editor@sikharchives.org
Sahibzadeya Di Shadat

ਸਾਹਿਬਜ਼ਾਦਿਆਂ ਦੀ ਸ਼ਹਾਦਤ

ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ 'ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 8 ਪੋਹ ਅਤੇ 13 ਪੋਹ ਸੰਮਤ 1761 ਬਿਕ੍ਰਮੀ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਹਿ ਸਿੰਘ (7 ਸਾਲ) ਸੂਬਾ ਸਰਹਿੰਦ ਦੀ ਕੈਦ ਵਿਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ‘ਸ੍ਰੀ ਮੈਥਿਲੀ ਸ਼ਰਨ ਗੁਪਤ’ ਨੇ ਲਿਖਿਆ ਹੈ:

ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ।

ਗੁਰਮਤਿ ਅਨੁਸਾਰ ਅਧਿਆਤਮਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ‘ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ‘ਤੇ ਤੁਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 29 ਮਾਰਚ, 1699 ਵਿਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿਚ ਸਚਿਆਰ, ਗੁਰਮੁਖ ਅਤੇ ਬ੍ਰਹਮ-ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ ਤੇ ਧਨ ਸੌਂਪ ਦਿੰਦਾ ਹੈ ਅਤੇ ਜਬਰ-ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਅਰੁ ਸਿਖਹੋਂ ਆਪਨੇ ਹੀ ਮਨ ਕੋ, ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋਂ॥ (ਚੰਡੀ ਚਰਿੱਤ੍ਰ)

ਮੁਗ਼ਲ ਸ਼ਾਸਨ ਦੇ ਨਾਲ-ਨਾਲ ਕੱਟੜਵਾਦੀ ਅਖੌਤੀ ਉੱਚ-ਜਾਤੀ ਸਮਾਜ ਵੀ ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਅਪ੍ਰਸੰਨ ਸੀ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਜਾਤ-ਪਾਤ, ਊਚ-ਨੀਚ ਦਾ ਕੋਈ ਭਿੰਨ-ਭੇਦ ਨਹੀਂ ਸੀ। ਸਗੋਂ ਇਹ

“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥”

ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਸਿਧਾਂਤ ਉੱਤੇ ਆਧਾਰਿਤ ਸੀ। ਕੱਟੜਵਾਦੀ ਅਖੌਤੀ ਉੱਚ-ਜਾਤੀ ਸਮਾਜ ਅਤੇ ਪਹਾੜੀ ਰਾਜੇ ਅਖੌਤੀ ਨੀਚ-ਜਾਤਾਂ ਦੇ ਲੋਕਾਂ ਨੂੰ ਮਾਨ-ਸਨਮਾਨ ਅਤੇ ਬਰਾਬਰੀ-ਸਿਰਦਾਰੀ ਦੇਣ ਦੇ ਉਲਟ ਸਨ। ਇਸ ਲਈ ਪਹਾੜੀ ਰਾਜਿਆਂ ਅਤੇ ਹੋਰ ਅਖੌਤੀ ਉੱਚ-ਜਾਤੀ ਸਮਾਜ ਵੱਲੋਂ ਖਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਕਈ ਥਾਵਾਂ ‘ਤੇ ਤਤਕਾਲੀ ਸਮਾਜ ਵਿਚ ਤਣਾਅ ਵੀ ਪੈਦਾ ਹੋ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁੱਟ ਹੋ ਗਏ ਸਨ। 1704 ਈ. ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ‘ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਦੀਨਾ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਵੱਲੋਂ ਲਿਖੇ ‘ਜ਼ਫ਼ਰਨਾਮੇ’ ਵਿਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ:

ਤੁਰਾ ਗਰ ਬਬਾਯਦ ਕਉਲਿ ਕੁਰਾਂ॥
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ॥ (ਜ਼ਫ਼ਰਨਾਮਾ)

ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ ‘ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨਾਉਣਾ ਕਾਰਾ ਸੀ। ਇਸਲਾਮ ਦੇ ਮਸ਼ਹੂਰ ਕਵੀ ਅਲਾਮਾ ਇਕਬਾਲ ਅਜਿਹੇ ਹਾਲਾਤ ਬਾਰੇ ਇਉਂ ਲਿਖਦੇ ਹਨ:

ਜ਼ਲਾਲੇ ਪਾਦਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ।
ਜ਼ੁਦਾ ਹੋ ਦੀਂ ਸੇ ਸਿਆਸਤ ਤੋ ਰਹਿ ਜਾਤੀ ਹੈ ਚੰਗੇਜ਼ੀ।

ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਦੁਨੀਆਂ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਇਹ ਇੱਕੋ ਘਟਨਾ ਹੋਈ ਜਦੋਂ ਮਰਦ-ਏ-ਮੈਦਾਨ, ਸ਼ਹਿਨਸ਼ਾਹ-ਏ-ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਜਿਥੇ ਜੰਗ ਦਾ ਸਾਜ਼-ਓ-ਸਾਮਾਨ ਤੀਰ, ਤਲਵਾਰ, ਢਾਲ, ਬਰਛਾ, ਛਵੀ ਆਦਿ ਸਨ, ਉਥੇ ਗੁਰਮਤਿ ਸੰਗੀਤ ਦੇ ਸਾਜ਼ ਸਿਰੰਦਾ, ਸਿਤਾਰ ਆਦਿ ਵੀ ਨਾਲ ਸਨ। 7 ਅਤੇ 8 ਪੋਹ ਦੀ ਰਾਤ ਦਾ ਸਮਾਂ ਅੰਮ੍ਰਿਤ ਵੇਲੇ ਢਾਈ ਵਜੇ ਦਾ ਹੋਇਆ। ਦੁਸ਼ਮਣਾਂ ਨੇ ਭਾਰੀ ਹਮਲਾ ਬੋਲਿਆ ਹੋਇਆ ਸੀ। ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ (ਜੈਤਾ ਜੀ), ਭਾਈ ਉਦੇ ਸਿੰਘ ਨੂੰ ਹੋਰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ। ਦੂਜੇ ਪਾਸੇ ਭਾਈ ਦਇਆ ਸਿੰਘ ਆਦਿ ਨੂੰ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ” ਅਨੁਸਾਰ ‘ਆਸਾ ਕੀ ਵਾਰ’ ਦਾ ਕੀਰਤਨ ਕਰਨ ਲਈ ਕਿਹਾ। ਅਜਿਹਾ ਕਾਰਜ ਕੇਵਲ ਤੇ ਕੇਵਲ ਦਸਮੇਸ਼ ਪਿਤਾ ਹੀ ਕਰ ਸਕਦੇ ਸਨ। ਜਦੋਂ ਅਜਿਹੇ ਅਤਿ ਬਿਖਮ, ਖ਼ਤਰੇ ਭਰਪੂਰ ਹਾਲਾਤ ਵਿਖੇ ਅਤੇ ਮੈਦਾਨ-ਏ-ਜੰਗ ਵਿਚ ਉਹ ਆਪਣਾ ਫ਼ਰਜ਼-ਏ-ਇਲਾਹੀ ਨਹੀਂ ਭੁੱਲੇ। ਦੁਨੀਆਂ ਦੇ ਇਤਿਹਾਸ ਵਿਚ ਇਹ ਇੱਕੋ-ਇੱਕ ਅਲੋਕਾਰੀ ਅਤੇ ਨਿਵੇਕਲੀ ਘਟਨਾ ਸੀ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਵਿਛੜ ਗਏ। ਇਸ ਸਥਾਨ ’ਤੇ ਅੱਜਕਲ੍ਹ ‘ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ’ ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ। ਉਪਰੰਤ ਸਰਸਾ ਪਾਰ ਕਰ ਕੇ ਗੁਰੂ ਜੀ ਨੇ ਇਕ ਦਿਨ ਰੋਪੜ ਦੇ ਕੋਲ ਨਿਹੰਗ ਖ਼ਾਨ ਦੀ ਗੜ੍ਹੀ ਵਿਚ ਬਿਤਾਇਆ। ਰਾਤ ਨੂੰ ਅੱਗੇ ਚਲ ਪਏ ਪਰ ਦੁਸ਼ਮਣ ਦੀਆਂ ਫੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਦਾਖ਼ਲ ਹੋ ਕੇ ਮੋਰਚਾਬੰਦੀ ਕਰ ਲਈ। ਉਨ੍ਹਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ 40 ਕੁ ਸਿੰਘ ਸਨ। ਦੁਸ਼ਮਣ ਦੀ ਦਸ ਲੱਖ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਮ ਤਕ ਗੁਰੂ ਜੀ ਕੋਲ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਆਪ ਵਾਰੋ-ਵਾਰੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਪੂਰੇ ਸ਼ਸਤਰ ਸਜਾ ਕੇ ਮੈਦਾਨ-ਏ-ਜੰਗ ਵਿਚ ਭੇਜਿਆ ਅਤੇ ਵੱਡੇ ਜੰਗਜੂ ਯੋਧਿਆਂ ਵਾਲੇ ਜ਼ੌਹਰ ਦਿਖਾਉਂਦਿਆਂ ਸਾਥੀ ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਬੜੀ ਸੂਰਮਗਤੀ ਨਾਲ ਉਨ੍ਹਾਂ ਦੇ ਸਾਹਮਣੇ ਲੜਦੇ ਹੋਏ ਸ਼ਹੀਦ ਹੋ ਗਏ।ਬਾਬਾ ਅਜੀਤ ਸਿੰਘ ਨੇ ਅਜੇ ਜਵਾਨੀ ਵਿਚ ਪੈਰ ਰੱਖਿਆ ਹੀ ਸੀ। ਬਾਬਾ ਜੁਝਾਰ ਸਿੰਘ ਤਾਂ ਅਜੇ ਕਿਸ਼ੋਰ ਅਵਸਥਾ ਵਿਚ ਸਨ। ਸਤਿਗੁਰੂ ਜੇਕਰ ਚਾਹੁੰਦੇ ਤਾਂ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਯਤਨ ਕਰ ਸਕਦੇ ਸਨ ਪਰੰਤੂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਦੁਨਿਆਵੀ ਲੋਕ ਆਪਣੇ ਨਿੱਜੀ ਸੁਆਰਥਾਂ ਦੀ ਖ਼ਾਤਰ ਸਾਰੇ ਅਸੂਲ, ਸਿਧਾਂਤ ਅਤੇ ਕੌਮੀ ਹਿੱਤਾਂ ਨੂੰ ਵੀ ਕੁਰਬਾਨ ਕਰਨ ਤੋਂ ਨਹੀਂ ਝਿਜਕਦੇ। ਅਜਿਹੇ ਲੋਕਾਂ ਨੂੰ ਇਤਿਹਾਸ ਵਿਚ ਘਿਰਣਾ ਦੀਆਂ ਨਜ਼ਰਾਂ ਨਾਲ ਹੀ ਵੇਖਿਆ ਜਾਂਦਾ ਹੈ। ਗੁਰੂ ਜੀ ਲਈ ਸਿੰਘਾਂ ਅਤੇ ਪੁੱਤਰਾਂ ਵਿਚਕਾਰ ਕੋਈ ਅੰਤਰ ਨਹੀਂ ਸੀ। ਸਤਿਗੁਰੂ ਵੱਲੋਂ ਮੈਦਾਨ-ਏ-ਜੰਗ ਵਿਚ ਜੂਝਦਿਆਂ ਸ਼ਹੀਦੀ ਪਾਉਣ ਲਈ ਕੀਤੀ ਤਿਆਰੀ ਅਤੇ ਸਤਿਗੁਰਾਂ ਵੱਲੋਂ ਰਹਿੰਦੇ ਮਹੱਤਵਪੂਰਨ ਪੰਥਕ ਕਾਰਜਾਂ ਦੀ ਪੂਰਤੀ ਨੂੰ ਮੁੱਖ ਰੱਖਦਿਆਂ ਪੰਜਾਂ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਸਤਿਗੁਰਾਂ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਲਈ ਕਿਹਾ ਗਿਆ। ਖਾਲਸੇ ਦਾ ਹੁਕਮ ਮੰਨਦਿਆਂ ਜਦੋਂ ਗੁਰੂ ਜੀ ਨੇ ਤਾੜੀ ਮਾਰ ਕੇ ਮੁਗ਼ਲਾਂ ਨੂੰ ਵੰਗਾਰ ਕੇ ਬਾਹਰ ਨੂੰ ਚਾਲੇ ਪਾਏ ਤਾਂ ਉਨ੍ਹਾਂ ਆਪਣੇ ਸਾਰੇ ਸ਼ਹੀਦ ਸਿੰਘਾਂ ਨੂੰ ਮੇਹਰ ਭਰੀ ਨਜ਼ਰ ਨਾਲ ਤੱਕਿਆ। ਉਨ੍ਹਾਂ ਦੀ ਨਜ਼ਰ ਵਿਚ ਸਾਹਿਬਜ਼ਾਦਿਆਂ ਅਤੇ ਸਿੰਘਾਂ ਵਿਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਸਾਹਮਣੇ ਚੋਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਫ਼ਰਮਾਨ ਸੀ:

ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥ (ਪੰਨਾ 648)

ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿਚ ਇਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿਚ ਦੋਵੇਂ ਫੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ‘ਤੇ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿਚ ਤਾਂ ਕੁਝ ਹੋਰ ਵੀ ਮਿਲਦੀਆਂ ਹਨ, ਪਰ ਬਾਕੀ ਕੌਮਾਂ ਦੇ ਇਤਿਹਾਸ ਵਿਚ ਸ਼ਾਇਦ ਨਹੀਂ ਦੇ ਬਰਾਬਰ ਹਨ। ਇਸ ਜੰਗ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਭੁੱਖੇ-ਭਾਣੇ 40 ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ‘ਤੇ 10 ਲੱਖ ਦਾ ਲਸ਼ਕਰ ਅਚਾਨਕ ਟੁੱਟ ਪਵੇ:

ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਿਆਯਦ ਬਰੋ ਬੇਖਬਰ॥ (ਜ਼ਫ਼ਰਨਾਮਾ)

ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ ਅਤੇ ਇਥੇ ਸਾਕਾ ਚਮਕੌਰ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਕੱਚੀ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਅਤੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸੁਸ਼ੋਭਿਤ ਹੈ।

ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ 9 ਦਸੰਬਰ, 1704 (10 ਪੋਹ ਸੰਮਤ 1761 ਬਿਕ੍ਰਮੀ) ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਗੰਗਾ ਰਾਮ ਦਸਮੇਸ਼ ਜੀ ਦੇ ਗ੍ਰਹਿ ਵਿਖੇ ਕਈ ਸਾਲਾਂ ਤੋਂ ਰਸੋਈਏ ਦੀ ਸੇਵਾ ਕਰਦਾ ਰਿਹਾ ਸੀ ਅਤੇ ਵਿਸ਼ਵਾਸਪਾਤਰ ਵੀ ਸੀ। ਅਸਲ ਵਿਚ ਇਕ ਲੰਮੇ ਸਮੇਂ ਤੀਕ ਪਰਿਵਾਰਕ ਮੈਂਬਰ ਅਤੇ ਪੂਰੇ ਵਿਸ਼ਵਾਸਪਾਤਰ ਵਜੋਂ ਵਿਚਰਨ ਵਾਲੇ ਮਨੁੱਖ ਵੱਲੋਂ ਧਨ ਦੀ ਖ਼ਾਤਰ ਬੇਈਮਾਨ ਹੋ ਜਾਣ ਦੀ ਘਟਨਾ ਕਾਰਨ ਹੀ ਗੰਗਾ ਰਾਮ ਨੂੰ ਗੰਗੂ ਕਹਿ ਕੇ ਨਫ਼ਰਤ ਨਾਲ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਉਹ ਬੇਵਫ਼ਾ, ਵਿਸ਼ਵਾਸਘਾਤੀ ਅਤੇ ਬੇਈਮਾਨ ਹੋ ਨਿਬੜਿਆ। ਇਕ ਵਿਸ਼ਵਾਸਪਾਤਰ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਦੁਖਾਂਤ ਨੂੰ ਹੋਰ ਗਹਿਰਾ ਅਤੇ ਦੁਖਦਾਇਕ ਬਣਾ ਦਿੰਦਾ ਹੈ। ਪਰੰਤੂ ਇਹ ਉਸ ਦਾ ਨਿੱਜੀ ਕਿਰਦਾਰ ਸੀ, ਇਸ ਨਿੰਦਣਯੋਗ ਕਾਰਵਾਈ ਕਾਰਨ ਸਾਰੀ ਬ੍ਰਾਹਮਣ ਜਾਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਸ ਰਾਤ ਉਨ੍ਹਾਂ ਨੂੰ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ। ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਨੂੰ ਪਾਸ ਕਰਨਾ ਪਿਆ ਹੋਵੇ। ਰਾਜ ਦੀ ਸਹਿਮ ਅਤੇ ਸਖ਼ਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਸੂਰਬੀਰਾਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ। ਜਿਸ ਦੇ ਨਤੀਜੇ ਵਜੋਂ ਬਾਅਦ ਵਿਚ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਥਾਈਂ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਬੱਚਿਆਂ ਨੂੰ ਦੀਨ-ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ‘ਅੱਲ੍ਹਾ ਯਾਰ ਖਾਂ ਜੋਗੀ’ ਦੇ ਸ਼ਬਦਾਂ ਵਿਚ:

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖੁਦਾ ਐਸੇ ਪਾਪ ਸੇ।

ਕਾਜ਼ੀ ਅਤੇ ਸ਼ੇਰ ਖ਼ਾਨ ਦੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਵੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਬਾਗ਼ੀ ਸਿੱਧ ਕੀਤਾ ਜਾਵੇ। ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ:

“ਹਮਰੇ ਵੰਸ ਰੀਤ ਇਮ ਆਈ।
ਪ੍ਰਾਣ ਜਾਏਂ ਪਰ ਧਰਮ ਨ ਜਾਈ।”

ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕਿਉਂਕਿ ਇਹ ਬਾਗ਼ੀ ਪਿਤਾ ਦੇ ਬਾਗ਼ੀ ਪੁੱਤਰ ਹਨ ਅਤੇ ਵੱਡੇ ਹੋ ਕੇ ਮੁਗ਼ਲੀਆ ਸਲਤਨਤ ਲਈ ਖ਼ਤਰਾ ਬਣ ਜਾਣਗੇ। ਸੁੱਚਾ ਨੰਦ ਦੀਆਂ ਉਕਸਾਊ ਦਲੀਲਾਂ ਸੁਣ ਕੇ ਵਜ਼ੀਰ ਖ਼ਾਨ ਨੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ। ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੋਂ ਉਲਟ ਦੋਹਾਂ ਬੱਚਿਆਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤਕ ਆਈ ਤਾਂ ਡਿੱਗ ਗਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਬੇਹੋਸ਼ ਹੋ ਗਏ ਸਨ।

ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਸਮਾਣਾ ਦੇ ਦੋ ਜਲਾਦਾਂ ਸ਼ਾਸ਼ਲ ਬੇਗ ਅਤੇ ਬਾਛਲ ਬੇਗ ਨੇ ਦੋਵਾਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ-ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨਾਨਕਸ਼ਾਹੀ ਕੈਲੰਡਰ ਅਨੁਸਾਰ 13 ਪੋਹ, ਸੰਮਤ ਨਾਨਕਸ਼ਾਹੀ 235 (12 ਦਸੰਬਰ 1704 ਈ.) ਨੂੰ ਹੋਈ। ਇਸ ਅਲੌਕਿਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿਚ ਪਾ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈਅ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ-ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ਦੱਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ, ਦੇਸ਼ ਅਤੇ ਕੌਮ ਦੀ ਸ਼ਾਨ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਉੱਚਾ ਚੁੱਕਿਆ ਅਤੇ ਖਾਲਸਾ ਪੰਥ ਨੂੰ ਲਾਸਾਨੀ ਅਤੇ ਇਤਿਹਾਸਕ ਫ਼ਤਹਿ ਦਿਵਾਈ। ਇਸ ਸ਼ਹੀਦੀ ਸਬੰਧੀ ਅਲਾਮਾ ਇਕਬਾਲ, ਮੁਗ਼ਲ ਤਾਨਾਸ਼ਾਹਾਂ ਅਤੇ ਦੀਨ-ਏ-ਮੁਹੰਮਦੀ ਦੇ ਠੇਕੇਦਾਰਾਂ ਨੂੰ ਇਉਂ ਫਿਟਕਾਰ ਪਾਉਂਦੇ ਲਿਖਦੇ ਹਨ:

ਕਤਲ-ਏ-ਮਾਸੂਮ ਕਰਤੇ ਹੋ ਔਰ ਇਸੇ ਇਨਸਾਫ-ਏ ਖੁਦਾ ਕਹਤੇ ਹੋ।
ਕਿਆ ਇਸੀ ਕੋ ਦੀਨ-ਏ-ਮੁਹੰਮਦ ਕਹਤੇ ਹੋ।

ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ ਪਰ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖਾਲਸੇ ਦੇ ਦਿਲਾਂ ਵਿਚ ਪ੍ਰਵੇਸ਼ ਕਰ ਚੁੱਕੀ ਸੀ। ਸ਼ਹੀਦੀ ਉਪਰੰਤ ਪ੍ਰਚੰਡ ਹੋਈ ਇਸ ਜੋਤੀ ਨੇ ਉੱਤਰੀ ਭਾਰਤ ਵਿਚ ਭਾਂਬੜ ਬਾਲ ਦਿੱਤੇ ਜਿਸ ਵਿਚ ਮੁਗ਼ਲੀਆ ਸਲਤਨਤ ਅੰਤ ਤਬਾਹ ਹੋ ਗਈ। ਇਸ ਜਗ੍ਹਾ ਉੱਤੇ ਅੱਜਕਲ੍ਹ ‘ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ’ ਸੁਸ਼ੋਭਿਤ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦਾ ਧਿਆਨ ਧਰਿਆ ਅਤੇ ਆਪਣੇ ਪ੍ਰਾਣ ਤਿਆਗ ਕੇ ਸ਼ਹੀਦੀ ਪਾ ਲਈ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ ਰਾਸ਼ਟਰੀ ਗੌਰਵ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨਾ ਕਾਂਗੜ ਦੀ ਧਰਤੀ ਤੋਂ ਲਿਖੇ ਅਤੇ ਭੇਜੇ ‘ਜ਼ਫ਼ਰਨਾਮੇ’ ਵਿਚ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫਨੀਅਰ ਨਾਗ ਹੈ:

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ॥

ਸਾਹਿਬਜ਼ਾਦਿਆਂ ਨੇ ਗੁਰੂ-ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਵਕਤ ਦੀ ਹੈਰਤਅੰਗੇਜ਼ੀ ਅਤੇ ਰਾਜ ਦੀ ਸ਼ਕਤੀ ਦੀ ਦਰਿੰਦਗੀ ਦੀ ਇੰਤਹਾ! ਸੂਬਾ ਸਰਹਿੰਦ ਨੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕਰਨ ਲਈ ਜਗ੍ਹਾ ਦੇਣ ਲਈ ਸ਼ਰਤ ਰੱਖ ਦਿੱਤੀ। ਜਿਸ ਅਨੁਸਾਰ ਸੂਬਾ ਸਰਹਿੰਦ ਦੇ ਅਹਿਮ ਅਹਿਲਕਾਰ ਪਰੰਤੂ ਗੁਰੂ-ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਧਨ ਇਕੱਠਾ ਕਰ ਕੇ ਖੜ੍ਹੀਆਂ ਅਸ਼ਰਫੀਆਂ ਰੱਖ ਕੇ ਸਸਕਾਰ ਲਈ ਜ਼ਮੀਨ ਖ਼ਰੀਦ ਕੇ ਤਿੰਨਾਂ ਸ਼ਹੀਦਾਂ ਦਾ ਸਸਕਾਰ ਕਰ ਦਿੱਤਾ। ਇਥੇ ਅੱਜਕਲ੍ਹ ‘ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ’ ਸੁਸ਼ੋਭਿਤ ਹੈ। ਕੁਝ ਸਮਾਂ ਬਾਅਦ ਬਾਦਸ਼ਾਹ ਫਰੁਖ਼ਸੀਅਰ ਨੂੰ ਜਦੋਂ ਦੀਵਾਨ ਟੋਡਰ ਮੱਲ ਦੀ ਕਾਰਵਾਈ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਕਿਹਾ ਕਿ ਇਹ ਦੀਵਾਨ ਮੁਗ਼ਲ ਰਾਜ ਦਾ ਵਫ਼ਾਦਾਰ ਨਹੀਂ ਬਣ ਸਕਿਆ ਸਗੋਂ ‘ਗੁਰੂ ਗੋਬਿੰਦ ਸਿੰਘ’ ਦਾ ਵਫ਼ਾਦਾਰ ਹੈ। ਬਾਦਸ਼ਾਹ ਦੇ ਹੁਕਮ ਅਨੁਸਾਰ ਦੀਵਾਨ ਟੋਡਰ ਮੱਲ ਨੂੰ ਵੀ ਸਮੇਤ ਪਰਵਾਰ ਕੋਹਲੂ ਥਾਈਂ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਬਿਨਾਂ ਸ਼ੱਕ ਦੀਵਾਨ ਟੋਡਰ ਮੱਲ ਪੰਥ ਦਾ ਅਨਮੋਲ ਹੀਰਾ ਸੀ, ਗੁਰੂ-ਘਰ ਦਾ ਅਨਿੰਨ ਸੇਵਕ ਸੀ, ਰੱਬ ਦਾ ਪਿਆਰਾ ਸੀ, ਹੱਕ ਅਤੇ ਸੱਚ ਦਾ ਪਹਿਰੇਦਾਰ ਸੀ। ਇਹ ਦੋਵੇਂ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਕੌਮ ਦੇ ‘ਪੰਥ ਰਤਨ’ ਹਨ। ਮੁਗ਼ਲ ਸਰਕਾਰ ਦੇ ਅਹਿਮ ਅਹਿਲਕਾਰ ਦੀਵਾਨ ਟੋਡਰ ਮੱਲ ਅਤੇ ਗੁਰੂ-ਘਰ ਦੇ ਰਸੋਈਏ ਗੰਗਾ ਰਾਮ ਦਾ ਕਿਰਦਾਰ ਸਮਝਣਯੋਗ ਹੈ। ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੋਹਾਂ ਨੇ, ਆਪਣੇ ਧਰਮ ਅਤੇ ਇਖ਼ਲਾਕ ਵਿਚ ਪਰਪੱਕ ਰਹਿੰਦਿਆਂ, ਸਮੇਤ ਪਰਵਾਰ ਜਾਨ ਅਤੇ ਜਹਾਨ ਕੁਰਬਾਨ ਕਰ ਦਿੱਤੇ ਪਰੰਤੂ ਗੰਗਾ ਰਾਮ ਨੇ ਜਹਾਨ ਵਿਚ ਜੀਵਨ ਦੀ ਖੁਸ਼ਹਾਲੀ ਹਿੱਤ ਧਨ ਦੀ ਖ਼ਾਤਰ ਧਰਮ ਅਤੇ ਇਖ਼ਲਾਕ ਕੁਰਬਾਨ ਕਰ ਦਿੱਤੇ। ਇਨ੍ਹਾਂ ਦੇ ਕਿਰਦਾਰ ਤੋਂ ਬਹੁਤ ਵੱਡਾ ਸਬਕ ਸਿੱਖਣਯੋਗ ਹੈ।

ਤਕਰੀਬਨ ਸਾਢੇ ਪੰਜ ਸਾਲ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ 12 ਮਈ, 1710 ਨੂੰ ਫਤਹਿ ਕੀਤਾ ਅਤੇ 14 ਮਈ ਨੂੰ ਬਾਬਾ ਬਾਜ ਸਿੰਘ ਅਤੇ ਬਾਬਾ ਆਲੀ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨੀਯਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ 9 ਜੂਨ 1716 ਨੂੰ ਸ਼ਹੀਦੀ ਪਾ ਜਾਣ ਉਪਰੰਤ ਸਰਹਿੰਦ ਮੁੜ ਮੁਗ਼ਲਾਂ ਦੇ ਕਬਜ਼ੇ ਹੇਠ ਆ ਗਿਆ। 1 ਜਨਵਰੀ, 1764 ਵਿਚ ਸਿੱਖ ਮਿਸਲਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਸਰਹਿੰਦ ਨੂੰ ਫਤਹਿ ਕੀਤਾ। ਇਸ ਲੜਾਈ ਵਿਚ ਸੂਬੇਦਾਰ ਜੈਨ ਖਾਨ ਮਾਰਿਆ ਗਿਆ। ਨਾਲ ਹੀ ਉਸ ਦੇ ਦੋਵੇਂ ਜਰਨੈਲ ਸੈਦ ਖਾਂ ਅਤੇ ਯਾਰ ਮੁਹੰਮਦ ਖ਼ਾਂ ਵੀ ਮਾਰੇ ਗਏ। ਅਫ਼ਗਾਨ ਫੌਜਾਂ ਹਾਰ ਖਾ ਕੇ ਭੱਜ ਨਿਕਲੀਆਂ। ਇਸ ਉਪਰੰਤ ਸਿੰਘ ਫੌਜਾਂ ਨੇ ਸਰਹਿੰਦ ਦਾ ਕਿਲ੍ਹਾ, ਜੋ ਮੁਗ਼ਲ ਰਾਜ ਸ਼ਕਤੀ ਦਾ ਚਿੰਨ੍ਹ ਸੀ, ਨੂੰ ਮਿੱਟੀ ਵਿਚ ਮਿਲਾ ਕੇ ਉਥੇ ਖੋਤਿਆਂ ਨਾਲ ਹਲ ਚਲਾਇਆ ਗਿਆ। ਸਿੰਘਾਂ ਨੇ “ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ” ਅਨੁਸਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਲੈ ਕੇ ਦਰਿੰਦਿਆਂ ਨਾਲ ਹਿਸਾਬ ਚੁਕਤਾ ਕੀਤਾ ਅਤੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਖਾਲਸਾ ਪੰਥ ਅਤੇ ਦੇਸ਼ ਵਾਸੀ ਉਨ੍ਹਾਂ ਮਹਾਨ ਆਤਮਾਵਾਂ-ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਾਕੇ ਦੀ ਸਾਲਾਨਾ ਯਾਦ ਸਤਿਕਾਰ ਅਤੇ ਪੂਰਨ ਸ਼ਰਧਾ ਸਹਿਤ ਹਰ ਸਾਲ ਮਨਾਉਂਦੇ ਹਨ। ਹਰ ਰੋਜ਼ ਸੈਂਕੜੇ ਅਤੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ-ਮੇਲੇ ਸਮੇਂ ਲੱਖਾਂ ਸ਼ਰਧਾਲੂ ਦੇਸ਼-ਪ੍ਰਦੇਸ ਅਤੇ ਵਿਦੇਸ਼ ਤੋਂ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਆਉਂਦੇ ਹਨ। ਉਨ੍ਹਾਂ ਮਹਾਨ ਹਸਤੀਆਂ ਦੇ ਚਰਨਾਂ ਵਿਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਨ੍ਹਾਂ ਦੀ ਮਹਾਨਤਾ ਨੂੰ ਸਮਝੀਏ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ‘ਤੇ ਪਹਿਰਾ ਦੇਣ ਦਾ ਪ੍ਰਣ ਕਰੀਏ। ਉਨ੍ਹਾਂ ਨੇ ਜਿਸ ਤਰ੍ਹਾਂ ਦੇ ਸਮਾਜ ਦੀ ਉਸਾਰੀ ਕਰਨ ਲਈ ਲੜਦਿਆਂ ਸ਼ਹੀਦੀ ਪਾਈ ਅਤੇ ਆਪਣੇ-ਆਪ ਨੂੰ ਕੰਧਾਂ ਵਿਚ ਚਿਣਵਾਇਆ, ਉਸ ਸਮਾਜ ਦੀ ਸਥਾਪਤੀ ਲਈ ਹਰ ਸੰਭਵ ਯਤਨ ਕਰੀਏ। ਸਾਨੂੰ ਆਪਣੇ ਸਮਾਜ ਵਿੱਚੋਂ ਨਿੱਜ-ਪ੍ਰਸਤੀ, ਕੁਨਬਾ-ਪਰਵਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਖ਼ਤ ਲੋੜ ਹੈ। ਪਤਿਤਪੁਣਾ, ਮਾਦਾ ਭਰੂਣ ਹੱਤਿਆ, ਨਸ਼ਾਖੋਰੀ, ਅਸ਼ਲੀਲਤਾ, ਨੰਗੇਜ਼ਵਾਦ ਅਤੇ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਉਖਾੜ ਦੇਣਾ ਚਾਹੀਦਾ ਹੈ। ਖੰਡੇ- ਬਾਟੇ ਦੀ ਪਾਹੁਲ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।

ਚਾਰੇ ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹੀਦੀ ਨੂੰ ਯਾਦ ਕਰਦਿਆਂ ਜਦੋਂ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਅੰਦਰ ਆ ਚੁੱਕੇ ਘੋਰ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਅਸੀਂ ਸੋਚਾਂਗੇ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ? ਸਤਿਗੁਰੂ ਨੇ ਆਪਣੇ ਲਖਤ-ਏ-ਜਿਗਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਸਿੱਖ ਕੌਮ ਨੂੰ ਜ਼ਿੰਦਗੀ ਬਖਸ਼ੀ ਸੀ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਭਾਰਤ ਦਾ ਸੀਸ, ਧਰਮ, ਅਣਖ, ਗੌਰਵ ਅਤੇ ਸਭਿਆਚਾਰ ਨੂੰ ਬਚਾਇਆ ਅਤੇ ਸਰਹਿੰਦ ਨੂੰ ਸੱਚਮੁੱਚ ਹੀ ਹਿੰਦ ਦਾ ਸਿਰ ਬਣਾ ਦਿੱਤਾ। ਪਰੰਤੂ ਅਸੀਂ ਕੌਮ ਨੂੰ ਤਬਾਹੀ ਦੇ ਦਹਾਨੇ ਵੱਲ ਧੱਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁਖ-ਆਰਾਮ ਅਤੇ ਵਕਤੀ ਸ਼ਾਨੋ-ਸ਼ੌਕਤ ਲਈ ਤੱਤਪਰ ਹਾਂ। ਉਹ ਕੌਮਾਂ ਦੁਨੀਆਂ ਦੇ ਤਖ਼ਤੇ ਤੋਂ ਮਿਟ ਗਈਆਂ, ਜਿਨ੍ਹਾਂ ਨੇ ਖ਼ੁਦਗ਼ਰਜ਼ੀ ਕਾਰਨ ਆਪਣੇ ਧਾਰਮਿਕ ਸਿਧਾਂਤ, ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆਂ ਕਰ ਕੇ ਆਪਣੀਆਂ ਕੂੜੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਿਚ ਹੀ ਗ਼ਲਤਾਨ ਹੋ ਗਈਆਂ। ਸਾਨੂੰ ਇਸ ਖ਼ਤਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਵਰਨਾ ਸਰਬਨਾਸ਼ ਯਕੀਨੀ ਹੈ। ਆਓ, ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦਾ ਯਤਨ ਕਰੀਏ ਅਣਖ ਅਤੇ ‘ਆਪਨਾ ਬਿਗਾਰ ਵਰਾਨਾ ਸਾਂਢੈ’ ਦੇ ਸਿਧਾਂਤ ਉੱਤੇ ਪਹਿਰਾ ਦੇਈਏ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਇਸ ਕਾਰਜ ਵਿਚ ਤਨੋਂ-ਮਨੋਂ ਆਪੋ-ਆਪਣਾ ਯੋਗਦਾਨ ਪਾਈਏ ਅਤੇ ਆਪਣਾ ਜਨਮ ਸਕਾਰਥਾ ਕਰੀਏ ਅਤੇ ਆਪਣੇ ਦੇਸ਼ ਅਤੇ ਕੌਮ ਦੇ ਗੌਰਵ, ਅਣਖ ਅਤੇ ਸ਼ਾਨ ਨੂੰ ਉੱਚਾ ਤੇ ਰੌਸ਼ਨ ਕਰੀਏ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)