ਪੰਜਾਬ ਦਾ ਬਟਵਾਰਾ (1947) ਸਮਕਾਲੀ ਇਤਿਹਾਸ ਵਿਚ ਹੋਈਆਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ਵਿੱਚੋਂ ਇਕ ਹੈ। ਇਸ ਘਟਨਾ ਨੇ ਸਮਾਜ ਦੇ ਵੱਡੇ ਤਬਕੇ ਨੂੰ ਪ੍ਰਭਾਵਿਤ ਕੀਤਾ। ਸੰਪਰਦਾਇਕਤਾ ਦੇ ਇਸ ਜਨੂੰਨ ਨੇ ਨਾ ਕੇਵਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਧੀਆਂ-ਭੈਣਾਂ ਦੀ ਬੇਪਤੀ ਕੀਤੀ, ਕਦੇ ਨਾ ਪੂਰਾ ਹੋਣ ਵਾਲਾ ਆਰਥਿਕ ਨੁਕਸਾਨ ਉਠਾਉਣਾ ਪਿਆ, ਬਲਕਿ ਉਨ੍ਹਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਪਿਆ। ਭਾਵੇਂ ਮੁਲਕ ਆਜ਼ਾਦ ਹੋਇਆਂ ਨੂੰ 60 ਵਰ੍ਹੇ ਹੋ ਗਏ ਹਨ, ਪਰ ਇਸ ਤ੍ਰਾਸਦੀ ਦਾ ਅਸਰ ਅੱਜ ਵੀ ਉਨ੍ਹਾਂ ਲੋਕਾਂ ਦੇ ਮਨਾਂ ਉੱਤੇ ਦੇਖਣ ਨੂੰ ਮਿਲਦਾ ਹੈ। ਪ੍ਰਸਿੱਧ ਇਤਿਹਾਸਕਾਰ ਸ੍ਰੀ ਗਿਆਨ ਇੰਦਰ ਪਾਂਡੇ ਅਨੁਸਾਰ,
“ਬਟਵਾਰੇ ਦੇ ਦੌਰਾਨ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਉਠਾਇਆ” ਅਤੇ ਮਿਸਟਰ ਡੇਨਿਸ ਜੁੱਡ ਦੇ ਇਸ ਕਥਨ ਨਾਲ ਉਪਰੋਕਤ ਬਿਆਨ ਨੂੰ ਹੋਰ ਵੀ ਬਲ ਮਿਲਦਾ ਹੈ ਕਿ “ਭਾਰਤ ਦੀ ਵੰਡ ਨਾਲ ਹਿੰਦੂਆਂ ਨੂੰ ਹਿੰਦੁਸਤਾਨ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਪਰੰਤੂ ਸਿੱਖ ਬਿਲਕੁਲ ਅਨਾਥਾਂ ਵਾਂਗ ਰਹਿ ਗਏ ਜਿਨ੍ਹਾਂ ਦੇ ਪਿੱਛੇ ਕੁਝ ਵੀ ਨਹੀਂ ਬਚਿਆ।”
‘ਡਾਇਰੈਕਟ ਐਕਸ਼ਨ ਡੇ’ ਕਿਉਂ ਜੋ ਪੰਜਾਬ ਵਿਚ ‘ਡਾਇਰੈਕਟ ਐਕਸ਼ਨ ਅੰਦੋਲਨ’ ਬਣ ਚੁਕਿਆ ਸੀ, ਦੇ ਚੱਲਦੇ ਹੋਏ 2 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਜਨਾਬ ਖਿਜ਼ਰ ਹਯਾਤ ਖ਼ਾਂ ਨੇ ਅਸਤੀਫ਼ਾ ਦੇ ਦਿੱਤਾ। ਜਨਾਬ ਖਿਜ਼ਰ ਹਯਾਤ ਖ਼ਾਂ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਹੀ ਪੰਜਾਬ ਵਿਚ ਦੰਗੇ ਸ਼ੁਰੂ ਹੋ ਗਏ। ਪੱਛਮੀ ਪੰਜਾਬ ਵਿਚ ਇਸ ਦੇ ਨਤੀਜੇ ਹੋਰ ਵੀ ਗੰਭੀਰ ਸਨ। ਮਾਰਚ ਦੇ ਇਨ੍ਹਾਂ ਦੰਗਿਆਂ ਵਿਚ ਮਰਨ ਵਾਲਿਆਂ ਵਿੱਚੋਂ ਸਭ ਤੋਂ ਵੱਧ ਸਿੱਖ ਸਨ, ਜਿਸ ਦਾ ਕਾਰਨ ਇਨ੍ਹਾਂ ਦੀ ਪਹਿਚਾਣ ਸੀ। ਇਸੇ ਵਜ੍ਹਾ ਕਰਕੇ ਇਨ੍ਹਾਂ ਉੱਪਰ ਚੋਰੀ-ਛੁਪੇ ਵਾਰ ਕਰ ਕੇ ਨੱਸ ਜਾਣ ਦੀਆਂ ਵਾਰਦਾਤਾਂ ਆਮ ਸਨ। ਸਿੱਖਾਂ ਦੇ ਕਈ ਪਿੰਡਾਂ ਥਮਾਲੀ, ਥੋਹਾ, ਚੋਆ, ਖਾਲਸਾ ਆਦਿ ਵਿਚ ਵੱਢ-ਕੱਟ, ਘਰਾਂ ਨੂੰ ਤਬਾਹ ਕਰਨ, ਔਰਤਾਂ ਨੂੰ ਅਗਵਾ ਕਰਨ ਅਤੇ ਗੁਰਦੁਆਰਾ ਸਾਹਿਬਾਨ ਨੂੰ ਢਾਹੁਣ ਦਾ ਦੌਰ ਚੱਲਦਾ ਰਿਹਾ। ਇਸ ਸ਼ੁਰੂਆਤੀ ਦੌਰ ਵਿਚ ਸਿੱਖ ਆਪਣੀ ਜਾਨ-ਮਾਲ ਦੀ ਸੁਰੱਖਿਆ ਵਾਸਤੇ ਹੀ ਲੜਦੇ ਰਹੇ ਸਨ।
ਪੰਜਾਬ ਵਿਚ ਹੋ ਰਹੇ ਫ਼ਸਾਦਾਂ ਨੇ ਨਾ ਕੇਵਲ ਪੂਰੇ ਮੁਲਕ ਬਲਕਿ ਇਸ ਤੋਂ ਬਾਹਰ ਇੰਗਲੈਂਡ ਦੇ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। The Times London ਵਿਚ ਛਪੀ ਇਕ ਖ਼ਬਰ ਅਨੁਸਾਰ ਪੰਜਾਬ ਦੇ ਹਾਲਾਤ ਬਹੁਤ ਗੰਭੀਰ ਸਨ। 11 ਮਾਰਚ ਨੂੰ ਛਪੇ ਇਕ ਲੇਖ Lesson from the Punjab ਵਿਚ ਛਪਿਆ ਕਿ ‘ਸਿੱਖ ਪੰਜਾਬ ਵਿਚ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਮੁਸਲਿਮ ਲੀਗ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਰਹੀ ਹੈ ਜਿਸ ਦੀ ਕਿ ਉਹ ਆਪ ਪੂਰੇ ਭਾਰਤ ਵਿਚ ਮੰਗ ਕਰ ਰਹੇ ਹਨ।’
ਅਪ੍ਰੈਲ ਦੇ ਸ਼ੁਰੂ ਵਿਚ ਸਿੱਖਾਂ ਨੇ ਆਪਣੇ ਆਪ ਨੂੰ ਲਾਮਬੰਦ ਕਰਨਾ ਵੀ ਸ਼ੁਰੂ ਕਰ ਦਿੱਤਾ। ਮਿਸਟਰ ਈਵਾਨ ਜੈਨਕਸਨ ਨੇ ਵੀ ਜੋ ਕਿ ਉਸ ਸਮੇਂ ਪੰਜਾਬ ਦੇ ਗਵਰਨਰ ਸਨ, ਇਕ ਗੁਪਤ ਖ਼ਤ ਦੇ ਜ਼ਰੀਏ ਭਾਰਤ ਦੇ ਵਾਇਸਰਾਏ ਲਾਰਡ ਲੂਈਸ ਮਾਊਂਟਬੈਟਨ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਪੰਜਾਬ ਵਿਚ ਜਥੇਬੰਦ ਹੋ ਰਹੇ ਹਨ ਤੇ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਤੇ ਜਥੇਦਾਰ ਕਰਤਾਰ ਸਿੰਘ ਦੀ ਅਗਵਾਈ ਵਿਚ 50 ਲੱਖ ਰੁਪਏ ‘ਰੱਖਿਆ ਫੰਡ’ ਵੀ ਜਮ੍ਹਾਂ ਕੀਤਾ ਹੈ। ਇਸੇ ਹੀ ਲੜੀ ਵਿਚ 13 ਅਪ੍ਰੈਲ ਵਿਸਾਖੀ ਵਾਲੇ ਦਿਨ 300 ਸਿੱਖ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਸਹੁੰ ਚੁੱਕੀ ਕਿ ਉਹ ਕੌਮ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ। ਆਜ਼ਾਦ ਹਿੰਦ ਫੌਜ ਵਿਚ ਰਹੇ ਸਿੱਖ ਵੀ ਇਸ ਵਿਚ ਪਿੱਛੇ ਨਾ ਰਹੇ। ਉਨ੍ਹਾਂ ਨੇ ਆਪਣਾ ਮੁੱਖ ਦਫ਼ਤਰ ਮਜੀਠਾ ਰੋਡ ਅੰਮ੍ਰਿਤਸਰ ਵਿਚ ਸਥਾਪਿਤ ਕੀਤਾ ਤਾਂ ਜੋ ਮਾਰ ਝੱਲ ਰਹੇ ਲੋਕਾਂ ਦੀ ਮੱਦਦ ਕੀਤੀ ਜਾ ਸਕੇ। ਨਿਹੰਗ ਸਿੰਘਾਂ ਦੀ ਗਿਣਤੀ ਵਿਚ ਵੀ ਅਚਾਨਕ ਹੀ ਵਾਧਾ ਹੋਣ ਲੱਗ ਪਿਆ ਤੇ ਨਾਲ ਹੀ ਸਿੱਖ ਰਿਆਸਤਾਂ ਨਾਲ ਸੰਪਰਕ ਵੀ ਵਧਾਏ ਜਾਣ ਲੱਗੇ।
ਇਨ੍ਹਾਂ ਸਾਰੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਅਸਰ ਸਾਨੂੰ ਮਈ ਵਿਚ ਦੇਖਣ ਨੂੰ ਮਿਲਿਆ। ਸਿੱਖਾਂ ਨੇ ਹਮਲਾਵਰਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬ ਵਿਚ ਦਿਨੋ-ਦਿਨ ਤਣਾਅ ਵਧਦਾ ਹੀ ਜਾ ਰਿਹਾ ਸੀ ਜਿਸ ਨੂੰ ਦੇਖਦੇ ਹੋਏ 19 ਮਈ ਨੂੰ ਪੰਜਾਬ ਦੇ ਗਵਰਨਰ ਨੇ ਇਕ ਹੁਕਮ ਜਾਰੀ ਕੀਤਾ, ਜਿਸ ਅਨੁਸਾਰ ਅਜਿਹੀਆਂ ਸਾਰੀਆਂ ਖ਼ਬਰਾਂ, ਬਿਆਨਾਂ ਤੇ ਤਸਵੀਰਾਂ ’ਤੇ ਰੋਕ ਲਗਾ ਦਿੱਤੀ ਜਿਸ ਨਾਲ ਸੰਪਰਦਾਇਕਤਾ ਦੀ ਭਾਵਨਾ ਵਧਦੀ ਹੋਵੇ।
ਇਸੇ ਦੌਰਾਨ ਹੀ ਭਾਰਤ ਦੇ ਵਾਇਸਰਾਏ ਲਾਰਡ ਲੂਈਸ ਮਾਊਂਟਬੈਟਨ ਨੇ ‘3 ਜੂਨ ਪਲਾਨ’ ਪੇਸ਼ ਕੀਤਾ ਜਿਸ ਰਾਹੀਂ ਉਸ ਨੇ ਕਾਂਗਰਸ ਨੂੰ ਬਟਵਾਰੇ ਲਈ ਮਨਾ ਲਿਆ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਇਸ ਨੇ ਸਾਰੇ ਦੇਸ਼ ਵਿਚ ਸੰਪਰਦਾਇਕਤਾ ਦੀ ਭਾਵਨਾ ਨੂੰ ਵਧਾਇਆ। ਮਾਸਟਰ ਤਾਰਾ ਸਿੰਘ ਤੇ ਹੋਰ ਸਿੱਖ ਲੀਡਰਾਂ ਨੇ ਇਕ ਬਿਆਨ ਜਾਰੀ ਕਰ ਕੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਕਿ ਬ੍ਰਿਟਿਸ਼ ਸਰਕਾਰ ਦਾ ਇਹ ਪ੍ਰਸਤਾਵ ਬਟਵਾਰੇ ਦੇ ਸਿਧਾਂਤ ’ਤੇ ਆਧਾਰਿਤ ਹੈ, ਜੋ ਕਿ ਸਿੱਖਾਂ ਵਾਸਤੇ ਨਿਰਾਸ਼ਾਜਨਕ ਹੈ। ਅੱਗਜ਼ਨੀ, ਕਤਲ ਤੇ ਬੰਬ ਧਮਾਕੇ ਪੰਜਾਬ ਵਿਚ ਆਮ ਹੋ ਗਏ ਸਨ, ਖਾਸ ਕਰਕੇ ਪੱਛਮੀ ਪੰਜਾਬ ਵਿਚ। ਸ. ਖੁਸ਼ਵੰਤ ਸਿੰਘ ਦੇ ਅਨੁਸਾਰ, ‘ਜੂਨ 1947 ਦੁਆਲੇ, ਪੱਛਮੀ ਪੰਜਾਬ ਵਿਚ ਹਿੰਦੂਆਂ ਤੇ ਸਿੱਖਾਂ ਦਾ ਵਿਰੋਧ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਿਆ ਸੀ।’ ‘ਨਾਰੇ ਤਕਬੀਰ’, ‘ਹਰ ਹਰ ਮਹਾਂਦੇਵ’ ਅਤੇ ‘ਜੋ ਬੋਲੇ ਸੋ ਨਿਹਾਲ’ ਦੇ ਨਾਹਰੇ ਉਨ੍ਹਾਂ ਲੰਬੀਆਂ ਰਾਤਾਂ ਵਿਚ ਅਕਸਰ ਗੂੰਜਦੇ ਰਹਿੰਦੇ ਸਨ। ਪੱਛਮੀ ਪੰਜਾਬ ਵਿਚ ਤਾਂ ਇਕ ਨਾਹਰਾ ਆਮ ਲਗਾਇਆ ਜਾਂਦਾ ਸੀ ਕਿ ‘ਕੋਈ ਸਿੱਖ ਰਹਨੇ ਨਾ ਪਾਏ ਮਗਹਿਰਬੀ ਪੰਜਾਬ ਮੇਂ’।
ਜੁਲਾਈ ਦੇ ਮਹੀਨੇ ਵਿਚ ਵੀ ਤਣਾਅਪੂਰਨ ਮਾਹੌਲ ਘਟਣ ਦੀ ਬਜਾਇ ਹੋਰ ਵਧਿਆ। ਇਸੇ ਦੌਰਾਨ ਬ੍ਰਿਟਿਸ਼ ਸਰਕਾਰ ਨੇ ਬਟਵਾਰੇ ਦੀ ਪ੍ਰਤੀਕ੍ਰਿਆ ਨੂੰ ਸਹੀ ਤਰਤੀਬ ਦੇਣ ਲਈ ‘ਪੰਜਾਬ ਹੱਦਬੰਦੀ ਕਮਿਸ਼ਨ’ ਦੀ ਸਥਾਪਨਾ ਸਰ ਰੈਡਕਲਿਫ ਦੀ ਅਗਵਾਈ ਅਧੀਨ ਕੀਤੀ ਜਿਸ ’ਤੇ 10 ਜੁਲਾਈ ਨੂੰ ਗਿਆਨੀ ਕਰਤਾਰ ਸਿੰਘ ਨੇ ਸਰ ਈਵਾਨ ਜੈਨਕਸਨ ਨੂੰ ਆਗਾਹ ਕੀਤਾ ਕਿ ਜੇਕਰ ਸਿੱਖ ‘ਹੱਦਬੰਦੀ ਕਮਿਸ਼ਨ’ ਤੋਂ ਸੰਤੁਸ਼ਟ ਨਾ ਹੋਏ ਤਾਂ ਉਹ ਹਿੰਸਾਤਮਕ ਕਾਰਵਾਈ ਕਰਨਗੇ। ਸਿੱਖਾਂ ਦੇ ਜ਼ੋਰ ਪਾਉਣ ਅਤੇ ਹਿੱਤਾਂ ਨੂੰ ਧਿਆਨ ਵਿਚ ਰੱਖਣ ਵਾਸਤੇ ਸਿੱਖ ਰਾਜਨੀਤੀ ਦੇ ਜਾਣਕਾਰ ਮੇਜਰ ਸ਼ਾਰਟ ਨੂੰ ਇੰਗਲੈਂਡ ਤੋਂ ਭਾਰਤ ਬੁਲਾਇਆ ਗਿਆ ਤਾਂ ਜੋ ਸਿੱਖਾਂ ਦਾ ਸਹੀ ਪੱਖ ਸਰਕਾਰ ਦੇ ਸਾਹਮਣੇ ਰੱਖਿਆ ਜਾ ਸਕੇ। ਇਸੇ ਹੀ ਮਹੀਨੇ ਬਰਤਾਨਵੀ ਸੰਸਦ ਵਿਚ ‘ਭਾਰਤ ਦੀ ਆਜ਼ਾਦੀ ਦਾ ਬਿੱਲ’ ਪਾਸ ਹੋ ਗਿਆ ਅਤੇ ਨਾਲ ਹੀ ਇਸ ਨੂੰ ਸ਼ਾਹੀ ਮਨਜ਼ੂਰੀ ਵੀ ਮਿਲ ਗਈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੇ ਲਾਹੌਰ ਵਿਚ ਹਾਲਾਤ ਬਦਤਰ ਹੋ ਗਏ ਸਨ। ਅਰਾਜਕਤਾ ਦਾ ਇਹ ਦੌਰ ਪੂਰਬੀ ਅਤੇ ਪੱਛਮੀ ਪੰਜਾਬ ਵਿਚ ਆਮ ਸੀ। ਪੁਲਿਸ ਤੇ ਸੈਨਾ ਜਿਨ੍ਹਾਂ ਨੂੰ ਲੋਕਾਂ ਦਾ ਰਾਖਾ ਕਿਹਾ ਜਾਂਦਾ ਹੈ ਨੇ ਆਪਣੇ ਹੱਥੀਂ ਲੁੱਟਮਾਰ ਅਤੇ ਵੱਢ-ਟੁੱਕ ਕੀਤੀ।
ਅਖ਼ੀਰ 30 ਦਿਨਾਂ ਦੀ ਮਿਹਨਤ ਤੋਂ ਬਾਅਦ ਮਿਸਟਰ ਰੈਡਕਲਿਫ ਨੇ ਸਰਹੱਦ ਦੇ ਬਟਵਾਰੇ ਦਾ ਕਾਰਜ ਪੂਰਾ ਕੀਤਾ। ਇਸੇ ਵਾਸਤੇ ਇਹ ‘ਰੈਡਕਲਿਫ ਐਵਾਰਡ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਵੇਂ ਇਹ ਐਵਾਰਡ 9 ਅਗਸਤ ਤਕ ਤਿਆਰ ਹੋ ਚੁੱਕਿਆ ਸੀ, ਪਰੰਤੂ ਇਸ ਨੂੰ ਆਮ ਲੋਕਾਂ ਸਾਹਮਣੇ 16 ਅਗਸਤ ਨੂੰ ਹੀ ਪੇਸ਼ ਕੀਤਾ ਗਿਆ। ਇਸ ਐਵਾਰਡ ਨੂੰ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਬੜੀ ਕਠੋਰਤਾ ਨਾਲ ਨਿੰਦਿਆ ਗਿਆ। ਇਹ ਕਿਸੇ ਵੀ ਧਿਰ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਕਿਉਂਕਿ ਇਹ ਇਕ ਅਜਿਹੀ ਹੱਦਬੰਦੀ ਸੀ, ਜਿਸ ਨੂੰ ਬਣਾਉਣ ਸਮੇਂ ਭੂਗੋਲਿਕ ਤੇ ਕੁਦਰਤੀ ਸਥਿਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਇਸ ਤਰ੍ਹਾਂ 15 ਅਗਸਤ, 1947 ਨੂੰ ਭਾਰਤ ਆਜ਼ਾਦ ਹੋ ਗਿਆ ਜਿਸ ਵਿਚ ਸਿੱਖਾਂ ਦੀ ਸਥਿਤੀ ਬੜੀ ਡਾਵਾਂਡੋਲ ਸੀ, ਕਿਉਂਕਿ ਜਦੋਂ ਦਿੱਲੀ ਵਿਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਇਸ ਦੇ ਉਲਟ ਪੰਜਾਬ ਵਿਚ ਲੋਕ ਸੰਪਰਦਾਇਕਤਾ ਦੀ ਭੱਠੀ ਵਿਚ ਝੁਲਸ ਰਹੇ ਸਨ।
ਇਸ ਸਮੇਂ ਦੌਰਾਨ ਸਿੱਖ ਔਰਤਾਂ ਨੇ ਵੀ ਅਥਾਹ ਸਾਹਸ ਤੇ ਦਲੇਰੀ ਦਾ ਸਬੂਤ ਦਿੱਤਾ। ਉਨ੍ਹਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਜੌਹਰ ਕੀਤੇ, ਖੂਹਾਂ ਵਿਚ ਛਾਲਾਂ ਮਾਰੀਆਂ, ਕੁਝ ਨੇ ਤਾਂ ਵੈਰੀਆਂ ਦਾ ਸਾਹਮਣਾ ਵੀ ਕੀਤਾ ਪਰੰਤੂ ਆਪਣੇ ਧਰਮ ਤੇ ਇੱਜ਼ਤ ਨੂੰ ਢਾਹ ਨਾ ਲੱਗਣ ਦਿੱਤੀ। ਥੋਹਾ ਖਾਲਸਾ ਦੀ ਘਟਨਾ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਜਿੱਥੇ 90 ਔਰਤਾਂ ਨੇ ਆਪਣੀ ਇੱਜ਼ਤ ਤੇ ਧਰਮ ਬਚਾਉਣ ਦੀ ਖ਼ਾਤਰ ਖੂਹ ਵਿਚ ਛਾਲਾਂ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ, ਪਰੰਤੂ ਆਪਣਾ ਧਰਮ ਨਹੀਂ ਹਾਰਿਆ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਟਵਾਰੇ ਦੇ ਦੌਰਾਨ ਸਿੱਖਾਂ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ। ਇਨ੍ਹਾਂ ਦੀਆਂ ਆਰਥਿਕ ਗਤੀਵਿਧੀਆਂ ਦਾ ਕੇਂਦਰ ਤੇ ਮੁੱਖ ਧਾਰਮਿਕ ਸਥਾਨ ਪਾਕਿਸਤਾਨ ਵਿਚ ਰਹਿ ਗਏ ਜਿਨ੍ਹਾਂ ਦੇ ਦਰਸ਼ਨ- ਦੀਦਾਰਿਆਂ ਦੀ ਕਾਮਨਾ ਅੱਜ ਵੀ ਸਮੂਹ ਸਿੱਖ ਸੰਗਤ ਆਪਣੀ ਅਰਦਾਸ ਵਿਚ ਕਰਦੀ ਹੈ।
ਲੇਖਕ ਬਾਰੇ
- ਮੁਨੀਸ਼ ਸਿੰਘhttps://sikharchives.org/kosh/author/%e0%a8%ae%e0%a9%81%e0%a8%a8%e0%a9%80%e0%a8%b6-%e0%a8%b8%e0%a8%bf%e0%a9%b0%e0%a8%98/June 1, 2007