editor@sikharchives.org
Baba Banda Singh Bahadur

ਸਾਕਾ ਸਰਹਿੰਦ ਤੋਂ ਫਤਹਿ ਸਰਹਿੰਦ

ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸੇ ਦੀ ‘ਹਰ ਮੈਦਾਨ ਫ਼ਤਹਿ’ ਅਤੇ ਚੜ੍ਹਤ ਨੂੰ ਵੇਖ ਕੇ ਸੂਬੇਦਾਰ ਵਜ਼ੀਰ ਖਾਨ ਨੂੰ ਕਾਂਬਾ ਛਿੜ ਗਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਾਕਾ ਸਰਹਿੰਦ

ਸਾਕਾ ਸਰਹਿੰਦ ਦਾ ਮੁੱਢ ਉਸ ਸਮੇਂ ਬੱਝਦਾ ਹੈ ਜਦੋਂ ਸਾਹਿਬ-ਏ-ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਾਹੀ ਫੌਜ ਨੇ ਸਿੱਖਾਂ ਸਮੇਤ ਸ੍ਰੀ ਅਨੰਦਗੜ੍ਹ ਦੇ ਕਿਲ੍ਹੇ ਵਿਚ ਮਹੀਨਿਆਂ ਬੱਧੀ ਘੇਰਾ ਪਾਈ ਰੱਖਿਆ। ਕੋਈ ਵਾਹ ਨਾ ਚੱਲਦੀ ਦੇਖ ਆਪਣੀ ਸਾਖ ਬਚਾਉਣ ਲਈ ਸ਼ਾਹੀ ਸੈਨਾ ਦੇ ਫੌਜਦਾਰਾਂ ਅਤੇ ਪਹਾੜੀ ਰਾਜਿਆਂ ਨੇ ਗਊ ਅਤੇ ਕੁਰਾਨ ਦੀਆਂ ਸਹੁੰਆਂ ਖਾ ਕੇ ਗੁਰੂ ਜੀ ਨੂੰ ਕਿਲ੍ਹਾ ਖਾਲੀ ਕਰਨ ਲਈ ਰਾਜ਼ੀ ਕਰ ਲਿਆ। ਗੁਰੂ ਜੀ ਸਿੰਘਾਂ ਦੇ ਜਥੇ ਸਮੇਤ ਸਰਸਾ ਨਦੀ ਦੇ ਕੰਢੇ ’ਤੇ ਪੁੱਜੇ ਹੀ ਸਨ ਕਿ ਸ਼ਾਹੀ ਸੈਨਾ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲ ਨੇ ਸਾਰੀਆਂ ਕਸਮਾਂ ਤੋੜ ਕੇ ਮੁੱਠੀ-ਭਰ ਸਿੰਘਾਂ ’ਤੇ ਹਮਲਾ ਕਰ ਦਿੱਤਾ।

ਘਮਸਾਨ ਦਾ ਯੁੱਧ ਹੋਇਆ। ਇਸੇ ਹਫ਼ੜਾ-ਦਫ਼ੜੀ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਹੀਰ ਨਾਲੋਂ ਨਿੱਖੜ ਗਏ। ਉਨ੍ਹਾਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਆਪਣੇ ਪਿੰਡ ਸਹੇੜੀ (ਨੇੜੇ ਮੋਰਿੰਡਾ) ਵਿਖੇ ਆਪਣੇ ਘਰ ਲੈ ਗਿਆ। ਮਾਤਾ ਜੀ ਕੋਲ ਧਨ-ਦੌਲਤ ਵੇਖ ਕੇ ਗੰਗੂ ਦੀ ਨੀਤ ਫਿੱਟ ਗਈ। ਰਾਤ ਵੇਲੇ ਮਾਤਾ ਜੀ ਦਾ ਸਾਰਾ ਧਨ ਚੁਰਾ ਲੈਣ ਉਪਰੰਤ, ਅਗਲੀ ਸਵੇਰ ਉਹ ਮੋਰਿੰਡੇ ਦੇ ਕੋਤਵਾਲ, ਨੂੰ ਸੱਦ ਲਿਆਇਆ, ਜਿਸ ਨੇ ਦੋਵੇਂ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੀ ਦਾਦੀ-ਮਾਂ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਤਿੰਨਾਂ ਨੂੰ ਅਗਲੀ ਕਾਰਵਾਈ ਤਕ ਸਰਹਿੰਦ ਦੇ ਕਿਲ੍ਹੇ ਦੇ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ ਗਿਆ।

ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ। ਹੁਕਮ ਦੀ ਤਾਮੀਲ ਕਰਦਿਆਂ, ਦੀਵਾਨ ਸੁੱਚਾ ਨੰਦ ਦੀ ਅਗਵਾਈ ਹੇਠ ਸਿਪਾਹੀ ਠੰਢੇ ਬੁਰਜ ਵਿਖੇ ਪਹੁੰਚੇ।

ਸਾਹਿਬਜ਼ਾਦੇ, ਬੜੀ ਚੜ੍ਹਦੀ ਕਲਾ, ਸਿਦਕ ਤੇ ਦ੍ਰਿੜ੍ਹਤਾ ਨਾਲ ਕਚਹਿਰੀ ਵਿਚ ਪੇਸ਼ ਹੋਏ। ਸੂਬੇਦਾਰ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਅਤੇ ਸ਼ਾਹੀ ਠਾਠ-ਬਾਠ ਦੀ ਜ਼ਿੰਦਗੀ ਬਤੀਤ ਕਰਨ ਦੀ ਪੇਸ਼ਕਸ਼ ਕੀਤੀ। ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ, ਸਪਸ਼ਟ ਸ਼ਬਦਾਂ ਵਿਚ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਆਪਣੇ ਸਿੱਖ ਧਰਮ ਨੂੰ ਆਪਣੀ ਜਾਨ ਦੀ ਨਕਦੀ ਨਾਲ ਵੇਚਣਾ ਨਹੀਂ ਚਾਹੁੰਦੇ, ਕਿਉਂਕਿ

“ਹਮਰੇ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨ ਜਾਈ।”

ਕੋਈ ਵਾਹ ਨਾ ਚੱਲਦੀ ਵੇਖ ਕੇ ਸੂਬੇਦਾਰ, ਸਾਹਿਬਜ਼ਾਦਿਆਂ ਨੂੰ ਡਰਾਉਣ ਤੇ ਧਮਕਾਉਣ ‘ਤੇ ਉਤਰ ਆਇਆ। ਇਸਲਾਮ ਕਬੂਲ ਨਾ ਕਰਨ ਦੀ ਸੂਰਤ ਵਿਚ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਦਿੱਤੀ। ਸਾਹਿਬਜ਼ਾਦੇ ਸੂਬੇਦਾਰ ਦੀਆਂ ਧਮਕੀਆਂ ਤੋਂ ਬੇਪਰਵਾਹ ਤੇ ਅਡੋਲ ਰਹੇ।

ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ, ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਸਮੇਂ ਕਚਹਿਰੀ ਵਿਚ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਦੀਵਾਨ ਸੁੱਚਾ ਨੰਦ (ਜੋ ਇਕ ਮੱਕਾਰ ਕਿਸਮ ਦਾ ਅਹਿਲਕਾਰ ਸੀ) ਦੇ ਇਸ਼ਾਰੇ ‘ਤੇ ਸੂਬੇਦਾਰ ਵਜ਼ੀਰ ਖਾਨ ਨੇ ਨਵਾਬ ਮਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਪਰ ਨਵਾਬ ਨੇ ਇਸ ਪੇਸ਼ਕਸ਼ ਨੂੰ ਅਸਵੀਕਾਰ ਕਰਦਿਆਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।-ਅੱਲ੍ਹਾ ਯਾਰ ਖ਼ਾਂ ਜੋਗੀ

ਇਸ ਸਥਿਤੀ ਵਿਚ ਸੂਬੇਦਾਰ ਨੇ ਆਪਣਾ ਪ੍ਰਭਾਵ ਵਰਤ ਕੇ ਕਾਜ਼ੀ ਨੂੰ ਉਨ੍ਹਾਂ ਵਿਰੁੱਧ ਤੁਰੰਤ ਸਜ਼ਾ ਦਾ ਫੈਸਲਾ ਦੇਣ ਲਈ ਕਿਹਾ। ਸੋ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗੀ ਫ਼ੈਸਲਾ ਦਿੱਤਾ। ਮਾਸੂਮ ਜ਼ਿੰਦਾਂ ਨੂੰ ਕੰਧ ਵਿਚ ਚਿਣਵਾਇਆ ਜਾਣ ਲੱਗਾ। ਜਦੋਂ ਕੰਧ ਛਾਤੀ ਤਕ ਅੱਪੜ ਆਈ ਤਾਂ ਆਰਜ਼ੀ ਢਾਂਚਾ ਧੜੱਮ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿੱਚੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ।

ਅੰਤ, ਸੂਬੇਦਾਰ ਨੇ ਆਪਣੀ ‘ਹਾਰ ਕਬੂਲ ਕਰਦਿਆਂ’ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਮੰਦਭਾਗੀ ਫੈਸਲਾ ਦਿੱਤਾ। ਸਮਾਣੇ ਦੇ ਜੱਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ। (ਅਤੇ ਨਾਲ ਹੀ ਮੁਗ਼ਲ ਹਕੂਮਤ ਦੀਆਂ ਜੜ੍ਹਾਂ ‘ਤੇ ਵੀ ਦੋ ਮਾਰੂ ਟੱਕ ਮਾਰ ਦਿੱਤੇ)। ਭਾਈ ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼’ ਅਨੁਸਾਰ:

ਹੁਤੋ ਉਹਾਂ ਥੋ ਛੁਰਾ ਇਕ ਵਾਰੋ, ਦੈ ਗੋਡੇ ਹੇਠ ਕਰ ਜ਼ਿਬਹ ਡਾਰੋ।
ਤੜਫ ਤੜਫ ਗਈ ਜਿੰਦ ਉਡਾਇ, ਇਮ ਸ਼ੀਰ ਖੋਰ ਦੁਇ ਦਏ ਕਤਲਾਇ॥31॥

ਭਾਈ ਸੰਤੋਖ ਸਿੰਘ ਕਰਤਾ ‘ਸੂਰਜ ਪ੍ਰਕਾਸ਼’ ਦੇ ਇਸ ਬਾਰੇ ਇਹ ਕਥਨ ਹਨ:

“ਅਧਮ ਤਬੈ ਤਲਵਾਰ ਚਲਾਈ।
ਸਿਰ ਜ਼ੋਰਾਬਰ ਦਯੋ ਗਿਰਾਈ।
ਬਹੁਰ ਦੂਸਰੇ ਵਾਰ ਪ੍ਰਭਾਰਾ।
ਫਤੇ ਸਿੰਘ ਦੇ ਸੀਸ ਉਤਾਰਾ॥11॥

ਦੀਵਾਨ ਟੋਡਰ ਮੱਲ ਨੇ ਇਹ ਸੋਗਮਈ ਖ਼ਬਰ ਮਾਤਾ ਗੁਜਰੀ ਜੀ ਤਕ ਪਹੁੰਚਾਈ (ਦੀਵਾਨ ਸਾਹਿਬ ਖ਼ੁਦ ਮਾਤਾ ਜੀ ਨੂੰ ਮਿਲੇ)। ਬਿਰਧ ਮਾਤਾ ਜੀ ਜੋ ਇਤਨੇ ਦਿਨਾਂ ਤੋਂ ਅਤਿ ਦੀ ਠੰਡ ਵਿਚ ਠੰਡੇ ਬੁਰਜ ਵਿਚ ਬੰਦ ਸਨ, ਉਨ੍ਹਾਂ ਲਈ ਇਹ ਖ਼ਬਰ ਅਸਹਿ ਸੀ ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ।

ਦੀਵਾਨ ਟੋਡਰ ਮੱਲ, ਇਕ ਨੇਕ ਇਨਸਾਨ ਅਤੇ ਅਸਰ-ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ। ਦੀਵਾਨ ਸਾਹਿਬ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅੰਤਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਸਸਕਾਰ ਲਈ ਜ਼ਮੀਨ ਦਾ ਇਕ ਟੁਕੜਾ ਬੜੀ ਭਾਰੀ ਕੀਮਤ ਅਦਾ ਕਰਕੇ ਖਰੀਦਿਆ ਗਿਆ ਸੀ, ਸੰਬੰਧਿਤ ਧਰਤੀ ਦੇ ਟੁਕੜੇ ‘ਤੇ ਦੀਵਾਨ ਸਾਹਿਬ ਨੇ ਖੜ੍ਹੇ ਰੁਖ਼ ਅਸ਼ਰਫ਼ੀਆਂ ਵਿਛਾ ਕੇ ਮੁੱਲ ਤਾਰਿਆ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿਚ ਸੇਠ ਟੋਡਰ ਮੱਲ ਨੂੰ ਬੜੀ ਸ਼ਰਧਾ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ।

ਸਰਹਿੰਦ ਫਤਹਿ :

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਮੁਕਤਸਰ ਪਹੁੰਚੇ ਜਿਥੇ ਵਜ਼ੀਰ ਖਾਨ ਦੀਆਂ ਪਿੱਛਾ ਕਰਦੀਆਂ ਆ ਰਹੀਆਂ ਫੌਜਾਂ ਦਾ ਮੁਕਾਬਲਾ ਗੁਰੂ ਜੀ ਦੇ ਅਣਖੀ ਸਿੰਘਾਂ ਨਾਲ ਹੋਇਆ। ਇਥੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ, ਜਿਥੋਂ ਉਨ੍ਹਾਂ ਨੇ ਦੱਖਣ ਵੱਲ ਦੀ ਯਾਤਰਾ ਅਰੰਭ ਕੀਤੀ। ਦੱਖਣ ਦੇਸ ਪਹੁੰਚ ਕੇ ਅਲੱਗ-ਅਲੱਗ ਥਾਵਾਂ ਤੋਂ ਹੁੰਦੇ ਹੋਏ ਗੁਰੂ ਜੀ ਨਾਂਦੇੜ ਪਹੁੰਚੇ ਜਿਥੇ ਉਨ੍ਹਾਂ ਦਾ ਮਿਲਾਪ ਮਾਧੋਦਾਸ ਬੈਰਾਗੀ ਨਾਲ ਹੋਇਆ, ਜੋ ਕਿ ਬਾਅਦ ਵਿਚ ਇਤਿਹਾਸ ਦੇ ਪੰਨਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ।

ਗੁਰੂ ਸਾਹਿਬ ਦੇ ਥਾਪੜੇ ਸਦਕਾ ਜ਼ਾਲਮਾਂ ਨਾਲ ਟੱਕਰ ਲੈਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ ਸੰਨ 1670 ਈ: ਨੂੰ ਪੱਛਮੀ ਕਸ਼ਮੀਰ ਦੇ ਰਾਜੌਰੀ ਪਿੰਡ ਦੇ ਰਹਿਣ ਵਾਲੇ ਪਿਤਾ ਰਾਮਦੇਵ ਦੇ ਘਰ ਹੋਇਆ। ਜਨਮ ਸਮੇਂ ਮਾਤਾ-ਪਿਤਾ ਨੇ ਆਪ ਦਾ ਨਾਮ ਲਛਮਣ ਦੇਵ ਰੱਖਿਆ। ਜੱਦੀ ਕਿੱਤੇ ਵਾਹੀ-ਜੋਤੀ ਦੇ ਨਾਲ-ਨਾਲ ਰਾਜਪੂਤੀ ਪਿਛੋਕੜ ਹੋਣ ਕਰਕੇ ਲਛਮਣ ਦੇਵ ਨੇ ਬਹੁਤਾ ਸਮਾਂ ਸ਼ਿਕਾਰ ’ਤੇ ਜਾਣ ਅਤੇ ਤੀਰ-ਅੰਦਾਜ਼ੀ ਵਿਚ ਗੁਜ਼ਾਰਿਆ। ਇਕ ਵਾਰੀ ਇਕ ਹਿਰਨੀ ਦੇ ਸ਼ਿਕਾਰ ਕਰਨ ਉਪਰੰਤ, ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ, ਜਿਨ੍ਹਾਂ ਨੇ ਤੜਪ-ਤੜਪ ਕੇ ਲਛਮਣ ਦੇਵ ਦੀਆਂ ਅੱਖਾਂ ਸਾਹਵੇਂ ਪ੍ਰਾਣ ਤਿਆਗ ਦਿੱਤੇ। ਇਸ ਘਟਨਾ ਨੇ ਉਸ ਦੇ ਜੀਵਨ ’ਤੇ ਡੂੰਘਾ ਅਸਰ ਪਾਇਆ। ਜਾਨਕੀ ਦਾਸ ਸਾਧੂ ਦੀ ਸੰਗਤ ਦਾ ਅਸਰ ਕਬੂਲਦੇ ਹੋਏ ਲਛਮਣ ਦੇਵ ਨੇ ਜੁਆਨੀ ਵਿਚ ਹੀ ਆਪਣਾ ਘਰ-ਬਾਰ ਤਿਆਗ ਦਿੱਤਾ ਅਤੇ ਆਪਣਾ ਨਾਮ ਲਛਮਣ ਦੇਵ ਤੋਂ ਬਦਲ ਕੇ ਮਾਧੋਦਾਸ ਰੱਖ ਲਿਆ।

ਮਾਧੋਦਾਸ ਅਨੰਤ ਦੀ ਭਾਲ ਲਈ ਦਰ-ਦਰ ਭਟਕਦਾ ਹੋਇਆ ਪੰਚਵਟੀ (ਨਾਸਿਕ) ਦੇ ਸਥਾਨ ’ਤੇ ਸਾਧੂ ਔਘੜ ਨਾਥ ਦੇ ਸੰਪਰਕ ਵਿਚ ਆਇਆ, ਜਿੱਥੇ ਉਸ ਨੇ ਔਘੜ ਨਾਥ ਦੀ ਸ਼ਾਗਿਰਦੀ ਹੇਠ ਹਠ-ਯੋਗ ਧਾਰਨ ਕਰ ਕੇ ਰਿਧੀਆਂ-ਸਿਧੀਆਂ ਪ੍ਰਾਪਤ ਕਰਨ ਦੇ ਨਾਲ ਹੀ ਔਘੜ ਨਾਥ ਤੋਂ ਇਕ ਗ੍ਰੰਥ ਵੀ ਪ੍ਰਾਪਤ ਕੀਤਾ। ਸੰਨ 1691 ਈ: ਵਿਚ ਔਘੜ ਨਾਥ ਪਰਲੋਕ ਸਿਧਾਰ ਗਏ। ਉਸ ਵੇਲੇ ਮਾਧੋਦਾਸ 21 ਸਾਲ ਦਾ ਸੀ।

ਹੁਣ ਮਾਧੋਦਾਸ ਨੇ ਨਾਸਿਕ ਛੱਡ ਕੇ ਨਾਂਦੇੜ (ਗੋਦਾਵਰੀ ਦੇ ਕੰਢੇ) ਨੂੰ ਆਪਣਾ ਪੱਕਾ ਟਿਕਾਣਾ ਬਣਾਇਆ। 16-17 ਸਾਲ ਉਹ ਇਥੇ ਰਿਹਾ। ਇਥੇ ਹੀ ਸੰਨ 1708 ਈ: ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਾਪ ਮਾਧੋਦਾਸ ਨਾਲ ਹੋਇਆ। ਉਸ ਵਕਤ ਮਾਧੋਦਾਸ ਦੀ ਉਮਰ ਕੋਈ 38 ਸਾਲ ਹੋ ਚੁੱਕੀ ਸੀ।

ਅਹਿਮਦ ਸ਼ਾਹ ਬਟਾਲੀਆ ਆਪਣੀ ਰਚਨਾ ‘ਤਾਰੀਖ਼-ਏ-ਹਿੰਦ’ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਮਿਆਨ ਹੋਈ ਵਾਰਤਾਲਾਪ ਦਾ ਜ਼ਿਕਰ ਇਉਂ ਕਰਦਾ ਹੈ:

ਮਾਧੋਦਾਸ : ਤੁਸੀਂ ਕੌਣ ਹੋ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜਿਸ ਨੂੰ ਤੁਸੀਂ ਜਾਣਦੇ ਹੋ।
ਮਾਧੋਦਾਸ : ਮੈਂ ਕੀ ਜਾਣਦਾ ਹਾਂ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਇਸ ’ਤੇ ਵਿਚਾਰ ਕਰੋ।
ਮਾਧੋਦਾਸ : ਸੋ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਹਾਂ।
ਮਾਧੋਦਾਸ : ਤੁਸੀਂ ਇਥੇ ਕਿਸ ਮੰਤਵ ਲਈ ਆਏ ਹੋ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਮੈਂ ਤੈਨੂੰ ਆਪਣਾ ਚੇਲਾ ਬਣਾਉਣ ਆਇਆ ਹਾਂ।
ਮਾਧੋਦਾਸ : ਮੈਂ ਤੁਹਾਡੀ ਸ਼ਰਨ ਸਵੀਕਾਰ ਕਰਦਾ ਹਾਂ।

ਗੁਰੂ ਜੀ ਨੇ ਮਾਧੋਦਾਸ ਨੂੰ ਸਿੰਘ ਸਜਾ ਕੇ ਪੰਜਾਬ ਵੱਲ ਭੇਜਿਆ। ਗੁਰੂ ਜੀ ਨੇ ਝੰਡਾ, ਨਗਾਰਾ ਅਤੇ ਪੰਜ ਤੀਰ ਆਪਣੇ ਭੱਥੇ ਵਿੱਚੋਂ ਕੱਢ ਕੇ ਦਿੱਤੇ ਅਤੇ ਉਸ ਨਾਲ ਪੰਜ ਪ੍ਰਮੁੱਖ ਸਿੰਘ- ਭਾਈ ਬਾਜ਼ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ ਸਮੇਤ 20 ਦੇ ਲੱਗਭਗ ਹੋਰ ਸਿੰਘਾਂ ਦੇ ਜਥੇ ਨਾਲ ਪੰਜਾਬ ਵੱਲ ਤੋਰ ਦਿੱਤੇ। ਕੁਝ ਮਹੀਨਿਆਂ ਦੇ ਸਫ਼ਰ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਦਿੱਲੀ ਦੇ ਲਾਗੇ ਪਹੁੰਚ ਗਿਆ। ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਉਨ੍ਹਾਂ ਨੂੰ ਮਿਲੀ। ਇਹ ਖ਼ਬਰ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਹੋਰ ਰੋਹ ਪ੍ਰਗਟਾਇਆ। ਆਪ ਦੇ ਸੈਨਿਕਾਂ ਦੀ ਗਿਣਤੀ ਵਧਣ ਲੱਗੀ ਅਤੇ ਉਹ ਹਜ਼ਾਰਾਂ ਤਕ ਪੁੱਜ ਗਈ। ਡਾ. ਗੋਕਲ ਚੰਦ ਨਾਰੰਗ ਅਨੁਸਾਰ, “ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8,900 ਹੋ ਗਈ ਅਤੇ ਅੰਤ 40,000 ਤਕ ਪਹੁੰਚ ਗਈ।”

ਬਾਬਾ ਬੰਦਾ ਸਿੰਘ ਜੀ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ ਸਗੋਂ ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਜ਼ਾਲਮਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਾਕ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਆ ਕੇ ਅੰਮ੍ਰਿਤ ਛਕ ਕੇ ਬਾਬਾ ਜੀ ਦੀ ਫੌਜ ਵਿਚ ਸ਼ਾਮਲ ਹੋ ਗਏ।

ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਮ ਲਾਹੌਰੀ ਦੀ ਲਿਖਤ ‘ਇਬਰਤਨਾਮਾ’ (ਰਚਿਤ 1722 ਈ:) ਅਨੁਸਾਰ “ਸਿੱਖਾਂ ਤੇ ਮੁਗ਼ਲਾਂ ਵਿਚਕਾਰ ਘੋਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।” ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਕੀਤਾ। ਇਸ ਧਮਾਕੇ ਨੂੰ ‘ਅਜਬ ਬਲਾ’ ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਹਲਚਲ ਮਚਾਈ ਕਿ ਜ਼ਾਲਮ ਸ਼ਾਸਕਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ।

ਰਸਤੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ ਤੇ ਕੈਥਲ ਨੂੰ ਜਿੱਤਿਆ। ਇਥੋਂ ਇਨ੍ਹਾਂ ਦੇ ਹੱਥ ਬਹੁਤ ਸਾਰਾ ਸ਼ਾਹੀ ਖ਼ਜ਼ਾਨਾ ਲੱਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਤੋਂ ਬਾਅਦ ਸਮਾਣਾ ’ਤੇ ਨਜ਼ਰ ਰੱਖੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਜਲਾਲ-ਉਦ-ਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਬਾਹ ਕਰਨ ਵਾਲੇ ਜੱਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਇਸੇ ਸ਼ਹਿਰ ਦੇ ਵਸਨੀਕ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ’ਤੇ ਹਮਲਾ ਕਰ ਦਿੱਤਾ। ਸਮਾਣਾ ਨੂੰ ਜਿੱਤ ਕੇ ਉਥੋਂ ਦਾ ਫ਼ੌਜਦਾਰ ਭਾਈ ਫ਼ਤਹਿ ਸਿੰਘ ਨੂੰ ਥਾਪਿਆ ਗਿਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਘੁੜਾਮ, ਠਸਕਾ, ਸ਼ਾਹਬਾਦ ਅਤੇ ਮੁਸਤਫ਼ਾਬਾਦ ਇਲਾਕਿਆਂ ਨੂੰ ਸੋਧਿਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਕਪੂਰੀ ਦਾ ਨਵਾਬ ਮਾਰਿਆ ਗਿਆ। ਕਪੂਰੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ’ਤੇ ਚੜ੍ਹਾਈ ਕਰ ਦਿੱਤੀ। ਸਢੌਰੇ ਦੇ ਹਾਕਮ ਉਸਮਾਨ ਖ਼ਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਥੋਂ ਦੇ ਫ਼ੌਜਦਾਰ ਉਸਮਾਨ ਖ਼ਾਨ ਅਤੇ ਉਸ ਦੇ ਸੈਂਕੜੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਥਾਨ ਦਾ ਨਾਂ ਕਤਲਗੜ੍ਹੀ ਹੈ।

ਜਿੱਤਾਂ ਦੇ ਇਕ ਲੰਮੇ ਸਿਲਸਿਲੇ ਤੋਂ ਬਾਅਦ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ‘ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਲਈ ਇਹ ਇਕ ਇਮਤਿਹਾਨ ਦੀ ਘੜੀ ਸੀ। ਸੋ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹੱਲਾ ਕਰਨ ਤੋਂ ਪਹਿਲਾਂ, ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਸਿੱਖ ਜਥੇ ਦੀ ਉਡੀਕ ਕਰਨੀ ਠੀਕ ਸਮਝੀ। ਜਲਦੀ ਹੀ ਇਹ ਸ਼ਕਤੀਸ਼ਾਲੀ ਜਥਾ, ਖਰੜ ਤੇ ਬਨੂੜ ਵਿਚਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਦਲ ਨਾਲ ਆ ਰਲਿਆ, ਜਿਸ ਨਾਲ ਸਿੱਖਾਂ ਦੀ ਜੰਗੀ ਤਾਕਤ ਵਿਚ ਚੋਖਾ ਵਾਧਾ ਹੋਇਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸੇ ਦੀ ‘ਹਰ ਮੈਦਾਨ ਫ਼ਤਹਿ’ ਅਤੇ ਚੜ੍ਹਤ ਨੂੰ ਵੇਖ ਕੇ ਸੂਬੇਦਾਰ ਵਜ਼ੀਰ ਖਾਨ ਨੂੰ ਕਾਂਬਾ ਛਿੜ ਗਿਆ। ਉਸ ਨੇ ਜੰਗ ਦੀ ਤਿਆਰੀ ਵਿਚ ਸਾਰੇ ਸਾਧਨ ਜੁਟਾ ਦਿੱਤੇ। ਉਸ ਨੇ ਆਪਣੇ ਸੱਜਣਾਂ-ਮਿੱਤਰਾਂ ਤੇ ਰਾਜੇ ਰਜਵਾੜਿਆਂ ਨੂੰ ਬੁਲਾ ਲਿਆ। ਜਹਾਦ ਦਾ ਨਾਅਰਾ ਲਾ ਦਿੱਤਾ। ਉਸ ਨੇ ਸਿੱਕੇ ਤੇ ਬਾਰੂਦ ਦੇ ਕੋਠੇ ਭਰ ਲਏ। ਜਦੋਂ ਵਜ਼ੀਰ ਖਾਨ ਨੂੰ ਇਹ ਯਕੀਨ ਹੋ ਗਿਆ ਕਿ ਉਹ ਸਿੱਖਾਂ ਦੇ ਹਮਲੇ ਨੂੰ ਪਛਾੜ ਸਕੇਗਾ ਤਾਂ ਉਹ 20 ਕੁ ਹਜ਼ਾਰ ਬਕਾਇਦਾ ਫੌਜ ਅਤੇ ਹੋਰ ਗਾਜ਼ੀਆਂ ਸਮੇਤ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧਿਆ।

ਸੂਬੇਦਾਰ ਵਜ਼ੀਰ ਖਾਨ ਕੋਲ ਜਿਥੇ ਵੱਡੀ ਗਿਣਤੀ ਵਿਚ ਹਾਥੀ, ਘੋੜ-ਚੜ੍ਹੇ ਬੰਦੂਕਚੀ, ਨੇਜ਼ਾ-ਬਰਦਾਰ ਅਤੇ ਤਲਵਾਰਚੀ ਸਨ, ਉਥੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਨ, ਇਥੋਂ ਤਕ ਕਿ ਚੰਗੇ ਘੋੜੇ ਵੀ ਕਾਫੀ ਗਿਣਤੀ ਵਿਚ ਨਹੀਂ ਸਨ। ਸਿੰਘਾਂ ਕੋਲ ਕੇਵਲ ਲੰਮੇ ਨੇਜ਼ੇ, ਤੀਰ ਅਤੇ ਤਲਵਾਰਾਂ ਹੀ ਸਨ।

ਜਦੋਂ ਵਜ਼ੀਰ ਖਾਨ ਦੀਆਂ ਫੌਜਾਂ ਟੱਕਰ ਲੈਣ ਲਈ ਅੱਗੇ ਵਧੀਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਆਪਣੇ ਕਮਾਂਡਰਾਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ ਅਤੇ ਆਪ, ਇਸ ਜੰਗੀ ਕਾਰਵਾਈ ਨੂੰ ਸੇਧ ਦੇਣ ਲਈ, ਨੇੜੇ ਹੀ ਇਕ ਉੱਚੀ ਥਾਂ ‘ਤੇ ਬੈਠ ਗਿਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫੌਜਾਂ ਦਾ ਪੱਲੜਾ ਭਾਰੀ ਰਿਹਾ ਅਤੇ ਦੁਸ਼ਮਣਾਂ ਵੱਲੋਂ ਧੋਖਾਧੜੀ ਨਾਲ ਆਪਣੇ ਜਿਨ੍ਹਾਂ ਸਿਪਾਹੀਆਂ ਨੂੰ ਭੇਸ ਬਦਲਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਭਰਤੀ ਕਰਵਾਇਆ ਗਿਆ ਸੀ, ਉਹ ਹਰਨ ਹੋ ਗਏ। ਮੁਗ਼ਲਾਂ ਦਾ ਪੱਲੜਾ ਭਾਰੀ ਵੇਖ ਕੇ, ਮੋਰਚੇ ’ਚ ਬੈਠੇ ਬਾਬਾ ਬੰਦਾ ਸਿੰਘ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਏ। ਬਾਬਾ ਜੀ ਦੇ ਆਗਮਨ ਨੇ ਜਿੱਥੇ ਸਿੰਘਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ, ਉਥੇ ਦੁਸ਼ਮਣਾਂ ਵਿਚ ਸਭ ਪਾਸੇ ਭੈਅ ਛਾ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਹਿੰਮਤ ਅਤੇ ਹੌਸਲੇ ਤੋਂ ਪ੍ਰਭਾਵਤ ਹੋਏ ਸਿੰਘ ਇਕਮੁੱਠ ਹੋ ਕੇ ਵੈਰੀਆਂ ‘ਤੇ ਟੁੱਟ ਪਏ। ਹਮਲਾ ਏਨਾ ਜ਼ੋਰਦਾਰ ਸੀ ਕਿ ਦੁਸ਼ਮਣ ਖੜ੍ਹਾ ਨਾ ਰਹਿ ਸਕਿਆ। ਖ਼ੂਨ-ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਵਜ਼ੀਰ ਖਾਨ ਦੀ ਮੌਤ ਨਾਲ ਸ਼ਾਹੀ ਸੈਨਾ ਵਿਚ ਭਗਦੜ ਮੱਚ ਗਈ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਸਰਹਿੰਦ ਵੱਲ ਵਧਣ ਲੱਗੇ।

14 ਮਈ ਸੰਨ 1710 ਈ: ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖ਼ਲ ਹੋਏ। ਸ. ਸੋਹਣ ਸਿੰਘ ਆਪਣੀ ਪੁਸਤਕ, ‘ਬੰਦਾ ਦੀ ਬਰੇਵ’ ਦੇ ਪੰਨਾ 84-85 ਉੱਤੇ ਲਿਖਦੇ ਹਨ – “ਵਜ਼ੀਰ ਖਾਨ ਦੀਆਂ ਲੱਤਾਂ ਇਕ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ, ਉਸ ਨੂੰ ਸ਼ਹਿਰ ਦੇ ਬਜ਼ਾਰਾਂ ਵਿਚ ਘਸੀਟਿਆ ਗਿਆ ਅਤੇ ਇੰਞ ਕੀਤੇ ਜਾਣ ਮਗਰੋਂ, ਉਸ ਨੂੰ ਇਕ ਦਰਖ਼ਤ ਨਾਲ ਬੰਨ੍ਹ ਦਿੱਤਾ ਗਿਆ, ਜਿਥੇ ਉਸ ਦੀ ਲਾਸ਼ ਇੱਲਾਂ, ਚੀਲਾਂ ਲਈ ਦਾਅਵਤ ਦੇ ਕੰਮ ਆਈ।” ਗਰੂ-ਘਰ ਦੇ ਦੋਸ਼ੀਆਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾ ਦਿੱਤੀ’। ਸੁੱਚਾ ਨੰਦ ਦੀ ਹਵੇਲੀ ਦੀ ਤਬਾਹੀ ਦਾ ਜ਼ਿਕਰ ਕਰਦਿਆਂ, ਮੁਹੰਮਦ ਕਾਸਮ ਲਿਖਦਾ ਹੈ: “ਖ਼ਾਸ ਕਰਕੇ ਵਜ਼ੀਰ ਖਾਨ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ-ਦੌਲਤ ਜਿਵੇਂ ਇਸ ਦਿਨ ਲਈ ਹੀ ਬਣੇ ਅਤੇ ਜਮ੍ਹਾਂ ਕੀਤੇ ਹੋਏ ਸਨ ਕਿ ਸਵਰਗਾਂ ਵਰਗੇ ਮਹਿਲ ਕਾਵਾਂ ਦੇ ਅੱਡੇ ਬਣਨ।” ਡਾ. ਗੰਡਾ ਸਿੰਘ ਲਿਖਦਾ ਹੈ ਕਿ “ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਹੱਥ ਆਏ ਮਾਲ ਦੀ ਕੀਮਤ ਦਾ ਅੰਦਾਜ਼ਾ 2 ਕਰੋੜ ਹੋਵੇਗਾ, ਜੋ ਕਿ ਵਜ਼ੀਰ ਖਾਨ ਦੀ ਮਲਕੀਅਤ ਸੀ ਅਤੇ ਕੁਝ ਲੱਖ, ਜੋ ਕਿ ਸੁੱਚਾ ਨੰਦ ਅਤੇ ਦੂਸਰਿਆਂ ਦੀ ਮਲਕੀਅਤ ਸੀ।”

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)