼ਾਰ ਵੀ ਵਧੀਆ ਬਜ਼ਾਰ ਹੈ ਪਰ ਕਾਫ਼ੀ ਮਹਿੰਗਾ। ਅਸੀਂ ਆਜਮ ਮਾਰਕੀਟ ’ਚ ਕੁਝ ਕਢਾਈ ਵਾਲੇ ਦੁਪੱਟੇ ਖਰੀਦੇ। ਡਰਾਈ ਫਰੂਟ ਮਾਰਕੀਟ ਵੇਖੀ ਤੇ ਸ਼ਾਲਮੀ ਮਾਰਕੀਟ ’ਚ ਆਪਣੇ ਖੇਡਣ ਲਈ ਵਾਲੀਬਾਲ ਖਰੀਦੇ ਤੇ 3 ਵਜੇ ਦੇ ਕਰੀਬ ਵਾਪਸ ਗੁਰਦੁਆਰਾ ਸਾਹਿਬ ਪੁੱਜੇ। ਇਕ ਤਾਂ ਗਰਮੀ ਬਹੁਤ ਸੀ ਦੂਜਾ ਪੈਦਲ ਬਹੁਤ ਤੁਰਨਾ ਪੈਂਦਾ ਸੀ ਇਸ ਲਈ ਅਸੀਂ ਕਾਫੀ ਥੱਕ ਗਏ। ਗੁਰਦੁਆਰਾ ਸਾਹਿਬ ਪਹੁੰਚ ਜਲ-ਪਾਣੀ ਛਕਿਆ ਤੇ ਕੁਝ ਚਿਰ ਆਰਾਮ ਕੀਤਾ। ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ। ਸਵੇਰ ਨੂੰ ਚੱਲਣ ਵਾਲੀਆਂ ਰੇਲ ਗੱਡੀਆਂ ਦੇ ਟਾਈਮ ਵੀ ਨੋਟਿਸ ਬੋਰਡ ਦੇ ਲੱਗ ਚੁਕੇ ਸਨ। ਪਹਿਲੀ ਗੱਡੀ 5 ਵਜੇ, ਦੂਜੀ 6 ਵਜੇ ਤੇ ਤੀਜੀ 7 ਵਜੇ ਚੱਲਣੀ ਸੀ। ਸਾਡੀ ਦੂਜੀ ਗੱਡੀ ਸੀ।
17 ਅਪ੍ਰੈਲ ਨੂੰ ਅੰਮ੍ਰਿਤ ਵੇਲੇ ਉਠ ਇਸ਼ਨਾਨ ਆਦਿ ਕਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਵਤਨ ਵਾਪਸੀ ਰਵਾਨਗੀ ਲਈ ਅਰਦਾਸ ਕੀਤੀ। ਜਦੋਂ ਆਟੋ ਲੈ ਕੇ ਸਟੇਸ਼ਨ ’ਤੇ ਪੁੱਜੇ ਤਾਂ ਅਜੇ ਪਹਿਲੀ ਗੱਡੀ ਵੀ ਨਹੀਂ ਸੀ ਚੱਲੀ। ਉਥੇ ਜਾ ਕੇ ਪਤਾ ਲੱਗਾ ਕਿ ਗੱਡੀਆਂ ਦਾ ਸਮਾਂ ਤਬਦੀਲ ਹੋ ਚੁਕਾ ਹੈ। ਪਹਿਲੀ ਗੱਡੀ 7 ਵਜੇ ਚੱਲਣੀ ਸੀ ਪਰ ਉਹ ਵੀ 7 ਵਜੇ ਦੀ ਬਜਾਏ 9 ਵਜੇ ਚੱਲੀ। ਇਸ ਤਰ੍ਹਾਂ ਸਾਡੀ ਗੱਡੀ ਜੋ 8 ਵਜੇ ਚੱਲਣੀ ਸੀ ਪਰ ਉਹ 11 ਵਜੇ ਚੱਲੀ। ਲਾਹੌਰ ਰੇਲਵੇ ਸਟੇਸ਼ਨ ’ਤੇ ਗੱਡੀ ’ਚ ਬੈਠਿਆਂ ਬੜੀ ਬੇਸਬਰੀ ਹੋ ਰਹੀ ਸੀ ਕਿ ਕਿਹੜਾ ਵੇਲਾ ਹੋਵੇ ਅਸੀਂ ਵਤਨ ਪਹੁੰਚ ਬੱਚਿਆਂ ਨੂੰ ਮਿਲੀਏ। 12.30 ਵਜੇ ਦੇ ਕਰੀਬ ਸਾਡੀ ਗੱਡੀ ਵਾਹਗਾ ਪੁੱਜੀ। ਪਿੱਛੋਂ ਦੂਜਾ ਡੱਬਾ ਸਾਡਾ ਸੀ ਜੋ ਵਾਹਗਾ ਰੁਕਣ ਸਮੇਂ ਇਮੀਗ੍ਰੇਸ਼ਨ ਹਾਲ ਦੇ ਸਾਹਮਣੇ ਆ ਗਿਆ ਸੀ। ਅਸੀਂ ਝੱਟ ਉਤਰ ਕੇ ਇਮੀਗ੍ਰੇਸ਼ਨ ਕਰਾਈ ਤੇ ਗੱਡੀ ਤੋਂ ਸਾਮਾਨ ਉਤਾਰ ਕਸਟਮ ਕਰਵਾ ਭਾਰਤ ਨੂੰ ਚੱਲਣ ਵਾਲੀ ਰੇਲ ’ਤੇ ਸਵਾਰ ਹੋਣ ਵਾਲੇ ਪਲੇਟਫਾਰਮ ’ਤੇ ਪੁੱਜੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਲੰਗਰ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ।ਬਾਕੀ ਯਾਤਰੂ ਵੀ ਕਸਟਮ ਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੋਣ ’ਤੇ ਯਾਤਰੂ ਗੱਡੀ ’ਚ ਬੈਠ ਗਏ। ਕੁਝ ਦੇਰ ਬਾਅਦ ਇਕ ਲੰਮੀ ਵਿਸਲ ਦੀ ਅਵਾਜ਼ ਨਾਲ ਗੱਡੀ ਭਾਰਤ ਲਈ ਰਵਾਨਾ ਹੋਈ। ਚੰਦ ਮਿੰਟਾਂ ’ਚ ਹੀ ਅਸੀਂ ਐਲ.ਓ.ਸੀ ਕਰਾਸ ਕਰ ਆਪਣੇ ਵਤਨ ਪੁੱਜ ਗਏ।
ਸਹਾਇਕ ਕਮਿਸ਼ਨਰ ਇਮੀਗ੍ਰੇਸ਼ਨ ਤੇ ਅਧਿਕਾਰੀ ਨੇ ਜਥੇ ਦੇ ਪਾਰਟੀ ਲੀਡਰ ਨੂੰ ਗਰਮਜੋਸ਼ੀ ਨਾਲ ਮਿਲੇ ਤੇ ਜਲ-ਪਾਣੀ ਦੀ ਸੇਵਾ ਕੀਤੀ। ਇਮੀਗ੍ਰੇਸ਼ਨ ਤੇ ਕਸਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਹਾਇਕ ਕਮਿਸ਼ਨਰ ਸ੍ਰੀ ਮਹਾਜਨ ਤੇ ਸੁਪ੍ਰਿੰਟੈਂਡੈਂਟ ਸ. ਨਰਿੰਦਰ ਸਿੰਘ ਨੇ ਪਾਰਟੀ ਲੀਡਰ ਸ. ਮਨਜੀਤ ਸਿੰਘ ਬੱਪੀਆਣਾ ਤੇ ਉਨ੍ਹਾਂ ਦੇ ਪਰਵਾਰ, ਡਿਪਟੀ ਲੀਡਰ ਸ. ਸੰਤਾ ਸਿੰਘ ਉਮੈਦਪੁਰੀ ਪਰਵਾਰ ਸਮੇਤ ਅਤੇ ਉਨ੍ਹਾਂ ਦੇ ਸਾਥੀ ਬਾਬਾ ਜੁਗਰਾਜ ਸਿੰਘ, ਬੀਬੀ ਅਜੈਬ ਕੌਰ ਤੇ ਉਨ੍ਹਾਂ ਦੇ ਪਤੀ ਸ. ਜਰਨੈਲ ਸਿੰਘ ਭੋਤਨਾ, ਐਡੀਸ਼ਨਲ ਸਕੱਤਰ ਸ. ਬਲਵੰਤ ਸਿੰਘ ਪੱਟੀ, ਦਾਸ (ਰਾਮ ਸਿੰਘ) ਤੇ ਮੇਰੀ ਧਰਮ ਪਤਨੀ ਸੰਦੀਪ ਕੌਰ ਅਤੇ ਕੁਝ ਦਫਤਰੀ ਸੇਵਾਦਾਰਾਂ ਅਤੇ ਜਥੇ ਨੂੰ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਵਿਦਾ ਕੀਤਾ।
ਪਲੇਟਫਾਰਮ ਦੇ ਬਾਹਰ ਪਾਰਟੀ ਲੀਡਰ, ਡਿਪਟੀ ਪਾਰਟੀ ਲੀਡਰ ਤੇ ਦਫਤਰੀ ਅਧਿਕਾਰੀਆਂ ਨੂੰ ਲੈਣ ਲਈ ਗੱਡੀਆਂ ਪਹੁੰਚੀਆਂ ਹੋਈਆਂ ਸਨ। ਪਾਰਟੀ ਲੀਡਰ ਸ. ਮਨਜੀਤ ਸਿੰਘ ਤੇ ਉਨ੍ਹਾਂ ਦੇ ਪਰਵਾਰ, ਡਿਪਟੀ ਪਾਰਟੀ ਲੀਡਰ ਬੀਬੀ ਅਜੈਬ ਕੌਰ ਤੇ ਸ. ਜਰਨੈਲ ਸਿੰਘ ਤੇ ਸ. ਸੰਤਾ ਸਿੰਘ ਉਮੈਦਪੁਰੀ ਉਨ੍ਹਾਂ ਦੇ ਪਰਵਾਰ ਸਮੇਤ ਉਨ੍ਹਾਂ ਦੇ ਮਿੱਤਰ ਬਾਬਾ ਜੁਗਰਾਜ ਸਿੰਘ ਨੂੰ ਵੱਖ-ਵੱਖ ਗੱਡੀਆਂ ’ਚ ਬਿਠਾ ਸ. ਬਲਵੰਤ ਸਿੰਘ ਪੱਟੀ ਤੇ ਦਾਸ ਆਪਣੀਆਂ-ਆਪਣੀਆਂ ਗੱਡੀਆਂ ’ਚ ਬੈਠ ਮਿੱਠੀਆਂ ਤੇ ਅਭੁੱਲ ਯਾਦਾਂ ਲੈ ਕੇ ਮੁੜ ਮਿਲਣ ਦੇ ਵਾਅਦੇ ਨਾਲ ਆਪਣੀ ਮੰਜ਼ਲ ਲਈ ਰਵਾਨਾ ਹੋਏ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ