ਅੱਜਕਲ੍ਹ ਸਵੇਰ ਤੇ ਸ਼ਾਮ ਦੇ ਤੁਰਨ-ਫਿਰਨ ਨੂੰ ਸੈਰ ਆਖਦੇ ਨੇ। ਪੜ੍ਹਿਆ ਅਨਪੜ੍ਹਿਆ, ਸਾਰੇ ਸੈਰ ਕਰਦੇ ਨੇ ਤੇ ਇਸ ਨੂੰ ਤੰਦਰੁਸਤੀ ਲਈ ਲਾਭਦਾਇਕ ਸਮਝਦੇ ਹਨ। ਵੰਨ-ਸੁਵੰਨੇ ਕੱਪੜੇ ਤੇ ਨਾ-ਢੁਕਵੇਂ ਫੈਸ਼ਨ ਬਣਾ ਕੇ ਟੋਲਿਆਂ ਦੇ ਟੋਲੇ ਪਏ ਫਿਰਦੇ ਨੇ, ਭਈ! ਅਸੀਂ ਸੈਰ ਕਰਦੇ ਹਾਂ। ਨਿੱਕੇ-ਨਿੱਕੇ ਬੱਚੇ ਨਾਲ ਹਨ, ਜਿਨ੍ਹਾਂ ਨੂੰ ਅਜੇ ਭਲਾਈ-ਬੁਰਾਈ ਦਾ ਕੋਈ ਖ਼ਿਆਲ ਹੀ ਨਹੀਂ। ਜਿੱਥੇ ਸੈਰ ਲਈ ਜਾਣਾ ਹੈ, ਉਥੇ ਸੜੇ-ਗਲੇ ਆਲੂ-ਛੋਲੇ ਵੇਚਣ ਲਈ ਛਾਬੜੀਆਂ ਵਾਲੇ ਖਲੋਤੇ ਹਨ। ਸੈਰ ਕਰਨ ਵਾਲੇ ਸੈਰ ਵਾਲੀ ਥਾਂ ਪਹੁੰਚ ਗਏ। ਭਾਵੇਂ ਮਾਲੀ ਨੇ ਕਈ ਪ੍ਰਕਾਰ ਦੇ ਫੁੱਲ ਲਾ ਰੱਖੇ ਸਨ, ਪਰ ਨਿੱਕੇ ਬੱਚਿਆਂ ਨੇ ਤੁਰਤ-ਫੁਰਤ ਮਧੋਲ ਕੇ ਰੱਖ ਦਿੱਤੇ। ਮਾਲੀ ਦੀ ਹਾਲ-ਦੁਹਾਈ ਦੀ ਕਿਸੇ ਨੇ ਪਰਵਾਹ ਹੀ ਨਾ ਕੀਤੀ। ਬਾਲਾਂ ਦੇ ਮਾਂ-ਪਿਓ ਅਖਵਾਉਣ ਵਾਲਿਆਂ ਨੇ ਲੇਟ-ਲੇਟ ਕੇ ਕੁਦਰਤੀ ਸੁੰਦਰਤਾ ਨੂੰ ਵਲੂੰਧਰ ਕੇ ਰੱਖ ਦਿੱਤਾ, ਮਖ਼ਮਲੀ ਫਰਸ਼ ’ਤੇ ਥੁੱਕ-ਥੁੱਕ ਕੇ ਪਲੀਤ ਕਰ ਦਿੱਤਾ; ਜੇ ਕਿਸੇ ਰੋਕਿਆ ਤਾਂ ਗਲ਼ ਪੈਣ ਲਈ ਤਿਆਰ ਹੋ ਗਏ। ਮਾਂ-ਪਿਓ ਨੂੰ ਸੁੰਦਰਤਾ ਮਧੋਲਦਿਆਂ ਦੇਖ ਕੇ ਬੱਚੇ ਵੀ ਨਕਲ ਕਰਨ ਲੱਗ ਪਏ। ਉਨ੍ਹਾਂ ਨੇ ਰੰਗ-ਬਿਰੰਗੇ ਤੇ ਸੁਹਜ-ਸੁਹੱਪਣ ਭਰੇ ਫੁੱਲਾਂ ਨੂੰ ਤੋੜ-ਮਰੋੜ ਚਕਨਾਚੂਰ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾ ਚਿਰ ਇਹ ਦੁਨੀਆਂਦਾਰ ਬੰਦਿਆਂ ਦਾ ਟੋਲਾ ਬਾਗ਼ ’ਚ ਰਿਹਾ, ਇਨ੍ਹਾਂ ਨੇ ਕਿਆਮਤ ਵਰਤਾ ਦਿੱਤੀ, ਸੁੰਦਰਤਾ ਨੂੰ ਰੋਲ਼ਿਆ, ਨਜ਼ਾਰਿਆਂ ਨੂੰ ਮਲੀਆਮੇਟ ਕੀਤਾ, ਰੌਣਕਾਂ ਨੂੰ ਰੁਆਇਆ ਤੇ ਬਹਾਰ ਨੂੰ ਖਿਜ਼ਾਂ ਵਿਚ ਬਦਲ ਕੇ ਖੁਸ਼ੀ ਕੀਤੀ ਕਿ ਅਸੀਂ ਸੈਰ ਕਰ ਕੇ ਆਏ ਹਾਂ; ਅਸਾਂ ਇਹ ਨਹੀਂ ਸਮਝਿਆ ਕਿ ਅਸੀਂ ਭਾਰੀ ਪਾਪ ਕਰ ਕੇ ਆਏ ਹਾਂ। ਲਹਿਰਾਂ ਖਾਂਦੀਆਂ ਲਗਰਾਂ ਨੂੰ, ਸ਼ਾਖਾਂ ’ਤੇ ਝੂਮਦੇ ਫੁੱਲਾਂ ਨੂੰ, ਟਹਿ-ਟਹਿ ਕਰਦੇ ਸ਼ਗੂਫ਼ਿਆਂ ਨੂੰ ਮਲੀਆਮੇਟ ਕਰ ਕੇ, ਫੁੱਲੇ ਨਾ ਸਮਾਏ ਕਿ ਅਸੀਂ ਸੈਰ ਕੀਤੀ ਹੈ। ਇਸ ਦੁਨੀਆਂ ਦੀ ਸੈਰ ਦਾ ਮਿਆਰ ਬੜਾ ਨੀਵਾਂ ਤੇ ਕੋਝਾ ਹੈ ਕਿਉਂਕਿ ਦੁਨਿਆਵੀ ਮਨ ਉੱਚੇ ਨਿਸ਼ਾਨਿਆਂ ਦਾ ਚਾਹਵਾਨ ਨਹੀਂ ਹੁੰਦਾ, ਸਗੋਂ ਪਸਤੀ ਵੱਲ ਵਧੇਰੇ ਝੁਕਦਾ ਏ ਤੇ ਦਿਨੋ-ਦਿਨ ਨਿੱਘਰਦਾ ਜਾਂਦਾ ਏ।
ਇਸ ਧਰਤੀ ’ਤੇ ਇਕ ਸੁਧਰਿਆ ਹੋਇਆ ਮਨ ਵੀ ਸੈਰ ਕਰਨ ਨਿਕਲਦਾ ਹੈ। ਉਹ ਸੁੰਦਰਤਾ ਦਾ ਵੈਰੀ ਨਹੀਂ ਹੁੰਦਾ, ਸਗੋਂ ਸੱਜਣ ਸੁੰਦਰਤਾ ਵਿਚ ਸੁੰਦਰ ਪ੍ਰੀਤਮ ਨੂੰ ਵੇਖ ਕੇ ਸਵਾਦ ਮਾਣਦਾ ਤੇ ਸੁੰਦਰਤਾ ਨੂੰ ਸਤਿਕਾਰਦਾ ਏ। ਐਸਾ ਉਚੇਰਾ ਮਨੁੱਖ ਬਾਗ਼ ਵਿਚ ਪੁੱਜਾ ਤੇ ਬਾਗ਼ ਦੀ ਰਮਣੀਕ ਵੱਸੋਂ ਨੂੰ ਦੇਖ ਕੇ ਕਿਸੇ ਦੇ ਧਿਆਨ ’ਚ ਲੀਨ ਹੋ ਗਿਆ। ਉਸ ਨੂੰ ਕਈ ਪ੍ਰਕਾਰ ਦੀਆਂ ਰੰਗ-ਬਿਰੰਗੀਆਂ ਬੋਲੀਆਂ ਸੁਣਾਈ ਦਿੱਤੀਆਂ। ਕਈ ਤਰਾਨੇ ਉਸ ਦੇ ਕੰਨਾਂ ਤਕ ਪੁੱਜੇ। ਕਈ ਨਗਮੇ ਸੁਣਨ ਵਿਚ ਆਏ। ਕਈ ਨਾਤਾਂ ਤੇ ਠੁਮਰੀਆਂ ਨੇ ਉਸ ਨੂੰ ਮਸਤੀ ਦਿੱਤੀ, ਜਿਸ ਵਿਚ ਉਹ ਵਿਸਮਾਦ ਹੋਇਆ, ਵਿਸਮਾਦੀ ਦੇ ਵਿਸਮਾਦ ਦੇਖੇ ਤੇ ਇਕ ਅਨੋਖਾ ਜੀਵਨ-ਰਸ ਮਾਣਿਆ। ਕਿਸੇ ਪਾਸੇ ਪਾਣੀ ਦੇ ਝਰਨਿਆਂ ਦਾ ਸੰਗੀਤ ਸੀ, ਕਿਸੇ ਪਾਸੇ ਹਵਾ ਨਾਲ ਹਿੱਲਦੀਆਂ ਟਹਿਣੀਆਂ ਦਾ ਅਲਾਪ ਸੀ ਤੇ ਕਿਸੇ ਪਾਸੇ ਭੌਰਿਆਂ ਦੀ ਗੁੰਜਾਰ ਨੇ ਰੰਗ ਬੱਧੇ ਹੋਏ ਸਨ। ਰਸਕ ਬੈਰਾਗੀ ਦੇ ਮਨ ਨੇ ਸਭ ਦਾ ਰੰਗ ਮਾਣਿਆ ਤੇ ਖੇੜੇ ’ਚ ਖਿੜਿਆ ਕਿਸੇ ਤੇਜ਼ ਜਿਹੇ ਹਵਾ ਦੇ ਹੁਲਾਰੇ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਜਿਸ ਕਰਕੇ ਉਸ ਨੇ ਬਾਗ਼ ਦੀ ਰੌਣਕ ਨੂੰ ਪ੍ਰਤੱਖ ਰੂਪ ਵਿਚ ਦੇਖਿਆ। ਦੇਖਦੇ ਸਾਰ ਸੋਚਾਂ ਵਿਚ ਪੈ ਗਿਆ ਕਿ ਭੌਰਾ ਸਾਰੇ ਫੁੱਲਾਂ ਨੂੰ ਆਪਣਾ ਰਾਗ ਸੁਣਾ ਕੇ ਪ੍ਰਸੰਨਤਾ ਪ੍ਰਾਪਤ ਕਰ ਰਿਹਾ ਹੈ, ਪਰ ਇਹ ਚੰਪਾ ਦੇ ਫੁੱਲ ’ਤੇ ਕਿਉਂ ਨਹੀਂ ਬੈਠਦਾ? ਇਸ ਨੂੰ ਨੀਚ ਤੇ ਨਿਮਾਣੀ ਕਿਉਂ ਸਮਝਦਾ ਏ? ਕੀ ਚੰਪਾ ਸੱਚੀ-ਮੁੱਚੀ ਨਿਕਰਮਣ ਹੈ? ਸੋਚਾਂ-ਸੋਚਦੇ ਚੰਪਾ ਦੇ ਕੋਲ ਜਾ ਬੈਠਾ ਤੇ ਉਸ ਦੀ ਟਹਿਣੀ ਫੜ ਕੇ ਆਪਣੇ ਗਲ ਨਾਲ ਲਾ ਲਈ ਤੇ ਹਮਦਰਦੀ ਵਜੋਂ ਬੋਲਿਆ:
ਚੰਪਾ! ਤੁਝ ਮੇਂ ਤੀਨ ਗੁਨ, ਰੂਪ, ਰੰਗ ਅਰ ਬਾਸ।
ਇਹ ਅਵਗੁਨ ਕੀ ਤੁਝ ਬਿਖੇ, ਜੋ ਭਵਰ ਨ ਬੈਠੇ ਪਾਸ।
ਭਾਵ ਹੇ ਚੰਪਾ! ਤੇਰੇ ਵਿਚ ਤਿੰਨ ਗੁਣ ਬੜੇ ਉੱਚੇ-ਸੁੱਚੇ ਹਨ। ਤੇਰਾ ਰੂਪ ਚੰਗਾ ਏ, ਤੇਰਾ ਰੰਗ ਚੰਗਾ ਏ, ਤੇਰੇ ਵਿਚ ਖੁਸ਼ਬੂ ਵੀ ਹੈ, ਪਰ ਤੇਰੇ ’ਤੇ ਭੌਰਾ ਕਿਉਂ ਨਹੀਂ ਬੈਠਦਾ? ਇਹ ਤੈਨੂੰ ਕਿਉਂ ਕਲੰਕਣ ਸਮਝਦਾ ਏ? ਇਸ ਨੇ ਤੇਰੇ ਵਿਚ ਕੀ ਘਾਟ ਦੇਖੀ, ਜਿਸ ਕਰਕੇ ਤੈਨੂੰ ਆਪਣੇ ਸੁਰੀਲੇ ਸੰਗੀਤ ਨਾਲ ਨਹੀਂ ਨਿਵਾਜਦਾ? ਚੰਪਾ ਹੱਸੀ ਤੇ ਕਹਿਣ ਲੱਗੀ ਕਿ ਹੇ ਦਰਵੇਸ਼! ਉਲਟ ਨਾ ਸਮਝ। ਭੌਰਾ ਤਾਂ ਮੇਰੇ ’ਤੇ ਬੈਠਣਾ ਚਾਹੁੰਦਾ ਹੈ, ਪਰ ਮੈਂ ਉਸ ਪੀਲੇ ਮੂੰਹ ਤੇ ਕਾਲੇ ਤਨ ਵਾਲੇ ਨੂੰ ਨਹੀਂ ਬੈਠਣ ਦਿੰਦੀ। ਤੂੰ ਕਦੇ ਗ਼ੌਰ ਨਾਲ ਨਹੀਂ ਦੇਖਿਆ ਕਿ ਇਸ ਦਾ ਮੂੰਹ ਪੀਲਾ ਤੇ ਤਨ ਕਾਲਾ ਹੈ, ਕਦੇ ਸੋਚਿਐ ਕਿ ਇਹ ਕਿਉਂ ਹੈ? ਜੇ ਨਹੀਂ ਪਤਾ ਤਾਂ ਆ ਮੈਂ ਦੱਸਾਂ! ਇਹ ਭੌਰਾ ਹਰਜਾਈ ਹੈ। ਜਿੱਥੇ ਬੈਠੇ ਓਸੇ ਜੋਗਾ ਹੋ ਜਾਂਦਾ ਏ। ਦੂਜਿਆਂ ਨੂੰ ਚੇਤੇ ਵਿੱਚੋਂ ਭੁਲਾ ਹੀ ਦਿੰਦਾ ਏ। ਇਕ ਜਗ੍ਹਾ ਪ੍ਰੀਤ ਪਾ ਕੇ ਪਾਲਦਾ ਨਹੀਂ, ਸਗੋਂ ਥਾਂ-ਥਾਂ ਪ੍ਰੀਤਾਂ ਪਾਉਣ ਦਾ ਆਦੀ ਏ। ਜੇ ਗੇਂਦੇ ’ਤੇ ਬੈਠੇ ਤਾਂ ਗੁਲਾਬ ਨੂੰ ਭੁਲਾ ਛੱਡਦਾ ਏ; ਜੇ ਗੁਲਾਬ ’ਤੇ ਬਹਿ ਜਾਏ ਤਾਂ ਗੇਂਦੇ ਨੂੰ ਭੁੱਲ ਜਾਂਦਾ ਏ। ਇਸ ਦੀ ਇੱਕ ਨਾਲ ਪ੍ਰੀਤ ਨਹੀਂ, ਸਗੋਂ ਚੁਫੇਰ-ਗੜ੍ਹੀਆ ਹੋਣ ਕਰਕੇ ਕਲੰਕੀ ਹੈ। ਲੋਕਾਂ ਦੀਆਂ ਫਿਟਕਾਰਾਂ ਤੇ ਲਾਨ੍ਹਤਾਂ ਨਾਲ ਇਹਦਾ ਮੂੰਹ ਪੀਲਾ ਤੇ ਤਨ ਕਾਲਾ ਹੋ ਗਿਆ ਹੈ। ਮੈਂ ਪਾਕ ਦਾਮਨ ਕਲੀ ਹਾਂ, ਇਸ ਲਈ ਇਸ ਕਲੰਕੀ ਨੂੰ ਆਪਣੇ ਵਿਹੜੇ ਨਹੀਂ ਵੜਨ ਦਿੰਦੀ।
ਦਰਵੇਸ਼ ਨੇ ਆਖਿਆ, “ਹੇ ਚੰਪਾ! ਕਵੀ ਲੋਕ ਭੌਰੇ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ, ਪਰ ਤੂੰ ਇਸ ਨੂੰ ਕਲੰਕੀ ਸਮਝਨੀ ਏਂ।”
ਐ ਚੰਪਾ! ਭੌਰਾ ਤਾਂ ਆਪਣੇ ਆਪ ਨੂੰ ਕਿਸੇ ਦੇ ਬਿਰਹੋਂ ਦਾ ਕੁੱਠਾ ਦੱਸਦਾ ਏ, ਪਰ ਤੂੰ ਉਸ ਨੂੰ ਕਲੰਕੀ ਆਖਦੀ ਏਂ। ਉਹ ਤਾਂ ਬੜਾ ਉੱਚਾ ਜਾ ਕੇ ਬੋਲਿਆ ਹੈ ਕਿ ਜੋ ਕਿਸੇ ਦੇ ਵਿਜੋਗ ਵਿਚ ਦੁਖੀ ਹੁੰਦੇ ਨੇ, ਉਨ੍ਹਾਂ ਦੇ ਮੂੰਹ ਪੀਲੇ ਹੀ ਹੁੰਦੇ ਹਨ। ਉਹ ਦਿਨ-ਰਾਤ, ਚੁੱਪ-ਚੁਪੀਤੇ ਆਪਣੇ ਪਿਆਰੇ ਦੇ ਧਿਆਨ ਵਿਚ ਜੁੜੇ ਰਹਿੰਦੇ ਹਨ। ਉਨ੍ਹਾਂ ਦੇ ਦਿਲ ਦੀ ਯਾਦ ਹਮੇਸ਼ਾਂ ਤਾਜ਼ਾ ਤੇ ਖਿੜਾਓ ’ਚ ਹੁੰਦੀ ਏ। ਤਦੇ ਤਾਂ ਕਿਸੇ ਨੇ ਆਖਿਆ ਹੈ ਕਿ :
ਜਿਨਹੋਂ ਕਾ ਇਸ਼ਕ ਸਾਦਕ ਹੈ, ਵੁਹ ਕਬ ਫ਼ਰਿਆਦ ਕਰਤੇ ਹੈਂ?
ਲਬੋਂ ਪੇ ਮੋਹਰੇ ਖ਼ਾਮੋਸ਼ੀ, ਦਿਲੋਂ ਮੇਂ ਯਾਦ ਕਰਤੇ ਹੈਂ।
ਏਡੀਆਂ ਉੱਚੀਆਂ ਰਮਜ਼ਾਂ ਦੇ ਮਾਲਕ ਭੌਰੇ ਨੂੰ ਤੂੰ ਕਲੰਕੀ ਕਿਉਂ ਸਮਝਨੀ ਏਂ? ਉਹ ਤਾਂ ਫੁੱਲਾਂ ਦਾ ਸ਼ਿੰਗਾਰ ਤੇ ਸੁਹਜ-ਸੁਹੱਪਣ ਹੈ। ਉਸ ਤੋਂ ਬਿਨਾਂ ਬਾਗ਼ਾਂ ਦੀ ਰੌਣਕ ਵੀ ਫਿੱਕੀ ਤੇ ਕੋਝੀ ਹੈ, ਉਹੋ ਹੀ ਤਾਂ ਲਟਬੋਰਾ ਜਿਹਾ ਹੋ ਕੇ, ਸਾਰਾ-ਸਾਰਾ ਦਿਨ ਫੁੱਲਾਂ ਗਿਰਦੇ ਲੋਟਣੀਆਂ ਲੈਂਦਾ ਰਹਿੰਦਾ ਏ। ਦਿਲ-ਚੀਰਵੀਆਂ ਮੀਂਡਾਂ ਨਾਲ ਮਨਮੋਹਣੇ ਰਾਗ ਅਲਾਪਦਾ ਨਹੀਂ ਥੱਕਦਾ। ਪਰ ਤੇਰੀ ਉਸ ਨਾਲ ਕਿਉਂ ਨਹੀਂ ਬਣਦੀ, ਤੂੰ ਉਸ ਨਾਲ ਕਿਉਂ ਗੁੱਸੇ ਹੈਂ? ਦਰਵੇਸ਼ ਦੀਆਂ ਗੱਲਾਂ ਸੁਣ ਕੇ ਚੰਪਾ ਨੇ ਹੌਕਾ ਜਿਹਾ ਭਰ ਕੇ ਆਖਿਆ:
ਸਾਜਨ ਮੁਝ ਮੇਂ ਤੀਨ ਗੁਨ, ਰੂਪ, ਰੰਗ ਔਰ ਬਾਸ,
ਜਗਹ ਜਗਹ ਕੇ ਮੀਤ ਕੋ, ਕਉਨ ਬਿਠਾਵੈ ਪਾਸ?
ਚੰਪਾ ਦੀ ਗੱਲ ਸੁਣ ਕੇ, ਸੈਰ ਕਰਨ ਗਏ, ਦਰਵੇਸ਼ ਦੀਆਂ ਅੱਖਾਂ ਖੁੱਲ੍ਹ ਗਈਆਂ। ਕਿਸੇ ਉੱਚੀ ਦੁਨੀਆਂ ਦੇ ਜੀਵਨ ਦੀ ਝਲਕ ਵੱਜੀ, ਜਿਸ ਨੇ ਮਨ ਨੂੰ ਹਲੂਣਿਆ। ਕਿਸੇ ਹੁਲਾਸ ਦੇ ਹੁਲਾਰੇ ਵਿਚ ਮੂੰਹੋਂ ਨਿਕਲ ਗਿਆ:
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ॥ (ਪੰਨਾ 1365)
ਇੱਕ ਦੀ ਪ੍ਰੀਤ, ਇੱਕ ਵਿਚ ਲੀਨ ਕਰ ਦਿੰਦੀ ਏ। ਥਾਂ-ਥਾਂ ਦੀ ਪ੍ਰੀਤ ਕਲੰਕੀ ਬਣਾ ਕੇ ਰੱਖ ਦਿੰਦੀ ਹੈ। ਭਾਵੇਂ “ਏਕ ਟੇਕ ਏਕੋ ਆਧਾਰੁ” ਵਿਚ ਮੁਸ਼ਕਲਾਂ ਬਹੁਤ ਹਨ, ਪਰ ਇੱਕ ਦੀ ਪ੍ਰੀਤ ਹੀ ਚਮਕ ਤੇ ਹੁਸਨ ਹੈ। ਜਿਨ੍ਹਾਂ ਨੇ ਇੱਕ ਦੀ ਪ੍ਰੀਤ-ਰੀਤ ਪਾਲ਼ੀ ਹੈ, ਉਨ੍ਹਾਂ ਵਿੱਚੋਂ ਇਕ ਸ਼ਮਸ ਤਬਰੇਜ਼ ਸੂਫ਼ੀ ਫ਼ਕੀਰ ਵੀ ਹਨ। ਆਪ ਦੇ ਪਾਸ ਇਕ ਹਾਜੀਆਂ ਦੇ ਟੋਲੇ ਨੇ ਆ ਕੇ ਸ਼ਿਕਾਇਤ ਕੀਤੀ ਕਿ ਤੁਸੀਂ ਹੱਜ ਕਿਉਂ ਨਹੀਂ ਕਰਦੇ? ਸ਼ਮਸ ਜਾਣਦਾ ਸੀ ਕਿ ਹਾਜੀ ਲੋਕ ਮੱਕੇ ਸ਼ਰੀਫ਼ ਜਾ ਕੇ ਇਕ ਕਾਲੇ ਪੱਥਰ (ਜਿਸ ਨੂੰ ਸੰਗ-ਏ-ਅਸਵਦ ਆਖਦੇ ਨੇ) ਨੂੰ ਚੁੰਮਦੇ ਹਨ। ਇਸ ਹਕੀਕਤ ਨੂੰ ਜਾਣਨ ਵਾਲਾ ਸ਼ਮਸ ਬੋਲਿਆ:
ਤਵਾਫਿ ਹਾਜੀਆ ਦਾਰੰਮ, ਬਗਿਰਦੇ ਯਾਰ ਮੇਂ ਗਰਦੰਮ।
ਨਹ ਇਖ਼ਲਾਕਿ, ਸਗਾਂ ਦਾਰੰਮ, ਕਿ ਬਰ ਮੁਰਦਾਰ ਮੇਂ ਜਰਦੰਮ।
ਭਾਵ ਮੈਂ ਜਿਸ ਵੇਲੇ ਆਪਣੇ ਜਿਊਂਦੇ-ਜਾਗਦੇ ਪੀਰ ਦੇ ਚਾਰ-ਚੁਫੇਰੇ ਫਿਰ ਲੈਂਦਾ ਹਾਂ, ਓਦੋਂ ਮੇਰਾ ਹੱਜ ਹੋ ਜਾਂਦਾ ਏ। ਮੇਰਾ ਸੁਭਾਅ ਕੁੱਤਿਆਂ ਵਰਗਾ ਨਹੀਂ, ਜੋ ਮੁਰਦੇ ਦੇ ਚਾਰ-ਚੁਫੇਰੇ ਫਿਰਦਾ ਰਹਾਂ। ਇਹ ਸੁਣ ਕੇ ਹਾਜੀਆਂ ਨੇ ਬੜਾ ਗੁੱਸਾ ਕੀਤਾ ਤੇ ਸ਼ਮਸ ਨੂੰ ਕਾਫ਼ਰ ਦਾ ਫਤਵਾ ਦੇ ਕੇ ਉਸ ਦੀ ਖੱਲ ਲਾਹ ਕੇ ਮਾਰ ਦਿੱਤਾ ਪਰ ਸ਼ਮਸ ਡੋਲਿਆ ਨਹੀਂ, ਸਗੋਂ ਇੱਕ ਦੀ ਪ੍ਰੀਤ ਪਾਲ਼ ਕੇ ਇੱਕ ਦਾ ਰੂਪ ਬਣ ਗਿਆ। ਸਿਆਣੇ ਤੇ ਆਲਮ-ਫ਼ਾਜ਼ਲ ਖੁਸਰੋ ਦੇ ਅੰਦਰ ਜਦੋਂ ਇਕ ਦੀ ਪ੍ਰੀਤ ਨੇ ਚਮਕਾਰੇ ਮਾਰੇ ਤਾਂ ਆਪ ਉਸ ਦੀ ਮਸਤੀ ’ਚ ਲੇਟ ਗਏ। ਕਈ ਦਿਨ ਮਸਤੀ ਦੇ ਰੰਗ ਵਿਚ ਮਸਤ ਰਹੇ। ਲੋਕਾਂ ਨੇ ਪੁੱਛਿਆ ਕਿ ਖੁਸਰੋ, ਕੀ ਗੱਲ ਹੈ, ਅੱਜਕਲ੍ਹ ਤੂੰ ਬੋਲਦਾ-ਚਾਲਦਾ ਨਹੀਂ? ਕਿਤੇ ਬਾਹਰ-ਅੰਦਰ, ਫਿਰਨ-ਤੁਰਨ ਵੀ ਨਹੀਂ ਜਾਂਦਾ? ਕਾਰਨ ਕੀ ਹੈ? ਸਵਾਲ ਕਰਨ ਵਾਲਿਆਂ ਵੱਲ ਮੁਖ਼ਾਤਬ ਹੋ ਕੇ ਖ਼ੁਸਰੋ ਬੋਲਿਆ:
ਕਾਫ਼ਰੇ ਇਸ਼ਕਮ, ਮਰਾ ਮੁਸਲਮਾਨੀ, ਦਰਕਾਰ ਨੇਸਤ।
ਹੁਣ ਮੈਂ ਇਸ਼ਕ ਵਿਚ ਪੈ ਕੇ ਇਸ਼ਕ ਦਾ ਕਾਫ਼ਰ ਬਣ ਗਿਆ ਹਾਂ। ਇਸ ਲਈ ਮੈਨੂੰ ਹੁਣ ਮੁਸਲਮਾਨਪੁਣੇ ਦੀ ਲੋੜ ਨਹੀਂ ਰਹੀ। ਦੋਸਤਾਂ ਨੇ ਸਮਝਿਆ ਕਿ ਸ਼ਾਇਦ ਹਿੰਦੂ ਬਣ ਗਿਆ ਹੋਵੇ। ਉਨ੍ਹਾਂ ਦੂਜਾ ਸਵਾਲ ਕਰ ਦਿੱਤਾ ਕਿ ਕੀ ਹਿੰਦੂ ਬਣ ਗਏ ਹੋ? ਸੁਣ ਕੇ ਖੁਸਰੋ ਨੇ ਉੱਤਰ ਦਿੱਤਾ ਕਿ ਮਿੱਤਰੋ!
ਹਰ ਰਗ਼ੇ ਮਨ ਤਾਰ ਗਸ਼ਤਾ, ਹਾਜਤੇ, ਜ਼ੁੱਨਾਰ ਨੇਸਤ।
ਮੇਰੇ ਵਜੂਦ ਦੀ ਇੱਕ-ਇੱਕ ਨਾੜੀ ਵਿਚ ਮੇਰਾ ਪਿਆਰਾ ਚੱਕਰ ਲਾ ਰਿਹਾ ਹੈ, ਇਸ ਲਈ ਹੁਣ ਮੈਨੂੰ ਜਨੇਊ ਦੀ ਵੀ ਲੋੜ ਨਹੀਂ। ਉਸ ਦੀ ਯਾਦ ਵਿਚ ਹੀ ਮੇਰਾ ਜਨੇਊ ਹੈ, ਉਸ ਦੀ ਯਾਦ ਹੀ ਜੀਵਨ ਹੈ। ਹਰ ਪਾਸੇ ਉਸ ਦੇ ਜਲਵੇ ਨੇ, ਹਰ ਪਾਸੇ ਉਸ ਦੇ ਨੂਰ ਦੀ ਦੁਨੀਆਂ ਹੈ। ਉਹ ਹਰ ਥਾਂ ਹੈ, ਹਰ ਜਾਈ ਹੈ:
ਹਰ ਇਕ ਦੇ ਵਿਚ ਹਰਿ ਹਰਿ ਵੱਸੇ, ਹਰਿ ਬੋਲੇ ਹਰ ਬੋਲੀ।
ਜਿਹੜਾ ਹਰਿ ਹਰ ਇਕ ਵਿਚ ਵੱਸ ਰਿਹਾ ਹੈ ਉਹ ਇੱਕ ਹੈ, ਉਹ ਲਾ-ਸ਼ਰੀਕ ਹੈ, ਉਹ ਲਾਸਾਨੀ ਹੈ ਉਹ ਵਾਹਿਦ ਇੱਕ ਹੈ।
ਸੋ ਪਿਆਰਿਓ! ਗੱਲ ਚੱਲ ਰਹੀ ਸੀ, ਸੈਰ ਦੀ-
ਆਏ ਤੋ ਹਮ ਸੈਰ ਮੇਂ, ਸੈਰ-ਏ-ਗੁਲਸ਼ਨ ਕਰ ਚਲੇ।
ਸੰਭਾਲ ਮਾਲੀ ਬਾਗ਼ ਅਪਨਾ, ਹਮ ਤੋ ਅਪਨੇ ਘਰ ਚਲੇ।
ਸੋ ਸੈਰ ਕਰਦਿਆਂ ਕਿਸੇ ਨੂੰ ਵੀਰਾਨ ਨਾ ਕੀਤਾ ਜਾਏ। ਆਪਣੇ ਆਪ ਨੂੰ ਵੀਰਾਨ ਹੋਣ ਤੋਂ ਬਚਾਇਆ ਜਾਏ। ਬਰੀਉਲ ਜ਼ੁੰਮਾ ਘਰ ਪਹੁੰਚ ਜਾਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਕਰਕੇ ਅਰੋਗਤਾ, ਆਤਮਿਕ ਸ਼ਾਂਤੀ, ਸਮਾਜ ਵਿਚ ਇੱਜ਼ਤ-ਆਬਰੂ, ਉਸਤਤਿ, ਸ਼ਲਾਘਾ, ਮਾਨਵ-ਜੀਵਨ ਵਿੱਚੋਂ ਪ੍ਰਾਪਤ ਕੀਤੇ ਇਸ ਗੌਰਵ ਨੂੰ ਮਨੁੱਖ ਮਾਣ ਸਕਦਾ ਹੈ, ਜਿਵੇਂ ਕਿ ਗੁਰਵਾਕ ਹੈ:
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ (ਪੰਨਾ 136)
ਇਹ ਕੋਈ ਸੁਰਤੀ ਵਾਲਾ ਹੀ ਕਰ ਸਕਦਾ ਏ ਨਾ; ਜਿਸ ਦੀ ਸੁਰਤੀ ਜਵਾਨ ਹੋਵੇ, ਤੰਦਰੁਸਤ ਹੋਵੇ, ਹਰ ਪਾਸੇ ਝਾਕ ਤੋਂ ਰਹਿਤ ਹੋਵੇ, ਹਉਮੈ, ਈਰਖਾ ਤੋਂ ਉੱਚੀ ਹੋਵੇ। ਸੋ ਸੈਰ ਜਿਹੜੀ ਹੈ, ਸੰਸਾਰ ਦੇ ਹਰ ਖੇਤਰ ਵਿਚ ਇਕ ਸੈਰ ਦੀ ਸ਼ਕਲ ਹੈ।
ਇਸ ਵਿਚ ਜਿੱਤਾਂ ਪ੍ਰਾਪਤ ਕਰਨੀਆਂ, ਇਕਾਗਰਤਾ ਵਿਚ ਸੁਰਤੀ ਦਾ ਟਿਕਾਅ ਕੰਮ ਕਰਦਾ ਹੈ।
ਸੈਰ ਇਕ ਅਮੋਲਕ ਦਾਤ ਹੈ ਜੇਕਰ ਇਹ ਸੰਸਾਰਿਕ ਪਦਾਰਥਾਂ ਅਤੇ ਸਰੀਰਿਕ ਹੁਸਨ ਜਵਾਨੀ ਦੇ ਨਸ਼ੇ ਤੋਂ ਰਹਿਤ ਹੋ ਕੇ ਤਹੰਮਲ ਮਜ਼ਾਜੀ ਤੇ ਸਹਿਣਸ਼ੀਲਤਾ ਨਾਲ ਕੀਤੀ ਜਾਵੇ।
ਜਦੋਂ ਇਸ ਸੰਸਾਰ ਵਿਚ ਯਾਕੂਬ ਅਲੀ ਦੇ ਪੁੱਤਰ ਯੂਸਫ਼ ਅਲੀ ਨੇ ਆਪਣੇ ਹੁਸਨ ਵੱਲ ਤੱਕਿਆ, ਭਰਪੂਰ ਜਵਾਨੀ ਵਿਚ ਹੁਸਨ ਨੇ ਡਲ੍ਹਕ ਮਾਰੀ ਤਾਂ ਖ਼ੂਬਸੂਰਤੀ ਦੇ ਨਸ਼ੇ ਵਿਚ ਯੂਸਫ਼ ਚਕਨਾਚੂਰ ਹੋ ਗਿਆ ਤੇ ਸੰਸਾਰ ਦੀ ਸੈਰ ਵਿਚ ਤੁਰਦੇ ਦਾ ਮੰਡੀ ਵਿਚ ਮੁੱਲ ਸੂਤ ਦੀ ਇਕ ਅੱਟੀ ਪਿਆ।
ਸੋ ਅਸੀਂ ਇਸ ਸਿੱਟੇ ’ਤੇ ਪੁੱਜੇ ਹਾਂ ਕਿ ਜ਼ਿੰਦਗੀ ਦੀ ਸੈਰ ਖ਼ਬਰਦਾਰੀ ਤੇ ਸਾਵਧਾਨਤਾ ਵਿਚ ਕਰਨੀ ਚਾਹੀਦੀ ਹੈ।
ਲੇਖਕ ਬਾਰੇ
ਗਿਆਨੀ ਮਾਨ ਸਿੰਘ ਝੌਰ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਪ੍ਰਚਾਰਕ ਸਨ।
- ਗਿਆਨੀ ਮਾਨ ਸਿੰਘ ਝੌਰhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ae%e0%a8%be%e0%a8%a8-%e0%a8%b8%e0%a8%bf%e0%a9%b0%e0%a8%98-%e0%a8%9d%e0%a9%8c%e0%a8%b0/July 1, 2009