editor@sikharchives.org
Sachkhand Sri Harmandir Sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ : ਕੀਰਤਨ ਪਰੰਪਰਾ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀਆਂ ਬਹੁਭਾਂਤੀ ਵਿਲੱਖਣ ਪਰੰਪਰਾਵਾਂ ਹਨ ਜਿਨ੍ਹਾਂ ਵਿੱਚੋਂ ‘ਕੀਰਤਨ-ਪਰੰਪਰਾ’ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀਵੜਿਆਂ ਲਈ ਪਰਮਾਤਮਾ ਦਾ ਨਿਵਾਸ-ਸਥਾਨ, ਦੈਵੀ ਜੋਤਿ ਦੇ ਪ੍ਰਕਾਸ਼ ਦਾ ਗਿਆਨ-ਸ੍ਰੋਤ, ਸੱਚ ਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਉਸਰਿਆ ਅਨਮੋਲ ਬਸੇਰਾ ਹੈ। ਇਸ ‘ਧਰਤਿ ਸੁਹਾਵੀ’ ਦਾ ਨਿਰਮਾਣ-ਕਾਰਜ, ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰ-ਕਮਲਾਂ ਦੁਆਰਾ ਅਰੰਭਿਆ ਗਿਆ ਸੀ। ਨਗਰ ਨਿਰਮਾਣ-ਕਾਰਜ, ਸਿੱਖ ਗੁਰੂ ਸਾਹਿਬਾਨ ਨੂੰ ਵਿਰਸੇ ਵਿਚ ਪ੍ਰਾਪਤ ਸੀ। ਅੰਮ੍ਰਿਤਸਰ ਤੋਂ ਪੂਰਵ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰਾਂ ਦੀ ਉਸਾਰੀ ਕੀਤੀ।

ਇਸ ਰਮਣੀਕ ਅਸਥਾਨ ’ਤੇ ‘ਤਾਲ’ ਖੁਦਵਾਉਣ ਦਾ ਕਾਰਜ ਅਰੰਭਿਆ ਸ੍ਰੀ ਗੁਰੂ ਰਾਮਦਾਸ ਜੀ ਨੇ ਅਤੇ ਤਾਲ ਵਿਚ ‘ਹਰਿਮੰਦਰ’ ਸਜਾਉਣ ਦੀ ਨਿਰਾਲੀ ਯੋਜਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਆਖਿਆ ਜਾਂਦਾ ਹੈ।

ਸ੍ਰੀ ਦਰਬਾਰ ਸਾਹਿਬ ਦੀ ਆਪਣੀ ਨਿਵੇਕਲੀ ਕੀਰਤਨ-ਪਰੰਪਰਾ ਹੈ। ਇਸ ਭਵਨ-ਕਲਾ ਦੀ ਉਸਾਰੀ ਦਾ ਮੰਤਵ ਕਿਸੇ ਕਲਾ-ਕ੍ਰਿਤੀ ਦੀ ਸਿਰਜਨਾ ਨਹੀਂ ਸਗੋਂ ਆਵੇਸ਼ ਵਿਚ ਉਚਾਰਨ ਕੀਤੀ ਸ਼ਬਦ-ਬਾਣੀ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਸੰਚਾਰਨਾ ਹੈ। ਪੂਰਵ ਮੱਧਕਾਲ ਵਿਚ ਵੀ ਅਮੂਰਤ ਬ੍ਰਹਮ ਦੀ ਉਪਾਸ਼ਨਾ ਹਿਤ ਸੰਗੀਤ, ਨਿੱਗਰ ਸੰਚਾਰ-ਜੁਗਤ ਵਜੋਂ ਪ੍ਰਵਾਨ ਸੀ। ਨਿਰਗੁਣ ਸਾਧਨਾ-ਪੱਧਤੀ ਵਿਚ ਨਾਮ ਸਿਮਰਨ ਅਥਵਾ ਸ਼ਬਦ ਸ੍ਰਵਣ ਸਮੇਂ ਸੰਗੀਤ ਮੁੱਖ ਭੂਮਿਕਾ ਨਿਭਾਉਂਦਾ ਹੈ। ਆਤਮਾ ਨੂੰ ਪਰਮ-ਸਤਿ ਨਾਲ ਜੋੜਨ ਲਈ ਸੰਗੀਤ ਦਾ ਮਹੱਤਵਪੂਰਨ ਰੋਲ ਹੈ ਕਿਉਂਕਿ ਇਹ ਦੁਨਿਆਵੀ ਪਦਾਰਥਕ ਰਸ ਦੇਣ ਦੀ ਥਾਂ ਵਿਸਮਾਦੀ ਰਸ ਦਿੰਦਾ ਹੈ। ਵਿਸਮਾਦ ਰਸ ਉਨ੍ਹਾਂ ਰਸਾਂ ਤੋਂ ਉੱਚਾ ਹੁੰਦਾ ਹੈ ਜੋ ਨਿਰੇ ਵਸਤੂ-ਸੰਸਾਰ ਦੀਆਂ ਵਸਤਾਂ ਦੀ ਭੋਗਤਾ ਤਕ ਸੀਮਤ ਹੁੰਦੇ ਹਨ। ਇਸ ਸੰਸਾਰ ਜੁਗਤ ਰਾਹੀਂ ਪੈਦਾ ਹੋਣ ਵਾਲਾ ਭਾਵ-ਸੰਚਾਰ, ਮਾਨਵ-ਹਿਰਦੇ ਦੀਆਂ ਧੁਰ ਅੰਦਰਲੀਆਂ ਤਾਰਾਂ ਸੁਰ ਕਰਨ ਦੇ ਸਮਰੱਥ ਹੁੰਦਾ ਹੈ। ਇਸ ਪਹੁੰਚ-ਵਿਧੀ ਰਾਹੀਂ ਪੈਦਾ ਹੋਈ ਮਨ ਦੀ ਇਕਾਗਰਤਾ ਹੀ ਮਨੁੱਖ ਨੂੰ ਵਸਤੂ-ਸੰਸਾਰ ਨਾਲੋਂ ਤੋੜ ਕੇ ਬ੍ਰਹਿਮੰਡੀ ਸੰਸਾਰ ਰੂਪੀ ਆਕਾਸ਼ ਦੀਆਂ ਉਡਾਰੀਆਂ ਲਾਉਣ ਦੇ ਯੋਗ ਬਣਾਉਂਦੀ ਹੈ।

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀਆਂ ਬਹੁਭਾਂਤੀ ਵਿਲੱਖਣ ਪਰੰਪਰਾਵਾਂ ਹਨ ਜਿਨ੍ਹਾਂ ਵਿੱਚੋਂ ‘ਕੀਰਤਨ-ਪਰੰਪਰਾ’ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ। ਅਨੂਪ ਰਾਮਦਾਸਪੁਰ ਵਿਚ ਸਥਾਪਿਤ ਸਿੱਖੀ ਦੇ ਇਸ ਮਹਾਨ ਕੇਂਦਰ ਦੀ ਧਰਮ, ਦਰਸ਼ਨ ਅਤੇ ਸਾਹਿਤਕ ਦੇਣ ਸਿੱਖ ਵਿਦਵਾਨਾਂ ਦੇ ਅਧਿਐਨ ਦਾ ਕੇਂਦਰ-ਬਿੰਦੂ ਬਣੀ ਰਹੀ ਹੈ। ਸੰਗੀਤ-ਖੇਤਰ ਵਿਚ ਇਸ ਦੀ ਵੱਖਰੀ ਪਹਿਚਾਣ ਕਾਰਨ ਵੱਖਰੀ ਪੱਧਤੀ ਸਥਾਪਿਤ ਹੈ। ਗੁਰਮਤਿ ਦੇ ਵਧੇਰੇ ਖੋਜੀ ਵਿਦਵਾਨ ਸੰਗੀਤ-ਖੇਤਰ ਨਾਲ ਸੰਬੰਧਿਤ ਨਹੀਂ, ਜੋ ਸੰਗੀਤਕਾਰ ਹਨ ਉਹ ਇਸ ਨੂੰ ਭਾਰਤੀ ਸੰਗੀਤ ਦੇ ਅੰਤਰਗਤ ਰੱਖਦਿਆਂ ਇਸ ਨੂੰ ਭਾਰਤੀ ਸੰਗੀਤ ਦਾ ਅੰਗ ਮੰਨ ਕੇ ਗੌਣ ਰੂਪ ਪ੍ਰਦਾਨ ਕਰਨ ਦੀ ਵੱਡੀ ਭੁੱਲ ਕਰਦੇ ਹਨ। ਇਹ ਠੀਕ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਕੀਰਤਨ-ਪਰੰਪਰਾ ਭਾਰਤੀ ਸੰਸਕ੍ਰਿਤੀ ਦਾ ਅਨੁਸਰਣ ਕਰਦੀ ਹੈ ਪਰ ਇਹ ਸ਼ਾਸਤਰੀ ਸੰਗੀਤ ਦੀਆਂ ਉਨ੍ਹਾਂ ਪਰਤਾਂ ਨੂੰ ਨਹੀਂ ਅਪਣਾਉਂਦੀ ਜੋ ਮਨੁੱਖ ਵਿਚ ਚੰਚਲਤਾ ਪੈਦਾ ਕਰ ਕੇ ਉਸ ਨੂੰ ਪਰਮਾਰਥ ਦੇ ਮਾਰਗ ’ਤੇ ਤੁਰਨ ਲਈ ਵਿਘਨਕਾਰੀ ਬਣਦੀਆਂ ਹੋਣ। ਇਥੇ ਸੰਗੀਤ ਕੇਵਲ ਕਲਾ-ਪ੍ਰਦਰਸ਼ਨੀ ਜਾਂ ਮਨ-ਪ੍ਰਚਾਵਾ ਨਹੀਂ ਸਗੋਂ ਪ੍ਰਭੂ-ਕੀਰਤੀ ਲਈ ਉਪਯੋਗੀ ਸਾਧਨ ਜਾਂ ਸੰਚਾਰ-ਜੁਗਤ, ਭਾਸ਼ਾ ਨੂੰ ਰਾਗਮਈ, ਨਾਦਮਈ ਤੇ ਲੈਆਤਮਿਕ ਰੂਪ ਪ੍ਰਦਾਨ ਕਰਦੀ ਹੈ। ਇਸੇ ਪ੍ਰਸੰਗ ਵਿਚ ਸ. ਕਪੂਰ ਸਿੰਘ ਦੀ ਧਾਰਨਾ ਦਰੁੱਸਤ ਹੈ ਕਿ ‘ਸ੍ਰੀ ਗੁਰੂ ਨਾਨਕ ਸੰਗੀਤ’ ਦੱਖਣ ਦੇ ਸੰਗੀਤ ਸਕੂਲ ਤੋਂ ਵਧੇਰੇ ਪ੍ਰਭਾਵਿਤ ਹੈ। ਨਿਰਸੰਦੇਹ ਮੱਧਕਾਲ ਦੇ ਵਧੇਰੇ ਸੰਤਾਂ ਨੇ ਪਰਮਾਤਮਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਸੰਗੀਤ ਦੀ ਸੰਚਾਰ-ਜੁਗਤ ਨੂੰ ਅਪਣਾਇਆ ਪਰ ਉਹ ਇਸ ਧਾਰਮਿਕ ਸੰਗੀਤ ਨੂੰ ਸੰਸਥਾਗਤ ਰੂਪ ਨਹੀਂ ਦੇ ਸਕੇ। ਇਸ ਖੇਤਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ- ਗੁਰਮਤਿ ਸੰਗੀਤ। ਅੱਜ ਇਹੋ ਗੁਰਮਤਿ ਸੰਗੀਤ ਦਾ ਨਾਦ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਵਾਤਾਵਰਨ ਵਿਚ ਬਾਣੀ ਦੀ ਅੰਮ੍ਰਿਤ-ਵਰਖਾ ਕਰਦਿਆਂ ਬ੍ਰਹਮ-ਸੰਦੇਸ਼ ਸੰਚਾਰਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਕੀਰਤਨ- ਪਰੰਪਰਾ ਦੇ ਹੇਠ ਲਿਖੇ ਮੁੱਖ ਨੁਕਤੇ ਉਜਾਗਰ ਹੁੰਦੇ ਹਨ:

1. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਗੁਰਮਤਿ ਸੰਗੀਤ’ ਪੱਧਤੀ ਅਨੁਸਾਰੀ ਹੈ। ਗੁਰੂ ਸਾਹਿਬਾਨ ਨੇ ਇਸੇ ਸੰਗੀਤ ਨੂੰ ‘ਸ਼ਬਦ ਕੀਰਤਨ’ ਦੀ ਸੰਗਯਾ ਦੇ ਕੇ ਇਸ ਨੂੰ ਨਵੇਂ ਅਰਥਾਂ ਦੇ ਸੰਦਰਭ ਵਿਚ ਰੱਖ ਕੇ ਨਵੇਂ ਮੁਹਾਵਰੇ ਵਿਚ ਪੇਸ਼ ਕਰਦਿਆਂ ਇਸ ਨੂੰ ਵਿਗਿਆਨਕ ਰੂਪ ਪ੍ਰਦਾਨ ਕੀਤਾ। ਇਹੋ ਕਾਰਨ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੀਰਤਨ ਗੁਰੂ ਨਾਨਕ-ਕਾਲ ਤੋਂ ਭਾਈ ਮਰਦਾਨੇ ਦੀ ਰਬਾਬ ਦੀ ਮਿੱਠੀ ਸੁਰ ਅਤੇ ਅਲਾਹੀ ਬਾਣੀ ਨਾਲ ਅਰੰਭ ਹੋਏ ਕੀਰਤਨ ਦਾ ਪਸਾਰ ਹੈ। ਭਾਈ ਮਰਦਾਨਾ ਜੀ ਦੇ ਦੋ ਰਬਾਬੀ ਸ਼ਿਸ਼ ਭਾਈ ਬਾਦੂ ਜੀ ਤੇ ਭਾਈ ਦਾਦੂ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਰਾਹੀਂ ਬਾਣੀ-ਸੰਦੇਸ਼ ਸੰਚਾਰਦੇ ਰਹੇ। ਇਨ੍ਹਾਂ ਦੇ ਹੀ ਸਪੁੱਤਰ ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦੇ ਰਹੇ।

2. ਸ੍ਰੀ ਹਰਿਮੰਦਰ ਸਾਹਿਬ ਦੀ ਹਜ਼ੂਰੀ ਵਿਚ ਕੀਰਤਨ ਕਰਨ ਵਾਲਾ ਪਹਿਲਾ ਰਬਾਬੀ ਜਥਾ ਭਾਈ ਸਤਾ ਤੇ ਭਾਈ ਬਲਵੰਡ ਜੀ ਦਾ ਸੀ।

3. ਇਥੋਂ ਦੇ ਕੀਰਤਨ ਦਾ ਸੰਚਾਰ-ਰੂਪ, ਸੰਚਾਰ-ਸੁਭਾਅ, ਸੰਚਾਰ-ਪ੍ਰਭਾਵ ਅਤੇ ਸੰਚਾਰ-ਮੰਤਵ ਬ੍ਰਹਮ-ਕੇਂਦਰਤ ਹੈ। ਇਹ ਮਨ ਪ੍ਰਚਾਵਾ ਨਹੀਂ ਸਗੋਂ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ।

4. ਇਸ ਕੀਰਤਨ ਦਾ ਆਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਧੁਰ ਕੀ ਬਾਣੀ’, ਬਾਣੀ ਦੇ ਗੁਹਜ ਅਰਥ-ਭਾਵ ਪ੍ਰਗਟਾਉਣ ਵਾਲੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਦਸਮ ਗੁਰੂ ਜੀ ਦੀ ਅਧਿਆਤਮਕ ਰਚਨਾ ਅਤੇ ਭਾਈ ਨੰਦ ਲਾਲ ਜੀ ਦੀਆਂ ਗ਼ਜ਼ਲਾਂ ਹਨ।

5. ਇਥੋਂ ਦਾ ਗਾਵਣਹਾਰਾ (ਰਾਗੀ) ਨਾ ਸ਼ਬਦ ਭੇਟ ਦੀ ਅਰਦਾਸ ਕਰ ਸਕਦਾ ਹੈ, ਨਾ ਵਿਆਖਿਆ ਅਤੇ ਨਾ ਹੀ ਸਟੇਜਾਂ ਵਾਂਗ ਕੋਈ ਸੂਚਨਾ ਹੀ ਦੇ ਸਕਦਾ ਹੈ।

6. ਇਥੇ ਗੁਰਬਾਣੀ ਕੀਰਤਨ, ਅਰਦਾਸ ਅਤੇ ਮਹਾਂਵਾਕ ਤੋਂ ਛੁੱਟ ਕਿਸੇ ਪ੍ਰਕਾਰ ਦਾ ਬਚਨ-ਬਿਲਾਸ ਨਹੀਂ ਕੀਤਾ ਜਾ ਸਕਦਾ।

7. ਸ੍ਰੀ ਦਰਬਾਰ ਸਾਹਿਬ ਦੀ ਕੀਰਤਨ-ਪਰੰਪਰਾ ਮਨੁੱਖ ਨੂੰ ਹਲਤ ਸੁਖ, ਪਲਤ ਸੁਖ ਅਤੇ ਅਧਿਆਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਹੈ, ਭਾਵ ਸਤ-ਚਿਤ-ਅਨੰਦ ਦੀ ਪ੍ਰਤੀਕ ਹੈ।

8. ਇਹ ਕੀਰਤਨ ਪਰੰਪਰਾ ਸੰਗੀਤ ਦੇ ਤਕਨੀਕੀ ਪੱਖ ਨਾਲੋਂ ਸ਼ਬਦ ਦੇ ਭਾਵ ਅਰਥ ਅਤੇ ਦਾਰਸ਼ਨਿਕ ਮੰਤਵ ਦੇ ਪ੍ਰਗਟਾਉ ਨੂੰ ਪ੍ਰਥਮਤਾ ਦੇਣ ਵਾਲੀ ਹੈ।

9. ਇਸ ਕੀਰਤਨ-ਪਰੰਪਰਾ ਅਧੀਨ ਰਾਗ ਚੋਣ, ਵਿਸ਼ੇ ਦੇ ਪ੍ਰਗਟਾਉ ਅਨੁਕੂਲ ਕੀਤੀ ਜਾਂਦੀ ਹੈ। ਸਾਡੇ ਅਜੋਕੇ ਕੀਰਤਨੀਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਕੀਰਤਨ-ਪਰੰਪਰਾ ਅਧੀਨ ਕੀਰਤਨਕਾਰ ਨੂੰ ਇੱਕੋ ਸਮੇਂ ਦਰਸ਼ਨਕਾਰ, ਸੰਗੀਤਕਾਰ ਅਤੇ ਇਤਿਹਾਸਕਾਰ ਹੋਣਾ ਲੋੜੀਂਦਾ ਹੈ ਤਾਂ ਜੋ ਉਹ ਸ਼ਬਦ ਦਾ ਭਾਵ-ਸੰਚਾਰ ਉਸੇ ਪਰਿਪੇਖ ਵਿਚ ਕਰ ਸਕੇ ਜਿਸ ਵਿਚ ਉਸ ਦੀ ਪ੍ਰਸੰਗਿਕਤਾ ਉਜਾਗਰ ਹੋਵੇ। ਇਸ ਮੰਤਵ-ਕਾਰਜ-ਸਿਧੀ ਲਈ, ਕੀਰਤਨਕਾਰ ਵਿਚ ਨਿਮਰਤਾ ਅਤੇ ਦਇਆ ਵਰਗੇ ਸ਼ੁਭ ਗੁਣ  ਹੋਣੇ ਚਾਹੀਦੇ ਹਨ।

10. ਇਸ ਕੀਰਤਨ-ਪਰੰਪਰਾ ਅਧੀਨ ਪ੍ਰਥਮਤਾ ਸ਼ਬਦ-ਭਾਵ ਦੇ ਸੰਚਾਰ ਦੀ ਰੱਖੀ ਜਾਂਦੀ ਹੈ ਅਤੇ ਸੰਗੀਤ ਸ਼ਬਦ ਦੇ ਭਾਵ-ਸੰਚਾਰ ਲਈ ਸਹਾਇਕ ਵਜੋਂ ਕਾਰਜਸ਼ੀਲ ਰਹਿੰਦਾ ਹੈ ਕਿਉਂਕਿ ਇਥੇ ਸੰਗੀਤ, ਕਲਾ-ਪ੍ਰਦਰਸ਼ਨ ਦਾ ਸਾਧਨ ਨਹੀਂ, ਬ੍ਰਹਮ ਨਾਲ ਜੁੜਨ ਦੀ ਜੁਗਤ ਹੈ।

11. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਚ ‘ਕੀਰਤਨ ਚੌਂਕੀਆਂ’ ਦੀ ਪਰੰਪਰਾ ਹੈ। ਚੌਂਕੀ ਦਾ ਸੰਬੰਧ ਕੀਰਤਨ ਦੇ ਚਾਰ ਅੰਗਾਂ ਨਾਲ ਹੈ, ਜਿਸ ਲਈ ਕੀਰਤਨੀ ਜਥੇ ਵਿਚ ਘੱਟੋ-ਘੱਟ ਚਾਰ ਰਾਗੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਦੇ ਅਰੰਭ ਵਿਚ ਸਾਜ਼ ਉੱਤੇ ਸੁਰ ਨਾਲ ਸ਼ਾਨ ਜਾਂ ਲਹਿਰਾ ਵਜਾਇਆ ਜਾਂਦਾ ਹੈ ਅਤੇ ਤਾਲ ਦੇਣ ਵਾਲਾ ਤਬਲਾ ਜਾਂ ਮਿਰਦੰਗ ਵਜਾ ਕੇ ਸੰਗੀਤਮਈ ਮਾਹੌਲ ਤਿਆਰ ਕਰਦਾ ਹੈ। ਉਪਰੰਤ ਵੱਡੇ ਖ਼ਿਆਲ ਦੀ ਗਾਇਨ-ਸ਼ੈਲੀ ਦੇ ਅੰਤਰਗਤ ਸਮੇਂ ਅਨੁਸਾਰ ਨਿਰਧਾਰਤ ਰਾਗ ਵਿਚ ‘ਡੰਡਉਤ ਬੰਦਨਾ’ ਜਾਂ ‘ਮੰਗਲਾਚਰਨ’ ਵਜੋਂ ਕੋਈ ਸ਼ਬਦ ਗਾਇਨ ਕਰਦਿਆਂ ਚਾਰ ਤਾਲ ਦਾ ਠੇਕਾ ਲਗਾਇਆ ਜਾਂਦਾ ਹੈ। ਮੰਗਲਾਚਰਨ ਤੋਂ ਪਿੱਛੋਂ ਪਰੰਪਰਾਗਤ ਸੰਗੀਤ ਦੀਆਂ ਗਾਇਨ-ਸ਼ੈਲੀਆਂ ਧਰੁਪਦ, ਪੜਤਾਲ ਆਦਿ ਬਿਖੜੇ ਤਾਲਾਂ ਵਿਚ ਪ੍ਰਦਰਸ਼ਤ ਕਰਨ ਉਪਰੰਤ ਕੋਈ ਸੁਗਮ ਰੀਤ ਗਾਈ ਜਾਂਦੀ ਹੈ। ਚੌਂਕੀ ਦੀ ਸਮਾਪਤੀ, ਸਮੇਂ ਦੇ ਰਾਗ ਅਨੁਸਾਰ ਕੋਈ ਸਲੋਕ ਜਾਂ ਵਾਰ ਗਾਇਨ ਕਰ ਕੇ ਕੀਤੀ ਜਾਂਦੀ ਹੈ। ਸੰਗੀਤ-ਕਲਾ ਵਿਚ ਨਿਪੁੰਨ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਚ ਹਰ ਚੌਂਕੀ ਇਸੇ ਤਰ੍ਹਾਂ ਅਰੰਭ ਕਰਦੇ ਹਨ।

12. ਇਥੇ ਕੀਰਤਨ ਸਮੇਂ  ਅਜਿਹੇ ਸਾਜ਼ ਨਹੀਂ ਵਜਾਏ ਜਾਂਦੇ ਜੋ ਮਨ-ਬਿਰਤੀਆਂ ਇਕਾਗਰ ਕਰਨ ਵਾਲੇ ਨਾ ਹੋਣ ਅਤੇ ਸ਼ਬਦ ਦੇ ਭਾਵ-ਸੰਚਾਰ ਦੀ ਥਾਂ ਆਪਣੇ ਸੰਗੀਤਕ ਤੱਤਾਂ ਨੂੰ ਹੀ ਉਭਾਰਨ। ਮੂੰਹ ਦੇ ਸਾਜ਼ ਵੀ ਇਸੇ ਲਈ ਨਹੀਂ ਵਜਾਏ ਜਾਂਦੇ। ਮੂੰਹ ਕੇਵਲ ਬਾਣੀ ਉਚਾਰਨ ਦਾ ਸ੍ਰੋਤ ਮੰਨਿਆ ਜਾਂਦਾ ਹੈ।

13. ਇਥੇ ਰਬਾਬ ਦੇ ਨਾਲ ਸਾਰਿੰਦਾ, ਤਾਊਸ, ਦਿਲਰੁਬਾ, ਵਾਇਲਨ ਆਦਿ ਤੰਤੀ ਸਾਜ਼ ਤਾਂ ਵਜਾਏ ਜਾਂਦੇ ਹਨ ਪਰ ਸਾਰੰਗੀ ਆਦਿ ਵਜਾਉਣ ਦੀ ਆਗਿਆ ਨਹੀਂ। ਇਹ ਸਾਜ ਭਾਵੇਂ ਸੁਰੀਲਾ ਹੈ ਪਰ ਆਪਣੀ ਭਰਵੀਂ ਆਵਾਜ਼ ਕਾਰਨ ਸਹਿਜ ਭਾਵ ਨੂੰ ਕਾਇਮ ਰੱਖਣ ਵਿਚ ਅਸਮਰੱਥ ਹੈ। ਅਰੰਭ ਵਿਚ ਢਾਡੀ ਵੀ ਸਾਰੰਗੀ ਦੀ ਥਾਂ ਸਾਰਿੰਦਾ ਸਾਜ਼ ਦੀ ਵਰਤੋਂ ਕਰਿਆ ਕਰਦੇ ਸਨ ਜਿਸ ਦੀ ਸੁਰ ਬਰੀਕ ਤੇ ਮਿੱਠੀ ਹੁੰਦੀ ਸੀ। ਪਰ ਅੱਜਕਲ੍ਹ ਢਾਡੀ ਜਥਿਆਂ ਵੱਲੋਂ ਸਾਰੰਗੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜੋ ਆਪਣੀ ਖਾੜਕੂ ਸ਼ੈਲੀ ਕਾਰਨ ਬੀਰ-ਰਸ ਪੈਦਾ ਕਰਦੀ ਹੈ।

14. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਕੀਰਤਨ-ਪਰੰਪਰਾ ਵਿਚ ਨਿਰਤ-ਕਲਾ ਨੂੰ ਅਪ੍ਰਵਾਨ ਕੀਤਾ ਗਿਆ ਹੈ, ਭਾਵੇਂ ਕਿ ਇਸ ਨੂੰ ਭਗਤੀ ਸੰਗੀਤ ਦਾ ਅੰਗ ਮੰਨਿਆ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਨਿਰਤ-ਕਲਾ ਵਿਚ ਅੰਤ੍ਰੀਵ ਭਾਵਾਂ ਦਾ ਘੱਟ ਤੇ ਨਿਰਤਕਾਰ ਦੇ ਬਾਹਰਮੁਖੀ ਹਾਵ-ਭਾਵ ਮੁਦਰਾਵਾਂ ਤੇ ਉਸ ਦੇ ਰੂਪ ਦਾ ਪ੍ਰਭਾਵ ਵਧੇਰੇ ਪੈਂਦਾ ਹੈ। ਇਹ ਵਿਧੀ ਮਾਨਵ-ਮਨ ਨੂੰ ਪਰਮਾਤਮਾ ਨਾਲ ਜੋੜਨ ਦਾ ਜਾਂ ਆਤਮ-ਵਿਲੀਨਤਾ ਵਿਚ ਸਹਾਇਕ ਹੋਣ ਨਾਲੋਂ ਵਿਘਨਕਾਰੀ ਵਧੇਰੇ ਬਣਦੀ ਹੈ।

15. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਪੁਰਾਣੇ ਕੀਰਤਨੀਏ, ਸੰਗੀਤ ਦੇ ਗਾਇਨ ਉਸਤਾਦਾਂ ਪਾਸੋਂ ਬੜੀ ਮਿਹਨਤ ਤੇ ਲਗਨ ਨਾਲ ਵਿੱਦਿਆ ਹਾਸਲ ਕਰਦੇ ਸਨ। ਕੂਚਾ ਰਬਾਬੀਆਂ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਇਥੋਂ ਦੇ ਗਾਇਕਾਂ ਨਾਲ ਦੇਸ਼ ਦੇ ਪ੍ਰਸਿੱਧ ਗਾਇਕ ਮੁਕਾਬਲਾ ਕਰਨ ਤੋਂ ਝਿਜਕਦੇ ਸਨ।

16. ਬਸੰਤ ਰਾਗ ਗਾਉਣ ਦੀ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦੀ ਵਿਲੱਖਣ ਪਰੰਪਰਾ ਹੈ। ਇਹ ਲੋਹੜੀ ਵਾਲੇ ਦਿਨ ਰਾਤ 9 ਵਜੇ ਬਾਕਾਇਦਾ ਅਰਦਾਸ ਕਰਕੇ ਅਰੰਭ ਕੀਤਾ ਜਾਂਦਾ ਹੈ। ਅਰਦਾਸ ਉਪਰੰਤ-

‘ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ॥’ (ਬਸੰਤੁ ਮ: 1, ਪੰਨਾ 1168)

ਸ਼ਬਦ ਗਾਇਨ ਕੀਤਾ ਜਾਂਦਾ ਹੈ। ਇਸ ਦਿਨ ਤੋਂ ਹਰ ਕੀਰਤਨ ਚੌਂਕੀ ਇਸੇ ਰਾਗ ਅਧੀਨ ਅਰੰਭ ਹੁੰਦੀ ਹੈ ਅਤੇ ਸਮਾਪਤੀ ਭੀ ਇਸੇ ਰਾਗ ਦੇ ਅੰਤਰਗਤ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਹੋਲੇ ਮਹੱਲੇ ਵਾਲੇ ਦਿਨ ਤਕ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਉਸ ਦਿਨ ਆਸਾ ਦੀ ਚੌਂਕੀ ਦੀ ਅਰਦਾਸ ਸਮੇਂ ਬਸੰਤ ਰਾਗ ਗਾਉਣ ਦੀ ਸਮਾਪਤੀ ਦੀ ਅਰਦਾਸ ਕਰਕੇ ਇਸ ਦਾ ਗਾਇਨ ਸਮੇਟ ਲਿਆ ਜਾਂਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਇਹ ਵਿਲੱਖਣ ਕੀਰਤਨ-ਪਰੰਪਰਾ, ਪ੍ਰਭੂ ਨਾਲੋਂ ਵਿੱਛੜੀਆਂ ਰੂਹਾਂ ਨੂੰ ਮੇਲਣ ਤੇ ਟੁੱਟੀਆਂ ਸੁਰਤਾਂ ਨੂੰ ਜੋੜਨ ਅਤੇ ਮਾਨਵ-ਮਨ ਨੂੰ ਸੰਸਾਰਕ-ਮੰਡਲ ਨਾਲੋਂ ਤੋੜ ਅਧਿਆਤਮਿਕ ਮੰਡਲ ਨਾਲ ਜੋੜਨ ਦਾ ਉਤਮ ਸਾਧਨ ਹੈ। ਇਹ ਸਾਧਨ ਜਮਦੂਤਾਂ ਤੇ ਮੌਤ ਦਾ ਭੈਅ ਅਤੇ ਖੋਟੀ ਮੱਤ ਨਾਸ ਕਰਨ ਵਾਲਾ ਹੈ। ਇਸ ਪਰੰਪਰਾ ਨੇ ਨਾ ਕੇਵਲ ਭਾਰਤੀ ਸੰਗੀਤ ਦੀਆਂ ਮੁਢਲੀਆਂ ਤੇ ਸਾਂਸਕ੍ਰਿਤਕ ਪਰੰਪਰਾਵਾਂ ਨੂੰ ਹੀ ਜ਼ਿੰਦਾ ਰੱਖਿਆ, ਸਗੋਂ ਇਸ ਦੀਆਂ ਗਾਇਨ ਤੇ ਵਾਦਕ ਸ਼ੈਲੀਆਂ ਵਿਚ ਸੁਚਾਰੂ ਤਰਮੀਮਾਂ ਕਰਦਿਆਂ ਇਸ ਦੇ ਭਾਵ-ਸੰਚਾਰ ਨੂੰ ਬ੍ਰਹਮ-ਕੇਂਦਰਿਤ ਬਣਾ ਕੇ ‘ਗੁਰਮਤਿ ਸੰਗੀਤ’ ਦੀ ਇਕ ਨਿਵੇਕਲੀ ਤੇ ਮੌਲਿਕ ਪੱਧਤੀ ਦੀ ਸਿਰਜਨਾ ਕੀਤੀ ਹੈ। ਇਸ ਬੁਨਿਆਦੀ ਅਮੀਰ ਵਿਰਸੇ ਨੂੰ ਪਵਿੱਤਰ, ਵਿਕਸਤ ਅਤੇ ਸੁਰਜੀਤ ਰੱਖਣਾ ਸਮੇਂ ਦੀ ਲੋੜ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)