ਹਰ ਸਮੇਂ, ਹਰ ਦੇਸ਼ ਵਿਚ, ਧਰਮ, ਕਲਾ ਤੇ ਫ਼ਿਲਾਸਫ਼ੀ ਦਾ ਇੱਕੋ-ਇੱਕ ਪਵਿੱਤਰ ਮਨੋਰਥ ਰਿਹਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਦੀ ਏਕਤਾ ਦਾ ਸਬਕ ਦ੍ਰਿੜ੍ਹਾਇਆ ਜਾਵੇ ਤੇ ਇਸ ਆਸਰੇ ਮਨੁੱਖੀ ਸਮਾਜ ਵਿਚ ਇਕਸੁਰਤਾ ਪੈਦਾ ਕਰ ਕੇ ਸ਼ਾਂਤੀ ਅਮਨ ਵਿਚ ਰਹਿੰਦਿਆਂ ਸਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੁਹਿਆ ਜਾਵੇ ਤੇ ਅਗਲੇਰੀ ਪੀੜ੍ਹੀ ਲਈ ਉੱਚਾ, ਸੁੱਚਾ ਤੇ ਸਾਰਥਕ ਉਦੇਸ਼ ਪੇਸ਼ ਕੀਤਾ ਜਾਵੇ। ਸਿੱਖ ਧਰਮ ਦਾ ਆਦਰਸ਼ ਵੀ ਇਹੋ ਸੀ ਕਿ ਚੜ੍ਹਦੀ ਕਲਾ ਦੇ ਨਾਲ-ਨਾਲ ‘ਸਰਬੱਤ ਦੇ ਭਲੇ’ ਨੂੰ ਮੋਹਰੀ ਥਾਂ ਦਿੱਤਾ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਧਿਆਤਮਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸੀ। ਦੂਜੇ ਸ਼ਬਦਾਂ ਵਿਚ ਗੁਰਤਾ, ਬੀਰਤਾ ਤੇ ਕਾਵਿਕਤਾ ਉਨ੍ਹਾਂ ਦੇ ਮੁੱਖ ਗੁਣ ਸਨ ਪਰ ਪ੍ਰਧਾਨਤਾ ਗੁਰਤਾ ਨੂੰ ਹੀ ਪ੍ਰਾਪਤ ਸੀ।
ਗੁਰਤਾ ਦਾ ਵੱਡਾ ਲੱਛਣ ਇਹ ਦੱਸਿਆ ਗਿਆ ਹੈ ਕਿ ਜਿੱਥੇ ਗੁਰੂ ਆਪ ਉਸ ਪਰਮ ਜੋਤਿ ਨਾਲ ਇਕਮਿਕ ਹੁੰਦਾ ਹੈ, ਉਥੇ ਬਾਕੀ ਸਭ ਨੂੰ ਵੀ ਉਸ ਦੇ ਨਾਲ ਮਿਲਾਉਂਦਾ ਹੈ, ਸੋ ਉਸ ਦਾ ਕਰਤੱਵ ਵੀ ਜ਼ਿੰਦਗੀ ਦਾ ਸੰਜੋਗ ਰਚਣਾ ਹੈ ਜਿਵੇਂ ਕਿ ਮੌਲਾਨਾ ਰੂਮੀ ਨੇ ਲਿਖਿਆ ਹੈ ਕਿ ਤੂੰ ਭਾਈ, ਦੁਨੀਆਂ ਵਿਚ ਆਇਆ ਹੀ ਇਸ ਲਈ ਹੈਂ ਕਿ ਸਭ ਨੂੰ ਮਿਲਾਵੇਂ, ਨਾ ਕਿ ਤੋੜ-ਵਿਛੋੜਾ ਪਾਵੇਂ। ਉਸ ਦਾ ਕੌਲ ਹੈ:
ਤੂੰ ਬਰਾਇ ਵਸਲ ਕਰਦਨ ਆਮਦੀ।
ਨ ਬਰਾਇ ਫਸਲ ਕਰਦਨ ਆਮਦੀ।
ਗੁਰਬਾਣੀ ਵਿਚ ਗੁਰੂ ਦਾ ਲੱਛਣ ਵੀ ਇਸੇ ਪ੍ਰਕਾਰ ਦਿੱਤਾ ਗਿਆ ਹੈ ਕਿ ਉਹ ਮਨੁੱਖੀ ਆਤਮਾ ਨੂੰ ਮਾਲਕ ਪਰਮਾਤਮਾ ਨਾਲ ਮਿਲਾਵੇ ਤੇ ਮਨੁੱਖ ਨੂੰ ਮਨੁੱਖ ਦੇ ਗਲ ਲਾਵੇ:
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥ (ਪੰਨਾ 72)
ਸ੍ਰੀ ਗੁਰੂ ਅਰਜਨ ਸਾਹਿਬ ਦਾ ਫ਼ਰਮਾਨ ਵੀ ਇਸੇ ਭਾਵ ਦਾ ਹੈ:
ਜੈਸੇ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ (ਪੰਨਾ 957)
ਸ੍ਰੀ ਗੁਰੂ ਗੋਬਿੰਦ ਸਿੰਘ ਇਸ ਗੁਰਿਆਈ ਮਾਲਾ ਦੇ ਅੰਤਿਮ ਵਾਰਸ ਸਨ। ਉਨ੍ਹਾਂ ਮਨੁੱਖ ਨੂੰ ਰੱਬ ਨਾਲ ਮੇਲਣ ਤੇ ਮਨੁੱਖਾਂ ਨੂੰ ਪਰਸਪਰ ਮੇਲਣ ਦੇ ਬੜੇ ਸਾਰਥਕ ਉਪਰਾਲੇ ਕੀਤੇ। ਇਹ ਠੀਕ ਹੈ ਕਿ ਉਹ ਖੜਗਧਾਰੀ ਜੋਧੇ ਸਨ; ਉਨ੍ਹਾਂ ਸਿੱਖਾਂ ਨੂੰ ਖੜਗ ਦਾ ਯੋਗ ਪ੍ਰਯੋਗ ਵੀ ਦੱਸਿਆ ਪਰ ਨਾਲ ਹੀ ਉਨ੍ਹਾਂ ਇਸ ਨੂੰ ਆਖਰੀ ਹਥਿਆਰ ਹੀ ਕਿਹਾ। ਸਪੱਸ਼ਟ ਤਾਕੀਦ ਕੀਤੀ ਕਿ ਜਦੋਂ ਕੋਈ ਸਾਧਨ ਬਾਕੀ ਨਾ ਰਹੇ ਤਾਂ ਹੀ ਤਲਵਾਰ ਦੀ ਮੁੱਠ ਉੱਤੇ ਹੱਥ ਰੱਖਣਾ ਜਾਇਜ਼ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥22॥ (ਜ਼ਫ਼ਰਨਾਮਾ, ਦਸਮ ਗ੍ਰੰਥ, ਪੰਨਾ 1390)
ਜਿਥੋਂ ਤਕ ਜੀਵਨ-ਜਾਚ ਦਾ ਤੁਅੱਲਕ ਹੈ, ਸਤਿਗੁਰਾਂ ਦੋ ਵਿਸ਼ੇਸ਼ ਗੱਲਾਂ ਕਹੀਆਂ। ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ-ਸਰੂਪ ਹੈ ਤੇ ਉਹ ਅਨੁਰਾਗ ਜਾਂ ਮੁਹੱਬਤ ਬਣ ਕੇ ਹੀ ਜਗਤ ਦੇ ਬਾਗ ਵਿਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈ।
ਫਿਰ ਉਸ ਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ; ਬਾਕੀ ਸਾਧਨ ਤਾਂ ਐਵੇਂ ਦੇਖ- ਦਿਖਾਵੇ ਦੇ ਹਨ। ਗੁਰੂ ਸਾਹਿਬ ਫ਼ੁਰਮਾਉਂਦੇ ਹਨ:
ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ॥
ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥80॥ (ਜਾਪੁ)
ਤੇ
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥29॥ (ਅਕਾਲ ਉਸਤਤਿ)
ਗੁਰੂ ਦਸਮੇਸ਼ ਖੜਗਧਾਰੀ ਜੋਧੇ ਸਨ, ਮਹਾਂਕਵੀ ਸਨ ਪਰ ਇਸ ਤੋਂ ਵੱਧ ਵਿਸ਼ੇਸ਼ਤਾ ਵਾਲੀ ਗੱਲ ਇਹ ਕਿ ਉਹ ਪ੍ਰੀਤ-ਪੈਗ਼ੰਬਰ ਸਨ ਜਿਨ੍ਹਾਂ ਮਨੁੱਖਤਾ ਨੂੰ ਏਕਤਾ ਅਤੇ ਪ੍ਰੇਮ-ਪਿਆਰ ਦਾ ਪੈਗ਼ਾਮ ਦਿੱਤਾ। ਖਾਲਸੇ ਨੂੰ ਇਹ ਗੱਲ ਦ੍ਰਿੜ੍ਹ ਕਰਾਈ ਕਿ ‘ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ’ ਅਰਥਾਤ ਪੂਰੇ ਪ੍ਰੇਮ-ਭਾਵ ਨਾਲ ਅਤੇ ਪ੍ਰਭੂ ਦੀ ਪ੍ਰਤੀਤ ਭਰੋਸੇ ਦਾ ਪ੍ਰਣ ਨਿਭਾਉਣਾ ਮੁਢਲੀ ਕਾਰ ਹੈ।
ਧਾਰਮਿਕ ਮਹਾਂ-ਪੁਰਸ਼ਾਂ ਦੀ ਦ੍ਰਿਸ਼ਟੀ ਯੂਨੀਵਰਸਲ ਅਥਵਾ ਵਿਸ਼ਵ-ਵਿਆਪੀ ਹੁੰਦੀ ਹੈ ਤੇ ਆਮ ਤੌਰ ’ਤੇ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸੁਆਰਥੀ (ਸੈਲਫਸੈਂਟ੍ਰਡ) ਹੁੰਦੀ ਹੈ। ਗੁਰੂ ਸਾਹਿਬ ਪਰਉਪਕਾਰੀ ਸਨ ਤੇ ਸਮੁੱਚੇ ਸੰਸਾਰ ਦੇ ਕਲਿਆਣ ਦੀ ਸੋਚ ਸੋਚਦੇ ਸਨ।
ਅਨੇਕ ਤਰ੍ਹਾਂ ਦੀਆਂ ਵਿਰੋਧਤਾਈਆਂ, ਬਿਖਮਤਾਈਆਂ ਦੇ ਬਾਵਜੂਦ ਗੁਰੂ ਕਲਗੀਧਰ ਇਹ ਸਮਝਦੇ ਤੇ ਅਨੁਭਵ ਕਰਦੇ ਸਨ ਕਿ ਸਭ ਦਾ ਇਸ਼ਟ ਪਰਮੇਸ਼ਰ ਇੱਕ ਹੈ। ਰਸਤਾ ਦਿਖਾਉਣ ਵਾਲਾ ਗੁਰੂ ਵੀ ਇੱਕ ਹੈ। ਉਸ ਦੀ ਕਾਇਨਾਤ ਇੱਕ ਹੈ, ਸਾਰੀ ਮਨੁੱਖਤਾ ਇੱਕ ਹੈ ਤੇ ਉਸ ਦਾ ਧਰਮ ਤੇ ਸਿਸ਼ਟਾਚਾਰ ਵੀ ਇੱਕ ਹੈ। ਇਸ ਏਕਤਾ ਦੀ ਪਛਾਣ ਕਰਨਾ ਹੀ ਜੀਵਨ ਦਾ ਭੇਦ ਹੈ। ਜੇ ਮਨੁੱਖੀ ਆਤਮਾ ਨੇ ਪਰਮਾਤਮਾ ਨੂੰ ਪਾਉਣਾ ਹੈ ਤੇ ਉਸ ਦੀ ਸ੍ਰਿਸ਼ਟੀ ਨੂੰ ਰੀਝਾਉਣਾ ਹੈ ਤਾਂ ਇਸ ਦੀ ਇੱਕੋ-ਇੱਕ ਵਿਧੀ ਸਭ ਨਾਲ ਪ੍ਰੇਮ-ਪਿਆਰ ਦਾ ਵਰਤਾਰਾ ਵਰਤਾਉਣਾ ਹੈ। ਪੂਰਨ ਖਾਲਸਾ ਵੀ ਉਹੋ ਹੋ ਸਕਦਾ ਹੈ ਜੋ ਪ੍ਰੇਮ-ਮੁਹੱਬਤ ਦਾ ਬ੍ਰਤ ਧਾਰਨ ਕਰਦਾ ਅਤੇ ਕਣ-ਕਣ ਵਿਚ ਜਾਗਤ ਜੋਤਿ ਦੇ ਦਰਸ਼ਨ ਕਰਦਾ ਹੈ:
ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨ ਮਾਨੈ॥ (ਦਸਮ ਗ੍ਰੰਥ, ਪੰਨਾ 712)
ਇਸੇ ਕਰਕੇ ਆਪ ਨੇ ਇਨਸਾਨੀ ਏਕਤਾ ਉੱਤੇ ਬਹੁਤ ਜ਼ੋਰ ਦਿੱਤਾ ਤੇ ਧਰਮ- ਕਰਮ ਦੀ ਏਕਤਾ ਨੂੰ ਵੀ ਪਛਾਣਨ ਦੀ ਤਾਕੀਦ ਕੀਤੀ। ਇਹੋ ਹੀ ਇਕ ਸਾਰਥਕ ਵਿਧੀ ਸੀ ਜਿਸ ਨਾਲ ‘ਸਰਬੱਤ ਦੇ ਭਲੇ’ ਦਾ ਮਿਸ਼ਨ ਪੂਰਾ ਹੋ ਸਕਦਾ ਸੀ। ਈਸਾਈ ਚਿੰਤਨ ਵਿਚ ‘ਪ੍ਰੇਮ ਹੀ ਰੱਬ’ (Love is God) ਦਾ ਖਿਆਲ ਦਿੱਤਾ ਗਿਆ ਹੈ ਤੇ ਬਹੁਤੇ ਲੋਕ ਇਉਂ ਹੀ ਸਮਝਦੇ ਹਨ ਇਕ ਇਹ ਵਿਚਾਰ ਪੱਛਮ ਵੱਲੋਂ ਹੀ ਇਧਰ ਆਇਆ ਹੈ ਪਰ ਗੁਰੂ ਦਸਮੇਸ਼ ਜੀ ਦੀ ਬਾਣੀ ਦੇ ਅਧਿਐਨ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਪਰਮੇਸ਼ਰ ਨੂੰ ਪ੍ਰੇਮ ਰੂਪ ਹੋ ਕੇ ਸਾਰੇ ਵਿਚਰਦਾ ਦੱਸਿਆ ਤੇ ਪ੍ਰੇਮ ਦੁਆਰਾ ਹੀ ਉਸ ਨੂੰ ਪਾਉਣ ਦਾ ਮਾਰਗ ਦਰਸਾਇਆ ਹੈ। ਇਸ ਖ਼ਾਤਰ ਏਕਤਾਵਾਦੀ ਹੋਣਾ ਕੁਦਰਤੀ ਤੇ ਬਹੁਤ ਜ਼ਰੂਰੀ ਸੀ।
‘ਅਕਾਲ ਉਸਤਤਿ’ ਵਿਚ ਜਿੱਥੇ ਰੱਬੀ ਮਹਿਮਾ ਦਾ ਗਾਇਨ ਹੈ, ਉਥੇ ਕਰਮਕਾਂਡੀ ਧਰਮਾਂ ਦੀ ਪੁਣ-ਛਾਣ ਵੀ ਬੜੀ ਨਿਧੜਕਤਾ ਤੇ ਨਿਪੁੰਨਤਾ ਨਾਲ ਕਰਨ ਉਪਰੰਤ ਚਾਰ ਕਬਿੱਤਾਂ ਵਿਚ ਜ਼ਿੰਦਗੀ ਦੀ ਏਕਤਾ ਤੇ ਧਰਮਾਂ ਦੀ ਏਕਤਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦ੍ਰਿੜ੍ਹ ਕਰਾਈ ਗਈ ਹੈ।
ਪਹਿਲੇ ਕਬਿੱਤ ਵਿਚ ਮਨੁੱਖੀ-ਏਕਤਾ ਦਾ ਪਾਠ ਪੜ੍ਹਾਉਂਦਿਆਂ ਇਉਂ ਸਮਝਾਇਆ ਹੈ ਕਿ ਸੰਨਿਆਸੀ, ਜੋਗੀ, ਜਤੀ, ਹਿੰਦੂ, ਤੁਰਕ ਜਾਂ ਸ਼ੀਆ-ਸੁੰਨੀ, ਕੋਈ ਭਿੰਨ-ਭੇਦ ਨਹੀਂ, ਸਭੇ ਪੰਜ ਤੱਤ ਦੇ ਪੁਤਲੇ ਅਤੇ ਪੰਜ ਗਿਆਨ-ਇੰਦਰਿਆਂ ਦੇ ਮਾਲਕ ਹਨ। ਇਹ ‘ਮਾਨਸ ਕੀ ਜਾਤਿ’ ਇੱਕ ਹੈ ਤੇ ਇਨ੍ਹਾਂ ਦਾ ਮਾਲਕ ਸਿਰਜਣਹਾਰ ਵੀ ਇੱਕੋ ਹੈ ਅਤੇ ਗਿਆਨ-ਦਾਤਾ ਗੁਰਦੇਵ ਵੀ ਜੋਤਿ ਸਰੂਪ ਇੱਕੋ ਇਕ ਹੈ:
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ,
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਹੀ ਸੇਵ ਸਭ ਹੀ ਕੋ ਗੁਰਦੇਵ ਏਕ,
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥15॥85॥ (ਅਕਾਲ ਉਸਤਤਿ)
ਆਦਿ ਅੰਤਿ ਏਕੈ ਅਵਤਾਰਾ॥
ਸੋਈ ਗੁਰੂ ਸਮਝਿਯਹੁ ਹਮਾਰਾ॥9॥ (ਚੌਪਈ ਪਾ:10)
ਦੂਜੇ ਕਬਿੱਤ ਵਿਚ ਸਤਿਗੁਰਾਂ ਇਹ ਸਮਝਾਇਆ ਹੈ ਕਿ ਦੇਹਰਾ ਮਸੀਤ ਜਾਂ ਪੂਜਾ ਨਮਾਜ਼ ਵਿਚ ਕੋਈ ਭਿੰਨ-ਭੇਦ ਨਹੀਂ। ਲੋਕਾਂ ਆਪਣੇ-ਆਪਣੇ ਸਿਦਕ ਤੇ ਸ਼ਰਧਾ ਅਨੁਸਾਰ ਉਸ ਦੇ ਧਰਮ-ਅਸਥਾਨ ਸਿਰਜੇ ਅਤੇ ਆਪਣੀ-ਆਪਣੀ ਭਾਵਨਾ ਮੁਤਾਬਕ ਉਸ ਦੀ ਭਗਤੀ ਜਾਂ ਬੰਦਗੀ ਕਰਨ ਦੀ ਵਿਧੀ ਅਪਣਾਈ ਹੈ। ਅੰਦਰਲੀ ਸਪਿਰਟ ਸਭ ਦੀ ਇਕ ਜੈਸੀ ਹੈ, ਉਸ ਵਿਚ ਰਤਾ ਫ਼ਰਕ ਨਹੀਂ। ਇਸ ਕਰਕੇ ਬਾਹਰਲੀ ਸੂਰਤ ਨੂੰ ਸਨਮੁਖ ਰੱਖ ਕੇ ਇਨ੍ਹਾਂ ਵਿਚ ਭਿੰਨ-ਭੇਦ ਕਰਨਾ ਜਾਂ ਕੋਈ ਫ਼ਰਕ ਮੰਨਣਾ ਠੀਕ ਨਹੀਂ। ਆਪ ਫ਼ਰਮਾਉਂਦੇ ਹਨ:
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੈਵ ਜੱਛ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ,
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥16॥86॥
ਜਿਵੇਂ ਅੱਗ ਦੇ ਭਾਂਬੜ ਵਿੱਚੋਂ ਕ੍ਰੋੜਾਂ ਚੰਗਿਆੜੇ ਉੱਡਦੇ ਤੇ ਅਸਮਾਨ ਵਿਚ ਆਪਣੀ ਚਮਕ-ਦਮਕ ਦਿਖਾਉਂਦੇ ਹਨ ਪਰ ਹੁੰਦੇ ਸਭ ਅੱਗ ਦਾ ਰੂਪ ਹੀ ਹਨ; ਜਿਵੇਂ ਸਾਗਰ ਵਿਚ ਅਨੇਕ ਤਰੰਗਾਂ, ਲਹਿਰਾਂ ਹਨ ਪਰ ਹੁੰਦਾ ਸਭ ਪਾਣੀ ਹੀ ਹੈ, ਜਿਵੇਂ ਧਰਤੀ ਤੋਂ ਉੱਡਣ ਵਾਲੇ ਮਿੱਟੀ ਦੇ ਜ਼ਰਰੇ ਪੌਣ ਨਾਲ ਖੇਡਦੇ-ਖੇਡਦੇ ਉੱਚੇ ਗਗਨਾਂ ਨੂੰ ਵੀ ਜਾ ਛੂੰਹਦੇ ਹਨ ਪਰ ਅੰਤ ਸਭ ਧਰਤੀ-ਮਾਤਾ ਦੀ ਗੋਦ ਵਿਚ ਆ ਸਮਾਉਂਦੇ ਹਨ, ਇਸੇ ਤਰ੍ਹਾਂ ਸਾਰੀ ਕਾਇਨਾਤ, ਸਾਰਾ ਪਸਾਰਾ ਉਸ ਪਰਮ-ਜੋਤਿ ਦਾ ਲਿਸ਼ਕਾਰਾ ਹੈ ਤੇ ਅੰਤ ਇਸ ਨੇ ਉਸੇ ਵਿਚ ਅਭੇਦ ਹੋ ਜਾਣਾ ਹੈ। ਜਿਸ ਨੇ ਇਹ ਰਹੱਸ ਪਾ ਲਿਆ ਹੈ, ਉਹ ਕੋਈ ਭਰਮ-ਭੇਦ ਨਹੀਂ ਕਰਦਾ ਸਗੋਂ ਸਭ ਨਾਲ ਪਿਆਰ ਕਰਦਾ ਹੈ:
ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ,
ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ॥
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ,
ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਂਗੇ॥
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ,
ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ॥
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੁਇ,
ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ॥ (ਦਸਮ ਗ੍ਰੰਥ ਪੰਨਾ 19)
ਅਜਿਹੀ ਦ੍ਰਿਸ਼ਟੀ ਵਾਲੇ ਭਾਈ ਕਨ੍ਹਈਏ ਵਾਂਗ ਆਪਣੇ ਪ੍ਰਭੂ ਨੂੰ ਇਨਸਾਨ ਮਾਤਰ ਵਿਚ ਤੱਕ ਕੇ ਪ੍ਰੇਮ-ਪਿਆਰ ਦਾ ਵਰਤਾਰਾ ਕਰਦੇ ਅਤੇ ਆਪਣੇ ਆਪ ਅਤੇ ਆਲੇ-ਦੁਆਲੇ ਨੂੰ ਸਦਾ ਖੁਸ਼ੀਆਂ ਵੰਡਦੇ ਹਨ। ਉਨ੍ਹਾਂ ਲਈ ਕੋਈ ਵੀ ਬਿਗਾਨਾ ਨਹੀਂ। ਹਿੰਦੂ, ਤੁਰਕ ਤਾਂ ਕੀ ਬਲਕਿ ਤਮਾਮ ਜੀਵ-ਜੰਤੂ ਵੀ ਉਨ੍ਹਾਂ ਨੂੰ ਪਰਮ-ਜੋਤਿ ਦੇ ਕ੍ਰਿਸ਼ਮੇ ਦਿੱਸਦੇ ਹਨ:
ਬਿਸਰਿ ਗਈ ਸਭ ਤਾਤਿ ਪਰਾਈ॥…
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਭਾਈ ਨੰਦ ਲਾਲ ਜੀ ਨੇ ਆਖਿਆ ਹੈ ਕਿ ਬ੍ਰਾਹਮਣ ਬੁੱਤਾਂ ਦਾ ਮੁਸ਼ਤਾਕ ਹੈ ਤੇ ਮੋਮਨ ਖਾਨ ਕਹਾਉਂਦਾ ਹੈ ਪਰ ਸਾਨੂੰ ਤਾਂ ਹਰ ਪਾਸੇ ਮੁਹੱਬਤ ਦਾ ਪਿਆਲਾ ਹੀ ਛਲਕਦਾ ਦਿੱਸਦਾ ਹੈ:
ਬ੍ਰਹਮਨ ਮੁਸ਼ਤਾਕਿ ਬੁੱਤ, ਜ਼ਾਹਿਦ ਫ਼ਿਦਾਇ ਖ਼ਾਨਕਾਹ।
ਹਰ ਕੁਜਾ, ਜਾਮਿ ਮੁਹੱਬਤ, ਦੀਦਾਅਮ ਸਰਸ਼ਾਰ ਹਸਤ॥6॥ (ਗ਼ਜ਼ਲ 6)
ਦਸਮੇਸ਼ ਜੀ ਦਾ ਫ਼ਰਮਾਨ ਵੀ ਇਸੇ ਅਭੇਦਤਾ ਤੇ ਸਮਤਾ ਦਾ ਬਖਾਨ ਕਰਦਾ ਹੈ:
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ॥
ਤਿਹ ਆਗੈ ਹਿੰਦੂ ਕਿਆ ਤੁਰਕਾ॥19॥ (ਚੌਬੀਸ ਅਉਤਾਰ ਪੰਨਾ 157)
ਗੁਰੂ ਸਾਹਿਬ ਜ਼ਿੰਦਗੀ ਦੇ ਸਰਬਪੱਖੀ ਵਿਕਾਸ ਲਈ ਬਚਨਬੱਧ ਸਨ। ਉਨ੍ਹਾਂ ਖੁਦ ਇਹ ਗੱਲ ਵੀ ਦੁਹਰਾਈ ਹੈ ਕਿ ਜਦੋਂ ਕੋਈ ਕੰਮ ਹੋਰ ਹੀਲਿਆਂ ਤੋਂ ਲੰਘ ਜਾਵੇ ਤਾਂ ਹੀ ਕਿਰਪਾਨ ਦੇ ਦਸਤੇ ਉੱਤੇ ਹੱਥ ਰੱਖਣਾ ਜਾਇਜ਼ ਹੈ। ਇਸ ਦਾ ਸਾਫ ਤੇ ਸਪੱਸ਼ਟ ਭਾਵ ਇਹ ਹੈ ਕਿ ਪਹਿਲੇ ਸਾਰੇ ਸ਼ਾਂਤਮਈ ਸਾਧਨ ਵਰਤੋਂ ਵਿਚ ਲਿਆਂਦੇ ਜਾਣ, ਜੇਕਰ ਕੋਈ ਚਾਰਾ ਨਾ ਚੱਲੇ ਤਾਂ ਹੀ ਤੇਗ ਨੂੰ ਧੂਹਣਾ ਬਣਦਾ ਹੈ। ਇਤਿਹਾਸ ਤੋਂ ਪ੍ਰਗਟ ਹੈ ਕਿ ਉਨ੍ਹਾਂ ਆਪ ਹਮਲਾਵਰ ਹੋ ਕੇ ਲੜਾਈ ਨਹੀਂ ਲੜੀ, ਸਗੋਂ ਕੇਵਲ ਸੁਰੱਖਿਆ ਖ਼ਾਤਰ ਹੀ ਹਥਿਆਰ ਉਠਾਏ। ਸੋ ਜੰਗ-ਯੁੱਧ ਉਨ੍ਹਾਂ ਦਾ ਮਨਇੱਛਤ ਪ੍ਰੋਗਰਾਮ ਨਹੀਂ ਸੀ, ਕੇਵਲ ਸਮੇਂ ਦੀ ਲੋੜ ਸੀ।
ਕਿਤੇ-ਕਿਤੇ ਇਹ ਖਿਆਲ ਵੀ ਪ੍ਰਚਾਰਿਆ ਗਿਆ ਹੈ ਕਿ ਉਹ ਮੁਸਲਮਾਨਾਂ ਦੇ ਵੈਰੀ ਸਨ। ਇਹ ਗੱਲ ਵੀ ਬੇ-ਬੁਨਿਆਦ ਹੀ ਹੈ। ਉਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ ਸੀ। ਸਤਿਗੁਰੂ-ਚਰਿਤ੍ਰ ਦਾ ਇਹ ਵਿਸ਼ੇਸ਼ ਗੁਣ ਹੈ ਕਿ ਉਹ ਨਿਰਭਉ- ਨਿਰਵੈਰ ਹੈ:
ਸਤਿਗੁਰ ਪੁਰਖੁ ਅਗੰਮੁ ਹੈ ਨਿਰਵੈਰੁ ਨਿਰਾਲਾ।
ਜਾਣਹੁ ਧਰਤੀ ਧਰਮ ਕੀ ਸਚੀ ਧਰਮਸਾਲਾ। (ਵਾਰ 34:1)
ਇਸ ਦਾ ਇਤਿਹਾਸਕ ਪ੍ਰਮਾਣ ਵੀ ਸਾਡੇ ਸਾਹਮਣੇ ਹੈ ਕਿ ਉਨ੍ਹਾਂ ਭਾਈ ਕਨ੍ਹਈਏ ਜੀ ਨੂੰ ਹਰ ਘਾਇਲ ਜ਼ਖ਼ਮੀ ਨੂੰ ਪਾਣੀ ਪਿਲਾਉਣ ਲਈ ਸ਼ਾਬਾਸ਼ ਦੇਂਦਿਆਂ, ਨਾਲ ਮਲ੍ਹਮ ਦੀ ਡੱਬੀ ਵੀ ਦਿੱਤੀ ਕਿ ਬਿਨਾਂ ਕਿਸੇ ਭੇਦ-ਭਾਵ ਦੇ ਹਰ ਜ਼ਖ਼ਮੀ ਦੇ ਜ਼ਖ਼ਮਾਂ ਨੂੰ ਮਲ੍ਹਮ ਵੀ ਲਾਈ ਜਾਵੇ।
ਇਸ ਤੋਂ ਬਿਨਾਂ ਅਨੇਕਾਂ ਮੁਸਲਮਾਨ ਆਪ ਦੇ ਮਿੱਤਰ ਤੇ ਅਨਿੰਨ ਸ਼ਰਧਾਲੂ ਵੀ ਸਨ, ਜਿਨ੍ਹਾਂ ਵਿਚ ਭੀਖਨਸ਼ਾਹ, ਕਾਜ਼ੀ ਸਲਾਰੁਦੀਨ, ਨਿਹੰਗ ਖਾਂ, ਆਲਮ ਖਾਂ, ਨਬੀ ਖਾਂ, ਗਨੀ ਖਾਂ, ਸੈਦ ਬੇਗ, ਇਬਰਾਹੀਮ ਖਾਂ, ਹਾਜੀ ਚਰਾਗ ਸ਼ਾਹ ਅਜਨੇਰੀਆ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲਾ, ਇਨਾਯਤ ਅਲੀ ਨੂਰਪੁਰੀਆ, ਸੁਬੇਗ ਸ਼ਾਹ ਹਲਵਾਰੀਆ, ਹਸਨ ਅਲੀ ਮੋਨੂਮਾਜਰੀਆ- ਆਦਿ ਪ੍ਰਸਿੱਧ ਹਨ, ਜਿਨ੍ਹਾਂ ਸਤਿਗੁਰਾਂ ਨੂੰ ਦਿਲੋਂ-ਮਨੋਂ ਪਿਆਰ ਕੀਤਾ ਤੇ ਸੰਕਟ ਸਮੇਂ ਵੀ ਆਪ ਦਾ ਸਾਥ ਦਿੱਤਾ।
ਸੋ ਮਾਨਸ ਕੀ ਜਾਤਿ ਇਕ ਮੰਨਣ ਵਾਲਾ ਕਿਸੇ ਨਾਲ ਦਵੈਤ ਜਾਂ ਵੈਰ-ਵਿਰੋਧ ਕਰ ਹੀ ਨਹੀਂ ਸਕਦਾ। ਉਹ ਪ੍ਰੀਤ-ਪੈਗ਼ੰਬਰ ਹੁੰਦਾ ਹੋਇਆ ਸਭ ਨੂੰ ਆਪਣੀ ਪਿਆਰ-ਗਲਵਕੜੀ ਵਿਚ ਲੈ ਕੇ ਹੀ ਪ੍ਰਸੰਨ ਹੁੰਦਾ ਹੈ। ਇਸੇ ਲਈ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ:
ਖ਼ਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ
ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ॥124॥
… ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ
ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ॥136॥ (ਗੰਜਨਾਮਾ)
ਅੱਜ ਇਸ ਸਮਦ੍ਰਿਸ਼ਟੀ ਤੇ ਸਰਬ-ਸਾਂਝੀਵਾਲਤਾ ਦੀ ਪਹਿਲੇ ਨਾਲੋਂ ਵਧੇਰੇ ਲੋੜ ਹੈ ਕਿਉਂਕਿ ਰਾਜਨੀਤਿਕ ਖਿਲਾੜੀਆਂ ਲੋਕਤੰਤਰ, ਸੈਕੂਲਰਇਜ਼ਮ ਤੇ ਸੋਸ਼ਲਿਜ਼ਮ ਵਰਗੇ ਉੱਚ-ਆਦਰਸ਼ਾਂ ਨੂੰ ਆਪਣੇ ਛਲ-ਫਰੇਬ ਤੇ ਕੁਟਿਲ ਨੀਤੀ ਨਾਲ ਇਤਨਾ ਧੁੰਦਲਾ ਤੇ ਮਲੀਨ ਕਰ ਦਿੱਤਾ ਹੈ ਕਿ ਕੋਈ ਸ਼ੁੱਧ ਸਭਿਆਚਾਰ ਦਾ ਅਸਥਾਨ ਹੀ ਨਹੀਂ ਰਿਹਾ। ਮਨੁੱਖ ਇਤਨਾ ਸਵਾਰਥੀ ਹੋ ਨਿਬੜਿਆ ਹੈ ਕਿ ਉਹ ਹਰ ਖੇਤਰ ਵਿਚ ਖੁਦਗਰਜ਼ੀ ਦਾ ਸ਼ਿਕਾਰ ਹੈ। ਵੋਟ ਲੈਣ ਖ਼ਾਤਰ ਜਾਤ-ਪਾਤ ਦੇ ਵਿਤਕਰੇ ਤੇ ਛੋਟੇ- ਵੱਡੇ ਦੇ ਟਕਰਾਉ, ਵਰਤਮਾਨ ਕੂਟਨੀਤੀ ਦਾ ਜ਼ਰੂਰੀ ਭਾਗ ਹਨ। ਵਾਦਪ੍ਰਸਤੀ ਜਾਂ ਕੌਮਪ੍ਰਸਤੀ ਵੀ ਉਸ ਨੂੰ ਸੰਕੀਰਣ ਬਣਾਉਂਦੀ ਗਈ ਹੈ; ਕਿਸੇ ਨੂੰ ਮਨੁੱਖੀ ਕਲਚਰ ਦਾ ਕੋਈ ਅਹਿਸਾਸ ਨਹੀਂ ਰਿਹਾ। ਸ਼ਾਇਰ ਸੱਚ ਕਹਿੰਦਾ ਹੈ:
ਨ ਮੁਹੱਬਤ ਨ ਮੁਹੱਵਤ ਨਾ ਖਲੂਸ
ਸ਼ਰਮਿੰਦਾ ਹੂੰ ਇਸ ਦੌਰ ਕਾ ਇਨਸਾਂ ਹੋ ਕਰ।
‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਸੰਦੇਸ਼ ਦੇਣ ਵਾਲੇ ਗੁਰੂ ਦਾ ਇੱਕੋ-ਇੱਕ ਮਨੋਰਥ ਸੀ ਕਿ ਤਮਾਮ ਮਨੁੱਖਤਾ ਪ੍ਰੀਤਿ-ਧਾਗੇ ਵਿਚ ਪਰੋਈ ਜਾਵੇ ਤੇ ਪ੍ਰੇਮ-ਪਿਆਰ ਹੀ ਸਭ ਦਾ ਮਜ਼੍ਹਬ ਤੇ ਸਭ ਦੀ ਰਾਜਨੀਤੀ ਹੋਵੇ ਤਾਂ ਹੀ ਅਜੋਕਾ ਮਾਨਵ, ਆਪਣੇ ਸਿਰਜੇ ਸੰਕਟ ਵਿੱਚੋਂ ਨਿਕਲ ਸਕਦਾ ਹੈ। ਲੋੜ ਹੈ, ਉਸ ਪ੍ਰੀਤ- ਪੈਗ਼ੰਬਰ ਦੇ ਪੈਗ਼ਾਮ ਨੂੰ ਪਛਾਨਣ ਦੀ!
ਲੇਖਕ ਬਾਰੇ
- Sikh Archiveshttps://sikharchives.org/kosh/profile/sikharchives/September 1, 2007
- Sikh Archiveshttps://sikharchives.org/kosh/profile/sikharchives/April 1, 2008