editor@sikharchives.org

ਪ੍ਰੋ. ਸਾਹਿਬ ਸਿੰਘ-ਇਕ ਝਾਤ

ਪ੍ਰੋ. ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ ਦੇ ਹਰ ਸੱਚ ਨੂੰ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪ੍ਰੋ. ਸਾਹਿਬ ਸਿੰਘ ਵੀਹਵੀਂ ਸਦੀ ਦੀ ਵਿਲੱਖਣ ਸ਼ਖ਼ਸੀਅਤ ਸਨ। ਉਹ ਧਾਰਮਿਕ ਬਿਰਤੀ ਵਾਲੇ ਸਦਾਚਾਰਕ ਮਾਰਗ ਦੇ ਪਾਂਧੀ ਸਨ। ਕਥਨੀ ਅਤੇ ਕਰਨੀ ਵਿਚ ਪੂਰੇ, ਸੱਚ ਨੂੰ ਸੱਚ ਕਹਿਣ ਦੀ ਜ਼ੁਰੱਅਤ ਰੱਖਣ ਵਾਲੇ ਅਤੇ ਹਾਜ਼ਰ-ਜੁਆਬ ਸਨ। ਪ੍ਰੋ. ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ ਦੇ ਹਰ ਸੱਚ ਨੂੰ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ। ਜਿਹੜੀ ਨਿਸੰਗਤਾ ਉਨ੍ਹਾਂ ਦੇ ਸੁਭਾਅ ਵਿਚ ਸੀ, ਉਹ ਕਿਸੇ ਸਾਧਕ ਦੀ ਪ੍ਰਾਪਤੀ ਵਰਗੀ ਸੀ। ਆਪ ਉਨ੍ਹਾਂ ਸਤਿਕਾਰਤ ਸ਼ਖ਼ਸੀਅਤਾਂ ਵਿੱਚੋਂ ਸਨ, ਜੋ ਆਪਣੇ-ਆਪ ਤੋਂ ਉੱਪਰ ਉੱਠ ਕੇ ਧਰਮ ਦੀ ਸੇਵਾ ਹਿਤ ਆਪਣਾ ਸਮੁੱਚਾ ਜੀਵਨ ਅਰਪਣ ਕਰ ਦਿੰਦੇ ਹਨ। ਉਹ ਅਤਿ ਦਰਜੇ ਦੇ ਮਿਹਨਤੀ ਸਨ ਤੇ ਆਲਸ ਕਦੇ ਉਨ੍ਹਾਂ ਦੇ ਨੇੜੇ ਨਹੀਂ ਸੀ ਢੁੱਕਿਆ। ਜਿਸ ਕਾਰਜ ਨੂੰ ਉਹ ਅਰੰਭ ਕਰਦੇ, ਪੂਰੀ ਲਗਨ ਨਾਲ ਉਸ ਨੂੰ ਸੰਪੂਰਨ ਕਰਦੇ। ਆਪ ਸਮੇਂ ਦੇ ਕਦਰਦਾਨ ਸਨ, ਗਰੀਬ ਅਤੇ ਸਮਾਜ ਵੱਲੋਂ ਲਿਤਾੜੇ ਨੀਵੀਂ ਜਾਤ ਦੇ ਲੋਕਾਂ ਨਾਲ ਉਨ੍ਹਾਂ ਦਾ ਅਤਿ ਦਾ ਸਨੇਹ ਸੀ। ਉਨ੍ਹਾਂ ਨੇ ਸਮਾਜ ਵਿਚ ਪ੍ਰਚੱਲਤ ਜਾਤ-ਪਾਤ, ਛੂਤ-ਛਾਤ, ਵਹਿਮਾਂ-ਭਰਮਾਂ ਤੇ ਬਾਹਰੀ ਝੂਠੇ ਵਿਖਾਵਿਆਂ ਦਾ ਡਟ ਕੇ ਵਿਰੋਧ ਕੀਤਾ। ਪ੍ਰੋ. ਸਾਹਿਬ ਸਿੰਘ ਆਪਣੀ ਸਮਰੱਥਾ ਅਨੁਸਾਰ ਇਕ ਵਿਅਕਤੀ ਵਿਸ਼ੇਸ਼ ਹੀ ਨਹੀਂ, ਸਗੋਂ ਇਕ ਸੰਸਥਾ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ।

ਆਪ ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਫੱਤੇਵਾਲੀ ਵਿਚ 16 ਫਰਵਰੀ,1892 ਈ: ਨੂੰ ਇਕ ਗਰੀਬ ਹਿੰਦੂ ਪਰਵਾਰ ਵਿਚ ਹੋਇਆ। ਮਾਪਿਆਂ ਨੇ ਆਪ ਦਾ ਨਾਮ ਨੱਥੂ ਰਾਮ ਰੱਖਿਆ। ਬਾਅਦ ਵਿਚ ਪਰਵਾਰ ਪਿੰਡ ਥਰਪਾਲ ਆ ਕੇ ਵੱਸ ਗਿਆ। ਅਤਿ ਦੀ ਗੁਰਬਤ ਵਿਚ ਪਲਿਆ, ਪੜ੍ਹਿਆ ਨੱਥੂਰਾਮ ਇਕ ਨਿਧੜਕ ਵਿਦਵਾਨ ਦੇ ਰੂਪ ਵਿਚ ਸੰਸਾਰ ਦੇ ਰੂ-ਬ-ਰੂ ਹੋਇਆ। ਉਸਤਾਦ ਹਯਾਤ ਖਾਨ ਤੇ ਕਾਜ਼ੀ ਜਲਾਲਦੀਨ ਦੀ ਪਾਰਖੂ ਨਜ਼ਰ ਨੇ ਨੱਥੂ ਰਾਮ ਦੇ ਅੰਦਰ ਅੰਕੁਰ ਹੋ ਰਹੀ ਵਿਦਵਤਾ ਨੂੰ ਭਾਂਪ ਲਿਆ ਸੀ। ਦੋ ਵੇਲੇ ਦੀ ਰੋਟੀ ਤੋਂ ਆਤੁਰ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਉਚੇਚੇ ਜਤਨਾਂ ਸਦਕਾ ਚੰਗੀ ਤਾਲੀਮ ਦਿਵਾਈ। ਸਰੀਰ ਪੱਖੋਂ ਬਹੁਤ ਹੀ ਮਾੜੇ ਸਨ। ਬਚਪਨ ਵਿਚ ਹੀ ਚੇਚਕ, ਮਲੇਰੀਆ, ਮੁਨਿਆਦੀ ਬੁਖਾਰ ਤੇ ਜ਼ੁਕਾਮ ਆਦਿ ਰੋਗਾਂ ਨੇ ਮਾਰੂ ਹਮਲੇ ਕੀਤੇ। ਆਪਣੀ ਸਿਹਤ ਬਾਰੇ ਆਪਣੇ ਅਧਿਆਪਕ ਦੇ ਹਵਾਲੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ-

“ਮੈਂ ਸਾਰੀ ਜਮਾਤ ਵਿੱਚੋਂ ਸਰੀਰ ਦਾ ਕਮਜ਼ੋਰ ਅਤੇ ਕੱਦੋਂ ਛੋਟਾ ਸਾਂ। ਕਦੇ- ਕਦੇ ਪੰਡਤ ਜੀ ਆਖਿਆ ਕਰਨ, “ਨੱਥੂ ਰਾਮਾ, ਅਗਾਂਹ ਤੇਰੇ ਪੁੱਤਰ-ਪੋਤਰੇ ਢਾਂਗਿਆਂ ਨਾਲ ਬਤਾਊਂ ਲਾਹਿਆ ਕਰਨਗੇ।”

ਬੀਮਾਰੀਆਂ ਨਾਲ ਲੜਦਿਆਂ ਨੱਥੂ ਰਾਮ ਨੇ ਪ੍ਰਾਇਮਰੀ ਪਾਸ ਕਰ ਲਈ ਅਤੇ ਆਪਣੀ ਲਿਆਕਤ ਦਾ ਪ੍ਰਭਾਵ ਵੀ ਪਾ ਦਿੱਤਾ। ਮਿਡਲ ਦੀ ਪੜ੍ਹਾਈ ਵਾਸਤੇ ਘਰਦਿਆਂ ਵਿਚ ਸਮਰੱਥਾ ਨਹੀਂ ਸੀ। ਇੱਥੇ ਗਰੀਬੀ ਰਸਤੇ ਦਾ ਵੱਡਾ ਰੋੜਾ ਸੀ। ਪਰ ਕਿਸਮਤ ਸਾਥ ਦੇਵੇ ਤਾਂ ਅਜਿਹੇ ਅਵਸਰ ਪੈਦਾ ਹੋ ਜਾਂਦੇ ਹਨ ਤੇ ਮਿਥੀ ਮੰਜ਼ਲ ਨੂੰ ਪਾਉਣਾ ਸੌਖਾ ਹੋ ਜਾਂਦਾ ਹੈ। ਉਸਤਾਦਾਂ ਦੀ ਸਹਾਇਤਾ ਤੇ ਹੱਲਾਸ਼ੇਰੀ ਦੀ ਬਦੌਲਤ ਜਨਵਰੀ, 1905 ਵਿਚ ਮਿਡਲ ਦਾ ਇਮਤਿਹਾਨ ਪਾਸ ਕਰਕੇ ਵਜ਼ੀਫਾ ਵੀ ਪ੍ਰਾਪਤ ਕਰ ਲਿਆ। ਪੜ੍ਹਾਈ ਦੌਰਾਨ ਮੁਸ਼ਕਲਾਂ ਦੇ ਹੜ੍ਹ ਵਿਚ ਰੁੜ੍ਹਦਿਆਂ ਵੀ ਸਫ਼ਲਤਾ ਦੀਆਂ ਜੋ ਬੁਲੰਦੀਆਂ ਆਪ ਨੇ ਪ੍ਰਾਪਤ ਕੀਤੀਆਂ, ਉਨ੍ਹਾਂ ਨਾਲ ਇਹ ਪ੍ਰਤੀਤ ਹੋਣ ਲੱਗ ਪਿਆ ਸੀ ਕਿ ਇਹ ਸਾਧਾਰਨ ਵਿਦਿਆਰਥੀ ਨਹੀਂ ਹੈ।

ਨੌਵੀਂ ਜਮਾਤ ਵਿਚ ਪੜ੍ਹਦਿਆਂ ਸਾਬਤ-ਸੂਰਤ ਸਿੱਖ ਫੌਜੀਆਂ ਦੀ ਦਿੱਖ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛਕ ਕੇ ਨੱਥੂ ਰਾਮ ਤੋਂ ‘ਸਾਹਿਬ ਸਿੰਘ’ ਬਣ ਗਏ। ਮਨ ਅੰਦਰ ਗੁਰੂ-ਘਰ ਦੀ ਸੇਵਾ ਪ੍ਰਤੀ ਲਗਨ ਦਿਨ-ਬ-ਦਿਨ ਘਨੇਰੀ ਹੋਣ ਲੱਗੀ। ਘਰਦਿਆਂ ਨੇ ਨੌਵੀਂ ਜਮਾਤ ਵਿਚ ਪੜ੍ਹਦਿਆਂ ਬੀਬੀ ਦੁਰਗਾ ਦੇਵੀ ਨਾਲ ਆਪ ਦਾ ਵਿਆਹ ਕਰ ਦਿੱਤਾ। ਇਸੇ ਦੌਰਾਨ ਹੀ ਪਿਤਾ ਦਾ ਸਾਇਆ ਵੀ ਸਿਰ ਤੋਂ ਉਠ ਗਿਆ। ਗਰੀਬੀ ਫਿਰ ਮੂੰਹ ਪਾੜ ਕੇ ਡਰਾਉਣ ਲੱਗੀ। ਪੜ੍ਹਾਈ ਛੱਡ ਕੇ ਨੌਕਰੀ ਦੀ ਭਾਲ ਵਿਚ ਤੁਰ ਪਏ। ਕੁਝ ਸਮਾਂ ਸਕੂਲ ਅਧਿਆਪਕ ਦੀ ਨੌਕਰੀ ਕੀਤੀ, ਪਰੰਤੂ ਫਿਰ ਉਹ ਵੀ ਛੱਡ ਦਿੱਤੀ। ਡਾਕਖਾਨੇ ਤੋਂ ਕਲਰਕ ਦੀ ਨੌਕਰੀ ਲਈ ਸੱਦਾ-ਪੱਤਰ ਆਇਆ। ਇਸ ਨੌਕਰੀ ਲਈ ਇਮਤਿਹਾਨ ਦੇਣ ਲਈ ਸਿਆਲਕੋਟ ਜਾਣਾ ਪੈਣਾ ਸੀ, ਜੋ ਥਰਪਾਲ ਤੋਂ 40 ਮੀਲ ਦੂਰ ਸੀ। ਘਰ ਵਿਚ ਕੋਈ ਪੈਸਾ ਨਹੀਂ ਸੀ ਅਤੇ ਕਿਸੇ ਕੋਲੋਂ ਉਧਾਰ ਵੀ ਨਾ ਮਿਲਿਆ। ਘਰ ਦਾ ਕੂੜਾ ਸੁੱਟਣ ਵਾਲੀ ‘ਭਾਨੀ’ ਤੋਂ ਦੋ ਰੁਪਏ ਉਧਾਰ ਲਏ। ਸਿਆਲਕੋਟ ਪਹੁੰਚਣ ਬਾਰੇ ਪ੍ਰੋ. ਸਾਹਿਬ ਸਿੰਘ ਦੇ ਸ਼ਬਦ ਹਨ- “ਮੇਰੀ ਜੁੱਤੀ ਟੁੱਟੀ ਹੋਈ ਸੀ, ਨਵੀਂ ਬਣਵਾਈ। ਘਰੋਂ ਤੁਰ ਪਿਆ, ਨਵੀਂ ਜੁੱਤੀ ਪਾਈ। ਕੁਝ ਮੀਲ ਪੈਂਡਾ ਕਰਕੇ ਪੈਰੀਂ ਛਾਲੇ ਪੈ ਗਏ। ਨਵੀਂ ਲਾਹ ਕੇ ਪੱਲੇ ਬੰਨ੍ਹ ਲਈ ਅਤੇ ਪੁਰਾਣੀ ਪਾ ਲਈ। ਪੁਰਾਣੀ ਜੁੱਤੀ ਹੇਠੋਂ ਟੁੱਟੀ ਹੋਈ ਸੀ। ਅੱਡੀਆਂ ਦੇ ਹੇਠਾਂ ਵੀ ਛਾਲੇ ਪੈ ਗਏ। ਉਹ ਭੀ ਲਾਹ ਲਈ। ਹੁਣ ਨੰਗੇ ਪੈਰੀਂ ਤੁਰਿਆ। ਪੈਰਾਂ ਦੇ ਹੇਠਲੇ ਛਾਲੇ ਪੀੜ ਕਰਨ। ਤੁਰਿਆ ਨਾ ਜਾਏ। ਪੈਂਡਾ ਅਜੇ ਭੀ ਢਾਈ-ਤਿੰਨ ਮੀਲ ਸੀ। ਰੋਂਦੇ ਨੇ ਬੜੇ ਮੰਦੇ ਹਾਲ ਮੁਕਾਇਆ। ਮੈਨੂੰ ਅੱਜ ਸਮਝ ਆਈ ਅਸੀਂ ਗਰੀਬ ਹਾਂ। ਮੈਨੂੰ ਅੱਜ ਪਤਾ ਲੱਗਾ ਕਿ ਗਰੀਬ ਕਿਵੇਂ ਗਲੀਆਂ ਦੇ ਕੱਖਾਂ ਵਾਂਗ ਰੁਲਦੇ ਹਨ।”

ਕਲਰਕ ਦੀ ਨੌਕਰੀ ਵੀ ਛੱਡ ਦਿੱਤੀ। ਪੰਡਤ ਵਿਤਸਤਾ ਪ੍ਰਸਾਦ ਤੇ ਸ. ਪ੍ਰਗਟ ਸਿੰਘ ਵਰਗੇ ਹਮਦਰਦਾਂ ਦੀ ਬਦੌਲਤ ਲਾਹੌਰ ਤੋਂ ਬੀ.ਏ. ਪਾਸ ਕੀਤੀ। ਖਾਲਸਾ ਕਾਲਜ ਗੁਜਰਾਂਵਾਲੇ ਲੈਕਚਰਾਰ ਨਿਯੁਕਤ ਕੀਤੇ ਗਏ। ਇੱਥੇ ਹੀ ਇਨ੍ਹਾਂ ਦਾ ਮੇਲ ਭਾਈ ਜੋਧ ਸਿੰਘ ਤੇ ਬਾਵਾ ਹਰਕ੍ਰਿਸ਼ਨ ਸਿੰਘ ਦੇ ਨਾਲ ਹੋਇਆ। ਇਨ੍ਹਾਂ ਦੀ ਸੰਗਤ ਦਾ ਆਪ ਦੇ ਜੀਵਨ ਉੱਪਰ ਬਹੁਤ ਪ੍ਰਭਾਵ ਪਿਆ। ਭਾਈ ਜੋਧ ਸਿੰਘ ਹੋਰਾਂ ਨੇ ਟਾਲਸਟਾਏ ਦਾ ਇਕ ਅੰਗਰੇਜ਼ੀ ਲੇਖ ਦਾ ਉਲੱਥਾ ਪੰਜਾਬੀ ਵਿਚ ਕਰਨ ਨੂੰ ਕਿਹਾ ਤੇ ਫਿਰ ਉਸ ਅਨੁਵਾਦ ਤੋਂ ਖੁਸ਼ ਹੋ ਕੇ ਕਿਹਾ ਸੀ, ‘ਜੇ ਤੂੰ ਇਸ ਰਾਹ ਪਿਆ ਰਿਹਾ ਤਾਂ ਕਿਸੇ ਦਿਨ ਗੁਰਮਤਿ ਦਾ ਚੰਗਾ ਲਿਖਾਰੀ ਬਣ ਜਾਏਂਗਾ।’ ਬਜ਼ੁਰਗਾਂ ਦੀਆਂ ਅਸੀਸਾਂ ਮਦਦ ਕਰ ਹੀ ਦਿਆ ਕਰਦੀਆਂ ਹਨ।

ਦਸੰਬਰ 1920 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸੰਬੰਧ ਵਿਚ ਅਖੰਡ ਪਾਠ ਚੱਲ ਰਿਹਾ ਸੀ। ਉਸ ਦੌਰਾਨ ਪਾਠ ਕਰਦਿਆਂ ਇੱਕੋ ਸ਼ਬਦ ਕਈ ਰੂਪਾਂ ਵਿਚ ਪੜ੍ਹਿਆ-

ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ॥
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ॥ (ਪੰਨਾ 965)

ਇਹ ਸ਼ਬਦ ਪੜ੍ਹ ਕੇ ਗੁਰਬਾਣੀ ਦੇ ਲਗਾਂ-ਮਾਤ੍ਰਾਂ ਦੇ ਗੁੱਝੇ ਭੇਦਾਂ ਨੂੰ ਜਾਣਨ ਦੀ ਜਗਿਆਸਾ ਉੱਠੀ ਤੇ ਇਸ ਜਗਿਆਸਾ ਨੇ ਪ੍ਰੋ. ਸਾਹਿਬ ਸਿੰਘ ਨੂੰ ਸਿਰਮੌਰ ਵਿਆਖਿਆਕਾਰ ਬਣਾ ਦਿੱਤਾ। ਉਨ੍ਹਾਂ ਨੇ ਆਪਣੇ ਜੀਵਨ ਦਾ ਮਿਸ਼ਨ ਗੁਰਬਾਣੀ ਤੇ ਗੁਰ-ਇਤਿਹਾਸ ਨੂੰ ਪੇਖਣਾ ਮਿੱਥ ਲਿਆ। ਗੁਰਬਾਣੀ ਦਾ ਵਿਆਕਰਣ ਤਿਆਰ ਕਰਨਾ, ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਸੀ। ਗੁਰਬਾਣੀ ਵਿਆਕਰਣ ਤਿਆਰ ਕਰਨ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਬਦ-ਜੋੜਾਂ ਨੂੰ ਸਮਝਿਆ। 1921 ਈ: ਤੋਂ 1927 ਈ: ਤਕ ਦਾ ਸਮਾਂ ਗੁਰਬਾਣੀ ਵਿਆਕਰਣ ਦੇ ਨਿਯਮ ਪੜ੍ਹਨ, ਜਾਣਨ ਅਤੇ ਨਵੇਂ ਨਿਯਮ ਤਿਆਰ ਕਰਨ ਵਿਚ ਲਗਾਇਆ। ਗੁਰਬਾਣੀ ਵਿਆਕਰਣ ਦੇ ਆਧਾਰ ਉੱਤੇ ਪ੍ਰੋ. ਸਾਹਿਬ ਸਿੰਘ ਨੂੰ ਸਿੱਖਾਂ ਦਾ ‘ਪ੍ਰਾਣਿਨੀ’ ਹੋਣ ਦਾ ਮਾਣ ਪ੍ਰਾਪਤ ਹੈ। ਭਾਵੇਂ ਉਨ੍ਹਾਂ ਨੂੰ ਚਾਬੀਆਂ ਦਾ ਮੋਰਚਾ, ਕਿਰਪਾਨ ਦੇ ਮੋਰਚੇ ਅਤੇ ਗੁਰੂ ਕੇ ਬਾਗ ਦੇ ਇਤਿਹਾਸਕ ਮੋਰਚੇ ਦੌਰਾਨ ਜੇਲ੍ਹ ਵੀ ਜਾਣਾ ਪਿਆ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣਾ ਲਿਖਣ ਦਾ ਕਾਰਜ ਜਾਰੀ ਰੱਖਿਆ।

ਦੂਸਰਾ ਪ੍ਰਮੁੱਖ ਕੰਮ ਗੁਰਬਾਣੀ ਦੀ ਵਿਆਖਿਆ ਦਾ ਹੈ। ਗੁਰਬਾਣੀ ਦੀ ਵਿਆਖਿਆ ਉਦਾਸੀ ਤੇ ਨਿਰਮਲੇ ਸੰਪਰਦਾਵਾਂ ਵੱਲੋਂ ਕੀਤੀ ਗਈ ਸੀ। ਇਸ ਵਿਆਖਿਆ ਵਿਚ ਕਈ ਭਰਮ-ਭੁਲੇਖੇ ਸਨ। ਪ੍ਰੋ. ਸਾਹਿਬ ਸਿੰਘ ਨੇ ਵਿਆਕਰਣਿਕ ਦ੍ਰਿਸ਼ਟੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ‘ਗੁਰੂ ਗ੍ਰੰਥ ਦਰਪਣ’ ਦੇ ਨਾਮ ਹੇਠ ਦਸ ਜਿਲਦਾਂ ਵਿਚ ਕਰਕੇ ਸਦੀਆਂ ਤੋਂ ਚੱਲੀ ਆ ਰਹੀ ਸੰਪ੍ਰਦਾਈ ਵਿਆਖਿਆ ਦੀ ਲੀਹ ਨੂੰ ਛੱਡਣ ਦਾ ਸਾਹਸ ਵਿਖਾਇਆ। ਗੁਰਬਾਣੀ ਵਿਚ ਪ੍ਰਚਲਿਤ ਕਈ ਸਾਖੀਆਂ ਦੁਆਰਾ ਪਾਏ ਭੁਲੇਖਿਆਂ ਨੂੰ ਗੁਰਬਾਣੀ ਟੂਕਾਂ ਰਾਹੀਂ ਦੂਰ ਕੀਤਾ। ਗੁਰਬਾਣੀ ਟੀਕਾਕਾਰੀ ਦੇ ਖੇਤਰ ਵਿਚ ਇਸ ਨੂੰ ਪ੍ਰਮਾਣਿਕ ਟੀਕਾਕਾਰੀ ਦਾ ਮਾਣ ਪ੍ਰਾਪਤ ਹੈ।

ਪ੍ਰੋ. ਸਾਹਿਬ ਸਿੰਘ ਨੇ ਦਸ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਲਿਖਿਆ ਹੈ। ਉਨ੍ਹਾਂ ਦਾ ਗੁਰ-ਇਤਿਹਾਸ ਨੂੰ ਥਿਤਾਂ, ਵਾਰਾਂ, ਮਹੀਨਿਆਂ ਤੇ ਸੰਮਤਾਂ ਦੇ ਹਿਸਾਬ ਨਾਲ ਵਰਣਨ ਕਰਨਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਵਿਚ ਇਕ ਇਤਿਹਾਸਕਾਰ ਦੀ ਸੂਝ ਸੀ। ਆਪ ਗੁਰ-ਇਤਿਹਾਸ ਦੀ ਹਰ ਘਟਨਾ ਦੇ ਵੇਰਵੇ ਵਿਚ ਜਾਂਦੇ ਹਨ ਅਤੇ ਆਪਣੇ ਮਤ ਨੂੰ ਤੱਥਾਂ, ਮਿਤੀਆਂ ਤੇ ਇਤਿਹਾਸਕ ਗਵਾਹੀਆਂ ਦੇ ਆਧਾਰ ਉੱਤੇ ਪੇਸ਼ ਕਰਦੇ ਹਨ।

ਪੰਜਾਬੀ ਸਾਹਿਤ ਨੂੰ ਪ੍ਰੋ. ਸਾਹਿਬ ਦੀ ਦੇਣ ਵਿਚ ਉਨ੍ਹਾਂ ਦੇ ਨਿਬੰਧਾਂ ਦਾ ਵਿਸ਼ੇਸ਼ ਸਥਾਨ ਹੈ। ਇਕ ਪਾਸੇ ਇਹ ਨਿਬੰਧ ਸਿੱਖ ਧਰਮ ਦੇ ਫ਼ਲਸਫ਼ੇ, ਇਤਿਹਾਸ ਅਤੇ ਸਾਹਿਤਿਕ ਵਿਰਸੇ ਦੀ ਵਿਆਖਿਆ ਤੇ ਪੜਚੋਲ ਦਾ ਕਾਰਜ ਨਿਭਾਉਂਦੇ ਹਨ ਅਤੇ ਦੂਸਰੇ ਪਾਸੇ ਇਹ ਲੇਖਕ ਦੀ ਸਾਹਿਤਿਕ ਯੋਗਤਾ, ਭਾਸ਼ਾਈ ਸਮਰੱਥਾ ਅਤੇ ਪ੍ਰਭਾਵਕ ਸ਼ੈਲੀ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦੀ ਕਲਮ ਤੋਂ ਲਿਖੇ ਗਏ ਨਿਬੰਧਾਂ ਦੀ ਗਿਣਤੀ 80 ਦੇ ਕਰੀਬ ਬਣ ਜਾਂਦੀ ਹੈ। ਇਨ੍ਹਾਂ ਵਿਚ ਪ੍ਰਮੁੱਖ ‘ਸਰਬੱਤ ਦਾ ਭਲਾ’, ‘ਸਦਾਚਾਰਕ ਲੇਖ’, ‘ਸਿਖ ਸਿਦਕ ਨਾ ਹਾਰੇ’, ‘ਬਾਬਾਣੀਆਂ ਕਹਾਣੀਆਂ’ ਆਦਿ ਹਨ।

ਪ੍ਰੋ. ਸਾਹਿਬ ਸਿੰਘ ਨੇ ਸੈਕੰਡ ਮਾਸਟਰ, ਕਲਰਕ, ਥਰਡ ਮਾਸਟਰ ਦੀ ਨੌਕਰੀ ਕੀਤੀ। 4 ਨਵੰਬਰ, 1929 ਨੂੰ ਆਪ ਦੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਧਾਰਮਿਕ ਲੈਕਚਰਾਰ ਵਜੋਂ ਨਿਯੁਕਤੀ ਹੋਈ। ਇਸ ਤੋਂ ਪਹਿਲਾਂ ਆਪ ਖਾਲਸਾ ਕਾਲਜ ਗੁਜਰਾਂਵਾਲੇ ਵੀ ਧਰਮ-ਵਿਸ਼ੇ ਨੂੰ ਪੜ੍ਹਾਉਂਦੇ ਰਹੇ ਸਨ। 12 ਅਕਤੂਬਰ, 1952 ਤਕ ਲਗਾਤਾਰ 23 ਸਾਲ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦੇ ਰਹੇ। ਰਿਟਾਇਰ ਹੋਣ ’ਤੇ ਉਸੇ ਦਿਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਚ ਪੜ੍ਹਾਉਣ ਲੱਗ ਪਏ। 15 ਮਈ 1962 ਤਕ ਕਈ ਮਿਸ਼ਨਰੀ ਪੈਦਾ ਕਰਕੇ ਇਸ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ। ਦੁਬਾਰਾ ਫੇਰ ਜਦੋਂ ਡਾ. ਤਾਰਨ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ, ਤਾਂ ਪ੍ਰੋ. ਸਾਹਿਬ ਸਿੰਘ ਹੋਰਾਂ ਨੇ ਮਿਸ਼ਨਰੀ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਮੀਤ ਸਕੱਤਰ ਸੇਵਾ ਕੀਤੀ। ਮੋਰਚਿਆਂ ਦੌਰਾਨ ਕੈਦ ਕੱਟਣ ਕਰਕੇ ਅੰਗਰੇਜ਼ ਸਰਕਾਰ ਆਪ ਨੂੰ ਆਪਣਾ ਵਿਰੋਧੀ ਸਮਝਦੀ ਸੀ। ਪ੍ਰੋ. ਸ਼ਾਹਿਬ ਸਿੰਘ ਹੋਰਾਂ ਨੇ ਅੰਮ੍ਰਿਤਸਰ ਤੋਂ ਮਾਸਿਕ ਪੱਤਰ ‘ਜੀਵਣ’ ਵੀ ਜਾਰੀ ਕੀਤਾ।

ਜ਼ਿੰਦਗੀ ਨੇ ਪ੍ਰੋ. ਸਾਹਿਬ ਸਿੰਘ ਹੋਰਾਂ ਦੇ ਇਮਤਿਹਾਨ ਲੈਣ ਵਾਲੀ ਕੋਈ ਕਸਰ ਨਹੀਂ ਛੱਡੀ ਸੀ। ਆਪ ਨੇ ਹਰ ਹਾਲਤ ਦਾ ਟਾਕਰਾ ਹਿੰਮਤ ਤੇ ਦਲੇਰੀ ਨਾਲ ਕੀਤਾ। ਉਨ੍ਹਾਂ ਨੇ ਆਪਣੀ ਜੀਵਨੀ ਵਿਚ ਆਪ ਲਿਖਿਆ ਹੈ ਕਿ ਕਿਵੇਂ ਮੁਸੀਬਤਾਂ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰਦੀਆਂ ਆ ਰਹੀਆਂ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਹਰ ਪਲ ਅਪਣੇ ਧਰਮ ਦੀ ਸੇਵਾ ਨੂੰ ਸਮਰਪਿਤ ਸੀ। ਇਕ ਵਾਰ ਪੰਜਾਬੀ ਵਿਆਕਰਣ ਲਿਖਣ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ 70,000 ਰੁਪਏ ਦੀ ਪੇਸ਼ਕਸ਼ ਹੋਈ। ਪਰ ਉਨ੍ਹਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ। ਮੇਰੇ ਕੋਲ ਜਿੰਨਾ ਸਮਾਂ ਹੈ ਇਹ ਮੇਰੇ ਗੁਰੂ ਦਾ ਹੈ। ਵਿਆਕਰਣ ਲਿਖ ਕੇ ਪੈਸੇ ਲੈਣ ਵਾਲੇ ਤੁਹਾਨੂੰ ਹੋਰ ਬਥੇਰੇ ਮਿਲ ਜਾਣਗੇ। ਝਾਤੀ ਮਾਰ ਕੇ ਵੇਖੀਏ ਕਿ ਕਿੰਨੇ ਕੁ ਸਿੱਖ ਹਨ, ਜੋ ਆਪਣੇ ਪੁੱਤਰ ਦੀ ਸ਼ਾਦੀ ਵਿਚ ਜੰਞੇ ਜਾਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੰਦੇ ਹਨ ਕਿ ਮੇਰੇ ਕੋਲ ਸਮਾਂ ਨਹੀਂ!

ਪ੍ਰੋ. ਸਾਹਿਬ ਸਿੰਘ ਹੋਰਾਂ ਨੂੰ ਉਨ੍ਹਾਂ ਦੀ ਸਾਹਿਤਿਕ ਦੇਣ ਦੇ ਮਾਣ ਵਜੋਂ ਕਈ ਵਾਰ ਸਰਕਾਰੀ ਅਤੇ ਗੈਰ-ਸਰਕਾਰੀ ਸਨਮਾਨ ਵੀ ਪ੍ਰਾਪਤ ਹੋਏ। ਗੁਰਬਾਣੀ ਵਿਆਕਰਣ ਛਪਣ ਤੋਂ ਬਾਅਦ 1939 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪੇ ਦੇ ਨਾਲ ਇਕ ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ, ਬੈਕਾਂਕ ਅਤੇ ਰਾਸ਼ਟਰਪਤੀ ਵੱਲੋਂ ਆਪ ਨੂੰ 1970 ਈ: ਵਿਚ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1971 ਈ: ਵਿਚ ਡੀ.ਲਿਟ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਵਿਚ ਆਪ ਦੀ ਯਾਦ ਵਿਚ ਸਮਰਪਿਤ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਪਟਿਆਲਾ ਦੀ ਸਥਾਪਨਾ ਕੀਤੀ ਗਈ।

ਪ੍ਰੋ. ਸਾਹਿਬ ਸਿੰਘ ਹੋਰੀਂ ਲੰਮੇ ਸਮੇਂ ਤੋਂ ਪਾਰਕਿਨਸਿਨ ਰੋਗ ਨਾਲ ਪੀੜਤ ਸਨ। ਹੌਲੀ-ਹੌਲੀ ਹਾਲਤ ਵਿਗੜਦੀ ਗਈ। ਯਾਦ ਸ਼ਕਤੀ ਘਟਦੀ ਗਈ। ਕਈ ਵਾਰ ਬੇਸੁਰਤ ਵੀ ਹੋ ਜਾਂਦੇ। ਚੱਲਣਾ-ਫਿਰਨਾ ਬੰਦ ਹੋ ਗਿਆ। ਬੋਲਣਾ ਵੀ ਬੰਦ ਹੋ ਗਿਆ। ਅਖੀਰਲੇ ਸਮੇਂ ਆਪ ਜੀ ਦੀ ਨਜ਼ਰ ਘਟ ਗਈ, ਇੱਥੋਂ ਤਕ ਕਿ ਆਏ ਮਹਿਮਾਨ ਨੂੰ ਪਛਾਣ ਵੀ ਨਾ ਸਕਦੇ। ਅਜਿਹੀ ਹਾਲਤ ਦੇ ਚੱਲਦਿਆਂ 14 ਸਤੰਬਰ, 1977 ਈ: ਨੂੰ ਆਪ ਲਈ ਮੂੰਹ ਰਾਹੀਂ ਖਾਣਾ-ਪੀਣਾ ਵੀ ਬੰਦ ਹੋ ਗਿਆ ਤੇ ਆਪ ਬੇਹੋਸ਼ ਹੋ ਗਏ। ਅਖੀਰ 29 ਅਕਤੂਬਰ, 1977 ਈ: ਨੂੰ ਸਵੇਰੇ 9 ਵਜੇ ਅੰਮ੍ਰਿਤਸਰ ਵਿਖੇ ਆਪਣੇ ਬੇਟੇ ਡਾ. ਦਲਜੀਤ ਸਿੰਘ (ਅੱਖਾਂ ਦੇ ਮਾਹਰ) ਦੇ ਘਰ ਆਪਣਾ ਸਰੀਰ ਤਿਆਗ ਗਏ। ਇਸ ਦਿਨ ਸ੍ਰੀ ਅੰਮ੍ਰਿਤਸਰ ਦਾ ਚਾਰ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਿੰਸੀਪਲ -ਵਿਖੇ: ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ

ਪ੍ਰੋ. ਮਨਜੀਤ ਕੌਰ ਜੀ ਨੇ 1920 ਵਿਚ ਸਿਖਰਾਂ ‘ਤੇ ਪਹੁੰਚੀ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਸਿੱਖੀ ਦੇ ਪ੍ਰਚਾਰ ਅਤੇ ਸਿੱਖਿਆ ਲਈ ਹੋਂਦ ਵਿਚ ਆਏ ਸਿੱਖ ਮਿਸ਼ਨਰੀ ਕਾਲਜ(ਅੰਮ੍ਰਿਤਸਰ) ਵਿੱਚ ਜਨਵਰੀ 2019 ਵਿੱਚ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਸੀ। ਪਹਿਲੀ ਵਾਰ ਕਿਸੇ ਬੀਬੀ ਨੂੰ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਉਤੇ ਲਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਵਿਚ ਗੁਰਮਤਿ ਅਧਿਐਨ ਦੀ ਵਿਦਿਆਰਥਣ ਰਹਿ ਚੁੱਕੀ ਬੀਬੀ ਮਨਜੀਤ ਕੌਰ 2003 ਵਿਚ ਇਸ ਕਾਲਜ ਵਿਚ ਲੈਕਚਰਾਰ ਵਜੋਂ ਨਿਯੁਕਤ ਹੋਈ ਪਹਿਲੀ ਬੀਬੀ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)