‘ਸਲੋਕ ਸਹਸਕ੍ਰਿਤੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1353 ਤੋਂ 1360 ਤਕ ਵਿਦਮਾਨ ਹੈ। ਸਲੋਕਾਂ ਦੀ ਕੁੱਲ ਗਿਣਤੀ 71 ਹੈ। ‘ਸਲੋਕ ਸਹਸਕ੍ਰਿਤੀ ਮਹਲਾ 1’ ਸਿਰਲੇਖ ਹੇਠ ਚਾਰ ਸਲੋਕ ਪੰਨਾ 1353 ਉੱਪਰ ਆਰੰਭ ਵਿਚ ਦਰਜ ਹਨ ਜਿਸ ਦਾ ਭਾਵ ਹੈ ਕਿ ਇਹ ਚਾਰ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਪਿਛਲੇ ਦੋ ਸਲੋਕ ‘ਆਸਾ ਕੀ ਵਾਰ’ ਵਿਚ ਵੀ ਦਰਜ ਹਨ। ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਉੜੀ ਦੇ ਭਾਵ ਨੂੰ ਸਪੱਸ਼ਟ ਕਰਨ ਲਈ ਇਨ੍ਹਾਂ ਦੋਹਾਂ ਸਲੋਕਾਂ ਨੂੰ ਉਥੇ ਵੀ ਦਰਜ ਕੀਤਾ ਹੈ।
‘ਸਲੋਕ ਸਹਸਕ੍ਰਿਤੀ ਮਹਲਾ 5’ ਸਿਰਲੇਖ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ 67 ਸਲੋਕ ਦਰਜ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1353 ਦੇ ਅਖ਼ੀਰ ਤੋਂ ਸ਼ੁਰੂ ਹੋ ਕੇ ਪੰਨਾ 1360 ਦੇ ਮੱਧ ਤਕ ਦਰਜ ਹਨ। ਦੋਹਾਂ ਹੀ ਸਿਰਲੇਖਾਂ ਤੋਂ ਪਹਿਲਾਂ ਮੂਲ ਮੰਤਰ ਦਰਜ ਹੈ।
ਗੁਰੂ ਸਾਹਿਬਾਨ ਨੇ ਸਹਸਕ੍ਰਿਤੀ ਭਾਸ਼ਾ ਵਿਚ ਇਹ ਸਲੋਕ ਕਿਉਂ ਉਚਾਰਨ ਕੀਤੇ ਇਸ ਸਬੰਧੀ ਪ੍ਰਚਲਿਤ ਧਾਰਨਾਵਾਂ ਬਾਰੇ ਜਾਣ ਲੈਣਾ ਅਪ੍ਰਸੰਗਿਕ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਪਹਿਲੀ ਪਾਤਸ਼ਾਹੀ ਵੱਲੋਂ ਲੋਕਾਈ ਦੇ ਕਲਿਆਣ ਹਿੱਤ ਕੀਤੀਆਂ ਲੰਮੀਆਂ-ਲੰਮੀਆਂ ਯਾਤਰਾਵਾਂ ਦਾ ਜ਼ਿਕਰ ਮਿਲਦਾ ਹੈ। ਗੁਰੂ ਸਾਹਿਬ ਦਾ ਸਿੱਧਾਂ ਕੋਲ ਪਹੁੰਚਣਾ, ਮੱਕੇ ਜਾਣਾ, ਬਗ਼ਦਾਦ ਫੇਰੀ ਆਦਿ ਪਰ ਹਿੰਦੂਆਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਕਾਸ਼ੀ (ਬਨਾਰਸ) ਵਿਖੇ ਪਹੁੰਚ ਕੇ ਪੰਡਤਾਂ ਨਾਲ ਗਿਆਨ-ਚਰਚਾ ਕਰਨਾ, ਫਲਸਰੂਪ ਗੁਰੂ ਸਾਹਿਬ ਵੱਲੋਂ ਸਹਸਕ੍ਰਿਤੀ ਸਲੋਕ ਉਚਾਰਨ ਕਰਨ ਦਾ ਕੋਈ ਸਪੱਸ਼ਟ ਸੰਕੇਤ ਨਹੀਂ ਮਿਲਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਟੀਕੇ ਜੋ ਕਿ ‘ਟੀਕਾ ਫ਼ਰੀਦਕੋਟੀ’ ਨਾਮ ਨਾਲ ਪ੍ਰਸਿੱਧ ਹੈ ’ਚ ਇਨ੍ਹਾਂ ਸਲੋਕਾਂ ਦੇ ਉਚਾਰਨ ਸਬੰਧੀ ਹੇਠ ਲਿਖੇ ਅਨੁਸਾਰ ਵਿਚਾਰ ਦਰਜ ਹੈ:
“ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਮੇਂ ਦੇਸਾਂਤਰੋਂ ਮੇਂ ਵਿਚਰਤੇ ਹੂਏ ਕਾਂਸੀ ਜੀ ਮੇਂ ਪਹੁੰਚੇ ਤਹਾਂ ਸ੍ਰੀ ਗੰਗਾ ਜੀ ਕੇ ਕਿਨਾਰੇ ਪਰ ਬਹੁਤ ਪੰਡਤ ਠਾਕੁਰ ਪੂਜਾ ਕਰ ਰਹੇ ਸੇ ਤਿਨ ਮੇਂ ਏਕ ਗੋਪਾਲ ਨਾਮਾ ਪੰਡਿਤ ਅਨੇਕ ਦੇਵਤਿਉਂ ਕੀ ਮੂਰਤੀ ਔਰ ਠਾਕੁਰ ਪੂਜਾ ਬਿਸਤਾਰ ਕਰੀ ਬੈਠਾ ਥਾ ਤਬ ਸ੍ਰੀ ਗੁਰੂ ਜੀ ਚਰਨ ਧੋਏ ਬਿਨਾ ਤਿਸਕੀ ਪੂਜਾ ਅਸਥਾਨ ਮੇਂ ਜੈਸੇ ਥੇ ਤੈਸੇ ਹੀ ਜਾਇ ਇਸਥਿਤ ਹੂਏ ਤਬ ਗੋਪਾਲ ਪੰਡਤ ਨੇ ਕੋਪ ਕਰ ਕਹਾ ਤੁਮਨੇ ਹਮਾਰੀ ਪੂਜਾ ਭ੍ਰਸ਼ਟ ਕਰ ਦਈ ਹੈ ਤਬ ਸ੍ਰੀ ਗੁਰੂ ਜੀ ਨੇ ਬਚਨ ਕੀਆ ਇਸ ਪਾਖੰਡ ਕੀ ਪੂਜਾ ਸੇ ਤੇਰੀ ਕਲਿਆਣ ਨਹੀਂ ਹੋਵੇਗੀ ਐਸੇ ਬਚਨ ਸੁਨਤੇ ਹੀ ਇਸ ਪੰਡਤ ਕਾ ਚਿਤ ਨਰਮ ਹੋ ਕਰ ਸ਼ਰਨ ਪੜਾ ਔਰ ਬੇਨਤੀ ਕਰੀ ਮਹਾਰਾਜ ਅਬ ਮੁਝ ਕੋ ਅਪਨਾ ਉਪਦੇਸ ਕਰੀਏ ਜਿਸ ਤੇ ਹਮਰੀ ਕਲਿਆਣ ਹੋਵੇ ਏਤੇ ਮੇਂ ਔਰ ਪੰਡਤ ਸਭ ਇਕਤ੍ਰ ਆਨ ਹੂਏ ਤਿਸ ਗੋਪਾਲ ਪੰਡਿਤ ਕੇ ਪ੍ਰਥਾਇ ਔਰ ਸਰਬ ਕੋ ਸੁਨਾਵਤੇ ਹੂਏ ਚਾਰ ਸਲੋਕੋਂ ਕਹ ਉਪਦੇਸ ਕਰਤੇ ਹੈ।”
‘ਸਲੋਕ ਸਹਸਕ੍ਰਿਤੀ ਮਹਲਾ 5’ ਦੇ ਉਚਾਰਨ ਸਬੰਧੀ ਇਸੇ ਟੀਕੇ ਵਿਚ ਅੱਗੇ ਇਸ ਤਰ੍ਹਾਂ ਦਰਜ ਹੈ :
“ਗੋਪਾਲ ਨਾਮਾ ਪੰਡਤ ਜੋ ਕਾਂਸੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਸਿੱਖ ਹੂਆ ਥਾ ਤਿਸ ਕੇ ਦੋ ਪੋਤ੍ਰੇ ਹਰਿ ਕਿਸ਼ਨ ਔਰ ਹਰਿ ਲਾਲ ਸੇ ਦੋਨੋਂ ਬਡੇ ਸਾਸਤ੍ਰਗਯ ਹੂਏ ਪਰੰਤੂ ਚਿਤ ਕਾ ਸੰਸਾ ਔਰ ਮੋਹਿ ਤਿਨੋਂ ਕਾ ਨਵਿਰਤ ਨਹੀਂ ਭਯਾ ਥਾ ਜਬ ਤਿਨ ਕਾ ਪਿਤਾ ਮਿਰਤੂ ਹੂਆ ਤਬ ਮੋਹ ਕਰ ਬਿਆਕਲ ਹੂਏ ਔਰ ਅਨੇਕ ਸਾਸਤ੍ਰੋਂ ਕੇ ਪੜਨੇ ਤੇ ਚਿਤ ਮੈਂ ਧੀਰਜ ਨ ਹੂਆ ਵਹੁ ਮਾਤਾ ਪਿਤਾ ਕੇ ਰੱਖੇ ਹੂਏ ਸਤਿਗੁਰੋਂ ਕੇ ਸਲੋਕੋਂ ਕੋ ਪੜੈ ਤਬ ਤਿਨੋਂ ਕੇ ਚਿਤ ਮੈਂ ਕੁਛ ਧੀਰਜ ਆਵੈ ਤਬ ਬ੍ਰਿਧੋਂ ਤੇ ਪੂਛ ਕਰ ਸ੍ਰੀ ਅੰਮ੍ਰਿਤਸਰ ਜੀ ਮੈਂ ਸ੍ਰੀ ਗੁਰੂ ਨਾਨਕ ਜੀ ਕੀ ਗਾਦੀ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਕੋ ਇਸਥਿਤ ਹੂਏ ਤਿਨੋਂ ਕਾ ਹੀ ਸਰੂਪ ਜਾਨ ਕਰ ਆਏ ਦਰਸਨ ਕੀਆ ਤਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਰਾਮਸਰ ਤੀਰਥ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰਵਾ ਰਹੇ ਥੇ ਤਬ ਤਿਨ ਪੰਡਤੋਂ ਨੇ ਵਹੁ ਚਾਰ ਸਲੋਕ ਪੁਨਾ ਔਰ ਭੇਟਾ ਸ੍ਰੀ ਸਤਿਗੁਰੋਂ ਆਗੇ ਰਾਖ ਕਰ ਨਮਸਕਾਰ ਕਰੀ ਔਰ ਮੋਹਿ ਕੀ ਨਵਿਰਤੀ ਹੇਤ ਬੇਨਤੀ ਕਰੀ ਤਬ ਸ੍ਰੀ ਗੁਰੂ ਪੰਚਮ ਪਾਤਿਸਾਹਿ ਤਿਨ ਪੰਡਤੋਂ ਕੇ ਪਰਥਾਇ ਕਰ ਤਿਨ ਪੂਰਬੋ- ਕਤ ਸਲੋਕੋ ਕੇ ਅਨੁਸਾਰ ਹੀ ਉਪਦੇਸ ਕਰਤੇ ਭਏ।”
ਇਸੇ ਨਾਲ ਮਿਲਦੀ-ਜੁਲਦੀ ਧਾਰਨਾ ਸੰਤ ਕ੍ਰਿਪਾਲ ਸਿੰਘ ਜੀ ਦੇ ਸੰਪਰਦਾਈ ਟੀਕੇ ਵਿਚ ਉਪਲਬਧ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ‘ਗੋਪਾਲ ਦੱਤ’ ਨਾਮੀ ਪੰਡਤ ਵੱਲੋਂ ਗਿਆਨ-ਚਰਚਾ ਕਰਨ ਦਾ ਵੇਰਵਾ ਇਕ ਸਾਖੀ ਰਾਹੀਂ ਦਿੱਤਾ ਹੈ। ਉਸ ਦੇ ਹੰਕਾਰ ਦੀ ਨਵਿਰਤੀ ਅਤੇ ਕਲਿਆਣ ਹਿੱਤ ਉਚਾਰਨ ਇਨ੍ਹਾਂ ਚਾਰ ਸਲੋਕਾਂ ਨੂੰ ਗੋਪਾਲ ਜੀ ਨੇ ‘ਚਤੁਰ ਸ਼ਲੋਕੀ ਗੀਤਾ’ ਦਾ ਨਾਮ ਦਿੱਤਾ ਹੈ। ਇਸੇ ਤਰ੍ਹਾਂ ਗੋਪਾਲ ਦੱਤ ਦੇ ਵੰਸ਼ਜ਼ ਦਾ ਅੰਮ੍ਰਿਤਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣ ਅਤੇ ਉਪਦੇਸ਼ ਲਈ ਬੇਨਤੀ ਕਰਨ ਦਾ ਜ਼ਿਕਰ ਹੈ।
ਭਾਈ ਵੀਰ ਸਿੰਘ ਜੀ ਨੇ ਵੀ ਉਪਰੋਕਤ ਕਥਨਾਂ ਦੀ ਪ੍ਰੋੜ੍ਹਤਾ ਕੀਤੀ ਹੈ ਕਿ ਜਦ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਾਸ਼ੀ ਗਏ, ਗੁਰੂ ਜੀ ਦਾ ਜਸ ਸੁਣ ਕੇ ਪੰਡਤ ਲੋਕ ਚਰਚਾ ਕਰਨ ਆਏ। ਉਨ੍ਹਾਂ ਨੂੰ ਵਿੱਦਿਆ ਦਾ ਹੰਕਾਰ ਸੀ ਪਰ ਕਰਨੀ ਦੇ ਕੱਚੇ ਸਨ। ਗੁਰੂ ਜੀ ਦੀ ਆਤਮਕ ਸੱਤਾ ਨਾਲ ਹੀ ਉਹ ਠਠੰਬਰ ਗਏ। ਜਦ ਕੁਝ ਬਚਨ ਅਰੰਭਿਆ ਤਾਂ ਮੂੰਹ ਦੀ ਖਾਣੀ ਪਈ ਅਤੇ ਨਿਰੁੱਤਰ ਹੋ ਗਏ। ਗੁਰੂ ਜੀ ਨੇ ਉਨ੍ਹਾਂ ਦਾ ਦੰਭ ਉਧੇੜ ਕੇ ਉਨ੍ਹਾਂ ਅੱਗੇ ਰੱਖ ਦਿੱਤਾ ਪਰ ਪ੍ਰਾਕ੍ਰਿਤ ਭਾਸ਼ਾ ਵਿਚ ਉਪਦੇਸ਼ ਕਰਨ ਲੱਗੇ।
ਉਪਰੋਕਤ ਸਾਰੀ ਵਿਚਾਰ-ਚਰਚਾ ਤੋਂ ਇਸ ਸਿੱਟੇ ’ਤੇ ਪੁੱਜਿਆ ਜਾ ਸਕੀਦਾ ਹੈ ਕਿ ‘ਸਹਸਕ੍ਰਿਤੀ ਸਲੋਕ’ ਵਿਦਵਾਨ ਪੰਡਤਾਂ ਨਾਲ ਗਿਆਨ-ਚਰਚਾ ਦੌਰਾਨ ਉਨ੍ਹਾਂ ਦੇ ਹੰਕਾਰ ਦੀ ਨਵਿਰਤੀ ਲਈ ਉਚਾਰਨ ਕੀਤੇ ਗਏ। ਪੰਡਤਾਂ ਨੂੰ ਉਨ੍ਹਾਂ ਦੀ ਬੋਲੀ ਵਿਚ ਹੀ ਸਮਝਾਇਆ ਜਾ ਸਕਦਾ ਸੀ। ਗੁਰਬਾਣੀ ਦਾ ਮਹਾਂਵਾਕ ਹੈ:
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)
ਭਾਵ ਭਾਵੇਂ ਗੁਰਬਾਣੀ ਸਾਰੇ ਸੰਸਾਰ ਦੇ ਪ੍ਰਾਣੀ-ਮਾਤਰ ਦੇ ਕਲਿਆਣ ਹਿੱਤ ਹੀ ਹੁੰਦੀ ਹੈ, ਇਸ ਵਿਚ ਦਰਸਾਏ ਸਿਧਾਂਤ ਹਰੇਕ ਲਈ ਲਾਭਕਾਰੀ ਹੁੰਦੇ ਹਨ। ਕਈ ਲੋਕ-ਬੋਲੀ ਦੀ ਵਡਿਆਈ ਸਮਝਦੇ ਹਨ ਪਰ ਸਮਝ ਵਾਲੇ ਬੁੱਧੀਮਾਨ ਸਿਧਾਂਤ ਨੂੰ ਦੇਖਦੇ ਹਨ। ਜਿਸ ਤਰ੍ਹਾਂ ਕੱਪੜਿਆਂ ਨਾਲ ਕੋਈ ਪੰਡਤ ਨਹੀਂ ਹੋ ਜਾਂਦਾ, ਪੰਡਤਾਈ ਤਾਂ ਵਿੱਦਿਆ ਨਾਲ ਹੁੰਦੀ ਹੈ। ਗੱਲ ਕੀ, ਉਸ ਭਾਸ਼ਾ ਵਿਚ ਜੋ ਪੰਡਤਾਂ ਦੇ ਅਨੁਕੂਲ ਸੀ, ਗੁਰੂ ਜੀ ਨੇ ਉਨ੍ਹਾਂ ਦੇ ਉੱਧਾਰ ਨਮਿੱਤ ਇਹ ਉਪਦੇਸ਼ ਦਿੱਤਾ।
‘ਸਹਸਕ੍ਰਿਤੀ ਸਲੋਕਾਂ’ ਵਿਚ ਪਰਮਾਤਮਾ ਦੇ ਸਰੂਪ ਅਤੇ ਸੁਭਾਅ ਬਾਰੇ ਦੱਸਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਅਬਿਨਾਸੀ ਭਾਵ ਕਦੇ ਨਾਸ ਨਾ ਹੋਣ ਵਾਲਾ, ਸਦਾ ਕਾਇਮ ਰਹਿਣ ਵਾਲਾ, ਸਾਰੇ ਗੁਣਾਂ ਦਾ ਗਿਆਤਾ ਹੈ। ਸਰਗੁਣ ਸਰੂਪ ਵਿਚ ਸਰਬ-ਵਿਆਪਕ ਹੋਣ ਕਰਕੇ ਹਰ ਥਾਂ ਸੁਭਾਇਮਾਨ ਹੋ ਰਿਹਾ ਹੈ। ਉਹ ਗਹਿਰ ਗੰਭੀਰ ਅਤੇ ਸਾਰਿਆਂ ਨਾਲੋਂ ਉੱਚਾ ਹੈ। ਉਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਉਹ ਪਰਮ ਕ੍ਰਿਪਾਲੂ ਅਤੇ ਅਨਾਥਾਂ ਦਾ ਨਾਥ ਹੈ। ਉਸ ਦੇ ਪਿਆਰਿਆਂ ਨੂੰ ਉਸ ਦਾ ਹੀ ਆਸਰਾ ਹੈ। ਯਥਾ:
ਸੁਭੰਤ ਤੁਯੰ ਅਚੁਤ ਗੁਣਗ੍ਹੰ ਪੂਰਨੰ ਬਹੁਲੋ ਕ੍ਰਿਪਾਲਾ॥
ਗੰਭੀਰੰ ਊਚੈ ਸਰਬਗਿ ਅਪਾਰਾ॥
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ॥
ਅਨਾਥ ਨਾਥੇ ਨਾਨਕ ਸਰਣੰ॥ (ਪੰਨਾ 1354)
ਸਾਰਿਆਂ ਉੱਤੇ ਦਇਆ ਕਰਨ ਵਾਲਾ ਅਜਿਹਾ ਪ੍ਰਭੂ ਹੀ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ:
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ॥ (ਪੰਨਾ 1355)
ਅਜਿਹਾ ਸਰਬ-ਸ਼ਕਤੀਮਾਨ ਸਮਰੱਥ ਪ੍ਰਭੂ ਜੇ ਚਾਹੇ ਤਾਂ ਪਿੱਛੜਿਆਂ ਹੋਇਆਂ ਨੂੰ ਅੱਗੇ ਕਰ ਦਿੰਦਾ ਹੈ। ਨਿਰਾਸ਼ ਹੋ ਚੁਕੇ ਪ੍ਰਾਣੀਆਂ ਦੀਆਂ ਆਸ਼ਾਵਾਂ ਪੂਰੀਆਂ ਕਰ ਦਿੰਦਾ ਹੈ। ਉਸ ਦੀ ਮਿਹਰ ਸਦਕਾ ਧਨਹੀਨ ਵਿਅਕਤੀ ਧਨਵਾਨ ਬਣ ਜਾਂਦੇ ਹਨ। ਰੋਗੀਆਂ ਦੇ ਰੋਗ ਕੱਟੇ ਜਾਂਦੇ ਹਨ। ਉਹ ਭਗਤੀ ਦਾ ਦਾਨ ਦੇ ਕੇ ਆਪਣੇ ਨਾਮ ਅਤੇ ਗੁਣਾਂ ਦੀ ਸਿਫ਼ਤ-ਸਲਾਹ ਬਖ਼ਸ਼ ਦਿੰਦਾ ਹੈ। ਯਥਾ ਫ਼ਰਮਾਨ ਹੈ:
ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ॥
ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ॥
ਭਗਤ੍ਹੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ॥ (ਪੰਨਾ 1355)
ਸਭ ਤੋਂ ਵੱਡੀ ਬਖਸ਼ਿਸ਼ ਕਿ ਉਹ ਹੀਰੇ ਰਤਨਾਂ ਵਰਗਾ ਅਮੋਲਕ ਮਨੁੱਖਾ-ਜਨਮ ਸਿਰਜਦਾ ਹੈ ਅਤੇ ਮਨੁੱਖ ਉਸ ਦੀਆਂ ਬਖਸ਼ੀਆਂ ਹੋਈਆਂ ਕੀਮਤੀ ਨਿਆਮਤਾਂ ਨੂੰ ਸੁਖ ਆਨੰਦ ਨਾਲ ਮਾਣਦੇ ਹਨ:
ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ॥
ਵਰਤੰਤਿ ਸੁਖ ਆਨੰਦ ਪ੍ਰਸਾਦਹ॥ (ਪੰਨਾ 1356)
ਸਰਗੁਣ ਸਰੂਪ ਵਿਚ ਹਰ ਥਾਂ ਪਰੀਪੂਰਨ ਹੋਣ ਦੇ ਬਾਵਜੂਦ ਵੀ ਉਹ ਮਾਇਆ ਵਿਚ ਲੁਭਾਇਮਾਨ ਨਹੀਂ ਹੁੰਦਾ। ਇਹ ਉਸ ਦਾ ਨਿਰਗੁਣ ਸਰੂਪ ਹੈ:
ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਹਤੇ॥ (ਪੰਨਾ 1357)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਪਰਮਾਤਮਾ ਦੇ ਇਸ ਅਸਚਰਜ ਰੂਪ ਦਾ ਵਰਣਨ “ਸਰਬ ਨਿਵਾਸੀ ਸਦਾ ਅਲੇਪਾ” ਕਹਿ ਕੇ ਕੀਤਾ ਹੈ। ਪਰਮਾਤਮਾ ਦੇ ਇਸ ਅਲਿਪਤ ਸਰੂਪ ਦਾ ਕੋਈ ਵਿਸ਼ੇਸ਼ ਚਿਹਨ-ਚਕ੍ਰ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਉਹ ਜਨਮ ਤੋਂ ਰਹਿਤ ਹੈ ਭਾਵ ਦੇਹ ਧਾਰਨ ਨਹੀਂ ਕਰਦਾ:
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ॥
ਅਸ੍ਚਰਜ ਰੂਪੰ ਰਹੰਤ ਜਨਮੰ॥ (ਪੰਨਾ 1359)
‘ਗੁਸਾਈਂ’ ਦੇ ਇਸ ‘ਗਰਿਸ† ਰੂਪੇਵ’ ਨੂੰ ਵੇਦ ਵੀ ਪੂਰੀ ਤਰ੍ਹਾਂ ਵਰਣਨ ਕਰਨ ਤੋਂ ਅਸਮਰੱਥਤਾ ਹੀ ਪ੍ਰਗਟਾਉਂਦੇ ਹਨ ਅਤੇ ਉਸ ਨੂੰ ਨੇਤਿ ਨੇਤਿ ਕਰਕੇ ਹੀ ਬਿਆਨਦੇ ਹਨ:
ਨੇਤ ਨੇਤ ਕਥੰਤਿ ਬੇਦਾ॥
ਊਚ ਮੂਚ ਅਪਾਰ ਗੋਬਿੰਦਹ॥
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ॥ (ਪੰਨਾ 1359)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੇ ਇਸ ਸਰੂਪ ਨੂੰ ‘ਜਾਪੁ ਸਾਹਿਬ’ ਦੇ ਅਰੰਭ ਵਿਚ ਹੀ ਵਰਣਨ ਕਰਦਿਆਂ ਦੱਸਿਆ ਹੈ ਕਿ ਉਸ ਪ੍ਰਭੂ ਦਾ ਕੋਈ ਖਾਸ ਚਕ੍ਰ, ਚਿਹਨ, ਰੰਗ, ਰੂਪ, ਜਾਤ, ਵਰਨ ਆਦਿ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਉਹ ਰੂਪ-ਰੇਖ ਤੋਂ ਨਿਆਰਾ ਹੈ। ਵੱਡੇ-ਵੱਡੇ ਰਾਜੇ ਰਿਸ਼ੀ-ਮੁਨੀ, ਦੇਵਤੇ ਵੀ ‘ਨੇਤਿ ਨੇਤਿ’ ਕਹਿ ਕੇ ਉਸ ਦੀ ਉਸਤਤਿ ਕਰਦੇ ਹਨ:
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣੁ ਕਹਤ॥1॥…
ਪਰਮ ਬੇਦ ਪੁਰਾਣ ਜਾ ਕਹਿˆ ਨੇਤਿ ਭਾਖਤ ਨਿੱਤ॥
ਕੋਟਿ ਸਿੰਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤਿ॥86॥ (ਜਾਪੁ ਸਾਹਿਬ)
‘ਸਹਸਕ੍ਰਿਤੀ ਸਲੋਕਾਂ’ ਵਿਚ ਪਰਮਾਤਮਾ ਨੂੰ ਜਿੱਥੇ ਭਗਤਾਂ ਦਾ ਪਿਆਰਾ, ਨਿਆਸਰਿਆਂ ਦਾ ਆਸਰਾ, ਨਿਰਾਧਾਰਾ ਦਾ ਆਧਾਰ, ਦੁੱਖਾਂ ਨੂੰ ਦੂਰ ਕਰਨ ਵਾਲਾ ਬਿਆਨਿਆ ਗਿਆ ਹੈ ਕਿ ਉਹ ‘ਭਗਤਿ ਵਛਲ ਕਰੁਣਾ ਮਯਹ’ ਹੈ। ਦ੍ਰਿਸ਼ਟਮਾਨ ਪਸਾਰੇ ਦੀ ਹਰੇਕ ਵਸਤੂ ਸਮਾਂ ਪਾ ਕੇ ਨਾਸ ਹੋ ਜਾਂਦੀ ਹੈ। ਹਰੇਕ ਵਸਤੂ ਦਾ ਤੇਜ ਪ੍ਰਤਾਪ ਸਮੇਂ ਦੀ ਗਤੀ ਨਾਲ ਘਟਦਾ ਰਹਿੰਦਾ ਹੈ। ਇਥੋਂ ਤਕ ਕਿ ਸੂਰਜ, ਚੰਦਰਮਾ, ਤਾਰਾ ਮੰਡਲ ਅਤੇ ਅਕਾਸ਼, ਧਰਤੀ ਦੇ ਸਾਰੇ ਖੰਡ ਸਮੇਤ ਪਹਾੜਾਂ ਅਤੇ ਰੁੱਖਾਂ ਦੇ, ਨਾਸ ਹੋ ਜਾਂਦੇ ਹਨ। ਪਤਨੀ, ਪੁੱਤਰ, ਭਰਾ ਤੇ ਪਿਆਰੇ ਸਨਬੰਧੀ ਵੀ ਬਿਨਸ ਜਾਂਦੇ ਹਨ। ਸਾਰੇ ਮਾਇਕੀ ਅਕਾਰ ਵੀ ਅੰਤ ਨੂੰ ਨਾਸ ਹੋ ਜਾਂਦੇ ਹਨ। ਪਰ ਕੇਵਲ ਇੱਕੋ ਅਬਿਨਾਸੀ ਪ੍ਰਭੂ ਹੀ ਹੈ ਜੋ ਕਦੇ ਨਾਸ ਨਹੀਂ ਹੁੰਦਾ:
ਨਹ ਘਟੰਤ ਕੇਵਲ ਗੋਪਾਲ ਅਚੁਤ॥ (ਪੰਨਾ 1354)
ਪਰਮਾਤਮਾ ਸਰਬ-ਸ਼ਕਤੀਮਾਨ ਹੈ। ਮਨੁੱਖ ਆਪਣੀ ਸਿਆਣਪ, ਤਾਕਤ ਅਤੇ ਐਸ਼ਵਰਜ਼ ਦੇ ਨਸ਼ੇ ਵਿਚ ਮੌਤ ਨੂੰ ਭੁੱਲ ਜਾਂਦਾ ਹੈ। ਜੇ ਕੋਈ ਮਨੁੱਖ ਬੜੇ ਉਪਾਅ ਕਰਨ ਦੇ ਸਮਰੱਥ ਹੋਵੇ, ਤਕੜੇ ਬਲ ਵਾਲਾ ਹੋਵੇ, ਉਸ ਦੀ ਸੁਰੱਖਿਆ ਵਾਸਤੇ ਚਾਰੇ ਪਾਸੇ ਵੱਡੇ-ਵੱਡੇ ਸੂਰਮੇ ਪਹਿਰਾ ਦੇ ਰਹੇ ਹੋਣ, ਉਹ ਅਜਿਹੇ ਥਾਂ ’ਤੇ ਵੱਸਦਾ ਹੋਵੇ ਜਿੱਥੇ ਪਹੁੰਚਣਾ ਮੁਸ਼ਕਲ ਹੋਵੇ, ਅਜਿਹੀ ਸੁਰੱਖਿਅਤ ਸਥਿਤੀ ਵਿੱਚੋਂ ਮਰਨਾ ਉਸ ਦੇ ਚਿਤ-ਚੇਤੇ ਨਾ ਹੋਵੇ:
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ॥
ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ॥ (ਪੰਨਾ 1354)
ਪਰ ਜੇ ਸਰਬ-ਸ਼ਕਤੀਮਾਨ ਪ੍ਰਭੂ ਚਾਹੇ ਤਾਂ ਇਕ ਤੁੱਛ ਜਿਹੇ ਜੀਵ ਦੁਆਰਾ ਐਸੇ ਅਹੰਕਾਰੀ ਮਨੁੱਖ ਦਾ ਵਿਨਾਸ਼ ਹੋ ਜਾਂਦਾ ਹੈ। “ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ” ਵਾਲੀ ਬਾਬਾ ਫਰੀਦ ਜੀ ਦੀ ਧਾਰਨੀ ਸੱਚ ਸਾਬਤ ਹੋ ਨਿੱਬੜਦੀ ਹੈ:
ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ॥ (ਪੰਨਾ 1354)
ਜਿਸ ਦੀ ਉਹ ਰੱਖਿਆ ਕਰਨੀ ਚਾਹੇ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਵੀ ਬਚਾ ਲੈਂਦਾ ਹੈ। ਹਰਨੀ ਨੂੰ ਵੇਖਦੇ ਸਾਰ ਹੀ ਸ਼ਿਕਾਰੀ ਨਿਸ਼ਾਨਾ ਬੰਨ੍ਹ ਕੇ ਸ਼ਸਤਰ ਨਾਲ ਚੋਟ ਕਰਦਾ ਹੈ ਪਰ ਹੈਰਾਨਗੀ ਕਿ ਜਿਸ ਦਾ ਰਾਖਾ ਪ੍ਰਭੂ-ਗੋਪਾਲ ਹੁੰਦਾ ਹੈ ਉਸ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ:
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਹ ਆਵਧਹ॥
ਅਹੋ ਜਸ੍ਹ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਹਤੇ॥ (ਪੰਨਾ 1354)
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ॥ (ਪੰਨਾ 961)
ਜਿਸ ਨੋ ਸਾਜਨ ਰਾਖਸੀ ਦੁਸਮਨ ਕਉਨ ਬਿਚਾਰ॥ (ਬਚਿਤ੍ਰ ਨਾਟਕ)
ਉਹ ਸ਼ਰਨ-ਪਾਲਕ ਸੰਤਾਂ ਦਾ ਪਿਆਰਾ ਭਗਵਾਨ ਆਪਣੇ ਪਿਆਰਿਆਂ ਦੀ ਸਦਾ ਕਲਿਆਣ ਕਰਦਾ ਹੈ:
ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ॥19॥ (ਪੰਨਾ 1355)
ਲੇਖਕ ਬਾਰੇ
- ਭਾਈ ਦਰਸ਼ਨ ਸਿੰਘ ਐਮ.ਏ.https://sikharchives.org/kosh/author/%e0%a8%ad%e0%a8%be%e0%a8%88-%e0%a8%a6%e0%a8%b0%e0%a8%b6%e0%a8%a8-%e0%a8%b8%e0%a8%bf%e0%a9%b0%e0%a8%98-%e0%a8%90%e0%a8%ae-%e0%a8%8f/September 1, 2009