ਨਿਰਸੰਦੇਹ ਸ਼ਹੀਦ ਕਿਸੇ ਵੀ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਇਹ ਤਾਂ ਕਿਸੇ ਕੌਮ ਦੀ ਜਿਉਂਦੀ-ਜਾਗਦੀ ਜ਼ਮੀਰ ਦੀ ਅਵਾਜ਼ ਅਤੇ ਹੱਕ-ਸੱਚ ਦੀ ਲੜਾਈ ਵਿਚ ਇਕ ਮਸ਼ਾਲ ਵਾਂਗ ਹੁੰਦੇ ਹਨ। ਸਿੱਖ ਇਤਿਹਾਸ ਅਦੁੱਤੀ ਕੁਰਬਾਨੀਆਂ ਦਾ ਮਾਣ-ਮੱਤਾ ਇਤਿਹਾਸ ਹੈ। ਸਿੱਖ ਕੌਮ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਣਗਿਣਤ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਹਨ ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਸਵੀਰ ਜਦੋਂ ਵੀ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਦਿੱਤੀ ਜੋ ਸਿੱਖ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਨਾਲ ਲਿਖੀ ਗਈ ਹੈ। ਇਕ ਸਿੱਖ ਵਿਦਵਾਨ ਅਨੁਸਾਰ, “ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਚੇਤੰਨ ਸਰੂਪ ਵਿਚ ਆਪ ਸਿਰਜੇ ਤੇ ਰੂਪਮਾਨ ਕੀਤੇ ਬਹਾਦਰੀ ਦੇ ਜ਼ੌਹਰ ਸਨ ਜੋ ਕੌਮ ਅਤੇ ਦੇਸ਼ ਦਾ ਫ਼ਖ਼ਰ ਬਣੇ। ਇਨ੍ਹਾਂ ਅੰਦਰ ਗੁਰੂ-ਪਿਤਾ, ਗੁਰੂ-ਦਾਦਾ, ਗੁਰੂ-ਵਿਰਸੇ ਤੋਂ ਪ੍ਰਾਪਤ ਨਾਮ-ਰੰਗ ਦੀ ਸੂਰਮਗਤੀ ਸੀ।”
ਸਿੱਖਾਂ ਦੁਆਰਾ ਹਰ ਸਾਲ ਦਸੰਬਰ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪੂਰਨ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਮੂਹ ਸਿੱਖ-ਜਗਤ ਨੇ ਦਸੰਬਰ, 2004 ਵਿਚ ਸਾਹਿਬਜ਼ਾਦਿਆਂ ਦੀ ਪਵਿੱਤਰ ਸ਼ਹੀਦੀ ਦੀ ਤੀਸਰੀ ਸ਼ਤਾਬਦੀ ਮਨਾਈ ਹੈ। ਸਿੱਖ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 22 ਦਸੰਬਰ ਸੰਨ 1704 ਨੂੰ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਦੀ 27 ਦਸੰਬਰ ਸੰਨ 1704 ਨੂੰ ਹੋਈ ਸੀ ਜਿਸ ਦੀ ਮਿਸਾਲ ਵਿਸ਼ਵ-ਧਰਮਾਂ ਦੇ ਇਤਿਹਾਸ ਵਿਚ ਨਹੀਂ ਮਿਲਦੀ।
ਬੇਸ਼ੱਕ ਤਿੰਨ ਸਦੀਆਂ ਬੀਤ ਗਈਆਂ ਹਨ ਪਰ ਹਰ ਸਾਲ ਲ਼ੱਖਾਂ ਸ਼ਰਧਾਲੂ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਵਿਚ ਸ਼ਹੀਦੀ ਜੋੜ-ਮੇਲੇ ਭਾਰੀ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਨ। ਸੰਗਤਾਂ ਲਹੂ-ਭਿੱਜੀਆਂ ਯਾਦਗਾਰਾਂ ਨੂੰ ਪ੍ਰਣਾਮ ਕਰਨ ਲਈ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਖ਼ਤ ਸਰਦੀ ਵਿਚ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਪੁੱਜਦੀਆਂ ਹਨ। ਪਵਿੱਤਰ ਸਥਾਨਾਂ ਨੂੰ ਜਾਂਦੀਆਂ ਸਾਰੀਆਂ ਸੜਕਾਂ ’ਤੇ ਥਾਂ-ਥਾਂ ਲੰਗਰ ਤੇ ਛਬੀਲ਼ਾਂ ਲਗਾ ਕੇ ਗੁਰੂ-ਪਿਆਰੇ ਹੱਥ ਬੰਨ੍ਹੀ ਸੰਗਤਾਂ ਨੂੰ ਰੋਕ ਕੇ ਸੇਵਾ ਪ੍ਰਵਾਨ ਕਰਨ ਲਈ ਤਰਲੇ ਲੈਂਦੇ ਦਿਖਾਈ ਦਿੰਦੇ ਹਨ ਤਾਂ ਕਿ ਅਦੁੱਤੀ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕਰ ਸਕਣ। ਇਹ ਸਿਲਸਿਲਾ ਸਦੀਵ ਕਾਲ ਤਕ ਚੱਲਦਾ ਰਹੇਗਾ ਕਿਉਂਕਿ ਇਕ ਸ਼ਾਇਰ ਦਾ ਕਥਨ ਹੈ:
ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਬਾ?
ਸ਼ਹੀਦੋਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।
ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਅਦੁੱਤੀ ਸ਼ਹਾਦਤ ਸੰਬੰਧੀ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਨਾ ਜ਼ਰੂਰੀ ਜਾਪਦਾ ਹੈ।
ਸੰਖੇਪ ਜੀਵਨ ਬਿਰਤਾਂਤ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਸਾਹਿਬਜ਼ਾਦਿਆਂ- ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਕ੍ਰਮਵਾਰ-ਸੰਨ 1687, 1689, 1696 ਅਤੇ 1699 ਨੂੰ ਹੋਇਆ। ਛੋਟੀ ਉਮਰ ਵਿਚ ਸ਼ਾਨਦਾਰ ਕਾਰਨਾਮੇ ਕਰਦੇ ਹੋਏ ਸ਼ਹੀਦ ਹੋਣ ਕਰਕੇ ਸਿੱਖ ਸੰਗਤਾਂ ਇਨ੍ਹਾਂ ਦੇ ਨਾਵਾਂ ਨਾਲ ‘ਬਾਬਾ’ ਸ਼ਬਦ ਵਰਤ ਕੇ ਸਤਿਕਾਰਦੀਆਂ ਹਨ। ਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਲਈ ਸ੍ਰੀ ਆਨੰਦਪੁਰ ਸਾਹਿਬ ਵਿਚ ਰਹਿੰਦਿਆਂ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸਰੀਰਿਕ ਤੰਦਰੁਸਤੀ, ਘੋੜ- ਸਵਾਰੀ, ਤੀਰ-ਅੰਦਾਜ਼ੀ, ਤਲਵਾਰ ਤੇ ਨੇਜ਼ੇ ਆਦਿ ਸ਼ਸਤਰਾਂ ਦੀ ਸਿਖਲਾਈ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ।
ਬਾਬਾ ਅਜੀਤ ਸਿੰਘ ਜੀ ਦੀ ਨਿਪੁੰਨਤਾ ਸੰਬੰਧੀ ਇਤਿਹਾਸ ਵਿਚ ਇਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਇਕ ਦਿਨ ਗੁਰੂ-ਦਰਬਾਰ ਵਿਚ ਦੇਵ ਦਾਸ ਨਾਮ ਦਾ ਇਕ ਬ੍ਰਾਹਮਣ ਫਰਿਆਦ ਕਰਨ ਆਇਆ ਕਿ ਉਸ ਦੀ ਨਵ-ਵਿਆਹੀ ਪਤਨੀ ਨੂੰ ਬੱਸੀ ਪਿੰਡ ਦੇ ਨੇੜੇ ਰਾਹ ਵਿਚ ਜਾਂਦਿਆਂ ਪਠਾਣਾਂ ਨੇ ਖੋਹ ਲਿਆ ਹੈ, ਉਸ ਦੀ ਮਦਦ ਕੀਤੀ ਜਾਵੇ ਤੇ ਉਸ ਦੀ ਬ੍ਰਾਹਮਣੀ ਨੂੰ ਵਾਪਸ ਦਿਵਾਇਆ ਜਾਵੇ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਉਹ ਕੁਝ ਸਿੰਘਾਂ ਨੂੰ ਨਾਲ ਲਿਜਾ ਕੇ ਬੱਸੀ ਦੇ ਪਠਾਨ ਜ਼ਾਬਰ ਖਾਂ ਤੋਂ ਇਸ ਬ੍ਰਾਹਮਣ ਦੀ ਘਰ ਵਾਲੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰਨ ਅਤੇ ਜ਼ਾਬਰ ਖਾਂ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ। ਕਹਿੰਦੇ ਹਨ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ 100 ਘੋੜ ਸਵਾਰ ਸਿੰਘਾਂ ਦੇ ਦਸਤੇ ਨੂੰ ਨਾਲ ਲੈ ਕੇ ਸਵੇਰ ਹੋਣ ਤੋਂ ਪਹਿਲਾਂ ਹੀ ਜ਼ਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ। ਬੂਹਾ ਤੋੜ ਕੇ ਅੰਦਰੋਂ ਜ਼ਾਬਰ ਖਾਂ ਨੂੰ ਪਕੜ ਕੇ ਘੋੜੇ ’ਤੇ ਬੰਨ੍ਹ ਲਿਆ ਤੇ ਬ੍ਰਾਹਮਣੀ ਨੂੰ ਪਠਾਣ ਦੀ ਕੈਦ ਤੋਂ ਆਜ਼ਾਦ ਕਰਵਾ ਕੇ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਗਏ। ਬ੍ਰਾਹਮਣੀ ਫਰਿਆਦੀ ਦੇ ਹਵਾਲੇ ਕੀਤੀ ਅਤੇ ਕੁਕਰਮੀ ਜ਼ਾਬਰ ਖਾਂ ਦੇ ਨੀਚ ਕਰਮਾਂ ਦੀ ਕਰੜੀ ਸਜ਼ਾ ਦਿੱਤੀ ਗਈ। ਗੁਰੂ-ਪਿਤਾ ਜੀ ਸਾਹਿਬਜ਼ਾਦੇ ਦੇ ਇਸ ਕਰਨਾਮੇ ’ਤੇ ਬਹੁਤ ਖੁਸ਼ ਹੋਏ। ਆਪਣੇ ਗੁਰੂ-ਪਿਤਾ ਦੀ ਦੇਖ-ਰੇਖ ਵਿਚ ਰਹਿੰਦਿਆਂ ਚਾਰਾਂ ਸਾਹਿਬਜ਼ਾਦਿਆਂ ਨੇ ਸਿੱਖੀ ਦੀ ਜੀਵਨ-ਜਾਚ ਦ੍ਰਿੜ੍ਹ ਕੀਤੀ।
ਆਓ ਜਾਣੀਏ, ਉਨ੍ਹਾਂ ਹਾਲਾਤਾਂ ਦੇ ਪਿਛੋਕੜ ਬਾਰੇ ਜਿਸ ਕਾਰਨ ਸ਼ਹੀਦੀ ਸਾਕਾ ਹੋਇਆ।
ਸ਼ਹਾਦਤ ਦਾ ਪਿਛੋਕੜ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਨਾਲ ਜਾ ਜੁੜਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭ ਕੀਤੇ ਕਾਰਜ ਨੂੰ ਸੰਪੂਰਨਤਾ ਬਖਸ਼ਣ ਲਈ ਗੁਰੂ ਜੀ ਨੇ ਸੰਮਤ 1756 ਦੀ ਵਿਸਾਖੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਇਕੱਠ ਕਰ ਕੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੀ ਮਰਯਾਦਾ ਚਲਾਈ। ਗੁਰੂ ਜੀ ਦੇ ਦੋਹਾਂ ਵੱਡੇ ਸਪੁੱਤਰਾਂ ਨੇ ਵੀ ਅੰਮ੍ਰਿਤਪਾਨ ਕੀਤਾ ਤੇ ਤਿਆਰ-ਬਰ-ਤਿਆਰ ਸਿੰਘ ਸਜੇ। ਸਾਰੀਆਂ ਜਾਤਾਂ ਦੇ ਸਿੱਖਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ-ਨੀਚ ਦਾ ਭੇਦ-ਭਾਵ ਮਿਟਾ ਦਿੱਤਾ ਤੇ ਸਾਰਿਆਂ ਨੂੰ ਸ਼ਸਤਰਧਾਰੀ ਬਣਾ ਦਿੱਤਾ। ਇਕ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਤੇ ਵਹਿਮਾਂ- ਭਰਮਾਂ ਦਾ ਤਿਆਗ ਕਰਨ ਦਾ ਹੁਕਮ ਦਿੱਤਾ। ਇਹ ਸਭ ਕੁਝ ਅਖੌਤੀ ਉੱਚੀਆਂ ਜਾਤਾਂ ਵਾਲੇ ਪੰਡਤਾਂ, ਬ੍ਰਾਹਮਣਾਂ, ਖੱਤਰੀਆਂ ਤੇ ਰਾਜਪੂਤਾਂ ਨੂੰ ਇਕ ਅੱਖ ਨਾ ਭਾਇਆ। ਪਹਾੜੀ ਰਾਜੇ ਵੀ ਗੁਰੂ ਜੀ ਦੀ ਵਧਦੀ ਤਾਕਤ ਤੋਂ ਭੈ-ਭੀਤ ਹੋ ਗਏ। ਉਨ੍ਹਾਂ ਨੇ ਗੁਰੂ ਜੀ ਦੀ ਚਲਾਈ ਲਹਿਰ ਨੂੰ ਆਪਣੇ ਰਾਜ-ਭਾਗ ਤੇ ਧਰਮ ਲਈ ਅਤੀ ਖ਼ਤਰਨਾਕ ਸਮਝਿਆ। ਇਸ ਲਈ ਅੰਦਰ–ਖਾਤੇ ਗੁਰੂ ਜੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਉਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀਆਂ ਫੌਜਾਂ ਗੁਰੂ ਜੀ ਦੇ ਬਹਾਦਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਇਸ ਲਈ ਫੈਸਲਾ ਕੀਤਾ ਕਿ ਸਰਹਿੰਦ ਦੇ ਨਵਾਬ ਰਾਹੀਂ ਸ਼ਾਹੀ ਫੌਜ ਦੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਨਵਾਬ ਵਜ਼ੀਰ ਖਾਂ ਨੂੰ ਚਿੱਠੀ ਲਿਖੀ ਤੇ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਮੁਗ਼ਲ ਸਰਕਾਰ ਤੇ ਤੁਹਾਡੇ ਲਈ ਵੀ ਖ਼ਤਰਾ ਹੈ, ਤਾਂ ਤੇ ਇਸ ਖ਼ਤਰੇ ਦਾ ਮੁਕਾਬਲਾ ਰਲ਼ ਕੇ ਕਰਨ ਲਈ ਫੌਜ ਭੇਜੀ ਜਾਵੇ। ਨਵਾਬ ਨੇ ਪੈਂਦੇ ਖਾਂ ਤੇ ਦੀਨਾ ਬੇਗ ਦੀ ਕਮਾਨ ਹੇਠ 10 ਹਜ਼ਾਰ ਫੌਜ ਭੇਜ ਦਿੱਤੀ।ਬਾਈਧਾਰ ਦੇ ਰਾਜਿਆਂ ਦੀ 20 ਹਜ਼ਾਰ ਫੌਜ ਨਾਲ ਮਿਲ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਲੜਾਈ ਵਿਚ ਪੈਂਦੇ ਖਾਂ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਦੀਨਾ ਬੇਗ ਵੀ ਫੱਟੜ ਹੋਣ ’ਤੇ ਭੱਜ ਗਿਆ। ਸ਼ਾਹੀ ਫੌਜ ਤਿੱਤਰ ਹੋ ਗਈ।
ਰਾਜਾ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਨਾਲ ਸਲਾਹ ਬਣਾਈ ਕਿ ਬਹੁਤ ਸਾਰੀ ਫੌਜ ਇਕੱਠੀ ਕਰ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਦੁਆਲੇ ਘੇਰਾ ਪਾਇਆ ਜਾਵੇ ਤਾਂ ਕਿ ਅੰਦਰ ਰਸਦ-ਪਾਣੀ ਜਾਣੋਂ ਬੰਦ ਕਰ ਕੇ ਗੁਰੂ ਜੀ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਉਸ ਨੇ ਗੁਰੂ ਜੀ ਨੂੰ ਇਕ ਲੰਬੀ ਚਿੱਠੀ ਲਿਖ ਕੇ ਕਿਹਾ,“ਜਾਂ ਤਾਂ ਮੇਰੀ ਰਿਆਸਤ ਵਿੱਚੋਂ ਨਿਕਲ ਜਾਓ ਨਹੀਂ ਤਾਂ ਮੇਰੀ ਰਈਅਤ ਬਣ ਕੇ ਤੇ ਅਧੀਨ ਹੋ ਕੇ ਰਹੋ ਅਤੇ ਟਕੇ ਭਰੋ।”(ਪ੍ਰੋ. ਕਰਤਾਰ ਸਿੰਘ, ਸਿੱਖ ਇਤਿਹਾਸ, ਭਾਗ ਪਹਿਲਾ,ਪੰਨਾ 414) ਪਰ ਜਦੋਂ ਗੁਰੂ ਜੀ ਨੇ ਦੋਵੇਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਰਾਜਾ ਭੀਮ ਚੰਦ ਨੇ ਹੋਰ ਰਾਜਿਆਂ,ਮੁਸਲਮਾਨ ਗੁੱਜਰਾਂ ਤੇ ਰੰਘੜਾਂ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਦਾ ਘੇਰਾ ਘੱਤ ਲਿਆ। ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਮਸਤ ਸ਼ਰਾਬੀ ਹਾਥੀ ਨੂੰ ਅੱਗੇ ਭੇਜਿਆ ਪਰ ਜਦੋਂ ਭਾਈ ਬਚਿੱਤਰ ਸਿੰਘ ਨੇ ਪੂਰੇ ਜ਼ੋਰ ਨਾਲ ਨੇਜ਼ਾ ਉਸ ਦੇ ਮੱਥੇ ਵਿਚ ਮਾਰਿਆ ਤਾਂ ਉਹ ਚੀਕਾਂ ਮਾਰਦਾ ਹੋਇਆ ਆਪਣੀਆਂ ਫੌਜਾਂ ਨੂੰ ਮਿੱਧਦਾ ਹੋਇਆ ਭੱਜ ਗਿਆ। ਸਾਰੀ ਫੌਜ ਨੂੰ ਭਾਜੜਾਂ ਪੈ ਗਈਆਂ।
ਹੁਣ ਪਹਾੜੀ ਰਾਜਿਆਂ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁੱਧ ਪ੍ਰੇਰਿਆ ਤੇ ਮਦਦ ਲਈ ਸ਼ਾਹੀ ਫੌਜਾਂ ਦੀ ਸਹਾਇਤਾ ਲਈ ਅਰਜ਼ੋਈ ਕੀਤੀ। ਉਸ ਨੇ ਸੂਬਾ ਲਾਹੌਰ ਤੇ ਸੂਬਾ ਸਰਹਿੰਦ ਨੂੰ ਹੁਕਮ ਭੇਜਿਆ ਕਿ ਪਹਾੜੀ ਰਾਜਿਆਂ ਦੇ ਨਾਲ ਹੋ ਕੇ ਗੁਰੂ ਜੀ ਉੱਪਰ ਤੁਰੰਤ ਹਮਲਾ ਕੀਤਾ ਜਾਵੇ ਤੇ ਹਰਾਏ ਬਗੈਰ ਜੰਗ ਬੰਦ ਨਾ ਕੀਤਾ ਜਾਵੇ। ਇਸ ਹੁਕਮ ਅਨੁਸਾਰ ਭਾਰੀ ਫੌਜ ਨੇ ਸ੍ਰੀ ਆਨੰਦਪੁਰ ਸਾਹਿਬ ’ਤੇ ਚੜ੍ਹਾਈ ਕਰ ਦਿੱਤੀ। ਇਕ ਪਾਸੇ ਲੱਖਾਂ ਦੀ ਫੌਜ ’ਤੇ ਮੁਲਖਈਆ ਸੀ ਤੇ ਦੂਜੇ ਪਾਸੇ ਸਿੱਖ ਫੌਜ ਦੀ ਗਿਣਤੀ 10 ਕੁ ਹਜ਼ਾਰ ਸੀ। ਖ਼ਾਲਸਾ ਫੌਜ ਨੇ ਬੇਮਿਸਾਲ ਬੀਰਤਾ ਤੇ ਦ੍ਰਿੜ੍ਹਤਾ ਨਾਲ ਡਟ ਕੇ ਮੁਕਾਬਲਾ ਕੀਤਾ। ਸ੍ਰੀ ਆਨੰਦਪੁਰ ਸਾਹਿਬ ਵਿਚ ਹੋਈਆਂ ਲੜਾਈਆਂ ਵਿਚ ਬਾਬਾ ਅਜੀਤ ਸਿੰਘ ਜੀ ਨੇ ਵੀ ਬਹਾਦਰੀ ਦੇ ਕਈ ਜ਼ੌਹਰ ਵਿਖਾਏ। ਲਗਭਗ 6 ਮਹੀਨੇ ਜੰਗ ਜਾਰੀ ਰਿਹਾ ਪਰ ਹਾਰ-ਜਿੱਤ ਦਾ ਫੈਸਲਾ ਨਾ ਹੁੰਦਾ ਵੇਖ ਕੇ ਰਾਜਿਆਂ ਤੇ ਮੁਗ਼ਲ ਫੌਜਾਂ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਕਿਲ੍ਹੇ ਵਿੱਚੋਂ ਕੱਢਣ ਦੀ ਇਕ ਚਾਲ ਸੋਚੀ। ਇਕ ਬ੍ਰਾਹਮਣ ਅਤੇ ਇਕ ਮੌਲਵੀ ਨੂੰ ਜਾਮਨ ਬਣਾ ਕੇ ਭੇਜਿਆ ਜਿਨ੍ਹਾਂ ਨੇ ਗੀਤਾ ਅਤੇ ਕੁਰਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਕੇ ਚਲੇ ਜਾਣ ਤਾਂ ਉਨ੍ਹਾਂ ਨੂੰ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ। ਉਹ ਜਿੱਥੇ ਚਾਹੁਣ ਚਲੇ ਜਾਣ। ਗੁਰੂ ਜੀ ਉਨ੍ਹਾਂ ਦੀ ਮਾੜੀ ਨੀਅਤ ਨੂੰ ਜਾਣਦੇ ਸਨ ਇਸ ਲਈ ਪਰਖਣ ਲਈ ਕੁਝ ਗੱਡੇ ਕੂੜ- ਕਬਾੜ ਨਾਲ ਭਰ ਕੇ, ਉੱਪਰ ਰੇਸ਼ਮੀ ਚਾਦਰਾਂ ਪਾ ਕੇ ਤੋਰ ਦਿੱਤੇ। ਲਾਲਚੀ ਮੁਗ਼ਲ ਫੌਜੀਆਂ ਨੇ ਸਮਝਿਆ ਕਿ ਖ਼ਜ਼ਾਨਾ ਜਾ ਰਿਹਾ ਹੈ ਸੋ ਟੁੱਟ ਕੇ ਪੈ ਗਏ ਪਰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਝੂਠੀਆਂ ਕਸਮਾਂ ਦੀ ਪੋਲ ਵੀ ਖੁੱਲ੍ਹ ਗਈ। ਕੁਝ ਦਿਨ ਪਿੱਛੋਂ ਇਸ ਭੁੱਲ ਲਈ ਮਾਫ਼ੀਨਾਮਾ ਭੇਜਿਆ ਤੇ ਫਿਰ ਕਿਲ੍ਹਾ ਖਾਲੀ ਕਰਨ ਦੀ ਬੇਨਤੀ ਕੀਤੀ ਗਈ। ਗਊ ਅਤੇ ਕੁਰਾਨ ਦੀ ਕਸਮ ਖਾ ਕੇ ਕਿਹਾ, “ਤੁਸੀਂ ਇਕ ਵਾਰ ਕਿਲ੍ਹਾ ਛੱਡ ਜਾਓ। ਤੁਹਾਡੇ ਇਸ ਤਰ੍ਹਾਂ ਕਰਨ ਨਾਲ ਸਾਡੀ ਇੱਜ਼ਤ ਬਣੀ ਰਹੇਗੀ। ਤੁਸੀਂ ਅਮਨ-ਅਮਾਨ ਨਾਲ ਚਲੇ ਜਾਇਓ। ਅਸੀਂ ਆਪਣੀਆਂ ਫੌਜਾਂ ਲੈ ਕੇ ਵਾਪਸ ਚਲੇ ਜਾਵਾਂਗੇ। ਫੇਰ ਤੁਸੀਂ ਬੇਸ਼ੱਕ ਵਾਪਸ ਆ ਜਾਣਾ।”
ਸ੍ਰੀ ਆਨੰਦਪੁਰ ਸਾਹਿਬ ਛੱਡਣਾ ਤੇ ਪਰਵਾਰ ਦਾ ਵਿਛੋੜਾ: ਗੁਰੂ ਜੀ ਦੇ ਸਿੱਖ ਕਈ ਸਾਲਾਂ ਦੀ ਭੁੱਖ ਤੇ ਖੇਚਲ ਕਰਕੇ ਥੱਕੇ ਪਏ ਸਨ। ਉਨ੍ਹਾਂ ਨੇ ਮਾਤਾ ਗੁਜਰੀ ਜੀ ਨੂੰ ਵਿੱਚ ਪਾ ਕੇ ਗੁਰੂ ਜੀ ਨੂੰ ਕਿਲ੍ਹਾ ਛੱਡ ਕੇ ਜਾਣ ਲਈ ਮਨਾ ਲਿਆ। ਮਾਤਾ ਜੀ ਅਤੇ ਸਿੱਖਾਂ ਦੇ ਬਾਰ-ਬਾਰ ਕਹਿਣ ਤੇ 6 ਪੋਹ, ਸੰਮਤ 1761 (20 ਦਸੰਬਰ,1704 ਈਸਵੀ) ਦੀ ਠੰਢੀ ਰਾਤ ਨੂੰ ਪਰਵਾਰ ਅਤੇ ਸਿੱਖਾਂ ਸਮੇਤ ਕਿਲ੍ਹਾ ਖਾਲੀ ਕਰ ਦਿੱਤਾ ਅਤੇ ਰੋਪੜ ਵੱਲ ਚਾਲੇ ਪਾ ਦਿੱਤੇ। ਗੁਰੂ ਜੀ ਦੇ ਕਿਲ੍ਹੇ ਵਿੱਚੋਂ ਨਿਕਲਣ ਦਾ ਪਤਾ ਲੱਗਦਿਆਂ ਸਾਰ ਹੀ ਦੁਸ਼ਮਣ ਫੌਜਾਂ ਨੇ ਆਪਣੀਆਂ ਕਸਮਾਂ ਭੁਲਾ ਕੇ ਗੁਰੂ ਜੀ ਉਪਰ ਹਮਲਾ ਕਰ ਦਿੱਤਾ। ਰਾਤ ਦੇ ਹਨੇਰੇ ਤੇ ਵਰ੍ਹਦੇ ਮੀਂਹ ਵਿਚ ਸਰਸਾ ਨਦੀ ਦੇ ਕੰਢੇ ਘਮਸਾਨ ਦੀ ਲੜਾਈ ਹੋਈ। ਅਨੇਕਾਂ ਸਿੰਘਾਂ ਨੇ ਸੂਰਬੀਰਤਾ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਅੰਮ੍ਰਿਤ ਵੇਲੇ ਗੁਰੂ ਜੀ ਨੇ ਨਿਤਨੇਮ ਅਨੁਸਾਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਦੀਵਾਨ ਲਾਇਆ। ਉਪਰੰਤ ਸਰਸਾ ਪਾਰ ਕਰਨ ਦੀ ਤਿਆਰੀ ਕੀਤੀ ਗਈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਦੁਸ਼ਮਣ ਫੌਜ ਨੂੰ ਰੋਕੀ ਰੱਖਿਆ। ਬਾਕੀ ਦਾ ਸੰਗ ਨਦੀ ਵਿਚ ਠਿੱਲ੍ਹ ਪਿਆ। ਇਸ ਸਮੇਂ ਨਦੀ ਜ਼ੋਰਾਂ ’ਤੇ ਸੀ। ਗੁਰੂ ਜੀ ਦਾ ਸਾਰਾ ਸਾਮਾਨ ਤੇ ਕੀਮਤੀ ਕਾਵਿ-ਗ੍ਰੰਥ ਸਰਸਾ ਨਦੀ ਵਿਚ ਰੁੜ੍ਹ ਗਏ। ਗੁਰੂ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਸੰਗ ਨਾਲੋਂ ਵਿੱਛੜ ਗਏ। ਰਸੋਈਏ ਗੰਗੂ ਦੇ ਕਹਿਣ ਤੇ ਉਹ ਉਸ ਦੇ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਚਲੇ ਗਏ। ਗੁਰੂ ਜੀ ਰੋਪੜ ਵੱਲ ਨੂੰ ਚਲੇ ਗਏ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ। ਆਪ ਦੋ ਵੱਡੇ ਸਾਹਿਬਜ਼ਾਦਿਆਂ ਤੇ ਹੋਰ 40 ਦੇ ਕਰੀਬ ਸਿੰਘਾਂ ਨਾਲ ਚਮਕੌਰ ਸਾਹਿਬ ਦੇ ਪਾਸ ਪੁੱਜ ਗਏ। ਇਥੇ ਚੌਧਰੀ ਬਿਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਵੇਲੀ ਸੀ। ਵਾਹੋ-ਦਾਹੀ ਪਿੱਛਾ ਕਰ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਗੁਰੂ ਜੀ ਨੇ ਇਸ ਵਿਚ ਲੜਾਈ ਪੱਖੋਂ ਮੋਰਚਾਬੰਦੀ ਕਰ ਲਈ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਜਦੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਨੂੰ ਪਤਾ ਲੱਗਿਆ ਤਾਂ ਉਸ ਨੇ 10 ਲੱਖ ਫੌਜ ਨਾਲ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ। ਇਕ ਪਾਸੇ ਲੱਖਾਂ ਦੀ ਗਿਣਤੀ ਵਿਚ ਮੁਗ਼ਲ ਸੈਨਾ ਤੇ ਦੂਜੇ ਪਾਸੇ ਗੁਰੂ ਲਈ ਕੁਰਬਾਨ ਹੋਣ ਵਾਲੇ ਮਰਜੀਵੜੇ 40 ਸਿੱਖ। ਕੁਝ ਸਮਾਂ ਤੀਰਾਂ ਦੀ ਬੁਛਾੜ ਨਾਲ ਦੁਸ਼ਮਣ ਨੂੰ ਗੜ੍ਹੀ ਤੋਂ ਦੂਰ ਰੱਖਣ ਵਿਚ ਸਫ਼ਲ ਹੋਏ। ਜਦੋਂ ਤੀਰ ਮੁੱਕਣ ’ਤੇ ਆ ਗਏ ਤਾਂ 5-5 ਸਿੰਘਾਂ ਦਾ ਜਥਾ ਵੈਰੀ ਨਾਲ ਜੂਝਣ ਲਈ ਮੈਦਾਨੇ-ਜੰਗ ਵਿਚ ਭੇਜਣ ਲੱਗੇ, ਜੋ ਜੈਕਾਰਿਆਂ ਦੀ ਗੂੰਜ ਨਾਲ ਵੈਰੀਆਂ ’ਤੇ ਟੁੱਟ ਪੈਂਦੇ ਤੇ ਸੈਂਕੜੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਆਪ ਸ਼ਹੀਦ ਹੋ ਜਾਂਦੇ। ਜਦੋਂ ਕਾਫ਼ੀ ਸਿੰਘ ਸ਼ਹੀਦ ਹੋ ਗਏ ਤਾਂ ਬਾਕੀ ਬਚੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਰਾਤ ਦੇ ਹਨੇਰੇ ਵਿਚ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ’ਚੋਂ ਬਾਹਰ ਨਿਕਲ ਜਾਣ। ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਸਾਰੇ ਹੀ ਉਨ੍ਹਾਂ ਦੇ ਪੁੱਤਰ ਹਨ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਵਿਚ ਜਾਣ ਲਈ ਆਪਣੀ ਹੱਥੀਂ ਤਿਆਰ ਕੀਤਾ ਤੇ ਅਸ਼ੀਰਵਾਦ ਦੇ ਕੇ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਲਈ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਅਜਿਹੇ ਜ਼ੌਹਰ ਵਿਖਾਏ ਕਿ ਵੈਰੀ-ਦਲ ਦੰਗ ਰਹਿ ਗਿਆ ਤੇ ‘ਅੱਲਾ-ਅੱਲਾ’ ਪੁਕਾਰਨ ਲੱਗ ਪਿਆ। ਆਖ਼ਰੀ ਦਮ ਤਕ ਜੂਝਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਕੀ ਸਿੰਘਾਂ ਨੇ ਸ਼ਹੀਦੀ ਦਾ ਜਾਮ ਪੀਤਾ। ਆਪਣੇ ਵੀਰ ਦੀ ਬਹਾਦਰੀ ਤੋਂ ਉਤਸ਼ਾਹਿਤ ਹੁੰਦਿਆਂ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੇ ਵੀ ਆਪਣੇ ਵੱਡੇ ਵੀਰ ਦੀਆਂ ਪੈੜਾਂ ’ਤੇ ਚੱਲਣ ਲਈ ਗੁਰੂ-ਪਿਤਾ ਤੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਇਸ ਗੱਲਬਾਤ ਨੂੰ ਇਕ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਨੇ ਇਸ ਤਰ੍ਹਾਂ ਬਿਆਨਿਆ ਹੈ:
‘ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ:-
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ!
ਭਾਈ ਸੇ ਬਿਛੜ ਕਰ ਹਮੇਂ ਜੀਣਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ!’
ਪਿਤਾ ਜੀ ਦਾ ਉੱਤਰ:
ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀਂ ਰੋਕਾ।
ਫ਼ਰਜ਼ੰਦਿ ਵਫ਼ਾਦਾਰ ਕੋ ਹਮ ਨੇ ਨਹੀਂ ਰੋਕਾ।
ਖੁਸ਼ਨੂਦੀਇ ਕਰਤਾਰ ਕੋ ਹਮ ਨੇ ਨਹੀਂ ਰੋਕਾ।
ਅਬ ਦੇਖੀਏ ਸ੍ਰਕਾਰ ਕੋ ਹਮ ਨੇ ਨਹੀਂ ਰੋਕਾ।
ਤੁਮ ਕੋ ਭੀ ਇਸੀ ਰਾਹ, ਮੇਂ ਕੁਰਬਾਨ ਕਰੇਂਗੇ!
ਸਦ ਸ਼ੁਕਰ ਹੈ ਹਮ ਭੀ ਕਭੀ ਖੰਜਰ ਸੇ ਮਰੇਂਗੇ!!
ਲੋ ਜਾਓ, ਸਿਧਾਰੋ! ਤੁਮ੍ਹੇਂ ਕਰਤਾਰ ਕੋ ਸੌਂਪਾ।
ਸਿੱਖੀ ਕੋ ਉਭਾਰੋ, ਤੁਮ੍ਹੇਂ ਕਰਤਾਰ ਕੋ ਸੌਂਪਾ!
ਵਾਹਿਗੁਰੂ ਅਬ ਜੰਗ ਕੀ, ਹਿੰਮਤ ਤੁਮ੍ਹੇਂ ਬਖ਼ਸ਼ੇਂ।
ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮ੍ਹੇਂ ਬਖ਼ਸ਼ੇਂ’!
ਪਿਤਾ-ਗੁਰੂ ਨੇ ਆਪਣੇ ਦੂਜੇ ਪੁੱਤਰ ਨੂੰ ਵੀ ਅਸੀਸ ਦੇ ਕੇ ਪੰਜ ਸਿੰਘਾਂ ਨਾਲ ਖੁਸ਼ੀ-ਖੁਸ਼ੀ ਤੋਰਿਆ। ਤੀਰਾਂ ਦੀ ਛਾਵੇਂ ਬਾਬਾ ਜੁਝਾਰ ਸਿੰਘ ਜੀ ਅੱਗੇ ਵਧਦੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ ਤੇ ਅੰਤ ਵਿਚ ਸਾਥੀਆਂ ਸਮੇਤ ਵੈਰੀਆਂ ਨਾਲ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ। ਦਸਮੇਸ਼ ਪਿਤਾ ਨੇ ਗੜ੍ਹੀ ਵਿੱਚੋਂ ਆਪਣੇ ਸਪੁੱਤਰਾਂ ਦੀ ਬਹਾਦਰੀ ਦੇ ਕਾਰਨਾਮੇ ਵੇਖੇ ਤੇ ਫਿਰ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਦੋਵੇਂ ਬੱਚੇ ਸਿੱਖੀ ਸਿਦਕ ਵਿਚ ਪੂਰੇ ਉਤਰੇ ਹਨ ਤੇ ਇਮਤਿਹਾਨ ਵਿੱਚੋਂ ਪਾਸ ਹੋਏ ਹਨ। ਤੇਰੀ ਅਮਾਨਤ ਤੈਨੂੰ ਹੀ ਸੌਂਪ ਦਿੱਤੀ।“ਹੈ ਕੋਈ ਸੰਸਾਰ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਕਿਸੇ ਹੋਰ ਰਹਿਬਰ ਦੀ ਜਿਸ ਤੋਂ ਉਸ ਦੇ ਸਿੱਖ ਜਾਨਾਂ ਵਾਰਨ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਰਿਹਾ ਹੋਵੇ?”(ਖ਼ੂਨ ਸ਼ਹੀਦਾਂ ਦਾ, ਸਿੱਖ ਮਿਸ਼ਨਰੀ ਕਾਲਜ, ਪੰਨਾ 28) ਇਹ ਦੋਵੇਂ ਸ਼ਹੀਦੀਆਂ 8 ਪੋਹ ਸੰਮਤ 1761 (22 ਦਸੰਬਰ,1704) ਨੂੰ ਹੋਈਆਂ।“ਸੰਸਾਰ ਦੇ ਯੁੱਧਾਂ ਦੇ ਇਤਿਹਾਸ ਵਿਚ ਕਿਤੇ ਵੀ ਐਸੀ ਉਦਾਹਰਣ ਨਹੀਂ ਮਿਲਦੀ ਜਿੱਥੇ 40-50 ਸੂਰਮਿਆਂ ਨੇ ਲੱਖਾਂ ਦੀ ਗਿਣਤੀ ਵਿਚ ਸ਼ਾਹੀ ਸੈਨਾ ਨਾਲ ਲੋਹਾ ਲਿਆ ਹੋਵੇ।‘ਸਵਾ ਲਾਖ ਸੇ ਏਕ ਲੜਾਊਂ’ ਦਾ ਨਜ਼ਾਰਾ ਚਮਕੌਰ ਦੀ ਗੜ੍ਹੀ ਵਿਚ ਪ੍ਰਤੱਖ ਹੋਇਆ।’’ (ਡਾ.ਜਗਜੀਤ ਸਿੰਘ, ਸਿੱਖ ਫੁਲਵਾੜੀ, ਦਸੰਬਰ 2000, ਪੰਨਾ 15)
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਜਿਵੇਂ ਕਿ ਉੱਪਰ ਜ਼ਿਕਰ ਕੀਤਾ ਹੈ ਕਿ ਸਰਸਾ ਨਦੀ ਦੀ ਜੰਗ ਉਪਰੰਤ ਦੋਵੇਂ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਗੰਗੂ ਰਸੋਈਏ ਦੇ ਪਿੰਡ ਸਹੇੜੀ ਚਲੇ ਗਏ ਸਨ। ਜਦੋਂ ਰਾਤ ਨੂੰ ਮਾਤਾ ਜੀ ਅਤੇ ਬੱਚੇ ਸੁੱਤੇ ਪਏ ਸਨ ਤਾਂ ਗੰਗੂ ਦੀ ਨੀਯਤ ਖਰਾਬ ਹੋ ਗਈ। ਉਸ ਨੇ ਜ਼ੇਵਰਾਂ ਅਤੇ ਮੋਹਰਾਂ ਵਾਲੀ ਥੈਲੀ ਖਿਸਕਾ ਲਈ। ਸਵੇਰ ਹੋਣ ’ਤੇ ਜਦੋਂ ਮਾਤਾ ਜੀ ਨੇ ਪੁੱਛਿਆ ਤਾਂ ਨਮਕ-ਹਰਾਮ ਗੰਗੂ ਸਾਫ਼ ਮੁੱਕਰ ਗਿਆ। ਸਗੋਂ ਸੱਚਾ ਬਣਨ ਦੀ ਖ਼ਾਤਰ ਉੱਚੀ-ਉੱਚੀ ਰੌਲ਼ਾ ਪਾਣ ਲੱਗਾ।ਉਸ ਨੇ ਮੁਸਲਮਾਨ ਹਕੂਮਤ ਕੋਲੋਂ ਇਨਾਮ ਹਾਸਲ ਕਰਨ ਲਈ ਮਾਤਾ ਜੀ ਅਤੇ ਮਾਸੂਮ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਗੰਗੂ ਦੀ ਬਦਨੀਤੀ ਕਾਰਨ ਨੰਨੇ- ਮੁੰਨ੍ਹੇ ਬੇਦੋਸ਼ੇ ਬਾਲਾਂ ਨੂੰ ਪੋਹ ਮਹੀਨੇ ਦੀਆਂ ਰਾਤਾਂ ਵਿਚ ਦਾਦੀ ਦੇ ਨਾਲ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਅਗਲੇ ਦਿਨ ਬੱਚਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨ ਦਾ ਫ਼ੁਰਮਾਨ ਜਾਰੀ ਹੋਇਆ। ਮਾਤਾ ਗੁਜਰੀ ਜੀ ਦਸੰਬਰ ਦੀ ਬਰਫ ਵਰਗੀ ਠੰਢੀ ਰਾਤ ਨੂੰ ਆਪਣੇ ਪੋਤਿਆਂ ਨੂੰ ਸਰੀਰ ਨਾਲ ਘੁੱਟ-ਘੁੱਟ ਕੇ ਗਰਮਾਉਂਦੀ ਤੇ ਸੁਆਣ ਦਾ ਯਤਨ ਕਰਦੇ ਰਹੇ ਤੇ ਨਾਲ ਹੀ ਸਿੰਘਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਉਨ੍ਹਾਂ ਵਿਚ ਬੀਰਤਾ ਦਾ ਜਜ਼ਬਾ ਭਰਦੇ ਰਹੇ ਤਾਂ ਕਿ ਉਹ ਅਗਲੇ ਦਿਨ ਹਾਕਮਾਂ ਦੇ ਸਾਹਮਣੇ ਡੋਲ ਨਾ ਜਾਣ। ਸਵੇਰੇ ਦਾਦੀ ਨੇ ਆਪਣੇ ਪੋਤਿਆਂ ਨੂੰ ਪਿਆਰ ਨਾਲ ਤਿਆਰ ਕੀਤਾ ਤੇ ਕਿਹਾ, “ਆਪਣੇ ਧਰਮ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ। ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹੋ,ਜਿਸ ਨੇ ਜ਼ਾਲਮਾਂ ਤੋਂ ਕਦੀ ਈਨ ਨਹੀਂ ਮੰਨੀ। ਉਸ ਦਾਦੇ ਦੇ ਪੋਤੇ ਹੋ ਜਿਸ ਨੇ ਧਰਮ ਦੀ ਖ਼ਾਤਰ ਆਪਣਾ ਸੀਸ ਵਾਰ ਦਿੱਤਾ। ਵੇਖਿਓ, ਕਿਤੇ ਵਜ਼ੀਰ ਖਾਂ ਵੱਲੋਂ ਦਿੱਤੇ ਡਰਾਵਿਆਂ ਜਾਂ ਲਾਲਚ ਕਾਰਨ ਧਰਮ ਵੱਲੋਂ ਕਮਜ਼ੋਰੀ ਨਾ ਵਿਖਾ ਜਾਇਓ!” ਦੋਵਾਂ ਨੇ ਹੌਂਸਲੇ ਨਾਲ ਜਵਾਬ ਦਿੱਤਾ: ‘ਧੰਨਯ ਭਾਗ ਹਮਰੇ ਹੈਂ ਮਾਈ। ਧਰਮ ਹੇਤ ਤਨ ਦੇ ਕਰ ਜਾਈ।’ ਨਵਾਬ ਦੇ ਸਿਪਾਹੀ ਲੈਣ ਆ ਗਏ ਤੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਖਾਫ਼ੀ ਖਾਂ ਇਤਿਹਾਸਕਾਰ ਅੱਖੀਂ ਡਿੱਠਾ ਹਾਲ ਲਿਖਦਾ ਹੈ ਕਿ ਇਕ ਸਾਜ਼ਿਸ਼ ਰਚੀ ਗਈ ਜਿਸ ਅਨੁਸਾਰ ਉਨ੍ਹਾਂ ਨੂੰ ਪੇਸ਼ ਹੋਣ ਵੇਲੇ ਛੋਟੇ ਦਰਵਾਜ਼ੇ ਵਿੱਚੋਂ ਲੰਘਾਇਆ ਗਿਆ ਤਾਂ ਕਿ ਸੁਤੇ ਹੀ ਉਨ੍ਹਾਂ ਦਾ ਸਿਰ ਝੁਕ ਜਾਵੇ ਤੇ ਜਦੋਂ ਉਹ ਸਿਰ ਨਿਵਾ ਕੇ ਲੰਘਣਗੇ ਤਾਂ ਉਹ ਤਾੜੀ ਮਾਰ ਕੇ ਐਲਾਨ ਕਰ ਦੇਣਗੇ ਕਿ ਸਾਹਿਬਜ਼ਾਦਿਆਂ ਨੇ ਮੁਗ਼ਲ ਸਰਕਾਰ ਅੱਗੇ ਸਿਰ ਝੁਕਾ ਕੇ ਈਨ ਮੰਨ ਲਈ ਹੈ। ਪਰ ਆਤਮਿਕ ਤੌਰ ’ਤੇ ਬਲਵਾਨ ਬੱਚਿਆਂ ਨੇ ਛੋਟੇ ਦਰਵਾਜ਼ੇ ਵਿੱਚੋਂ ਲੰਘਦਿਆਂ ਕਚਹਿਰੀ ਵਿਚ ਦਾਖਲ ਹੋਣ ’ਤੇ ਪੈਰ ਪਹਿਲਾਂ ਕੱਢੇ ਤੇ ਉੱਚੀ ਗੱਜਵੀਂ ਆਵਾਜ਼ ਵਿਚ ‘ਵਾਹਿਗੁਰੂ ਜੀ ਕੀ ਫਤਹਿ’ ਗਜਾਈ। ਲਾਲਾਂ ਦੇ ਚਿਹਰਿਆਂ ਦਾ ਜਾਹੋ- ਜਲਾਲ ਵੇਖ ਕੇ ਸਭ ਦੀਆਂ ਅੱਖਾਂ ਚੁੰਧਿਆ ਗਈਆਂ। ਦੀਵਾਨ ਸੁੱਚਾ ਨੰਦ ਨੇ ਕਿਹਾ, “ਬੱਚਿਓ! ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ” ਤਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਉਨ੍ਹਾਂ ਦਾ ਸਿਰ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕ ਸਕਦਾ। ਨਵਾਬ ਨੇ ਬੱਚਿਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਅਤੇ ਨਾ ਮੰਨਣ ਤੇ ਉਨ੍ਹਾਂ ਨੂੰ ਮੌਤ ਦਾ ਡਰ ਦਿੱਤਾ। ਇਹ ਵੀ ਕਿਹਾ ਗਿਆ ਕਿ ਤੁਹਾਡੇ ਦੋਵੇਂ ਭਰਾ ਅਤੇ ਪਿਤਾ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ। ਤੁਸੀਂ ਜਾਨਾਂ ਬਚਾ ਸਕਦੇ ਹੋ। ਤੁਹਾਨੂੰ ਬੜੇ ਸੁਖ-ਆਰਾਮ ਨਾਲ ਪਾਲ਼ਿਆ ਜਾਵੇਗਾ ਅਤੇ ਉੱਚੇ ਮੁਰਾਤਬੇ ਤੇ ਜਗੀਰਾਂ ਦਿੱਤੀਆਂ ਜਾਣਗੀਆਂ, ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਓ। ਜੇ ਨਾ ਮੰਨੋਗੇ ਤਾਂ ਕੋਹੇ ਤੇ ਮਾਰੇ ਜਾਓਗੇ। ਅੱਗੋਂ ਸਾਹਿਬਜ਼ਾਦਿਆਂ ਨੇ ਨਿਝੱਕ ਹੋ ਕੇ ਜਵਾਬ ਦਿੱਤਾ, “ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹਾਂ।ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਅਸੀਂ ਧਰਮ ਛੱਡ ਕੇ ਜਿਊਣ ਨੂੰ ਤਿਆਰ ਨਹੀਂ। ਤੁਹਾਡਾ ਜਿਵੇਂ ਜੀਅ ਕਰਦਾ ਹੈ ਕਰ ਲਵੋ।”(ਸਿੱਖ ਇਤਿਹਾਸ, ਪੰਨਾ 427-28) ਇਸ ਸਮੇਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਚਿਹਰਿਆਂ ’ਤੇ ਕੋਈ ਡਰ ਦਾ ਚਿੰਨ੍ਹ ਨਹੀਂ ਸੀ। 6 ਸਾਲ ਤੇ 8 ਸਾਲ ਦੇ ਬੱਚਿਆਂ ਦੇ ਦਲੇਰੀ-ਭਰੇ ਉੱਤਰ ਨੂੰ ਸੁਣ ਕੇ ਸਾਰੇ ਪਾਸੇ ਸਨਾਟਾ ਛਾ ਗਿਆ। ਹੰਕਾਰੀ ਨਵਾਬ ਨੂੰ ਗੁੱਸਾ ਆ ਗਿਆ। ਸੁੱਚਾ ਨੰਦ ਨੇ ਹੋਰ ਉਕਸਾਇਆ ਕਿ ਇਹ ਸੱਪ ਦੇ ਬੱਚੇ ਹਨ, ਇਹ ਤਰਸ ਦੇ ਲਾਇਕ ਨਹੀਂ। ਵੱਡੇ ਹੋ ਕੇ ਇਹ ਹੋਰ ਔਕੜਾਂ ਖੜ੍ਹੀਆਂ ਕਰਨਗੇ। ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ। ਇਨ੍ਹਾਂ ’ਤੇ ਰਹਿਮ ਨਾ ਕਰੋ। ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਅਨੁਸਾਰ ਵਜ਼ੀਦ ਖਾਂ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸੰਬੋਧਿਤ ਕਰ ਕੇ ਕਿਹਾ:
ਤੁਮਰੋ ਮਾਰਯੋ ਗੁਰ ਨਾਹਰ ਖਾਂ ਭਾਈ, ਉਸ ਬੇਟੇ ਤੁਮ ਦੇਹੁ ਮਰਾਈ॥24॥
ਪਰ–
ਸ਼ੇਰ ਮੁਹੰਮਦ ਨਹਿਂ ਗਨੀ, ਬੋਲਯੋ ਸੀਸ ਹਿਲਾਇ।
ਹਮ ਮਾਰੈਂ ਸ਼ੀਰ ਖੋਰਿਆਂ, ਜਗ ਮੈਂ ਔਜਸ ਆਇ॥25॥
ਇਤਿਹਾਸਕਾਰਾਂ ਨੇ ਸ਼ੇਰ ਮੁਹੰਮਦ ਖਾਂ ਦੇ ਭਰਾ ਦੀ ਮੌਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਹੋਣ ਦਾ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਪਿਤਾ ਦੀ ਥਾਂ ਮਾਸੂਮ ਬੱਚਿਆਂ ਤੋਂ ਲੈਣ ਨੂੰ ਕਾਇਰਤਾ ਮੰਨਿਆ। ਉਸ ਨੇ ਸਾਹਿਬਜ਼ਾਦਿਆਂ ਨੂੰ ਮਾਰਨ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰਿਆ।
11 ਤੇ 12 ਪੋਹ ਨੂੰ ਦੋ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਸੱਦਿਆ ਜਾਂਦਾ ਰਿਹਾ ਅਤੇ ਲਾਲਚ ਤੇ ਡਰਾਵੇ ਦਿੱਤੇ ਜਾਂਦੇ ਰਹੇ, ਪਰ ਬੱਚੇ ਧਰਮ ਤੋਂ ਨਹੀਂ ਡੋਲੇ। ਦੀਵਾਨ ਸੁੱਚਾ ਨੰਦ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ‘ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ?’ ਸਾਹਿਬਜ਼ਾਦਿਆਂ ਦਾ ਉੱਤਰ ਸੀ ਕਿ ‘ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠੇ ਕਰ ਕੇ ਜ਼ੁਲਮੀ ਰਾਜ ਦੇ ਵਿਰੁੱਧ ਲੜਾਂਗੇ ਅਤੇ ਤਦ ਤਕ ਲੜਦੇ ਰਹਾਂਗੇ ਜਦੋਂ ਤਕ ਜ਼ਾਲਮਾਂ ਦਾ ਖ਼ਾਤਮਾ ਨਹੀਂ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀਂ ਹੋ ਜਾਂਦੇ।’ ਉਨ੍ਹਾਂ ਦਾ ਕਹਿਣਾ ਸੀ:
‘ਹਮਰੋ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨਾ ਜਾਈ।’
ਅਖੀਰ 13 ਪੋਹ ਵਾਲੇ ਦਿਨ ਨਵਾਬ ਨੇ ਹੁਕਮ ਦੇ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਜਿਊਂਦੇ ਨੀਹਾਂ ਵਿਚ ਚਿਣ ਦਿੱਤਾ ਜਾਵੇ। ਸਿਰ ’ਤੇ ਮੌਤ ਦਾ ਸਾਇਆ ਲਟਕ ਰਿਹਾ ਸੀ ਪਰ ਗੁਰੂ ਦੇ ਦੁਲਾਰੇ ਅਡੋਲ ਸਨ। ਜੋਗੀ ਅਲ੍ਹਾ ਯਾਰ ਖਾਂ ਦੇ ਸ਼ਬਦਾਂ ਵਿਚ:
‘ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਕਹਤੇ ਹੂਏ ਜ਼ਬਾਂ ਸੇ ਬੜ੍ਹੇ ‘ਸਤਿ ਸ੍ਰੀ ਅਕਾਲ’।…
ਚਿਹਰੋਂ ਪ: ਗ਼ਮ ਕਾ ਨਾਮ ਨ: ਥਾ ਔਰ ਨ: ਥਾ ਮਲਾਲ।
ਜਾ ਠਹਰੇ ਸਰ ਪ: ਮੌਤ ਕੇ, ਫਿਰ ਭੀ ਨ: ਥਾ ਖ਼ਯਾਲ।
ਸ਼ੇਰ ਦੇ ਬੱਚਿਆਂ ਨੇ ਲਲਕਾਰ ਕੇ ਕਿਹਾ :
‘ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦ: ਲਗਾ ਚਲੇ।
ਗੱਦੀ ਸੇ ਤਾਜੋ-ਤਖ਼੍ਤ ਬਸ ਅਬ ਕੌਮ ਪਾਏਗੀ।
ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।
ਨਵਾਬ ਦੇ ਹੁਕਮ ਅਨੁਸਾਰ ਬੱਚਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤਲੇ ਸਵਾਸ ਤਕ ਉਹ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਨ੍ਹਾਂ ਨੇ ਚੜ੍ਹਦੀ ਕਲਾ ਵਿਚ ਰਹਿ ਕੇ ਮੌਤ ਲਾੜੀ ਨੂੰ ਪ੍ਰਣਾ ਲਿਆ। ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਸੱਚਖੰਡ ਪਧਾਰ ਗਏ। ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕਰਨ ਲਈ ਜਗ੍ਹਾ ਲਈ ਤੇ ਪੂਰਨ ਮਰਯਾਦਾ ਤੇ ਸਤਿਕਾਰ ਨਾਲ ਸਸਕਾਰ ਕਰ ਦਿੱਤਾ। ਇਸ ਸਥਾਨ ’ਤੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੁਸ਼ੋਭਤ ਹੈ। ਇਸ ਅਨਰਥ ਨੂੰ ਵੇਖ ਕੇ ਸ਼ਾਇਰ ਬੇਸਾਖ਼ਤਾ ਇਉਂ ਕੂਕ ਉੱਠਦਾ ਹੈ:
‘ਕਤਲਿ ਮਾਸੂਮ ਕਰੋ ਮਾਹਵਿ ਜਫ਼ਾ ਰਹਿਤੇ ਹੋ।
ਕਿਆ ਇਸੀ ਦੀਨ ਕੋ ਤੁਮ ਦੀਨਿ ਖ਼ੁਦਾ ਕਹਿਤੇ ਹੋ?’
ਉਪਰੋਕਤ ਨਿੱਕੀਆਂ ਜਿੰਦਾਂ ਦੀ ਅਦੁੱਤੀ ਸ਼ਹਾਦਤ ਦੀ ਦਰਦਨਾਕ ਵਿਥਿਆ ਮਾਹੀ ਨਾਂ ਦੇ ਕਾਸਦ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਇ ਕਲ੍ਹਾ ਦੇ ਸਥਾਨ ’ਤੇ ਰੋ- ਰੋ ਕੇ ਤੇ ਹਟਕੋਰੇ ਲੈਂਦਿਆਂ ਸੁਣਾਈ ਤਾਂ ਸੁਣਨ ਵਾਲਿਆਂ ਦੀਆਂ ਭੁੱਬਾਂ ਨਿਕਲ ਗਈਆਂ। ਗੁਰੂ ਜੀ ਅਡੋਲ ਆਪਣੇ ਲਖ਼ਤੇ-ਜਿਗਰਾਂ ਦੀ ਸ਼ਹੀਦੀ ਅਤੇ ਮਾਤਾ ਜੀ ਦੇ ਸੱਚਖੰਡ ਜਾਣ ਦਾ ਬਿਰਤਾਂਤ ਸੁਣਦੇ ਰਹੇ।ਵਾਰਤਾ ਸੁਣਨ ਉਪਰੰਤ ਆਪ ਨੇ ਤੀਰ ਨਾਲ ਇਕ ਦੱਬ ਦਾ ਬੂਟਾ ਜੜ੍ਹ ਸਮੇਤ ਪੁੱਟਿਆ ਤੇ ਫ਼ੁਰਮਾਇਆ ਕਿ ਹੁਣ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਜਿਸ ਰਾਜ ਵਿਚ ਮਾਸੂਮਾਂ ’ਤੇ ਜ਼ੁਲਮ ਹੋਣ ਉਹ ਰਾਜ ਖ਼ਤਮ ਹੋ ਗਿਆ ਸਮਝੋ! ਇਸ ਸੰਦਰਭ ਵਿਚ ਪ੍ਰਿੰ. ਹਰਭਜਨ ਸਿੰਘ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਇਹ ਘਟਨਾ ਮੁਗ਼ਲਾਂ ਦੇ ਜ਼ੁਲਮੀ ਰਾਜ ਦੀ ਜੜ੍ਹ ਉਖਾੜਨ ਦਾ ਸਭ ਤੋਂ ਵੱਡਾ ਕਾਰਨ ਬਣੀ। ਨਿੱਕੀਆਂ ਜਿੰਦਾਂ ਦੇ ਇਸ ਵੱਡੇ ਸਾਕੇ ਨੇ ਸਿੱਖੀ ਦੇ ਮਹੱਲ ਦੀ ਨੀਂਹ ਹੋਰ ਮਜ਼ਬੂਤ ਕੀਤੀ ਅਤੇ ਅਜਿਹੇ ਧੱਕੇਖੋਰ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਸਿੰਘਾਂ ਵਿਚ ਬੇਪਨਾਹ ਜੋਸ਼ ਤੇ ਦ੍ਰਿੜ੍ਹਤਾ ਦਾ ਸੰਚਾਰ ਕੀਤਾ।…ਆਖਰ ਕਿੱਥੇ ਗਿਆ ਉਹ ਮੁਗ਼ਲ ਰਾਜ ਤੇ ਇਸਲਾਮ ਦੇ ਨਾਦਾਨ ਦੋਸਤ-ਵਜ਼ੀਰ ਖਾਂ ਵਰਗੇ ਜਰਵਾਣੇ? ਪ੍ਰੰਤੂ ਇਨ੍ਹਾਂ ਅਮਰ ਸ਼ਹੀਦਾਂ ਦੀ ਸ਼ਹਾਦਤ (ਗਵਾਹੀ) ਅੱਜ ਵੀ ਲੱਖਾਂ ਸਾਦਿਕ ਦਿਲਾਂ ਵਿਚ ਧਰਮ ਤੋਂ ਕੁਰਬਾਨ ਹੋਣ ਦੀ ਰੂਹ ਭਰਦੀ ਅਤੇ ਜਗਤ-ਕਲਿਆਣ ਲਈ ਰੌਸ਼ਨ-ਮੁਨਾਰੇ ਦਾ ਕੰਮ ਦੇ ਰਹੀ ਹੈ ਅਤੇ ਦੇਂਦੀ ਰਹੇਗੀ।’ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨਾਲ ਅਜਿਹੀ ਜਾਗ੍ਰਤੀ ਆਈ ਕਿ ਨਿਮਾਣੀ-ਨਿਤਾਣੀ ਜਨਤਾ ਨੇ ਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਹਿੰਦੁਸਤਾਨ ਵਿੱਚੋਂ ਮੁਗ਼ਲ ਹਕੂਮਤ ਦੇ ਪੈਰ ਉਖੇੜ ਦਿੱਤੇ। ਅੱਜ ਵੀ ਕੌਮ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਅਗਵਾਈ ਲੈਣੀ ਚਾਹੀਦੀ ਹੈ ਅਤੇ ਮੌਜੂਦਾ ਸਮੇਂ ਵਿਚ ਜੋ ਢਹਿੰਦੀ ਕਲਾ ਆਈ ਹੈ, ਉਸ ਨੂੰ ਠੱਲ੍ਹ ਪਾਉਣ ਦੇ ਯਤਨ ਦ੍ਰਿੜ੍ਹਤਾ ਨਾਲ ਕਰਨੇ ਚਾਹੀਦੇ ਹਨ। ਸਾਡਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਣਾ ਤਾਂ ਹੀ ਸਕਾਰਥਾ ਹੈ ਜੇ ਸਾਹਿਬਜ਼ਾਦਿਆਂ ਦੁਆਰਾ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਕਰੀਏ ਤੇ ਨੇਕਨੀਅਤੀ ਨਾਲ ਉਸ ਪ੍ਰਣ ਨੂੰ ਨਿਭਾਈਏ!
ਲੇਖਕ ਬਾਰੇ
ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/May 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/September 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2008
- ਡਾ. ਗੁਰਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/February 1, 2009