“ਪੰਜਾਬੀ ਬੁਲਬੁਲ” ਦੇ ਲਕਬ ਨਾਲ ਜਾਣੇ ਜਾਂਦੇ, “ਸੋਹਣੇ ਦੇਸ਼ ਵਿੱਚੋਂ ਦੇਸ਼ ਪੰਜਾਬ ਨੀਂ ਸਈਓ” ਗੀਤ ਦੇ ਰਚਨਹਾਰੇ ਅਤੇ 30 ਤੋਂ ਉੱਪਰ ਪੁਸਤਕਾਂ ਦੇ ਕਰਤਾ ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਪੰਜਾਬੀ ਕਵਿਤਾ ਅਤੇ ਸੱਭਿਆਚਾਰ ਨੂੰ ਨਿੱਗਰ ਦੇਣ ਹੈ। ਵੀਹਵੀਂ ਸਦੀਂ ਦੇ ਪਹਿਲੇ ਅੱਧ ਵਿਚ ਹੋਇਆ ਇਹ ਕਵੀ, ਪੰਜਾਬੀ ਕਵੀ ਦਰਬਾਰਾਂ ਦੀ ਉਪਜ ਹੈ ਅਤੇ ਦਰਬਾਰੀ ਕਵੀਆਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਸਮਕਾਲੀ ਹਾਲਾਤ ਨਾਲ ਜੁੜੇ ਹੋਏ ਹੁੰਦੇ ਹਨ। ਇਸੇ ਲਈ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੀ ਹਰ ਧੁਨੀ ਜਾਂ ਪ੍ਰਤਿਧੁਨੀ ਉਨ੍ਹਾਂ ਦੀ ਕਵਿਤਾ ਵਿੱਚੋਂ ਸੁਣੀ ਜਾ ਸਕਦੀ ਹੈ। ਫਿਰੋਜ਼ਦੀਨ ਸ਼ਰਫ਼ ਦਾ ਕਾਰਜ-ਕਾਲ (1898-1954 ਈ:) ਪੰਜਾਬ ਦੇ ਇਤਿਹਾਸ ਦਾ ਉਹ ਦੌਰ, ਜੋ ਨਾ ਕੇਵਲ ਘਟਨਾਵਾਂ ਭਰਪੂਰ ਹੈ ਸਗੋਂ ਕਵਿਤਾ ਰਚਨਾ ਦੇ ਪੱਖੋਂ ਵੀ ਬੜਾ ਜ਼ਰਖੇਜ਼ ਹੈ। ਸ਼ਰਫ਼ ਦੀਆਂ ਛੋਟੀਆਂ- ਵੱਡੀਆਂ ਕਾਵਿ ਰਚਨਾਵਾਂ ਦੀ ਗਿਣਤੀ ਭਾਵੇਂ ਸੈਂਕੜਿਆਂ ਵਿਚ ਹੈ, ਪਰ ਅੱਜਕਲ ਇਹ ਸ਼ਰਫ਼ ਰਚਨਾਵਲੀ (ਦੋ ਭਾਗ) ਵਿਚ ਸੰਕਲਿਤ ਹੋਈਆਂ ਮਿਲਦੀਆਂ ਹਨ। ਸਮਕਾਲੀ ਰਾਜਨੀਤੀ, ਇਤਿਹਾਸ ਅਤੇ ਸੱਭਿਆਚਾਰ ਸਰੋਕਾਰ ਉਸ ਦੀ ਕਵਿਤਾ ਦੇ ਮੁੱਖ ਸਰੋਕਾਰ ਹਨ। ਵੀਹਵੀਂ ਸਦੀਂ ਦੇ ਅੱਧ ਦੇ ਪੰਜਾਬ ਵਿਚ ਘਟਨਾਵਾਂ ਬੜੀ ਤੇਜ਼ੀ ਨਾਲ ਘੱਟ ਰਹੀਆਂ ਸਨ। ਬਰਤਾਨੀਆ ਸਾਮਰਾਜ ਤੋਂ ਨਜਾਤ ਪਾਉਣ ਲਈ ਵਿੱਢਿਆ ਗਿਆ ਸੰਘਰਸ਼ ਪੂਰੇ ਜੋਬਨ ਉੱਤੇ ਸੀ ਅਤੇ ਇਸ ਵਿਚ ਨਿੱਤ ਨਵੀਆਂ ਲਹਿਰਾਂ ਪੈਦਾ ਹੋ ਰਹੀਆਂ ਸਨ। ਫਿਰੋਜ਼ਦੀਨ ਸ਼ਰਫ਼ ਦਾ ਇਨ੍ਹਾਂ ਘਟਨਾਵਾਂ ਤੋਂ ਨਿਰਲੇਪ ਰਹਿਣਾ ਔਖਾ ਸੀ। ਜਦ ਉਸ ਨੇ ਆਪਣੀ ਕਾਵਿ-ਯਾਤਰਾ ਅਰੰਭੀ ਤਾਂ ਉਸ ਸਮੇਂ ਜਿਹੜੀ ਸਭ ਤੋਂ ਅਹਿਮ ਘਟਨਾ ਵਾਪਰੀ, ਉਹ ਜਲਿਆਂ ਵਾਲੇ ਬਾਗ ਦਾ ਸਾਕਾ ਸੀ। ਸ਼ਰਫ਼ ਦੀ ਰਾਜਨੀਤਕ ਚੇਤਨਾ ਦਾ ਸਿਖ਼ਰ ਉਸ ਦੀ ਪੁਸਤਕ ‘ਦੁਖਾਂ ਦੇ ਕੀਰਨੇ’ ਹੈ, ਜਿਸ ਨੂੰ ਅੰਗਰੇਜ਼ੀ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਉਸ ਨੂੰ ਕੈਦ ਕਰ ਦਿੱਤਾ। ਪੁਸਤਕ ਦੀ ਜ਼ਬਤੀ ਅਤੇ ਕੈਦ ਸ਼ਰਫ਼ ਦੀ ਕਾਵਿ-ਯਾਤਰਾ ਵਿਚ ਇਕ ਵੱਡਾ ਮੋੜ ਸਾਬਤ ਹੋਈ। ਉਸ ਦੀ ਇਸ ਕੁਰਬਾਨੀ ਨੂੰ ਇਕ ਮੁਸਲਮਾਨ ਕਵੀ ਦੀ ਸਿੱਖ ਰਾਜ ਲਈ ਕੀਤੀ ਗਈ ਕੁਰਬਾਨੀ ਮੰਨਿਆ ਗਿਆ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਕੋਈ ਵੀ ਕਵੀ ਦਰਬਾਰ, ਵਿਸ਼ੇਸ਼ ਕਰਕੇ ਸਿੱਖ ਧਾਰਮਿਕ ਕਵੀ ਦਰਬਾਰ ਵਿਚ ਉਸ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਸਮਝੀ ਜਾਂਦੀ ਸੀ। ਸ਼ਰਫ਼ ਨੂੰ ਸਿੱਖ ਸਮਾਜ ਵੱਲੋਂ ਮਿਲੇ ਆਦਰ-ਮਾਣ ਨੇ ਉਸ ਨੂੰ ਹੋਰ ਉਤਸ਼ਾਹਿਤ ਵੀ ਕੀਤਾ ਤੇ ਪ੍ਰੇਰਿਤ ਵੀ। ਇਸੇ ਲਈ ਅਸੀਂ ਵੇਖਦੇ ਹਾਂ ਕਿ ਸ਼ਰਫ਼ ਰਚਨਾਵਲੀ (ਭਾਗ ਪਹਿਲਾ) ਦੀਆਂ ਕਵਿਤਾਵਾਂ ਦਾ ਇਕ ਵਰਗ ਹੀ ਸਿੱਖੀ ਦਾ ਹੈ, ਜਿਸ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦਾ ਜਸ ਗਾਇਨ ਹੈ। ਸ਼ਰਫ਼ ਕਵੀ ਦਰਬਾਰਾਂ ਦੀ ਸ਼ਾਨ ਸੀ। ਉਸ ਨੂੰ ਨਾ-ਕੇਵਲ ਹਰ ਸਿੱਖ ਕਵੀ ਦਰਬਾਰ ਵਿਚ ਸੱਦਿਆ ਹੀ ਜਾਂਦਾ ਸੀ, ਸਗੋਂ ਜਦ ਆਮ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕਵੀ ਦਰਬਾਰ ਵਿਚ ਸ਼ਰਫ਼ ਵੀ ਆ ਰਿਹਾ ਹੈ ਤਾਂ ਉਹ ਹੁੰਮ ਹੁੰਮਾ ਕੇ ਉੱਥੇ ਪਹੁੰਚਦੇ। ਸ਼ਰਫ਼ ਤੋਂ ਬਿਨ੍ਹਾਂ ਕਵੀ ਦਰਬਾਰ ਅਧੂਰਾ ਹੁੰਦਾ ਸੀ।
ਸ਼ਰਫ਼ ਦੇ ਸਮਕਾਲ ਵਿਚ ਹੀ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਭ੍ਰਿਸ਼ਟ ਅਤੇ ਕੁਕਰਮੀ ਮਹੰਤਾਂ ਤੋਂ ਅਜ਼ਾਦ ਕਰਾੳਣੁ ਲਈ ‘ਅਕਾਲੀ ਲਹਿਰ’ ਜਾਂ ‘ਗਰੁ ਦੁਆਰਾ ਸੁਧਾਰ ਲਹਿਰ’ ਅਰੰਭ ਹੋਈ। ਇਸ ਲਹਿਰ ਦਾ ਖਾਸਾ ਤਾਂ ਭਾਵੇਂ ਧਾਰਮਿਕ ਸੀ ਪਰ ਅਸਲ ਵਿਚ ਅੰਗਰੇਜ਼ਾਂ ਦਾ ਵਿਰੋਧ ਇਸ ਦਾ ਬੁਨਿਆਦੀ ਮਕਸਦ ਸੀ ਕਿਉਂਕਿ ਮਹੰਤਾਂ ਨੂੰ ਅਸਿੱਧੇ ਰਪੂ ਵਿਚ ਬਰਤਾਨਵੀ ਹਾਕਮਾਂ ਦੀ ਸ਼ਹਿ ਹਾਸਲ ਸੀ। ‘ਗਰੁ ਦੁਆਰਾ ਸੁਧਾਰ ਲਹਿਰ’ ਦਾ ਅਰੰਭ ਤਾਂ ਭਾਵੇਂ ਸਿਆਲਕੋਟ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੀ ਯਾਦ ਵਿਚ ਬਣੇ ਗੁਰਦੁਆਰਾ ਬਾਬੇ ਦੀ ਬੇਰ ਨੂੰ ਅਜ਼ਾਦ ਕਰਾਉਣ ਤੋਂ ਹੋਇਆ ਪਰ ਨਨਕਾਣਾ ਸਾਹਿਬ ਦੇ ਸਾਕੇ ਨੇ ਇਸ ਨੂੰ ਪ੍ਰਚੰਡ ਕਰ ਦਿੱਤਾ। ਨਨਕਾਣਾ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਜਨਮ-ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ ਅਤੇ ਇਸ ਮਹੰਤ ਦੇ ਕੁਕਰਮਾਂ ਅਤੇ ਵਿਭਚਾਰਾਂ ਦੀਆਂ ਗੱਲਾਂ ਹਰ ਸਿੱਖ ਦੇ ਮੂੰਹ ਉੱਪਰ ਸਨ। ਜਦ ਉਸ ਨੂੰ ਇਸ ਲਹਿਰ ਦੀ ਭਿਣਕ ਪਈ ਤਾਂ ਉਸ ਦਾ ਅੰਦਰਲਾ ਕੰਬ ਉੱਠਿਆ। ਗੁਰਦੁਆਰਾ ਜਨਮ-ਸਥਾਨ ਸਿੱਖ ਸਮਾਜ ਲਈ ਸਭ ਤੋਂ ਵੱਧ ਪਵਿੱਤਰ ਗੁਰੂ-ਘਰ ਸੀ ਅਤੇ ਜੋ ਇਸ ਵਿਚ ਕੁਕਰਮ ਅਤੇ ਵਿਭਚਾਰ ਹੋਏ ਸਨ ਤਾਂ ਇਹ ਉਸ ਲਈ ਕਦਾਚਿਤ ਵੀ ਪ੍ਰਵਾਨ ਨਹੀਂ ਸੀ। ਮਹੰਤ ਬੜਾ ਸ਼ਾਤਰ ਦਿਮਾਗ ਸੀ। ਇਸ ਕੇਂਦਰੀ ਗੁਰਦੁਆਰਾ ਸਾਹਿਬ ਨਾਲ ਹਜ਼ਾਰਾਂ ਏਕੜ ਜ਼ਮੀਨ ਸੀ, ਜਿਸ ਤੋਂ ਚੰਗੀ ਆਮਦਨ ਸੀ। ਮਹੰਤ ਇਸ ਆਮਦਨ ਉਪਰ ਹੀ ਸ਼ਾਹੀ ਠਾਠ-ਬਾਠ ਮਾਣ ਰਿਹਾ ਸੀ ਅਤੇ ਜੇਕਰ ਇਹ ਗੁਰਦੁਆਰਾ ਸਾਹਿਬ ਉਸ ਦੇ ਕਬਜ਼ੇ ਵਿਚ ਨਹੀਂ ਰਹਿੰਦਾ ਤਾਂ ਉਸ ਦੀ ਦੁਨੀਆ ਹੀ ਹਨੇਰ ਹੋ ਜਾਣੀ ਸੀ। ਸਿੱਖ ਸਮਾਜ ਵਿਚ ਨਨਕਾਣਾ ਸਾਹਿਬ ਦੀ ਹੋ ਰਹੀ ਬੇਹੁਰਮਤੀ ਕਾਰਨ ਬੇਹੱਦ ਰੋਸ ਅਤੇ ਰੰਜ ਸੀ ਅਤੇ ਉਹ ਛੇਤੀ ਤੋਂ ਛੇਤੀ ਇਸ ਨੂੰ ਮਹੰਤ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਾਉਣਾ ਚਾਹੁੰਦੇ ਸਨ। ਮਹੰਤ ਆਪਣੀਆਂ ਆਪ-ਹੁਦਰੀਆਂ ਅਤੇ ਸਿੱਖ ਧਾਰਮਿਕ ਮਰਯਾਦਾ ਦੇ ਖ਼ਿਲਾਫ ਕਾਰਵਾਈਆਂ ਕਰ ਕੇ ਅਤਿ ਘਿਣਾਉਣਾ ਬਣ ਚੁੱਕਾ ਸੀ। ਅਗਉਂ ਪਤਾ ਲੱਗ ਜਾਣ ਕਰਕੇ ਮਹੰਤ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਜਨਮ-ਸਥਾਨ ਨੂੰ ਕਿਲ੍ਹੇ ਦਾ ਰੂਪ ਦੇ ਕੇ ਭਾੜੇ ਦੇ ਪਠਾਣਾਂ ਅਤੇ ਹੋਰ ਗ਼ੈਰ-ਸਮਾਜੀ ਅਨਸਰਾਂ ਨੂੰ ਹਥਿਆਰਬੰਦ ਕਰ ਕੇ ਕਤਲ-ਓ-ਗਾਰਤ ਦਾ ਸਾਮਾਨ ਪਹਿਲਾਂ ਹੀ ਜਮ੍ਹਾਂ ਕਰ ਰੱਖਿਆ ਸੀ। 21 ਫਰਵਰੀ, 1921 ਈ: ਨੂੰ ਜਥੇ. ਦਲੀਪ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਸਿੰਘਾਂ ਦਾ ਜਥਾ ਗੁਰਦੁਆਰਾ ਜਨਮ-ਸਥਾਨ ਵਿਖੇ ਦਾਖ਼ਲ ਹੋਇਆ। ਪਹਿਲਾਂ ਤੋਂ ਹੀ ਤਿਆਰ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਬਹੁਤ ਸਾਰੇ ਸਿੰਘ ਗੋਲੀਆਂ ਦਾ ਸ਼ਿਕਾਰ ਹੋ ਗਏ ਅਤੇ ਜੋ ਅਜੇ ਸਿਸਕ ਰਹੇ ਸਨ ਉਨ੍ਹਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਜਥੇਦਾਰ ਦਲੀਪ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅੱਗ ਨਾਲ ਭਸਮ ਕਰ ਦਿੱਤਾ ਗਿਆ। ਇਸ ਸਾਕੇ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਤਾਜ਼ਾ ਕਰ ਦਿੱਤੀ। ਨਨਕਾਣਾ ਸਾਹਿਬ ਦੇ ਸਾਕੇ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਹਰ ਪਾਸੇ ਰੋਸ ਅਤੇ ਗੁੱਸੇ ਦਾ ਇਕ ਤੂਫਾਨ ਖੜਾ ਹੋ ਗਿਆ। ਇਸ ਦਾ ਪ੍ਰਭਾਵ ਕੋਮਲ ਕਵੀ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ਉੱਪਰ ਵੀ ਪਿਆ।
ਨਨਕਾਣਾ ਸਾਹਿਬ ਦੇ ਸਾਕੇ ਸਬੰਧੀ ਫਿਰੋਜ਼ਦੀਨ ਸ਼ਰਫ਼ ਦੀਆਂ ਕਈ ਕਵਿਤਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਦੇ ਨਾਂ ਹਨ– ਸ਼ਹੀਦ, ਨਨਕਾਣੇ ਦੇ ਸ਼ਹੀਦ, ਸ਼ਹੀਦਾਂ ਦੀ ਦਾਸਤਾਨ ਅਤੇ ਸਿੱਖ ਇਤਫਾਕ ਆਦਿ। ਸ਼ਹੀਦਾਂ ਦੀ ਦਾਸਤਾਨ ਸ਼ਰਫ਼ ਦੀ ਇਕ ਲੰਮੀ ਕਵਿਤਾ ਹੈ। ਇਸ ਕਵਿਤਾ ਦਾ ਇੱਕ-ਇੱਕ ਸ਼ਬਦ ਦਰਦ-ਪਹੁੱਚਾ ਹੈ। ਇਹ ਕਵਿਤਾ ਲਿਖਣ ਲੱਗਿਆਂ ਸ਼ਰਫ਼ ਕਿਵੇਂ ਮਹਿਸੂਸ ਕਰ ਰਿਹਾ ਸੀ। ਇਸ ਦਾ ਕੁਝ ਹਾਲ ਵੇਖੋ:
ਦਾਸਤਾਨ ਸ਼ਹੀਦਾਂ ਰੰਗਲਿਆਂ ਦੀ,
ਦੋਂ ਲਿਖਣ ਲਈ ਮੇਰਾ ਖਿਆਲ ਆਇਆ।
ਸਾਗਰ ਵਿਚ ਜਿਉਂ ਆਵੇ ਜਵਾਰਭਾਟਾ,
ਖਾ ਕੇ ਇਸ ਤਰ੍ਹਾਂ ਜੋਸ਼ ਉਬਾਲ ਤੁਰਿਆ।
ਅੰਤ ਨਰਾਇਣ ਦਾਸ ਦੀ ਤਿਆਰੀ ਦੇ ਸਨਮੁਖ ਨਿਹੱਥੇ ਸਿੰਘਾਂ ਉੱਪਰ ਕਹਿਰ ਢਾਹੁਣ ਦਾ ਕੁਝ ਵੇਰਵਾ ਇਸ ਤਰ੍ਹਾਂ ਹੈ:
ਲੈ ਕੇ ਸਿਮਰ ਹਰਾਮੀਆਂ ਸਾਮੀਆਂ ਨੂੰ,
ਮਾਰਨ ਜਿਉਂ ਰਸੂਲ ਦੀ ਆਲ ਤੁਰਿਆ।
ਉਸੇ ਤਰ੍ਹਾਂ ਗੁਰੂ ਨਾਨਕ ਦੇ ਸੇਵਕਾਂ ਨੂੰ,
ਕਤਲ ਕਰਨ ਨਰੈਣਾ ਚੰਡਾਲ ਤੁਰਿਆ।
ਮਾਰੇ ਜੰਦਰੇ ਅੰਦਰੇ ਸਿੰਘ ਮਾਰੇ,
ਬਾਸ਼ਕ ਧੌਲ ਦੇ ਦਿਲੋਂ ਭੁਚਾਲ ਤੁਰਿਆ।
ਧਰਤੀ ਜਲਿਆਂਵਾਲੇ ਦੀ ਕੰਬ ਉੱਠੀ,
ਧਰੂਹ ਭਗਤ ਵੀ ਹੋ ਕੇ ਬੇਹਾਲ ਤੁਰਿਆ।
ਧਾਹਾਂ ਲਹੂ ਦੀਆਂ ਇਸ ਤਰ੍ਹਾਂ ਚੱਲੀਆਂ ਸਨ,
ਆਵੇ ਖਾਲ ’ਚੋਂ ਜਿਵੇਂ ਨਿਕਲ ਤੁਰਿਆ।
ਸ਼ਰਫ਼ ਦੀ ਕਾਵਿ ਪ੍ਰਤਿਭਾ ਦਾ ਇਕ ਵਿਸ਼ੇਸ਼ ਗੁਣ ਇਹ ਹੈ ਕਿ ਉਸ ਨੂੰ ਨਾਮਵਰ ਸਿੱਖ ਸ਼ਹੀਦਾਂ ਦੇ ਕਾਰਨਾਮੇ ਅਤੇ ਧਰਮ ਲਈ ਕੀਤੀਆਂ ਕੁਰਬਾਨੀਆਂ ਕੱਲ ਵਾਗੂੰ ਯਾਦ ਸਨ ਅਤੇ ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਉਨ੍ਹਾਂ ਨਾਲ ਮੇਲ ਕੇ ਇਨ੍ਹਾਂ ਵਿਚ ਮਕਸਦ ਅਤੇ ਸ਼ਹਾਦਤ ਦੀ ਇਕ ਸਾਂਝ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਭਾਈ ਸੁਬੇਗ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਆਦਿ ਸ਼ਹੀਦ ਉਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਵੱਡੇ-ਵਡੇਰੇ ਹੀ ਪ੍ਰਤੀਤ ਹੁੰਦੇ ਹਨ:
ਛੈਲ ਸਿੰਘ ਕੋਈ ਵਾਂਗ ਸੁਬੇਗ ਸਿੰਘ ਦੇ।
ਤੋੜ ਜਗ ਦੇ ਸਾਰੇ ਜੰਜਾਲ ਤੁਰਿਆ।
ਤਾਰੂ ਸਿੰਘ ਵਾਗੂੰ ਮੰਗਣ ਦਾਨ ਕੋਈ,
ਪਿਆਲਾ ਖੋਪੜੀ ਲਾਹ ਕੰਗਾਲ ਤੁਰਿਆ।
ਮਨੀ ਸਿੰਘ ਵਾਗੂੰ ਹੋ ਕੇ ਕਈ ਟੁਕੜੇ,
ਅੰਮ੍ਰਿਤ ਛਕਣ ਦੇ ਕੌਲ ਨੂੰ ਪਲ ਤੁਰਿਆ।
ਕੋਈ ਦੀਪ ਸਿੰਘ ਧਰਮ ਦੇ ਦੀਪ ਉੱਤੇ,
ਆਪਾ ਵਾਂਗ ਪਤੰਗ ਦੇ ਜਲ ਤੁਰਿਆ।
ਲਛਮਣ ਸਿੰਘ ਕਿਹਾ, ਮੈਂ ਵੀ ਚੱਲਨਾ ਹਾਂ,
ਜਿਵੇਂ ਲਛਮਣ ਸੀ ਰਾਮ ਦੇ ਨਾਲ ਤੁਰਿਆ।
ਨਨਕਾਣੇ ਦੇ ਸ਼ਹੀਦ ਫਿਰੋਜ਼ਦੀਨ ਸ਼ਰਫ਼ ਦੀ ਇਸ ਸਾਕੇ ਬਾਰੇ ਲਿਖੀ ਗਈ ਇਕ ਹੋਰ ਕਵਿਤਾ ਹੈ, ਜਿਸ ਵਿਚ ਉਹ ਮਹੰਤ ਨਰਾਇਣ ਦਾਸ ਅਤੇ ਉਸ ਦੇ ਭਾੜੇ ਦੇ ਗੁੰਡਿਆਂ ਵੱਲੋਂ ਵਰਤਾਏ ਕਹਿਰ ਬਾਰੇ ਇਕ ਵੱਖਰੇ ਅੰਦਾਜ਼ ਵਿਚ ਗੱਲ ਕਰਦਾ ਕਹਿੰਦਾ ਹੈ:
ਬਾਹਰੋਂ ਮਾਰ ਪਾਪੀ ਤਾਲੇ।
ਅੰਦਰ ਪਾ ਪਾ ਤੇਲ ਜਾਲੇ।
ਸਤੇ ਅੰਬਰ ਕੰਬੇ ਨਾਲੇ।
ਸਭੇ ਧਰਤਾਂ ਡੋਲੀਆਂ।
ਮਨ ਦੀਆਂ ਮਨ ਮੀਆਂ।
ਨਰਮ ਤੇ ਮਲੂਕ ਦੇਹੀਆਂ।
ਹਾਏ ਹਾਏ ਫੁੱਲਾਂ ਜੇਹੀਆਂ।
ਭੱਠੇ ਪਾ ਕੇ ਰੋਲੀਆਂ।
ਸ਼ਰਧਾ ਵਾਲੇ ਤਕੜ ਲਾਏ।
ਧਰਮ ਵਾਲੇ ਵੱਟੇ ਪਾਏ।
ਜਾਨ ਵਾਲੀ ਜਿਨਸ ਲਿਆਏ।
ਧਾਰਨਾ ਸਨ ਤੋਲੀਆਂ।
ਸ਼ਰਫ਼ ਕਵੀ ਦਰਬਾਰਾਂ ਦੀ ਉਪਜ ਸੀ ਅਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਕਵੀ ਕਰਬਾਰਾਂ ਦੇ ਲੇਖੇ ਲਾ ਦਿੱਤੀ। ਜਿਸ ਕਵੀ ਦਰਬਾਰ ਵਿਚ ਸ਼ਰਫ਼ ਦੇ ਪੁੱਜਣ ਦੀ ਸੂਹ ਮਿਲਦੀ ਸਾਰੇ ਪੰਜਾਬੀ ਉਸ ਨੂੰ ਸੁਣਨ ਲਈ ਉਥੇ ਪਹੁੰਚ ਜਾਂਦੇ। ਗੁਰਪੁਰਬਾਂ, ਸ਼ਹੀਦਾਂ ਦੀਆਂ ਬਰਸੀਆਂ, ਸਿੱਖ ਕਾਨਫਰੰਸਾਂ ਅਤੇ ਹੋਰ ਸਮਾਗਮਾਂ ਸਮੇਂ ਇਨਾਮੀ ਕਵੀ ਦਰਬਾਰ ਵੀ ਕਰਵਾਏ ਜਾਂਦੇ। ਨਨਕਾਣਾ ਸਾਹਿਬ ਦੇ ਸਾਕੇ ਦੀ ਯਾਦ ਵਿਚ ਮਗਰੋਂ ਕਰਵਾਏ ਗਏ ਇਕ ਕਵੀ ਦਰਬਾਰ ਵਿਚ ਉਸ ਦੇ ਆਪਣੀ ਇਕ ਕਵਿਤਾ ਪੜ੍ਹੀ, ਜਿਸ ਵਿਚ ਉਹ ਸ਼ਹੀਦਾਂ ਨੂੰ ਚਿਤਾਰਦਾ ਹੋਇਆਂ, ਉਨ੍ਹਾਂ ਦੀਆਂ ਕੁਰਬਾਨੀਆਂ ਦੀ ਪ੍ਰਸੰਸਾ ਕਰਦਾ ਹੈ:
ਹਜ਼ਰਤ ਮੂਸਾ ਨਨਕਾਣੇ ਵਿਚ ਆ ਵੇਖੀਂ
ਸੋਲ੍ਹੇ ਨੂਰ ਦੇ ਨਿਕਲਦੇ ’ਨਾਰ ਵਿੱਚੋਂ।
ਜਿਗਰ ਕਾਲਜੇ ਫੂਕਦੀ ਘੂਕਦੀ ਏ,
ਨਿਕਲੀ ਕੂਕ ਸ਼ਹੀਦ ਦੀ ਤਾਰ ਵਿੱਚੋਂ।
ਇਹ ਅੱਜ ਉਨ੍ਹਾਂ ਦੀ ਬਰਸੀ ’ਤੇ ਫੁੱਲ ਬਰਸਣ
ਜਿਹੜੇ ਪੰਥ ਉਤੋਂ ਜਾਨਾਂ ਵਾਰ ਗਏ ਨੇ।
ਨੈਂ ਲੰਘ ਗਏ ਆਪ ਸ਼ਹੀਦੀਆਂ ਦੀ।
ਸਾਨੂੰ ਕੰਢੇ ’ਤੇ ਸ਼ਰਫ਼ ਖਲਾਰ ਗਏ ਨੇ।
ਇੰਝ ਅਸੀਂ ਵੇਖਦੇ ਹਾਂ ਕਿ ਨਨਕਾਣਾ ਸਾਹਿਬ ਵਿਖੇ ਵਾਪਰੇ ਕਤਲ-ਏ-ਆਮ ਦਾ ਦੁਖਾਂਤ ਪੰਜਾਬ ਦੇ ਰਾਜਨੀਤਕ ਇਤਿਹਾਸ ਹੀ ਨਹੀਂ, ਸਾਹਿਤਕ ਇਤਿਹਾਸ ਵਿਚ ਵੀ ਇਕ ਮਹੱਤਵਪੂਰਨ ਘਟਨਾ ਹੈ। ਸ਼ਰਫ਼ ਸਮੇਤ ਹੋਰ ਕਈ ਕਵੀਆਂ ਨੇ ਇਸ ਦੁਖਾਂਤ ਬਾਰੇ ਕਈ ਕਵਿਤਾਵਾਂ ਲਿਖੀਆਂ ਹਨ, ਪਰ ਇਨ੍ਹਾਂ ਕਵਿਤਾਵਾਂ ਵਿਚ ਰੁਦਨ ਜਾਂ ਵਿਰਲਾਪ ਨਹੀਂ, ਸਗੋਂ ਸ਼ਹੀਦਾਂ ਪ੍ਰਤਿ ਅਕੀਦਤ ਜਾਂ ਮੁਹੱਬਤ ਅਤੇ ਲਹਿਰ ਵਰਤਾਉਣ ਵਾਲੇ ਪ੍ਰਤੀ ਨਫਰਤ ਹੈ। ਜ਼ਾਬਰ ਅਤੇ ਜ਼ਾਲਮ ਪ੍ਰਤੀ ਘ੍ਰਿਣਾ ਪਰ ਸਾਬਰ ਅਤੇ ਮਜ਼ਲੁਮ ਲਈ ਪਿਆਰ ਅਤੇ ਹਮਦਰਦੀ ਪੰਜਾਬੀ ਕਵਿਤਾ ਦਾ ਖਾਸਾ ਹੈ।
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/January 1, 2016