ਗੁਰਮਤਿ ਲਹਿਰ ਤੋਂ ਪਹਿਲਾਂ ਭਾਰਤ ਦੇਸ਼ ਵਿਚ ਵੱਖ-ਵੱਖ ਦੇਸੀ-ਵਿਦੇਸ਼ੀ ਧਰਮਾਂ ਦੇ ਧਾਰਮਿਕ ਕੱਟੜਵਾਦ, ਕਰਮਕਾਂਡੀ ਮਤਾਂ-ਮਤਾਂਤਰਾਂ, ਰਜਵਾੜਾਸ਼ਾਹੀ ਅਤੇ ਸਰਮਾਏਦਾਰੀ ਰੁਚੀਆਂ, ਜ਼ਾਤ-ਪਾਤ, ਊਚ-ਨੀਚ ਦੇ ਭੇਦ-ਭਾਵ, ਰਾਸ਼ਟਰੀ ਜੀਵਨ ਵਿਚ ਆਈ ਆਚਰਣਕ ਗਿਰਾਵਟ, ਆਰਥਕ ਕਾਣੀ ਵੰਡ, ਆਪਣੇ ਵਿਰਸੇ ਤੇ ਇਤਿਹਾਸ ਵੱਲੋਂ ਅਵੇਸਲੇਪਨ ਆਦਿ ਅਨੇਕਾਂ ਕਾਰਨਾਂ ਕਰਕੇ ਦੇਸ਼ ਦਾ ਧਾਰਮਿਕ, ਸਮਾਜਕ ਅਤੇ ਆਰਥਕ ਢਾਂਚਾ, ਰਾਜਨੀਤਕ ਜੀਵਨ ਅਤੇ ਸੱਭਿਆਚਾਰ ਲੀਰੋ-ਲੀਰ ਹੋਇਆ-ਹੋਇਆ ਸੀ। ਆਪਾਧਾਪੀ ਅਤੇ ਬੁਰਛਾਗਰਦੀ ਵਾਲੀ ਹਾਲਤ ਹੀ ਸੀ। ਸੋਨੇ ਦੀ ਚਿੜੀ ਕਹੇ ਜਾਣ ਵਾਲੇ ਦੇਸ਼ ਨੂੰ ਲੁੱਟਣ ਅਤੇ ਕੁੱਟਣ ਲਈ ਅਨੇਕਾਂ ਵਿਦੇਸ਼ੀ ਧਾੜਵੀਆਂ, ਜਰਵਾਣਿਆਂ ਅਤੇ ਜ਼ਾਲਮਾਂ ਨੇ ਦੇਸ਼ ਉੱਤੇ ਵਾਰ-ਵਾਰ ਹਮਲੇ ਕੀਤੇ। ਰਾਜ ਪ੍ਰਬੰਧ ਉਤੇ ਕਾਬਜ਼ ਹੋ ਕੇ ਇਥੋਂ ਦੀ ਲੁੱਟ ਤੇ ਕੁੱਟ ਕਰਨ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਆਰਥਿਕ ਢਾਂਚੇ ਨਾਲ ਖਿਲਵਾੜ ਕੀਤਾ। ਸਮਾਜ ਪਹਿਲਾਂ ਹੀ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼ ਵਰਗਾਂ ਵਿਚ ਵੰਡਿਆ ਹੋਇਆ ਸੀ। ਇਸ ਜੁੱਗਗਰਦੀ ਦੌਰਾਨ ਸ਼ੂਦਰ ਅਤੇ ਔਰਤ ਦਾ ਸਭ ਤੋਂ ਵੱਧ ਨਿਰਾਦਰ ਅਤੇ ਸ਼ੋਸ਼ਣ ਕੀਤਾ ਗਿਆ। ਇਨ੍ਹਾਂ ਦੋਹਾਂ ਪਾਸ ਕੋਈ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਅਧਿਕਾਰ ਨਹੀਂ ਸੀ। ਗੁਸਾਈਂ ਤੁਲਸੀ ਦਾਸ ਨੇ ਤਾਂ ਇਥੋਂ ਤਕ ਕਹਿ ਦਿੱਤਾ:
ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ।
ਯਹ ਪਾਚੋਂ ਤਾੜਨ ਕੇ ਅਧਿਕਾਰੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਦੀ ਤਰਸਯੋਗ ਹਾਲਤ ਵੇਖ ਕੇ ਇਕ ਮੁਕੰਮਲ ਕ੍ਰਾਂਤੀ ਲਿਆਉਣ ਦਾ ਉਪਰਾਲਾ ਕੀਤਾ ਅਤੇ ਆਪਣਾ ਸਾਥੀ ਇਕ ਸਾਧਾਰਨ ਇਨਸਾਨ ਮਰਦਾਨੇ ਨੂੰ ਬਣਾਇਆ ਅਤੇ ਉਸ ਨੂੰ ‘ਭਾਈ’ ਕਿਹਾ। ਸਤਿਗੁਰਾਂ ਨੇ ਸਮਝਾਇਆ ਕਿ ਜੇਕਰ ਬਾਦਸ਼ਾਹ ਨਿਹਕਲੰਕ ਹੈ ਤਾਂ ਉਸ ਨੂੰ ਜਨਮ ਦੇਣ ਵਾਲੀ ਕਲੰਕਿਤ ਕਿਵੇਂ ਹੋਈ? ਗੁਰੂ ਜੀ ਨੇ ਫ਼ੁਰਮਾਇਆ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਇਸ ਸਰਬਪੱਖੀ ਕ੍ਰਾਂਤੀ ਦੇ ਫਲਸਰੂਪ ਸਮਾਜ ਵਿਚ ਤ੍ਰਿਸਕਾਰੇ ਜਾ ਰਹੇ ਵਰਗ ਨੂੰ ਪੂਰਾ ਮਾਨ-ਸਨਮਾਨ ਹੀ ਪ੍ਰਾਪਤ ਨਹੀਂ ਹੋਇਆ। ਗੁਰੂ ਸਾਹਿਬ ਨੇ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਨਾਲ ਅਸਚਰਜ ਕਰਨ ਵਾਲਾ ਇਤਿਹਾਸ ਸਿਰਜਿਆ ਅਤੇ ਸੱਚਮੁੱਚ ਹੀ ਇਤਿਹਾਸ ਦੇ ਵਹਿਣ ਮੋੜ ਦਿੱਤੇ। ਦੁਨੀਆਂ ਦੇ ਅਨੋਖੇ ਅਤੇ ਮਹਾਨ ਕ੍ਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀ ਨੇ ਬੇਬੇ ਨਾਨਕੀ, ਮਾਤਾ ਤ੍ਰਿਪਤਾ, ਮਾਤਾ ਸੁਲੱਖਣੀ, ਮਾਤਾ ਖੀਵੀ, ਮਾਤਾ ਵਿਰਾਈ, ਬੀਬੀ ਅਮਰੋ, ਬੀਬੀ ਭਾਨੀ, ਬੀਬੀ ਰਾਮੋ, ਬੀਬੀ ਵੀਰੋ, ਮਾਤਾ ਗੰਗਾ, ਬੀਬੀ ਰੂਪ ਕੌਰ, ਮਾਤਾ ਨਾਨਕੀ, ਮਾਤਾ ਗੁਜਰੀ ਜੀ, ਮਾਈ ਭਾਗੋ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਬੀਬੀ ਹਰਸ਼ਰਨ ਕੌਰ, ਬੀਬੀ ਅਨੂਪ ਕੌਰ, ਰਾਣੀ ਸਦਾ ਕੌਰ ਅਤੇ ਮਹਾਰਾਣੀ ਜਿੰਦ ਕੌਰ ਆਦਿ ਅਨੇਕਾਂ ਮਹਾਨ ਵੀਰਾਂਗਣਾਂ, ਤਿਆਗ ਤੇ ਕੁਰਬਾਨੀ ਦੀ ਮੂਰਤ ਅਤੇ ਆਦਰਸ਼ਕ ਬੀਬੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੇਸ਼ ਤੇ ਕੌਮ ਦਾ ਨਿਵੇਕਲਾ ਅਤੇ ਵਿਲੱਖਣ ਇਤਿਹਾਸ ਸਿਰਜਿਆ। ਦੇਸ਼ ਪੰਜਾਬ ਦੀ ਉਸ ਮਹਾਨ, ਸੂਰਬੀਰ, ਸੁੰਦਰ, ਰਾਜਨੀਤੀਵੇਤਾ, ਗੁਰਸਿੱਖੀ ਜੋਸ਼ ਤੇ ਜਜ਼ਬੇ ਨਾਲ ਸਰਸ਼ਾਰ, ਇਕ ਵਫ਼ਾਦਾਰ ਪਤਨੀ, ਇਕ ਸੁਯੋਗ ਮਾਤਾ, ਨਿਧੜਕ ਤੇ ਸਿਦਕੀ ਸ਼ੇਰਨੀ ਮਹਾਰਾਣੀ ਜਿੰਦ ਕੌਰ ਬਾਰੇ ਵਿਚਾਰ ਕਰ ਰਹੇ ਹਾਂ।
ਮਹਾਰਾਣੀ ਜਿੰਦ ਕੌਰ, ਜਿਸ ਨੂੰ ਪਿਆਰ ਨਾਲ ਪਰਵਾਰ ਵਿਚ ਜਿੰਦਾਂ ਕਹਿ ਕੇ ਬੁਲਾਇਆ ਜਾਂਦਾ ਸੀ, ਦਾ ਜਨਮ ਪੰਜਾਬ ਦੇ ਨਾਮਵਰ ਸਰਦਾਰ ਮੰਨਾ ਸਿੰਘ ਦੇ ਗ੍ਰਹਿ ਪਿੰਡ ਚਾੜ, ਤਹਿਸੀਲ ਜਫਰਵਾਲ, ਜ਼ਿਲ੍ਹਾ ਸਿਆਲਕੋਟ ਵਿਖੇ ਸੰਨ 1817 ਵਿਚ ਹੋਇਆ। ਸਮੇਂ ਅਨੁਸਾਰ ਵਿੱਦਿਆ ਅਤੇ ਰਾਜਨੀਤਕ ਸੂਝ-ਬੂਝ ਪ੍ਰਾਪਤ ਅਤਿ ਦੀ ਸੁੰਦਰ, ਮੁਟਿਆਰ ਜਿੰਦਾਂ ਦਾ ਅਨੰਦ ਕਾਰਜ ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨਾਲ ਸੰਨ 1837 ਵਿਚ ਹੋਇਆ। ਉਸ ਸਮੇਂ ਜਿੰਦਾਂ ਦੀ ਉਮਰ 20 ਸਾਲ ਅਤੇ ਮਹਾਰਾਜਾ ਸਾਹਿਬ ਦੀ ਉਮਰ 57 ਸਾਲ ਸੀ। 4 ਸਤੰਬਰ 1838 ਨੂੰ ਇਸ ਦੀ ਕੁੱਖੋਂ ਇਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਕੰਵਰ ਦਲੀਪ ਸਿੰਘ ਰੱਖਿਆ ਗਿਆ। ਛੇਤੀ ਹੀ ਜਿੰਦਾਂ ਦੀਆਂ ਖੁਸ਼ੀਆਂ ਨੇ ਗਮੀਆਂ ਦਾ ਰੂਪ ਧਾਰਨ ਕਰ ਲਿਆ ਅਤੇ ਪੰਜਾਬ ਦੀ ਕਿਸਮਤ ਦਾ ਸੂਰਜ 27 ਜੂਨ 1839 ਨੂੰ ਡੁੱਬ ਗਿਆ। ਮਹਾਰਾਣੀ ਜਿੰਦ ਕੌਰ ਹੁਣ ਇਕ ਵਿਧਵਾ ਸੀ ਜਿਸ ਦੀ ਗੋਦ ਵਿਚ 9 ਮਹੀਨੇ 24 ਦਿਨਾਂ ਦਾ ਬਾਲਕ ਦਲੀਪ ਸਿੰਘ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਉਮਰ ਦੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਡੋਗਰੇ ਭਰਾ ਰਾਜ ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁੱਕੇ ਸਨ। ਉਨ੍ਹਾਂ ਦੇ ਮਨਾਂ ਵਿਚ ਰਾਜ ਦੀ ਵਫ਼ਾਦਾਰੀ ਦੀ ਥਾਂ ਰਾਜ ਨੂੰ ਤਬਾਹ ਕਰ ਕੇ ਉਸ ਉੱਤੇ ਆਪਣੇ ਰਾਜਸੀ ਮਹਿਲ ਉਸਾਰਨ ਦੀ ਲਾਲਸਾ ਸੀ। ਲਾਹੌਰ ਦਰਬਾਰ ਵਿਚ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਅੰਦਰੋ-ਅੰਦਰ ਮਹਾਰਾਜੇ ਦੇ ਭਰਾਵਾਂ, ਪੁੱਤਰਾਂ, ਸਰਦਾਰਾਂ ਅਤੇ ਡੋਗਰੇ ਭਰਾਵਾਂ ਅੰਦਰ ਈਰਖਾ ਅਤੇ ਨਿਜਪ੍ਰਸਤੀ ਦੀ ਠੰਢੀ ਜੰਗ ਸ਼ੁਰੂ ਹੋ ਚੁੱਕੀ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਗੱਦੀਨਸ਼ੀਨ ਹੋਏ। ਥੋੜ੍ਹੇ ਸਮੇਂ ਪਿਛੋਂ ਡੋਗਰੇ ਭਰਾਵਾਂ ਨੇ ਡੂੰਘੀ ਸਾਜ਼ਿਸ਼ ਅਧੀਨ ਉਨ੍ਹਾਂ ਨੂੰ ਸ਼ਾਹੀ ਮਹਿਲ ਅੰਦਰ ਕੈਦ ਕਰ ਕੇ ਰਾਜ-ਭਾਗ ਦਾ ਭਾਰ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੇ ਹਵਾਲੇ ਕਰ ਦਿੱਤਾ। ਉਸ ਤੋਂ ਵੀ ਖ਼ਤਰਨਾਕ ਇਕ ਸਾਜ਼ਿਸ਼ ਅਧੀਨ ਮਹਾਰਾਜਾ ਖੜਕ ਸਿੰਘ ਅਤੇ ਉਹਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਇਕੋ ਦਿਨ ਹੀ ਸਦਾ ਦੀ ਨੀਂਦ ਸੁਲਾ ਦਿੱਤਾ। ਫਿਰ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ 2 ਮਹੀਨੇ 9 ਦਿਨ ਤਕ ਰਾਜ ਕਰਦੀ ਰਹੀ। ਲਾਹੌਰ ਦਰਬਾਰ ਵਿਚ ਡੋਗਰਿਆਂ ਦੀ ਸਾਜ਼ਿਸ਼ ਕਾਰਨ ਹੋਏ ਖੂਨੀ ਟਕਰਾਅ ਉਪਰੰਤ ਮਹਾਰਾਜਾ ਸ਼ੇਰ ਸਿੰਘ ਗੱਦੀ ਉੱਤੇ ਬੈਠੇ ਪਰੰਤੂ ਡੋਗਰਿਆਂ ਨੇ ਸਾਜਿਸ਼ ਅਧੀਨ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਬਾਲਕ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਵੀ ਕਤਲ ਕਰਵਾ ਦਿੱਤਾ। ਅੰਤ ਬਾਲਕ ਕੰਵਰ ਦਲੀਪ ਸਿੰਘ, ਜਿਸ ਦੀ ਉਮਰ ਉਸ ਸਮੇਂ 5 ਸਾਲ 11 ਦਿਨ ਦੀ ਸੀ, ਨੂੰ 15 ਸਤੰਬਰ 1843 ਈ. ਨੂੰ ਤਖ਼ਤ ਉੱਤੇ ਬਿਠਾ ਦਿੱਤਾ। ਅਗਲੇ ਹੀ ਦਿਨ ਰਾਜਾ ਹੀਰਾ ਸਿੰਘ ਨੇ ਖ਼ਾਲਸਾ ਫੌਜਾਂ ਦੀ ਮਦਦ ਨਾਲ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦੇ ਕਾਤਲਾਂ ਸੰਧਾਵਾਲੀਏ ਲਹਿਣਾ ਸਿੰਘ ਅਤੇ ਅਜੀਤ ਸਿੰਘ ਨੂੰ ਕਤਲ ਕਰਵਾ ਦਿੱਤਾ। ਰਾਜ ਤਿਲਕ ਲਾ ਕੇ ਰਾਜਾ ਹੀਰਾ ਸਿੰਘ ਨੇ ਤਾਜਪੋਸ਼ੀ ਦੀ ਰਸਮ ਕਰ ਕੇ 18 ਸਤੰਬਰ 1843 ਈ. ਨੂੰ ਕੰਵਰ ਦਲੀਪ ਸਿੰਘ ਨੂੰ ਮਹਾਰਾਜਾ ਅਤੇ ਆਪਣੇ ਆਪ ਨੂੰ ਵਜ਼ੀਰ ਹੋਣ ਦਾ ਐਲਾਨ ਕਰ ਦਿੱਤਾ। ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਭਰਾ ਜਵਾਹਰ ਸਿੰਘ ਨੂੰ ਹੀਰਾ ਸਿੰਘ ਦਾ ਵਜ਼ੀਰ ਬਣਨਾ ਮਨਜ਼ੂਰ ਨਹੀਂ ਸੀ। ਹੀਰਾ ਸਿੰਘ ਨੇ ਖ਼ਾਲਸਾ ਫੌਜਾਂ ਵਿਚ ਇਹ ਗੱਲ ਫੈਲਾ ਦਿੱਤੀ ਕਿ ਜਵਾਹਰ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਖ਼ਾਲਸਾ ਫੌਜ ਨੇ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਜਿਸ ਨੇ ਜਵਾਹਰ ਸਿੰਘ ਨੂੰ ਕੈਦ ਕਰ ਦਿੱਤਾ, ਪਰੰਤੂ ਥੋੜ੍ਹੇ ਹੀ ਸਮੇਂ ਮਗਰੋਂ ਮਹਾਰਾਣੀ ਜਿੰਦ ਕੌਰ ਨੇ ਆਪਣਾ ਅਸਰ-ਰਸੂਖ ਵਰਤ ਕੇ ਆਪਣੇ ਭਰਾ ਨੂੰ ਛੁਡਾ ਲਿਆ। 7 ਮਈ 1844 ਈ. ਨੂੰ ਰਾਜਾ ਹੀਰਾ ਸਿੰਘ ਦੇ ਹੁਕਮ ਨਾਲ ਸ਼ੇਰ-ਏ-ਪੰਜਾਬ ਦੇ ਪੁੱਤਰ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਏ, ਸੰਤ ਬੀਰ ਸਿੰਘ ਨੌਰੰਗਾਬਾਦੀ ਸਮੇਤ ਤਿੰਨ ਹਜ਼ਾਰ ਤੋਂ ਵੀ ਵੱਧ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਕਤਲ ਕਰ ਦਿੱਤਾ ਗਿਆ। 21 ਦਸੰਬਰ 1844 ਈ. ਨੂੰ ਹੀਰਾ ਸਿੰਘ ਵੀ ਸਣੇ ਸਾਥੀਆਂ ਦੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਥਾਂ ਜਵਾਹਰ ਸਿੰਘ ਵਜ਼ੀਰ ਬਣਿਆ, ਜਿਸ ਦੇ ਹੁਕਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਪਸ਼ੌਰਾ ਸਿੰਘ ਨੂੰ 30 ਅਗਸਤ 1845 ਈ: ਨੂੰ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਖ਼ਾਲਸਾ ਫੌਜਾਂ ਜਵਾਹਰ ਸਿੰਘ ਨਾਲ ਨਾਰਾਜ਼ ਹੋ ਗਈਆਂ ਅਤੇ ਉਸ ਨੂੰ ਮਹਾਰਾਣੀ ਜਿੰਦ ਕੌਰ ਅਤੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਸਾਹਮਣੇ 21 ਸਤੰਬਰ 1845 ਈ: ਨੂੰ ਕਤਲ ਕਰ ਦਿੱਤਾ। ਹੁਣ ਲਾਹੌਰ ਦਰਬਾਰ ਅੰਦਰ ਫੈਲੀ ਬੁਰਛਾਗਰਦੀ ਕਾਰਨ ਕੋਈ ਵਜ਼ੀਰ ਬਣਨ ਨੂੰ ਤਿਆਰ ਨਹੀਂ ਸੀ। ਅੰਤ ਸਭ ਕੰਮ-ਕਾਜ ਮਹਾਰਾਣੀ ਜਿੰਦ ਕੌਰ ਨੇ ਆਪਣੇ ਹੱਥ ਵਿਚ ਲੈ ਲਿਆ, ਉਹ ਬਾਲਕ ਮਹਾਰਾਜੇ ਦੀ ਸਰਪ੍ਰਸਤ ਬਣੀ ਅਤੇ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ ਅਤੇ ਮਿਸ਼ਰ ਲਾਲ ਸਿੰਘ ਆਦਿ ਦੀ ਸਲਾਹਕਾਰ ਸਭਾ ਬਣਾ ਕੇ ਰਾਜ ਕਰਨ ਲੱਗੀ। ਲੇਡੀ ਲਾਗਨ ਨੇ ਆਪਣੀ ਕਿਤਾਬ ਦੇ ਪੰਨਾ 106 ਉੱਤੇ ਲਿਖਿਆ ਹੈ ਕਿ “ਮਹਾਰਾਣੀ ਜਿੰਦ ਕੌਰ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿਚ, ਉਸ ਦੀ ਪ੍ਰਤਿਪਾਲਕਾ ਥਾਪੀ ਗਈ। ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ ਜਿਸ ਦਾ ਖ਼ਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਅਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਅਤੇ ਵੱਡੇ ਹੌਂਸਲੇ ਵਾਲੀ ਇਸਤਰੀ ਸੀ”।
ਉਧਰ ਲਾਲ ਸਿੰਘ ਅਤੇ ਤੇਜ ਸਿੰਘ ਵੀ ਤਾਕਤ ਹਾਸਲ ਕਰਨ ਲਈ ਤਰਲੋ- ਮੱਛੀ ਹੋ ਰਹੇ ਸਨ ਪਰੰਤੂ ਖ਼ਾਲਸਾ ਫੌਜਾਂ ਉਨ੍ਹਾਂ ਦੇ ਸਾਜਸ਼ੀ ਅਤੇ ਖੁਦਪ੍ਰਸਤ ਹੋਣ ਕਾਰਨ ਸਖ਼ਤ ਖਿਲਾਫ ਸਨ। ਅੰਤ ਨੂੰ ਇਨ੍ਹਾਂ ਦੋਹਾਂ ਨੇ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਕਰਨੀ ਅਰੰਭ ਦਿੱਤੀ ਅਤੇ ਫੈਸਲਾ ਕਰ ਲਿਆ ਕਿ ਖ਼ਾਲਸਾ ਫੌਜਾਂ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਤਬਾਹ ਕਰਵਾ ਦਿੱਤਾ ਜਾਵੇ। ਇਸ ਨੀਤੀ ਅਧੀਨ ਡੋਗਰਿਆਂ ਨੇ ਖ਼ਾਲਸਾ ਫੌਜਾਂ ਨੂੰ ਭੜਕਾ ਕੇ 17 ਨਵੰਬਰ 1845 ਈ: ਨੂੰ ਅੰਗਰੇਜ਼ ਸਰਕਾਰ ਦੇ ਵਿਰੁੱਧ ਐਲਾਨ-ਏੇ- ਜੰਗ ਕਰਵਾ ਦਿੱਤਾ। ਭਾਵੇਂ ਮਹਾਰਾਣੀ ਜਿੰਦ ਕੌਰ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਲੜਾਈ ਛੇੜਨ ਦੇ ਵਿਰੁੱਧ ਸਨ ਕਿਉਂਕਿ ਲਾਹੌਰ ਦਰਬਾਰ ਅੰਦਰ ਇਕਜੁਟਤਾ ਅਤੇ ਇਕਸੁਰਤਾ ਨਹੀਂ ਸੀ। ਫੌਜ ਦੀ ਕਮਾਂਡ ਵੀ ਢਿੱਲੀ ਹੋਈ ਪਈ ਸੀ ਅਤੇ ਮਹਾਰਾਜਾ ਦਲੀਪ ਸਿੰਘ ਬਾਲ ਅਵਸਥਾ ਵਿਚ ਸਨ। ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਪਰ ਲੜਾਈ ਨਾ ਟਲ ਸਕੀ। ਅੰਤ ਸਤਲੁਜ ਦੇ ਕੰਢੇ ਪੰਜ ਘਮਸਾਣ ਦੀਆਂ ਲੜਾਈਆਂ ਹੋਈਆਂ ਜਿਨ੍ਹਾਂ ਵਿਚ ਖ਼ਾਲਸਾ ਫੌਜਾਂ ਨੇ ਆਪਣੇ ਜੌਹਰ ਦਿਖਾਏ ਅਤੇ ਅੰਗਰੇਜ਼ ਫੌਜਾਂ ਦੇ ਛੱਕੇ ਛੁਡਾ ਦਿੱਤੇ ਪਰੰਤੂ ਦੇਸ਼-ਧਰੋਹੀ ਜਰਨੈਲਾਂ ਲਾਲ ਸਿੰਘ, ਤੇਜ ਸਿੰਘ ਅਤੇ ਗੁਲਾਬ ਸਿੰਘ ਦੀ ਬੇਈਮਾਨੀ ਕਾਰਨ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ, ਅਲੀਵਾਲ ਅਤੇ ਸਭਰਾਵਾਂ ਦੀਆਂ ਲੜਾਈਆਂ ਹਾਰ ਗਏ। ਇਨ੍ਹਾਂ ਬੇਈਮਾਨ ਜਰਨੈਲਾਂ ਨੇ ਫੌਜਾਂ ਨੂੰ ਬਰੂਦ ਦੀ ਥਾਂ ਸਰੋਂ੍ਹ ਭੇਜੀ। ਪਰੰਤੂ ਫੌਜਾਂ ਅੰਦਰ ਇਨ੍ਹਾਂ ਇਹ ਗੱਲ ਫੈਲਾ ਦਿੱਤੀ ਕਿ ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਹਨ ਅਤੇ ਬਰੂਦ ਦੀ ਥਾਂ ਸਰ੍ਹੋਂ ਵੀ ਮਹਾਰਾਣੀ ਸਾਹਿਬਾ ਨੇ ਹੀ ਭੇਜੀ। ਪਰ ਅੱਜ ਤੀਕ ਇਸ ਦਾ ਸਬੂਤ ਕਿਧਰੇ ਵੀ ਨਹੀਂ ਮਿਲਦਾ। ਇਸ ਦੇ ਉਲਟ ਮੁਦਕੀ ਤੇ ਫੇਰੂ ਸ਼ਹਿਰ ਦੀ ਜੰਗ ਹਾਰਨ ਉਪਰੰਤ ਜੋ ਚਿੱਠੀ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ, ਜੋ ਸ਼ੇਰ-ਏ-ਪੰਜਾਬ ਦਾ ਦੋਸਤ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਸੀ, ਨੂੰ ਲਿਖੀ ਉਸ ਤੋਂ ਸਾਫ਼ ਜ਼ਾਹਰ ਹੈ ਕਿ ਮਹਾਰਾਣੀ ਜਿੰਦ ਕੌਰ ਨੂੰ ਪੰਜਾਬ ਦੇ ਹਿਤ ਕਿਤਨੇ ਪਿਆਰੇ ਸਨ ਅਤੇ ਪੰਜਾਬ ਦੀ ਮਿੱਟੀ ਨਾਲ ਉਹਦਾ ਕਿਤਨਾ ਮੋਹ ਸੀ! ਫਿਰ ਰਾਜ-ਭਾਗ ਦਾ ਮਾਲਕ ਵੀ ਤਾਂ ਉਸ ਦਾ ਪੁੱਤਰ ਦਲੀਪ ਸਿੰਘ ਹੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਦੇ ਰੂਪ ਵਿਚ ਰਾਜਭਾਗ ਦੀ ਵਾਗਡੋਰ ਉਸ ਦੇ ਆਪਣੇ ਹੱਥ ਸੀ। ਕੋਈ ਕਮਲਾ ਵੀ ਆਪਣੇ ਘਰ ਨੂੰ ਆਪ ਤਬਾਹ ਨਹੀਂ ਕਰਦਾ। ਫਿਰ ਮਹਾਰਾਣੀ ਜਿੰਦ ਕੌਰ ਨੂੰ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਕਰ ਕੇ ਆਪਣੇ ਹੀ ਪੁੱਤਰ ਦਾ ਰਾਜ-ਭਾਗ ਤਬਾਹ ਕਰਨ ਦੀ ਕੀ ਲੋੜ ਸੀ? ਪਰੰਤੂ ਡੋਗਰੇ ਭਰਾਵਾਂ ਵਾਂਗ ਹਰ ਰਾਜ ਪ੍ਰਬੰਧ ਅਤੇ ਰਾਜ ਘਰਾਣੇ ਅੰਦਰ ਅਜਿਹੇ ਨਖਿਧ ਅਤੇ ਨਿਜ-ਪ੍ਰਸਤ, ਲਾਲਚੀ, ਨਮਕ ਹਰਾਮ ਲੋਕ ਮੌਜੂਦ ਹੁੰਦੇ ਹੀ ਰਹੇ ਹਨ ਅਤੇ ਅੱਜ ਵੀ ਹਨ, ਜੋ ਰਾਜ ਦਰਬਾਰਾਂ-ਸਰਕਾਰਾਂ ਅੰਦਰ ਰਹਿ ਕੇ ਸਾਜ਼ਿਸ਼ਾਂ ਰਚਦੇ ਹੀ ਰਹਿੰਦੇ ਹਨ। ਸ਼ਾਇਦ ਹੀ ਕੋਈ ਸਰਕਾਰ ਇਨ੍ਹਾਂ ਦਰਬਾਰੀ ਸਾਜ਼ਿਸ਼ਾਂ (PALACE-INTRIGUES) ਤੋਂ ਬਚ ਸਕੀ ਹੋਵੇ। ਸ. ਸ਼ਾਮ ਸਿੰਘ ਅਟਾਰੀ ਨੂੰ ਲਿਖੀ ਮਹਾਰਾਣੀ ਜਿੰਦ ਕੌਰ ਦੀ ਚਿੱਠੀ ਨੂੰ ਪੰਥ ਦੇ ਪ੍ਰਸਿੱਧ ਵਿਦਵਾਨ ਇਤਿਹਾਸਕਾਰ ਅਤੇ ਸ਼੍ਰੋਮਣੀ ਢਾਡੀ ਗਿ; ਸੋਹਣ ਸਿੰਘ ਸੀਤਲ ਨੇ ਇਉਂ ਬਿਆਨ ਕੀਤਾ ਹੈ:
ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ,
ਬੈਠ ਰਿਹੋਂ ਕੀ ਚਿਤ ਵਿਚ ਧਾਰ ਸਿੰਘਾ?
ਦੋਵੇਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ,
ਸਿੰਘ ਆਏ ਅੰਗਰੇਜ਼ ਤੋਂ ਹਾਰ ਸਿੰਘਾ।
ਕਾਹਨੂੰ ਹਾਰਦੇ ਕਿਉਂ ਮਿਹਣੇ ਜੱਗ ਦਿੰਦਾ,
ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ?
ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋਈ,
ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ।
ਹੁਣ ਵੀ ਚਮਕੀ ਨਾ ਜੇ ਸਿੰਘਾ ਤੇਗ ਤੇਰੀ,
ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ।
ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ,
ਕੱਲ੍ਹ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ।
ਪੁੱਟ ਸ਼ੇਰੇ ਪੰਜਾਬ ਦੀ ਮੜ੍ਹੀ ਤਾਈਂ,
ਉਹਦੇ ਪੈਰਾਂ ਵਿਚ ਫੁੱਲ ਰੁਲਾਏ ਜਾਸਨ।
ਬਦਲੀ ਜਿਹਨੇ ਤਕਦੀਰ ਪੰਜਾਬ ਦੀ ਸੀ,
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ।
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ,
ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ।
ਲਹਿੰਦੀ ਦਿੱਸੇ ‘ਰਣਜੀਤ’ ਦੀ ਪੱਗ ਮੈਨੂੰ,
ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ।
ਮਹਾਰਾਣੀ ਜਿੰਦ ਕੌਰ ਦੀ ਚਿੱਠੀ ਦੇਸ਼-ਭਗਤੀ ਅਤੇ ਪੰਜਾਬ ਪ੍ਰਤੀ ਸੱਚੇ-ਸੁੱਚੇ ਪਿਆਰ ਦੀ ਭਾਵਨਾ ਨਾਲ ਲਬਰੇਜ਼ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਕਮਰਕੱਸਾ ਕਰ ਕੇ ਆਪਣੇ ਫੌਜੀ ਦਲ ਨਾਲ ਆ ਹਾਜ਼ਰ ਹੋਇਆ ਅਤੇ ਸਭਰਾਵਾਂ ਦੀ ਲੜਾਈ ਉਸ ਦੀ ਕਮਾਨ ਹੇਠ ਲੜੀ ਗਈ। ਸਰਦਾਰ ਅਟਾਰੀ ਦੀ ਅਗਵਾਈ ਵਿਚ ਖ਼ਾਲਸਾ ਫੌਜਾਂ ਨੇ ਭਾਰੀ ਜੌਹਰ ਦਿਖਾਏ ਅਤੇ ਅੰਗਰੇਜ਼ੀ ਫੌਜਾਂ ਦੇ ਆਹੂ ਲਾਹ ਸੁੱਟੇ। ਪਰੰਤੂ ਜੰਗ ਨੂੰ ਸਾਜ਼ੋ-ਸਾਮਾਨ ਸਪਲਾਈ ਕਰਨ ਵਾਲੇ ਤਾਂ ਉਹੀ ਗਦਾਰ ਸਨ। ਇਸ ਤਰ੍ਹਾਂ 10 ਜਨਵਰੀ 1846 ਈ. ਨੂੰ ਸਭਰਾਵਾਂ ਦੇ ਮੈਦਾਨ ਵਿਚ ਕੌਮੀ ਗਦਾਰਾਂ ਦੀ ਗਦਾਰੀ ਕਾਰਨ ਖ਼ਾਲਸਾ ਫੌਜਾਂ ਜਿੱਤ ਕੇ ਵੀ ਹਾਰ ਗਈਆਂ। ਸਰਦਾਰ ਸ਼ਾਮ ਸਿੰਘ ਅਟਾਰੀ ਜੰਗ ਵਿਚ ਜੂਝਦੇ ਹੋਏ ਸ਼ਹੀਦੀ ਪਾ ਗਏ। ਇਨ੍ਹਾਂ ਜੰਗਾਂ ਵਿਚ ਖ਼ਾਲਸਾ ਫੌਜ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਲੰਦਨ ਦੇ ਟਾਪੂਆਂ ਵਿਚ ਕੁਰਲਾਹਟ ਮੱਚ ਗਈ। ਅੰਗਰੇਜ਼ ਸ਼ਾਸਨ ਕੰਬ ਉਠਿਆ। ਸ਼ਾਹ ਮੁਹੰਮਦ ਨੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਇਸ ਗਾਥਾ ਨੂੰ ਇਉਂ ਬਿਆਨ ਕੀਤਾ ਹੈ:
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਪਈ,
ਕੁਰਸੀ ਚਾਰ ਹਜ਼ਾਰ ਹੋਈ ਸੱਖਣੀ ਜੀ।
ਸਿੰਘਾਂ ਅਤੇ ਫਰੰਗੀਆਂ ਦੀਆਂ ਸਾਰੀਆਂ ਜੰਗਾਂ ਵਿਚ ਪੰਜਾਬ ਤੋਂ ਬਿਨਾਂ ਸਾਰੇ ਹਿੰਦੋਸਤਾਨ ਦੀਆਂ ਫੌਜਾਂ ਅੰਗਰੇਜ਼ੀ ਕਮਾਨ ਹੇਠ ਖਾਲਸਾ ਫੌਜਾਂ ਵਿਰੁੱਧ ਲੜੀਆਂ ਅਤੇ ਪੂਰੇ ਪੰਜਾਬ ਨੂੰ ਅੰਗਰੇਜ਼ ਅਧੀਨ ਕਰਵਾ ਕੇ ਸਾਰੇ ਹਿੰਦੋਸਤਾਨ ਨੂੰ ਗੁਲਾਮ ਬਣਾਉਣ ਵਿਚ ਪੂਰਾ ਯੋਗਦਾਨ ਪਾਇਆ। ਇਹੋ ਇਨ੍ਹਾਂ ਦੀ ਦੇਸ਼ ਭਗਤੀ ਸੀ। ਇਸ ਤਰ੍ਹਾਂ ਦੀ ਹੀ ਕਰਤੂਤ ਇਨ੍ਹਾਂ ਲੋਕਾਂ ਨੇ ਮੁਗਲ ਸਰਕਾਰ ਨਾਲ ਸਾਂਝ ਪਾ ਕੇ ਗੁਰੂਕਿਆਂ ਨਾਲ ਜੰਗ-ਯੁੱਧ ਕੀਤੇ ਅਤੇ ਉਨ੍ਹਾਂ ਲੋਕਾਂ ਦੇ ਸੰਗੀ-ਸਾਥੀ ਬਣੇ ਜਿਹੜੇ ਇਨ੍ਹਾਂ ਦਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਢਾਂਚਾ ਹੀ ਤਬਾਹ ਕਰ ਰਹੇ ਸਨ।
12 ਫਰਵਰੀ 1846 ਈ., ਨੂੰ ਜੇਤੂ ਅੰਗਰੇਜ਼ ਕਸੂਰ ਆ ਬੈਠਾ। ਇਨ੍ਹਾਂ ਲੜਾਈਆਂ ਦਾ ਵੇਰਵਾ ਮਹਾਂ ਕਵੀ ਸ਼ਾਹ ਮੁਹੰਮਦ ਨੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਵਿਸਥਾਰ ਨਾਲ ਦਿੱਤਾ ਹੈ। ਸ਼ਾਹ ਮੁਹੰਮਦ ਲੰਮਾ ਹਉਕਾ ਭਰ ਕੇ ਕਹਿੰਦਾ ਹੈ:
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਅੰਤ 18 ਫਰਵਰੀ 1846 ਈ. ਨੂੰ ਰਾਜਾ ਗੁਲਾਬ ਸਿੰਘ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਲਾਰਡ ਹਾਰਡਿੰਗ ਨੂੰ ਲਲਿਆਣੀ ਆ ਮਿਲਿਆ। ਲਾਹੌਰ ਦਰਬਾਰ ਦਾ ਜ਼ਬਾਨੀ ਸ਼ਰਤਾਂ ਨਾਲ ਸੌਦਾ ਤਹਿ ਕਰ ਲਿਆ ਅਤੇ 20 ਫਰਵਰੀ 1946 ਈ. ਨੂੰ ਅੰਗਰੇਜ਼ ਲਾਹੌਰ ਪੁੱਜਾ। ਇਸ ਸਾਰੇ ਘਟਨਾਕ੍ਰਮ ਵਿੱਚੋਂ ਮਹਾਰਾਣੀ ਜਿੰਦ ਕੌਰ ਨੂੰ ਦੂਰ ਹੀ ਨਹੀਂ ਰੱਖਿਆ ਸਗੋਂ ਤਰ੍ਹਾਂ-ਤਰ੍ਹਾਂ ਦੀਆਂ ਮਨਘੜਤ ਸਾਜ਼ਿਸ਼ੀ ਕਹਾਣੀਆਂ ਬਣਾ ਕੇ ਉਸ ਨੂੰ ਖ਼ਾਲਸਾ ਫੌਜਾਂ ਅਤੇ ਪੰਚਾਇਤਾਂ ਦਰਮਿਆਨ ਬਦਨਾਮ ਕਰਨ ਦਾ ਭਰਪੂਰ ਯਤਨ ਕੀਤਾ ਗਿਆ। 26 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿਚ ਆਮ ਦਰਬਾਰ ਕੀਤਾ। ਅੰਗਰੇਜ਼ ਅਹਿਲਕਾਰ ਜੇਤੂ ਸ਼ਕਲ ਵਿਚ ਸੱਜੇ ਪਾਸੇ ਅਤੇ ਸਿੱਖ ਸਰਦਾਰ ਅਧੀਨਗੀ ਦੀ ਹਾਲਤ ਵਿਚ ਖੱਬੇ ਪਾਸੇ ਬੈਠੇ ਅਤੇ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਸਿੰਘਾਸਣ ਉੱਤੇ ਬਿਠਾਇਆ ਗਿਆ। ਹਾਰਡਿੰਗ ਨੇ ਮਹਾਰਾਜਾ ਦਲੀਪ ਸਿੰਘ ਦੇ ਮਾਤਹਿਤ ਮਿਸਰ ਲਾਲ ਸਿੰਘ ਦੇ ਵਜ਼ੀਰ ਅਤੇ ਤੇਜ਼ ਸਿੰਘ ਦੇ ਸੈਨਾਪਤੀ ਹੋਣ ਦਾ ਐਲਾਨ ਕੀਤਾ। ਮਹਾਰਾਣੀ ਜਿੰਦ ਕੌਰ ਜੋ ਮਹਾਰਾਜਾ ਦੀ ਸਰਪ੍ਰਸਤ ਸੀ, ਨੂੰ ਕਿਸੇ ਵੀ ਤਰ੍ਹਾਂ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਇਸ ਤੋਂ ਵੱਡਾ ਰਾਜਨੀਤਕ ਧੱਕਾ ਤੇ ਧੋਖਾ ਹੋਰ ਕੀ ਹੋ ਸਕਦਾ ਸੀ? 16 ਦਸੰਬਰ 1846 ਈ. ਨੂੰ ਭਰੋਵਾਲ ਦੀ ਸੁਲਾਹ, ਜਿਸ ਉੱਤੇ ਗਦਾਰਾਂ ਦੇ ਕਹੇ, ਬਾਲਕ ਮਹਾਰਾਜੇ ਦੇ ਦਸਤਖਤ ਕਰਵਾਏ ਗਏ, ਰਾਹੀਂ ਲਾਹੌਰ ਦਰਬਾਰ ਦਾ ਰਾਜ ਪ੍ਰਬੰਧ ਚਲਾਉਣ ਲਈ ਕੌਂਸਲ ਨਾਮਜ਼ਦ ਕੀਤੀ ਗਈ। ਇਸ ਕੌਂਸਲ ਤੋਂ ਵੀ ਮਹਾਰਾਣੀ ਨੂੰ ਦੂਰ ਰੱਖਿਆ ਗਿਆ। ਮਹਾਰਾਣੀ ਜਿੰਦ ਕੌਰ ਨੂੰ ਉਸ ਦੇ ਅਤੇ ਉਸ ਦੇ ਨੌਕਰਾਂ ਦੇ ਗੁਜ਼ਾਰੇ-ਭੱਤੇ ਲਈ ਡੇਢ ਲੱਖ ਰੁਪਿਆ ਪ੍ਰਵਾਨ ਕੀਤਾ ਗਿਆ। ਹਾਲਾਤ ਦੀ ਸਿਤਮ-ਜ਼ਰੀਫੀ ਵੇਖੋ ਕਿ ਦੇਸ਼ ਪੰਜਾਬ ਦੀ ਮਾਲਕ ਨੂੰ ਉਸ ਦੇ ਦੇਸ਼ ਵਿਚ ਹੀ ਕੌਮੀ ਗਦਾਰਾਂ ਦੀ ਗਦਾਰੀ ਦਾ ਨਤੀਜਾ ਗੁਜ਼ਾਰਾ ਭੱਤਾ ਦੇਣ ਦਾ ਫੈਸਲਾ ਕੀਤਾ ਗਿਆ।
ਮਹਾਰਾਣੀ ਜਿੰਦ ਕੌਰ, ਦੀਵਾਨ ਦੀਨਾ ਨਾਥ ਅਤੇ ਕਈ ਹੋਰ ਸਰਦਾਰ ਇਸ ਦੇ ਉਲਟ ਸਨ। ਇਨ੍ਹਾਂ ਨੇ ਰਾਜ ਪ੍ਰਬੰਧ ਮੁੜ ਆਪਣੇ ਹੱਥਾਂ ਵਿਚ ਲੈਣ ਹਿਤ ਸਰਦਾਰਾਂ ਨੂੰ ਇਕੱਠਾ ਕਰਨ ਲਈ ਪੂਰਾ ਜ਼ੋਰ ਲਾਇਆ। ਦੀਵਾਨ ਦੀਨਾ ਨਾਥ ਨੇ ਅੰਗਰੇਜ਼ ਅਧਿਕਾਰੀ ‘ਕਰੀ’ ਨੂੰ ਕਿਹਾ ਕਿ ਮਹਾਰਾਣੀ ਜਿੰਦ ਕੌਰ ਦੀ ਵੀ ਸਲਾਹ ਲਈ ਜਾਵੇ।
ਪਰੰਤੂ ਉਸ ਨੇ ਕੜਕ ਕੇ ਕਿਹਾ ਕਿ ਗਵਰਨਰ ਜਨਰਲ ਮਹਾਰਾਣੀ ਦੀ ਸਲਾਹ ਨਹੀਂ ਪੁੱਛ ਰਿਹਾ ਸਗੋਂ ਸਰਦਾਰਾਂ ਅਤੇ ਰਾਜ ਦੇ ਥੰਮ੍ਹਾਂ ਦੀ ਸਲਾਹ ਪੁੱਛ ਰਿਹਾ ਹੈ। ਅਫ਼ਸੋਸ! ਇਹ ਸਰਦਾਰ ਆਪਣੇ ਨਿੱਜੀ ਲਾਭਾਂ ਕਾਰਨ ਅੰਗਰੇਜ਼ਾਂ ਨਾਲ ਮਿਲ ਗਏ ਸਨ ਅਤੇ ਲਾਲ ਸਿੰਘ, ਤੇਜ ਸਿੰਘ ਆਦਿ ਥੰਮ੍ਹ ਤਾਂ ਪਹਿਲਾਂ ਹੀ ਡਿੱਗ ਚੁੱਕੇ ਸਨ। ਪੰਜਾਬ ਦੇ ਸਰਦਾਰ ਅੰਗਰੇਜ਼ਾਂ ਦੇ ਹੱਥ ਵਿਚ ਕਠਪੁਤਲੀਆਂ ਵਾਂਗ ਨੱਚ ਰਹੇ ਸਨ। ਗਵਰਨਰ ਜਨਰਲ ਹਾਰਡਿੰਗ ਅਤੇ ਰੈਜ਼ੀਡੈਂਟ ਲਾਰੰਸ ਦੇ ਦਿਲ ਵਿਚ ਮਹਾਰਾਣੀ ਜਿੰਦ ਕੌਰ ਕੰਡੇ ਵਾਂਗ ਰੜਕ ਰਹੀ ਸੀ। 7 ਦਸੰਬਰ 1846 ਈ. ਨੂੰ ਹਾਰਡਿੰਗ ਕਰੀ ਨੂੰ ਲਿਖਦਾ ਹੈ, ‘ਸਾਡੇ ਲਾਹੌਰ ਵਿਚ ਕਬਜ਼ਾ ਰੱਖਣ ਦੇ ਕਿਸੇ ਅਹਿਦਨਾਮੇ ਵਿਚ ਇਹ ਸ਼ਰਤ ਹੋਣੀ ਜ਼ਰੂਰੀ ਹੈ ਕਿ ਮਹਾਰਾਣੀ ਦੇ ਹੱਥ ਵਿਚ ਕੋਈ ਤਾਕਤ ਨਾ ਰਹੇ। 10 ਦਸੰਬਰ ਨੂੰ ਮੁੜ ਲਿਖਦਾ ਹੈ, ‘ਮੈਨੂੰ ਨਹੀਂ ਪਤਾ ਕਿ ਕਿਸ ਬਾਕਾਇਦਾ ਰਸਮ ਅਨੁਸਾਰ ਰਾਣੀ ਕਾਰ- ਮੁਖਤਿਆਰ ਬਣੀ ਹੈ। ਮੇਰਾ ਅਨੁਭਵ ਇਹ ਹੈ ਕਿ ਉਹ ਮਹਾਰਾਜੇ ਦੀ ਮਾਤਾ ਤੇ ਪ੍ਰਤਿਪਾਲਕਾ (GUARDIA) ਹੋਣ ਦੀ ਕੁਦਰਤੀ ਤੇ ਅਣਪੁੱਛੀ ਹੈਸੀਅਤ ਵਿਚ ਕਾਰ-ਮੁਖਤਿਆਰ ਬਣੀ ਹੋਈ ਹੈ। ਜੇ ਸਰਦਾਰ ਅਤੇ ਰਸੂਖ ਵਾਲੇ ਹਾਕਮ ਖਾਸ ਕਰ ਅਟਾਰੀ ਵਾਲੇ ਸਰਦਾਰ ਮਹਾਰਾਜੇ ਦੀ ਛੋਟੀ ਉਮਰ ਦੇ ਦਿਨਾਂ ਵਿਚ ਸਰਕਾਰ ਅੰਗਰੇਜ਼ੀ ਨੂੰ ਉਸ ਦੇ ਸਰਪ੍ਰਸਤ ਬਣਨ ਲਈ ਪ੍ਰੇਰਨਾ ਭਰੀ ਬੇਨਤੀ ਕਰਨ ਤਾਂ ਚੁੱਪ-ਚੁਪੀਤੇ, ਮਹਾਰਾਣੀ ਜਿੰਦ ਕੌਰ ਦੇ ਗਿਆਤ ਤੋਂ ਬਿਨਾਂ ਮਹਾਰਾਣੀ ਦੀ ਤਾਕਤ ਖ਼ਤਮ ਹੋ ਜਾਵੇਗੀ ਕਿਉਂਕਿ ਇਹ ਗੱਲ ਸਾਫ਼ ਤੌਰ ਉਤੇ ਲਿਖਤ ਵਿਚ ਲਿਆਂਦੀ ਜਾਵੇਗੀ ਕਿ ਨਾਬਾਲਗ ਮਹਾਰਾਜੇ ਦੀ ਸਰਪ੍ਰਸਤ ਦੀ ਹੈਸੀਅਤ ਵਿਚ ਅਤੇ ਰਾਜ-ਪ੍ਰਬੰਧ ਕਰਨ ਲਈ ਮਹਾਰਾਜੇ ਦੀ ਤਰਫ਼ੋਂ ਕਾਰ-ਮੁਖਤਿਆਰੀ ਦੇ ਸਾਰੇ ਅਖ਼ਤਿਆਰ ਦੇ ਕੰਮ ਸਰਕਾਰ ਅੰਗਰੇਜ਼ੀ ਦੇ ਹੱਥਾਂ ਵਿਚ ਹੋਣੇ ਹਨ।
16 ਦਸੰਬਰ 1846 ਈ. ਨੂੰ ਹਾਰਡਿੰਗ ‘ਕਰੀ’ ਨੂੰ ਫਿਰ ਲਿਖਦਾ ਹੈ ਕਿ ‘ਜੇ ਕੋਈ ਗੱਲ ਬਹਿਸ ਵਾਲੀ ਹੈ ਤਾਂ ਉਹ ਹੈ ਰਾਣੀ ਨੂੰ ਬਿਲੇ ਲਾਉਣਾ। ਅਸੀਂ ਇਸ ਗੱਲ ਉਤੇ ਸਹਿਮਤ ਹਾਂ ਅਤੇ ਇਹ ਗੱਲ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥ ਵਿਚ ਕਾਰ- ਮੁਖਤਿਆਰ ਦੀ ਹੈਸੀਅਤ ਵਿਚ ਤਾਕਤ ਨਾ ਰਹੇ। ਉਸ ਦੀ ਰਿਹਾਇਸ਼ ਦੇ ਥਾਂ ਦਾ ਫੈਸਲਾ ਕਰਨ ਵੇਲੇ ਨਵੇਂ ਰਾਜ-ਪ੍ਰਬੰਧ ਦੇ ਵਿਰੁੱਧ ਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸਾਜ਼ਿਸ਼ਾਂ ਦੇ ਅਧਾਰ ’ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ। ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਸਕਦੀ ਹੈ ਕਿ ਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਗਈ ਹੈ। ਮੇਰਾ ਖਿਆਲ ਹੈ ਕਿ ਰਾਣੀ ਹੋਰ ਥਾਂ ਨਾਲੋਂ ਲਾਹੌਰ ਵਿਚ ਘੱਟ ਖ਼ਤਰਨਾਕ ਸਿੱਧ ਹੋਵੇਗੀ ਕਿਉਂਕਿ ਜੇ ਉਹ ਕੁਝ ਔਖਿਆਂ ਕਰਨ ਲੱਗ ਪਵੇ ਤਾਂ ਉਸ ਨੂੰ ਦੇਸ਼-ਨਿਕਾਲਾ ਦੇਣਾ ਸੌਖਾ ਹੋਵੇਗਾ ਤਾਂ ਜ਼ਰੂਰ ਉਸ ਨੂੰ ਸਤਲੁਜੋਂ ਪਾਰ ਭੇਜ ਦਿੱਤਾ ਜਾਵੇ।’ ਰੈਜ਼ੀਡੈਂਟ ਨੇ ਰਾਣੀ ਨੂੰ ਦੇਸ਼-ਨਿਕਾਲਾ ਦੇਣ ਦੀ ਸਾਜ਼ਿਸ਼ੀ ਸਕੀਮ ਦਾ ਮੁੱਢ ਬੰਨ੍ਹਣਾ ਸ਼ੁਰੂ ਕਰ ਦਿੱਤਾ। ਉਸ ਨੇ ਇਕ ਚਿੱਠੀ ਵਿਚ ਮਹਾਰਾਣੀ ਨੂੰ ਲਿਖਿਆ ਕਿ ‘ਪਤਾ ਲੱਗਾ ਹੈ ਕਿ ਉਹ 15-20 ਸਰਦਾਰਾਂ ਨੂੰ ਰੋਜ਼ ਘਰ ਸੱਦ ਕੇ ਸਲਾਹ-ਮਸ਼ਵਰਾ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਦੀ ਮਾਨ-ਮਰਿਆਦਾ ਦੀ ਜ਼ਿੰਮੇਵਾਰੀ ਮੇਰੇ ਸਿਰ ਹੈ। ਇਸ ਵਾਸਤੇ ਆਖਣਾ ਪੈਂਦਾ ਹੈ ਕਿ ਇਹ ਸਾਰੇ ਕੰਮ ਮਹਾਰਾਣੀ ਦੀ ਪਦਵੀ (POSITION) ਦੇ ਅਨੁਕੂਲ ਨਹੀਂ ਹਨ ਸਗੋਂ ਉਸ ਦੀ ਸ਼ਾਨ ਨੂੰ ਵੱਟਾ ਲਾਉਣ ਵਾਲੇ ਹਨ।’ ਇਉਂ ਝੂਠ ਉੱਤੇ ਅਧਾਰਿਤ ਸ਼ਰਾਰਤ ਅਤੇ ਰਾਜਸੀ ਬੇਈਮਾਨੀ ਭਰਪੂਰ ਇਸ ਲੰਮੀ ਚਿੱਠੀ ਨਾਲ ਮਹਾਰਾਣੀ ਨੂੰ ਕਿਸੇ ਨੂੰ ਵੀ ਮਿਲਣ ਅਤੇ ਆਪਣੀ ਡੇਢ ਲੱਖ ਰੁਪਿਆਂ ਦੀ ਗੁਜ਼ਾਰਾ ਭੱਤੇ ਵਾਲੀ ਰਕਮ ਆਪਣੀ ਮਰਜ਼ੀ ਨਾਲ ਖਰਚਣ ਦੀ ਖੁੱਲ੍ਹ ਵੀ ਖੋਹ ਲਈ ਗਈ। ਮਹਾਰਾਣੀ ਜਿੰਦ ਕੌਰ ਨੇ 9 ਜੂਨ 1847 ਈ. ਨੂੰ ਇਸ ਦਾ ਉਤਰ ਇਉਂ ਲਿਖਿਆ “ਮੈਂ ਤੁਹਾਡਾ ਪੱਤਰ ਆਦਿ ਤੋਂ ਅੰਤ ਤਕ ਪੜ੍ਹਿਆ ਹੈ। ਆਪ ਨੇ ਇਹ ਲਿਖਣ ਦੀ ਕਿਰਪਾ ਕੀਤੀ ਹੈ ਕਿ ਮੈਨੂੰ ਰਾਜ ਦੇ ਕੰਮਾਂ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ। ਸਰਕਾਰ ਅੰਗਰੇਜ਼ੀ ਅਤੇ ਸਿੱਖ ਰਾਜ ਵਿਚਕਾਰ ਚਿਰਾਂ ਤੋਂ ਮਿੱਤਰਤਾ ਹੋਣ ਦੇ ਕਾਰਨ ਪ੍ਰਾਰਥਨਾ ਕੀਤੀ ਗਈ ਸੀ ਕਿ ਰਾਜ-ਧਰੋਹੀ ਕਰਮਚਾਰੀਆਂ ਦੇ ਦਬਾਉਣ ਬਦਲੇ ਤੇ ਮਹਾਰਾਜੇ ਦੀ, ਮੇਰੀ ਅਤੇ ਪਰਜਾ ਦੀ ਰੱਖਿਆ ਕਰਨ ਲਈ ਅੰਗਰੇਜ਼ੀ ਸੈਨਾ ਤੇ ਅੰਗਰੇਜ਼ ਕਰਮਚਾਰੀ ਲਾਹੌਰ ਵਿਚ ਰਹਿਣ। (ਇਹ ਅਹਿਦਨਾਮਾ ਡੋਗਰੇ ਭਰਾਵਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਭਰੋਸੇ ਵਿਚ ਲੈਣ ਬਗੈਰ ਹੀ ਕੀਤਾ ਸੀ) ਪਰ ਉਸ ਵੇਲੇ ਤਾਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਕਿ ਰਾਜ-ਪ੍ਰਬੰਧ ਵਿਚ ਮੇਰਾ ਕੋਈ ਹੱਕ ਨਹੀਂ ਹੋਵੇਗਾ। ਹਾਂ, ਇਹ ਗੱਲ ਜ਼ਰੂਰ ਹੋਈ ਸੀ ਕਿ ਰਾਜ ਦੇ ਕੰਮਾਂ ਵਿਚ ਮੇਰੇ ਕਰਮਚਾਰੀਆਂ ਦੀ ਸਲਾਹ ਜ਼ਰੂਰ ਲਈ ਜਾਵੇਗੀ। ਜਿਤਨੇ ਦਿਨ ਦਲੀਪ ਸਿੰਘ ਬਾਲਕ ਪੰਜਾਬ ਦੇ ਮਹਾਰਾਜਾ ਹਨ, ਉਤਨੇ ਦਿਨਾਂ ਤਕ ਮੈਂ ਪੰਜਾਬ ਦੀ ਮਹਾਰਾਣੀ (ਪ੍ਰਤਿਪਾਲਕਾ) ਹਾਂ। ਇਤਿਆਦਿ।
ਉਪਰੋਕਤ ਲੰਮੀ ਚਿੱਠੀ ਰਾਹੀਂ ਮਹਾਰਾਣੀ ਨੇ ਰੈਜੀਡੈਂਟ ਨੂੰ ਬੜੇ ਠਰ੍ਹੰਮੇ ਨਾਲ ਠੋਕ ਕੇ ਜਵਾਬ ਦਿੱਤਾ, ਜਿਸ ਨੂੰ ਪੜ੍ਹ ਕੇ ਰੈਜੀਡੈਂਟ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਅੰਗਰੇਜ਼ ਦੇ ਮਨ ਵਿਚ ਮਹਾਰਾਣੀ ਵਿਰੁੱਧ ਜ਼ਹਿਰ ਹੋਰ ਵਧਣ ਲੱਗ ਪਿਆ। ਮਹਾਰਾਣੀ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਵੀ ਅੰਗਰੇਜ਼ ਨੂੰ ਰਾਜ ਵਿਰੁੱਧ ਸਾਜਿਸ਼ ਜਾਪਣ ਲੱਗੀ। ਇਥੋਂ ਤਕ ਕਿ ਇਕ ਵੇਰ ਮਹਾਰਾਣੀ ਦੀ ਸਹੇਲੀ ਮੁਲਤਾਨ ਤੋਂ ਇਕ ਸਫ਼ੈਦ ਗੰਨਾ ਲਿਆਈ। ਇਸ ਨੂੰ ਵੀ ਅੰਗਰੇਜ਼ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਮੂਲ ਰਾਜ ਮੁਲਤਾਨ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਕੋਈ ਸਾਜ਼ਿਸ਼ ਕਰਨ ਲੱਗੀ ਹੈ। ਇਹਨੀਂ ਦਿਨੀਂ ਤੰਗ ਆਏ ਪਰਮੇ ਨੇ ਤੇਜ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਕੀਤੀ। ਰੈਜ਼ੀਡੈਂਟ ਨੇ ਇਸ ਵਿਚ ਵੀ ਮਹਾਰਾਣੀ ਜਿੰਦ ਕੌਰ ਦਾ ਹੱਥ ਗਰਦਾਨਿਆ। ਮੁਕੱਦਮਾ ਲਾਰਡ ਹਾਰਡਿੰਗ ਤਕ ਪੁੱਜਾ, ਉਸ ਨੇ ਪਰਮੇ ਨੂੰ ਫਾਂਸੀ ਅਤੇ ਮਹਾਰਾਣੀ ਨੂੰ ਨਿਰਦੋਸ਼ ਹੋਣ ਦਾ ਫੈਸਲਾ ਸੁਣਾਇਆ। ਸਰਦਾਰਾਂ ਅਤੇ ਗੱਦਾਰਾਂ ਨੂੰ ਆਪਣੇ ਹੱਕ ਵਿਚ ਹੋਰ ਪੱਕਿਆਂ ਕਰਨ ਹਿਤ 7 ਅਗਸਤ 1847 ਈ: ਨੂੰ ਰੈਜ਼ੀਡੈਂਟ ਨੇ ਇਕ ਦਰਬਾਰ ਲਾਇਆ ਜਿਸ ਵਿਚ ਅੰਗਰੇਜ਼ ਦੇ ਵਫ਼ਾਦਾਰ ਬਣੇ ਕੁਝ ਸਰਦਾਰਾਂ ਨੂੰ ਗੱਦਾਰੀ ਅਲਾਊਂਸ ਦੇ ਰੂਪ ਵਿਚ ਖਿਤਾਬ ਦਿੱਤੇ ਗਏ ਅਤੇ ਦੇਸ਼-ਧਰੋਹੀ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ।
ਇਸੇ ਤੇਜ ਸਿੰਘ ਨੇ ਲਾਲ ਸਿੰਘ ਨਾਲ ਮਿਲ ਕੇ ਸਤਲੁਜ ਦੇ ਕੰਢੇ ਸਿੱਖ ਫੌਜਾਂ ਦੀਆਂ ਬੇੜੀਆਂ ਡੋਬੀਆਂ ਸਨ, ਖ਼ਾਲਸਾ ਫੌਜਾਂ ਨੂੰ ਬਰੂਦ ਦੀ ਥਾਂ ਸਰ੍ਹੋਂ ਭੇਜੀ ਸੀ ਅਤੇ ਖ਼ਾਲਸੇ ਦੀ ਹਾਰ ਨੂੰ ਯਕੀਨੀ ਬਣਾਇਆ ਸੀ। ਮਹਾਰਾਣੀ ਨੂੰ ਇਹ ਗੱਲ ਕਿਵੇਂ ਸੁਖਾਂਦੀ ਸੀ ਕਿ ਦੇਸ਼ ਦੇ ਗਦਾਰ ਨੂੰ ਇਹ ਪਦਵੀ ਦਿੱਤੀ ਜਾਵੇ, ਉਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਨੀਯਤ ਸਮੇਂ ਤੋਂ ਇਕ ਘੰਟਾ ਲੇਟ ਘੱਲਿਆ, ਸਾਰੇ ਉਡੀਕਦੇ ਰਹੇ। ਅੰਤ ਅੰਗਰੇਜ਼ ਨੇ ਪ੍ਰਚਲਤ ਰੀਤੀ ਅਨੁਸਾਰ ਮਹਾਰਾਜੇ ਨੂੰ ਤੇਜ ਸਿੰਘ ਦੇ ਤਿਲਕ ਲਗਾਉਣ ਲਈ ਕਿਹਾ ਪਰੰਤੂ ਗੱਦਾਰਾਂ ਦੇ ਭਾਰੀ ਦਬਾਅ ਪਾਏ ਜਾਣ ਦੇ ਬਾਵਜੂਦ ਮਹਾਰਾਜੇ ਨੇ ਇੰਞ ਕਰਨੋਂ ਨਾਂਹ ਕਰ ਦਿੱਤੀ। ਹਾਰ ਕੇ ਅੰਗਰੇਜ਼ਾਂ ਨੇ ਇਹ ਰਸਮ ਇਕ ਪ੍ਰੋਹਿਤ ਪਾਸੋਂ ਪੂਰੀ ਕਰਾਈ। ਰਾਤ ਨੂੰ ਆਤਿਸ਼ਬਾਜ਼ੀ ਚਲਾਈ ਗਈ ਪਰੰਤੂ ਮਹਾਰਾਣੀ ਨੇ ਮਹਾਰਾਜੇ ਨੂੰ ਨਾ ਜਾਣ ਦਿੱਤਾ। “ਇਸ ਬਾਰੇ ਲਾਰਡ ਲਾਰੰਸ ਇਉਂ ਲਿਖਦਾ ਹੈ, “ਦਲੀਪ ਸਿੰਘ ਨੇ ਆਪਣਾ ਕੰਮ ਬੜੀ ਦ੍ਰਿੜ੍ਹਤਾ ਨਾਲ ਨਿਭਾਇਆ। ਉਸ ਨੇ ਆਪਣੇ ਨਿੱਕੇ-ਨਿੱਕੇ ਹੱਥ ਪਿੱਛੇ ਕਰ ਲਏ ਅਤੇ ਕੁਰਸੀ ਨਾਲ ਕੰਡ ਲਾ ਲਈ, ਇਕ ਪ੍ਰੋਹਤ ਨੇ ਇਹ ਰਸਮ ਪੂਰੀ ਕੀਤੀ। ਸ਼ਾਮ ਨੂੰ ਮਹਾਰਾਣੀ ਨੇ ਮਹਾਰਾਜੇ ਨੂੰ ਆਤਿਸ਼ਬਾਜ਼ੀ ਵੇਖਣ ਆਉਣ ਵਾਸਤੇ ਬਸਤਰ ਨਾ ਪਾਉਣ ਦਿੱਤੇ। ਮੁੱਕਦੀ ਗੱਲ, ਮਹਾਰਾਣੀ ਉਸ ਨੂੰ ਇਸ ਗੱਲ ਵਿਚ ਪੱਕਿਆਂ ਕਰਦੀ ਜਾ ਰਹੀ ਹੈ ਕਿ ਉਹ ਸਰਕਾਰ ਤੇ ਅੰਗਰੇਜ਼ੀ ਸਬੰਧਾਂ ਦੀ ਵਿਰੋਧਤਾ ਕਰੇ। ……. ਇਸ ਲਈ ਇਹ ਜ਼ਰੂਰੀ ਹੋ ਗਿਆ ਕਿ ਮਹਾਰਾਣੀ ਨੂੰ ਲਾਹੌਰੋਂ ਹਟਾ ਦਿੱਤਾ ਜਾਏ”। 16 ਅਗਸਤ 1847 ਈ. ਨੂੰ ਗਵਰਨਰ ਜਰਨਲ ਨੇ ਰੈਜ਼ੀਡੈਂਟ ਨੂੰ ਲਿਖਿਆ, “ਹੁਣ ਵਾਂਗ ਜੇ ਮਹਾਰਾਣੀ, ਬਾਲਕ ਮਹਾਰਾਜੇ ਉੱਤੇ ਆਪਣਾ ਪੂਰਾ ਅਸਰ ਪਾਉਂਦੀ ਰਹੀ ਤਾਂ ਸਰਕਾਰ ਦਾ ਪ੍ਰਬੰਧ ਨਹੀਂ ਚੱਲ ਸਕੇਗਾ। ਕੌਂਸਲ ਨੂੰ ਇਸ ਗੱਲ ਦਾ ਸ਼ੱਕ ਹੀ ਨਹੀਂ ਸਗੋਂ ਪੂਰਾ ਡਰ ਹੈ ਕਿ ਜੇ ਮਹਾਰਾਣੀ ਸਾਰੇ ਜ਼ਿੰਮੇਵਾਰ ਸਰਦਾਰਾਂ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਵਿਰੁੱਧ ਮਹਾਰਾਜੇ ਦੇ ਦਿਲ ਵਿਚ ਜ਼ਹਿਰ ਭਰਦੀ ਰਹੀ ਤਾਂ ਅੱਗੇ ਵਾਸਤੇ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ”। ਫਿਰ ਇਸ ਵਾਸਤੇ ਗਵਰਨਰ ਜਨਰਲ ਦੀ ਰਾਏ ਵਿਚ ਰਾਜਸੀ ਤੌਰ ’ਤੇ ਇਹ ਬਿਲਕੁਲ ਠੀਕ ਹੈ ਕਿ ਸ਼ਹਿਜਾਦੇ ਨੂੰ ਉਸ ਦੀ ਮਾਂ ਤੋਂ ਹੁਣੇ ਵੱਖਰਾ ਕਰ ਦਿੱਤਾ ਜਾਵੇ। ਇਸ ਵੇਲੇ ਮਹਾਰਾਜਾ ਪੂਰੀ ਤਰ੍ਹਾਂ ਮਹਾਰਾਣੀ ਦੇ ਕਾਬੂ (ਵੱਸ) ਵਿਚ ਹੈ। ਮਹਾਰਾਜੇ ਦਾ ਉਸ ਹੁਸ਼ਿਆਰ ਇਸਤਰੀ (ਮਹਾਰਾਣੀ ਜਿੰਦਾਂ) ਦੇ ਖਿਆਲਾਂ ਦੇ ਪ੍ਰਭਾਵ ਤੋਂ ਬਚਣਾ ਅਸੰਭਵ ਹੈ, ਜਿਹੜੀ (ਮਹਾਰਾਣੀ ਜਿੰਦਾਂ) ਸਰਕਾਰ ਅੰਗਰੇਜ਼ੀ ਤੇ ਸਰਦਾਰਾਂ ਨਾਲ ਜ਼ਾਤੀ ਵੈਰ ਦੇ ਕਾਰਨ ਮਹਾਰਾਜੇ ਉੱਤੇ ਅਸਰ ਪਾਉਣਾ ਚਾਹੁੰਦੀ ਹੈ। ……… ਇਸ ਲਈ ਜ਼ਰੂਰੀ ਹੈ ਕਿ ਮਹਾਰਾਜੇ ਨੂੰ ਮਹਾਰਾਣੀ ਤੋਂ ਵੱਖਰਾ ਕੀਤਾ ਜਾਵੇ।”ਇਸ ਸਬੰਧੀ ਦਰਬਾਰ ਵਿਚ ਸਰਦਾਰਾਂ ਨਾਲ ਸਲਾਹ ਕੀਤੀ ਗਈ ਕਿਉਂਕਿ ਦੇਸ਼-ਨਿਕਾਲੇ ਦੇ ਫੈਸਲੇ ਦੇ ਕਲੰਕ ਨੂੰ ਸਰਕਾਰ ਅੰਗਰੇਜ਼ੀ ਆਪਣੇ ਸਿਰ ਲੈਣ ਦੀ ਥਾਂ ਸਰਦਾਰਾਂ ਸਿਰ ਮੜ੍ਹਨਾ ਚਾਹੁੰਦੀ ਸੀ। ਪਰੰਤੂ ਸਰਦਾਰ ਨਾ ਮੰਨੇ ਤਾਂ ਅੰਗਰੇਜ਼ ਨੇ ਮਹਾਰਾਣੀ ਨੂੰ 20 ਕੁ ਮੀਲ ਦੀ ਵਿੱਥ ਉੱਤੇ ਸ਼ੇਖੂਪੁਰੇ ਕੈਦ ਕਰ ਦਿੱਤਾ। ਉਸ ਦੀ ਪੈਨਸ਼ਨ ਡੇਢ ਲੱਖ ਤੋਂ ਘਟਾ ਕੇ 4 ਹਜ਼ਾਰ ਰੁਪੈ ਮਹੀਨਾ ਕਰ ਦਿੱਤੀ ਗਈ। ਮਹਾਰਾਣੀ ਨੇ ਸ਼ੇਖੂਪੁਰੇ ਜਾਣ ਤੋਂ ਪਹਿਲਾਂ ਰੈਜ਼ੀਡੈਂਟ ਨੂੰ ਮਿਲਣਾ ਚਾਹਿਆ ਪਰੰਤੂ ਉਸ ਨੇ ਆਗਿਆ ਨਾ ਦਿੱਤੀ। ਉਧਰ ਗੁਲਾਬ ਸਿੰਘ ਅਟਾਰੀਵਾਲੇ ਨੇ ਮਹਾਰਾਜੇ ਨੂੰ ਸ਼ਾਲਾਮਾਰ ਬਾਗ ਵਿਚ ਲਿਜਾ ਕੇ ਰਾਤ ਰਹਿਣ ਲਈ ਭੇਜ ਦਿੱਤਾ ਤਾਂ ਜੋ ਮਹਾਰਾਣੀ ਨੂੰ ਉਸ ਪਾਸੋਂ ਦੂਰ ਭੇਜ ਦਿੱਤਾ ਜਾਵੇ। ਮਹਾਰਾਣੀ ਨੇ ਕੁਝ ਦਿਨਾਂ ਬਾਅਦ ਬਾਲਕ ਮਹਾਰਾਜੇ ਲਈ ਸੁਖ-ਸੁਨੇਹਾ ਅਤੇ ਕੁਝ ਖਿਡੌਣੇ ਘੱਲੇ ਪਰੰਤੂ ਇਸ ਮਗਰੋਂ ਅੰਗਰੇਜ਼ ਨੇ ਇਸ ਉੱਤੇ ਵੀ ਪਾਬੰਦੀ ਲਗਾ ਦਿੱਤੀ। ਇਸ ਤਰ੍ਹਾਂ 9 ਸਾਲ ਦੇ ਬੱਚੇ ਨੂੰ ਉਸ ਦੀ ਮਾਂ ਤੋਂ ਵਿਛੋੜ ਦਿੱਤਾ ਗਿਆ। ਆਪਣੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਮਹਾਰਾਣੀ ਜਿੰਦ ਕੌਰ ਨੂੰ ਅਪਰਾਧੀ ਵਾਂਗ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਪੈਨਸ਼ਨ ਘਟਾ ਦਿੱਤੀ ਗਈ। ਸਖ਼ਤ ਪਹਿਰੇ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਆਪਣੇ ਪੁੱਤਰ ਨੂੰ ਮਿਲਣਾ ਤਾਂ ਇਕ ਪਾਸੇ, ਸੁਖ- ਸੁਨੇਹਾ ਘੱਲਣ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ। ਦੇਖੋ ਕੈਸੀ ਅੰਗਰੇਜ਼ ਦੀ ਮਿੱਤਰਤਾਈ!… ਦੁਨੀਆਂ ਵਿਚ ਆਪਣੇ ਆਪ ਨੂੰ ਸੱਭਿਅਕ ਅਤੇ ਨਿਆਏਸ਼ੀਲ ਕੌਮ ਅਤੇ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਕਹਾਉਣ ਵਾਲੀ ਕੌਮ ਦਾ ਇਹ ਅਤਿ ਘਿਨਾਉਣਾ ਅਤੇ ਅਸੱਭਿਅਕ ਚਿਹਰਾ ਸੀ।
ਉਪਰੰਤ ਨਵੇਂ ਅਧਿਕਾਰੀ ਗਵਰਨਰ ਜਰਨਲ ਲਾਰਡ ਡਲਹੌਜ਼ੀ ਅਤੇ ਰੈਜ਼ੀਡੈਂਟ ਫਰੈਡਰਿਕ ਕਰੀ ਆ ਗਏ। ਇਨ੍ਹਾਂ ਨੇ ਸਖਤੀ ਦਾ ਦੌਰ ਅਤੇ ਮਹਾਰਾਣੀ ਵਿਰੁੱਧ ਝੂਠੀਆਂ ਅਫਵਾਹਾਂ ਅਤੇ ਕੂੜ-ਪ੍ਰਚਾਰ ਹੋਰ ਤੇਜ਼ ਕਰਵਾ ਦਿੱਤਾ ਤਾਂ ਜੋ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਘਿਰਣਾ ਦਾ ਪਾਤਰ ਬਣਾ ਕੇ ਮਹਾਰਾਣੀ ਨੂੰ ਹੋਰ ਤੰਗ-ਪਰੇਸ਼ਾਨ ਕਰਦਿਆਂ ਪੰਜਾਬ ਤੋਂ ਬਾਹਰ ਦੇਸ਼-ਨਿਕਾਲਾ ਦੇਣ ਲਈ ਰਾਹ ਪੱਧਰਾ ਹੋ ਜਾਵੇ। ਇਹ ਅਫਵਾਹ ਫੈਲਾਈ ਗਈ ਕਿ ਮਿਸਰ ਲਾਲ ਸਿੰਘ ਦਾ ਵਕੀਲ ਸਾਹਿਬ ਸਿੰਘ ਮਹਾਰਾਣੀ ਨੂੰ ਗੁਪਤ ਰੂਪ ਵਿਚ ਮਿਲਦਾ ਹੈ। ਇਹ ਵੀ ਅਫਵਾਹ ਫੈਲਾਈ ਗਈ ਕਿ ਮਹਾਰਾਣੀ ਨੇ ਇਕ ਫ਼ਕੀਰ ਕਸ਼ਮੀਰ ਵਿਖੇ ਰਾਜਾ ਗੁਲਾਬ ਸਿੰਘ ਪਾਸ ਅਤੇ ਇਕ ਮਹਾਰਾਜਾ ਦਲੀਪ ਸਿੰਘ ਪਾਸ ਲਾਹੌਰ ਭੇਜਿਆ ਹੈ। ਹਨੇਰ ਸਾਂਈ ਦਾ! ਜਦੋਂ ਮਹਾਰਾਣੀ ਨੂੰ ਕੋਈ ਮਿਲ ਹੀ ਨਹੀਂ ਸਕਦਾ, ਪਹਿਰਾ ਸਖ਼ਤ ਤੋਂ ਸਖ਼ਤ ਹੈ ਫਿਰ ਵਕੀਲ ਅਤੇ ਫ਼ਕੀਰ ਨੂੰ ਕਿਵੇਂ ਘੱਲਿਆ ਗਿਆ? ਇਹ ਆਪਣੇ ਸਮੇਂ ਦਾ ਸਭ ਵੱਡਾ ਕੋਰਾ ਝੂਠ ਸੀ। ਹੋਰ ਝੂਠੀ ਅਫਵਾਹ ਉਡਾਈ ਗਈ ਕਿ ਮਹਾਰਾਣੀ ਵੱਲੋਂ ਪੈਨਸ਼ਨ ਵਿੱਚੋਂ ਆਪਣੇ ਨੌਕਰਾਂ ਨੂੰ 60-60 ਰੁਪਏ ਇਨਾਮ ਵਜੋਂ ਦਿੱਤੇ ਗਏ। ਕਿੱਥੋਂ ਅਤੇ ਕਿਸ ਇਵਜ਼ ਵਿਚ? ਇਸ ਬਹਾਨੇ ਅੰਗਰੇਜ਼ ਨੇ ਮਹਾਰਾਣੀ ਦੇ ਨੌਕਰ ਅਤੇ ਨੌਕਰਾਣੀਆਂ ਬਦਲ ਦਿੱਤੀਆਂ ਅਤੇ ਉਸ ਉੱਤੇ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ। ਹੁਣ ਮਹਾਰਾਣੀ ਦੀ ਕੈਦ ਅਪਰਾਧੀ (ਇਖਲਾਕੀ) ਕੈਦੀਆਂ ਨਾਲੋਂ ਵੀ ਕਰੜੀ ਸੀ।
ਮਹਾਰਾਣੀ ਨੇ ਇਨ੍ਹਾਂ ਜ਼ਿਆਦਤੀਆਂ ਬਾਰੇ ਗਵਰਨਰ ਜਰਨਲ ਨੂੰ ਆਪਣੇ ਵਕੀਲ ਸ. ਜੀਵਨ ਸਿੰਘ ਰਾਹੀਂ ਬੇਨਤੀ ਕਰਨੀ ਚਾਹੀ ਪਰੰਤੂ ਉਸ ਨੇ ਸ. ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਮੰਨਣੋਂ ਹੀ ਇਨਕਾਰ ਕਰ ਦਿੱਤਾ ਅਤੇ ਲਿਖਿਆ ਕਿ ਜੇਕਰ ਮਹਾਰਾਣੀ ਨੇ ਕੁਝ ਕਹਿਣਾ ਹੈ ਤਾਂ ਉਹ ਰੈਜ਼ੀਡੈਂਟ ਰਾਹੀਂ ਹੀ ਗੱਲ ਕਰੇ। ਦੇਖੋ ਇਨਸਾਫ਼ ਅੰਗਰੇਜ਼ ਦਾ! ਜਿਸ ਵਿਰੁੱਧ ਸ਼ਿਕਾਇਤ ਹੈ, ਅਪੀਲ ਵੀ ਉਸੇ ਅੱਗੇ। ਵਕੀਲ ਜੀਵਨ ਸਿੰਘ ਨੇ ਬੜੇ ਯਤਨ ਕਰ ਕੇ ਲਾਰਡ ਡਲਹੌਜ਼ੀ ਪਾਸ ਇਹ ਅਪੀਲ ਕੀਤੀ ਕਿ “ਆਪ ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਅਤੇ ਆਪਣੇ ਆਸਰੇ ਅਧੀਨ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਇਨਸਾਫ ਕਰੋ।” ਲਾਰਡ ਡਲਹੌਜ਼ੀ ਨੇ ਥੋੜ੍ਹੇ ਸ਼ਬਦਾਂ ਵਿਚ ਇਸ ਦਾ ਉੱਤਰ ਇਉਂ ਦਿੱਤਾ, “ਮਹਾਰਾਣੀ ਨੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ। ਇਸ ਵਾਸਤੇ ਉਹ ਮੈਥੋਂ ਕਿਸੇ ਗੱਲ ਦੀ ਆਸ ਨਾ ਰੱਖੇ”।
ਸੰਨ 1848 ਈ. ਵਿਚ ਖ਼ਾਲਸਾ ਫੌਜ ਦੇ ਕੁਝ ਨਾਮ ਕੱਟੇ ਸਿਪਾਹੀਆਂ ਨੇ ਮੁਲਤਾਨ ਵਿਚ ਬਗ਼ਾਵਤ ਕਰ ਦਿੱਤੀ ਜਿਸ ਵਿਚ ਦੀਵਾਨ ਮੂਲ ਰਾਜ ਡਰਦਾ ਮਾਰਿਆ ਉਨ੍ਹਾਂ ਨਾਲ ਰਲ ਗਿਆ। ਇਸ ਦਾ ਭਾਂਡਾ ਵੀ ਮਹਾਰਾਣੀ ਸਿਰ ਭੰਨਿਆ ਗਿਆ ਅਤੇ ਉਸ ਦੇ ਵਕੀਲ ਗੰਗਾ ਰਾਮ ਅਤੇ ਇਕ ਸਾਬਕਾ ਕਰਨਲ ਕਾਹਨ ਸਿੰਘ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ। ਮਹਾਰਾਣੀ ਨੇ ਕਿਹਾ ਕਿ ਉਸ ਵਿਰੁੱਧ ਦੋਸ਼ ਝੂਠਾ ਹੈ ਅਤੇ ਜੇਕਰ ਸਰਕਾਰ ਅੰਗਰੇਜ਼ੀ ਸਮਝਦੀ ਹੈ ਕਿ ਬਗ਼ਾਵਤ ਵਿਚ ਮੇਰਾ ਹੱਥ ਹੈ ਤਾਂ ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਚਲਾਵੇ। ਅੰਗਰੇਜ਼ ਝੂਠਾ ਸੀ। ਉਸ ਨੇ ਬਹਾਨਾ ਲਾਇਆ ਕਿ ਮਹਾਰਾਣੀ ਵਿਰੁੱਧ ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਚਲਾਉਣ ਨਾਲ ਦੇਸ਼ ਵਿਚ ਬਗ਼ਾਵਤ ਫੈਲ ਜਾਵੇਗੀ। ਇਸ ਲਈ ਇਹ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਸਗੋਂ ਅੰਗਰੇਜ਼ ਨੇ ਇਹੀ ਬਹਾਨੇ ਬਣਾ ਕੇ ਮਹਾਰਾਣੀ ਦੇ ਦੇਸ਼-ਨਿਕਾਲੇ ਦੇ ਕਾਗਜ਼ਾਤ ਤਿਆਰ ਕਰ ਲਏ, ਜਿਸ ਉੱਤੇ ਕੌਂਸਲ ਦੇ ਤਿੰਨ ਮੈਂਬਰਾਂ ਦੇ ਦਸਤਖਤ ਕਰਵਾ ਲਏ ਗਏ। ਇਨ੍ਹਾਂ ਵਿਚ ਇਕ ਮਹਾਰਾਣੀ ਦੇ ਕੱਟੜ ਵਿਰੋਧੀ ਤੇਜ ਸਿੰਘ, ਫਕੀਰ ਨੂਰਦੀਨ ਅਤੇ ਰਾਜਾ ਸ਼ੇਰ ਸਿੰਘ ਦੀ ਥਾਂ ਉਸ ਦੇ ਭਰਾ ਗੁਲਾਬ ਸਿੰਘ ਸਨ। ਦੇਖੋ ਅੰਗਰੇਜ਼ ਦਾ ਇਨਸਾਫ਼ ਜੇਕਰ ਕੋਈ ਮੈਂਬਰ ਨਹੀਂ ਮੰਨਿਆ ਤਾਂ ਉਸ ਦੇ ਭਰਾ ਦੇ ਦਸਤਖਤ ਕਰਵਾ ਲਏ। ਇਸ ਤਰ੍ਹਾਂ ਮਹਾਰਾਣੀ ਨੂੰ ਦੇਸ਼-ਨਿਕਾਲਾ ਦੇ ਕੇ ਬਨਾਰਸ ਦੇ ਕਿਲ੍ਹੇ ਵਿਚ ਕੈਦ ਦਾ ਹੁਕਮ ਜਾਰੀ ਕਰ ਦਿੱਤਾ। ਰਾਜਨੀਤਕ ਧੱਕੇ ਦੀ ਇੰਤਹਾ ਵੇਖੋ! ਇਸ ਦੇਸ਼-ਨਿਕਾਲੇ ਦੇ ਹੁਕਮ ਵਿਚ ਅੰਗਰੇਜ਼ ਨੇ ਆਪਣੀ ਬਦਨੀਤੀ ਵਾਲੀ ਸਕੀਮ ਵੀ ਜ਼ਾਹਰ ਕਰ ਦਿੱਤੀ। ਲਿਖਿਆ ਕਿ ਜੇਕਰ ਮਹਾਰਾਣੀ ਕਿਲ੍ਹਾ ਬਨਾਰਸ ਵਿਚ ਕੈਦ ਦੌਰਾਨ ਕੋਈ ਗ਼ਲਤੀ ਕਰੇਗੀ ਤਾਂ ਉਸ ਨੂੰ ਉਥੋਂ ਚੁਨਾਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਾਵੇਗਾ, ਜਿੱਥੇ ਕੈਦ ਹੋਰ ਵੀ ਸਖ਼ਤ ਤੇ ਕਰੜੀ ਹੋਵੇਗੀ। ਰੈਜ਼ੀਡੈਂਟ ਦਾ ਇਹ ਹੁਕਮ ਮਹਾਰਾਣੀ ਜਿੰਦਾਂ ਪਾਸ 14 ਮਈ 1848 ਈ. ਨੂੰ ਪੁੱਜਾ। ਮਹਾਰਾਣੀ ਨੇ ਅੰਗਰੇਜ਼ ਅਧਿਕਾਰੀ ਲਿਮਸਤਨ ਨੂੰ ਪੁੱਛਿਆ ਕਿ ਉਹ ਉਸ ਨੂੰ ਸੇਖੂਪੁਰੇ ਤੋਂ ਕਿੱਥੇ ਲੈ ਕੇ ਜਾਣਗੇ? ਉਸ ਨੇ ਇਸ ਸਬੰਧੀ ਦੱਸਣੋਂ ਇਨਕਾਰ ਕਰ ਦਿੱਤਾ। ਜਦੋਂ ਕਾਫ਼ਲਾ ਸਤਲੁਜ ਕੰਢੇ ਪੁੱਜਾ ਤਾਂ ਮਹਾਰਾਣੀ ਨੂੰ ਸਮਝ ਆ ਗਈ ਕਿ ਉਸ ਨੂੰ ਦੇਸ਼ ਪੰਜਾਬ ਤੋਂ ਬਾਹਰ ਲਿਜਾ ਰਹੇ ਹਨ। ਮਹਾਰਾਣੀ ਜਿੰਦ ਕੌਰ ਕੁਝ ਸਮੇਂ ਲਈ ਸਤਲੁਜ ਦੇ ਕੰਢੇ ਉੱਤੇ ਰੁਕ ਗਈ। ਉਸ ਦੇ ਖਿਆਲਾਂ ਵਿਚ ਤੂਫ਼ਾਨ ਮੱਚ ਰਿਹਾ ਸੀ। ਇਕ ਪਾਸੇ ਉਸ ਦਾ ਉਹ ਦੇਸ਼ ਸੀ ਜਿਸ ਦੀ ਉਹ ਕੁਝ ਸਮਾਂ ਪਹਿਲਾਂ ਖੁਦ ਮਾਲਕ ਮਹਾਰਾਣੀ ਸੀ। ਉਸ ਦਾ ਆਪਣਾ ਰਾਜ, ਉਸ ਦੀ ਪਰਜਾ ਅਤੇ ਦੂਜੇ ਪਾਸੇ ਉਹ ਦੁਸ਼ਮਣ ਦੇਸ਼, ਜਿਸ ਨਾਲ ਉਸ ਦੇ ਰਾਜ ਨੇ ਜੰਗ ਕੀਤੇ ਸਨ। ਸਭ ਕੁਝ ਦੁਸ਼ਮਣ ਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ, ਪੁੱਤਰ ਦਾ ਵਿਛੋੜਾ, ਰਾਜ-ਭਾਗ ਦਾ ਖੋਹੇ ਜਾਣਾ, ਉੱਤੋਂ ਦੇਸ਼-ਨਿਕਾਲਾ। ਕੈਸਾ ਕੁਦਰਤ ਦਾ ਇਨਸਾਫ਼? ਇਸ ਚੋਰੀ-ਚੋਰੀ ਦਿੱਤੇ ਦੇਸ਼-ਨਿਕਾਲੇ ਨੂੰ ਸਫ਼ਲ ਦੱਸਦਿਆਂ ਰੈਜ਼ੀਡੈਂਟ ਨੇ ਫੜ੍ਹ ਮਾਰ ਦਿੱਤੀ ਕਿ ਦੇਸ਼ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਵੀ ਵਿਰੋਧ ਨਹੀਂ ਹੋਇਆ। ਪਰੰਤੂ ਜਦੋਂ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੀ ਤਾਂ ਸਿਪਾਹੀ ਭੜਕ ਉਠੇ ਅਤੇ ਮੁਲਤਾਨ ਦੀ ਛੋਟੀ ਜਿਹੀ ਬਗ਼ਾਵਤ ਨੇ ਪੂਰੀ ਬਗ਼ਾਵਤ ਦਾ ਰੂਪ ਧਾਰਨ ਕਰ ਲਿਆ। ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਫਿਰੰਗੀਆਂ ਨੇ ਦੋਸਤ ਕਹਿ ਕੇ ਸਵਰਗੀ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੀ ਰਾਖੀ ਵਿਚ ਲਏ ਬਾਲਕ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨਾਲ ਸਖਤੀਆਂ, ਧੱਕੇ, ਬੇਇਨਸਾਫੀ, ਬੁਰਾ ਵਰਤਾਉ ਅਤੇ ਜ਼ਲੀਲ ਕਰ ਕੇ ਧੋਖਾ ਅਤੇ ਦਗਾ ਕਮਾਇਆ ਹੈ। ਕਾਬਲ ਦੇ ਹਾਕਮ ਦੋਸਤ ਮੁਹੰਮਦ ਨੇ ਲਿਖਿਆ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋਂ-ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਖਾਸ ਕਰਕੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਕਰ ਦਿੱਤਾ ਗਿਆ ਹੈ ਅਤੇ ਉਸ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ ਹੈ। ਇਹੋ ਜਿਹੇ ਸਲੂਕ ਨੂੰ ਸਾਡੇ ਮਜ਼ਹਬਾਂ ਦੇ ਲੋਕ ਬਹੁਤ ਬੁਰਾ ਮੰਨਦੇ ਹਨ ਅਤੇ ਸਾਰੇ ਅਮੀਰ-ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।” ਐਡਵਿਨ ਆਰਨੋਲਡ ਲਿਖਦਾ ਹੈ, “ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਅਤੇ ਪਰਜਾ ਤੋਂ ਦੂਰ ਕਰਨ ਉੱਤੇ ਸਿੱਖਾਂ ਨੇ ਜਿਤਨਾ ਰੋਸ ਪ੍ਰਗਟ ਕੀਤਾ ਹੈ ਉਸ ਨਾਲੋਂ ਕਈ ਗੁਣਾ ਵੱਧ ਉਨ੍ਹਾਂ ਦੇ ਦਿਲਾਂ ਵਿਚ ਹੈ” ਇਸੇ ਤਰ੍ਹਾਂ ਈਵਾਨਜ ਬੈਲ ਇਕ ਥਾਂ ਲਿਖਦਾ ਹੈ, “ਮਹਾਰਾਣੀ ਨੂੰ ਕੈਦ ਕਰਨ ਤੇ ਦੇਸ਼-ਨਿਕਾਲਾ ਦੇਣ ਬਾਰੇ ਲਾਰਡ ਡਲਹੌਜ਼ੀ ਦਾ ਐਲਾਨ ਅਮਨ ਬਹਾਲ ਰੱਖਣ ਲਈ ਨਹੀਂ ਸਗੋਂ ਉਸ ਨੂੰ ਸਜ਼ਾ ਦੇ ਤੌਰ ’ਤੇ ਸੀ। ਮੇਰੇ ਖਿਆਲ ਵਿਚ ਇਹ ਐਲਾਨ ਨਾਵਾਜਬ, ਨਾ-ਮੁਨਾਸਬ ਤੇ ਬੇਇਨਸਾਫੀ ਵਾਲਾ ਸੀ। ਰਾਣੀ ਦਾ ਦੇਸ਼-ਨਿਕਾਲਾ ਉਨ੍ਹਾਂ ਸਭ ਲੋਕਾਂ ਦੀਆਂ ਨਜ਼ਰਾਂ ਵਿਚ, ਜਿਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ,” ਇਕ ਕੌਮੀ ਹੱਤਕ ਸੀ ਅਤੇ ਇਹ ਮਹਾਰਾਣੀ ਦੇ ਪੁੱਤਰ ਨੂੰ ਤਖ਼ਤ ਤੋਂ ਬੇਦਖਲ ਕਰਨ ਤੇ ਪੰਜਾਬ ਦਾ ਖ਼ਾਲਸਾ ਰਾਜ ਤਬਾਹ ਕਰਨ ਵੱਲ ਪਹਿਲਾ ਕਦਮ ਸੀ।”
ਹੁਣ ਮਹਾਰਾਣੀ ਜਿੰਦ ਕੌਰ ਬਨਾਰਸ ਵਿਚ ਕੈਦ ਕਰ ਦਿੱਤੀ ਗਈ। ਉਸ ਦੀ ਪੈਨਸ਼ਨ ਮੁੜ ਘਟਾ ਦਿੱਤੀ ਗਈ। ਹੁਣ ਇਹ ਇਕ ਹਜ਼ਾਰ ਰੁਪਏ ਮਾਹਵਾਰ ਥਾਂ 12 ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ ਗਈ। ਕਿਹਾ ਗਿਆ ਕਿ ਮਹਾਰਾਣੀ ਆਪਣੇ ਨਾਲ ਬਹੁਤ ਸਾਰੇ ਗਹਿਣੇ ਅਤੇ ਰੁਪਇਆ ਲੈ ਕੇ ਗਈ ਹੈ। ਬਨਾਰਸ ਵਿਚ ਮਹਾਰਾਣੀ ਦੀ ਨਿਗਰਾਨੀ ਲਈ ਮੈਕਗਰੇਗਰ ਅੰਗਰੇਜ਼ ਅਧਿਕਾਰੀ ਥਾਪਿਆ ਗਿਆ। 30 ਜੂਨ 1848 ਈ: ਨੂੰ ਰੈਜ਼ੀਡੈਂਟ ਨੇ ਮਹਾਰਾਣੀ ਜਿੰਦ ਕੌਰ ਮਗਰੋਂ ਚਿੱਠੀ ਲਿਖ ਕੇ ਕਿਹਾ ਕਿ ਮਹਾਰਾਣੀ ਪਾਸ ਅੰਗਰੇਜ਼ੀ ਸਰਕਾਰ ਵਿਰੁੱਧ “ਸਾਜ਼ਿਸ਼ ਰਚਾਉਣ ਬਾਰੇ ਕੁਝ ਚਿੱਠੀਆਂ ਨੇ, ਪਰ ਕੁਝ ਕਿਹਾ ਨਹੀਂ ਜਾ ਸਕਦਾ। ਜੇਕਰ ਇਹ ਸੱਚੀਆਂ ਹਨ ਤਾਂ ਮਹਾਰਾਣੀ ਇਕ ਘਿਰਣਾ ਭਰੀ ਸਾਜ਼ਿਸ਼ ਵਿਚ ਘਿਰੀ ਹੋਈ ਹੈ। ਇਨ੍ਹਾਂ ਚਿੱਠੀਆਂ ਦਾ ਬਹਾਨਾ ਬਣਾ ਕੇ ਗਵਰਨਰ ਜਰਨਲ ਡਲਹੌਜ਼ੀ ਨੇ ਮਹਾਰਾਣੀ ਨੂੰ ਸਜ਼ਾ ਦੇ ਦਿਤੀ। ਮਗਰੋਂ ਜਾ ਕੇ ਸਪੱਸ਼ਟ ਹੋਇਆ ਕਿ ਇਹ ਚਿੱਠੀਆਂ ਤਾਂ ਇਕ ਝੂਠਾ ਫਰਾਡ ਸੀ। ਡਲਹੌਜ਼ੀ ਦੇ ਹੁਕਮ ਅਨੁਸਾਰ 14 ਜੁਲਾਈ 1848 ਈ: ਨੂੰ ਮਹਾਰਾਣੀ ਦੇ ਗਹਿਣੇ (50 ਲੱਖ ਦੇ) ਅਤੇ ਦੋ ਲੱਖ ਨਕਦ ਖੋਹ ਲਿਆ ਗਿਆ। ਇਥੇ ਹੀ ਬਸ ਨਹੀਂ ਦੋ ਅੰਗਰੇਜ਼ ਮੇਮਾਂ ਐਲਨ ਅਤੇ ਸਵੈਨਲੀ ਵੱਲੋਂ ਮਹਾਰਾਣੀ ਜਿੰਦ ਕੌਰ ਅਤੇ ਉਸ ਦੀਆਂ ਨੌਕਰਾਣੀਆਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ। ਆਪਣੇ ਆਪ ਨੂੰ ਸੰਸਾਰ ਦੀ ਸਭ ਤੋਂ ਸਭਿਅਕ, ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ, ਇਨਸਾਫ-ਪਸੰਦ ਕਹਾਉਣ ਵਾਲੀ ਅੰਗਰੇਜ਼ ਕੌਮ ਦੁਨੀਆਂ ਦੀ ਸਭ ਤੋਂ ਨਿਰਦਈ, ਜ਼ਾਲਮ, ਧੱਕੜ ਅਤੇ ਜੰਗਲੀ ਹੋ ਨਿੱਬੜੀ। ਹੁਣ ਤਕ ਦੇ ਕੁਦਰਤ ਅਤੇ ਮਨੁੱਖੀ ਧੱਕਿਆਂ ਨੂੰ ਸਹਿਜ ਨਾਲ ਝੱਲਣ ਵਾਲੀ ਅਤੇ ਅੰਗਰੇਜ਼ ਅਧਿਕਾਰੀਆਂ ਦੀਆਂ ਅਪਮਨਾਜਨਕ ਚਿੱਠੀਆਂ ਦਾ ਬੜੀ ਦਲੇਰੀ ਅਤੇ ਦਲੀਲ ਨਾਲ ਉੱਤਰ ਦੇਣ ਵਾਲੀ ਉਹ ਪੰਜਾਬ ਦੀ ਸ਼ੇਰਨੀ ਮਹਾਰਾਣੀ ਬੇਪੱਤ ਹੋਣ ’ਤੇ ਫੁੱਟ-ਫੁੱਟ ਕੇ ਰੋ ਪਈ। ਮੈਕਗਰੇਗਰ ਲਿਖਦਾ ਹੈ ਕਿ ਮਹਾਰਾਣੀ ਪਾਸੋਂ 33 ਚਿੱਠੀਆਂ ਮਿਲੀਆਂ ਜਿਨ੍ਹਾਂ ਵਿਚ ਇਕ ਅੱਖਰ ਵੀ ਐਸਾ ਨਹੀਂ ਸੀ ਜਿਸ ਤੋਂ ਅੰਗਰੇਜ਼ ਵਿਰੁੱਧ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦੀ ਬੂ ਆਉਂਦੀ ਹੋਵੇ। ਐਪਰ ਕੈਦ ਹੋਰ ਵੀ ਸਖ਼ਤ ਕਰ ਦਿੱਤੀ ਗਈ। ਮੈਂ ਸਮਝਦਾ ਹਾਂ ਕਿ ਬੇਵੱਸ ਹੋਈ ਸਖਤ ਕੈਦ ਵਿਚ ਰਹਿੰਦੀ ਮਹਾਰਾਣੀ ਨੂੰ ਨੰਗਿਆਂ ਕਰ ਕੇ ਤਲਾਸ਼ੀ ਲੈਣ ਦੀ ਕਾਰਵਾਈ ਕਿਸੇ ਵੀ ਬਾ-ਇੱਜ਼ਤ, ਨੇਕ, ਸ਼ੇਰਦਿਲ ਔਰਤ, ਆਪਣੇ ਸਮੇਂ ਦੇ ਬਹੁਤ ਹੀ ਸ਼ਕਤੀਸ਼ਾਲੀ ਬਾਦਸ਼ਾਹ ਦੀ ਮਹਾਰਾਣੀ ਦਾ ਇਸਤਰੀਤੱਵ ਹੀ ਅਪਮਾਨਤ ਕਰ ਦਿੱਤਾ। ਇਹ ਖ਼ਾਲਸਾ ਪੰਥ ਅਤੇ ਪੰਜਾਬੀਆਂ ਦੀ ਕੌਮੀ ਹੱਤਕ ਸੀ। ਅਜਿਹੇ ਹਾਲਾਤਾਂ ਵਿਚ ਬੜੇ-ਬੜੇ ਜਵਾਂ ਮਰਦਾਂ ਦਾ ਸਬਰ ਅਤੇ ਸਿਦਕ ਡੋਲ ਜਾਂਦਾ ਹੈ।
ਅੰਤ ਨੂੰ ਮਹਾਰਾਣੀ ਨੇ ਬੜੀ ਦੀਰਘ ਸੋਚ-ਵਿਚਾਰ ਉਪਰੰਤ ਜੇਲ੍ਹ ਤੋਂ ਨਿਕਲ ਜਾਣ ਦਾ ਫੈਸਲਾ ਕਰ ਲਿਆ। ਜਿਸ ਸੂਝ-ਬੂਝ ਨਾਲ ਉਹ ਇਤਨੇ ਸਖਤ ਪਹਿਰੇ ਵਿੱਚੋਂ 18 ਅਪ੍ਰੈਲ 1848 ਈ. ਨੂੰ ਇਕ ਸੰਤਣੀ ਦਾ ਭੇਸ ਬਣਾ ਕੇ ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲੀ ਅਤੇ ਨਿਕਲਦੇ ਸਮੇਂ ਪਹਿਰੇਦਾਰ ਵੱਲੋਂ ਟੋਕੇ ਜਾਣ ਉੱਤੇ ਜਿਸ ਸਾਬਤ ਕਦਮੀ, ਦਲੇਰੀ ਅਤੇ ਠਰੰ੍ਹਮੇ ਨਾਲ ਜੁਆਬ ਦਿੱਤਾ ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਠੀਕ ਹੀ ਤਾਂ ਡਾ. ਹਰਚਰਨ ਸਿੰਘ ਪ੍ਰਸਿੱਧ ਨਾਟਕਕਾਰ ਮਹਾਰਾਣੀ ਜਿੰਦ ਕੌਰ ਨੂੰ ਇਕੋ ਇਕ ਮਰਦ ਲਿਖਦਾ ਹੈ। ਮਹਾਰਾਣੀ ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲ ਕੇ ਅਜ਼ਾਦ ਹੋ ਗਈ। ਪਰ ਜਾਣਾ ਕਿੱਥੇ ਹੈ ਇਸ ਬਾਰੇ ਕੋਈ ਪਤਾ ਨਹੀਂ। ਜੰਗਲਾਂ, ਬੇਲਿਆਂ, ਦਰਿਆਵਾਂ, ਨਦੀਆਂ ਅਤੇ ਨਾਲਿਆਂ ਨੂੰ ਪਾਰ ਕਰਦੀ ਅੰਤ ਨੂੰ ਮਹਾਰਾਣੀ ਨੇਪਾਲ ਜਾ ਅੱਪੜੀ।
ਜਿਸ ਨੇਪਾਲ ਨਰੇਸ਼ ਦੀਆਂ ਫੌਜਾਂ ਕੁਝ ਸਮਾਂ ਪਹਿਲਾਂ ਅੰਗਰੇਜ਼ੀ ਕਮਾਨ ਹੇਠ ਖ਼ਾਲਸਾ ਫੌਜਾਂ ਨਾਲ ਜੰਗ ਵਿਚ ਲੜੀਆਂ ਸਨ ਉਸੇ ਨੇਪਾਲ ਨਰੇਸ਼ ਰਾਣਾ ਜੰਗ ਬਹਾਦਰ ਦੇ ਦਰਬਾਰ ਵਿਚ ਮਹਾਰਾਣੀ ਪੁੱਜ ਗਈ। ਕੁਦਰਤ ਦੇ ਰੰਗ! ਮੋਤੀਆਂ ਦਾ ਦਾਨ ਕਰਨ ਵਾਲੀ ਪੰਜਾਬ ਦੇ ਲਾਹੌਰ ਦਰਬਾਰ ਦੀ ਮਾਲਕ ਨੇਪਾਲ ਨਰੇਸ਼ ਅੱਗੇ ਰੋਟੀ ਲਈ ਅਰਜ਼ ਕਰ ਰਹੀ ਹੈ।
ਨੇਪਾਲ ਨਰੇਸ਼ ਨੇ ਆਪਣਾ ਰਾਜ-ਧਰਮ ਨਿਭਾਉਂਦਿਆਂ ਮਹਾਰਾਣੀ ਜਿੰਦ ਕੌਰ ਨੂੰ ਆਪਣੇ ਰਾਜ ਵਿਚ ਰੱਖਣਾ ਮੰਨ ਲਿਆ ਅਤੇ ਉਸ ਦੇ ਗੁਜ਼ਾਰੇ ਲਈ ਸ਼ਾਹੀ ਖਜ਼ਾਨੇ ਵਿੱਚੋਂ ਵੀਹ ਹਜ਼ਾਰ ਰੁਪਇਆ ਸਾਲਾਨਾ ਭੱਤਾ ਵੀ ਮਨਜ਼ੂਰ ਕਰ ਦਿੱਤਾ ਅਤੇ ਮਹਾਰਾਣੀ ਨੂੰ ਕਾਠਮੰਡੂ ਵਿਚ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਹੇਠ ਕੈਦ ਕਰ ਦਿੱਤਾ। ਇਥੇ ਉਸ ਨੇ 12 ਸਾਲ ਕੈਦ ਵਿਚ ਗੁਜ਼ਾਰੇ। ਪੁੱਤਰ ਦੇ ਵਿਛੋੜੇ ਕਾਰਨ ਰੋ-ਰੋ ਕੇ ਮਹਾਰਾਣੀ ਦੀਆਂ ਅੱਖਾਂ ਦੀ ਜੋਤ ਮੱਧਮ ਪੈ ਗਈ।
ਲਾਰਡ ਡਲਹੌਜ਼ੀ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਸ ਮਹਾਰਾਣੀ ਤੋਂ ਸਖ਼ਤ ਪਹਿਰੇ ਦੀ ਕੈਦ ਵਿਚ ਹੁੰਦਿਆਂ ਹੋਇਆਂ ਵੀ ਉਹ ਕੰਬਦਾ ਸੀ ਕਿ ਕਿਧਰੇ ਮਹਾਰਾਣੀ ਮੁੜ ਫੌਜਾਂ ਜਥੇਬੰਦ ਕਰ ਕੇ ਆਪਣਾ ਰਾਜ ਦੁਬਾਰਾ ਨਾ ਸਾਂਭ ਲਵੇ ਹੁਣ ਉਹੀ ਮਹਾਰਾਣੀ ਦੇਸ ਪੰਜਾਬ ਤੋਂ ਦੂਰ ਕੈਦ ਸੀ। ਡਲਹੌਜ਼ੀ ਨੇ ਸੁਖ ਦਾ ਸਾਹ ਲਿਆ ਅਤੇ ਮਹਾਰਾਣੀ ਦੀ ਲਾਹੌਰ ਦਰਬਾਰ ਵਿੱਚੋਂ ਜਾਂਦੀ ਤੁੱਛ ਜਿਹੀ ਪੈਨਸ਼ਨ ਬੰਦ ਕਰ ਦਿੱਤੀ ਗਈ। ਡਲਹੌਜ਼ੀ ਲਿਖਦਾ ਹੈ, “ਜਿੰਦਾਂ ਚੁਨਾਰ ਵਿੱਚੋਂ ਨੱਸ ਗਈ ਹੈ। ਉਹ ਨੇਪਾਲ ਚਲੀ ਗਈ ਹੈ। ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਉਹਦੇ ਕੋਲ ਕੋਈ ਪੈਸਾ ਨਹੀਂ। ਉਹ ਹੁਣ ਸਾਡਾ ਕੁਝ ਨਹੀਂ ਵਿਗਾੜ ਸਕਦੀ। ਇਤਨੀ ਦਹਿਸ਼ਤ ਤੇ ਡਰ ਸੀ ਕੈਦ ਕੀਤੀ ਪੰਜਾਬ ਦੀ ਸ਼ੇਰਨੀ ਤੋਂ ਸ਼ਾਤਰ ਡਲਹੌਜ਼ੀ ਨੂੰ। ਮਹਾਰਾਣੀ ਨੂੰ ਖਬਰ ਮਿਲੀ ਕਿ ਉਸ ਦਾ ਲਾਡਲਾ ਪੁੱਤਰ ‘ਦਲੀਪ’ ਕਲਕੱਤੇ ਪੁੱਜਾ ਹੈ ਅਤੇ ਉਹ ਆਪਣੀ ਮਾਤਾ ਨੂੰ ਮਿਲਣਾ ਚਾਹੁੰਦਾ ਸੀ। ਤਾਂ ਉਹ ਮਹਾਰਾਣੀ ਜੋ ਹੁਣ ਅੱਖਾਂ ਤੋਂ ਬਿਲਕੁਲ ਅੰਨ੍ਹੀ ਹੋ ਚੁੱਕੀ ਸੀ ਕਲਕੱਤੇ ਜਾਣ ਲਈ ਝੱਟਪਟ ਤਿਆਰ ਹੋ ਗਈ। ਨੇਪਾਲ ਨਰੇਸ਼, ਜੋ ਹੁਣ ਮਹਾਰਾਣੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ, ਨੇ ਸ਼ਰਤ ਲਗਾ ਦਿੱਤੀ ਕਿ ਜੇਕਰ ਮਹਾਰਾਣੀ ਇਕ ਵਾਰ ਨੇਪਾਲ ਦੀ ਹੱਦ ਪਾਰ ਕਰ ਗਈ ਤਾਂ ਉਸ ਦਾ ਗੁਜ਼ਾਰਾ-ਭੱਤਾ ਬੰਦ ਕਰ ਦਿੱਤਾ ਜਾਵੇਗਾ। ਮਾਂ ਦੀ ਮਮਤਾ ਤਾਂ ਅਸੀਮ ਹੁੰਦੀ ਹੈ ਪਰੰਤੂ ਜਦੋਂ ਮਾਂ ਨੇ ਹੋਰ ਸਭ ਕੁਝ ਹੀ ਗੁਆ ਲਿਆ ਹੋਵੇ, ਬਸ ਕਾਲੇ ਬੱਦਲਾਂ ਵਿਚ ਰੋਸ਼ਨੀ ਦੀ ਇਕ ਕਿਰਨ ਉਸ ਦਾ ਪੁੱਤਰ ਹੀ ਰਹਿ ਗਿਆ ਹੋਵੇ ਤਾਂ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਅੰਤ ਸਾਢੇ ਤ੍ਹੇਰਾਂ ਵਰ੍ਹੇ ਬਾਅਦ ਮਾਂ-ਪੁੱਤ ਦਾ ਮਿਲਾਪ ਹੋ ਰਿਹਾ ਸੀ। ਚਿਰਾਂ ਤੋਂ ਵਿੱਛੜੇ ਦੁਖਿਆਰੇ ਮਾਂ-ਪੁੱਤ ਮਿਲੇ। ਦੋਹਾਂ ਦੇ ਨੇਤਰਾਂ ਵਿੱਚੋਂ ਝਰਨੇ ਦੀ ਤਰ੍ਹਾਂ ਜਲ ਵਗ ਰਿਹਾ ਸੀ। ਦਲੀਪ ਹੁਣ 22 ਵਰ੍ਹਿਆਂ ਦਾ ਸੀ ਪਰੰਤੂ ਮਾਂ ਦੇ ਮੋਢੇ ਨਾਲ ਲੱਗ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਇਹ ਮਹਾਰਾਜਾ ਸਲਵਾਨ ਦੀ ਧਰਮ ਪਤਨੀ ਮਾਂ ਇੱਛਰਾਂ ਅਤੇ ਪੁੱਤਰ ਪੂਰਨ ਦੇ ਮਿਲਾਪ ਨਾਲੋਂ ਵੀ ਵੱਧ ਦੁਖਦਾਇਕ ਸੀ ਕਿਉਂਕਿ ਉਸ ਸਮੇਂ ਪੂਰਨ ਦਾ ਪਿਤਾ ਅਤੇ ਰਾਣੀ ਇੱਛਰਾਂ ਦਾ ਪਤੀ ਮਹਾਰਾਜਾ ਸਲਵਾਨ ਜਿਉਂਦਾ ਸੀ ਅਤੇ ਆਪਣੇ ਰਾਜਭਾਗ ਦਾ ਪੂਰਾ ਮਾਲਕ ਸੀ। ਇਧਰ ਹਾਲਾਤ ਬਿਲਕੁਲ ਉਲਟ ਸਨ। ਮਾਤਾ ਨੂੰ ਜੋ ਸ਼ੰਕਾ ਸਤਾ ਰਿਹਾ ਸੀ ਆਖਰ ਉਸਨੂੰ ਦੂਰ ਕਰਨ ਹਿਤ ਮਹਾਰਾਣੀ ਨੇ ਦਲੀਪ ਦੇ ਸਿਰ ਉੱਤੇ ਹੱਥ ਫੇਰਿਆ। ਅੱਜ ਜਹਾਨ ਵਿਚੋਂ ਜਿੰਦ ਕੌਰ ਦਾ ਸਭ ਕੁਝ ਲੁੱਟਿਆ ਜਾ ਚੁੱਕਾ ਸੀ। ਉਸ ਦੇ ਸਤਿਗੁਰਾਂ ਦੀ ਅਮੋਲਕ ਨਿਸ਼ਾਨੀ ਗੁਰੂ ਕੀ ਮੋਹਰ ਕੇਸ ਦਲੀਪ ਦੇ ਸਿਰ ਉੱਤੇ ਨਹੀਂ ਸਨ। ਅਜੋਕੇ ਸਮੇਂ ਕੇਸ ਅਤੇ ਦਾੜ੍ਹੀ ਆਪ ਹੀ ਕਤਲ ਕਰਨ/ਕਰਾਉਣ ਵਾਲੇ ਅਤੇ ਇਸ ਪੱਖੋਂ ਅਵੇਸਲੀਆਂ ਹੋਈਆਂ ਮਾਵਾਂ ਸੋਚਣ ਕਿ ਗੁਰੂ ਕੀ ਮੋਹਰ ਦੀ ਕੀ ਅਹਿਮੀਅਤ ਹੈ। ਮਹਾਰਾਣੀ ਜਿੰਦਾਂ ਨੇ ਦਲੀਪ ਨੂੰ ਪਰ੍ਹੇ ਧੱਕ ਦਿੱਤਾ ਅਤੇ ਕਹਿ ਦਿੱਤਾ ਕਿ ਤੂੰ ਮੇਰਾ ਦਲੀਪ ਨਹੀਂ ਰਿਹਾ। ਧੰਨ ਗੁਰਸਿੱਖੀ! ਬਸ ਫੇਰ ਕੀ ਸੀ, ਦਲੀਪ ਮਾਂ ਦੇ ਚਰਨਾਂ ਉੱਤੇ ਡਿੱਗ ਕੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਉਸ ਨੇ ਆਪਣੀ ਕੰਬਦੀ ਜ਼ੁਬਾਨ ਨਾਲ ਮਾਂ ਨਾਲ ਇਉਂ ਬਚਨ ਕੀਤਾ ਜੋ ਅਜੋਕੇ ਪੁੱਤਰਾਂ, ਜਿਹੜੇ ਮਾਤਾ-ਪਿਤਾ ਤੋਂ ਨਿਰਮੋਹੇ ਅਤੇ ਲਾਪਰਵਾਹ ਹੋਏ ਹਨ ਅਤੇ ਉਨ੍ਹਾਂ ਦਾ ਅਪਮਾਨ ਅਤੇ ਨਿਰਾਦਰ ਕਰਦੇ ਹਨ, ਲਈ ਬੜਾ ਵੱਡਾ ਸਬਕ ਹੈ। ਦਲੀਪ ਬੋਲਿਆ, “ਮਾਂ! ਮੈਂ ਤੇਰੀ ਉਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਫੇਰ ਪਰਤਾ ਲਿਆਵਾਂਗਾ। ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ ਦੀ ਮੈਨੂੰ ਸਮਰੱਥਾ ਬਖਸ਼ਣ। ਅੰਤ ਮਾਤਾ ਦੀ ਆਗਿਆ ਅਨੁਸਾਰ 25 ਮਈ 1886 ਈ. ਨੂੰ ਦਲੀਪ ਨੇ ਫਿਰ ਅੰਮ੍ਰਿਤ ਛਕਿਆ ਅਤੇ ਦਲੀਪ ਸਤਿਗੁਰਾਂ ਦਾ ਲਾਡਲਾ ਸਿੰਘ ਸਜ ਗਿਆ।
ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਨਾਲ ਰਹਿਣਾ ਚਾਹੁੰਦੇ ਸਨ। ਉਸ ਨੇ ਸਰਕਾਰ ਅੰਗਰੇਜ਼ੀ ਨੂੰ ਲਿਖਿਆ ਕਿ ਕਲਕੱਤੇ ਤੋਂ ਬਾਹਰ ਉਸ ਦੀ ਮਾਤਾ ਲਈ ਮਕਾਨ ਤਿਆਰ ਕੀਤਾ ਜਾਵੇ ਅਤੇ ਉਸਦੇ ਗਹਿਣੇ ਅਤੇ ਗੁਜ਼ਾਰਾ-ਭੱਤਾ ਦਿੱਤਾ ਜਾਵੇ। ਸਰਕਾਰ ਨੂੰ ਅਜੇ ਵੀ ਡਰ ਸੀ ਕਿ ਜੇਕਰ ਮਹਾਰਾਣੀ ਜਿੰਦ ਕੌਰ ਹਿੰਦੁਸਤਾਨ ਵਿਚ ਰਹਿੰਦੀ ਹੈ ਤਾਂ ਕਦੇ ਵੀ ਆਪਣਾ ਪੰਜਾਬ ਦਾ ਰਾਜ ਖੋਹ ਸਕਦੀ ਹੈ।ਇਸ ਡਰ ਦੇ ਮਾਰੇ ਅੰਗਰੇਜ਼ ਨੇ ਇਹ ਗੱਲ ਨਾ ਮੰਨੀ। ਗੁਜ਼ਾਰਾ-ਭੱਤੇ ਲਈ ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ 2 ਹਜ਼ਾਰ ਰੁਪੈ ਅਤੇ ਵੱਧ ਤੋਂ ਵੱਧ 5 ਹਜ਼ਾਰ ਰੁਪੈ ਸਾਲਾਨਾ ਭੱਤਾ ਦਿੱਤਾ ਜਾ ਸਕਦਾ ਹੈ ਉਹ ਵੀ ਜੇਕਰ ਮਹਾਰਾਣੀ ਦੇਸ਼ ਤੋਂ ਬਾਹਰ ਰਹਿਣਾ ਮੰਨੇ। ਅੰਗਰੇਜ਼ ਦੀ ਇਹ ਅਪਮਾਨਜਨਕ ਤਜਵੀਜ਼ ਠੁਕਰਾ ਦਿੱਤੀ ਗਈ। ਹੁਣ ਮਹਾਰਾਣੀ ਦੀ ਸਿਹਤ ਬਿਲਕੁਲ ਕਮਜ਼ੋਰ ਹੋ ਗਈ ਸੀ ਅਤੇ ਅੱਜ ਆਪਣੇ ਸਮੇਂ ਦੀ ਦੁਨੀਆਂ ਦੀ ਅਤਿ ਸੁੰਦਰ ਤੇ ਜੁਆਨ ਉਹ ਔਰਤ ਸਮੇਂ ਤੋਂ ਬਹੁਤ ਸਮਾਂ ਪਹਿਲਾਂ ਹੀ ਬੁਢੇਪੇ ਦੀ ਸ਼ਿਕਾਰ ਹੋ ਗਈ ਸੀ। ਉਧਰ ਅੰਗਰੇਜ਼ੀ ਸਰਕਾਰ ਦੇ ਅਧਿਕਾਰੀ ਮਾਂ-ਪੁੱਤ ਦੇ ਮੇਲ ਤੋਂ ਦੁਖੀ ਸਨ। ਉਹ ਚਾਹੁੰਦੇ ਸਨ ਕਿ ਇਹ ਦੋਵੇਂ ਵੱਖਰੇ-ਵੱਖਰੇ ਹੋਣ ਪਰੰਤੂ ਰਹਿਣ ਹਿੰਦੁਸਤਾਨ ਤੋਂ ਬਾਹਰ। ਉਨ੍ਹਾਂ ਇਸ ਮਾਂ-ਪੁੱਤ ਦੇ ਮਿਲਾਪ ਵਿੱਚੋਂ ਵੀ ਸਰਕਾਰ ਅੰਗਰੇਜ਼ੀ ਵਿਰੁੱਧ ਬਗ਼ਾਵਤ ਦੀ ਬੂ ਆਉਂਦੀ ਸੀ। ਹਨੇਰ ਸਾਈਂ ਦਾ!
ਅੰਤ ਉਹ ਸਮਾਂ ਆ ਗਿਆ ਜਿਸ ਦੀ ਉਡੀਕ ਹੁਣ ਮਹਾਰਾਣੀ ਬੜੀ ਸ਼ਿੱਦਤ ਨਾਲ ਕਰ ਰਹੀ ਸੀ। ਮਹਾਰਾਣੀ ਆਖਰੀ ਸਾਹਾਂ ਉੱਤੇ ਲੇਟੀ ਹੋਈ ਸੀ ਅਤੇ ਦਲੀਪ ਮਾਂ ਉੱਤੇ ਲੇਟਿਆ ਬੱਚਿਆਂ ਵਾਂਗ ਰੋ ਰਿਹਾ ਸੀ। ਮਰਨ ਤੋਂ ਪਹਿਲਾਂ ਜਿੰਦ ਕੌਰ ਨੇ ਆਪਣੀ ਸਾਰੀ ਸ਼ਕਤੀ ਇਕੱਠੀ ਕਰ ਕੇ ਕਿਹਾ ਕਿ ਦਲੀਪ! ਤੂੰ ਨਹੀਂ ਜਾਣਦਾ ਕਿ ਤੇਰੇ ਬਾਰੇ ਮੇਰੇ ਮਨ ਵਿਚ ਕਿੰਨੀਆਂ ਰੀਝਾਂ ਹਨ। ਪਰ ਹੁਣ ਸਮਾਂ ਨਹੀਂ ਹੈ। ਤੂੰ ਮੇਰੀ ਇਕ ਅਰਦਾਸ ਜ਼ਰੂਰ ਮੰਨ ਲਈਂ ਕਿ ਮੇਰੀ ਅਰਥੀ ਇਹ ਪੰਜ ਸੇਰ ਮਿੱਟੀ ਪੰਜਾਬ ਦੀ ਅਮਾਨਤ ਹੈ, ਇਸ ਨੂੰ ਓਪਰੀ ਮਿੱਟੀ ਵਿਚ ਨਾ ਮਿਲਣ ਦੇਈਂ। ਜਦ ਮੇਰੇ ਸਵਾਸ ਪੂਰੇ ਹੋ ਜਾਣ ਮੇਰੀ ਲੋਥ ਨੂੰ ਇਥੋਂ ਚੁੱਕ ਲਈਂ,ਪੰਜਾਬ ਖਾਸ ਕਰਕੇ ਲਾਹੌਰ ਵਿਚ ਪਹੁੰਚ ਜਾਈਂ ਤੇ ਮੇਰਾ ਇਹ ਸਿਰ ਮੇਰੇ ਸਿਰਤਾਜ ਸ਼ੇਰ-ਏ-ਪੰਜਾਬ ਦੇ ਚਰਨਾਂ ’ਤੇ ਰੱਖ ਦੇਵੀਂ। ਉਸ ਵੇਲੇ ਮੇਰੀ ਰੂਹ ਬੱਦਲ ਬਣ ਕੇ ਅਸਮਾਨ ਉੱਤੇ ਛਾ ਰਹੀ ਹੋਵੇਗੀ ਅਤੇ ਮੇਰੀਆਂ ਰੀਝਾਂ ਬਣ ਕੇ ਸ਼ੇਰੇ-ਪੰਜਾਬ ਦੀ ਸਮਾਧ ’ਤੇ ਵਰਸ ਰਹੀਆਂ ਹੋਣਗੀਆਂ। ਇਕ ਗੱਲ ਹੋਰ ਚੇਤੇ ਰੱਖੀਂ। ਮੈਂ ਵੇਖਿਆ ਹੈ ਕਿ ਮਰਨ ਪਿੱਛੋਂ ਮਿਰਤਕ ਦੀਆਂ ਅੱਖਾਂ ਬੰਦ ਕਰ ਦੇਂਦੇ ਹਨ ਅਤੇ ਉਸ ਦੇ ਨੈਣਾਂ ਵਿਚ ਆਏ ਹੋਏ ਦੋ ਹੰਝੂ ਜੀਵਨ ਦੀ ਆਖਰੀ ਨਿਸ਼ਾਨੀ ਧਰਤੀ ’ਤੇ ਢਹਿ ਕੇ ਮਿਟ ਜਾਇਆ ਕਰਦੇ ਨੇ। ਪਰ ਮੇਰੇ ਨਾਲ ਇਹ ਅਨਰਥ ਨਾ ਕਰੀਂ। ਮਤਾਂ ਮੇਰੇ ਮੋਈ ਦੇ ਹੰਝੂ ਬਿਗਾਨਿਆਂ ਦੀ ਧਰਤੀ ’ਤੇ ਢਹਿ ਕੇ ਉਸ ਨਿਰਦਈ ਅੰਗਰੇਜ਼ ਸਰਕਾਰ ਅੱਗੇ ਫਰਿਆਦ ਕਰਦੇ ਹੋਣ, ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ। ਇਹ ਮੇਰੀ ਆਖਰੀ ਭੇਟਾ ਮੇਰੇ ਮਹਾਰਾਜ ਵਾਸਤੇ ਲੈ ਜਾਈਂ।” ਆਪਣੀ ਮਿੱਟੀ, ਆਪਣੇ ਦੇਸ ਅਤੇ ਆਪਣੇ ਲੋਕਾਂ ਨਾਲ ਐਸਾ ਸਨੇਹ, ਲਗਾਉ ਅਤੇ ਪਿਆਰ! ਆਪਣੇ ਪਤੀ ਪ੍ਰਤੀ ਐਸੀ ਵਫ਼ਾਦਾਰੀ ਅਤੇ ਮਰਨ ਉਪਰੰਤ ਵੀ ਮੁਕੰਮਲ ਸਮਰਪਣ! ਮਹਾਰਾਣੀ ਦਾ ਇਹ ਆਦਰਸ਼ਕ ਵਿਹਾਰ ਅਤੇ ਦੇਸ਼ ਪਿਆਰ ਦੀ ਲਾਜਵਾਬ ਮਿਸਾਲ ਉਨ੍ਹਾਂ ਲੋਕਾਂ ਦੇ ਕਾਲੇ ਮੂੰਹ ਉੱਤੇ ਟੁੱਟੇ ਛਿੱਤਰ ਦੀ ਚਪੇਟ ਸੀ ਜਿਹੜੇ ਮਹਾਰਾਣੀ ਉੱਤੇ ਅੰਗਰੇਜ਼ ਨਾਲ ਰਲ ਜਾਣ ਅਤੇ ਲਾਹੌਰ ਦਰਬਾਰ ਨੂੰ ਵੇਚਣ ਦੀਆਂ ਝੂਠੀਆਂ ਤੇ ਨਿਰਾਧਾਰ ਨਿਰਮੂਲ ਤੁਹਮਤਾਂ ਲਾਉਂਦੇ ਸਨ। ਉਹ ਅੰਗਰੇਜ਼ ਦੇ ਟੋਡੀ ਅਤੇ ਦੇਸ਼ ਪੰਜਾਬ ਦੇ ਗੱਦਾਰ ਹੀ ਸਨ। 1 ਅਗਸਤ 1863 ਈ. ਨੂੰ ਇਸ ਪੰਜਾਬ ਦੀ ਸ਼ੇਰਨੀ ਦਾ ਅੰਤ ਕੈਨਿਸਿੰਗਟਨ ਵਿਚ ਐਡਿੰਗਡਨ ਹਾਊਸ ਵਿਚ ਹੋ ਗਿਆ। ਜਿੰਦਾਂ ਦੀ ਦੁਖੀ ਜ਼ਿੰਦਗੀ ਦਾ ਅੰਤ ਹੋ ਗਿਆ। ਪਰੰਤੂ ਉਸ ਦੀ ਲੋਥ ਲੰਮਾ ਸਮਾਂ ਸਸਕਾਰ ਲਈ ਉਡੀਕਦੀ ਰਹੀ। ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਸਾਹਿਬ ਨੇ ਆਪਣੀ ਮਾਂ ਦਾ ਸਸਕਾਰ ਪੰਜਾਬ ਵਿਚ ਕਰਨ ਦੀ ਆਗਿਆ ਮੰਗੀ। ਅਜ਼ਾਦੀ ਦੀ ਕਦਰ ਨਾ ਪਾਉਣ ਵਾਲਿਓ! ਇਹ ਗੁਲਾਮੀ ਦੀ ਸਿਖਰ ਸੀ ਕਿ ਮੁਰਦਾ ਲੋਥ ਦਾ ਸਸਕਾਰ ਕਰਨ ਦੀ ਵੀ ਆਗਿਆ ਮੰਗਣੀ ਪਈ ਤੇ ਉਹ ਵੀ ਬੜੀ ਬੇਸ਼ਰਮੀ ਨਾਲ ਅੰਗਰੇਜ਼ ਦੇ ਵੱਲੋਂ ਅਪ੍ਰਵਾਨ ਕਰ ਦਿੱਤੀ ਗਈ। ਅੰਤ ਛੇ ਮਹੀਨੇ ਬਾਅਦ ਇਹ ਆਗਿਆ ਹੋਈ ਕਿ ਦਲੀਪ ਆਪਣੀ ਮਾਤਾ ਦਾ ਸਸਕਾਰ ਹਿੰਦੁਸਤਾਨ ਵਿਚ ਬੰਬਈ ਦੇ ਨੇੜੇ ਕਿਤੇ ਕਰ ਸਕਦਾ ਹੈ। ਬੰਬਈ ਜਿੰਦਾਂ ਦਾ ਦੇਸ਼ ਨਹੀਂ ਸੀ। ਸਤਲੁਜ ਪਾਰੋਂ ਤਾਂ ਹਿੰਦੁਸਤਾਨ ਫੌਜਾਂ ਅੰਗਰੇਜ਼ ਦੀ ਕਮਾਨ ਹੇਠ ਖ਼ਾਲਸਾ ਫੌਜਾਂ ਨਾਲ ਲੜਦੀਆਂ ਰਹੀਆਂ ਸਨ। ਉਹ ਲੋਕ ਤਾਂ ਅੰਗਰੇਜ਼ ਦੀ ਕਮਾਨ ਹੇਠ ਲੜ ਕੇ ਉਸ ਦੇ ਪਿਆਰੇ ਪੰਜਾਬ ਨੂੰ ਗੁਲਾਮ ਅਤੇ ਉਨ੍ਹਾਂ ਮਾਂ-ਪੁੱਤ ਨੂੰ ਅਨਾਥ ਬਣਾਉਣ ਲਈ ਜ਼ਿੰਮੇਵਾਰ ਸਨ। ਪਰੰਤੂ ਗੁਲਾਮਾਂ ਦੇ ਕੋਈ ਹੱਕ ਨਹੀਂ ਹੁੰਦੇ। ਅੰਤ ਮਹਾਰਾਜਾ 1864 ਈ. ਵਿਚ ਮਹਾਰਾਣੀ ਦੀ ਲੋਥ ਨੂੰ ਲੈ ਕੇ ਨਰਬਦਾ ਦੇ ਕੰਢੇ ਪੁੱਜਾ ਜਿੱਥੇ ਨਾਸਿਕ ਨੇੜੇ ਉਸ ਦੀ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਪਰੰਤੂ ਅਫਸੋਸ! ਮਹਾਰਾਣੀ ਦੀ ਇੱਛਾ ਪੂਰੀ ਨਾ ਹੋ ਸਕੀ। ਸਿਵਾ ਠੰਡਾ ਹੋ ਗਿਆ ਅਤੇ ਮਹਾਰਾਜਾ ਉਸ ਦੀ ਵਿਭੂਤੀ ਦਰਿਆ ਨਰਬਦਾ ਦੇ ਅਰਪਣ ਕਰ ਕੇ ਵਾਪਸ ਮੁੜ ਗਿਆ। ਪਿੱਛੋਂ ਜਾ ਕੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸ਼ਹਿਜਾਦੀ ਬੰਬਾ ਦਲੀਪ ਸਿੰਘ ਨੇ 27 ਮਾਰਚ 1920 ਈ. ਨੂੰ ਨਾਸਕ ਤੋਂ ਭਸਮ ਲਾਹੌਰ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਲਾਗੇ ਅਸਥਾਪਣ ਕਰ ਦਿੱਤੀ। ਇਹ ਦੁਖੀਏ ਮਾਂ-ਪੁੱਤ ਸਦਾ ਲਈ ਵਿੱਛੜ ਗਏ। ਐਸੀ ਮਾਂ ਕਿ ਅੰਗਰੇਜ਼ ਵੱਲੋਂ ਬੜੀ ਸਾਜ਼ਿਸ਼ ਪਰੰਤੂ ਕਰੜੀ ਮਿਹਨਤ ਦੁਆਰਾ ਈਸਾਈ ਬਣਾਏ ਦਲੀਪ ਨੂੰ ਮਾਂ ਨੇ ਵੰਗਾਰਿਆ ਤਾਂ ਝੱਟਪਟ ਉਸ ਅੰਦਰ ਲੁਕੀ ਸਿੱਖੀ ਜਾਗ ਪਈ। ਇਸ ਬਾਰੇ ਲੇਡੀ ਲਾਗਨ ਨੇ ਇਉਂ ਲਿਖਿਆ ਹੈ, “ਮਹਾਰਾਣੀ ਜਿੰਦਾਂ ਨੇ ਕੁਝ ਚਿਰ ਵਿਚ ਹੀ ਮਹਾਰਾਜੇ ਦੀ ਅੰਗਰੇਜ਼ੀ ਪਰਵਰਸ਼ ਤੇ ਈਸਾਈ ਵਾਤਾਵਰਨ ਉੱਤੇ ਹੂੰਝਾ ਫੇਰ ਦਿੱਤਾ।” ਮਹਾਰਾਣੀ ਦੀ ਦਲੇਰੀ ਬਾਰੇ ਲਾਰਡ ਐਲਨਬਰੋ ਨੇ ਨਵੰਬਰ 20, 1863 ਈ. ਨੂੰ ਡਿਊਕ ਆਫ਼ ਵਲਿੰਗਟਨ ਨੂੰ ਲਿਖਿਆ ਸੀ।” ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੀ ਰੱਖਣ ਵਾਲੀ ਔਰਤ ਹੈ। ਲਾਹੌਰ ਦਰਬਾਰ ’ਤੇ ਨਜ਼ਰ ਮਾਰਿਆਂ ਕੇਵਲ ਉਹ ਹੀ ਬਹਾਦਰ ਵਿਅਕਤੀ ਦੇਖੀ ਹੈ। ਲਾਰਡ ਡਲਹੌਜ਼ੀ ਨੇ 1 ਜਨਵਰੀ 1846 ਈ. ਨੂੰ ਇਹ ਲਿਖਿਆ ਕਿ ਮਹਾਰਾਣੀ ਜਿੰਦ ਕੌਰ ਇੱਕੋ ਐਸੀ ਵਿਅਕਤੀ ਹੈ ਜਿਸ ਵਿਚ ਤਿੱਖੀ ਡੂੰਘੀ ਸੂਝ ਹੈ। ਉਸ ਨੂੰ ਪੰਜਾਬ ਵਿਚ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ, ਸੋ ਪੰਜਾਬੋਂ ਦੂਰ ਹੀ ਰੱਖੀ ਜਾਵੇ। ਕੁਝ ਸਮੇਂ ਬਾਅਦ ਲੇਡੀ ਲਾਗਨ ਦੀ ਕੈਂਸਰ ਨਾਲ ਮੌਤ ਹੋ ਗਈ ਉਸਦਾ ਪਤੀ ਲਾਰਡ ਲਾਗਨ ਆਪਣੀ ਪੁਸਤਕ ਵਿਚ ਲਿਖਦਾ ਹੈ ਕਿ “ਦਫ਼ਤਰੋਂ ਘਰ ਆਉਣ ਸਮੇਂ ਮੇਰੇ ਮਾਂ-ਮਹਿੱਟਰ ਬੱਚੇ ਸਹਿਮੀਆਂ ਨਜ਼ਰਾਂ ਨਾਲ ਜਦ ਮੇਰੇ ਵੱਲ ਤੱਕਦੇ ਸਨ ਤਾਂ ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਕੰਵਰ ਦਲੀਪ ਸਿੰਘ ਦਿਖਾਈ ਦਿੰਦਾ ਹੈ। ਜਿਸਨੂੰ ਮੈਂ ਉਸਦੀ ਜਿਉਂਦੀ ਮਾਂ ਨਾਲੋਂ ਵਿਛੋੜਿਆ ਸੀ।… ਮੈਂ ਸੋਚਦਾ ਹਾਂ ਕਿ ਮੇਰੇ ਕੀਤੇ ਦੀ ਮੈਨੂੰ ਘੱਟ ਸਜ਼ਾ ਦਿੱਤੀ ਹੈ।” ਇਸ ਤਰ੍ਹਾਂ ਮਹਾਰਾਣੀ ਜਿੰਦ ਕੌਰ ਮਰ ਕੇ ਵੀ ਅਜਿੱਤ ਰਹੀ ਪਰੰਤੂ ਉਸਨੂੰ ਤਬਾਹ ਕਰਨ ਵਾਲੇ ਦੁਨਿਆਵੀ ਤੌਰ ਉੱਤੇ ਜਿੱਤ ਕੇ ਵੀ ਨੈਤਿਕ ਤੌਰ ਉੱਤੇ ਹਾਰ ਗਏ।
ਅਫ਼ਸੋਸ! ਅਤਿ ਦੁਖਦਾਇਕ! ਅਸੀਂ ਪੰਥ ਤੇ ਪੰਜਾਬ ਦੇ ਵਾਰਸ ਕਹਾਉਣ ਵਾਲਿਆਂ ਨੇ ਉਸ ਨੂੰ ਅਣਗੌਲਿਆਂ ਕਰ ਕੇ ਆਪਣੀਆਂ ਯਾਦਾਂ ਵਿੱਚੋਂ ਹੀ ਕੱਢ ਦਿੱਤਾ ਹੈ। ਇਕ ਆਗਿਆਕਾਰੀ ਪੁੱਤਰੀ, ਵਫ਼ਾਦਾਰ ਅਤੇ ਸਮਰਪਿਤ ਪਤਨੀ, ਨਮੂਨੇ ਦੀ ਮਾਤਾ, ਨਿਪੁੰਨ ਰਾਜਨੀਤੀਵਾਨ, ਸਹਿਨਸ਼ੀਲਤਾ ਦੀ ਮੂਰਤ, ਆਪਣੀ ਧਰਤੀ ਤੇ ਦੇਸ਼ ਪੰਜਾਬ ਲਈ ਅਟੁੱਟ ਅਤੇ ਅਮੁੱਕ ਮੋਹ ਰੱਖਣ ਵਾਲੀ, ਆਪਣੇ ਸਤਿਗੁਰਾਂ ਪ੍ਰਤੀ ਅਡਿੱਗ ਅਤੇ ਅਸੀਮ ਸ਼ਰਧਾ, ਵਿਸ਼ਵਾਸ ਅਤੇ ਸਤਿਕਾਰ ਰੱਖਣ ਵਾਲੀ ਉੱਚੇ ਮਿਸਾਲੀ ਆਚਰਨ ਵਾਲੀ ਪੰਜਾਬ ਦੀ ਸ਼ੇਰਨੀ ਜਿੰਦਾਂ ਹਰ ਖੇਤਰ ਵਿਚ ਸਾਡੇ ਲਈ ਪ੍ਰੇਰਨਾ-ਸ੍ਰੋਤ ਹੈ। ਪਹਿਲਾਂ ਭਰ ਜੁਆਨੀ ਵਿਚ ਸਮਾਜ ਅਤੇ ਕੁਦਰਤ ਦਾ ਕਹਿਰ, ਫਿਰ ਆਪਣਿਆਂ ਦੀਆਂ ਝੂਠੀਆਂ ਅਤੇ ਮਨਘੜਤ ਨਿਰਮੂਲ ਤੁਹਮਤਾਂ, ਬਿਗਾਨਿਆਂ ਨਾਲ ਰਲ ਕੇ ਆਪਣਿਆਂ ਵੱਲੋਂ ਕੀਤੀਆਂ ਗਈਆਂ ਕੋਹਝੀਆਂ ਅਤੇ ਘਿਨਾਉਣੀਆਂ ਸਾਜ਼ਿਸ਼ਾਂ, ਦਾ ਸ਼ਿਕਾਰ ਹੋਈ ਸ਼ੇਰਨੀ ਪੰਜਾਬ ਦੀ ਸਾਡੇ ਪਾਸੋਂ ਪੂਰੇ ਮਾਣ, ਸਤਿਕਾਰ, ਸ਼ਰਧਾ ਅਤੇ ਪੂਰੇ ਅਦਬ ਦੀ ਹੱਕਦਾਰ ਹੈ। ਉਹ ਸਾਡਾ ਮਾਣ ਹੈ। ਸਾਡੀ ਸ਼ਾਨ ਹੈ, ਸਾਡਾ ਗੌਰਵ ਹੈ, ਸਾਡੀ ਪੰਜਾਬੀ ਅਣਖ ਅਤੇ ਦੇਸ਼-ਭਗਤੀ ਦਾ ਨਾਂ ਮਿਟਣ ਵਾਲਾ ਰੌਸ਼ਨ ਚਿੰਨ੍ਹ ਹੈ। ਆਓ! ਆਪਣੀ ਮਹਾਨ ਵਿਰਾਸਤ ਨੂੰ ਜਾਣੀਏ, ਸਾਂਭੀਏ ਅਤੇ ਉਸ ਉੱਤੇ ਮਾਣ ਕਰਨਾ ਸਿੱਖੀਏ। ਮਹਾਰਾਣੀ ਜਿੰਦ ਕੌਰ ਨਿਰਸੰਦੇਹ ਮਹਾਨ ਸੀ ਅਤੇ ਹਮੇਸ਼ਾਂ-ਹਮੇਸ਼ਾਂ ਲਈ ਸਾਡੇ ਲਈ ਪ੍ਰੇਰਨਾ-ਸ੍ਰੋਤ ਰਹੇਗੀ। ਉਸ ਦਾ ਕਠਿਨਾਈਆਂ ਭਰਪੂਰ ਜੀਵਨ ਹਰ ਪੱਖੋਂ ਸਾਡੇ ਲਈ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008