ਪਰਮਾਤਮਾ ਦੁਆਰਾ ਸਾਜੀ ਹੋਈ ਸ੍ਰਿਸ਼ਟੀ ਵਿਚ ਅਨੇਕਾਂ ਜੂਨੀਆਂ ਹਨ। ਇਨ੍ਹਾਂ ਸਭ ਜੂਨੀਆਂ ਵਿੱਚੋਂ ਮਨੁੱਖ ਨੂੰ ਹੀ ਸਰਦਾਰੀ ਪ੍ਰਾਪਤ ਹੈ। ਦੂਸਰੀਆਂ ਜੂਨਾਂ ਦੇ ਜੀਵ ਮਨੁੱਖ ਦੇ ਪਾਣੀਹਾਰ ਹਨ:
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)
ਚੁਰਾਸੀ ਲੱਖ ਜੂਨਾਂ ਵਿਚ ਭਟਕਣ ਤੋਂ ਬਾਅਦ ਮਨੁੱਖਾ-ਜਨਮ ਪ੍ਰਾਪਤ ਹੁੰਦਾ ਹੈ:
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ॥ (ਪੰਨਾ 50)
ਮਨੁੱਖਾ ਦੇਹੀ ਰਾਹੀਂ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਵੱਡੇ ਭਾਗਾਂ ਨਾਲ ਹੀ ਮਨੁੱਖਾ-ਦੇਹੀ ਪ੍ਰਾਪਤ ਹੁੰਦੀ ਹੈ। ਸਿਰਜਣਹਾਰ ਪਰਮਾਤਮਾ ਜਿਸ ਤੋਂ ਮਨੁੱਖ ਵਿਛੜਿਆ ਹੋਇਆ ਹੈ, ਨਾਲ ਮਿਲਣ ਦਾ ਇਹੀ ਮੌਕਾ ਹੈ। ਹੋਰ ਕਾਜ ਕੰਮ ਨਹੀਂ ਆਉਣੇ। ਸਾਧਸੰਗਤ ਵਿਚ ਮਿਲ ਕੇ ਕੇਵਲ ਉਸ ਪ੍ਰਭੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਸਾਧਸੰਗਤ ਇਸ ਸੰਸਾਰ ਸਮੁੰਦਰ ਤੋਂ ਤਰਨ ਲਈ ਵਧੀਆ ਸਾਧਨ ਹੈ ਕਿਉਂਕਿ ਇਹ ਕੀਮਤੀ ਮਨੁੱਖਾ-ਜਨਮ ਮਾਇਆ ਦੇ ਰੰਗਾਂ ਵਿਚ ਰੰਗਿਆ ਹੋਇਆ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ (ਪੰਨਾ 12)
ਬਹੁਤ ਹੀ ਵੱਡੇ ਭਾਗਾਂ ਨਾਲ ਉੱਤਮ ਮਨੁੱਖਾ-ਜਨਮ ਪ੍ਰਾਪਤ ਹੁੰਦਾ ਹੈ। ਇਸ ਤੋਂ ਪਹਿਲਾਂ ਇਸ ਨੇ ਅਨੇਕਾਂ ਨਖਿੱਧ ਜੂਨਾਂ ਦਾ ਭ੍ਰਮਣ ਕੀਤਾ ਹੈ। ਕਈ ਜਨਮ ਛੋਟੇ-ਛੋਟੇ ਕੀੜੇ ਪਤੰਗੇ ਹੋਇਆਂ, ਕਈ ਜਨਮ ਵੱਡੇ ਆਕਾਰ ਵਾਲੇ ਹਾਥੀ, ਮੱਛ ਆਦਿਕ ਅਤੇ ਕਈ ਜਨਮ ਜੰਗਲ ਦੇ ਮ੍ਰਿਗ ਆਦਿ ਜੂਨਾਂ ਭੋਗੀਆਂ। ਕਈ ਜਨਮ ਅਕਾਸ਼ ਵਿਚ ਉੱਡਣ ਵਾਲੇ ਪੰਛੀ ਅਤੇ ਕਈ ਜਨਮ ਧਰਤੀ ’ਤੇ ਢਿੱਡ ਘਸਾ ਕੇ ਰਿੜ੍ਹਨ ਵਾਲੇ ਸੱਪ ਆਦਿਕ ਜੂਨਾਂ ਵਿੱਚੋਂ ਲੰਘਿਆ ਅਤੇ ਕਈ ਜਨਮ ਪਹਾੜ ਜਿਨ੍ਹਾਂ ਦੀ ਉਮਰ ਲੱਖਾਂ ਸਾਲ ਹੁੰਦੀ ਹੈ। ਕਈ ਜਨਮ ਬ੍ਰਿਛ ਆਦਿਕ ਜੂਨਾਂ ਵਿਚ ਗਿਆ। ਇਸ ਪ੍ਰਕਾਰ ਉਪਰੋਕਤ ਜੂਨਾਂ ਵਿੱਚੋਂ ਚੱਕਰ ਕੱਟਦੇ ਨੂੰ ਬਹੁਤ ਲੰਮਾ ਸਮਾਂ ਯਾਨੀ ਅਨੇਕਾਂ ਯੁੱਗ ਬੀਤ ਗਏ:
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥ (ਪੰਨਾ 176)
ਬਹੁਤ ਯੁੱਗ ਬੀਤ ਜਾਣ ਤੋਂ ਬਾਅਦ ਇਸ ਜੀਵ ਨੂੰ ਅਮੋਲਕ ਮਨੁੱਖਾ-ਦੇਹੀ ਪ੍ਰਾਪਤ ਹੋਈ ਜਿਸ ਦਾ ਮੁੱਖ ਨਿਸ਼ਾਨਾ ਕੇਵਲ ਤੇ ਕੇਵਲ ਪ੍ਰਭੂ ਪ੍ਰਾਪਤੀ ਹੈ:
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥ (ਪੰਨਾ 631)
ਗੁਰਬਾਣੀ ਮਨੁੱਖ ਨੂੰ ਆਦਰਸ਼ਕ ਜੀਵਨ ਜੀਉਣ ਦੀ ਜਾਚ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਰਾਗ ਆਸਾ ਮਹਲਾ 1 ਪਟੀ ਲਿਖੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 432 ਤੋਂ ਲੈ ਕੇ 434 ਤਕ ਅੰਕਿਤ ਹੈ। ਇਸ ਰਚਨਾ ਦੇ ਕੁੱਲ 35 ਬੰਦ ਹਨ। ਪਹਿਲਾਂ ਵਿਦਿਆਰਥੀਆਂ ਨੂੰ ਪੱਟੀ (ਫੱਟੀ) ’ਤੇ ਲਿਖਣਾ-ਪੜ੍ਹਨਾ ਸਿਖਾਇਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦੇ ਸਿਰਲੇਖ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ। ਭਗਤ ਕਬੀਰ ਜੀ ਵੀ ਇਸ ਸੰਬੰਧੀ ਗਵਾਹੀ ਭਰਦੇ ਹਨ:
ਮੋ ਕਉ ਕਹਾ ਪੜਾ੍ਵਸਿ ਆਲ ਜਾਲ॥
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ॥ (ਪੰਨਾ 1194)
‘ਪਟੀ’ ਬਾਣੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਜੀਵਾਂ ਦਾ ਆਉਣਾ ਸਫ਼ਲ ਮੰਨਦੇ ਹਨ, ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਹੁੰਦਾ ਹੈ ਕਿਉਂਕਿ ਉਹੀ ਇਕ ਪ੍ਰਭੂ ਸਭ ਦਾ ਮਾਲਕ ਹੈ ਜਿਸ ਨੇ ਇਸ ਜਗਤ ਦੀ ਰਚਨਾ ਕੀਤੀ ਹੈ। ਮਨੁੱਖਾ-ਜਨਮ ਦਾ ਅਸਲ ਮਨੋਰਥ ਪ੍ਰਭੂ ਨੂੰ ਮਿਲਣਾ ਹੈ:
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥
ਸੇਵਤ ਰਹੇ ਚਿਤੁ ਜਿਨ੍ ਕਾ ਲਾਗਾ ਆਇਆ ਤਿਨ੍ ਕਾ ਸਫਲੁ ਭਇਆ॥ (ਪੰਨਾ 432)
ਜੀਵਨ ਦੇ ਅਸਲੀ ਮਾਰਗ ਤੋਂ ਕੁਰਾਹੇ ਜਾਣ ਵਾਲਿਆਂ ਨੂੰ ਗੁਰੂ ਜੀ ਸੁਚੇਤ ਕਰਦੇ ਹਨ ਕਿ ਕੀਤੇ ਕਰਮਾਂ ਦਾ ਹਿਸਾਬ ਹੋਣਾ ਹੈ। ਜੇਕਰ ਇਸ ਲੇਖੇ ਵਿੱਚੋਂ ਸੁਰਖਰੂ ਹੋ ਗਿਆ ਤਾਂ ਹੀ ਤੂੰ ਵਿਦਵਾਨ ਸਮਝਿਆ ਜਾਵੇਂਗਾ:
ਮਨ ਕਾਹੇ ਭੂਲੇ ਮੂੜ ਮਨਾ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ (ਪੰਨਾ 432)
ਜੋ ਮਨੁੱਖ ਆਪਣੇ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ, ਉਸ ਮਨੁੱਖ ਦੇ ਸਿਰ ਉੱਤੇ ਵਿਕਾਰਾਂ ਦਾ ਕੋਈ ਕਰਜ਼ਾ ਜਾਂ ਭਾਰ ਨਹੀਂ ਰਹਿੰਦਾ। ਵਿਦਵਾਨ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੀ ਵਿੱਦਿਆ ਦੇ ਰਾਹੀਂ ਉਸ ਪ੍ਰਭੂ ਦੇ ਅਸਲੇ (ਗਿਆਨ) ਨੂੰ ਸਮਝ ਲੈਂਦਾ ਹੈ:
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ॥
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥ (ਪੰਨਾ 432)
ਮਨੁੱਖ ਅਤੇ ਪਰਮਾਤਮਾ ਦੇ ਮਿਲਾਪ ਵਿਚ ਸਭ ਤੋਂ ਵੱਡੀ ਰੁਕਾਵਟ ਮਾਇਆ ਕਰਕੇ ਬਣਦੀ ਹੈ:
ਇਨਿ੍ ਮਾਇਆ ਜਗਦੀਸ ਗੁਸਾਈ ਤੁਮ੍ਰੇ ਚਰਨ ਬਿਸਾਰੇ॥ (ਪੰਨਾ 857)
ਮਨੁੱਖ ਮਾਇਆ ਦੇ ਰੰਗਾਂ ਵਿਚ ਉਲਝ ਜਾਂਦਾ ਹੈ। ਮਾਇਆ ਦਾ ਮੋਹ ਮਿੱਠਾ ਹੈ। ਇਹ ਸਾਰੇ ਜਗਤ ਨੂੰ ਨਾਗਣੀ ਬਣ ਕੇ ਡੱਸ ਰਹੀ ਹੈ:
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ (ਪੰਨਾ 510)
ਸ੍ਰੀ ਗੁਰੂ ਨਾਨਕ ਦੇਵ ਜੀ ਮਾਇਆ ਵਿਚ ਗ੍ਰਸੇ ਮਨੁੱਖ ਨੂੰ ਵਿਦਵਾਨ ਨਹੀਂ ਮੰਨਦੇ ਬਲਕਿ ਮੂਰਖ ਆਖਦੇ ਹਨ:
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ (ਪੰਨਾ 432)
ਮਾਇਆ ਦਾ ਮੋਹ ਐਸਾ ਹੈ ਜੋ ਮਨੁੱਖ ਦੇ ਅੰਤਮ ਸਵਾਸ ਤਕ ਵੀ ਕਾਇਮ ਰਹਿੰਦਾ ਹੈ। ਗੁਰੂ ਜੀ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਸਿਰ ਦੇ ਵਾਲ ਕੌਲ ਫੁੱਲ ਵਰਗੇ ਚਿੱਟੇ ਹੋ ਗਏ ਹਨ, ਜੋ ਕਿ ਮੌਤ ਦੀ ਨਿਸ਼ਾਨੀ ਹੈ ਪਰ ਮਾਇਆ ਦਾ ਮੋਹ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਮਾਇਆ ਦਾ ਮੋਹ ਮਨੁੱਖ ਨੂੰ ਸੰਸਾਰ ਵਿਚ ਜਨਮ ਲੈਂਦਿਆਂ ਹੀ ਲੱਗ ਜਾਂਦਾ ਹੈ। ਜੀਵਨ ਦੀ ਸਾਰੀ ਖੇਡ ਹੀ ਇਸੇ ਹੀ ਮੋਹ ਵਿਚ ਬੀਤ ਜਾਂਦੀ ਹੈ:
ਜੋਨਿ ਛਾਡਿ ਜਉ ਜਗ ਮਹਿ ਆਇਓ॥
ਲਾਗਤ ਪਵਨ ਖਸਮੁ ਬਿਸਰਾਇਓ॥ (ਪੰਨਾ 337)
ਗੁਰੂ ਸਾਹਿਬ ਜੀਵਨ ਨੂੰ ਸਫ਼ਲ ਬਣਾਉਣ ਲਈ ਮਨੁੱਖ ਦੀ ਘਾੜਤ ਘੜਦੇ ਹੋਏ ਅਹੰਕਾਰ ਰੂਪੀ ਪ੍ਰਬਲ ਵਿਕਾਰ ਤੋਂ ਜਾਣੂ ਕਰਵਾਉਂਦੇ ਹਨ। ਫੋਕੀਆਂ ਤੇ ਝੂਠੀਆਂ ਗੱਲਾਂ ਕਰਨ ਵਾਲਾ ਚੁੰਚ ਗਿਆਨ ਵਿਦਵਾਨ ਨਹੀਂ ਬਣਾ ਸਕਦਾ। ਗੁਰੂ ਸਾਹਿਬ ਐਸੇ ਪੜ੍ਹੇ-ਲਿਖੇ ਮਨੁੱਖ ਨੂੰ ਮੂਰਖ ਆਖਦੇ ਹਨ ਜੋ ਲੋਭ, ਲਾਲਚ ਅਤੇ ਹੰਕਾਰ ਵਿਚ ਗ੍ਰਸਿਆ ਹੋਇਆ ਹੈ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ 140)
ਗੁਰੂ ਜੀ ਤਾਂ ਐਸੀ ਪੜ੍ਹਾਈ ਨੂੰ ਨਿਰਾਰਥਕ ਮੰਨਦੇ ਹਨ ਜਿਸ ਵਿਚ ਪਰਮਾਤਮਾ ਦੇ ਨਾਮ ਦੀ ਵਿਵਸਥਾ ਨਹੀਂ। ਅਜਿਹੀ ਪੜ੍ਹਾਈ ਨਿਰੀ ਹਉਮੈ ਨੂੰ ਪੱਠੇ ਪਾਉਣ ਵਾਲੀ ਹੈ। ਇਸ ਨਾਲ ਜੀਵਨ ਸਫ਼ਲ ਨਹੀਂ ਹੋ ਸਕਦਾ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥ (ਪੰਨਾ 467)
ਗੁਰੂ ਜੀ ਵਿੱਦਿਆ ਦਾ ਮਾਣ ਕਰਨ ਨੂੰ ਰਤਾ ਭਰ ਵੀ ਪ੍ਰਵਾਨ ਨਹੀਂ ਕਰਦੇ। ਵਿੱਦਿਆ ਦਾ ਮਾਣ ਕਰਨਾ ਅਵਿੱਦਿਆ ਦੇ ਬਰਾਬਰ ਹੀ ਹੈ:
ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ ਗੁਰੂ ਮਿਲਿਆ॥ (ਪੰਨਾ 433)
ਵਿੱਦਿਆ ਦਾ ਮਾਣ ਕਰਨ ਦੀ ਥਾਂ ’ਤੇ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝਣਾ ਚਾਹੀਦਾ ਹੈ:
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ॥
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ॥ (ਪੰਨਾ 433)
ਮਾਇਆ ਦਾ ਮੋਹ ਹੀ ਮਨੁੱਖ ਦੀ ਆਤਮਕ ਮੌਤ ਦਾ ਮੂਲ ਕਾਰਨ ਹੈ। ਮਨੁੱਖ ਸਾਰੀ ਉਮਰ ਇਸ ਮੋਹ ਵਿਚ ਫਸਿਆ ਰਹਿੰਦਾ ਹੈ। ਜਦੋਂ ਮੌਤ ਸਿਰ ’ਤੇ ਆਉਂਦੀ ਹੈ ਤਾਂ ਮਨੁੱਖ ਸੁੱਤਾ ਪਿਆ ਜਾਗਦਾ ਹੈ:
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ॥
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ॥ (ਪੰਨਾ 434)
ਵਿੱਦਿਆ ਗ੍ਰਹਿਣ ਕਰ ਕੇ ਬਹਿਸ ਕਰਨੀ, ਝਗੜੇ ਕਰਨੇ, ਆਤਮਕ ਜੀਵਨ ਦੀ ਉੱਨਤੀ ਵਿਚ ਸਹਾਇਕ ਨਹੀਂ ਹੁੰਦੇ:
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ॥
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ॥ (ਪੰਨਾ 434)
ਇਨ੍ਹਾਂ ਕਰਮਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਆਤਮਕ ਜੀਵਨ ਦੇ ਵਿਕਾਸ ਲਈ ਗੁਰੂ ਸਾਹਿਬ ਕਿਸੇ ਪ੍ਰਕਾਰ ਦੇ ਵਿਖਾਵੇ ਨੂੰ ਵੀ ਪਸੰਦ ਨਹੀਂ ਕਰਦੇ:
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ॥
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ॥ (ਪੰਨਾ 433)
ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ, ਨਾਸ਼ਵੰਤ ਹੈ। ਇਸ ਲਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਸਰਬ-ਵਿਆਪਕ ਹੈ:
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ॥ (ਪੰਨਾ 433)
ਸਾਰਾ ਸੰਸਾਰ ਮਾਇਆ ਦੀ ਕੈਦ ਵਿਚ ਕੈਦ ਹੈ। ਮਾਇਆ ਦੇ ਪ੍ਰਭਾਵ ਕਰਕੇ ਮਨੁੱਖ ਭੈੜੇ ਤੋਂ ਭੈੜੇ ਕਰਮ ਕਰਦਾ ਹੈ ਜਿਸ ਨਾਲ ਮਨੁੱਖ ਮਾਇਆ ਦੀ ਕੈਦ ਤੋਂ ਜਮ ਦੀ ਫਾਹੀ ਤਕ ਪਹੁੰਚ ਜਾਂਦਾ ਹੈ:
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ॥
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ॥ (ਪੰਨਾ 433)
ਮਾਇਆ ਦੇ ਮੋਹ ਦੀ ਕੈਦ ਅਤੇ ਜਮ ਦੀ ਫਾਹੀ ਤੋਂ ਗੁਰੂ ਹੀ ਮੁਕਤ ਕਰਵਾ ਸਕਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਸੰਸਾਰ-ਸਮੁੰਦਰ ਵਿੱਚੋਂ ਪਾਰ ਹੋ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਨੂੰ ਇਹ ਸੋਝੀ ਪੈਂਦੀ ਹੈ ਕਿ ਪਰਮਾਤਮਾ ਉਸ ਦੇ ਅੰਗ-ਸੰਗ ਹੈ। ਗੁਰੂ ਦੀ ਕਿਰਪਾ ਨਾਲ ਹੀ ਚੁਰਾਸੀ ਦਾ ਗੇੜ ਖ਼ਤਮ ਹੁੰਦਾ ਹੈ:
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ ਕਉ ਭਉ ਪਇਆ॥
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ॥ (ਪੰਨਾ 434)
ਗੁਰੂ ਦੀ ਕਿਰਪਾ ਨਾਲ ਹੀ ਵਿਕਾਰਾਂ ਨਾਲ ਭਰੇ ਪਏ ਸੰਸਾਰ-ਸਮੁੰਦਰ ਤੋਂ ਪਾਰ ਹੋਣ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਮਨੁੱਖ ਕੋਲ ਐਨੀ ਸਮਰੱਥਾ ਨਹੀਂ ਕਿ ਉਹ ਇਕੱਲਾ ਹੀ ਇਸ ਵਿਕਾਰਾਂ ਦੇ ਹੜ੍ਹ ਵਿੱਚੋਂ ਪਾਰ ਲੰਘ ਸਕੇ:
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ॥
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ॥ (ਪੰਨਾ 433)
ਗੁਰੂ ਦੇ ਦੱਸੇ ਰਸਤੇ ’ਤੇ ਚੱਲ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹਰ ਥਾਂ ਵੇਖਣਾ ਅਤੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਲਾਹ ਕਰਦੇ ਰਹਿਣ ਨਾਲ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ:
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ॥
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ॥ (ਪੰਨਾ 434)
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਜਾਂਦਾ ਹੈ, ਉਨ੍ਹਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਹਨ। ਦੁਨੀਆਂ ਦੇ ਰੌਲੇ-ਰੱਪੇ ਵਿੱਚੋਂ ਉਹ ਸ਼ਾਂਤ-ਚਿਤ ਹੋ ਕੇ ਪਾਰ ਲੰਘ ਜਾਂਦੇ ਹਨ। ਪਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਨੂੰ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ:
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ ਕਾ ਚਿਤੁ ਲਾਗਾ॥
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ॥ (ਪੰਨਾ 433)
‘ਮਨ ਤੂੰ ਜੋਤਿ ਸਰੂਪੁ ਹੈ’ ਪ੍ਰਭੂ ਦੇ ਗਿਆਨ ਨਾਲ ਜਦੋਂ ਨੂਰੋ-ਨੂਰ ਹੋ ਜਾਂਦਾ ਹੈ ਤਾਂ ਜੋਤ ਨਾਲ ਜੋਤ ਮਿਲ ਜਾਂਦੀ ਹੈ। ਇਹੀ ਜੀਵਨ ਦਾ ਅਸਲ ਮਨੋਰਥ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਆਸਾ ਪਟੀ’ ਬਾਣੀ ਰਾਹੀਂ ਅੱਖਰਾਂ ਦੇ ਮਹੱਤਵ ਨੂੰ ਦ੍ਰਿੜ੍ਹ ਕਰਵਾਇਆ ਹੈ। ‘ਜਪੁ’ ਬਾਣੀ ਦੁਆਰਾ ਵੀ ਗੁਰੂ ਜੀ ਨੇ ਅੱਖਰਾਂ ਦੀ ਮਹੱਤਤਾ ਨੂੰ ਵਿਅਕਤ ਕੀਤਾ ਹੈ। ਅੱਖਰ ਹੀ ਇਕੱਠੇ ਹੋਏ ਜਦੋਂ ਸ਼ਬਦ ਬਣਦੇ ਹਨ ਤਾਂ ਕਦੇ ਹਸਾਉਂਦੇ ਹਨ, ਕਦੇ ਰੁਲਾਉਂਦੇ ਹਨ ਅਤੇ ਕਦੇ ਗ਼ਮਗੀਨ ਕਰਦੇ ਹਨ। ਇਨ੍ਹਾਂ ਅੱਖਰਾਂ ਦੇ ਗਿਆਨ ਨਾਲ ਹੀ ਮਨੁੱਖ ਵਿਦਵਾਨ ਬਣਦਾ ਹੈ। ਗੁਰੂ ਸਾਹਿਬ ‘ਪਟੀ’ ਬਾਣੀ ਰਾਹੀਂ ਵਿੱਦਿਆ ਦੇ ਸੰਕਲਪ ਨੂੰ ਪ੍ਰਗਟ ਕਰਦੇ ਹਨ। ਵਿੱਦਿਆ ਦਾ ਉਦੇਸ਼ ਪਰਉਪਕਾਰੀ ਹੋਣਾ ਚਾਹੀਦਾ ਹੈ। ਗੁਰਮਤਿ ਵਿਚ ਫੋਕੀ ਵਿੱਦਿਆ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਵਿੱਦਿਆ ਪ੍ਰਾਪਤ ਕਰ ਕੇ ਹੰਕਾਰ ਕਰਨਾ ਗੁਰੂ ਸਾਹਿਬ ਨੂੰ ਭਾਉਂਦਾ ਨਹੀਂ। ਗੁਰੂ ਸਾਹਿਬ ਦਾ ਮੁੱਖ ਉਪਦੇਸ਼ ਹੈ ਕਿ ਮਨੁੱਖ ਵਿੱਦਿਆ ਪ੍ਰਾਪਤ ਕਰ ਕੇ ਪਰਮਾਤਮਾ ਨਾਲ ਸਾਂਝ ਬਣਾਵੇ। ਪਰਮਾਤਮਾ ਨਾਲ ਸਾਂਝ ਤਾਂ ਹੀ ਬਣਦੀ ਹੈ ਜੇਕਰ ਵਿਚਕਾਰ ਮਾਇਆ ਅਤੇ ਵਿਕਾਰਾਂ ਦੀ ਅਣਹੋਂਦ ਹੋਵੇ। ਇਸ ਲਈ ਗੁਰੂ ਦੀ ਕਿਰਪਾ ਦਾ ਹੋਣਾ ਜ਼ਰੂਰੀ ਹੈ। ਗੁਰੂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਹੋਣ ਦੀ ਜੁਗਤ ਦੱਸਦਾ ਹੈ। ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸ਼ਰਨ ਲੈਣੀ ਜ਼ਰੂਰੀ ਹੈ। ਉਹੀ ਮਨੁੱਖ ਵਿਦਵਾਨ ਹੈ, ਗੁਰਮੁਖ ਹੈ ਜੋ ਗੁਰੂ ਦੇ ਦੱਸੇ ਮਾਰਗ ’ਤੇ ਚੱਲਦਾ ਹੈ।
ਲੇਖਕ ਬਾਰੇ
563-ਸੀ, ਰੇਲ ਕੋਚ ਫੈਕਟਰੀ, ਕਪੂਰਥਲਾ।
- ਡਾ. ਪਰਮਜੀਤ ਸਿੰਘ ਮਾਨਸਾhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8%e0%a8%b8%e0%a8%be/November 1, 2007