ਬਾਣੀ ਗ੍ਰੰਥ ਗੁਰੂ ਹੈ ਸੱਚਾ, ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਨੂੰ ਕਹੀਏ।
ਆਪਾ-ਭਾਵ ਮਿਟਾ ਕੇ ਆਪਣਾ, ਸ਼ਰਨ ਏਸ ਦੀ ਹੁਣ ਢਹਿ ਪਈਏ।
ਆਤਮ ਅਨੁਭਵ ਗੁਰਾਂ ਨੇ ਆਪਣੇ, ਏਸ ਗ੍ਰੰਥ ਦੇ ਵਿਚ ਪ੍ਰਗਟਾਏ;
ਉਪਦੇਸ਼ ਜੋ ਇਸ ਦੇ ਵਿਚ ਸਮਾਇਆ, ਧਾਰ ਰਿਦੇ ਵਿਚ ਉਸ ਨੂੰ ਲਈਏ।
ਪੰਜਵੇਂ ਗੁਰੂ ਨੇ ਵਾਰ ਕੇ ਆਪਾ, ਸੁੱਤੀ ਕੌਮ ਨੂੰ ਜਿਵੇਂ ਜਗਾਇਆ।
ਆਤਮ ਵਿਚ ਪਰਮਾਤਮ ਤੱਤ ਦਾ, ਸ਼ਬਦ-ਗੁਰੂ ’ਚੋਂ ਦਰਸ ਕਰਾਇਆ।
ਬਾਣੀ ਗੁਰੂਆਂ ਤੇ ਭਗਤਾਂ ਦੀ, ਨਾਲੇ ਭੱਟਾਂ ਦੀ ਕਰ ’ਕੱਠੀ;
ਚਹੁੰ ਸਿੱਖਾਂ ਦੀ ਨਾਲ ਰਲਾ ਕੇ, ਮਹਾਨ ਗ੍ਰੰਥ ਸੀ ਉਨ੍ਹਾਂ ਰਚਾਇਆ।
ਦਸਮੇਸ਼ ਪਿਤਾ ਨੇ ਨੌਵੇਂ ਗੁਰੂ ਦੀ, ਬਾਣੀ ਇਸ ਵਿਚ ਆਣ ਰਲਾਈ।
ਆਦਿ ਗ੍ਰੰਥ ਦੇ ਰੂਪ ਨੂੰ ਉਨ੍ਹਾਂ, ਬਖਸ਼ੀ ਇੰਞ ਸੰਪੂਰਨਤਾਈ।
ਪਰਮਜੋਤ ਨੇ ਬਖ਼ਸ਼ੇ ਜੋ ਕਰਤੱਵ, ਕਰ ਕੇ ਉਹ ਸੰਪੂਰਨ ਸਾਰੇ;
ਜੋਤੀ ਜੋਤ ਸਮਾਉਣ ਸਮੇਂ ਜਦ, ਸਿੱਖ ਸੰਗਤਾਂ ਨੇ ਪੁੱਛ ਕਰਾਈ।
ਦੱਸੋ ਗੁਰੂ ਜੀ ਆਪਣੀ ਥਾਵੇਂ, ਗੁਰਗੱਦੀ ’ਤੇ ਕੀਹਨੂੰ ਸਜਾਉਣਾ?
ਬਾਂਹ ਅਸਾਡੀ ਕੌਣ ਫੜੇਗਾ, ਕਿਸ ਦੇ ਲੜ ਹੁਣ ਸਾਨੂੰ ਲਾਉਣਾ?
ਮਿਹਰਵਾਨ ਹੋ ਪਿਤਾ ਅਸਾਡੇ, ਨਿਖਸਮੇਂ ਕਰ ਨਾ ਸਾਨੂੰ ਜਾਇਓ;
ਉਪਦੇਸ਼ ਅਸੀਂ ਕਿਸ ਗੁਰੂ ਤੋਂ ਲਈਏ, ਇਹ ਤੱਥ ਸਾਨੂੰ ਹੁਣ ਸਮਝਾਉਣਾ।
ਇਹ ਸੁਣ ਗੁਰਗੱਦੀ ’ਤੇ ਸਤਿਗੁਰੂ, ਆਪਣੀ ਥਾਵੇਂ ਗ੍ਰੰਥ ਸਜਾਇਆ।
ਆਪ ਸੰਗਤ ਵਿਚ ਆਣ ਬਿਰਾਜੇ, ਸਿੱਖਾਂ ਵਾਂਗ ਨਿਜ ਤਾਈਂ ਜਣਾਇਆ।
ਸ਼ਰਧਾ ਸੰਗ ਫਿਰ ਕਰ-ਕਮਲਾਂ ਵਿਚ, ਟਕਾ ਇਕ ਤੇ ਨਾਰੀਅਲ ਫੜਿਆ;
ਭੇਟ ਚੜ੍ਹਾ ਕੇ ਗ੍ਰੰਥ ਨੂੰ ਉਨ੍ਹਾਂ, ਮਸਤਕ ਆਪਣਾ ਆਣ ਨਿਵਾਇਆ।
ਸਾਰੇ ਸਿੱਖ ਅਚਰਜ ਹੋ ਵੇਖਣ, ਅਜਬ ਜੋ ਕੌਤਕ ਗੁਰ ਵਰਤਾਵਨ।
ਭਾਵ ਭਾਂਪ ਕੇ ਸੰਗਤਾਂ ਵਾਲੇ, ਉਨ੍ਹਾਂ ਨੂੰ ਗੁਰੂ ਜੀ ਇੰਞ ਫ਼ਰਮਾਵਨ।
ਦੇਹਧਾਰੀ ਗੁਰੂ ਹੁਣ ਨਾ ਹੋਸੀ, ਬਾਣੀ ਗ੍ਰੰਥ ਗੁਰੂ ਹੁਣ ਜਾਣੋ;
ਇਹ ਹੁਣ ਨਿਰਾ ਗ੍ਰੰਥ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਹੈ ਆਖ ਸੁਣਾਵਨ।
ਲੇਖਕ ਬਾਰੇ
ਸਿੱਖ ਕੌਮ ਦੀ ਬੇਨਿਆਜ਼ ਹਸਤੀ, ਵਿਦਿਆ ਦੇ ਪੁੰਜ, ਅਨਮੋਲ ਰਤਨ ਤੇ ਇੱਕ ਉਚ ਪ੍ਰਤਿਭਾ ਦੀ ਲਖਾਇਕ ਡਾ. ਕੁਲਦੀਪ ਕੌਰ(4 ਮਾਰਚ 1925 - 03 ਫਰਵਰੀ 2020) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫ਼ੈਸਰ ਸਨ। ਆਪ ਸਿੱਖ ਕੌਰ ਦੀ ਬਹੁਪੱਖੀ, ਬਹੁਪਰਤੀ, ਬਹੁਰੰਗੀ ਅਤੇ ਸਿੱਖੀ ਜੀਵਨ ਦੀ ਮਹਿਕ ਸਨ। ਆਪ ਨੇ ਜ਼ਿੰਦਗੀ ਦਾ ਹਰ ਪਲ ਅਤੇ ਅੰਤਲਾ ਪੜਾਅ ਤੱਕ ਸਰਬਤ ਦਾ ਭਲਾ ਤੇ ਪਰਉਪਕਾਰੀ ਨੂੰ ਨਹੀਂ ਤਿਆਗਿਆ। ਉਨ੍ਹਾਂ ਦੇ ਅੰਤਮ ਸਫ਼ਰ ਸਮੇਂ ਵੀ ਇਛਾ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਸਰੀਰ ਦਾ ਸਸਕਾਰ ਨਾ ਕੀਤਾ ਜਾਵੇ। ਉਨ੍ਹਾਂ ਦੀ ਅੰਤਮ ਇੱਛਾ ਸੀ ਕਿ ਉਨ੍ਹਾਂ ਦੀ ਦੇਹ ਨੂੰ ਖੋਜ ਕਾਰਜਾਂ ਤੇ ਮਨੁੱਖਤਾ ਦੀ ਭਲਾਈ ਹਿੱਤ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਦੇ ਪਰਿਵਾਰ ਨੇ ਆਪਣੀ ਮਾਂ ਡਾ. ਕੁਲਦੀਪ ਕੌਰ ਦੀ ਅੰਤਮ ਇੱਛਾ ਦੀ ਪੁਰਤੀ ਲਈ ਆਪਣੀ ਮਾਂ ਦਾ ਪੰਜ ਭੂਤਕ ਸਰੀਰ (ਬਾਡੀ) ਪੀ.ਜੀ.ਆਈ. ਨੂੰ ਭੇਂਟ ਕਰ ਕਿ ਆਪਣੀ ਮਾਂ ਦੀ ਅੰਤਮ ਇੱਛਾ ਤੇ ਸ਼ਰਧਾ ਦੇ ਫੁੱਲ ਚੜ੍ਹਾਏ। ਇਸ ਗੁਰਮੁੱਖ ਰੂਹ ਦਾ ਜਨਮ ਲਹਿੰਦੇ ਪੰਜਾਬ ਵਿੱਚ 4 ਮਾਰਚ 1925 ਨੂੰ ਮਾਸਟਰ ਸੁੰਦਰ ਸਿੰਘ ਜੀ ਦੇ ਘਰ ਹੋਇਆ। ਆਪ ਦੇ ਪਿਤਾ ਜੀ ਬਾਈ ਸਾਹਿਬ ਰਣਧੀਰ ਸਿੰਘ ਜੀ ਦੇ ਨਿਕਟ ਵਰਤੀਆਂ ਵਿੱਚੋਂ ਇੱਕ ਸਨ। ਵਿਰਸੇ ਵਿੱਚ ਮਿਲੀ ਸਿੱਖਿਆ ਕਾਰਨ ਉਨ੍ਹਾਂ ਦੀ ਸੁਰਤ ਸ਼ਬਦ ਗੁਰੂ ਨਾਲ ਜੁੜ ਗਈ ਆਪ ਜੀ ਨੇ ਉਚ ਕੋਟੀ ਦੀ ਵਿਦਿਆ ਪ੍ਰਪਾਤ ਕੀਤੀ। ਭਾਈ ਵੀਰ ਸਿੰਘ ਜੀ ਉੱਤੇ ਖੋਜ ਕਾਰਜ ਕਰਨ ਕਾਰਜ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਆਪ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਅਧਿਆਪਕ ਦਾ ਕਾਰਜ ਕੀਤਾ ਤੇ 1985 ਵਿੱਚ ਪ੍ਰੋਫੈਸਰ ਦੇ ਪਦ ਤੋਂ ਸੇਵਾ ਮੁਕਤ ਹੋਏ। ਆਪ ਪੰਜਾਬੀ ਦੇ ਨਾਮਵਰ ਲੇਖਕ ਤੇ ਕਵੀ ਸਨ।
- ਹੋਰ ਲੇਖ ਉਪਲੱਭਧ ਨਹੀਂ ਹਨ