editor@sikharchives.org

ਗੁਰਮਤਿ ਵਿਚ ਬਜ਼ੁਰਗਾਂ ਦਾ ਸਤਿਕਾਰ

ਕੋਈ ਸਮਾਜ ਕਿੰਨਾ ਕੁ ਸੱਭਿਅਕ ਹੈ। ਕਿੰਨਾ ਵਿਕਸਿਤ ਹੈ, ਦਾ ਅੰਦਾਜ਼ਾ ਉਸ ਸਮਾਜ ਦੇ ਲੋਕਾਂ ਦਾ ਅਚਾਰ, ਵਿਹਾਰ, ਅਹਾਰ, ਸੋਚ-ਸੁਭਾਅ, ਆਪਸੀ ਪ੍ਰੇਮ-ਪਿਆਰ, ਆਪਸੀ ਪਿਆਰ-ਸਤਿਕਾਰ, ਆਪਸੀ ਸਹਿਯੋਗ ਤੇ ਸਹਿਹੋਂਦ ਭਾਵ ਸਮੁੱਚੇ ਰੂਪ ਵਿਚ ਉਸ ਦੇ ਸੱਭਿਆਚਾਰ ਤੋਂ ਲਾਇਆ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਸੰਸਾਰ ਕਦੋਂ ਅਤੇ ਕਿਤਨੀ ਵਾਰ ਹੋਂਦ ਵਿਚ ਆਇਆ ਅਤੇ ਵਿਨਾਸ਼ ਹੋਇਆ। ਇਸ ਸਬੰਧੀ ਵੱਖ-ਵੱਖ ਧਰਮਾਂ ਅਤੇ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਸਮੇਂ- ਸਮੇਂ ’ਤੇ ਪਰਗਟ ਕੀਤੇ ਹਨ। ਗੁਰਮਤਿ ਇਸ ਬਾਰੇ ਇਉਂ ਸੋਝੀ ਬਖ਼ਸ਼ਦੀ ਹੈ,

-ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ (ਪੰਨਾ 19)

-ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (ਪੰਨਾ 4)

-ਕਈ ਬਾਰ ਪਸਰਿਓ ਪਾਸਾਰ॥ (ਪੰਨਾ 276)

ਸਮਾਜ ਮੁੱਢਲੀਆਂ ਹਾਲਤਾਂ ਵਿਚ ਹੋਂਦ ਵਿਚ ਆਉਣ ਉਪਰੰਤ ਹਰ ਖੇਤਰ ਵਿਚ ਵਿਕਾਸ ਕਰਦਾ ਰਿਹਾ ਅਤੇ ਹਰ ਖੇਤਰ ਵਿਚ ਸਿਖਰਾਂ ਛੋਂਹਦਾ ਰਿਹਾ। ਖੋਜਾਰਥੀਆਂ ਵੱਲੋਂ ਕੀਤੀਆਂ ਖੋਜਾਂ ਇਸ ਤੱਥ ਦੀ ਸ਼ਾਹਦੀ ਭਰਦੀਆਂ ਹਨ। ਸਮਾਜ ਅਸਭਿਅਕ ਤੋਂ ਸੱਭਿਅਕ ਬਣਿਆ। ਕੋਈ ਸਮਾਜ ਕਿੰਨਾ ਕੁ ਸੱਭਿਅਕ ਹੈ। ਕਿੰਨਾ ਵਿਕਸਿਤ ਹੈ, ਦਾ ਅੰਦਾਜ਼ਾ ਉਸ ਸਮਾਜ ਦੇ ਲੋਕਾਂ ਦਾ ਅਚਾਰ, ਵਿਹਾਰ, ਅਹਾਰ, ਸੋਚ-ਸੁਭਾਅ, ਆਪਸੀ ਪ੍ਰੇਮ-ਪਿਆਰ, ਆਪਸੀ ਪਿਆਰ-ਸਤਿਕਾਰ, ਆਪਸੀ ਸਹਿਯੋਗ ਤੇ ਸਹਿਹੋਂਦ ਭਾਵ ਸਮੁੱਚੇ ਰੂਪ ਵਿਚ ਉਸ ਦੇ ਸੱਭਿਆਚਾਰ ਤੋਂ ਲਾਇਆ ਜਾਂਦਾ ਹੈ। ਮਨੁੱਖ ਦੇ ਜੀਵਨ ਨੂੰ ਮੁੱਢਲੇ ਤੌਰ ਉੱਤੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ: ਇਕ ਉਸ ਦਾ ਅੰਦਰਲਾ ਸੰਸਾਰ ਅਤੇ ਦੂਸਰਾ ਬਾਹਰਲਾ ਸੰਸਾਰ ਤਥਾ ਉਸ ਦਾ ਅਧਿਆਤਮਿਕ ਜੀਵਨ ਅਤੇ ਦੂਸਰਾ ਸੰਸਾਰਿਕ ਜੀਵਨ। ਗੁਰਬਾਣੀ ਸਮੁੱਚੇ ਸੰਸਾਰ ਲਈ ਦੋਹਾਂ ਸੰਸਾਰਾਂ ਤਥਾ ਦੋਹਾਂ ਹੀ ਜੀਵਨ ਪੰਧਾਂ ਵਿਚ ਅਗਵਾਈ ਕਰਦੀ ਹੈ। “ਗੁਰਬਾਣੀ ਇਸੁ ਜਗੁ ਮਹਿ ਚਾਨਣੁ” ਅਨੁਸਾਰ ਗੁਰਮਤਿ ਸਾਰੇ ਸੰਸਾਰ ਲਈ ਅਧਿਆਤਮਿਕ ਅਤੇ ਸੰਸਾਰਿਕ (ਸਮਾਜਿਕ) ਜੀਵਨ ਦੀ ਸਫਲਤਾ ਲਈ ਉੱਚਤਮ ਜੀਵਨ ਜੁਗਤ ਹੈ। ਇਸ ਲੇਖ ਵਿਚ ਗੁਰਮਤਿ ਵਿਚ ਬਜ਼ੁਰਗਾਂ ਦਾ ਸਤਿਕਾਰ” ਵਿਸ਼ੇ ਉੱਤੇ ਸੰਖੇਪ ਰੂਪ ਵਿਚ ਵਿਚਾਰ ਕਰਨ ਦਾ ਤੁਛ ਜਿਹਾ ਯਤਨ ਕੀਤਾ ਜਾ ਰਿਹਾ ਹੈ।

ਓਪਰੀ ਨਜ਼ਰ ਮਾਰਿਆਂ ਹੀ ਸਮਝ ਪੈਂਦੀ ਹੈ ਕਿ ਸੰਸਾਰ ਅਨੇਕਾਂ ਹੀ ਧਰਮਾਂ, ਜਾਤਾਂ, ਨਸਲਾਂ, ਰੰਗਾਂ, ਰੂਪਾਂ, ਸੱਭਿਆਚਾਰਾਂ, ਸੰਬੰਧਾਂ ਅਤੇ ਸੋਚਾਂ ਵਾਲਾ ਕੁਦਰਤ ਦਾ ਬਹੁਰੰਗੀ ਅਤੇ ਬਹੁਭਾਂਤੀ “ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ” ਦਾ ਅਜਬ ਨਜ਼ਾਰਾ ਪੇਸ਼ ਕਰਦਾ ਹੈ। ਹਰ ਸਮਾਜ ਅਨੇਕਾਂ ਹੀ ਰਿਸ਼ਤਿਆਂ-ਨਾਤਿਆਂ ਵਿਚ ਵੰਡਿਆ ਹੋਇਆ ਹੈ। ਇਨ੍ਹਾਂ ਰਿਸ਼ਤਿਆਂ-ਨਾਤਿਆਂ ਦਾ ਸਮਾਜ ਵਿਚ ਆਪਣਾ- ਆਪਣਾ ਸਥਾਨ, ਫਰਜ਼, ਅਧਿਕਾਰ, ਜ਼ਿੰਮੇਵਾਰੀਆਂ ਅਤੇ ਕਾਰਜ ਹਨ। ਗੁਰਬਾਣੀ ਜੀਵਨ ਨੂੰ ਮੋਟੇ ਤੌਰ ’ਤੇ “ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥” ਵਿਚ ਵੰਡਦੀ ਹੈ। ਬਾਲ ਅਵਸਥਾ ਵਿਚ ਬੱਚਾ ਹਰ ਪੱਖੋਂ ਆਪਣੇ ਮਾਤਾ- ਪਿਤਾ ਅਤੇ ਵੱਡੇ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਉੱਤੇ ਨਿਰਭਰ ਕਰਦਾ ਹੈ। ਬਿਰਧ ਅਵਸਥਾ ਵਿਚ ਭਾਵੇਂ ਮਨੁੱਖ ਆਪਣੇ ਬੱਚਿਆਂ, ਆਪਣੇ ਛੋਟੇ ਭੈਣ-ਭਰਾਵਾਂ ਜਾਂ ਹੋਰ ਰਿਸ਼ਤੇਦਾਰਾਂ ਉੱਤੇ ਨਿਰਭਰ ਕਰਨ ਲੱਗ ਪੈਂਦਾ ਹੈ ਪਰੰਤੂ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿਚ ਉਸ ਵੱਲੋਂ ਕੀਤੇ ਸੰਘਰਸ਼ ਵਿੱਚੋਂ ਗੁਜ਼ਰਦਿਆਂ ਪ੍ਰਾਪਤ ਤਜ਼ਰਬਾ, ਗਿਆਨ, ਜੀਵਨ ਦੀਆਂ ਅਟੱਲ ਸੱਚਾਈਆਂ ਵਡਮੁੱਲੀਆਂ ਹੁੰਦੀਆਂ ਹਨ ਜੋ ਉਹ ਆਪਣੇ ਬੱਚਿਆਂ ਤਥਾ ਛੋਟੇ ਭੈਣਾਂ-ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਜਾਂ ਉਸ ਦੇ ਸੰਪਰਕ ਵਿਚ ਆਉਂਦੇ ਹਰ ਮਨੁੱਖ ਮਾਤਰ ਲਈ ਬੇਸ਼ਕੀਮਤੀ ਹੁੰਦੇ ਹਨ। ਸਭ ਤੋਂ ਵੱਡੀ ਗੱਲ ਮਾਤਾ- ਪਿਤਾ ਦੀ ਅਸੀਸ, ਅਸ਼ੀਰਵਾਦ ਅਤੇ ਹਰ ਸਮੇਂ ਦਿੱਤਾ ਜਾਂਦਾ ਪਿਆਰ ਥਾਪੜਾ ਇਕ ਐਸੀ ਨਿਰਮੋਲਕ ਚੀਜ਼ ਹੈ ਜਿਸ ਦਾ ਦੁਨੀਆ ਦੀ ਕਿਸੇ ਵੀ ਕੀਮਤੀ ਤੋਂ ਕੀਮਤੀ ਚੀਜ਼ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜਦੋਂ ਇਹ ਸਮਝਾਉਂਦੇ ਹਨ ਕਿ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ (ਪੰਨਾ 473)

ਮਨੁੱਖ ਮਾਤਾ ਦੇ ਗਰਭ ਤੋਂ ਪੈਦਾ ਹੋ ਸਕਦਾ ਹੈ ਅਤੇ ਫਿਰ ਮਾਤਾ-ਪਿਤਾ ਹੀ ਉਸ ਦਾ ਪਾਲਣ-ਪੋਸ਼ਣ ਅਤੇ ਸਾਂਭ-ਸੰਭਾਲ ਕਰਦੇ ਹਨ ਜੋ ਇਕ ਰੱਬੀ ਕਾਰਜ ਹੀ ਹੈ। ਪਰਮਾਤਮਾ ਸਾਡਾ:

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ (ਪੰਨਾ 266)

ਰਚਨਹਾਰ, ਸਿਰਜਨਹਾਰ, ਪਾਲਕ ਅਤੇ ਹਰ ਪ੍ਰਕਾਰੀ ਦਾਤਾਂ ਬਖਸ਼ਣ ਵਾਲਾ ਵੱਡਦਾਤਾ ਹੈ। ਇਨ੍ਹਾਂ ਬਹੁਤੇ ਕਾਰਜਾਂ ਨੂੰ ਅੰਜਾਮ ਦੇਣ ਲਈ ਮਾਤਾ-ਪਿਤਾ ਹੀ ਇਕ ਸਾਧਨ ਹਨ। ਇਸ ਤਰ੍ਹਾਂ ਮਾਤਾ-ਪਿਤਾ ਧਰਤੀ ਉੱਤੇ ਚਲਦੇ-ਫਿਰਦੇ ਰੱਬ ਰੂਪ ਹੀ ਹਨ। ਮਾਤਾ-ਪਿਤਾ ਦਾ ਕਰਜ਼ਾ ਮਨੁੱਖ ਕਈ ਜਨਮ ਲੈ ਕੇ ਵੀ ਉਤਾਰ ਨਹੀਂ ਸਕਦਾ। ਪਿਤਾ ਜਾਨ ਮਾਰ ਕੇ ਸਖਤ ਮਿਹਨਤ ਕਰ ਕੇ ਆਪਣੇ ਬੱਚਿਆਂ ਦੇ ਚੰਗੇ ਪਾਲਣ- ਪੋਸ਼ਣ ਲਈ ਕਮਾਈ ਕਰਦਾ ਹੈ। ਅਨੇਕਾਂ ਕਸ਼ਟ ਝੱਲਦਾ ਹੈ। ਇਸ ਤੋਂ ਕਿਧਰੇ ਵਧੇਰੇ ਮਾਤਾ ਬੱਚੇ ਨੂੰ ਆਪਣੇ ਗਰਭ ਵਿਚ 09 ਮਹੀਨੇ ਤੋਂ ਵੀ ਵੱਧ ਸਮਾਂ ਚੁੱਕੀ ਫਿਰਦੀ ਹੈ। ਗਰਭ ਅੰਦਰ ਬੱਚਾ ਮਾਤਾ ਦੇ ਲਹੂ, ਮਿਝ ਤੋਂ ਹੀ ਬਣਦਾ ਅਤੇ ਵਿਕਸਿਤ ਹੁੰਦਾ ਹੈ। ਉਸ ਦੀ ਖੁਰਾਕ ਵਿਚ ਹਿੱਸੇਦਾਰ ਬਣਦਾ ਹੈ, ਬੱਚੇ ਦੇ ਜਨਮ ਸਮੇਂ ਮਾਤਾ ਨੂੰ ਅਸਹਿ ਤੇ ਅਕਹਿ ਜਨਮ ਪੀੜਾ ਝੱਲਣੀ ਪੈਂਦੀ ਹੈ। ਉਪਰੰਤ ਆਪਣੇ ਸਾਰੇ ਸੁਖ-ਅਰਾਮ ਕੁਰਬਾਨ ਕਰ ਕੇ ਜੀਅ-ਜਾਨ ਨਾਲ ਉਸ ਦਾ ਪਾਲਣ-ਪੋਸ਼ਣ ਕਰਦੀ ਹੈ। ਉਸ ਦਾ ਗੰਦ-ਮੰਦ ਧੋਂਦੀ ਹੈ ਅਤੇ ਉਸ ਨੂੰ ਸਾਫ-ਸੁਥਰਾ ਰੱਖਦੀ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਚੰਗੇ-ਖੁਸ਼ਹਾਲ ਜੀਵਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਦੇ ਹਨ। ਮਾਤਾ ਦੀ ਸਭ ਤੋਂ ਵੱਡੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਸ ਦਾ ਬੱਚਾ ਉਸ ਦੀ ਗੋਦ ਵਿਚ ਪਿਆ ਉਸ ਦਾ ਦੁੱਧ ਚੁੰਘ ਰਿਹਾ ਹੁੰਦਾ ਹੈ ਅਤੇ ਉਹ ਉਸ ਨੂੰ ਅਸੀਸਮਈ ਲੋਰੀਆਂ ਦੇ ਰਹੀ ਹੁੰਦੀ ਹੈ। ਵੱਡੇ ਹੋਇਆਂ ਜਦੋਂ ਮਾਤਾ ਮਹਿਸੂਸ ਕਰਦੀ ਹੈ ਕਿ ਉਸ ਵੱਲੋਂ ਤਿਆਰ ਕੀਤਾ ਭੋਜਨ ਖਾ ਕੇ ਬੱਚਾ ਖੁਸ਼ ਅਤੇ ਅਨੰਦਿਤ ਹੋ ਗਿਆ ਹੈ। ਉਹ ਖੁਸ਼ੀ ਵਿਚ ਖੀਵੀ ਹੋ ਜਾਂਦੀ ਹੈ। ਬੱਚੇ ਵੱਲੋਂ ਵਿੱਦਿਆ, ਖੇਡਾਂ ਜਾਂ ਹੋਰ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਮਾਤਾ-ਪਿਤਾ ਲਈ ਇਕ ਖੁਸ਼ੀਆਂ ਭਰਿਆ ਖ਼ਜ਼ਾਨਾ ਹੁੰਦਾ ਹੈ। ਉਨ੍ਹਾਂ ਦਾ ਬੱਚਾ ਚੰਗੇ ਕਾਰੋਬਾਰ ਵਿਚ ਸਥਾਪਿਤ ਹੋ ਜਾਵੇ ਤਾਂ ਮਾਤਾ-ਪਿਤਾ ਆਪਣੀ ਕੀਤੀ ਮਿਹਨਤ ਸਫਲ ਸਮਝਦੇ ਹਨ। ਮਾਤਾ-ਪਿਤਾ ਦੀ ਖੁਸ਼ੀ ਦਾ ਇਕ ਹੋਰ ਐਸਾ ਮੌਕਾ ਆਉਂਦਾ ਹੈ ਜਦੋਂ ਉਹ ਫੁੱਲੇ ਨਹੀਂ ਸਮਾਉਂਦੇ, ਉਹ ਹੁੰਦਾ ਹੈ ਜਦੋਂ ਉਹ ਪੂਰੇ ਚਾਵਾਂ- ਮਲਾਰਾਂ ਨਾਲ ਆਪਣੇ ਬੱਚੇ-ਬੱਚੀ ਦਾ ਅਨੰਦ ਕਾਰਜ ਕਰਦੇ ਹਨ। ਭਾਵੇਂ ਕਈ ਵਾਰ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਢੇਰ ਸਾਰਾ ਜ਼ੋਖ਼ਮ ਵੀ ਉਠਾਉਣਾ ਪੈਂਦਾ ਹੈ। ਜਦੋਂ ਕਿਸੇ ਪੁੱਤਰ ਜਾਂ ਧੀ ਨੂੰ ਜੀਵਨ ਦੇ ਕਿਸੇ ਵੀ ਖੇਤਰ ਵਿਚ ਕੋਈ ਮਾਣ ਕਰਨਯੋਗ ਪ੍ਰਾਪਤੀ ਹੁੰਦੀ ਹੈ ਤਾਂ ਉਹ ਉਸ ਖੁਸ਼ੀ ਨੂੰ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਅਤੇ ਪ੍ਰਾਪਤੀ ਦਾ ਪਤਾ ਲੱਗਣ ’ਤੇ ਮਾਪਿਆਂ ਦੀ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹਿੰਦੀ। ਐਸਾ ਰਿਸ਼ਤਾ ਹੁੰਦਾ ਹੈ ਮਾਪਿਆਂ ਅਤੇ ਔਲਾਦ ਦਾ। ਸ੍ਰੀ ਗੁਰੂ ਅਮਰਦਾਸ ਜੀ ਨੂੰ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸੱਚੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਅਤੇ ਉਹ ਧੰਨ ਹੋ ਗਏ। ਆਤਮਿਕ ਸੰਤੁਸ਼ਟੀ ਪ੍ਰਾਪਤੀ ਹੋ ਗਈ ਤਾਂ ਫਿਰ ਆਪ ਮੁਹਾਰੇ ਆਪਣੀ ਸਤਿਕਾਰਯੋਗ ਮਾਤਾ ਜੀ ਨੂੰ ਸੰਬੋਧਨ ਹੁੰਦਿਆਂ ਪੁਕਾਰ ਉੱਠਦੇ ਹਨ:-

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ (ਪੰਨਾ 917)

ਇਸ ਦੇ ਨਾਲ ਹੀ ਇਕ ਹੋਰ ਅਵਸਰ ਖੁਸ਼ੀਆਂ ਭਰਪੂਰ ਹੋ ਨਿਬੜਦਾ ਹੈ ਜਦੋਂ ਉਹ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣ ਜਾਂਦੇ ਹਨ। ਕੁਝ ਸਮਾਂ ਬਾਅਦ ਜਿਵੇਂ ਸੂਰਜ ਸਵੇਰੇ ਚੜ੍ਹਦਾ ਹੈ, ਦੁਪਹਿਰ ਨੂੰ ਸਿਖਰ ਉੱਤੇ ਹੁੰਦਾ ਹੈ, ਤੀਜੇ ਪਹਿਰ ਢਲਦਾ ਹੈ ਅਤੇ ਅੰਤ ਡੁੱਬ ਜਾਂਦਾ ਹੈ। ਮਨੁੱਖੀ ਜੀਵਨ ਵੀ ਇਉਂ ਹੀ ਚੱਲਦਾ ਹੈ, ਮਾਤਾ-ਪਿਤਾ ਦੀ ਉਮਰ ਦਾ ਤੀਜਾ ਪਹਿਰ ਅਤੇ ਫਿਰ ਬੁਢਾਪਾ ਆ ਜਾਂਦਾ ਹੈ। ਫਿਰ ਜਿਵੇਂ ਮਾਲਵਾ ਖੇਤਰ ਦੀ ਅਖਾਣ ਹੈ, “ਕਦੇ ਬਾਬੇ ਦੀਆਂ ਅਤੇ ਕਦੇ ਪੋਤੇ ਦੀਆਂ” ਭਾਵ ਪਹਿਲਾਂ ਦਾਦਾ-ਦਾਦੀ ਬੱਚੇ ਨੂੰ ਉਂਗਲ ਲਾਉਂਦੇ ਹਨ, ਉਸ ਦਾ ਸਹਾਰਾ ਬਣਦੇ ਹਨ ਅਤੇ ਬੁਢਾਪੇ ਵਿਚ ਉਹੀ ਬੱਚੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਡੰਗੋਰੀ ਬਣਦੇ ਹਨ। ਬਸ! ਇਹ ਸਮਾਂ ਹੁੰਦਾ ਹੈ ਉਨ੍ਹਾਂ ਬੱਚਿਆਂ ਤੋਂ ਵੱਡੇ ਜੁਆਨ ਹੋਏ ਪੁੱਤਰਾਂ-ਨੂੰਹਾਂ ਦੇ ਇਮਤਿਹਾਨ ਦਾ। ਕੀ ਉਹ ਆਪਣੇ ਮਾਤਾ-ਪਿਤਾ ਬਜ਼ੁਰਗਾਂ ਪ੍ਰਤੀ ਆਪਣਾ ਫਰਜ਼ ਪਹਿਚਾਣਦੇ ਹਨ ਜਾਂ ਨਹੀਂ? ਬੱਚਿਆਂ ਅਤੇ ਮਾਪਿਆਂ ਦਰਮਿਆਨ ਅਲੋਪ ਹੋ ਰਹੇ ਪਿਆਰ- ਸਤਿਕਾਰ ਕਾਰਨ ਪਰਵਾਰਾਂ ਅੰਦਰ ਉਥਲ-ਪੁਥਲ ਹੋਈ ਪਈ ਹੈ ਅਤੇ ਸਾਡਾ ਸਾਰਾ ਸਮਾਜਿਕ ਢਾਂਚਾ ਦਰਮ-ਬਰਮ ਹੋਇਆ ਪਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਮਾਂ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਸਮੇਂ ਦੀ ਤੇਜ਼ ਚਾਲ ਦੇ ਨਾਲ-ਨਾਲ ਬੰਦੇ ਦੀ ਸੋਚ ਵੀ ਬਦਲ ਰਹੀ ਹੈ। ਕਿਸੇ ਸਮੇਂ ਮਾਤਾ-ਪਿਤਾ ਦਾ ਆਦਰ ਸਤਿਕਾਰ, ਸੇਵਾ ਆਦਿ ਰੱਬ ਰੂਪ ਸਮਝ ਕੇ ਤਾਂ ਕੀਤੀ ਜਾਂਦੀ ਸੀ ਪਰੰਤੂ ਹਰ ਬਜ਼ੁਰਗ ਅਤੇ ਖਾਸ ਕਰਕੇ ਅਧਿਆਪਕ ਦਾ ਸਤਿਕਾਰ ਵੀ ਗਿਆਨ-ਗੁਰੂ ਰੂਪ ਵਿਚ ਕੀਤਾ ਜਾਂਦਾ ਸੀ। ਪਰੰਤੂ ਹੁਣ ਸਮਾਂ ਪਦਾਰਥਵਾਦੀ ਆ ਗਿਆ ਹੈ। ਮਨੁੱਖ ਲਈ ਸਾਰੀਆਂ ਨੇਕੀਆਂ, ਪਰਉਪਕਾਰ, ਪਿਆਰ, ਸਤਿਕਾਰ, ਪ੍ਰੇਮ, ਸਹਿਹੋਂਦ, ਮਾਤਾ-ਪਿਤਾ, ਬਜ਼ੁਰਗਾਂ ਤਥਾ ਅਧਿਆਪਕ ਦਾ ਸਤਿਕਾਰ ਤਕਰੀਬਨ ਜ਼ਿੰਦਗੀ ਵਿੱਚੋਂ ਮਨਫ਼ੀ ਹੀ ਹੋ ਗਿਆ। ਇਸ ਸਦਾਚਾਰ ਤੋਂ ਕੋਰੀ ਨਿਰਮੋਹੀ ਪਦਾਰਥਵਾਦੀ ਸੋਚ ਅਤੇ ਅਖੌਤੀ ਆਧੁਨਿਕਤਾ ਵੱਲੋਂ ਚੁੰਧਿਆਈ ਹੋਈ ਨੌਜਵਾਨ ਪੀੜ੍ਹੀ ਆਪਣੇ ਸਮਾਜਿਕ ਫਰਜ਼ਾਂ ਤੋਂ ਭਗੌੜੀ ਹੋ ਕੇ ਆਪਣੇ ਬਜ਼ੁਰਗਾਂ ਨੂੰ ਇਉਂ ਪਰ੍ਹੇ ਸੁੱਟ ਰਹੀ ਹੈ ਜਿਵੇਂ ਕਿਸੇ ਫਟੀ-ਪੁਰਾਣੀ ਲੀਰ ਨੂੰ ਕਿੱਕਰ ਉੱਤੇ ਸੁੱਟ ਦੇਈ ਦਾ ਹੈ। ਅੰਗਰੇਜ਼ੀ ਦਾ ਅਖਾਣ ਹੈ: “DO UNTO OTHERS AS YOU WISH TO BE DONE BY” ਭਾਵ ਤੁਸੀਂ ਦੂਸਰਿਆਂ ਨਾਲ ਉਹਾ ਜਿਹਾ ਵਿਹਾਰ ਕਰੋ, ਜਿਸ ਤਰ੍ਹਾਂ ਦੇ ਵਿਹਾਰ ਦੀ ਤੁਸੀਂ ਆਪ ਆਸ ਰੱਖਦੇ ਹੋ। ਇਹ ਗੱਲ ਨੌਜਵਾਨ ਪੀੜ੍ਹੀ ਦੇ ਸਮਝਣ ਯੋਗ ਹੈ। ਪਰੰਤੂ ਅਜੋਕਾ ਮਨੁੱਖ ਤਾਂ ਹਲਕਾਏ ਕੁੱਤੇ ਵਾਂਗ ਮਾਇਆ-ਪਦਾਰਥ ਦੇ ਪਿੱਛੇ ਪਿਆ ਹੋਇਆ ਹੈ। ਗੁਰੂ ਸਾਹਿਬ ਮਨੁੱਖ ਦੀ ਅਜਿਹੀ ਸੋਚ ਬਾਰੇ ਇਉਂ ਸਪੱਸ਼ਟ ਕਰਦੇ ਹਨ:

-ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ (ਪੰਨਾ 50)

-ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥ (ਪੰਨਾ 496)

ਭਾਵ ਹਰ ਮਨੁੱਖ ਵੱਧ ਤੋਂ ਵੱਧ ਰਾਜਸੀ ਜਾਂ ਦੂਸਰੀ ਸ਼ਕਤੀ ਦੀ ਪ੍ਰਾਪਤੀ, ਵੱਧ ਤੋਂ ਵੱਧ ਧਨ ਇਕੱਠਾ ਕਰਨ ਅਤੇ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾਉਣ, ਸਿਰੇ ਦੀ ਐਸ਼-ਪ੍ਰਸਤੀ ਵਿਚ ਅੰਨ੍ਹੇਵਾਹ ਰੁਝਿਆ ਹੋਇਆ ਹੈ। ਕੋਈ ਸਿਧਾਂਤ, ਕੋਈ ਮਰਯਾਦਾ, ਕੋਈ ਨੈਤਿਕਤਾ, ਕੋਈ ਸਮਾਜਿਕ ਕਦਰਾਂ-ਕੀਮਤਾਂ ਉਸ ਲਈ ਮਾਇਨਾ ਨਹੀਂ ਰੱਖਦੀਆਂ ਅਤੇ ਉਸ ਦੀ ਜ਼ਿੰਦਗੀ ਦਾ ਏਜੰਡਾ ਮਤਲਬਪ੍ਰਸਤੀ, ਮੌਕਾਪ੍ਰਸਤੀ, ਨਿੱਜਪ੍ਰਸਤੀ ਅਤੇ ਖੁਦਗਰਜੀ ਉੱਤੇ ਆਧਾਰਿਤ ਹੈ। ਧਰਮ, ਕਰਮ, ਪੁੰਨ-ਦਾਨ, ਨੇਕੀ-ਪਰਉਪਕਾਰ, ਗਰੀਬਾਂ-ਲੋੜਵੰਦਾਂ ਦੀ ਸਹਾਇਤਾ ਉਸ ਦੀ ਜ਼ਿੰਦਗੀ ਦਾ ਵਿਖਾਵਾ ਅਤੇ ਅਡੰਬਰ ਬਣ ਕੇ ਰਹਿ ਗਿਆ ਹੈ। ਧਾਰਮਿਕ ਅਸਥਾਨਾਂ ਉੱਤੇ ਜਾਣਾ ਅਮੁੱਕ ਇੱਛਾਵਾਂ ਦੀ ਪੂਰਤੀ ਲਈ ਪ੍ਰਾਰਥਾਨਾਵਾਂ ਅਤੇ ਬੇਨਤੀਆਂ ਕਰਨੀਆਂ ਕੇਵਲ ਇਕ ਵਣਜ ਅਤੇ ਵਿਖਾਵਾ ਹੀ ਬਣ ਕੇ ਰਹਿ ਗਿਆ ਹੈ। ਇਹ ਸਭ ਕੁਝ ਨਿੱਜ- ਸੁਆਰਥ ਜਾਂ ਹਉਮੈਂ ਅਧੀਨ ਹੀ ਕੀਤਾ ਜਾ ਰਿਹਾ ਹੈ ਕਿਉਂ ਕਿ “ਵਡੇ ਵਡੇ ਜੋ ਦੀਸਹਿ ਲੋਗ॥ ਤਿਨ ਕਉ ਬਿਆਪੈ ਚਿੰਤਾ ਰੋਗ॥” ਦਾ ਹੀ ਬੋਲਬਾਲਾ ਹੈ। ਇਹ ਤਾਂ “ਬਿਨਾ ਸੰਤੋਖ ਨਹੀ ਕੋਉੂ ਰਾਜੈ॥” ਵਾਲੀ ਗੱਲ ਹੀ ਹੈ। ਮਾਤਾ-ਪਿਤਾ ਜਾਂ ਹੋਰ ਬਜ਼ੁਰਗ ਉਸ ਲਈ ਇਕ ਬੇਲੋੜਾ ਭਾਰ ਹੀ ਬਣ ਕੇ ਰਹਿ ਗਏ ਹਨ। ਗੁਰ ਇਤਿਹਾਸ ਵੱਲ ਝਾਤ ਮਾਰਦਿਆਂ ਸਮਝ ਪੈਂਦੀ ਹੈ ਕਿ ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿਚ ਰਹਿੰਦਿਆਂ, ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਕਾਰਨ ਹੀ ਪ੍ਰਵਾਨ ਚੜ੍ਹੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਅਤੇ ਇਸੇ ਤਰ੍ਹਾਂ ਹੀ ਭਾਈ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਲੀਨ ਆਗਿਆ ਦਾ ਪਾਲਣ ਕਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਸਜੇ ਅਤੇ ਘੁੰਗਣੀਆਂ ਵੇਚਣ ਵਾਲਾ ਅਨਾਥ ਭਾਈ ਜੇਠਾ ਸ੍ਰੀ ਗੁਰੂ ਅਮਰਦਾਸ ਜੀ ਦੀ ਹਰ ਆਗਿਆ ਦਾ ਸਤਿਕਾਰ ਅਤੇ ਪਾਲਣ ਕਰਦਿਆਂ ਸੇਵਾ-ਸਿਮਰਨ ਕਰ ਕੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਬਣੇ। ਸ੍ਰੀ ਗੁਰੂ ਰਾਮਦਾਸ ਜੀ ਦੇ ਆਗਿਆਕਾਰ ਪੁੱਤਰ ਹੋਣ ਕਾਰਨ ਹੀ ਸ੍ਰੀ ਅਰਜਨ ਦੇਵ ਜੀ ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਣੇ। ਸਾਰਾ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਇਸ ਤਰ੍ਹਾਂ ਦੀਆਂ ਅਣਗਿਣਤ ਮਿਸਾਲਾਂ ਨਾਲ ਭਰਿਆ ਪਿਆ ਹੈ। ਗੁਰੂ ਕੇ ਸਿੱਖਾਂ ਨੇ ਵੀ ਗੁਰੂ ਸਾਹਿਬਾਨ ਦਾ ਧੁਰ ਅੰਤਹਕਰਣ ਤੋਂ ਸਤਿਕਾਰ, ਸੇਵਾ, ਸਿਮਰਨ ਅਤੇ ਅਗਿਆਕਾਰੀ ਹੋ ਕੇ ਮਹਾਨ ਕੁਰਬਾਨੀਆਂ ਵੀ ਦਿੱਤੀਆਂ ਅਤੇ ਬੜੇ ਰੁਤਬੇ ਵੀ ਪ੍ਰਾਪਤ ਕੀਤੇ। ਨਿਸਚੇ ਹੀ ਬਜ਼ੁਰਗਾਂ ਦੀ ਸੇਵਾ, ਆਗਿਆਕਾਰਤਾ ਅਤੇ ਸਤਿਕਾਰ ਬਰਾਬਰ ਹੋਰ ਕੋਈ ਧਰਮ ਕਾਰਜ ਨਹੀਂ ਹੈ। ਬਜ਼ੁਰਗਾਂ ਦੇ ਧੁਰ ਅੰਦਰੋਂ ਦਿੱਤੀ ਅਸੀਸ, ਅਸ਼ੀਰਵਾਦ, ਸ਼ਾਬਾਸ਼ ਦੇ ਬਰਾਬਰ ਵੱਡੇ ਤੋਂ ਵੱਡਾ ਕੋਈ ਵੀ ਪੁੰਨ-ਦਾਨ, ਹਵਨ, ਯੱਗ, ਪਾਠ, ਪੂਜਾ ਜਾਂ ਧਾਰਮਿਕ ਯਾਤਰਾ ਨਹੀਂ ਹੈ। ਉਨ੍ਹਾਂ ਦੀ ਅਸੀਸ ਤਾਂ ਰੱਬੀ ਰਹਿਮਤ ਹੀ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਅਜਿਹੇ ਹਾਲਾਤ ਬਾਰੇ ਭਰਪੂਰ ਚਾਨਣਾ ਪਾਇਆ ਹੈ। ਭਾਈ ਸਾਹਿਬ ਤਾਂ ਸਾਨੂੰ ਸਪੱਸ਼ਟ ਰੂਪ ਵਿਚ ਸਮਝਾਉਂਦੇ ਹਨ ਕਿ ਜਿਸ ਦੇ ਘਰ-ਪਰਵਾਰ ਵਿਚ ਉਸ ਦੇ ਬਜ਼ੁਰਗ ਮੌਜੂਦ ਹਨ ਉਨ੍ਹਾਂ ਦੀ ਸੇਵਾ ਅਤੇ ਆਗਿਆਕਾਰਤਾ ਤੋਂ ਵੱਡਾ ਨਾ ਤਾਂ ਕੋਈ ਪੁੰਨ ਹੈ ਨਾਂ ਹੀ ਕੋਈ ਹੋਰ ਉੱਤਮ ਕਾਰਜ ਹੈ। ਰੱਬ ਰੂਪੀ ਮਾਤਾ-ਪਿਤਾ ਦੀ ਆਗਿਆ ਵਿਚ ਰਹਿੰਦਿਆਂ ਉਨ੍ਹਾਂ ਦੀ ਤਨੋਂ-ਮਨੋਂ ਕੀਤੀ ਸੇਵਾ ਅਤੇ ਮਾਪਿਆਂ- ਬਜ਼ੁਰਗਾਂ ਦੇ ਪ੍ਰਸੰਨ ਹੋ ਕੇ ਧੁਰ ਅਤੰਹਕਰਣ ਤੋਂ ਦਿੱਤੀ ਅਸੀਸ ਤਾਂ ਰੱਬੀ ਰਹਿਮਤ ਹੀ ਹੁੰਦੀ ਹੈ।

ਭਾਈ ਗੁਰਦਾਸ ਜੀ ਦੀ ਵਾਰ ਅਜੋਕੀ ਨੌਜਵਾਨ ਪੀੜ੍ਹੀ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ। ਭਾਈ ਗੁਰਦਾਸ ਜੀ ਤਾਂ ਮਾਤਾ-ਪਿਤਾ ਤੋਂ ਬਿਨਾਂ ਹੋਰ ਕਿਸੇ ਵੀ ਧਾਰਮਿਕ ਸਥਾਨ ਨੂੰ ਵੱਡਾ ਤੀਰਥ ਸਥਾਨ ਹੀ ਨਹੀਂ ਮੰਨਦੇ। ਉਹ ਲਿਖਦੇ ਹਨ:

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ।
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ।
ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ।
ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣਵਾਣੀ।
ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮ ਭੁਲਾਣੀ।
ਗੁਰੁ ਪਰਮੇਸਰੁ ਸਾਰੁ ਨ ਜਾਣੀ॥ (ਵਾਰ 37:13)

ਸਤਿਗੁਰੂ ਮਨੁੱਖ ਨੂੰ ਕਰਮ-ਕਾਂਡ, ਪਖੰਡ ਅਤੇ ਮਨੁੱਖ ਦੀਆਂ ਸਥਾਪਿਤ ਕੀਤੀਆਂ ਭਰਮ-ਭੁਲੇਖੇ ਉੱਤੇ ਆਧਾਰਿਤ ਵਸਤੂਆਂ ਦੀ ਪੂਜਾ ਤੋਂ ਵਰਜਦੇ ਹਨ ਕਿਉਂਕਿ ਮਨੁੱਖ ਨੂੰ ਕੁਝ ਦੇਣ ਦੇ ਯੋਗ ਨਹੀਂ ਹਨ ਸਗੋਂ ਰੱਬ ਰੂਪ ਮਾਤਾ-ਪਿਤਾ ਦੀ ਅਸੀਸ ਤਾਂ ਮਨੁੱਖ ਨੂੰ ਸਭ ਗਲਤੀਆਂ ਤੇ ਪਾਪ ਬਖਸ਼ਾਉਣ ਦੇ ਸਮਰੱਥ ਹੁੰਦੀ ਹੈ।ਬੱਚੇ ਮਾਤਾ-ਪਿਤਾ ਦੀ ਜਾਇਦਾਦ ਧਨ-ਦੌਲਤ ’ਤੇ ਤਾਂ ਅੱਖ ਰੱਖਦੇ ਹਨ ਅਤੇ ਉਸ ਦੀ ਜਲਦ ਪ੍ਰਾਪਤੀ ਲਈ ਹਮੇਸ਼ਾਂ ਹੀ ਉਤਾਵਲੇ ਰਹਿੰਦੇ ਹਨ ਕਿਉਂ ਕਿ ਉਹ ਉਨ੍ਹਾਂ ਦੇ “ਵਾਰਸ” ਹਨ ਪਰੰਤੂ ਪੁੱਤਰ ਦਾ ਮਾਤਾ-ਪਿਤਾ ਪ੍ਰਤੀ ਨੈਤਿਕ ਅਤੇ ਸਮਾਜਿਕ ਫਰਜ਼ ਕੀ ਹੈ ਉਸ ਨੂੰ ਨਿਭਾਉਣ ਤੋਂ ਹਮੇਸ਼ਾਂ ਦੂਰ ਭੱਜਦੇ ਹਨ। ਇਉਂ ਜਾਪਦਾ ਹੈ ਜਿਵੇਂ ਮਾਪਿਆਂ ਅਤੇ ਔਲਾਦ ਦਾ ਰਿਸ਼ਤਾ ਵੀ ਇਕ ਸੁਆਰਥੀ ਵਣਜ ਹੀ ਬਣਦਾ ਜਾ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਜੀ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਸੰਬੋਧਨ ਹੁੰਦਿਆਂ ਹਰਸ ਮੇਂ ਦੀ ਨੌਜਵਾਨ ਪੀੜ੍ਹੀ ਨੂੰ ਇਉਂ ਸਮਝਾਉਂਦੇ ਹਨ:

ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ॥
ਖਿਨ ਮਹਿ ਛੋਡਿ ਜਾਇ ਬਿਿਖਆ ਰਸੁ ਤਉ ਲਾਗੈ ਪਛੁਤਾਪ॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ॥
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ॥ (ਪੰਨਾ 1200)

ਸ੍ਰੀ ਗੁਰੂ ਅਰਜਨ ਦੇਵ ਜੀ ਵੀ ਬੱਚਿਆਂ ਵੱਲੋਂ ਜਾਣੇ-ਅਣਜਾਣੇ ਵਿਚ ਕੀਤੀਆਂ ਜਾਂਦੀਆਂ ਅਣਗਿਣਤ ਗਲਤੀਆਂ ਨੂੰ ਪਿਤਾ ਵੱਲੋਂ ਆਪਣੇ ਬੱਚਿਆਂ ਨੂੰ ਸਮਝਾ-ਬੁਝਾ ਕੇ ਤਥਾ ਝਿੜਕ-ਝੰਬ ਕਰ ਕੇ ਮੁਆਫ ਕਰ ਦੇਣ ਦੇ ਗੁਣ ਬਾਰੇ ਚਾਨਣਾ ਪਾਉਂਦੇ ਹਨ। ਅਸਲ ਵਿਚ ਗੁਰਮਤਿ ਵਿਚਾਰਧਾਰਾ “ਮਨੁੱਖ ਨੂੰ ਸਜ਼ਾ ਦੇਣ ਦੇ ਹੱਕ ਵਿਚ ਨਹੀਂ ਸਗੋਂ ਉਸ ਦੀਆਂ ਗਲਤੀਆਂ ਨੂੰ ਸੁਧਾਰ ਕੇ ਉਸ ਨੂੰ ਅੱਗੋਂ ਦਰੁਸਤ ਕਰਨ ਲਈ ਪ੍ਰੇਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਆਪਣੇ ਗ੍ਰਿਹ-ਕੁਟੰਬ ਵਿਚ ਲੋੜ ਤੋਂ ਵੱਧ ਖੱਚਿਤ ਹੋਣ ਤੋਂ ਵਰਜਦੇ ਹਨ। ਹਾਂ! ਉਹ ਆਪਣਾ ਗ੍ਰਿਹਸਥੀ ਫਰਜ਼ ਤਾਂ ਪੂਰੀ ਤਨਦੇਹੀ ਨਾਲ ਨਿਭਾਏ। ਪਰੰਤੂ ਉਨ੍ਹਾਂ ਦੇ ਸੁਖ-ਅਰਾਮ ਦੀ ਖਾਤਰ ਅਨੈਤਿਕ ਲੁੱਟ, ਖਸੁੱਟ, ਧੋਖਾ ਤੇ ਬੇਈਮਾਨੀ, ਪਰਾਇਆ ਹੱਕ ਆਦਿ ਤੋਂ ਵਰਜਦੇ ਹਨ ਕਿਉਂਕਿ “ਨਾਮ” ਤੋਂ ਬਿਨਾਂ ਅੰਤ ਸਮੇਂ ਇਹ ਸਭ ਸਾਥ ਛੱਡ ਜਾਂਦੇ ਹਨ। ਗੁਰਵਾਕ ਹੈ:

ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ॥ (ਪੰਨਾ 900)

ਆਪਣੇ ਗ੍ਰਿਹਸਥ-ਪਰਵਾਰ ਦੇ ਸੁਖ-ਅਰਾਮ, ਐਸ਼-ਓ-ਇਸ਼ਰਤ ਨੂੰ ਲੋਕਾਂ ਦੀ ਲੁੱਟ ਕਰ ਕੇ ਧਨ ਲਿਆਉਣ ਦੀ ਬਿਰਤੀ ਤੋਂ ਵੀ ਸੰਕੋਚ ਕਰਨ ਲਈ ਪ੍ਰੇਰਦੇ ਹਨ। ਗੁਰਵਾਕ ਹੈ:

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥ (ਪੰਨਾ 656)

ਗੁਰਮਤਿ ਫ਼ਲਸਫ਼ਾ ਤਾਂ ਦਾਨਵ ਨੂੰ ਸੁਧਾਰ ਕੇ ਮਾਨਵ ਬਣਾਉਣ ਵਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ “ਆਸਾ ਕੀ ਵਾਰ” ਵਿਚ ਇਉਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਨ। ਗੁਰਵਾਕ ਹੈ:

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 462)

ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ (ਪੰਨਾ 624)

ਭਗਤ ਕਬੀਰ ਜੀ ਰੱਬ ਰੂਪੀ ਮਾਤਾ-ਪਿਤਾ ਦੇ ਆਪਣੇ ਬੱਚਿਆਂ ਪ੍ਰਤੀ ਪਿਆਰ, ਸਨੇਹ ਅਤੇ ਖੁੱਲ੍ਹਦਿਲੀ ਅਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਘੋਰ ਅਪਰਾਧਾਂ ਨੂੰ ਮੁਆਫ ਕਰ ਦੇਣ ਦਾ ਜਿਗਰਾ ਆਦਿ ਬਾਰੇ ਬਹੁਤ ਹੀ ਭਾਵਪੂਰਿਤ ਤਰੀਕੇ ਨਾਲ ਸਮਝਾਉਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਦਰਿਆ-ਦਿਲ ਹੁੰਦੇ ਹਨ ਤਾਂ ਫਿਰ ਬੱਚਿਆਂ ਅੰਦਰ ਉਨ੍ਹਾਂ ਪ੍ਰਤੀ ਬੇਰੁਖੀ ਅਤੇ ਤੰਗਦਿਲੀ ਕਿਉਂ ਪੈਦਾ ਹੁੰਦੀ ਹੈ? ਜਦੋਂ ਕਿ ਸਚਾਈ ਇਹ ਵੀ ਹੈ ਕਿ ਸਮਾਂ ਆਉਣ ’ਤੇ ਬੁਢਾਪਾ ਉਨ੍ਹਾਂ ਉੱਤੇ ਵੀ ਆਉਣਾ ਹੈ ਅਤੇ ਉਹ ਉਸ ਸਮੇਂ ਬੁਢਾਪੇ ਦੇ ਇਕਲਾਪੇ ਵਿਚ ਆਪਣੇ ਬੱਚਿਆਂ ਤੋਂ ਕੀ ਆਸ ਰੱਖਦੇ ਹਨ? ਬਸ! ਇਹੋ ਹੀ ਨੁਕਤਾ ਹਰ ਨੌਜਵਾਨ ਬੱਚੇ ਲਈ ਸਮਝਣ ਦੀ ਲੋੜ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ:

ਸੁਤੁ ਅਪਰਾਧ ਕਰਤ ਹੈ ਜੇਤੇ॥
ਜਨਨੀ ਚੀਤਿ ਨ ਰਾਖਸਿ ਤੇਤੇ॥
ਰਾਮਈਆ ਹਉ ਬਾਰਿਕੁ ਤੇਰਾ॥
ਕਾਹੇ ਨ ਖੰਡਸਿ ਅਵਗਨੁ ਮੇਰਾ॥ ਰਹਾਉ॥
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥ਰਹਾਉ॥
ਜੇ ਅਤਿ ਕ਼੍ਰੋਪ ਕਰੇ ਕਰਿ ਧਾਇਆ॥
ਤਾ ਭੀ ਚੀਤਿ ਨ ਰਾਖਸਿ ਮਾਇਆ॥ (ਪੰਨਾ 478)

ਭਗਤ ਨਾਮਦੇਵ ਜੀ ਸਮਝਾਉਂਦੇ ਹਨ ਕਿ ਜੇਕਰ ਮਾਪੇ ਆਪਣੇ ਪੁੱਤਰ-ਮੋਹ ਵਿਚ ਆ ਕੇ ਉਸ ਨੂੰ ਆਪਣੇ ਧਰਮ-ਦੀਨ ਅਤੇ ਸਿਧਾਂਤ ਤੋਂ ਡੋਲਣ ਲਈ ਮਜਬੂਰ ਕਰਦੇ ਹਨ ਭਾਵ ਗਲਤ ਰਸਤੇ ਪਾਉਂਦੇ ਹਨ ਤਾਂ ਬੱਚੇ ਆਪਣੀ ਸਚਾਈ ਅਤੇ ਸਿੱਦਕ ਉੱਤੇ ਕਾਇਮ ਰਹਿੰਦਿਆਂ ਜ਼ਰੂਰ ਆਪਣੇ ਮਾਪਿਆਂ ਤੋਂ ਬਾਗੀ ਹੋ ਸਕਦੇ ਹਨ। ਜਦੋਂ ਬਾਦਸ਼ਾਹ ਮੁਹੰਮਦ ਤੁਗਲਕ ਨੇ ਭਗਤ ਨਾਮਦੇਵ ਜੀ ਨੂੰ “ਜਾਂ ਧਰਮ ਤਬਦੀਲ ਕਰੋ ਜਾਂ ਮੌਤ ਕਬੂਲ” ਦਾ ਹੁਕਮ ਚਾੜਿਆ ਤਾਂ ਭਗਤ ਜੀ ਦੀ ਮਾਤਾ ਨੇ ਪੁੱਤਰ ਮੋਹ ਵਿਚ ਆ ਕੇ ਉਸ ਨੂੰ ਧਰਮ ਤਿਆਗਣ ਦੀ ਸਲਾਹ ਦਿੱਤੀ ਤਾਂ ਭਗਤ ਨਾਮਦੇਵ ਜੀ ਨੇ ਸਾਫ ਜਵਾਬ ਦੇ ਦਿੱਤਾ। ਉਨ੍ਹਾਂ ਦੇ ਸਾਹਮਣੇ ਸਾਰਿਆਂ ਜੀਵਾਂ, ਖੰਡ-ਬ੍ਰਹਿਮੰਡਾਂ ਦਾ ਸਿਰਜਨਹਾਰ ਅਕਾਲ ਪੁਰਖ ਹੀ ਸਭ ਦਾ ਸਾਂਝਾ ਬਾਪ ਅਤੇ ਮਾਤਾ ਸੀ ਫਿਰ ਉਹ ਅਜਿਹੀ ਅਵੱਗਿਆ ਅਤੇ ਪਾਪ ਕਿਉਂ ਕਰੇ? ਜਿਸ ਤਰ੍ਹਾਂ ਗੁਰੂ ਸਾਹਿਬ ਅਕਾਲ ਪੁਰਖ ਦਾ ਗੁਣ ਗਾਇਣ ਕਰਦਿਆਂ ਫੁਰਮਾਉਂਦੇ ਹਨ:

-ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ॥ (ਪੰਨਾ 262)

-ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਿਧ ਤੇਰੈ ਅਖੁਟ ਭੰਡਾਰਾ॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥ (ਪੰਨਾ 97)

-ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ॥
ਤੁਝ ਬਿਨੁ ਅਵਰੁ ਨਹੀ ਕੋ ਮੇਰਾ॥ (ਪੰਨਾ 1144)

ਭਗਤ ਨਾਮਦੇਵ ਜੀ ਦੀ ਮਾਤਾ ਪੁੱਤਰ ਪਿਆਰ ਵਿਚ ਆ ਕੇ ਜਦੋਂ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਦੀ ਹੈ ਤਾਂ ਉਸ ਵਾਰਤਲਾਪ ਨੂੰ ਭਗਤ ਜੀ ਨੇ ਆਪਣੀ ਬਾਣੀ ਵਿਚ ਇਉਂ ਅੰਕਿਤ ਕੀਤਾ ਹੈ:

ਰੁਦਨੁ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥ ਪਿੰਡੁ ਪੜੈ ਤਉ ਹਰਿ ਗੁਨ ਗਾਇ॥ (ਪੰਨਾ 1165)

ਅਸਲ ਵਿਚ ਮਾਤਾ-ਪਿਤਾ ਦਾ ਖਾਸ ਕਰਕੇ ਮਾਤਾ ਦਾ ਬੱਚੇ ਪ੍ਰਤੀ ਅਥਾਹ ਮੋਹ-ਪਿਆਰ ਹੋਣਾ ਕੁਦਰਤੀ ਬਾਤ ਹੀ ਹੈ। ਜਦੋਂ ਭਗਤ ਕਬੀਰ ਜੀ ਨੇ ਬਚਪਨ ਵਿਚ ਹੀ ਤਾਣਾ-ਤਣਨ ਅਤੇ ਕੱਪੜਾ ਬੁਣਨ ਵਿਚ ਬਹੁਤਾ ਧਿਆਨ ਨਾ ਦਿੱਤਾ ਅਤੇ ਰਾਮ ਨਾਮ ਦੀ ਲਿਵ ਵਿਚ ਹੀ ਲੀਨ ਹੋਣ ਲੱਗ ਪਏ ਤਾਂ ਉਨ੍ਹਾਂ ਦੀ ਮਾਤਾ ਨੂੰ ਚਿੰਤਾ ਹੋਈ ਕਿ ਜੇਕਰ ਕਿਰਤ-ਕਮਾਈ ਨਹੀਂ ਕਰੇਗਾ ਤਾਂ ਇਹ ਕੀ ਖਾਵੇਗਾ, ਜ਼ਿੰਦਾ ਕਿਵੇਂ ਰਹਿ ਸਕੇਗਾ? ਭਗਤ ਕਬੀਰ ਜੀ ਨੇ ਆਪਣੇ ਇਕ ਸ਼ਬਦ ਰਾਹੀਂ ਮਾਤਾ ਦੇ ਪਿਆਰ ਅਤੇ ਨਾਮ ਭਗਤੀ ਦੇ ਰਹੱਸ ਨੂੰ ਇਉਂ ਪ੍ਰਗਟ ਕੀਤਾ ਹੈ:

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ॥
ਏ ਬਾਰਿਕ ਕੈਸੇ ਜੀਵਹਿ ਰਘੁਰਾਈ॥
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ॥
ਹਰਿ ਕਾ ਨਾਮੁ ਲਿਿਖ ਲੀਓ ਸਰੀਰ॥ਰਹਾਉ॥
ਜਬ ਲਗੁ ਤਾਗਾ ਬਾਹਉ ਬੇਹੀ॥
ਤਬ ਲਗੁ ਬਿਸਰੈ ਰਾਮੁ ਸਨੇਹੀ॥
ਓਛੀ ਮਤਿ ਮੇਰੀ ਜਾਤਿ ਜੁਲਾਹਾ॥
ਹਰਿ ਕਾ ਨਾਮੁ ਲਹਿਓ ਮੈ ਲਾਹਾ॥
ਕਹਤ ਕਬੀਰ ਸੁਨਹੁ ਮੇਰੀ ਮਾਈ॥
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ॥(ਪੰਨਾ 524)

ਜਦੋਂ ਅਜੋਕੇ ਸਮਾਜ ਵੱਲ ਝਾਤੀ ਮਾਰਦੇ ਹਾਂ ਅਤੇ ਸਮਾਜ ਅੰਦਰ ਸਤਿਕਾਰ ਅਤੇ ਆਦਰ ਦੇ ਪਾਤਰ ਜਨਨਹਾਰ ਮਾਤਾ-ਪਿਤਾ ਨੂੰ ਬੇਲੋੜਾ ਬੋਝ ਸਮਝ ਕੇ ਬਿਰਧ ਆਸ਼ਰਮਾਂ ਵਿਚ ਰੁਲਣ, ਰੋਣ ਅਤੇ ਝੂਰਨ ਲਈ ਅਤੇ ਹਰ ਪਲ ਆਪਣੀ ਮੌਤ ਨੂੰ ਉਡੀਕਣ ਲਈ ਟੁੱਟੀ ਹੋਈ ਕਿਸੇ ਵਸਤੂ ਵਾਂਗ ਸੁੱਟਿਆ ਜਾ ਰਿਹਾ ਹੈ। ਅੱਜ ਲੋੜ ਹੈ ਇਸ ਵਰਤਾਰੇ ਨੂੰ ਸਮਝਣ ਦੀ ਅਤੇ ਠੱਲ੍ਹ ਪਾਉਣ ਦੀ। ਹਰ ਪੁੱਤਰ-ਧੀ-ਨੂੰਹ ਤਥਾ ਬੱਚਿਆਂ ਤੋਂ ਇਹ ਆਸ ਰੱਖੀ ਜਾਂਦੀ ਹੈ, ਜੋ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ, ਕਿ ਉਹ ਮਾਤਾ-ਪਿਤਾ ਦੇ ਆਗਿਆਕਾਰੀ ਹੋਣ ਤਾਂ ਜੋ ਉਹ ਆਪਣੇ ਬਜ਼ੁਰਗਾਂ ਦੀ ਅਸੀਸ ਅਤੇ ਅਸ਼ੀਰਵਾਦ ਦੇ ਹਮੇਸ਼ਾਂ ਹੀ ਹੱਕਦਾਰ ਅਤੇ ਪਾਤਰ ਹੋਣ। ਗੁਰ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਰਾਮਰਾਇ ਨੇ ਸਤਿਗੁਰਾਂ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਸੀ ਅਤੇ ਉਸ ਨੇ ਬਾਦਸ਼ਾਹ ਦੇ ਰੋਹਬ ਅਤੇ ਤਾਨਾਸ਼ਾਹੀ ਰਵੱਈਏ ਤੋਂ ਡਰਦਿਆਂ ਗੁਰਬਾਣੀ ਦੀ ਤੁੱਕ “ਮਿਟੀ ਮੁਸਲਮਾਨ ਕੀ” ਦੀ ਥਾਂ “ਮਿਟੀ ਬੇਈਮਾਨ ਕੀ” ਪੜ੍ਹ ਦਿੱਤੀ ਸੀ ਜਿਸ ਦੇ ਨਤੀਜੇ ਵਜੋਂ ਗੁਰੂ ਸਾਹਿਬ ਨੇ ਉਸ ਨੂੰ ਮੱਥੇ ਲੱਗਣੋਂ ਵਰਜ ਦਿੱਤਾ ਸੀ ਅਤੇ ਸਿੱਖ ਸਰਧਾਲੂਆਂ ਨੂੰ ਉਸ ਨੂੰ ਮੂੰਹ ਮੱਥੇ ਲਾਉਣ ਤੋਂ ਵਰਜ਼ ਦਿੱਤਾ ਸੀ। ਨਤੀਜੇ ਵਜੋਂ ਉਹ ਮਾਪਿਆਂ ਦੀ ਅਸੀਸ ਤੋਂ ਵਾਂਝਾ ਹੋਣ ਕਰਕੇ ਸਾਰੀ ਉਮਰ ਭਟਕਦਾ ਫਿਰਦਾ ਰਿਹਾ ਅਤੇ ਅੰਤ ਉਸ ਦੇ ਹੀ ਚੇਲਿਆਂ ਨੇ ਉਸ ਨੂੰ ਅੱਗ ਲਾ ਕੇ ਮਾਰ ਦਿੱਤਾ ਸੀ। ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਾ ਕਰਨ ਕਾਰਨ ਅਤੇ ਮਾਪਿਆਂ ਨੂੰ ਅਪਮਾਨਿਤ ਕਰਨ ਕਾਰਨ ਹੀ ਪ੍ਰਿਥੀ ਚੰਦ ਸਾਰੀ ਉਮਰ ਭਟਕਦਾ ਫਿਰਦਾ ਰਿਹਾ ਅਤੇ ਗੁਰਤਾਗੱਦੀ ਮਾਪਿਆਂ ਦੇ ਆਗਿਆਕਾਰ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ। ਇਸ ਸਾਰੀ ਕਹਾਣੀ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਬਕ ਲੈਣ ਦੀ ਲੋੜ ਹੈ ਕਿ ਮਾਪਿਆਂ- ਬਜ਼ੁਰਗਾਂ ਦੇ ਅਸ਼ੀਰਵਾਦ ਤੋਂ ਸੱਖਣਾ ਮਨੁੱਖ ਪ੍ਰਿਥੀ ਚੰਦ ਅਤੇ ਰਾਮਰਾਇ ਵਾਂਗ ਸਾਰੀ ਉਮਰ ਭਟਕਦਾ ਹੀ ਹੈ ਅਤੇ ਅਸ਼ਾਂਤ ਹੀ ਰਹਿੰਦਾ ਹੈ।

ਸਾਡੇ ਦੇਸ਼ ਵਿਚ ਹੋਰਨਾਂ ਅਨੇਕਾਂ ਵਿਖਾਵੇ ਤੇ ਅਡੰਬਰਾਂ ਵਾਂਗ ਹਰ ਸਾਲ (ELDER’S DAY) ਅਤੇ (MOTHER’S DAY) ਭਾਵ “ਬਜ਼ੁਰਗ ਦਿਵਸ”, “ਮਾਂ ਦਿਵਸ” “ਯੁਵਾ ਦਿਵਸ, “ਨਾਰੀ ਦਿਵਸ” ਅਤੇ “ਅਧਿਆਪਕ ਦਿਵਸ” ਵਜੋਂ ਮਨਾਏ ਜਾਂਦੇ ਹਨ। ਇਹ ਪ੍ਰੋਗਰਾਮ ਫੌਕੇ, ਵਿਖਾਵੇ ਵਾਲੇ ਅਡੰਬਰ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਰਿਸ਼ਤਿਆਂ ਦੀ ਮਹੱਤਤਾ ਸਮਝਾਉਣ ਲਈ ਤਾਂ ਇਕ ਲਹਿਰ ਖੜੀ ਕਰਨ ਦੀ ਲੋੜ ਹੈ। ਆਮ ਤੌਰ ਉੱਤੇ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਆਪਣੀ ਮਾਂ ਤਥਾ ਆਪਣੇ ਬਜ਼ੁਰਗਾਂ ਨੂੰ ਬੇਇੱਜ਼ਤ ਕਰ ਕੇ ਘਰੋਂ ਕੱਢਿਆ ਹੁੰਦਾ ਹੈ ਉਹੋ ਲੋਕ ਹੀ ਇਹ ਡਰਾਮਾ ਕਰਨ ਵਾਲੇ ਚੌਧਰੀ ਹੁੰਦੇ ਹਨ। ਅਜਿਹੇ ਡਰਾਮਿਆਂ ਅਤੇ ਡਰਾਮੇਬਾਜ਼ਾਂ ਦਾ ਸਮਾਜ ਉੱਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਇਹ ਵਿਖਾਵੇ ਵਾਲੇ ਸਮਾਗਮ ਤਾਂ ਉਨ੍ਹਾਂ ਰੁਲ ਰਹੇ ਬਜ਼ੁਰਗਾਂ ਨਾਲ ਇਕ ਘਿਨਾਉਣਾ ਮਜ਼ਾਕ ਹੀ ਹੋ ਨਿਬੜਦੇ ਹਨ। ਗੁਰਬਾਣੀ ਅਜਿਹੇ ਲੋਕਾਂ ਬਾਰੇ ਇਉਂ ਸਪੱਸ਼ਟ ਕਰਦੀ ਹੈ:

ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ (ਪੰਨਾ 139)

ਬਾਹਰੋਂ ਅਜਿਹੇ ਲੋਕ ਮੂੰਹ ਦੇ ਮਿੱਠੇ, ਚਿਹਰੇ ਸੁੰਦਰ, ਗੁਣੀ-ਗਿਆਨੀ ਲੱਗਦੇ ਹਨ ਆਪਣੇ ਆਪ ਨੂੰ ਉੱਚੀ ਕੁਲ ਵਾਲੇ ਦੱਸਦੇ ਹਨ ਪਰੰਤੂ ਉਨ੍ਹਾਂ ਦੇ ਅੰਦਰ ਪਰਮਾਤਮਾ ਦਾ ਭਾਉ ਅਤੇ ਭਉ ਅਤੇ ਮਾਪਿਆਂ ਪ੍ਰਤੀ ਸੱਚਾ-ਸਨੇਹ ਨੇਕੀ ਅਤੇ ਪਰਉਪਕਾਰ ਦੀ ਭਾਵਨਾ ਨਹੀਂ ਹੁੰਦੀ ਅਤੇ ਅਜਿਹੇ ਸੰਗਦਿਲ ਲੋਕ ਤਾਂ ਮੁਰਦਿਆਂ ਸਮਾਨ ਹੀ ਹੁੰਦੇ ਹਨ। ਅਜਿਹੇ ਲੋਕਾਂ ਬਾਰੇ ਗੁਰਬਾਣੀ ਇਉਂ ਸਪੱਸ਼ਟ ਕਰਦੀ ਹੈ:

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ (ਪੰਨਾ 253)

ਪਹਿਲੋਂ-ਪਹਿਲ ਸ਼ਹਿਰਾਂ ਵਿਚ ਯਤੀਮਖਾਨੇ ਹੁੰਦੇ ਸਨ ਜਿੱਥੇ ਅਨਾਥ ਬੱਚਿਆਂ ਦਾ ਪਾਲਣ-ਪੋਸ਼ਣ, ਸਿੱਖਿਆ ਅਤੇ ਸਿਹਤ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਨ੍ਹਾਂ ਯਤੀਮਖਾਨਿਆਂ ਵਿਚ ਪਲੇ ਅਤੇ ਵੱਡੇ ਹੋਏ ਬੱਚਿਆਂ ਨੇ ਸਮਾਂ ਆਉਣ ਉੱਤੇ ਬਹੁਤ ਵੱਡੀਆਂ ਮੱਲਾਂ ਵੀ ਮਾਰੀਆਂ। ਸ਼ਹੀਦ ਊਧਮ ਸਿੰਘ ਦੀ ਮਿਸਾਲ ਸਾਰੇ ਸੰਸਾਰ ਦੇ ਸਾਹਮਣੇ ਹੈ।

ਪਰੰਤੂ ਹੁਣ ਯਤੀਮਖਾਨੇ ਤਾਂ ਘੱਟ ਹੀ ਨਜ਼ਰ ਆ ਰਹੇ ਹਨ ਸਗੋਂ ਅਣਗਿਣਤ “ਬਿਰਧ ਆਸ਼ਰਮ” ਹੋਂਦ ਵਿਚ ਆ ਰਹੇ ਹਨ। ਜਿੱਥੇ ਦੇਸ਼ ਦਾ ਵਡਮੁੱਲਾ ਵਿਰਸਾ, ਸਾਡੇ ਸਤਿਕਾਰ ਦੇ ਪਾਤਰ, ਬਜ਼ੁਰਗ ਰੁਲ ਰਹੇ ਹਨ। ਇਹ ਵਰਤਾਰਾ ਅਤਿ ਦੁਖਦਾਇਕ ਹੈ। ਪਦਾਰਥਵਾਦੀ, ਨਿੱਜਪ੍ਰਸਤੀ, ਮਤਲਬਪ੍ਰਸਤੀ ਅਤੇ ਅਤਿ ਦੀ ਖੁਦਗਰਜ਼ੀ ਵਾਲੀ ਸੋਚ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਕੋਰੇ ਹੋ ਜਾਣਾ ਅਤੇ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਤਿਲਾਂਜਲੀ ਦੇ ਦੇਣਾ, ਸਮਾਜਿਕ ਸ਼ਰਮ ਅਤੇ ਨਿਆਂ ਤੋਂ ਸੱਖਣਾ ਹੋ ਜਾਣਾ ਅਤੇ ਇਸ ਦੇ ਨਾਲ ਵੀ ਬਿਜਲਈ ਮੀਡੀਏ ਉੱਤੇ ਜੋ ਕੁਝ ਨੌਜਵਾਨ ਪੀੜ੍ਹੀ ਅੱਗੇ ਪਰੋਸਿਆ ਜਾ ਰਿਹਾ ਹੈ, ਨਸ਼ੇ ਅਤੇ ਬੇਰੁਜ਼ਗਾਰੀ ਆਦਿ ਅਨੇਕਾਂ ਹੀ ਕਾਰਨ ਇਸ ਵਰਤਾਰੇ ਲਈ ਜਿੰਮੇਵਾਰ ਹਨ। ਬੇਰੁਜ਼ਗਾਰੀ ਦੇ ਕੋਹੜ ਤੋਂ ਬਚਣ ਲਈ ਕਿਰਤ ਕਰਨ, ਹੱਥੀਂ ਕਾਰ ਕਮਾਉਣ, ਵੰਡ ਛਕਣ (ਪਰਉਪਕਾਰ ਕਰਨ) ਨਾਮ ਜਪਣ (ਅਕਾਲ ਪੁਰਖ ਦੇ ਹਮੇਸ਼ਾਂ ਹੀ ਭਾਉ ਤੇ ਭਉ ਵਿਚ ਰਹਿਣਾ) ਲਈ ਵੀ ਪ੍ਰੇਰਦੀ ਹੈ ਤਾਂ ਜੋ ਜੀਵਨ ਸੁਖਦਾਈ ਹੋਵੇ ਜਿਸ ਵਿਚ ਕੇਵਲ ਆਪਣੇ ਮਾਪੇ-ਬਜ਼ੁਰਗ ਹੀ ਨਹੀਂ ਸਗੋਂ ਸਭ ਨਾਲ ਪ੍ਰੇਮ ਪਿਆਰ, “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥” ਦੀ ਭਾਵਨਾ ਪ੍ਰਬਲ ਹੋਵੇ। ਗੁਰਵਾਕ ਹੈ:

-ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਪੰਨਾ 1384)
-ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਿਚ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ (ਪੰਨਾ 554)

ਮਾਜ ਵਿਚ ਜਿੱਥੇ ਪੁੱਤਰ ਮੋਹ ਅਤੇ ਪੁੱਤਰ ਦੀ ਖਾਹਿਸ਼ ਭਾਰੂ ਹੈ ਅਤੇ ਭਰੂਣ ਹੱਤਿਆਵਾਂ ਦਾ ਬੋਲਬਾਲਾ ਹੈ ਅਤੇ ਦਾਜ-ਦਹੇਜ ਜਾਂ ਪੁੱਤਰ ਪੈਦਾ ਨਾ ਕਰ ਸਕਣ ਕਾਰਨ ਜਾਂ ਹੋਰ ਅਨੇਕਾਂ ਕਾਰਨਾਂ ਕਰਕੇ ਨੂੰਹਾਂ ਨੂੰ ਸਾੜਨ, ਮਾਰਨ ਜਾਂ ਤਲਾਕ ਦੇਣ ਦਾ ਘਿਨਾਉਣਾ ਸਿਲਸਿਲਾ ਜਾਰੀ ਹੈ ਉੱਥੇ ਘਰ ਵਿਚ ਸਮਾਂ ਆਉਣ ਉੱਤੇ ਨੂੰਹ ਦੇ ਘਰ- ਪਰਵਾਰ ਵਿਚ ਭਾਰੂ ਹੋ ਜਾਣ ਉੱਤੇ ਨੂੰਹ-ਪੁੱਤਰ ਵੱਲੋਂ ਆਪਣੇ ਨੈਤਿਕ ਫਰਜ਼ਾਂ ਦੀ ਕੁਤਾਹੀ ਕਰਦਿਆਂ ਬਜ਼ੁਰਗਾਂ ਨੂੰ ਅਪਮਾਨਿਤ ਹੀ ਨਹੀਂ ਕੀਤਾ ਜਾਂਦਾ ਸਗੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਕੇ ਘਰੋਂ ਹੀ ਕੱਢ ਦਿੱਤਾ ਜਾਂਦਾ ਹੈ। ਉਸ ਹਾਲਤ ਵਿਚ ਉਹ ਜਾਂ ਤਾਂ ਆਤਮ-ਹੱਤਿਆ ਕਰਦੇ ਹਨ ਜਾਂ ਫਿਰ ਬਿਰਧ-ਆਸ਼ਰਮਾਂ ਦਾ ਸਹਾਰਾ ਲੈਂਦੇ ਹਨ। ਭਾਈ ਗੁਰਦਾਸ ਜੀ ਸਮਾਜ ਦੀ ਇਸ ਤ੍ਰਾਸਦੀ ਉਤੋਂ ਇਉਂ ਪਰਦਾ ਚੁੱਕਦੇ ਹਨ:

ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ।
ਜੰਮੇ ਸਾਈਂ ਵਿਸਾਰਿਆ ਵੀਵਾਹਿਆਂ ਮਾਂ ਪਿਉ ਵਿਸਾਰੇ।
ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ।
ਪੁਤ ਨੂਹੈਂ ਦਾ ਮੇਲੁ ਵੇਖਿ ਅੰਗ ਨ ਮਾਵਨਿ ਮਾਂ ਪਿਉ ਵਾਰੇ।
ਨੂੰਹੁ ਨਿਤ ਮੰਤ ਕੁਮੰਤ ਦੇ ਮਾਂ ਪਿਉ ਛਡਿ ਵਡੇ ਹਤਿਆਰੇ।
ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ।
ਲੋਕਾਚਾਰਿ ਹੁਇ ਵਡੇ ਕੁਚਾਰੇ। (ਵਾਰ 37:12)

ਭਾਈ ਗੁਰਦਾਸ ਜੀ ਨੇ ਇਸ ਸਮਾਜਿਕ ਦੁਖਾਂਤ ਅਤੇ ਅਨੈਤਿਕ ਵਰਤਾਰੇ ਨੂੰ ਬਹੁਤ ਮਹਿਸੂਸ ਕੀਤਾ ਜਾਪਦਾ ਹੈ ਜਿਸ ਤ੍ਰਾਸਦੀ ਤੋਂ ਉਹ ਪਰਦਾ ਚੁੱਕ ਕੇ ਨੌਜਵਾਨ ਪੀੜ੍ਹੀ ਦੇ ਧੁਰ ਅੰਦਰ ਤੀਕ ਹਲੂਣਾ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੈਵੀ ਫਰਜ਼ ਪ੍ਰਤੀ ਸੁਚੇਤ ਕਰਦੇ ਹਨ। ਭਾਈ ਗੁਰਦਾਸ ਜੀ ਆਪਣੀ 37ਵੀਂ ਪਉੜੀ ਦੀ 11ਵੀਂ ਵਾਰ ਵਿਚ ਬਿਆਨ ਕਰਦੇ ਹਨ ਕਿ ਮਾਤਾ-ਪਿਤਾ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਵੱਡੇ ਹੁੰਦਿਆਂ ਵੇਖ ਕੇ ਉਨ੍ਹਾਂ ਦੀ ਬੜੇ ਚਾਵਾਂ-ਮਲਾਰਾਂ ਨਾਲ ਵਿਆਹ-ਸ਼ਾਦੀ ਕਰ ਕੇ ਅਤੇ ਘਰ ਵਿਚ ਪੁੱਤਰ-ਨੂੰਹ ਦਾ ਆਪਸੀ ਪ੍ਰੇਮ-ਪਿਆਰ ਮਿਲਾਪ ਅਤੇ ਸਦ ਭਾਵਨਾ ਵੇਖ ਕੇ ਕਿਸ ਤਰ੍ਹਾਂ ਫੁੱਲੇ ਨਹੀਂ ਸਮਾਉਂਦੇ ਅਤੇ ਉਨ੍ਹਾਂ ਦੇ ਉੱਜਲ ਭਵਿੱਖ, ਲੰਬੀ ਉਮਰ ਅਤੇ ਖੁਸ਼ਹਾਲੀ ਲਈ ਸੁੱਖਾਂ ਸੁੱਖਦੇ ਹਨ ਅਤੇ ਅਸੀਸਾਂ ਦਿੰਦੇ ਹਨ ਪਰੰਤੂ ਉਹੋ ਹੀ ਪੁੱਤਰ- ਨੂੰਹ ਨਿਰਮੋਹੇ ਹੋ ਕੇ ਮਾਪਿਆਂ ਪਾਸੋਂ ਧਨ, ਦੌਲਤ, ਜ਼ਮੀਨ ਜਾਇਦਾਦ ਪ੍ਰਾਪਤ ਕਰ ਕੇ ਉਨ੍ਹਾਂ ਨਾਲ ਬਦਇਖਲਾਕੀ ਵਾਲਾ ਭੱਦਾ ਵਰਤਾਉ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਰਧ-ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਭਾਈ ਗੁਰਦਾਸ ਜੀ ਇਉਂ ਲਿਖਦੇ ਹਨ:

ਮਾਤਾ ਪਿਤਾ ਅਨੰਦ ਵਿੱਚ ਪੁਤੈ ਦੀ ਕੁੜਮਾਈ ਹੋਈ।
ਰਹਸੀ ਅੰਗ ਨ ਮਾਵਈ ਗਾਵੈ ਸੋਹਿਲੜੇ ਸੁਖ ਸੋਈ।
ਵਿਗਸੀ ਪੁਤ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ।
ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ।
ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਹ ਸਸੁ ਵਿਗੋਈ।
ਲਖ ਉਪਕਾਰੁ ਵਿਸਾਰਿ ਕੈ ਪੁਤ ਕੁਪੁਤਿ ਚਕੀ ਉਠਿ ਝੋਈ।
ਹੋਵੈ ਸਰਵਣ ਵਿਰਲਾ ਕੋਈ। (ਵਾਰ 37:11)

ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਾਰੀ ਲੋਕਾਈ ਨੂੰ ਆਪਣਾ ਖੁਸ਼ਹਾਲ ਅਧਿਆਤਮਿਕ ਅਤੇ ਸੰਸਾਰਿਕ (ਸਮਾਜਿਕ) ਜੀਵਨ ਜੀਊਣ ਲਈ ਪ੍ਰੇਰਨਾ ਦਾ ਸ੍ਰੋਤ ਅਤੇ ਉੱਚਤਮ ਜੀਵਨ ਜੁਗਤ ਹਨ। ਬਸ! ਗੁਰਮਤਿ ਗਿਆਨ ’ਤੇ ਕੰਨ ਧਰਨ ਦੀ ਲੋੜ ਹੈ। ਸਮਝਣ ਦੀ ਲੋੜ ਹੈ। ਉਸ ਨੂੰ ਆਪਣੇ ਜੀਵਨ ਵਿਚ ਢਾਲਣ ਦੀ ਲੋੜ ਹੈ। ਗੁਰਬਾਣੀ ਪਦਾਰਥਵਾਦ, ਅਮੁੱਕ ਤ੍ਰਿਸ਼ਨਾਵਾਂ ਅਤੇ ਇੱਛਾਵਾਂ ਦੀ ਝੁਲ ਰਹੀ ਹਨ੍ਹੇਰੀ ਵਿਚ ਲਿਪਤ ਹੋਏ ਸਿਖਰ ਦੁਪਹਿਰੇ ਵੀ ਘੁੱਪ ਹਨ੍ਹੇਰੇ ਵਿਚ ਵਿਚਰਨ ਵਾਲੇ ਅਤੇ ਆਪਣੇ ਮਹਾਨ ਵਿਰਸੇ ਤੇ ਸੱਭਿਆਚਾਰ ਤੋਂ ਸੱਖਣੇ ਲੋਭੀ ਤੇ ਲਾਲਚੀ ਮਨੁੱਖਾਂ ਬਾਰੇ ਇਉਂ ਅਫਸੋਸ ਪ੍ਰਗਟ ਕਰਦੀ ਹੈ:

-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ (ਪੰਨਾ 954)

-ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥ (ਪੰਨਾ 954)

ਪਰੰਤੂ ਚੰਗਿਆਈ ਅਤੇ ਸਚਾਈ ਦਾ ਬੀਜ ਕਦੀ ਵੀ ਨਾਸ਼ ਤਾਂ ਨਹੀਂ ਹੁੰਦਾ। ਜਿਨ੍ਹਾਂ ਅੰਦਰ ਸੱਚ ਹੈ, ਸਚਾਈ ਹੈ ਅਤੇ ਆਪਣੇ ਗੌਰਵਮਈ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ ਉਹ ਸਮਾਜ ਦਾ ਅੱਜ ਵੀ ਸਲਾਹੁਣਯੋਗ ਅੰਗ ਹਨ। ਇਹ ਲੋਕ ਪਦਾਰਥਵਾਦ, ਨਿੱਜਪ੍ਰਸਤੀ, ਮੌਕਾਪ੍ਰਸਤੀ ਅਤੇ ਮਤਲਬਪ੍ਰਸਤੀ ਦੀ ਝੁਲ ਰਹੀ ਹਨ੍ਹੇਰੀ ਦੌਰਾਨ ਅਜਿਹੇ ਜਗਮਗਾਉਂਦੇ ਚਿਰਾਗ ਹਨ ਜੋ ਅਡੋਲ ਅਤੇ ਅਹਿਲ ਰਹਿੰਦਿਆਂ ਹੋਇਆ ਆਪਣੇ ਬਜ਼ੁਰਗਾਂ ਦੇ ਸਤਿਕਾਰ, ਪਿਆਰ, ਆਗਿਆਕਾਰਤਾ ਅਤੇ ਸੇਵਾ ਵਿਚ ਲੀਨ ਹਨ। ਸਾਨੂੰ ਅਜਿਹੇ ਬੱਚਿਆਂ ਉੱਤੇ ਗੌਰਵ ’ਤੇ ਮਾਣ ਹੈ ਭਾਵੇਂ ਇਹ “ਹੈਨਿ ਵਿਰਲੇ ਨਾਹੀ ਘਣੇ” ਹੀ ਹਨ, ਅਜਿਹੇ ਬੱਚੇ ਸਾਡੇ ਉੱਜਲ ਭਵਿੱਖ ਦੇ ਜਾਮਨ ਹਨ। ਗੁਰਬਾਣੀ ਐਸਾ ਸਪੱਸ਼ਟ ਕਰਦੀ ਹੈ ਕਿ ਜਿਸ ਪਰਵਾਰ ਵਿਚ ਐਸੇ ਆਗਿਆਕਾਰੀ-ਸੇਵਾਦਾਰ, ਹਲੀਮੀ, ਨਿਮਰਤਾ ਸੁਭਾਅ ਵਾਲੇ ਬੱਚੇ ਹੋਣਗੇ ਉਹ ਤਾਂ ਆਪਣੇ ਪਰਵਾਰ ਦਾ “ਘੋਰ ਅਪਜਸ’ ਜੇਕਰ ਕੋਈ ਹੋਵੇ ਵੀ ਧੋ ਦਿੰਦੇ ਹਨ ਅਤੇ ਪਰਵਾਰ ਦਾ ਸਮਾਜ ਵਿਚ ਅੱਛਾ ਜਸ-ਮਾਣ ਪੈਦਾ ਕਰ ਦਿੰਦੇ ਹਨ ਅਤੇ ਉਨ੍ਹਾਂ ਪਰਵਾਰਾਂ ਦੀ ਸ਼ੋਭਾ ਜਗ ਵਿਚ ਵਧਦੀ ਹੈ। ਗੁਰਵਾਕ ਹੈ:

-ਅਪਜਸੰ ਮਿਟੰਤ ਸਤ ਪੁਤ੍ਰਹ॥
ਸਿਮਰਤਬ´ ਰਿਦੈ ਗੁਰ ਮੰਤ੍ਰਣਹ॥ (ਪੰਨਾ 1360)
-ਜਿਤੁ ਗ੍ਰਿਿਹ ਵਸੈ ਸੋ ਗ੍ਰਿਹੁ ਸੋਭਾਵੰਤਾ॥ (ਪੰਨਾ 370)

ਵੱਧ ਤੋਂ ਵੱਧ ਪੈਸੇ ਕਮਾਉਣ ਦੀ ਲਾਲਸਾ ਕਾਰਨ ਸਾਰੇ ਪੰਜਾਬ ਅਤੇ ਖਾਸ ਕਰਕੇ ਦੁਆਬੇ ਤੋਂ ਅਨੇਕਾਂ ਹੀ ਨੌਜਵਾਨ ਵਿਦੇਸ਼ਾਂ ਵਿਚ ਚਲੇ ਗਏ ਹਨ। ਪੰਜਾਬ ਵਿਚ ਹੱਥੀਂ ਕਿਰਤ ਕਰਨ ਤੋਂ ਪ੍ਰਹੇਜ਼ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਨੀਚਲੇ ਦਰਜੇ ਦੇ ਕੰਮ ਕਰ ਕੇ ਬਹੁਤੇ ਪੈਸੇ ਕਮਾਉਣ ਵਿਚ ਲੱਗੇ ਹੋਏ ਹਨ। ਇਸ ਨਾਲ ਇਕ ਤਾਂ ਪਰਵਾਰਾਂ ਵਿਚ ਵਿਛੋੜੇ ਪਏ ਹੋਏ ਹਨ ਅਤੇ ਗ੍ਰਿਹਸਥ ਜੀਵਨ ਨੂੰ ਮਾਣਨ ਦੀ ਥਾਂ ਇਸ ਨੂੰ ਦਰਮ-ਵਰਮ ਹੀ ਕਰ ਦਿੱਤਾ ਗਿਆ ਹੈ। ਇਸ ਵਰਤਾਰੇ ਦਾ ਸਭ ਤੋਂ ਵੱਧ ਸ਼ਿਕਾਰ ਬਜ਼ੁਰਗ ਮਾਪੇ ਹੋ ਰਹੇ ਹਨ ਜੋ ਪੰਜਾਬ ਵਿਚ ਇਕਲਾਪੇ ਭਰੀ ਸੰਕਟਮਈ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਨ੍ਹਾਂ ਦਾ ਬੁਢਾਪਾ ਨਰਕ ਹੀ ਬਣਿਆ ਹੋਇਆ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਵਿਦੇਸ਼ਾਂ ਵਿਚ ਜਾਂਦੇ ਵੀ ਹਨ ਉੱਥੇ ਉਨ੍ਹਾਂ ਨੂੰ ਪੰਜਾਬ ਨੇ ਇਕਲਾਪੇ ਵਾਲੀ ਜ਼ਿੰਦਗੀ ਨਾਲੋਂ ਵੀ ਮਾੜੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਰ ਹਾਲਾਤ ਵਿਚ ਪੰਜਾਬ ਦਾ ਇਹ ਸਤਿਕਾਰਤ ਬੁਢਾਪਾ ਰੁਲ ਰਿਹਾ ਹੈ। ਭਗਤ ਫਰੀਦ ਜੀ ਦੀ ਉਮੰਗ

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥”

ਪਣੇ ਘਰ-ਪਰਵਾਰ, ਆਪਣੇ ਮੁਲਕ ਵਿਚ ਹੀ ਕਿਰਤ ਕਰ ਕੇ ਜੀਵਨ ਨੂੰ ਸੁਖਦ ਅਤੇ
ਗੌਰਵਮਈ ਬਣਾਈਏ।

ਦੁਖਦਾਈ ਅਤੇ ਅਸਚਰਜ ਵਾਲੀ ਬਾਤ ਇਹ ਹੈ ਕਿ ਮਾਪਿਆਂ ਨੇ ਜਿਸ ਘਰ ਨੂੰ ਆਪਣੀ ਜਵਾਨੀ ਵਿਚ ਬਣਾਇਆ, ਸੰਵਾਰਿਆ ਅਤੇ ਸ਼ਿੰਗਾਰਿਆ ਹੁੰਦਾ ਹੈ ਜਦੋਂ ਉਸੇ ਘਰ ਅੰਦਰ ਉਨ੍ਹਾਂ ਦੇ ਹੀ ਜਨਮੇ, ਪਾਲੇ-ਪਲੋਸੇ ਅਤੇ ਚੰਗੀਆਂ ਥਾਂਵਾਂ ਉੱਤੇ ਸਥਾਪਿਤ ਕੀਤੇ ਬੱਚੇ ਉਨ੍ਹਾਂ ਵੱਲ ਬੇਰੁਖੀ ਕਰਦੇ ਹਨ, ਉਨ੍ਹਾਂ ਨੂੰ ਇਕ ਵਾਧੂ ਦਾ ਬੋਝ ਸਮਝ ਕੇ ਅਣਗੌਲਿਆ ਹੀ ਨਹੀਂ ਕਰਦੇ ਸਗੋਂ ਬੇਇੱਜ਼ਤ ਵੀ ਕਰਦੇ ਹਨ। ਗੁਰੂ ਸਾਹਿਬ ਤਾਂ ਮਨੁੱਖ ਨੂੰ ਅਗਾਉਂ ਹੀ ਸੁਚੇਤ ਕਰਦੇ ਹਨ। ਫੁਰਮਾਨ ਹੈ:

-ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ॥ (ਪੰਨਾ 1017)
-ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ॥(ਪੰਨਾ 853)
-ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ॥ (ਪੰਨਾ 602)

ਗੁਰੂ ਸਾਹਿਬ ਉੱਤਮ ਜੀਵਨ ਜੁਗਤ ਇਉਂ ਸਮਝਾਉਂਦੇ ਹਨ:

ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਿਚ ਪਾਣੀ ਹੇ॥(ਪੰਨਾ 1070)

ਜਿੱਥੋਂ ਤਕ ਪਰਵਾਰਿਕ ਜੀਵਨ ਦੇ ਦੁਖਾਂਤ ਦਾ ਸਬੰਧ ਹੈ ਉਸ ਤੋਂ ਬਚਣ ਲਈ ਹਰ ਮਨੁੱਖ ਨੂੰ ਸਮਝਣ, ਸੋਚਣ ਅਤੇ ਵਿਹਾਰਕ ਹੋਣ ਦੀ ਲੋੜ ਹੈ। ਮਾਤਾ-ਪਿਤਾ ਨੂੰ ਵੀ ਮੁੱਢੋਂ ਹੀ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਦੇਣੇ ਹੋਣਗੇ। ਆਪਣਾ ਮਿਸਾਲੀ ਜੀਵਨ ਬੱਚਿਆਂ ਦੇ ਸਾਹਮਣੇ ਰੋਲ-ਮਾਡਲ ਦੇ ਤੌਰ ਉੱਤੇ ਪੇਸ਼ ਕਰਨਾ ਹੋਵੇਗਾ, ਪੁੱਤਰ-ਨੂੰਹ ਨੂੰ ਵੀ ਸਮਝਣਾ ਹੋਵੇਗਾ ਕਿ ਇਕ ਦਿਨ ਬੁਢਾਪਾ ਉਨ੍ਹਾਂ ਉੱਤੇ ਵੀ ਆਉਣਾ ਹੈ ਅਤੇ ਜਿਹੋ ਜਿਹਾ ਵਿਹਾਰ ਅਤੇ ਵਰਤਾਉ ਆਪਣੇ ਮਾਪਿਆਂ ਨਾਲ ਕਰ ਰਹੇ ਹਨ ਉਨ੍ਹਾਂ ਦੇ ਬੱਚੇ ਵੀ ਉਹ ਸਭ ਕੁਝ ਵੇਖ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਸਮਾਂ ਆਉਣ ਉੱਤੇ “ਜੈਸੀ ਕਰਨੀ ਤੈਸੀ ਭਰਨੀ” ਲਈ ਤਿਆਰ ਰਹਿਣਾ ਹੋਵੇਗਾ। ਹਰ ਧੀ ਨੂੰ ਸਮਝਣਾ ਹੋਵੇਗਾ ਕਿ ਜਿਸ ਤਰ੍ਹਾਂ ਉਹ ਆਪਣੀਆਂ ਭਰਜਾਈਆਂ ਨੂੰ ਆਪਣੇ ਮਾਤਾ-ਪਿਤਾ ਦੀਆਂ ਆਗਿਆਕਾਰ ਅਤੇ ਸੇਵਾਦਾਰ ਹੋਣਾ ਲੋਚਦੀਆਂ ਹਨ ਉਸੇ ਤਰ੍ਹਾਂ ਦਾ ਵਿਹਾਰ ਉਨ੍ਹਾਂ ਨੂੰ ਵੀ ਆਪਣੇ ਸਹੁਰੇ ਘਰ ਜਾ ਕੇ ਕਰਨਾ ਹੋਵੇਗਾ। ਜੇਕਰ ਮਾਂ ਨੂੰ ਆਪਣੀ ਧੀ ਪਿਆਰੀ ਹੈ ਅਤੇ ਉਹ ਆਪਣੀ ਧੀ ਲਈ ਸਹੁਰਿਆਂ ਵਿਚ ਪੂਰਾ ਮਾਣ-ਸਤਿਕਾਰ ਅਤੇ ਆਦਰ ਲੋਚਦੀ ਹੈ ਤਾਂ ਉਸ ਨੂੰ ਵੀ ਆਪਣੀ ਨੂੰਹ ਨੂੰ ਉਹੋ ਪਿਆਰ ਸਤਿਕਾਰ ਅਤੇ ਆਦਰ ਦੇਣਾ ਹੋਵੇਗਾ। ਜੇਕਰ ਧੀ ਨੂੰ ਆਪਣੀ ਜਨਨੀ ਮਾਤਾ ਪਿਆਰੀ ਹੈ ਤਾਂ ਪੁੱਤ ਨੂੰ ਆਪਣੀ ਜਨਨੀ ਮਾਤਾ ਉਸੇ ਤਰ੍ਹਾਂ ਹੀ ਪਿਆਰੀ ਹੁੰਦੀ ਹੈ ਜਿਸ ਨਾਲੋਂ ਨੂੰਹ ਉਸ ਦੀ ਮਾਂ ਦੇ ਪੁੱਤ ਨੂੰ ਤੋੜ ਕੇ ਉਸ ਦਾ ਆਪਣੀ ਮਾਤਾ ਪ੍ਰਤੀ ਮੋਹ ਭੰਗ ਕਰ ਕੇ ਕੁਰਾਹੇ ਪਾ ਕੇ ਪਰਵਾਰਿਕ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਘੱਟ ਨਹੀਂ ਹੋਵੇਗਾ। ਇਸ ਤਰ੍ਹਾਂ ਕਰਨ ਨਾਲ ਪਰਵਾਰਿਕ ਜੀਵਨ, ਵੱਡੇ ਅਹੁਦਿਆਂ, ਧਨ-ਦੌਲਤ, ਕਾਰਾਂ-ਕੋਠੀਆਂ, ਜ਼ਮੀਨਾਂ-ਜਾਇਦਾਦਾਂ ਦੇ ਹੁੰਦਿਆਂ ਹੋਇਆਂ ਵੀ, ਕਦੀ ਵੀ ਖੁਸ਼ਹਾਲ, ਸੁਖੀ ਅਤੇ ਮਾਣਨਯੋਗ ਨਹੀਂ ਹੋਵੇਗਾ। ਸਮਾਜ ਵੀ ਅਜਿਹੇ ਵਰਤਾਰੇ ਨੂੰ ਪ੍ਰਵਾਨ ਹੀ ਨਹੀਂ ਕਰੇਗਾ ਸਗੋਂ ਫਿਟਕਾਰੇਗਾ। ਇਸ ਲਈ ਘਰ-ਪਰਵਾਰ ਵਿਚ ਹਰ ਇਕ ਨੂੰ ਪੂਰੀ ਸੂਝ-ਬੂਝ ਆਪਸੀ ਪ੍ਰੇਮ-ਪਿਆਰ, ਆਦਰ-ਮਾਣ, ਸਹਿਣਸ਼ੀਲਤਾ ਅਤੇ ਸਹਿਹੋਂਦ ਦੀ ਭਾਵਨਾ ਨਾਲ ਜੀਊਣ ਦੀ ਜਾਚ ਸਿੱਖਣੀ ਹੋਵੇਗੀ। ਫਿਰ ਭਾਵੇਂ ਘਰ ਵਿਚ ਗਰੀਬੀ ਵੀ ਹੋਵੇ ਤਾਂ ਵੀ ਜੀਵਨ ਪੂਰਾ ਸੁਖਦਾਈ ਹੋਵੇਗਾ। ਖੁਸ਼ਹਾਲ ਵਿਕਸਿਤ ਅਤੇ ਸਫਲ ਸੰਸਾਰਿਕ ਜੀਵਨ ਲਈ ਗੁਰਮਤਿ ਫ਼ਲਸਫ਼ੇ ਵਿਚ ਮੁਕੰਮਲ “ਉੱਚਤਮ ਜੀਵਨ ਜੁਗਤ” ਸਮੋਈ ਹੋਈ ਹੈ ਜੋ ਮਾਨਵ ਨੂੰ ਦਾਨਵ ਹੋਣ ਤੋਂ ਹੀ ਨਹੀਂ ਬਚਾਉਂਦੀ ਸਗੋਂ ਮਾਨਵ ਦੇ ਮਹਾਂਮਾਨਵ ਹੋਣ ਲਈ ਸਹੀ ਅਤੇ ਸਾਰਥਕ ਮਾਰਗ ਮੁਹੱਈਆ ਕਰਵਾਉਂਦੀ ਹੈ। ਆਓ! ਸਤਿਗੁਰਾਂ ਦੇ ਸਰਬ ਲੋਕਾਈ ਦੇ ਖੁਸ਼ਹਾਲ ਜੀਵਨ ਅਤੇ ਉਧਾਰ ਲਈ ਬਖ਼ਸ਼ੇ ਅਦੁੱਤੀ ਉਪਦੇਸ਼ ਨੂੰ ਸਮਝੀਏ, ਧਾਰਨ ਕਰੀਏ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਅਤੇ “ਲੋਕ ਸੁਖੀ ਪਰਲੋਕ ਸੁਹੇਲੇ” ਹੋ ਜਾਈਏ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Super user of Sikh Archives

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)