editor@sikharchives.org
Sahibzade

ਸਾਕਾ ਚਮਕੌਰ ਸਾਹਿਬ

ਸਤਿਗੁਰੂ ਜੀ ਨੇ ਕੇਵਲ ਧਰਮ ਦੀ ਗੱਲ ਕੀਤੀ ਹੈ, ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਹੈ, ਹਰੇਕ ਮਨੁੱਖ ਦੀ ਬਰਾਬਰਤਾ ਦੀ ਗੱਲ ਕੀਤੀ ਹੈ ਅਤੇ ਜੇਕਰ ਕੋਈ ਇਸ ਦੇ ਵਿਰੋਧ ਵਿਚ ਗਿਆ ਹੈ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਹਿਲਾਂ ਪਿਆਰ ਵਿਚਾਰ ਨਾਲ ਸਮਝਾਇਆ ਹੈ ਅਤੇ ਜੇਕਰ ਉਹ ਫਿਰ ਨਹੀਂ ਮੰਨਿਆ ਤਾਂ ਸ਼ਸਤਰ ਦੀ ਗੱਲ ਕੀਤੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਉੱਪਰ ਬਹੁਤ ਸਾਰੇ ਯੁੱਧ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਮਿਲਦਾ ਹੈ। ਉਨ੍ਹਾਂ ਸਾਰਿਆਂ ਯੁੱਧਾਂ ਵਿੱਚੋਂ ਅਸੀਂ ਜਦ ਚਮਕੌਰ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਅਤੇ ਮੁਗ਼ਲ ਹਕੂਮਤ ਵਿਚ ਹੋਏ ਯੁੱਧ ਬਾਰੇ ਪੜ੍ਹਦੇ-ਸੁਣਦੇ ਹਾਂ ਤਾਂ ਇਕ ਵਿਲੱਖਣਤਾ ਨਜ਼ਰ ਆਉਂਦੀ ਹੈ। ਉਸ ਯੁੱਧ ਬਾਰੇ ਪੜ੍ਹ-ਸੁਣ ਕੇ ਕੋਈ ਵੀ ਇਨਸਾਫ਼ਪਸੰਦ ਵਿਅਕਤੀ ਹੈਰਾਨ ਹੋ ਜਾਂਦਾ ਹੈ।

ਸੰਸਾਰ ਉੱਪਰ ਆਮ ਤੌਰ ’ਤੇ ਯੁੱਧਾਂ ਦੇ ਕਾਰਨਾਂ ਬਾਰੇ ਵਿਦਵਾਨਾਂ ਨੇ ਤਿੰਨ ਸ਼ਬਦ ਵਰਤੇ ਹਨ- ਜ਼ਰ, ਜ਼ੋਰੂ ਅਤੇ ਜ਼ਮੀਨ। ਪਰ ਗੁਰ-ਇਤਿਹਾਸ ਦੇ ਜਿੰਨੇ ਵੀ ਪੰਨੇ ਅਸੀਂ ਖੋਲ੍ਹ ਕੇ ਵੇਖਦੇ ਹਾਂ ਤਾਂ ਸਾਨੂੰ ਇਨ੍ਹਾਂ ਵਿੱਚੋਂ ਇਕ ਵੀ ਕਾਰਨ ਨਜ਼ਰ ਨਹੀਂ ਆਉਂਦਾ। ਸਤਿਗੁਰੂ ਜੀ ਨੇ ਕੇਵਲ ਧਰਮ ਦੀ ਗੱਲ ਕੀਤੀ ਹੈ, ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਹੈ, ਹਰੇਕ ਮਨੁੱਖ ਦੀ ਬਰਾਬਰਤਾ ਦੀ ਗੱਲ ਕੀਤੀ ਹੈ ਅਤੇ ਜੇਕਰ ਕੋਈ ਇਸ ਦੇ ਵਿਰੋਧ ਵਿਚ ਗਿਆ ਹੈ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਹਿਲਾਂ ਪਿਆਰ ਵਿਚਾਰ ਨਾਲ ਸਮਝਾਇਆ ਹੈ ਅਤੇ ਜੇਕਰ ਉਹ ਫਿਰ ਨਹੀਂ ਮੰਨਿਆ ਤਾਂ ਸ਼ਸਤਰ ਦੀ ਗੱਲ ਕੀਤੀ ਹੈ। ਖ਼ੈਰ, ਆਪਾਂ ਚਮਕੌਰ ਸਾਹਿਬ ਦੇ ਯੁੱਧ ਦੀ ਗੱਲ ਕਰ ਰਹੇ ਸੀ। ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਜੀ ਨੇ ਪੁਰੀ-ਅਨੰਦ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ।

ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਮਨ ਵਿਚ ਕੁਝ ਸੋਚ ਆਈ ਹੈ ਜਿਸ ਨੂੰ ਇਕ ਕਵੀ ਨੇ ਬਿਆਨ ਕੀਤਾ ਹੈ:

ਜਿਸ ਖ਼ਿੱਤੇ ਮੇਂ ਹਮ ਕਹਿਤੇ ਥੇ ਆਨਾ ਯਿਹ ਵੁਹੀ ਹੈ।
ਕਲ ਲੁਟ ਕੇ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ।

ਇਸ ਲੇਖ ਦੇ ਅਰੰਭ ਵਿਚ ਅਸੀਂ ਚਮਕੌਰ ਗੜ੍ਹੀ ਦੇ ਯੁੱਧ ਨੂੰ ਸੰਸਾਰ ਦੇ ਹੋਰ ਯੁੱਧਾਂ ਤੋਂ ਵਿਲੱਖਣ ਕਿਹਾ ਸੀ, ਉਹ ਇਸ ਲਈ ਵੀ ਸੀ ਕਿ ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਭਾਈ ਰਤਨ ਸਿੰਘ ਜੀ ਭੰਗੂ ਨੇ ਇਸ ਬਾਬਤ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਵਿਚ ਇਉਂ ਲਿਖਿਆ ਹੈ:

ਤੌ ਮਲੇਰੀਅਨ ਆਨ ਘੇਰਾ ਪਾਯੋ,
ਨਹਿˆ ਦਾਣਾ ਕਿਛੁ ਉਸ ਮਧ ਥਾਯੋ।
ਨਾਹਿˆ ਹੁਤੀ ਕੁਛ ਜੁਗਤਿ ਲੜਾਈ,
ਫੌਜ ਸਭੀ ਕੰਧ ਪਿਲਚੀ ਆਈ॥2॥

ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿਚ ਨਹੀਂ, ਚੜ੍ਹਦੀ ਕਲਾ ਵਿਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿਚ ਸਨ ਅਤੇ ਜਿਵੇਂ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਵਿਚ ਮਨ-ਅੰਤਰੋਂ ਬੇਨਤੀ ਕਰ ਰਹੇ ਸਨ:

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।

ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ:

ਆਏ ਜੁ ਨਾਹਰ ਸਾਥ ਥੇ ਸੋ ਬਹੁ ਦੀਨੇ ਮਾਰ।
ਕਿਛੁ ਸਤਿਗੁਰ ਕਿਛੁ ਖਾਲਸੈ ਕਰ ਸਾਹਬਜ਼ਦਾਨ ਮਾਰ॥6॥  (ਸ੍ਰੀ ਗੁਰੂ ਪੰਥ ਪ੍ਰਕਾਸ਼)

ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੜ੍ਹੀ ਦੀ ਅੰਦਰਲੀ ਹਾਲਤ ਬਾਰੇ ਵੀ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ:

ਅਬ ਅੰਦਰ ਕੀ ਬਾਤ ਸੁਨਾਊਂ, ਹੁਤੇ ਨ ਅੰਦਰ ਅੰਨ ਕਿਥਾਊਂ।
ਕੰਧ ਚਿਣੀ ਕਿਛੁ ਆਛੀ ਨਾਹੀਂ ਹੁਤੇ ਨ ਮੁਰਚੇ, ਰੱਖੇ ਮਾਂਹਿ।
ਜਿਨ ਸਿੱਧੇ ਕਰ ਸ਼ਸਤ੍ਰ ਚਲਾਏਂ, ਜਿਸੈ ਓਟ ਕਰ ਸੀਸ ਬਚਾਏਂ।
ਨਹਿˆ ਲੱਭੇ ਤਿਹ ਭੁੰਨਣ ਕੋ ਦਾਣਾ, ਜੋ ਲੱਭੈ ਤਾਂ ਕਦ ਮਿਲੈ ਖਾਣਾ॥13॥
ਦਾਰੂ ਸਿੱਕੋ ਗਯੋ ਮੁਕਾਈ, ਰਹਯੋ ਨ ਤੀਰ ਤਨੀਰਨ ਮਾਂਹੀ।
ਜ਼ਖ਼ਮੀ ਜੋਗ ਕਿਤ ਲਭੈ ਨ ਪਾਨੀ, ਐਸੀ ਔਖੀ ਤਹਾਂ ਬਿਹਾਨੀ॥14॥
ਤੌ ਭੀ ਸਿੰਘਨ ਹਥ ਨਹਿˆ ਛੋਰਯੋ, ਪਰੈ ਜੋਰ ਹਿਤ ਵਲ ਜਹਿˆ ਦੋਰਯੋ॥15॥

ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ ਜਿਸ ਬਾਰੇ ਇਕ ਕਵੀ ਲਿਖਦਾ ਹੈ:

ਇਕ ਸੀ ਅਜੀਤ ਇਕ ਸੀ ਜੁਝਾਰ, ਕਲਗੀਧਰ ਦੇ ਲਾਡ ਪਿਆਰ।
ਦੋ ਪੁੱਤਰਾਂ ਦੀਆਂ ਜੰਞਾਂ ਚੜ੍ਹੀਆਂ, ਪੰਜ ਪੰਜ ਸੀ ਨਾਲ ਘੋੜ ਸਵਾਰ।

ਇਥੇ ਮੈਂ ਇਹ ਲਿਖਣਾ ਜ਼ਰੂਰੀ ਸਮਝਦਾ ਹਾਂ ਕਿ ਸੰਸਾਰ ਦੇ ਰਾਜੇ ਯੁੱਧਾਂ-ਜੰਗਾਂ ਵਿਚ ਦੂਜਿਆਂ ਦੇ ਪੁੱਤਰਾਂ ਨੂੰ ਭੇਜਦੇ ਹਨ ਅਤੇ ਆਪਣੇ ਪੁੱਤਰਾਂ ਨੂੰ ਰਾਜ-ਭਾਗ ਲਈ ਰੱਖਦੇ ਹਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਆਪਣੇ ਸਪੁੱਤਰਾਂ ਨੂੰ ਧਰਮ ਤੋਂ ਵਾਰ ਦਿੱਤਾ ਅਤੇ ਰਾਜ ਸਿੱਖਾਂ ਦੀ ਝੋਲੀ ਵਿਚ ਪਾਇਆ। ਕਲਗੀਧਰ ਜੀ ਪਿਤਾ ਦੀਆਂ ਅੱਖਾਂ ਸਾਹਮਣੇ ਸਾਹਿਬਜ਼ਾਦੇ ਪੰਜਾਂ ਵਿੱਚੋਂ ਤਿੰਨ ਪਿਆਰੇ ਅਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਵੀ ਗੁਰੂ ਜੀ ਕਿਸੇ ਘਬਰਾਹਟ ਵਿਚ ਨਹੀਂ ਬਲਕਿ ਸ਼ੁਕਰਾਨੇ ਵਿਚ ਹਨ ਕਿ ਮਾਲਕ ਜੀ ਤੁਹਾਡੀ ਅਮਾਨਤ ਤੁਹਾਨੂੰ ਅਦਾ ਹੋਈ ਹੈ।

ਗੁਰਬਾਣੀ ਵਿਚ ਜੋ ਬਚਨ ਆਉਂਦਾ ਹੈ “ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ’ ਗੁਰੂ ਕਲਗੀਧਰ ਜੀ ਨੇ ਸਿੱਖਾਂ ਅਤੇ ਪੁੱਤਰਾਂ ਵਿਚ ਕੋਈ ਫ਼ਰਕ ਨਾ ਪਾਇਆ। ਆਪਾਂ ਸੰਸਾਰ ਵਿਚ ਵਿਚਰਦੇ ਹਾਂ, ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਆਪਣਿਆਂ ਲਈ ਅੰਤਮ ਸਸਕਾਰ ਸਮੇਂ ਕਫ਼ਨ ਦਾ ਪ੍ਰਬੰਧ ਜ਼ਰੂਰ ਕਰਦਾ ਹੈ ਭਾਵੇਂ ਉਹ ਕਰਜ਼ਾ ਫੜ ਕੇ ਹੀ ਕਿਉਂ ਨਾ ਕਰੇ ਪਰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀਆਂ ਲਾਸ਼ਾਂ ਜਦ ਨੰਗੀਆਂ ਹੀ ਨਜ਼ਰ ਆਈਆਂ ਤਾਂ ਭਾਈ ਦਇਆ ਸਿੰਘ ਅੰਦਰੋਂ ਤੜਫ ਉੱਠੇ ਅਤੇ ਆਗਿਆ ਮੰਗੀ ਕਿ ਪਾਤਸ਼ਾਹ! ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਕਫ਼ਨ ਤੋਂ ਬਗੈਰ ਨੰਗੀਆਂ ਪਈਆਂ ਹਨ, ਹੁਕਮ ਕਰੋ, ਕਫ਼ਨ ਦੇ ਆਵਾਂ। ਉਸ ਵੇਲੇ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਰੋਕ ਕੇ ਜੋ ਕੁਝ ਫ਼ੁਰਮਾਇਆ ਉਸ ਨੂੰ ਇਕ ਅਦੀਬ ਨੇ ਆਪਣੇ ਸ਼ਬਦਾਂ ਵਿਚ ਇਉਂ ਲਿਖਿਆ ਹੈ:

ਸੁਣ ਕੇ ਬਾਤ ਸਤਿਗੁਰ ਜੀ ਬੋਲੇ, ਕਹਿਣ ਲੱਗੇ ਸੁਣ ਗੁਰਸਿੱਖਾ!
ਧਰਮ ਕੀ ਰਾਹ ਪੇ ਜੋ ਚਲਤੇ ਹੈਂ, ਨਹੀਂ ਕਫ਼ਨ ਕਿਸਮਤ ਮੇਂ ਲਿਖਾ।
ਸ਼ਹੀਦ ਕੇ ਮੂੰਹ ਕਫ਼ਨ ਕਾ ਪਰਦਾ, ਸ਼ਹਾਦਤ ਕਾ ਦਸਤੂਰ ਨਹੀਂ ਹੈ।
ਔਰ ਭੀ ਕਿਤਨੇ ਲਾਲ ਹੈਂ ਮੇਰੇ, ਜਿਨ ਜਹਾਂ ਸ਼ਹੀਦੀ ਪਾਈ।
ਪੁਰਜਾ ਪੁਰਜਾ ਕਟ ਮਰੇ, ਨ ਦੁਸ਼ਮਣ ਕੋ ਪੀਠ ਦਿਖਾਈ।
ਫਿਰ ਏਕ ਕੇ ਸੰਗ ਪਿਆਰ ਜਤਾਨਾ, ਕਹੀਂ ਕਾ ਇਨਸਾਫ ਨਹੀਂ ਹੈ।
ਬੇਟੇ ਬੇਟੇ ਮੇਂ ਭੀ ਜੋ ਫ਼ਰਕ ਸਮਝੇ, ਐਸਾ ਕੋਈ ਬਾਪ ਨਹੀਂ ਹੈ।

ਚਮਕੌਰ ਸਾਹਿਬ ਦੀ ਧਰਤੀ ’ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੇ ਸ਼ਹੀਦਾਂ ਨੇ ਸਿੰਘਾਂ ਦੀ ਸਲਤਨਤ ਦਾ ਪੌਦਾ ਲਾ ਦਿੱਤਾ ਹੈ। ਥੋੜ੍ਹੇ ਸਮੇਂ ਵਿਚ ਹੀ ਇਸ ਨੇ ਵੱਡਾ ਹੋ ਜਾਣਾ ਹੈ; ਖਾਲਸੇ ਨੇ ਰਾਜ ਕਰਨਾ ਹੈ ਅਤੇ ਤੁਰਕਾਂ ਦੀ ਜੜ੍ਹ ਨਾਸ਼ ਹੋਣੀ ਹੈ! ਭਾਈ ਰਤਨ ਸਿੰਘ ਜੀ ਭੰਗੂ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:

ਪਰ ਭਲੀ ਭਈ ਸਿਰ ਤੁਰਕੇ ਲਾਇ, ਬਚਨ ਪੂਰਨ ਹਮ ਬਡਿਅਨ ਭਾਇ।
ਅਬ ਹਮ ਖਾਲਸੈ ਦਯੋ ਗੁਰਾਈ, ਦਯੇ ਟਿੱਕੋ ਖਾਲਸੈ ਲਾਈ॥7॥

ਇਸ ਤਰੀਕੇ ਨਾਲ ਧਰਮੀ ਸੂਰਿਆਂ ਦੀਆਂ ਸ਼ਹਾਦਤਾਂ ਦੇ ਕਾਰਨ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਇਤਿਹਾਸ ਦੇ ਪੰਨਿਆਂ ਵਿਚ ਰਹਿੰਦੀ ਦੁਨੀਆਂ ਤਕ ਪੱਕਿਆਂ ਹੋ ਗਈ। ਸਾਨੂੰ ਸਾਰਿਆਂ ਨੂੰ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ’ਤੇ ਧਰਮ ਯੁੱਧ ਲਈ ਆਪਾ-ਨਿਛਾਵਰ ਕਰਨ ਵਾਲਿਆਂ ਨੂੰ ਪ੍ਰਣਾਮ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ।

ਅਖੀਰ ਵਿਚ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਸਮੂਹ ਸ਼ਹੀਦਾਂ ਨੂੰ ਦਿਲੋਂ ਪ੍ਰਣਾਮ ਕਰਦਾ ਹੋਇਆ, ਯੋਗੀ ਅੱਲ੍ਹਾ ਯਾਰ ਖਾਂ ਦੇ ਚੰਦ ਸ਼ੇਅਰ ਲਿਖ ਕੇ ਲੇਖ ਦੀ ਸਮਾਪਤੀ ਕਰਦਾ ਹਾਂ:

ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।…

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Jaideep Singh

ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ, ਫਗਵਾੜਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)