ਸ੍ਰੀ ਗੁਰੂ ਗ੍ਰੰਥ ਸਾਹਿਬ ਬੁਨਿਆਦੀ ਤੌਰ ’ਤੇ ਪਵਿੱਤਰ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਸਮਾਜ ਲਈ ਆਤਮਕ ਗੁਰੂ, ਸ਼ਬਦ ਗੁਰੂ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਆਦਾਤਰ ਬਾਣੀਆਂ ਅਧਿਆਤਮਿਕਵਾਦ ਨਾਲ ਸੰਬੰਧਤ ਹਨ। ਪਰ ਕੁਝ ਕੁ ਬਾਣੀਆਂ ਅਜਿਹੀਆਂ ਹਨ, ਜਿਨ੍ਹਾਂ ਵਿੱਚੋਂ ਸਾਨੂੰ ਉਸ ਸਮੇਂ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਦੀ ਜਾਣਕਾਰੀ ਮਿਲਦੀ ਹੈ। ਸਮਾਜਿਕ ਤੌਰ ’ਤੇ ਅਗਵਾਈ ਕਰਨ ਵਾਲੀਆਂ ਇਨ੍ਹਾਂ ਬਾਣੀਆਂ ਵਿੱਚੋਂ ‘ਸਦੁ’ ਬਾਣੀ ਸਿੱਖ ਮੱਤ ਦਾ ਅਨਿੱਖੜਵਾਂ ਅੰਗ ਹੈ। ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਨਾਲ ਸੰਬੰਧਤ ਹੈ। ਇਸ ਬਾਣੀ ਦੇ ਰਚਿਤਾ ਬਾਬਾ ਸੁੰਦਰ ਦਾਸ ਜੀ ਹਨ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਅਤੇ ਬਾਬਾ ਮੋਹਰੀ ਜੀ ਦੇ ਪੋਤੇ ਸਨ। ਬਾਬਾ ਸੁੰਦਰ ਜੀ ਸ਼ੁਰੂ ਤੋਂ ਹੀ ਬੜੇ ਭਗਤੀ ਭਾਵ ਤੇ ਸੇਵਾ ਭਾਵ ਵਾਲੇ ਸਨ। ਉਹ ਗੁਰੂ-ਘਰ ਦੀ ਬਹੁਤ ਸੇਵਾ ਕਰਦੇ ਤੇ ਸੱਦਾਂ ਜੋੜ-ਜੋੜ ਕੇ ਗਾਉਂਦੇ ਰਹਿੰਦੇ ਸਨ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਉਣ ਲੱਗੇ ਤਾਂ ਉਨ੍ਹਾਂ ਨੇ ਬਹੁਤ ਸਾਰਾ ਉਪਦੇਸ਼ ਕੀਤਾ। ਉਸ ਉਪਦੇਸ਼ ਨੂੰ ਯਾਦ ਰੱਖ ਕੇ ਬਾਬਾ ਸੁੰਦਰ ਦਾਸ ਜੀ ਨੇ ਇਕ ‘ਸਦੁ’ ਉਚਾਰੀ। ਇਹ ‘ਸਦੁ’ ਹਰ ਸਿੱਖ ਘਰ ਵਿਚ ਕਿਸੇ ਪ੍ਰਾਣੀ ਦੇ ਅਕਾਲ ਚਲਾਣੇ ਦੇ ਭੋਗ ’ਤੇ ਪੜ੍ਹੀ ਜਾਂਦੀ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪੈਂਦਾ ਹੈ ਤਾਂ ਇਸ ‘ਸਦੁ’ ਦਾ ਪਾਠ ਜ਼ਰੂਰ ਹੁੰਦਾ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923-924 ’ਤੇ ਦਰਜ ਹੈ। ‘ਸਦੁ’ ਬਾਣੀ ਜੋ ਕਿ ਬਾਬਾ ਸੁੰਦਰ ਦਾਸ ਜੀ ਦੁਆਰਾ ਰਾਮਕਲੀ ਰਾਗ ਵਿਚ ਉਚਾਰੀ ਗਈ ਹੈ ਇਸ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਸਾਨੂੰ ‘ਸਦੁ’ ਸ਼ਬਦ ਦੇ ਅਰਥਾਂ ਬਾਰੇ ਵਿਚਾਰ ਕਰ ਲੈਣੀ ਬਣਦੀ ਹੈ। ‘ਸਦੁ’ ਪੰਜਾਬੀ ਦਾ ਪ੍ਰਚਲਿਤ ਸ਼ਬਦ ਹੈ। ਵੱਖ-ਵੱਖ ਵਿਦਵਾਨਾਂ ਨੇ ਇਸ ਦੇ ਹੇਠ ਲਿਖੇ ਅਨੁਸਾਰ ਅਰਥ ਕੀਤੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਸਦੁ’ ਦਾ ਅਰਥ ਹੈ ਉਪਦੇਸ਼, ਪੁਕਾਰ, ਹਾਕ, ਆਵਾਜ਼, ਗੁਹਾਰ, ਆਦਿ।
ਡਾ. ਰਤਨ ਸਿੰਘ ਜੱਗੀ ਵੀ ਇਨ੍ਹਾਂ ਅਰਥਾਂ ਨਾਲ ਸਹਿਮਤ ਹਨ। ਉਨ੍ਹਾਂ ਅਨੁਸਾਰ, ‘ਸਦੁ’ ਦੇ ਕੋਸ਼ੀ ਅਰਥ ਹਨ, ਪੁਕਾਰ, ਹਾਕ, ਆਵਾਜ਼ ਜਾਂ ਉੱਚੀ ਆਵਾਜ਼ ਵਿਚ ਕਿਸੇ (ਪ੍ਰਿਯ) ਨੂੰ ਪੁਕਾਰਨਾ ‘ਸਦੁ’ ਹੈ। ਇਹ ਇਕ ਪੁਰਾਤਨ ਪੰਜਾਬੀ ਕਾਵਿ ਰੂਪ ਵੀ ਹੈ, ਜਿਸ ਵਿਚ ਪੇਂਡੂ ਲੰਮੀ ਹੇਕ ਲਾ ਕੇ ਪਿਆਰੇ ਨੂੰ ਸੰਬੋਧਨ ਕਰਦੇ ਹਨ, ਜਿਵੇਂ “ਮਿਰਜ਼ਿਆ ਜੱਟਾ ਹੋ।”
ਗੁਰਬਾਣੀ ਵਿਚ ‘ਸਦੁ’ ਸ਼ਬਦ ਦੇ ਕਈ ਰੂਪ ਵਰਤੇ ਗਏ ਹਨ ਜਿਵੇਂ:
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ॥ (ਪੰਨਾ 730)
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥ (ਪੰਨਾ 12)
ਜਾਂ ਸਦੇ ਤਾਂ ਢਿਲ ਨ ਪਾਇ॥ (ਪੰਨਾ 1327)
ਸੋ ‘ਸਦੁ’ ਤੋਂ ਹੀ ‘ਸਦੜਾ, ਸਦੜੇ ਤੇ ਸਦੇ’ ਸ਼ਬਦ ਬਣੇ ਹਨ।
ਗੁਰਮਤਿ ਅਨੁਸਾਰ ‘ਸਦੁ’ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ ਵੱਲੋਂ ਆਇਆ ਮੌਤ ਰੂਪੀ ਸੱਦਾ, ਸੰਦੇਸ਼, ਬੁਲਾਵਾ, ਆਦਿ।
ਸੋ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਸ ਅਕਾਲ ਪੁਰਖ ਵੱਲੋਂ ਗੁਰੂ ਸ਼ਬਦ ਵਿਚ ਸਮਾ ਜਾਣ ਦਾ ਸੱਦਾ ਆਉਂਦਾ ਹੈ ਤਾਂ ਉਹ ਸਮੂਹ ਸਿੱਖਾਂ, ਸੇਵਕਾਂ, ਪੁੱਤਰਾਂ ਤੇ ਪਰਿਵਾਰਾਂ ਦੇ ਹੋਰ ਸੰਬੰਧੀਆਂ ਨੂੰ ਆਪਣੇ ਸਰੀਰ ਤਿਆਗਣ ਤੋਂ ਪਹਿਲਾਂ ਆਪਣੇ ਪਾਸ ਬੁਲਾ ਕੇ ਉਪਦੇਸ਼ ਤੇ ਆਦੇਸ਼ ਦਿੰਦੇ ਹਨ। ਜਿਸ ਨੂੰ ਬਾਬਾ ਸੁੰਦਰ ਜੀ ਨੇ:
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ (ਪੰਨਾ 923)
ਇਸ ‘ਸਦੁ’ ਨਾਂ ਦੀ ਬਾਣੀ ਛੇ ਪਉੜੀਆਂ ਵਿਚ ਦਰਜ ਹੈ।
‘ਰਾਮਕਲੀ ਸਦੁ’ ਦੀ ਪਹਿਲੀ ਪਉੜੀ ਵਿਚ ਹੀ ਬਾਬਾ ਸੁੰਦਰ ਜੀ ਨੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ ਹੈ ਕਿ ਜਗਤ ਵਿਚ ਕੇਵਲ ਉਹ ਇਕ ਪਰਮਾਤਮਾ ਹੀ ਹੈ ਜੋ ਤਿੰਨਾਂ ਲੋਕਾਂ ਵਿਚ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭਾਵ ਪਰਮਾਤਮਾ ਸਿਰਫ਼ ਤੇ ਸਿਰਫ਼ ਭਗਤੀ ਕਰਨ ਵਾਲੇ ਭਗਤਾਂ ਨੂੰ ਹੀ ਪਿਆਰ ਕਰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਇਸ ਸਮੇਂ ਗੁਰੂ-ਸ਼ਬਦ ਵਿਚ ਸਮਾ ਰਹੇ ਹਨ ਅਤੇ ਗੁਰੂ-ਸ਼ਬਦ ਵਿਚ ਲੀਨ ਹੋਣ ਤੋਂ ਬਿਨਾਂ ਬਾਕੀ ਸਭ ਵਿਅਰਥ ਜਾਂਦਾ ਹੈ:
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥ (ਪੰਨਾ 923)
ਇਹ ਉੱਚ ਪਦਵੀ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਪ੍ਰਾਪਤ ਹੋ ਰਹੀ ਹੈ। ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਉਸ ਪ੍ਰਭੂ ਦੇ ਨਾਮ ਵਿਚ ਲੀਨ ਸਨ ਉਸ ਵਕਤ ਉਨ੍ਹਾਂ ਨੂੰ ਇਸ ਦੁਨੀਆਂ ਤੋਂ ਚੱਲਣ ਦਾ ਰੱਬੀ ਸੱਦਾ ਆ ਗਿਆ। ਸੋ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਜਗਤ ਵਿਚ ਵਿਚਰਦਿਆਂ ਹੀ ਉਹ ਅਮਰ, ਅਟੱਲ ਤੇ ਅਤੋਲ ਪ੍ਰਭੂ ਨੂੰ ਭਗਤੀ ਰਾਹੀਂ ਪ੍ਰਾਪਤ ਕਰ ਲਿਆ:
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ॥ (ਪੰਨਾ 923)
ਇਸ ਬਾਣੀ ਦੀ ਦੂਜੀ ਪਉੜੀ ਵਿਚ ਬਾਬਾ ਸੁੰਦਰ ਜੀ ਨੇ ਜੋ ਸੁਖ ਭਾਵ ਅੰਕਿਤ ਕੀਤੇ ਹਨ ਉਹ ਇਹ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਚਲਾਣੇ ਵਕਤ ਪਰਮਾਤਮਾ ਤੋਂ ਕਿਸੇ ਦੁਨਿਆਵੀ ਚੀਜ਼ ਵਸਤੂ ਦੀ ਮੰਗ ਨਹੀਂ ਕੀਤੀ ਸਗੋਂ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਆਪਣਾ ਨਾਮ ਦਾਨ ਦੇ ਕੇ ਉਨ੍ਹਾਂ ਦੀ ਲਾਜ ਰੱਖ ਲਵੋ ਤੇ ਪਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਤੇ ਆਪਣੇ ਨਾਲ ਇਕ-ਮਿਕ ਕਰ ਲਿਆ:
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥ (ਪੰਨਾ 923)
ਤੀਸਰੀ ਪਉੜੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਾਰੇ ਪਰਿਵਾਰ, ਸਿੱਖਾਂ, ਸੰਬੰਧੀਆਂ, ਪੁੱਤਰਾਂ ਤੇ ਭਰਾਵਾਂ ਨੂੰ ਪ੍ਰਭੂ ਦਾ ਅਟੱਲ ਹੁਕਮ ਮੰਨਣ ਦੀ ਨਸੀਹਤ ਦੀ ਪੇਸ਼ਕਾਰੀ ਕੀਤੀ ਗਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ ਹੈ ਤੇ ਮੈਂ ਉਸ ਦਾ ਭਾਣਾ ਮੰਨ ਲਿਆ ਹੈ ਜਿਸ ਕਰਕੇ ਮੈਨੂੰ ਸ਼ਾਬਾਸ਼ ਮਿਲ ਰਹੀ ਹੈ। ਤੁਸੀਂ ਵੀ ਨਿਰਣਾ ਕਰ ਕੇ ਵੇਖ ਲਉ ਪ੍ਰਭੂ ਦਾ ਹੁਕਮ ਕਦੇ ਟਲਦਾ ਨਹੀਂ, ਇਸ ਲਈ ਸ੍ਰੀ ਗੁਰੂ ਅਮਰਦਾਸ ਜੀ ਪ੍ਰਭੂ ਦੇ ਚਰਨਾਂ ਵਿਚ ਜਾ ਰਹੇ ਹਨ:
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥ (ਪੰਨਾ 923)
ਇਸ ਬਾਣੀ ਦੀ ਚੌਥੀ ਪਉੜੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਆਪਣੇ ਸਿੱਖਾਂ, ਸੰਬੰਧੀਆਂ, ਪੁੱਤਰਾਂ ਤੇ ਭਰਾਵਾਂ ਨੂੰ ਮੌਤ ਦੀ ਅਟੱਲ ਸੱਚਾਈ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਸਹਿਣ ਕਰਨ ਦਾ ਉਪਦੇਸ਼ ਦਿੱਤਾ ਤੇ ਕਿਹਾ ਕਿ ਮੇਰੇ ਪ੍ਰਲੋਕ ਗਮਨ ਪਿੱਛੋਂ ਕੋਈ ਰੋਵੇ ਨਾ, ਇਹ ਗੱਲ ਮੈਨੂੰ ਚੰਗੀ ਨਹੀਂ ਲੱਗੇਗੀ। ਤੁਸੀਂ ਮੇਰੀ ਖੁਸ਼ੀ ਵਿਚ ਖੁਸ਼ ਹੋਵੋ ਕਿਉਂਕਿ ਪਰਮਾਤਮਾ ਮੈਨੂੰ ਇਸ ਸਮੇਂ ਸਿਰੋਪਾ ਬਖ਼ਸ਼ਿਸ਼ ਕਰ ਰਿਹਾ ਹੈ ਤੇ ਨਾਲ ਹੀ ਇਸ ਸਮੇਂ ਆਪਣੇ ਜਿਉਂਦਿਆਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਰੀਰਕ ਜਾਮੇ ਵਿਚ ਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖ਼ਸ਼ ਦਿੱਤੀ ਤੇ ਸਭਨਾਂ ਨੂੰ ਉਨ੍ਹਾਂ ਦੇ ਚਰਨੀਂ ਲਾ ਦਿੱਤਾ:
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥ (ਪੰਨਾ 923)
ਇਸ ਬਾਣੀ ਦੀ ਪੰਜਵੀਂ ਪਉੜੀ ਵਿਚ ਬਾਬਾ ਸੁੰਦਰ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਦਿੱਤੀ ਨਸੀਹਤ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ, ਜੋ ਕਿ ਸਿੱਖ ਸਮਾਜ ਲਈ ਯੋਗ ਅਗਵਾਈ ਦਾ ਕੰਮ ਕਰਦੀ ਹੈ। ਸਿੱਖ ਸਮਾਜ ਜੋ ਕਿ ਬ੍ਰਹਮਵਾਦ ਦੇ ਪ੍ਰਭਾਵ ਹੇਠ ਪ੍ਰਾਣ ਤਿਆਗਣ ਉਪਰੰਤ ਕਈ ਵਿਅਰਥ ਕਰਮਕਾਂਡ ਕਰਦਾ ਹੈ, ਸ੍ਰੀ ਗੁਰੂ ਅਮਰਦਾਸ ਜੀ ਨੇ ਕਰਮਕਾਂਡ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਅੰਤ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖਾਂ, ਪੁੱਤਰਾਂ, ਭਗਤਾਂ ਤੇ ਸੰਬੰਧੀਆਂ ਨੂੰ ਕਿਹਾ ਕਿ ਮੇਰੇ ਜਾਣ ਪਿੱਛੋਂ ਸਿਰਫ਼ ਅਖੰਡ ਕੀਰਤਨ ਚੱਲੇ ਤੇ ਸੰਗਤਾਂ ਵਿਦਵਾਨਾਂ ਤੋਂ ਗਰੁੜ ਪੁਰਾਣ ਦੀ ਕਥਾ ਦੀ ਜਗ੍ਹਾ ਹਰੀ ਦੇ ਨਾਮ ਦਾ ਜੱਸ ਗਾਇਨ ਹੋਵੇ। ਮੇਰਾ ਬੇਬਾਨ ਬਨਾਵਟੀ ਸਜਾਵਟਾਂ ਦੀ ਜਗ੍ਹਾ ਪ੍ਰਭੂ ਦੇ ਪ੍ਰੇਮ ਨਾਲ ਸਜਾਇਆ ਜਾਵੇ। ਹੋਰ ਵਿਅਰਥ ਕਰਮਕਾਂਡ ਪਿੰਡ, ਪਤਲ, ਕਿਰਿਆ, ਦੀਵਾ ਤੇ ਫੁੱਲ ਪ੍ਰਵਾਹਨ ਦੀ ਥਾਂ ਸਤਿਸੰਗਤ ਕੀਤੀ ਜਾਵੇ। ਪਰਮਾਤਮਾ ਨੂੰ ਚੰਗਾ ਲੱਗ ਗਿਆ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ ਕੇ ਗੁਰੂ ਦਾ ਸ਼ਬਦ ਰੂਪ ਸਦਾ ਥਿਰ ਰਹਿਣ ਵਾਲਾ ਨਿਸ਼ਾਨ ਬਖ਼ਸ਼ ਦਿੱਤਾ:
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥ (ਪੰਨਾ 923)
ਪੁੱਤਰ ਮੋਹਰੀ ਸਾਹਮਣੇ ਹੋਇਆ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਤੇ ਢਹਿ ਪਿਆ। ਫਿਰ ਸਾਰੀ ਸੰਗਤ ਗੁਰੂ ਜੀ ਦੇ ਪੈਰੀਂ ਪੈ ਗਈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਜੋਤ ਰੱਖੀ ਸੀ। ਜੇਕਰ ਕੋਈ ਈਰਖਾ ਵੱਸ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਨਹੀਂ ਨਿਵਦਾ ਸੀ ਉਸ ਨੂੰ ਵੀ ਸਤਿਗੁਰੂ ਜੀ ਨੇ ਨਿਵਾ ਦਿੱਤਾ। ਇਸ ਤਰ੍ਹਾਂ ਪਰਮਾਤਮਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਜੋ ਚੰਗਾ ਲੱਗਾ ਉਹੀ ਹੋਇਆ ਤੇ ਸਾਰਾ ਜਗਤ ਸ੍ਰੀ ਗੁਰੂ ਰਾਮਦਾਸ ਜੀ ਦੇ ਪੈਰੀਂ ਪੈ ਗਿਆ ਕਿਉਂਕਿ ਇਹ ਰੱਬੀ ਹੁਕਮ ਸੀ:
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥ (ਪੰਨਾ 924)
ਸੋ ਇਸ ਬਾਣੀ ਵਿਚ ਬਾਬਾ ਸੁੰਦਰ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਆਪਣੇ ਅਕਾਲ ਚਲਾਣਾ ਕਰਨ ਸਮੇਂ ਦਿੱਤੇ ਕੁਝ ਵਡਮੁੱਲੇ ਉਪਦੇਸ਼ ਤੇ ਆਦੇਸ਼ਾਂ ਨੂੰ ਅੰਕਿਤ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪੁੱਤਰਾਂ, ਭਰਾਵਾਂ, ਸਿੱਖਾਂ ਤੇ ਹੋਰ ਪਰਿਵਾਰ ਦੇ ਸੰਬੰਧੀਆਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਮੌਤ ਦੇ ਸਮੇਂ ਵਾਤਾਵਰਣ ਸੋਗੀ ਨਹੀਂ ਹੋਣਾ ਚਾਹੀਦਾ। ਮੌਤ ਤਾਂ ਅਟੱਲ ਹੈ, ਪ੍ਰਭੂ ਦਾ ਭਾਣਾ ਹੈ ਉਸ ਦੀ ਰਜ਼ਾ ਹੈ ਜਿਸ ਨੂੰ ਨਾ ਕੋਈ ਅੱਜ ਤਕ ਟਾਲ ਸਕਿਆ ਹੈ ਤੇ ਨਾ ਹੀ ਟਾਲ ਸਕੇਗਾ। ਇਸ ਲਈ ਜਦੋਂ ਪ੍ਰਭੂ ਪਤੀ ਦਾ ਮੌਤ ਰੂਪੀ ਸੱਦਾ ਆਉਂਦਾ ਹੈ ਤਾਂ ਉਸ ਨੂੰ ਉਸ ਦਾ ਹੁਕਮ ਸਮਝ ਕੇ ਮੰਨਣਾ ਚਾਹੀਦਾ ਹੈ ਤੇ ਉਸ ਦੇ ਨਾਮ ਵਿਚ ਲੀਨ ਹੋ ਕੇ ਉਸ ਨਾਲ ਇਕਮਿਕਤਾ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਪਿੱਛੇ ਪਰਵਾਰ ਵਿਚ ਮਾਹੌਲ ਸੋਗੀ ਰੱਖਣ ਦੀ ਥਾਂ ਖੁਸ਼ਗਵਾਰ ਰੱਖਣਾ ਚਾਹੀਦਾ ਹੈ। ਜਿਵੇਂ:
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥ (ਪੰਨਾ 923)
ਮੌਤ ਉਪਰੰਤ ਉਸ ਪ੍ਰਭੂ ਦਾ ਹਰੀ ਜੱਸ ਕਰਨਾ ਚਾਹੀਦਾ ਹੈ। ਨਿਰਬਾਣ ਕੀਰਤਨ ਕਰਕੇ ਸੰਗਤਾਂ ਇਕ ਹਰੀ ਨਾਮ ਦੀ ਕਥਾ ਕਰਨਾ ਸੱਚੀ ਸ਼ਰਧਾ ਹੈ। ਹੋਰ ਸਾਰੇ ਕਰਮਕਾਂਡ ਨੂੰ ਨਕਾਰਨਾ ਚਾਹੀਦਾ ਹੈ।
ਸੋ ਸਿੱਖ ਸਮਾਜ ਨੂੰ ਬਾਬਾ ਸੁੰਦਰ ਜੀ ਦੀ ਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਅਪਣਾ ਕੇ ਪਰਮਾਤਮਾ ਦਾ ਭਾਣਾ ਮੰਨ ਕੇ, ਮੌਤ ਦੀ ਅਟੱਲ ਸੱਚਾਈ ਨੂੰ ਸਮਝ ਕੇ, ਕਰਮਕਾਂਡਾਂ ਤੋਂ ਕਿਨਾਰਾ ਕਰਕੇ ਗੁਰਮਤਿ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਇਹੀ ਸਾਡੀ ਗੁਰੂਆਂ ਪ੍ਰਤੀ ਸ਼ਰਧਾ ਹੈ ਤੇ ਇਹੀ ਸਾਡਾ ਫਰਜ਼ ਹੈ।
ਲੇਖਕ ਬਾਰੇ
- ਬੀਬੀ ਰਵਿੰਦਰ ਕੌਰhttps://sikharchives.org/kosh/author/%e0%a8%ac%e0%a9%80%e0%a8%ac%e0%a9%80-%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2010