ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਕਿਰਪਾ ਦੁਆਰਾ 29 ਮਾਰਚ ਸੰਨ 1699 ਨੂੰ ਅਨੰਦਪੁਰ ਸਾਹਿਬ ਵਿਖੇ ਵੈਸਾਖੀ ਵਾਲੇ ਦਿਨ ਅਲੌਕਿਕ ਢੰਗ ਨਾਲ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਸ ਸਮੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਅੰਮ੍ਰਿਤ-ਅਭਿਲਾਖੀਆਂ ਦੀ ਕਤਾਰ ਵਿਚ ਲੱਗ ਕੇ ਗੁਰੂ-ਪਿਤਾ ਦੀ ਹਜ਼ੂਰੀ ਵਿਚ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਲੈ ਦਸਮੇਸ਼ ਪਿਤਾ ਦੇ ਸਿੰਘ ਸਜ ਗਏ। ਇਤਿਹਾਸ ਵਿਚ ਆਉਂਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਤਿਆਰ ਕਰ ਰਹੇ ਸਨ, ਉਸ ਸਮੇਂ ਮਾਤਾ ਸੁੰਦਰ ਕੌਰ ਜੀ ਕਹਿਣ ਲੱਗੇ, “ਮਾਤਾ ਜੀਓ! ਇਹ ਤਾਂ ਅਜੇ ਛੋਟਾ ਹੈ।” ਇਹ ਸੁਣ ਕੇ ਮਾਤਾ ਜੀ ਨੇ ਦੱਸਿਆ ਕਿ “ਬੇਟਾ ਜੀ! ਇਹ ਬੜੀ ਵੱਡੀ ਆਤਮਿਕ ਅਵਸਥਾ ਵਾਲਾ ਸੁਆਮੀ ਹੈ…ਇਹ ਛੋਟਾ ਨਹੀਂ…ਇਹ ਬਾਬਾ ਹੈ…।”
ਸੁਨਹਿਰੀ ਪੁਸ਼ਾਕੇ, ਗਲ਼ ਵਿਚ ਕਿਰਪਾਨਾਂ, ਸਿਰਾਂ ਉੱਪਰ ਸੱਜਦੇ ਗੋਲ ਦੁਮਾਲੇ ਤੇ ਕਲਗ਼ੀਆਂ ਸਾਹਿਬਜ਼ਾਦਿਆਂ ਦੇ ਨੂਰੀ ਮੁਖੜਿਆਂ ਨੂੰ ਹੋਰ ਚਾਰ-ਚੰਨ ਲਗਾਉਂਦੇ। ਸਾਹਿਬਜ਼ਾਦੇ ਗੁਰੂ-ਪਿਤਾ ਜੀ ਪਾਸੋਂ ਆਤਮਿਕ ਤੇ ਸ਼ਸਤਰ ਚਲਾਉਣ ਆਦਿ ਦੀ ਵਿਦਿਆ ਲੈਂਦੇ ਅਤੇ ਦਾਦੀ ਮਾਂ ਪਾਸੋਂ ਗੁਰਬਾਣੀ, ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸ੍ਰੇਸ਼ਟ ਸਿੱਖਾਂ ਦੀਆਂ ਸਾਖੀਆਂ ਸੁਣਦੇ। ਕਈ ਵਾਰ ਜਦੋਂ ਮਾਤਾ ਜੀ ਗੋਦ ’ਚ ਲੈ ਕੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਦਿ ਦੇ ਸ਼ਹੀਦੀ ਸਾਕੇ ਬੜੇ ਵੈਰਾਗ ਵਿਚ ਆ ਕੇ ਸੁਣਾਉਂਦੇ ਤਾਂ ਉਸ ਸਮੇਂ ਸਾਹਿਬਜ਼ਾਦਿਆਂ ਦਾ ਜੋਸ਼ ਨਾਲ ਖੂਨ ਖੌਲ ਉੱਠਦਾ ਅਤੇ ਜ਼ਾਲਮ ਦੋਖੀਆਂ ਵੱਲੋਂ ਧਰਮ ਦੇ ਨਾਮ ਹੇਠ ਕੀਤੇ ਜਾਂਦੇ ਕੂੜ/ਅਧਰਮ ਨੂੰ ਰੋਕਣ ਵਾਸਤੇ ਜਾਨਾਂ ਵਾਰਨ ਤੱਕ ਵੀ ਪ੍ਰਣ ਕੀਤੇ ਜਾਂਦੇ। ਮੁੱਕਦੀ ਗੱਲ! ਮਾਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਸਿੱਖ ਰਹੁਰੀਤਾਂ ਆਦਿ ਤੋਂ ਜਾਣੂ ਕਰਵਾ ਕੇ ਸਾਹਿਬਜ਼ਾਦਿਆਂ ਦਾ ਆਤਮਿਕ ਬਲ ਵਧਾਉਣ ਵਿਚ ਭਰਪੂਰ ਯੋਗਦਾਨ ਪਾਇਆ।
ੴਦੀ ਉਪਾਸਨਾ, ਭੁੱਲੇ ਮੂਰਤੀ ਪੂਜਕ ਪਹਾੜੀ ਰਾਜਿਆਂ ਪਾਸੋਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਜਾਂਦਾ ਜਾਤੀ ਰਹਿਤ ਪ੍ਰਚਾਰ, ਲੰਗਰ ਲਈ ਇੱਕੋ ਪੰਗਤ, ਨਗਾਰੇ ਦੀਆਂ ਚੋਟਾਂ, ਕਿਲ੍ਹਿਆਂ ਦੀ ਉਸਾਰੀ, ਝੰਡਿਆਂ ਦਾ ਝੁਲਣਾ, ਗੁਰੂ ਜੀ ਦੀ ਅਗਵਾਈ ਹੇਠ ਗਰੀਬਾਂ ਤੇ ਅਖੌਤੀ ਸ਼ੂਦਰਾਂ ਦਾ ਆਤਮਿਕ ਤੌਰ ’ਤੇ ਜਾਗ ਉੱਠਣਾ ਆਪਣੇ ਵਾਸਤੇ ਖ਼ਤਰਾ ਜਾਪਦਾ ਸੀ, ਜਿਸ ਕਰਕੇ ਉਹ (ਪਹਾੜੀ ਰਾਜੇ) ਗੁਰੂ ਜੀ ਨਾਲ ਆਨੇ-ਬਹਾਨੇ ਲੜਾਈ ਕਰਦੇ, ਪਰ ਹਰ ਵਾਰ ਦਸਮੇਸ਼ ਜੀ ਦੀਆਂ ਫੌਜਾਂ ਪਾਸੋਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਹਰ ਵਾਰ ਸ਼ਰਮਿੰਦਗੀ ਦਾ ਮੂੰਹ ਹੀ ਵੇਖਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਜ਼ਫ਼ਰਨਾਮੇ’ ਵਿਚ ਦੱਸਦੇ ਹਨ:
ਮਨਮ ਕੁਸ਼ਤਹਅਮ ਕੋਹੀਆ ਪੁਰਫਿਤਨ॥
ਕਿ ਆਂ ਬੁਤਪਰਸਤੰਦ ਮਨ ਬੁਤਸ਼ਿਕਨ॥
ਰਾਜਾ ਭੀਮ ਚੰਦ ਪਹਾੜੀ ਰਾਜਿਆਂ ਦੀਆਂ ਮਿਲਵੀਆਂ ਫੌਜਾਂ ਦਾ ਮੁਖੀ ਸੀ। ਉਸ ਨੇ ਇਕ ਵਾਰ ਬੜੀ ਵਿਉਂਤ ਨਾਲ ਅਨੰਦਪੁਰ ਸਾਹਿਬ ’ਤੇ ਹਮਲਾ ਕੀਤਾ, ਪਰ ਉਸ ਦੀ ਯੋਜਨਾ ਫੇਲ੍ਹ ਹੋ ਗਈ ਅਤੇ ਲੱਗਾ ਆਪਣਾ ਬਚਾਅ ਕਰਨ। ਇਸ ਜੰਗ ਵਿਚ ਵੈਰੀ ਗੁੱਜਰ ਸਰਦਾਰ ਜਮਤੁੱਲਾ ਭਾਊ ਮਾਰਿਆ ਗਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਦੇ ਪੇਟ ਵਿਚ ਨੇਜ਼ਾ ਵੱਜ ਗਿਆ, ਪਰ ਸਾਹਿਬਜ਼ਾਦਾ ਓਨੀ ਦੇਰ ਪੱਬ ਚੁੱਕ-ਚੁੱਕ ਕੇ ਤੀਰ ਚਲਾਉਂਦਾ ਰਿਹਾ, ਜਿੰਨੀ ਦੇਰ ਤਕ ਦੂਸਰੇ ਘੋੜੇ ਦਾ ਇੰਤਜ਼ਾਮ ਨਾ ਹੋਇਆ। ਇਸ ਜੰਗ ਵਿਚ ਆਪ ਜੀ ਨੇ ਵੈਰੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਕੇ ਬੜੀ ਸੂਰਬੀਰਤਾ ਵਿਖਾਈ। ਦੁਸ਼ਮਣ ਫੌਜਾਂ ਪਿਛਾਂਹ ਭੱਜ ਗਈਆਂ। ਇਕ ਦਿਨ ਦੀਨ-ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਦੇਵਦਾਸ ਬ੍ਰਾਹਮਣ ਪੁੱਜਾ। ਉਸ ਨੇ ਰੋ-ਰੋ ਕੇ ਦੱਸਿਆ ਕਿ “ਸੱਚੇ ਪਾਤਸ਼ਾਹ ਜੀਓ! ਮੈਂ ਆਪਣੀ ਪਤਨੀ ਦਾ ਮੁਕਲਾਵਾ ਲੈ ਕੇ ਆ ਰਿਹਾ ਸਾਂ… ਹੁਸ਼ਿਆਰਪੁਰ ਦੇ ਨੇੜੇ ਬੱਸੀ ਪਠਾਣਾਂ ਦਾ ਸਰਦਾਰ ਜਾਬਰ ਖ਼ਾਂ ਮੇਰੀ ਪਤਨੀ ਤੇ ਧਨ-ਜ਼ੇਵਰ ਆਦਿ ਖੋਹ ਕੇ ਲੈ ਗਿਆ ਹੈ… ਕਰੋ ਕਿਰਪਾ.. ਰੱਖੋ ਸ਼ਰਨ ਆਏ ਦੀ ਲਾਜ…।”
ਮਿਹਰਾਂ ਦੇ ਖ਼ਜ਼ਾਨੇ ਸਤਿਗੁਰੂ ਪਾਤਸ਼ਾਹ ਜੀ ਨੇ ਬ੍ਰਾਹਮਣ ਦੀ ਪੁਕਾਰ ਨੂੰ ਸੁਣਦਿਆਂ ਹੀ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਹੇਠ ਸੌ ਘੋੜ-ਸਵਾਰ ਸਿੰਘਾਂ ਦੇ ਜਥੇ ਨੂੰ ਬੱਸੀ ਪਠਾਣਾਂ ’ਤੇ ਹਮਲਾ ਕਰ ਕੇ ਬ੍ਰਾਹਮਣ ਦੀ ਪਤਨੀ ਨੂੰ ਛੁਡਾਉਣ ਵਾਸਤੇ ਭੇਜਿਆ। ਗੁਰੂ-ਪਿਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਾਬਾ ਅਜੀਤ ਸਿੰਘ ਜੀ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬੱਸੀ ਪਠਾਣਾਂ ’ਤੇ ਹਮਲਾ ਕਰ ਕੇ ਜਾਬਰ ਖ਼ਾਂ ਦੀ ਹਵੇਲੀ ਨੂੰ ਚੁਫੇਰਿਓਂ ਘੇਰ ਲਿਆ। ਹਵੇਲੀ ਦਾ ਦਰਵਾਜ਼ਾ ਟੁੱਟਣ ਦੀ ਆਵਾਜ਼ ਸੁਣ ਪਠਾਣ ਉੱਠ ਪਏ, ਪਰ ਸਿੰਘਾਂ ਨਾਲ ਟੱਕਰ ਲੈਣ ਦੀ ਹਿੰਮਤ ਕਿਸੇ ਨਾ ਕੀਤੀ। ਬਾਬਾ ਜੀ ਨੇ ਬੜੀ ਫੁਰਤੀ ਨਾਲ ਜਾਬਰ ਖ਼ਾਂ ਨੂੰ ਸੰਭਲਣ ਤੋਂ ਪਹਿਲਾਂ ਹੀ ਉਸ ਦੇ ਸੌਣ ਵਾਲੇ ਕਮਰੇ ਵਿੱਚੋਂ ਬੰਦੀ ਬਣਾ ਲਿਆ ਅਤੇ ਉਸ ਦੀ ਕੈਦ ਵਿੱਚੋਂ ਬ੍ਰਾਹਮਣੀ ਨੂੰ ਛੁਡਾ ਲਿਆ। ਸਾਹਿਬ ਦੇ ਹੁਕਮ ਮੂਜਬ ਪਠਾਣ ਖ਼ਾਂ ਨੂੰ ਤੀਰਾਂ ਦੁਆਰਾ ਮੌਤ ਦੇ ਘਾਟ ਉਤਾਰਿਆ ਗਿਆ ਤੇ ਬ੍ਰਾਹਮਣ ਦੇਵਦਾਸ ਨੂੰ ਉਸ ਦੀ ਬ੍ਰਾਹਮਣੀ ਦੇ ਕੇ ਵਿਦਾ ਕੀਤਾ ਗਿਆ।
ਇਕ ਵੇਰਾਂ ਸਾਹਿਬਜ਼ਾਦੇ (ਨੇਜ਼ਾਬਾਜੀ, ਗਤਕਾ ਆਦਿ) ਖੇਡ ਰਹੇ ਸਨ। ਬਾਬਾ ਫ਼ਤਹਿ ਸਿੰਘ, ਜੋ ਉਸ ਵੇਲੇ ਤਿੰਨ ਕੁ ਸਾਲ ਦੇ ਸਨ, ਉਹ ਵੀ ਨਾਲ ਖੇਡਣ ਆ ਗਏ। ਭਰਾਵਾਂ ਆਖਿਆ, “ਤੁਸੀਂ ਨਹੀਂ ਖੇਡ ਸਕਦੇ, ਤੁਸੀਂ ਛੋਟੇ ਹੋ।” ਤਦ ਬਾਬਾ ਫ਼ਤਹਿ ਸਿੰਘ ਅੰਦਰ ਚਲੇ ਗਏ। ਆਪਣੇ ਸੀਸ ਉੱਪਰ ਪਹਿਲਾਂ ਇਕ ਦੁਮਾਲਾ ਸਜਾਇਆ, ਫਿਰ ਦੂਜਾ, ਫਿਰ ਤੀਜਾ… ਤੇ ਆਪਣਾ ਕੱਦ ਦੁਮਾਲਿਆਂ ਸਦਕਾ ਆਪਣੇ ਵੀਰਾਂ ਤੋਂ ਉੱਚਾ ਕਰ ਲਿਆ। ਫਿਰ ਆ ਕੇ ਕਹਿਣ ਲੱਗੇ, “ਹੁਣ ਤਾਂ ਮੈਂ ਵੱਡਾ ਹੋ ਗਿਆ ਹਾਂ ਨਾ, ਹੁਣ ਤਾਂ ਖੇਡ ਸਕਦਾ ਹਾਂ?” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਸਭ ਕੁਝ ਵੇਖ ਰਹੇ ਸਨ, ਬੜੇ ਪ੍ਰਭਾਵਿਤ ਹੋਏ। ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਗੋਦ ਲਿਆ ਤੇ ਭਰੀ ਸੰਗਤ ਵਿਚ ਐਲਾਨ ਕੀਤਾ, “ਬਾਬਾ ਫ਼ਤਹਿ ਸਿੰਘ, ਇਸ ਬਾਣੇ ਵਾਲੇ ਨਿਹੰਗ ਸਿੰਘਾਂ ਦਾ ਪੰਥ ਤੇਰੇ ਹਵਾਲੇ ਕਰਦਾ ਹਾਂ। ਇਹ ਅਕਾਲੀ ਜਥਾ ਹੋਵੇਗਾ, ਜੋ ਕਿਸੇ ਅੱਗੇ ਨਹੀਂ ਝੁਕੇਗਾ।” ਫਿਰ ਸੰਗਤ ਵਿੱਚੋਂ ਪੰਜ ਸਿੰਘ ਭਾਈ ਉਦੇ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ ਤੇ ਭਾਈ ਸੁਲੱਖਣ ਸਿੰਘ ਨੂੰ ਨਵੇਂ ਨੀਲੇ ਬਾਣਿਆਂ ਵਿਚ ਸਜਾ ਕੇ ਬਾਬਾ ਫ਼ਤਹਿ ਸਿੰਘ ਦਾ ਨਿਹੰਗ ਜਥਾ ਕਾਇਮ ਕੀਤਾ। ਇਹ ਜਥਾ ਸੰਨ 1704 ਵਿਚ ਸਥਾਪਤ ਹੋਇਆ। (ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼) ਮੱਕਾਰ ਤੇ ਫਰੇਬੀ ਪਹਾੜੀ ਰਾਜਿਆਂ ਨੇ ਮੁਗ਼ਲ ਸ਼ਾਸਕ ਔਰੰਗਜ਼ੇਬ ਨੂੰ ਬੇਨਤੀਆਂ/ਪੱਤਰਾਂ ਰਾਹੀਂ ਬੜਾ ਭੜਕਾਇਆ ਕਿ ਸਿੱਖ ਸ਼ਕਤੀ ਨੂੰ ਦਬਾਉਣਾ ਚਾਹੀਦਾ ਹੈ ਨਹੀਂ ਤਾਂ ਇਹ ਮੁਗ਼ਲ ਰਾਜ ਵਾਸਤੇ ਖ਼ਤਰਾ ਬਣ ਜਾਵੇਗੀ। ਔਰੰਗਜ਼ੇਬ ਜਿਸ ਵੀ ਫੌਜ ਦੇ ਜਰਨੈਲ ਨੂੰ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਸਤੇ ਭੇਜਦਾ, ਉਹ ਹੀ ਸਤਿਗੁਰੂ ਜੀ ਦੀ ਸ਼ਰਨ ਆ ਮੁਰੀਦ ਬਣ ਜਾਂਦਾ। ਜਦੋਂ ਇਸ ਗੱਲ ਦਾ ਉਸ ਨੂੰ ਪਤਾ ਲੱਗਾ ਤਾਂ ਉਹ ਬੜਾ ਲੋਹਾ-ਲਾਖਾ ਹੋਇਆ। ਉਸ ਨੇ ਬੜੀ ਸਖ਼ਤੀ ਨਾਲ ਦਿੱਲੀ, ਲਾਹੌਰ, ਸਰਹਿੰਦ, ਜੰਮੂ ਤੇ ਮੁਲਤਾਨ ਆਦਿ ਦੇ ਨਵਾਬਾਂ ਅਤੇ ਪਹਾੜੀ ਰਾਜਿਆਂ ਨੂੰ ਆਪਣੀਆਂ ਭਾਰੀ ਫੌਜਾਂ (ਟਿੱਡੀ ਦਲ) ਸਮੇਤ ਅਨੰਦਪੁਰ ਸਾਹਿਬ ’ਤੇ ਹਮਲਾ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਜਾਂ ਉਨ੍ਹਾਂ ਦਾ ਸੀਸ ਕੱਟ ਕੇ ਲਿਆਉਣ ਦੇ ਹੁਕਮ ਦਿੱਤੇ। ਵੈਰੀਆਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ’ਤੇ ਬੜਾ ਭਾਰੀ ਹਮਲਾ ਕੀਤਾ, ਪਰ ਮੇਰੇ ਪ੍ਰੀਤਮ-ਪਿਆਰੇ ਦੀਆਂ ਖਾਲਸਾ ਫੌਜਾਂ ਨੇ ਵੈਰੀਆਂ ਦਾ ਏਨਾ ਜਾਨੀ-ਮਾਲੀ ਨੁਕਸਾਨ ਕੀਤਾ ਕਿ ਉਨ੍ਹਾਂ ਦੇ ਹੌਸਲੇ ਟੁੱਟ ਗਏ। ਫਿਰ ਵੀ ਸ਼ਰਮ ਦੇ ਮਾਰੇ ਪਿੱਛੇ ਨਾ ਗਏ, ਸਗੋਂ ਅਨੰਦਪੁਰ ਸਾਹਿਬ ਨੂੰ ਚੁਫੇਰਿਓਂ ਘੇਰ ਕੇ ਬੈਠ ਗਏ। ਜਿੰਨੀ ਦੇਰ ਤਕ ਦੁਸ਼ਮਣ ਫੌਜਾਂ ਸੁਚੇਤ ਨਾ ਹੋ ਗਈਆਂ, ਓਨੀ ਦੇਰ ਤਕ ਗੁਰੂ ਜੀ ਦੇ ਬੱਬਰ ਸ਼ੇਰ/ਖਾਲਸੇ ਹਮਲਾ ਕਰ ਕੇ ਵੈਰੀਆਂ ਦੇ ਆਹੂ ਲਾਹੁੰਦੇ ਅਤੇ ਇਨ੍ਹਾਂ ਦਾ ਜੰਗੀ ਸਾਮਾਨ ਅਤੇ ਰਸਦ/ ਭੋਜਨ ਲੁੱਟ ਕੇ ਵਾਪਸ ਆ ਜਾਂਦੇ। ਸਤਿਗੁਰੂ ਜੀ ਦੀਆਂ ਫੌਜਾਂ ਤੇ ਘੋੜਿਆਂ ਦੀ ਗਿਣਤੀ ਭੁੱਖ, ਬਿਮਾਰੀ ਦੀ ਲਪੇਟ ਵਿਚ ਆਉਣ ਤੇ ਸ਼ਹੀਦ ਹੋਣ ਨਾਲ ਘੱਟ ਰਹੀ ਸੀ, ਪਰ ਦੂਸਰੇ ਪਾਸੇ ਵੈਰੀਆਂ ਦੇ ਪਾਏ ਘੇਰੇ ਦੀ ਮਿਆਦ ਵੱਧਦੀ ਸੱਤਵੇਂ ਮਹੀਨੇ ਵਿਚ ਪਹੁੰਚ ਗਈ ਅਤੇ ਫੌਜਾਂ ਦੀ ਗਿਣਤੀ ਵੀ ਦਿਨ-ਬ-ਦਿਨ ਵਧਦੀ ਗਈ।
ਨਵੀਂ ਚਾਲ ਚਲਦਿਆਂ ਪਹਾੜੀ ਰਾਜਿਆਂ ਤੇ ਔਰੰਗਜ਼ੇਬ ਨੇ ਗਊ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਸਤਿਗੁਰੂ ਜੀ ਨੂੰ ਕਿਹਾ, “ਆਪ ਅਨੰਦਪੁਰ ਛੱਡ ਕੇ ਜਿਸ ਪਾਸੇ ਜਾਣਾ ਚਾਹੋ, ਚਲੇ ਜਾਓ… ਅਸੀਂ ਆਪ ਜੀ ਦਾ ਰਾਹ ਨਹੀਂ ਰੋਕਾਂਗੇ…ਅਗਰ ਅਸੀਂ ਆਪਣੀ ਕਸਮ ਤੋਂ ਮੁਨਕਰ ਹੋਵਾਂਗੇ ਤਾਂ ਸਾਡਾ ਧਰਮ/ਈਮਾਨ ਭ੍ਰਿਸ਼ਟ ਹੋਵੇਗਾ, ਅਸੀਂ ਰੱਬ ਦੇ ਦਰਬਾਰ ਵਿਚ ਗੁਨਾਹਗਾਰ ਹੋਵਾਂਗੇ…।”
ਸਤਿਗੁਰੂ ਪਾਤਸ਼ਾਹ ਨੇ ਗੱਡਿਆਂ, ਖੱਚਰਾਂ ਤੇ ਖੋਤਿਆਂ ਉੱਪਰ ਫਟੇ-ਪੁਰਾਣੇ ਕੱਪੜੇ, ਟੁੱਟੇ ਛਿੱਤਰ ਤੇ ਕੂੜਾ-ਕਰਕਟ ਆਦਿ ਲਦਾ ਕੇ, ਉੱਪਰ ਕੀਮਤੀ ਕੱਪੜੇ ਪਾ ਦਿੱਤੇ ਅਤੇ ਬਲਦਾਂ, ਖੋਤਿਆਂ ਅਤੇ ਖੱਚਰਾਂ ਦੇ ਸਿਰਾਂ ’ਤੇ ਮਸ਼ਾਲਾਂ ਜਗ੍ਹਾ ਕੇ ਬੰਨ੍ਹ ਦਿੱਤੀਆਂ। ਫਿਰ ਰਾਤ ਸਮੇਂ ਉਨ੍ਹਾਂ ਨੂੰ ਕਿਲ੍ਹੇ ਤੋਂ ਬਾਹਰ ਤੋਰ ਦਿੱਤਾ। ਵੈਰੀਆਂ ਨੇ ਸਮਝਿਆ ਕਿ ਗੁਰੂ ਜੀ ਆਪਣੇ ਕੀਮਤੀ ਖਜ਼ਾਨੇ ਨਾਲ ਕਿਲ੍ਹੇ ਤੋਂ ਬਾਹਰ ਜਾ ਰਹੇ ਹਨ, ਉਨ੍ਹਾਂ ਨੇ ਝੱਟ ਹਮਲਾ ਕਰ ਦਿੱਤਾ। ਇਕ ਤਾਂ ਉਨ੍ਹਾਂ ਆਪਣੇ ਧਰਮ/ਈਮਾਨ ਨੂੰ ਲਾਜ ਲਾਈ, ਦੂਸਰਾ ਫਟੇ-ਪੁਰਾਣੇ ਕੱਪੜੇ, ਟੁੱਟੇ ਛਿੱਤਰ ਤੇ ਕੂੜਾ-ਕਰਕਟ ਲੁੱਟ ਕੇ ਸ਼ਰਮਿੰਦਗੀ ਉਠਾਈ। ਸਤਿਗੁਰੂ ਪਾਤਸ਼ਾਹ ਨੇ ਇਨ੍ਹਾਂ ਦੁਸ਼ਟਾਂ ਨੂੰ ਫਿਟਕਾਰਾਂ ਪਾਈਆਂ ਅਤੇ ਅਗਾਂਹ ਤੋਂ ਵੀ ਸਿੱਖਾਂ ਨੂੰ ਸੁਚੇਤ ਕਰ ਦਿੱਤਾ ਕਿ ਇਨ੍ਹਾਂ ’ਤੇ ਕਦੇ ਵਿਸ਼ਵਾਸ ਨਾ ਕਰਨਾ।
ਦਸਮੇਸ਼ ਪਿਤਾ ਅਤੇ ਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਵੈਰੀਆਂ ਨਾਲ ਜੂਝਦਿਆਂ ਸੁਰੱਖਿਅਤ ਥਾਵਾਂ ’ਤੇ ਜਾ ਕੇ ਮੁੜ ਤੋਂ ਤਿਆਰੀ ਕਰ ਕੇ ਮੁਗ਼ਲ ਹਕੂਮਤ ਵਿਰੁੱਧ ਸੰਘਰਸ਼ ਛੇੜਨਾ ਚਾਹੀਦਾ ਹੈ। ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਸੌਂਪ ਕੇ 5 ਅਤੇ 6 ਪੋਹ ਦੀ ਵਿਚਕਾਰਲੀ ਰਾਤ, ਸੰਮਤ 1761 ਬਿ: ਨੂੰ ਜੰਗਬੰਦੀ ਦਾ ਐਲਾਨ ਕਰ ਕੇ ਸਤਿਗੁਰੂ ਜੀ ਪਰਵਾਰ ਅਤੇ ਪਿਆਰੇ ਸਿੱਖਾਂ ਸਮੇਤ ਕੀਰਤਪੁਰ ਵੱਲ ਨੂੰ ਤੁਰ ਪਏ। ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਅਜੇ ਆਸਾ ਕੀ ਵਾਰ ਦੇ ਪਾਠ ਹੋਏ ਸਨ ਕਿ ਦੁਸ਼ਮਣਾਂ ਦੀ ਭਾਰੀ ਫੌਜ ਨੇ ਆ ਹਮਲਾ ਕੀਤਾ। ਸਾਹਿਬ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਬੜੀ ਦ੍ਰਿੜ੍ਹਤਾ ਤੇ ਹੁਸ਼ਿਆਰੀ ਨਾਲ ਵੈਰੀ ਦੀਆਂ ਫੌਜਾਂ ਨੂੰ ਰੁਝਾਈ ਰੱਖਿਆ। ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਜੀ ਆਪ ਜੀ ਦਾ ਸਹਿਯੋਗ ਦੇ ਰਹੇ ਸਨ, ਇਸ ਜੰਗ ਵਿਚ ਜੌਹਰ ਦਿਖਾਉਂਦੇ ਸ਼ਹੀਦੀ ਪਾ ਗਏ।
ਮੀਂਹ ਪੈਣ ਕਰਕੇ ਸਰਸਾ ਦਾ ਪਾਣੀ ਚੜ੍ਹਿਆ ਹੋਇਆ ਸੀ, ਪਾਰ ਕਰਦਿਆਂ ਬਹੁਤੇ ਸਿੱਖ ਅਤੇ ਸਤਿਗੁਰੂ ਜੀ ਦੀਆਂ ਆਪਣੀਆਂ ਅਤੇ ਕਵੀਆਂ ਦੁਆਰਾ ਲਿਖਵਾਈਆਂ ਰਚਨਾਵਾਂ/ਸਹਿਤ ਸਰਸਾ ਦੇ ਭੇਂਟ ਹੋ ਗਏ। ਬਾਬਾ ਅਜੀਤ ਸਿੰਘ ਜੀ ਸਰਸਾ ਪਾਰ ਕਰ ਕੇ ਸਤਿਗੁਰੂ ਜੀ ਦੀਆਂ ਫੌਜਾਂ ਨਾਲ ਜਾ ਰਲੇ। ਸਰਸਾ ਨਦੀ ’ਤੇ ਪਏ ਪਰਵਾਰ ਵਿਛੋੜੇ ਵਿਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਆਪ ਜੀ ਨਾਲ ਸਨ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਆਪਣੀ ਦਾਦੀ ਮਾਂ ਮਾਤਾ ਗੁਜਰੀ ਜੀ ਦੇ ਨਾਲ ਸਰਸਾ ਦੇ ਕਿਨਾਰੇ-ਕਿਨਾਰੇ ਹੋ ਤੁਰੇ। ਰਸਤੇ ਵਿਚ ਕਦੇ ਗੁਰੂ-ਘਰ ਦੀ ਚਾਕਰੀ ਕਰਨ ਵਾਲਾ ਗੰਗੂ ਮਾਤਾ ਜੀ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿਚ ਲੈ ਕੇ ਸਾਹਿਬਜ਼ਾਦਿਆਂ ਸਮੇਤ ਆਪਣੇ ਘਰ ਪਿੰਡ ਸਹੇੜੀ (ਖੇੜੀ) ਲੈ ਗਿਆ।
ਸਤਿਗੁਰੂ ਜੀ ਆਪਣੀ ਗਿਣਤੀ-ਮਿਣਤੀ ਦੀ ਫੌਜ ਨਾਲ ਅਜੇ ਰੋਪੜ ਹੀ ਪੁੱਜੇ ਤਾਂ ਉਥੇ ਪਠਾਣਾਂ ਨੇ ਹਮਲਾ ਕਰ ਦਿੱਤਾ। ਵੈਰੀ ਦੀਆਂ ਫੌਜਾਂ ਦੇ ਆਹੂ ਲਾਹੁੰਦੇ ਆਪ ਚਮਕੌਰ ਸਾਹਿਬ ਪਹੁੰਚ ਗਏ। ਇਸ ਸਮੇਂ ਆਪ ਜੀ ਨਾਲ 40 ਸਿੱਖ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ। ਚਮਕੌਰ ਦੇ ਚੌਧਰੀ ਬੁਧੀ ਚੰਦ ਨੇ ਸਤਿਗੁਰੂ ਜੀ ਨੂੰ ਦੁਸ਼ਮਣਾਂ ਨਾਲ ਟੱਕਰ ਲੈਣ ਵਾਸਤੇ ਆਪਣੀ ਕੱਚੀ ਹਵੇਲੀ ਦੇ ਦਿੱਤੀ ਅਤੇ ਭੋਜਨ-ਪਾਣੀ ਛਕਾਇਆ। ਵੈਰੀ ਦੀ ਵੱਡੀ ਗਿਣਤੀ ਦੀ ਫੌਜ ਨੇ ਹਵੇਲੀ ਨੂੰ ਆ ਘੇਰਿਆ। ਅੱਲਾ ਯਾਰ ਖਾਂ ਜੋਗੀ ਦੇ ਸ਼ਬਦਾਂ ਵਿਚ ਸਤਿਗੁਰੂ ਪਾਤਸ਼ਾਹ ਹਵੇਲੀ ਦੇ ਬੁਰਜਾਂ ’ਤੇ ਚੜ੍ਹ ਕੇ ਦੂਰ-ਦੂਰ ਦੇਖ ਰਹੇ ਤੇ ਵੈਰੀ ਨਾਲ ਦੋ ਹੱਥ ਕਰਨ ਦੀ ਤਜਵੀਜ਼ ਬਣਾ ਰਹੇ ਲਾਗੇ ਖੜ੍ਹੇ ਪਿਆਰੇ ਭਾਈ ਦਇਆ ਸਿੰਘ ਨੂੰ ਇਹ ਹਵੇਲੀ ਵੱਲ ਇਸ਼ਾਰਾ ਕਰ ਕੇ ਕਹਿੰਦੇ ਹਨ:
ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯਿਹ ਵੁਹੀ ਹੈ।
ਕੱਲ ਲੁੱਟ ਕੇ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ।
ਮੱਟੀ ਕਹਿ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ। (ਗੰਜਿ ਸ਼ਹੀਦਾਂ)
ਦਸਮ ਪਿਤਾ ਜੀ ਨੇ ਆਪਣੀ ਗਿਣਤੀ ਦੀ ਫੌਜ ਨੂੰ ਸੰਬੋਧਨ ਕੀਤਾ, “ਖਾਲਸਾ ਜੀ! ਅੱਜ ਸਿੱਖੀ ਦਾ ਇਮਤਿਹਾਨ ਹੋਣਾ ਹੈ… ਇਕੱਲੇ-ਇਕੱਲੇ ਨੇ ਲੱਖਾਂ ਨਾਲ ਲੜਨਾ ਹੈ.. ਆਓ ਅਰਦਾਸ ਕਰੀਏ…ਅਸੀਂ ਪ੍ਰੀਖਿਆ ਵਿੱਚੋਂ ਪੂਰੇ ਉਤਰੀਏ।” ਤੇ ਫਿਰ ਬੜੀ ਵਿਉਂਤ ਨਾਲ ਹਵੇਲੀ ਦੀਆਂ ਚੌਹਾਂ ਬਾਹੀਆਂ ’ਤੇ ਅੱਠ-ਅੱਠ ਸਿੰਘ ਮੋਰਚੇ ਬਣਾ ਕੇ ਬਿਠਾ ਦਿੱਤੇ, ਦੋ ਹਵੇਲੀ ਵਿਚ ਘੁੰਮ ਕੇ ਪਹਿਰਾ ਦੇਣ ਵਾਸਤੇ, ਦੋ ਸਿੰਘ ਹਵੇਲੀ ਦੇ ਮੁੱਖ ਦਰਵਾਜੇ ’ਤੇ ਪਹਿਰਾ ਦੇਣ ਲਈ ਨੀਯਤ ਕਰ ਕੇ ਆਪ ਬਾਕੀ ਸਿੰਘਾਂ ਤੇ ਸਾਹਿਬਜ਼ਾਦਿਆਂ ਸਮੇਤ ਉੱਪਰਲੀ ਛੱਤ ਉੱਪਰ ਡੱਟ ਗਏ। ਸਿੰਘਾਂ ਅਤੇ ਗੁਰੂ ਸਾਹਿਬ ਵੱਲੋਂ ਵੈਰੀ ਦੀਆਂ ਫੌਜਾਂ ਨੂੰ ਹਵੇਲੀ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਤੀਰਾਂ ਤੇ ਗੋਲੀਆਂ ਨਾਲ ਵਿੰਨ੍ਹਿਆ ਜਾਂਦਾ। ਅਗਰ ਕੋਈ ਬਚ ਕੇ ਹਵੇਲੀ ਨੂੰ ਪੌੜੀ ਲਾ ਕੇ ਚੜ੍ਹਨ ਦੀ ਕੋਸ਼ਿਸ਼ ਕਰਦਾ ਵੀ ਤਾਂ ਉਹ ਵੀ ਪਾਰ ਬੁਲਾ ਦਿੱਤਾ ਜਾਂਦਾ। ਆਪਣੀਆਂ ਫੌਜਾਂ/ਜਰਨੈਲਾਂ ਦਾ ਘਾਣ ਹੁੰਦਾ ਵੇਖ ਕੇ ਦੁਸ਼ਮਣ ਫੌਜਾਂ ਇਕਦਮ ਭਬਕੀਆਂ ਅਤੇ ਹਵੇਲੀ ਦਾ ਦਰਵਾਜ਼ਾ ਤੋੜਨ ਲੱਗੀਆਂ। ਪਹਿਰੇਦਾਰ ਸਿੰਘਾਂ ਨੇ ਗੁਰੂ ਜੀ ਦੀ ਆਗਿਆ ਲੈ ਕੇ ਦਰਵਾਜ਼ਾ ਖੋਲ੍ਹ ਕੇ ਚਾਰੇ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ। ਗੁਰੂ ਦੇ ਪਿਆਰੇ ਸਿੰਘਾਂ ਨੇ ਬੇਨਤੀ ਕੀਤੀ, “ਪਾਤਸ਼ਾਹ ਜੀਓ! ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਇਥੋਂ ਚਲੇ ਜਾਵੋ।” ਮੇਰੇ ਪ੍ਰੀਤਮ-ਪਿਆਰੇ ਨੇ ਮੁਸਕਰਾ ਕੇ ਕਿਹਾ, “ਭੋਲਿਓ! ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ…? ਤੁਸੀਂ ਸਾਰੇ ਹੀ ਸਿੱਖ ਮੇਰੇ ਸਾਹਿਬਜ਼ਾਦੇ ਹੋ…।” ਸਾਹਿਬ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਸਤਿਗੁਰੂ ਜੀ ਦੇ ਚਰਨੀਂ ਸੀਸ ਰੱਖਿਆ। ਮੇਰੇ ਪਾਤਸ਼ਾਹ ਨੇ ਸਾਹਿਬਜ਼ਾਦੇ ਦੇ ਸਿਰ ’ਤੇ ਪਿਆਰ ਦੇ ਕੇ ਕਿਹਾ, “ਪੁੱਤਰ ਕੀ ਗੱਲ ਏ?” “ਪਿਤਾ ਜੀ! ਮੈਨੂੰ ਵੀ ਆਗਿਆ ਦੇਵੋ… ਮੈਂ ਵੀ ਰਣ ਵਿਚ ਜਾ ਕੇ ਖ਼ੂਨ ਦੀ ਹੋਲੀ ਖੇਡਾਂ… ਮੈਨੂੰ ਬੜਾ ਚਾਅ ਹੈ… ਮੈਂ ਵੈਰੀਆਂ ਦੀਆਂ ਬਾਹਵਾਂ ਭੰਨਾਂ. ।”
ਮੇਰੇ ਸਾਹਿਬ ਨੇ ਸਾਹਿਬਜ਼ਾਦੇ ਨੂੰ ਛਾਤੀ ਨਾਲ ਲਾ ਕੇ, ਮੱਥਾ ਚੁੰਮਿਆ ਅਤੇ ਰਣ ਵਿਚ ਜਾਣ ਦੀ ਆਗਿਆ ਦਿੱਤੀ। ਸਾਹਿਬਜ਼ਾਦੇ ਦੇ ਜੰਗ ਦੇ ਮੈਦਾਨ ਵਿਚ ਜਾਣ ਨਾਲ ਤਰਥੱਲੀ ਮੱਚ ਗਈ। ਮੁਗ਼ਲ ਫੌਜਾਂ ਅਲੀ-ਅਲੀ ਕਰਦਿਆਂ ਲੱਗੀਆਂ ਪਿਛਾਂਹ ਨੂੰ ਭੱਜਣ। ਵਜ਼ੀਰ ਖ਼ਾਂ ਲੱਗਾ ਆਪਣੀ ਫੌਜ ਨੂੰ ਲਾਹਨਤਾਂ ਪਾਉਣ। ਫਿਰ ਇਕ ਬੜੇ ਵੱਡੇ ਹਜ਼ੂਮ ਨੇ ਆ ਬਾਬਾ ਅਜੀਤ ਸਿੰਘ ਨੂੰ ਘੇਰਿਆ। ਆਪ ਹਜ਼ਾਰਾਂ ਫੌਜਾਂ ਨੂੰ ਮਾਰਦਿਆਂ ਹੋਇਆਂ ਸ਼ਹੀਦੀ ਜਾਮ ਪੀ ਗਏ। ਗੁਰੂ-ਪਿਤਾ ਨੇ ਸਾਹਿਬਜ਼ਾਦੇ ਨੂੰ ਸ਼ਹੀਦ ਹੁੰਦਾ ਵੇਖ ਕੇ ਸੀਸ ਝੁਕਾਇਆ ਅਤੇ ਪਰਮਾਤਮਾ ਦਾ ਸ਼ੁਕਰ ਕੀਤਾ, “ਹੇ ਅਕਾਲ ਪੁਰਖ! ਸ਼ੁਕਰ ਹੈ… ਤੁਸਾਂ ਮੈਨੂੰ ਅਜੀਤ ਸਿੰਘ ਵਰਗਾ ਪੁੱਤਰ ਦਿੱਤਾ, ਜਿਸ ਨੇ ਦੀਨ-ਧਰਮ ਵਾਸਤੇ ਸ਼ਹੀਦ ਹੋ ਕੇ ਮੈਨੂੰ ਆਪ ਜੀ ਵੱਲੋਂ ਸੁਰਖ਼ਰੂ ਕੀਤਾ।”
ਦੂਜੇ ਪਾਸੇ ਸਾਹਿਬ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਪਾਸ ਬੇਨਤੀ ਕਰਨ ਲੱਗੇ, “ਪਿਤਾ ਜੀ! ਮੈਂ ਵੀ ਵੀਰ ਕੋਲ ਜਾਣਾ ਚਾਹੁੰਦਾ ਹਾਂ. ਆਪ ਜੀ ਦੀ ਕਿਰਪਾ ਨਾਲ ਮੇਰੇ ਕੋਲੋਂ ਦਾਦੇ (ਸ੍ਰੀ ਗੁਰੂ ਤੇਗ ਬਹਾਦਰ ਜੀ), ਪੜਦਾਦੇ (ਸ੍ਰੀ ਗੁਰੂ ਅਰਜਨ ਦੇਵ ਜੀ) ਦੇ ਨਾਮ ਨੂੰ ਲਾਜ ਨਹੀਂ ਲੱਗੇਗੀ. ।”
ਦਾਤਾਰ ਪਿਤਾ ਜੀ ਨੇ ਕਿਹਾ, “ਮੇਰੇ ਲਾਲ ਜੀਓ! ਮੈਂ ਤਾਂ ਇਸ ਸਮੇਂ ਦੀ ਉਡੀਕ ਕਰ ਰਿਹਾ ਸੀ… ਕਦੋਂ ਮੈਂ ਸ਼ਹੀਦ ਪਿਤਾ ਦਾ ਪੁੱਤਰ, ਸ਼ਹੀਦ ਪੁੱਤਰਾਂ ਦਾ ਪਿਤਾ ਅਖਵਾਵਾਂ!” ਸਾਹਿਬ ਨੇ ਸਾਹਿਬਜ਼ਾਦੇ ਨੂੰ ਬੜੇ ਪਿਆਰ ਨਾਲ ਸ਼ਹੀਦ ਹੋਣ ਲਈ ਤੋਰਿਆ।
ਬਾਬਾ ਜੁਝਾਰ ਸਿੰਘ ਲੱਗੇ ਜੰਗ ਦੇ ਮੈਦਾਨ ਵਿਚ ਜੌਹਰ ਦਿਖਾਉਣ। ਇਕ ਪਾਸੇ ਵੈਰੀ ਦੀਆਂ ਲੱਖਾਂ ਫੌਜਾਂ ਤੇ ਦੂਜੇ ਪਾਸੇ ਗੁਰੂ ਜੀ ਦਾ ਨੰਨ੍ਹਾ ਜਿਹਾ ਸ਼ੇਰ, ਜੋ ਵੈਰੀਆਂ ਨੂੰ ਤੀਰਾਂ ਨਾਲ ਵਿੰਨ੍ਹ ਰਿਹਾ ਅਤੇ ਕਿਰਪਾਨ ਨਾਲ ਵੱਢ-ਵੱਢ ਕੇ ਲੋਥਾਂ ਦੇ ਢੇਰ ਲਾ ਰਿਹਾ ਸੀ। ਅਖੀਰ ਵੈਰੀ ਦੇ ਟਿੱਡੀ ਦਲ ਨੇ ਘੇਰ ਲਿਆ। ਪਰ ਫਿਰ ਵੀ ਸਾਹਿਬ ਦੇ ਸਾਹਿਬਜ਼ਾਦੇ ਨੇ ਏਨੀ ਵੀਰਤਾ ਅਤੇ ਸੂਰਮਗਤੀ ਵਿਖਾਈ, ਜਿੰਨੀ ਦੇਰ ਤਕ ਦੁਸ਼ਮਣਾਂ ਦੇ ਅਨੇਕਾਂ ਵਾਰਾਂ ਨੂੰ ਝੱਲਦਿਆਂ ਹੋਇਆਂ ਸ਼ਹੀਦ ਨਹੀਂ ਹੋ ਗਿਆ। ਇਹ ਜੰਗ 8 ਪੋਹ ਸੰਮਤ 1761 ਬਿ: ਨੂੰ ਹੋਈ ਸੀ।
ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਪਰ ਅੱਖਾਂ ਵਿਚ ਇਕ ਅੱਥਰੂ ਨਹੀਂ, ਸਰੀਰ ਵੀ ਨਹੀਂ ਕੰਬਿਆ, ਸਗੋਂ ਪ੍ਰਭੂ ਨਾਲ ਬਿਰਤੀ ਜੋੜੀ ਬੇਨਤੀ ਕਰ ਰਹੇ ਹਨ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ (ਪੰਨਾ 1375)
ਤੇਰਾ ਕੀਆ ਮੀਠਾ ਲਾਗੈ॥ (ਪੰਨਾ 394)
ਦਾਤਾਰ-ਪਿਤਾ ਹੁਣ ਆਪ ਜੰਗ ਦੇ ਮੈਦਾਨ ਵਿਚ ਜਾਣ ਲੱਗੇ ਤਾਂ ਸਿੰਘਾਂ ਨੇ ਬੇਨਤੀ ਕਰ ਕੇ ਰੋਕ ਲਿਆ। ਗੁਰੂ-ਪੰਥ ਦੀ ਬੇਨਤੀ ਸਵੀਕਾਰਦਿਆਂ ਦਸਮੇਸ਼ ਪਿਤਾ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ’ਤੇ ਕਲਗੀ/ਤੋੜਾ ਸਜਾ ਕੇ ਤਿੰਨਾਂ ਸਿੰਘਾਂ (ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਨੂੰ ਨਾਲ ਲੈ ਕੇ ਧਰਮੀ ਵਿਉਂਤ ਨਾਲ ਚਮਕੌਰ ਦੀ ਗੜ੍ਹੀ (ਕੱਚੀ ਹਵੇਲੀ) ਵਿੱਚੋਂ ਬਾਹਰ ਨਿਕਲ ਗਏ। ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫ਼ਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਪਿੰਡ ਸਹੇੜੀ (ਖੇੜੀ) ਲਿਜਾ ਕੇ ਰਾਤ ਸਮੇਂ ਲਾਲਚੀ ਨੀਤੀ ਨਾਲ ਮਾਤਾ ਜੀ ਦੇ ਸਿਰਹਾਣਿਓਂ ਧਨ-ਜ਼ੇਵਰਾਂ ਵਾਲੀ ਥੈਲੀ ਚੁਰਾ ਲਈ। ਮਾਤਾ ਜੀ ਦੇ ਪੁੱਛਣ ’ਤੇ ਉਹ ਕਹਿਣ ਲੱਗਾ, “ਤੁਸੀਂ ਮੈਨੂੰ ਚੋਰ ਬਣਾ ਰਹੇ ਓ…।”
ਗੰਗੂ ਭੜਕ ਕੇ ਕਮਰੇ ਵਿੱਚੋਂ ਬਾਹਰ ਆਇਆ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਅੰਦਰ ਬੰਦ ਕਰ ਦਿੱਤਾ। ਉਸ ਦੀ ਪਤਨੀ ਅਤੇ ਮਾਤਾ ਨੇ ਉਸ ਨੂੰ ਕੋਝੀ ਹਰਕਤ ਭਾਵ ਭਾਰੀ ਗੁਨਾਹ ਕਰਨ ਤੋਂ ਬੜਾ ਰੋਕਿਆ ਪਰ ਉਹ ਮਾਇਆ ਦੇ ਲਾਲਚ ਵਿਚ ਆ ਕੇ ਕਮਲਾ-ਬੋਲ਼ਾ ਹੋ ਗਿਆ। ਗੰਗੂ ਨੇ ਸੋਚਿਆ ਕਿ ਮਾਤਾ ਜੀ ਦਾ ਧਨ-ਜ਼ੇਵਰ ਤਾਂ ਹੱਥ ਆ ਗਏ ਹਨ, ਹੁਣ ਸਰਕਾਰ ਪਾਸੋਂ ਵੀ ਇਨਾਮ ਪ੍ਰਾਪਤ ਕਰਾਂ। ਉਹ ਮਾਇਆ ਦੇ ਲਾਲਚ ਵਿਚ ਅੰਨ੍ਹਾ ਹੋਇਆ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡੇ ਥਾਣੇ ਜਾ ਪਹੁੰਚਿਆ ਤੇ ਕਹਿਣ ਲੱਗਾ, “ਮੈਂ ਦੇਊਂਗਾ ਗੁਰ ਪੁਤ੍ਰ ਫੜਵਾਇ, ਮੈਨੋ ਦਿਉ ਇਨਾਮ ਦਿਵਾਇ।” ਜਾਨੀ ਖਾਂ ਤੇ ਮਾਨੀ ਖਾਂ ਮੋਰਿੰਡੇ ਦੇ ਹਾਕਮਾਂ ਨੇ ਗੰਗੂ ਦੇ ਘਰੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਅੰਮ੍ਰਿਤ ਵੇਲੇ ਆ ਫੜੇ। ਜਦੋਂ ਪੁਲਿਸ ਇਨ੍ਹਾਂ ਨੂੰ ਬੰਦੀ ਬਣਾ, ਲੈ ਕੇ ਜਾਣ ਲੱਗੀ ਤਾਂ ਗੰਗੂ ਦੀ ਪਤਨੀ, ਮਾਤਾ ਅਤੇ ਅਨੇਕਾਂ ਧਰਮੀ ਲੋਕਾਂ ਨੇ ਇਸ ਨੂੰ ਫਿਟਕਾਰਾਂ ਪਾਈਆਂ ਤੇ ਬਦ-ਦੁਆਵਾਂ ਦਿੱਤੀਆਂ।
ਮਾਤਾ ਗੁਜਰੀ ਜੀ ਅਤੇ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਪਾਸ ਪਹੁੰਚਾ ਦਿੱਤਾ। ਉਸ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਕਰਨ ਵਾਸਤੇ ਹੁਕਮ ਦਿੱਤੇ। ਜਿਥੇ ਚਮਕੌਰ ਦੀ ਜੰਗ ਹਾਰਨ ਕਰਕੇ ਵਜ਼ੀਰ ਖ਼ਾਂ ਕਾਫ਼ੀ ਖਿਝਿਆ ਹੋਇਆ ਸੀ, ਉਥੇ ਉਸ ਨੂੰ ਸਾਹਿਬ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਆਪਣੀ ਹਿਰਾਸਤ ਵਿਚ ਹੋਣ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਸੀ।
ਇਧਰ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਕਹਿ ਰਹੇ ਸਨ, “ਬੇਟਾ! ਮੈਨੂੰ ਪਤਾ ਹੈ, ਤੁਸੀਂ ਉਸ ਮਹਾਨ ਆਤਮਾ (ਸ੍ਰੀ ਗੁਰੂ ਅਰਜਨ ਦੇਵ ਜੀ) ਦੀ ਵੰਸ਼ ਹੋ, ਜੋ ਧਰਮ ਦੀ ਖ਼ਾਤਰ ਜ਼ਾਲਮਾਂ ਹੱਥੋਂ ਅਨੇਕਾਂ ਤਸੀਹੇ ਝੱਲਦੇ ਸ਼ਹੀਦ ਹੋ ਗਏ…ਤੁਸੀਂ ਉਸ ਦਾਦੇ (ਸ੍ਰੀ ਗੁਰੂ ਤੇਗ ਬਹਾਦਰ ਜੀ) ਦੇ ਪੋਤਰੇ ਹੋ,
“ਧਰਮ ਹੇਤ ਸਾਕਾ ਜਿਨਿ ਕੀਆ ਸੀਸ ਦੀਆ ਪਰੁ ਸਿਰਰੁ ਨ ਦੀਆ॥”
ਤੁਸੀਂ ਉਸ ਬਾਪ ਦੇ ਬੇਟੇ ਹੋ, ਜਿਸ ਨੇ ਜ਼ੁਲਮਾਂ/ ਅਤਿਆਚਾਰਾਂ ਨੂੰ ਰੋਕਣ ਵਾਸਤੇ ਨੰਨ੍ਹੀ ਜਿਹੀ ਆਯੂ ਵਿਚ ਆਪਣੇ ਪਿਤਾ ਜੀ ਨੂੰ ਕੁਰਬਾਨੀ ਲਈ ਤੋਰਿਆ ਸੀ… ਪੁੱਤਰ ਜੀ! ਤੁਹਾਡੇ ’ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ… ਗੁਰੂ ਪਿਤਾ ਜੀ ਪਾਸੋਂ ਤੁਸਾਂ ਅੰਮ੍ਰਿਤ ਦੀ ਦਾਤ ਵੀ ਪਾਈ ਹੈ… ਤੁਸੀਂ ਕਦੇ ਵੀ ਆਪਣੇ ਧਰਮ/ਈਮਾਨ ਤੋਂ ਥਿੜਕੋਗੇ ਨਹੀਂ… ਫਿਰ ਵੀ ਬੇਟਾ ਜੀ! ਮਨ ਕੋਈ ਹਲਚਲ ਕਰਨ ਲੱਗੇ ਤਾਂ ਗੁਰਬਾਣੀ ਦਾ ਜਾਪ ਕਰਨਾ ਤੇ ਵਡੇਰਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ… ਗੁਰੂ ਭਲੀ ਕਰੇਗਾ।” ਮਾਤਾ ਜੀ ਦੀ ਗੋਦ ਵਿਚ ਬੈਠੇ ਲਾਲ ਪਿਆਰੇ ਕਹਿਣ ਲੱਗੇ,
“ਧੰਨ ਭਾਗ ਹਮਾਰੇ ਹੈਂ ਮਾਈ।
ਧਰਮ ਹੇਤਿ ਤਨ ਜੇਕਰ ਜਾਈ।”
ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਬਜ਼ੁਰਗ ਸਰੀਰ ਦਾ ਪਿਆਰ/ਨਿੱਘ ਮਾਣਦੇ ਸਾਹਿਬਜ਼ਾਦੇ ਮਾਤਾ ਜੀ ਦੀ ਗੋਦ ਵਿਚ ਸੌਂ ਗਏ। ਅੰਮ੍ਰਿਤ ਵੇਲਾ ਹੋ ਜਾਣ ਕਾਰਨ ਮਾਤਾ ਜੀ ਨਿਤਨੇਮ ਕਰ ਕੇ ‘ਵਾਹਿਗੁਰੂ’ ਗੁਰਮੰਤ੍ਰ ਦਾ ਜਾਪ ਕਰ ਰਹੇ ਸਨ। ਵਜ਼ੀਰ ਖ਼ਾਂ ਨੂੰ ਵੀ ਰਾਤ ਨੀਂਦ ਨਾ ਆਈ। ਉਸ ਨੇ ਵੀ ਦਿਨ ਚੜ੍ਹਦਿਆਂ ਹੀ ਸੁੱਚਾ ਨੰਦ ਦੀ ਅਗਵਾਈ ਹੇਠ ਦੋ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਉਹ ਸਾਹਿਬਜ਼ਾਦਿਆਂ ਨੂੰ ਲਿਆ ਕੇ ਕਚਹਿਰੀ ਵਿਚ ਪੇਸ਼ ਕਰਨ। ਜਦੋਂ ਇਨ੍ਹਾਂ ਨੇ ਠੰਡੇ ਬੁਰਜ ਵਿਚ ਜਾ ਕੇ ਮਾਤਾ ਜੀ ਨੂੰ ਨਵਾਬ ਦੇ ਹੁਕਮ ਬਾਰੇ ਦੱਸਿਆ ਤਾਂ ਮਾਤਾ ਜੀ ਨੇ ਪ੍ਰਭੂ-ਸਿਮਰਨ ਕਰਦਿਆਂ ਸਾਹਿਬਜ਼ਾਦਿਆਂ ਨੂੰ ਉਠਾਇਆ ਅਤੇ ਸਿਪਾਹੀਆਂ ਨਾਲ ਤੋਰਨ ਤੋਂ ਪਹਿਲਾਂ ਪਿਆਰ ਨਾਲ ਤਿਆਰ ਕਰਦੇ ਕਹਿਣ ਲੱਗੇ:
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪ: ਨੰਨ੍ਹੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ। (ਸ਼ਹੀਦਾਨਿ-ਵਫਾ)
ਸਾਹਿਬਜ਼ਾਦੇ ਬੜੀ ਖੁਸ਼ੀ ਨਾਲ ਸਿਪਾਹੀਆਂ ਨਾਲ ਤੁਰਨ ਲੱਗੇ ਤਾਂ ਮਾਤਾ ਗੁਜਰੀ ਜੀ ਨੇ ਮਿੱਠੀ ਆਵਾਜ਼ ਵਿਚ ਬੋਲੇ,
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥”
ਇਹ ਸੁਣ ਕੇ ਸਾਹਿਬਜ਼ਾਦਿਆਂ ਨੇ ਸੱਜੇ ਹੱਥ ਨੂੰ ਉਤਾਂਹ ਕਰ ਕੇ ਕਿਹਾ,
“ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥”
ਰਸਤੇ ਵਿਚ ਜਾਂਦਿਆਂ ਸੁੱਚਾ ਨੰਦ ਦੀਵਾਨ ਤੇ ਸਿਪਾਹੀਆਂ ਨੇ ਬੜਾ ਸਮਝਾਇਆ ਕਿ “ਬਾਲਕੋ! ਤੁਸੀਂ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ/ਦਰਬਾਰ ਵਿਚ ਜਾ ਰਹੇ ਹੋ… ਜਾਂਦਿਆਂ ਸਿਰ ਝੁਕਾ ਕੇ ‘ਸਲਾਮਾ ਲੈਕਮ’ ਕਹਿਣਾ। ਕਚਹਿਰੀ ਵਿਚ ਪੈਰ ਪਾਉਂਦਿਆਂ ਹੀ ਗੁਰੂ-ਪਿਤਾ ਜੀ ਦੇ ਸ਼ੇਰਾਂ ਨੇ ਗਰਜਵੀਂ ਆਵਾਜ਼ ਵਿਚ “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥” ਬੁਲਾਈ। ਕਚਹਿਰੀ ਵਿਚ ਬੈਠੇ ਸਭ ਹਾਕਮ ਹੱਕੇ-ਬੱਕੇ ਰਹਿ ਗਏ। ਨਵਾਬ ਆਪਣੀ ਹੱਤਕ ਹੋਈ ਵੇਖ ਕੇ ਸਿਪਾਹੀਆਂ ਨੂੰ ਲੱਗਾ ਡਾਂਟਣ, “ਕਮਬਖਤੋ! ਤੁਹਾਨੂੰ ਪਤਾ ਨਹੀਂ ਕਿਸੇ ਵੀ ਮੁਲਜ਼ਮ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਨੂੰ ਕਚਹਿਰੀ ਵਿਚ ਜਾਣ, ਬੋਲਣ ਆਦਿ ਦੇ ਨਿਯਮਾਂ ਬਾਰੇ ਦੱਸਣਾ ਜ਼ਰੂਰੀ ਹੈ।” ਸਾਹਿਬਜ਼ਾਦਾ ਜ਼ੋਰਾਵਰ ਸਿੰਘ ਬੋਲੇ, “ਇਨ੍ਹਾਂ ਵਿਚਾਰਿਆਂ ਤਾਂ ਸਾਨੂੰ ਬੜੀ ਪੱਟੀ ਪੜ੍ਹਾਈ ਸੀ… ਪਰ ਸਾਡਾ ਸਿਰ ਕੇਵਲ ਇਕ ਅਕਾਲ ਪੁਰਖ ਤੇ ਸਤਿਗੁਰੂ ਅੱਗੇ ਹੀ ਝੁਕਦਾ ਹੈ… ਜਣੇ-ਖਣੇ ਅੱਗੇ ਨਹੀਂ…।”
ਵਜ਼ੀਰ ਖਾਂ ਕਹਿਣ ਲੱਗਾ, “ਕਾਕਾ ਜੀ! ਤੁਹਾਡੇ ਪਿਤਾ ਅਤੇ ਦੋਵੇਂ ਵੀਰ ਮਾਰ ਦਿੱਤੇ ਗਏ ਹਨ… ਕੇਵਲ ਤੁਸੀਂ ਹੀ ਬਚੇ ਹੋ… ਇਸਲਾਮ ਕਰੋ ਕਬੂਲ… ਖਾਵੋ, ਪੀਓ ਤੇ ਐਸ਼ ਕਰੋ… ਹਾਂ, ਵੱਡੇ ਹੋਵੋਗੇ ਤਾਂ ਤੁਹਾਡੇ ਨਿਕਾਹ ਮੁਗ਼ਲ ਜਰਨੈਲਾਂ ਦੀਆਂ ਸੁੰਦਰ- ਧੀਆਂ ਨਾਲ ਕੀਤੇ ਜਾਣਗੇ। ਸਿੱਖੀ ਤਾਂ ਵੈਸੇ ਵੀ ਅਸੀਂ ਖ਼ਤਮ ਕਰ ਦੇਣੀ ਹੈ… ਹਾਂ, ਅਗਰ ਆਪ ਇਸਲਾਮ ਕਬੂਲ ਨਹੀਂ ਕਰੋਗੇ ਤਾਂ ਮਾਰੇ ਜਾਓਗੇ।” ਸਾਹਿਬਜ਼ਾਦੇ ਉਸ ਦੇ ਕੁਫ਼ਰ ਨੂੰ ਸੁਣ-ਸੁਣ ਕੇ ਹੱਸ ਰਹੇ ਸਨ। ਪਰ ਉਹ ਸਮਝਦਾ ਸੀ ਕਿ ਸ਼ਾਇਦ ਇਹ ਬੱਚੇ ਮੇਰੀ ਗੱਲ ਮੰਨਣ ਨੂੰ ਤਿਆਰ ਹਨ।
ਉਸ ਦੇ ਚੁੱਪ ਹੁੰਦਿਆਂ ਹੀ ਬਾਬਾ ਜ਼ੋਰਾਵਰ ਸਿੰਘ ਕੜ੍ਹਕ ਕੇ ਬੋਲੇ, “ਓਏ ਸੂਬਿਆ! ਸੁਣ, ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਏ… ਤੇਰਾ ਕੋਈ ਵੀ ਡਰ- ਛਲਾਵਾ ਸਾਨੂੰ ਡੁਲਾ ਨਹੀਂ ਸਕਦਾ… ਰਹੀ ਗੱਲ ਪਿਤਾ ਜੀ ਦੀ, ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ… ਅਸੀਂ ਆਪਣੇ ਧਰਮ/ਈਮਾਨ ਵਾਸਤੇ ਮਰਨ ਨੂੰ ਤਿਆਰ ਹਾਂ। ਸਾਡੇ ਬਜ਼ੁਰਗਾਂ ਨੇ ਸਮਝਾਇਆ ਹੈ ਕਿ:
ਜੋ ਸੂਰਾ ਤਿਸ ਹੀ ਹੋਇ ਮਰਣਾ ॥
ਜੋ ਭਾਗੈ ਤਿਸੁ ਜੋਨੀ ਫਿਰਣਾ ॥ (ਪੰਨਾ 1019)
ਵਜ਼ੀਰ ਖ਼ਾਂ ਤੇ ਹੋਰ ਹਾਕਮ/ਦਰਬਾਰੀ ਸਾਹਿਬਜ਼ਾਦਿਆਂ ਦੀ ਦ੍ਰਿੜ੍ਹਤਾ ਤੇ ਦਲੇਰੀ ਨੂੰ ਵੇਖ ਕੇ ਇਕਦਮ ਚੁੱਪ ਹੀ ਹੋ ਗਏ। ਦੁਸ਼ਟ ਸੁੱਚਾ ਨੰਦ ਨੇ ਇਸ ਚੁੱਪ ਨੂੰ ਤੋੜਦਿਆਂ ਕਿਹਾ, “ਇਨ੍ਹਾਂ ਨੂੰ ਛੋਟੇ ਨਾ ਸਮਝੋ, ਇਹ ਸੱਪ ਦੇ ਬੱਚੇ ਹਨ…ਤਰਸ ਕਰਨ ਦੇ ਲਾਇਕ ਨਹੀਂ… ਮਾਰ ਦੇਣੇ ਹੀ ਉਚਿਤ ਹਨ।”
ਦੁਸ਼ਟ ਸੁੱਚਾ ਨੰਦ ਦੇ ਇਸ ਉਗਲੇ ਹੋਏ ਜ਼ਹਿਰ ਦਾ ਵਜ਼ੀਰ ਖ਼ਾਂ ’ਤੇ ਅਸਰ ਨਾ ਹੋਇਆ। ਉਸ ਨੇ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਪਾਸ ਭੇਜ ਦਿੱਤਾ ਅਤੇ ਤੁਰਨ ਲੱਗਿਆਂ ਕਿਹਾ, “ਕੱਲ੍ਹ ਨੂੰ ਆਪਣੀ ਦਾਦੀ ਮਾਂ ਨਾਲ ਸਲਾਹ ਕਰ ਕੇ ਮੇਰੀਆਂ ਗੱਲਾਂ ਨੂੰ ਵਿਚਾਰ ਕੇ ਆਉਣਾ।”
ਮਾਤਾ ਜੀ ਸਾਹਿਬਜ਼ਾਦਿਆਂ ਦੇ ਨੂਰਾਨੀ ਮੁਖੜੇ ਟਹਿਕਦੇ ਹੋਏ ਵੇਖ ਕੇ ਬੜੇ ਪ੍ਰਸੰਨ ਹੋਏ। ਉਨ੍ਹਾਂ ਨੇ ਮਾਤਾ ਜੀ ਨੂੰ ਕਚਹਿਰੀ ਵਿਚ ਹੋਈ ਇਕ-ਇਕ ਗੱਲ ਦੱਸੀ। ਮਾਤਾ ਜੀ ਨੇ ਸ਼ਾਬਾਸ਼ ਦਿੱਤੀ ਅਤੇ ਪ੍ਰਭੂ-ਪਿਆਰੇ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਦੂਸਰੇ ਦਿਨ ਫੇਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਹੋਇਆ, ਅੱਜ ਕਚਹਿਰੀ ਦੇ ਮੁੱਖ ਦੁਆਰ ਰਾਹੀਂ ਨਹੀਂ ਸਗੋਂ ਨਿੱਕੀ ਜਿਹੀ ਬਾਰੀ ਰਾਹੀਂ ਪੇਸ਼ ਕਰਨ ਦੀ ਤਜਵੀਜ਼ ਬਣਾਈ ਕਿ ਬੱਚੇ ਜਦੋਂ ਕਚਹਿਰੀ ਅੰਦਰ ਦਾਖ਼ਲ ਹੋਣਗੇ ਉਸ ਸਮੇਂ ਸੀਸ ਨਿਵਾ ਕੇ ਲੰਘਣਗੇ। ਪਰ ਜਾਣੀ-ਜਾਣ ਸਾਹਿਬਜ਼ਾਦਿਆਂ ਨੇ ਬਾਰੀ ਰਾਹੀਂ ਪਹਿਲਾਂ ਕਚਹਿਰੀ ਵਿਚ ਪੈਰ ਹੀ ਰੱਖੇ। ਨਵਾਬ ਤੇ ਉਸ ਦੇ ਦਰਬਾਰੀਆਂ ਨੇ ਫੇਰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰਦਿਆਂ ਨਾਲ ਰਾਜ-ਭਾਗ ਦੇਣ ਦੇ ਲਾਲਚ ਵੀ ਦਿੱਤੇ।
ਨਵਾਬ ਝੂਠਾ ਜਿਹਾ ਹਾਸਾ ਹੱਸਦਿਆਂ ਕਹਿਣ ਲੱਗਾ, “ਅੱਛਾ ਬੱਚਿਓ! ਅਗਰ ਅਸੀਂ ਤੁਹਾਨੂੰ ਛੱਡ ਦੇਈਏ ਤਾਂ ਤੁਸੀਂ ਫਿਰ ਕੀ ਕਰੋਗੇ?” ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, “ਕਰਨਾ ਕੀ ਏ! ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠੇ ਕਰਾਂਗੇ ਤੇ ਤੁਹਾਡੇ ਵਰਗੇ ਜ਼ਾਲਮਾਂ ਦੇ ਜ਼ੁਲਮਾਂ ਨੂੰ ਖ਼ਤਮ ਕਰਨ ਵਾਸਤੇ ਉਦੋਂ ਤਕ ਲੜਾਂਗੇ, ਜਦੋਂ ਤਕ ਜ਼ਾਲਮ ਦਾ ਖ਼ਾਤਮਾ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ।”
ਵਜ਼ੀਰ ਖ਼ਾਂ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦੇ ਬਣਦੇ ਕਸੂਰ ਮੁਤਾਬਕ ਸਜ਼ਾ ਦੇਣ ਵਾਸਤੇ ਤੁਰੰਤ ਫ਼ੈਸਲਾ ਦੇਣ ਵਾਸਤੇ ਕਿਹਾ। ਕਾਜ਼ੀ ਨੇ ਦੱਸਿਆ ਕਿ “ਇਸਲਾਮ ਧਰਮ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।”
ਦੀਵਾਨ ਸੁੱਚਾ ਨੰਦ ਨੇ ਬਲਦੀ ’ਤੇ ਤੇਲ ਪਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਜਨਾਬ! ਅਗਰ ਇਹ ਬੱਚੇ ਜੋ ਅੱਜ ਦਰਬਾਰ ਵਿਚ ਏਨੀ ਅੱਗ ਉਗਲ ਸਕਦੇ ਹਨ ਤਾਂ ਵੱਡੇ ਹੋ ਕੇ ਜ਼ਰੂਰ ਹਕੂਮਤ ਲਈ ਭਾਂਬੜ ਮਚਾ ਦੇਣਗੇ।” ਵਜ਼ੀਰ ਖ਼ਾਂ ਨੇ ਆਪਣੇ ਲਾਗੇ ਬੈਠੇ ਮਲੇਰਕੋਟਲੇ ਦੇ ਨਵਾਬ ਨੂੰ ਕਿਹਾ:
ਤੁਮਰੋ ਮਾਰਯੋ ਗੁਰ ਨਾਹਰ ਖਾਂ ਭਾਈ, ਉਸ ਬੇਟੇ ਤੁਮ ਦੇਹੁ ਮਰਵਾਈ॥24॥
ਪਰ ਅੱਗੋਂ:
ਸ਼ੇਰ ਮੁਹੰਮਦ ਨਹਿ ਗਨੀ, ਬੋਲਯੋ ਸੀਸ ਹਿਲਾਇ॥
ਹਮ ਮਾਰੈਂ ਸ਼ੀਰ ਖੋਰਿਆਂ ਜਗ ਮੈਂ ਔਜਸ ਆਇ॥25॥ (ਪ੍ਰਾਚੀਨ ਪੰਥ ਪ੍ਰਕਾਸ਼)
ਵੈਸੇ ਵੀ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰਖੇ ਹਮ ਕੋ ਖੁਦਾ ਐਸੇ ਪਾਪ ਸੇ। (ਸ਼ਹੀਦਾਨਿ-ਵਫ਼ਾ)
ਕਚਹਿਰੀ ਦੀ ਕਾਰਵਾਈ ਅਗਲੇ ਦਿਨ ’ਤੇ ਪਾਉਂਦਿਆਂ ਸਾਹਿਬਜ਼ਾਦਿਆਂ ਨੂੰ ਮੁੜ ਦਾਦੀ ਮਾਂ (ਮਾਤਾ ਗੁਜਰੀ ਜੀ) ਪਾਸ ਠੰਡੇ ਬੁਰਜ ਵਿਚ ਭੇਜ ਦਿੱਤਾ। ਮਾਤਾ ਜੀ ਗੁਰੂ ਦੇ ਸ਼ੇਰਾਂ ਪਾਸੋਂ ਵੱਡੀਆਂ-ਵੱਡੀਆਂ ਦ੍ਰਿੜ੍ਹਤਾ/ਦਲੇਰੀ ਭਰੀਆਂ ਗੱਲਾਂ ਸੁਣ ਕੇ ਅਤਿ ਪ੍ਰਸੰਨ ਹੁੰਦੇ ਤੇ ਸਾਹਿਬਜ਼ਾਦਿਆਂ ਦਾ ਮੂੰਹ-ਮੱਥਾ ਚੁੰਮਦੇ ਅਤੇ ਹੋਰ ਗੁਰੂ-ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਧਰਮੀ ਫੌਲਾਦ ਵਿਚ ਢਾਲਦੇ। ‘ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ’ ਜਾਂਦੇ ਸੀ। ਵਾਰਸ ਸ਼ਾਹ ਵੀ ਲਿਖਦਾ ਹੈ ਕਿ:
ਖਾਣ ਵੱਢੀਆਂ ਨਿੱਤ ਈਮਾਨ ਵੇਚਣ ਇਹੋ ਬਾਣ ਹੈ ਕਾਜ਼ੀਆਂ ਸਾਰਿਆਂ ਨੂੰ।
ਨਵਾਬ ਦੇ ਹੁਕਮਾਂ ਮੂਜਬ ਸਾਹਿਬਜ਼ਾਦਿਆਂ ਨੂੰ ਤੀਸਰੇ ਦਿਨ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇ ਸਰਹਿੰਦ ਨੇ ਨਾਟਕੀ ਢੰਗ ਨਾਲ ਆਪਣੇ ਖਰੀਦੇ ਹੋਏ ਕਾਜ਼ੀ ਨੂੰ ਦੁਬਾਰਾ ਫ਼ੈਸਲਾ ਸੁਣਾਉਣ ਵਾਸਤੇ ਕਿਹਾ। ਧਰਮ/ਈਮਾਨ ਨੂੰ ਛਿੱਕੇ ਟੰਗ ਆਪਣੇ ਮਾਲਕ ਨਵਾਬ ਦਾ ਇਸ਼ਾਰਾ ਸਮਝ ਕੇ ਕਾਜ਼ੀ ਨੇ ਫ਼ੈਸਲਾ ਸੁਣਾਇਆ, “ਦੋਵਾਂ ਬੱਚਿਆਂ ਨੂੰ ਕਲਮਾ-ਇ-ਮੁਹੰਮਦੀ ਪੜ੍ਹਨ ਲਈ ਕਿਹਾ ਜਾਵੇ, ਅਗਰ ਇਹ ਨਾ ਮੰਨਣ ਤਾਂ ਇਨ੍ਹਾਂ ਨੂੰ ਭੁੱਖੇ ਪਿਆਸੇ ਰੱਖ ਕੇ ਦੀਵਾਰ ਵਿਚ ਚਿਣ ਕੇ ‘ਜ਼ਿਬਹ’ ਕੀਤਾ ਜਾਵੇ।” ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਵਾਸਤੇ ਫੇਰ ਡਰਾਇਆ-ਧਮਕਾਇਆ ਗਿਆ ਅਤੇ ਰਾਜ-ਭਾਗ ਦੇ ਨਾਲ ਧੀਆਂ ਦੇ ਡੋਲੇ ਆਦਿ ਦੇਣ ਦੇ ਲਾਲਚ ਦਿੱਤੇ ਗਏ। ਸਾਹਿਬ ਦੇ ਸਾਹਿਬਜ਼ਾਦੇ ਗਰਜਵੀਂ ਆਵਾਜ਼ ਵਿਚ ਬੋਲੇ:
ਜੁੱਤੀ ਦੀ ਇਕ ਠੋਕਰ ਲਾ ਕੇ ਤਾਜ ਤਖ਼ਤ ਠੁਕਰਾ ਸਕਦੇ ਹਾਂ।
ਕੰਧਾਂ ਵਿਚ ਚਿਣਵਾ ਕੇ ਆਪਾਂ ਰੋਮ ਰੋਮ ਮੁਸਕਰਾ ਸਕਦੇ ਹਾਂ।
ਓਇ ਸੂਬਿਆ! ਤੈਨੂੰ ਹੀ ਨਹੀਂ, ਬਲਕਿ ਸਭ ਨੂੰ ਪਤਾ ਹੈ ਕਿ-
ਹਮਰੇ ਬੰਸ ਰੀਤਿ ਇਹ ਆਈ।
ਸੀਸ ਦੇਤਿ ਪਰ ਧਰਮ ਨ ਜਾਈ।
ਕਾਜ਼ੀ ਦੇ ਫ਼ੈਸਲੇ ਨੂੰ ਸੁਣ ਕੇ ਦਾਨਸ਼ਮੰਦਾਂ/ਧਰਮੀਆਂ ਨੇ ਮੂੰਹੀਂ ਉਂਗਲਾਂ ਪਾ ਲਈਆਂ। ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਉੱਠ ਕੇ ਕਿਹਾ, “ਅੱਲ੍ਹਾ ਦਾ ਵਾਸਤਾ ਜੇ, ਇਨ੍ਹਾਂ ਮਾਸੂਮ ਜਿੰਦਾਂ ਉੱਪਰ ਰਹਿਮ ਕੀਤਾ ਜਾਵੇ…।” ਪਰ ਜਦੋਂ ਉਸ ਦੀ ਆਵਾਜ਼ ਨੂੰ ਅਣ-ਸੁਣਿਆਂ ਕੀਤਾ ਗਿਆ ਤਾਂ ਉਹ ਅਤੇ ਹੋਰ ਧਰਮੀ ਪੁਰਸ਼ ਉੱਠੇ ਤੇ ਕਚਹਿਰੀ ਵਿੱਚੋਂ ਬਾਹਰ ਚਲੇ ਗਏ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਜਾਣ ਲੱਗਾ:
ਗੋਡਿਆਂ ਤੋੜੀ ਕੰਧ ਜੋ ਆਈ।
ਚਿਣਦੇ ਜਾਵਨ ਤੁਰਕ ਕਸਾਈ।
ਜਾਇ ਬਜੀਦੇ ਫੇਰ ਉਚਾਰਾ।
ਹੁਣ ਬੀ ਮੰਨੋ ਹੁਇ ਛੁਟਕਾਰਾ। (ਪੰਥ ਪ੍ਰਕਾਸ਼)
ਅਡੋਲ ਖੜ੍ਹੇ ਗੁਰੂ ਦੇ ਸ਼ੇਰਾਂ ਨੇ ਦੱਸਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ:
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਪੰਨਾ 579-80)
ਕੰਧ ਦੀ ਘੁਟਣ ਵਿਚ ਆਏ ਸਾਹਿਬਜ਼ਾਦੇ ਬੇਹੋਸ਼ ਹੋ ਕੇ ਹੰਗਲਾਉਣ ਲੱਗੇ, ਕੰਧ ਡਿੱਗ ਪਈ, ਇੱਟਾਂ ’ਤੇ ਡਿੱਗਣ ਨਾਲ ਉਨ੍ਹਾਂ ਦੇ ਮਾਸੂਮ ਸਰੀਰਾਂ ’ਤੇ ਸੱਟਾਂ ਲੱਗ ਗਈਆਂ, ਖੂਨ ਵਗਣ ਲੱਗ ਪਿਆ।
ਇਸ ਦੁਸ਼ਟ ਸਭਾ ਵਿਚ ਸਮਾਣੇ ਪਿੰਡ ਦੇ ਦੋ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਆਪਣੇ ਕਿਸੇ ਮੁਕੱਦਮੇ ਦੀ ਪੇਸ਼ੀ ਭੁਗਤਣ ਵਾਸਤੇ ਆਏ ਸਨ। ਉਨ੍ਹਾਂ ਅੱਗੇ ਸ਼ਰਤ ਰੱਖੀ ਗਈ ਕਿ “ਜੇ ਆਪ ਇਨ੍ਹਾਂ ਬੱਚਿਆਂ ਨੂੰ ‘ਜ਼ਿਬਹ’ ਕਰ ਦੇਵੋ ਤਾਂ ਤੁਹਾਡੇ ਮੁਕੱਦਮੇ ਦਾ ਤੁਰੰਤ ਨਿਪਟਾਰਾ ਹੋ ਜਾਵੇਗਾ।” ਉਹ ਤਾਂ ਅੱਗੇ ਹੀ ਇਸ ਸਮੇਂ ਦੀ ਉਡੀਕ ਵਿਚ ਸੀ:
ਤੜਫ ਤੜਫ ਗਈ ਜਿੰਦ ਉਡਾਇ, ਇਮ ਸ਼ੀਰ ਖੋਰ ਦੁਇ ਦਏ ਕਤਲਾਇ। (ਪ੍ਰਾਚੀਨ ਪੰਥ ਪ੍ਰਕਾਸ਼)
ਜ਼ਾਲਮਾਂ ਨੇ ਸਾਹਿਬ ਦੇ ਸਾਹਿਬਜ਼ਾਦੇ ਛੁਰੀਆਂ ਨਾਲ ਕੋਹ-ਕੋਹ ਕੇ ਸ਼ਹੀਦ ਕਰ ਦਿੱਤੇ। ਇਹ ਕਹਿਰ 13 ਪੋਹ, ਸੰਮਤ 1761 ਬਿਕ੍ਰਮੀ ਨੂੰ ਵਰਤਿਆ।ਇਸ ਅਣਮਨੁੱਖੀ ਅਤਿਆਚਾਰ ਨੂੰ ਸੁਣ ਕੇ ਧਰਮੀ ਲੋਕ ਅੰਦਰੋ-ਅੰਦਰੀ ਬਹੁਤ ਰੋਏ। ਹਾਕਮਾਂ ਨੂੰ ਫਿਟਕਾਰਾਂ ਪਾਉਣ ਤੇ ਬਦ-ਦੁਆਵਾਂ ਦੇਣ।
ਗੁਰੂ-ਘਰ ਦਾ ਸਿੱਖ ਦੀਵਾਨ ਟੋਡਰ ਮੱਲ ਸਰਕਾਰੀ ਕਰਮਚਾਰੀ ਹੋਣ ਦੇ ਨਾਲ- ਨਾਲ ਇਕ ਸੇਠ ਵੀ ਸੀ ਜਿਸ ਕਰਕੇ ਉਸ ਦਾ ਕਾਫ਼ੀ ਅਸਰ-ਰਸੂਖ਼ ਸੀ। ਉਸ ਨੇ ਆਪਣੇ ਮਨੋਂ ਹਕੂਮਤ ਦਾ ਡਰ ਕੱਢ ਕੇ ਨਵਾਬ ਕੋਲੋਂ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਦੀ ਆਗਿਆ ਮੰਗੀ ਤੇ ਵਜ਼ੀਰ ਖ਼ਾਂ ਦੀ ਸ਼ਰਤ ਨੂੰ ਸਵੀਕਾਰਦਿਆਂ ਸਸਕਾਰ ਕਰਨ ਵਾਲੀ ਜਗ੍ਹਾ ’ਤੇ ਅਸ਼ਰਫੀਆਂ ਵਿਛਾ ਕੇ ਮੁੱਲ ਖਰੀਦੀ। ਜਦੋਂ ਦੀਵਾਨ ਟੋਡਰ ਮੱਲ ਤੇ ਬਾਬਾ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਦੱਸੀ ਤਾਂ ਮਾਤਾ ਜੀ ਦੋਵੇਂ ਹੱਥ ਜੋੜ ਕੇ ਪ੍ਰਭੂ-ਪਿਆਰੇ ਅੱਗੇ ਸਿੱਖੀ ਸਿਦਕ ਨਿਭ ਜਾਣ ਦਾ ਸ਼ੁਕਰਾਨਾ ਕਰਦੇ ਹੋਏ ਜੋਤੀ-ਜੋਤਿ ਸਮਾ ਗਏ।
ਜਦੋਂ ਵਜ਼ੀਰ ਖ਼ਾਂ ਨੂੰ ਪਤਾ ਲੱਗਾ ਕਿ ਮੇਰੀ ਕੈਦ ਵਿਚ ਆਏ ਕੈਦੀਆਂ ਨੂੰ ਲੰਗਰ ਛਕਾਉਣ ਵਾਲੇ ਕਰਮਚਾਰੀ ਬਾਬਾ ਮੋਤੀ ਰਾਮ ਮਹਿਰਾ ਤਿੰਨ ਰਾਤਾਂ ਠੰਡੇ ਬੁਰਜ ਦੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਂਦਾ ਰਿਹਾ ਹੈ ਤਾਂ ਉਸ ਨੇ ਤੁਰੰਤ ਹੁਕਮ ਦੇ ਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਕੋਹਲੂ ਵਿਚ ਪਿੜਵਾ ਕੇ ਸ਼ਹੀਦ ਕਰ ਦਿੱਤਾ।
ਲੇਖਕ ਬਾਰੇ
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/November 1, 2007
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/January 1, 2008
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/April 1, 2008
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/March 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/July 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/October 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/November 1, 2009
- ਭਾਈ ਨਿਸ਼ਾਨ ਸਿੰਘ ਗੰਡੀਵਿੰਡhttps://sikharchives.org/kosh/author/%e0%a8%ad%e0%a8%be%e0%a8%88-%e0%a8%a8%e0%a8%bf%e0%a8%b6%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%97%e0%a9%b0%e0%a8%a1%e0%a9%80%e0%a8%b5%e0%a8%bf%e0%a9%b0%e0%a8%a1/March 1, 2010