ਜਿਵੇਂ ਸਿਰਲੇਖ ਤੋਂ ਹੀ ਸਪੱਸ਼ਟ ਹੈ ਇਹ ਸਲੋਕ ਸਹਸਕ੍ਰਿਤੀ ਵਿਚ ਹਨ। ਸਹਸਕ੍ਰਿਤੀ ਪੂਰਨ ਰੂਪ ਵਿਚ ਸ਼ੁੱਧ ਸੰਸਕ੍ਰਿਤ ਨਹੀਂ ਹੈ। ਇਹ ‘ਗਾਥਾ’ ਨਾਮੀ ਬੋਲੀ ਦੇ ਨਾਲ ਰਲਦੀ-ਮਿਲਦੀ ਹੈ। ਪਰ ‘ਸਹਸਾਕਿਰਤਾ’ ਬੋਲੀ ਇਸ ਨਾਲੋਂ ਵੱਖਰੀ ਹੈ। ਡਾ. ਬਲਬੀਰ ਸਿੰਘ ਨੇ ‘ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਇਸ ਸਬੰਧੀ ਇਸ ਤਰ੍ਹਾਂ ਲਿਖਿਆ ਹੈ:
“ਸਹਸਕ੍ਰਿਤੀ ਦੀ ਬਣਤਰ ਅਤੇ ਗਾਥਾ ਵਿਚ ਕੋਈ ਖਾਸ ਭੇਦ ਨਹੀਂ, ਸਿਵਾਏ ਰਵਾਨਗੀ ਦੇ, ਜਿਹੜੀ ਕਿ ਸਹਸਕ੍ਰਿਤੀ ਵਿਚ ਜ਼ਿਆਦਾ ਹੈ, ਸਥਾਨਕ ਸ਼ਬਦਾਂ ਦੀ ਵਧੇਰੀ ਮਿਲਾਵਟ ਹੋਣ ਦੇ ਕਾਰਨ। ਪਰ ਸਹਸਾਕਿਰਤਾ ਵਿਚ ਫਰਕ ਹੈ। ਸਹਸਾਕਿਰਤਾ ਤੋਂ ਮਤਲਬ ਬੁੱਧ ਅਤੇ ਜੈਨ ਆਦਿਕ ਗ੍ਰੰਥਾਂ ਤੋਂ ਹੈ ਜੋ ਕੇਵਲ ਸ਼ੁੱਧ ਸੰਸਕ੍ਰਿਤ ਵਿਚ ਨਹੀਂ।
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ॥ (ਪੰਨਾ 876)
ਤੋਂ ਮੁਰਾਦ ਇਹੀ ਹੈ ਕਿ ਕੋਈ ਹਿੰਦੂਆਂ ਦੇ ਸੰਸਕ੍ਰਿਤ ਵਿਚ ਰਚੇ ਪੁਰਾਣ ਪੜ੍ਹ ਰਿਹਾ ਹੈ।1
ਇਸੇ ਬਾਰੇ ਮੋਨੀਅਰ ਵਿਲੀਅਮ ਆਪਣੀ ਪੁਸਤਕ ‘ਏ ਪ੍ਰੈਕਟੀਕਲ ਗਰਾਮਰ ਆਫ ਸੰਸਕ੍ਰਿਤ ਲੈਂਗੂਏਜ਼’ ਵਿਚ ਲਿਖਦੇ ਹਨ ਜਿਸ ਦਾ ਪੰਜਾਬੀ ਉਲੱਥਾ ਇਸ ਤਰ੍ਹਾਂ ਹੈ:
“ਇਸ ਪੱਖ ਦੀ ਪੜਤਾਲ ਕਿ ਕਿਵੇਂ ਸੰਸਕ੍ਰਿਤ ਪ੍ਰਾਕ੍ਰਿਤ ਵਿਚ ਤਬਦੀਲ ਹੋਈ ਆਪਣੀ ਇਕ ਦਿਲਚਸਪੀ ਰੱਖਦੀ ਹੈ। ਇਕ ਕਿਤਾਬ ਹੈ ਜਿਸ ਦਾ ਨਾਉਂ ਹੈ, ‘ਲਲਿਤ-ਵਿਸਤ੍ਰਰਾਂ। ਇਸ ਵਿਚ ਬੁੱਧ ਦਾ ਜੀਵਨ ਅਤੇ ਸਾਖੀਆਂ ਹਨ ਅਤੇ ਇਹ ਸ਼ੁੱਧ ਸੰਸਕ੍ਰਿਤ ਵਿਚ ਹੈ… ਪਰ ਸੰਸਕ੍ਰਿਤ ਦੇ ਮੂਲ ਦੇ ਨਾਲ ਹੀ ਗਾਥਾ ਜਾਂ ਗੀਤ ਹਨ ਜੋ ਜੀਵਨ ਕਥਾ ਨੂੰ ਦੁਹਰਾਉਂਦੇ ਹਨ। ਇਕ ਕਿਸਮ ਦੀ ਰਲੀ-ਮਿਲੀ ਬੋਲੀ ਵਿਚ। ਐਸੀ ਬੋਲੀ ਵਿਚ, ਜੋ ਅੱਧੀ ਸੰਸਕ੍ਰਿਤ ਅਤੇ ਅੱਧੀ ਪ੍ਰਾਕ੍ਰਿਤ ਹੈ। ਇਸ ਵਿਚ ਵੈਦਿਕ (ਸਮੇਂ ਦੀ ਪ੍ਰਚਲਤ) ਬੋਲੀ ਵੀ ਹੈ ਅਤੇ ਨਾਲ ਨਵੀਨ ਬੋਲੀ ਦੇ ਰੂਪ ਵੀ ਹਨ, ਵਿਚ-ਵਿਚ ਪ੍ਰਾਕ੍ਰਿਤ ਦੇ ਕਈ ਵਿਗੜੇ ਹੋਏ ਰੂਪ ਵੀ ਰਲਗੱਡ ਹੋਏ-ਹੋਏ ਚੱਲਦੇ ਹਨ।”
ਡਾ. ਬਲਬੀਰ ਸਿੰਘ ‘ਨਿਰੁਕਤ’ ਵਿਚ ਅੱਗੇ ਚੱਲ ਕੇ ਲਿਖਦੇ ਹਨ: “ਮੋਨੀਅਰ ਵਿਲੀਅਮ ਦੇ ਉੱਪਰਲੇ ਕਥਨ ਤੋਂ ਪਤਾ ਚੱਲਦਾ ਹੈ ਕਿ ਕਈ ਇਕ ਗੀਤ ਜੋ ਪੁਰਾਤਨ ਸੰਸਕ੍ਰਿਤ ਪੁਸਤਕਾਂ ਦਾ ਅੰਗ ਸਨ, ਗਾਥਾ ਦੇ ਨਾਮ ਹੇਠ ਹਨ। ਗਾਥਾ ਇਕ ਰਲੀ-ਮਿਲੀ ਬੋਲੀ ਨੂੰ ਵਰਤੋਂ ਵਿਚ ਲਿਆਉਂਦੀ ਹੈ। ਗਾਥਾ ਵਿਚ ਮਿਲਾਵਟ ਹੈ ਹੇਠ ਲਿਖੀਆਂ ਬੋਲੀਆਂ ਦੀ:
(1) ਵੈਦਿਕ ਭਾਸ਼ਾ
(2) ਸੰਸਕ੍ਰਿਤ ਦੇ ਨਵੀਨ ਰੂਪ
(3) ਪਾਲੀ, ਪ੍ਰਾਕ੍ਰਿਤ ਅਤੇ ਉਸ ਦੇ ਵਿਗੜੇ ਹੋਏ ਰੂਪ
ਅਤੇ ਹੋਰ ਐਸੀਆਂ ਭਾਸ਼ਾਵਾਂ ਜਿਨ੍ਹਾਂ ਤੋਂ ਅਪਭ੍ਰੰਸ਼ ਦਾ ਜਨਮ ਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਗਾਥਾ’ ਦੇ ਸਿਰਲੇਖ ਹੇਠ ਵੀ ਇਕ ਬਾਣੀ ਦਰਜ ਹੈ। ਇਹ ਪੰਨਾ 1360-61 ਉੱਪਰ ਵਿਦਮਾਨ ਹੈ।
ਸਹਸਾਕਿਰਤਾ ਉਹ ਰਚਨਾ ਹੈ ਜੋ ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਦੇ ਮਿਲਵੇਂ ਰੂਪ ਵਿਚ ਹੋਵੇ। ਉਹ ਗ੍ਰੰਥ ਜਿਨ੍ਹਾਂ ਵਿਚ ਸੰਸਕ੍ਰਿਤ ਦੇ ਨਾਲ-ਨਾਲ ਗਾਥਾ ਦੀ ਵਰਤੋਂ ਹੋਵੇ, ਇਸੇ ਘੇਰੇ ਵਿਚ ਮੰਨੇ ਗਏ ਹਨ।”2
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ‘ਸਹਸਕ੍ਰਿਤੀ’ ਬਾਰੇ ਲਿਖਿਆ ਗਿਆ ਹੈ:
“ਜਿਵੇਂ ਪੁਰਾਣੇ ਜ਼ਮਾਨੇ ਵਿਚ ਪ੍ਰਾਕ੍ਰਿਤ ਦੇ ਮੁਕਾਬਲੇ ’ਤੇ ਸੰਸਕ੍ਰਿਤ ਹੁੰਦੀ ਸੀ ਤਿਵੇਂ ਗੁਰੂ ਸਾਹਿਬ ਦੇ ਵਕਤ ਆਮ ਪ੍ਰਚਲਤ ਬੋਲੀਆਂ ਦੇ ਮੁਕਾਬਲੇ ਵਿਚ ਇਕ ਬਨਾਉਟੀ ਜਿਹੀ ਬੋਲੀ ਪ੍ਰਚਲਤ ਸੀ ਜਿਸ ਨੂੰ ਗਾਥਾ ਸਹਸਕ੍ਰਿਤੀ ਕਹਿੰਦੇ ਸਨ। ਇਹ ਸਾਧਾਂ-ਸੰਤਾਂ ਦੇ ਡੇਰਿਆਂ ਉੱਤੇ ਸਾਰੇ ਹਿੰਦ ਵਿਚ ਸਮਝੀ ਜਾਂਦੀ ਸੀ। ਇਹ ਵੱਖੋ-ਵੱਖਰੇ ਸੂਬਿਆਂ ਦੀਆਂ ਬੋਲੀਆਂ ਦੇ ਵਿਆਕਰਣਕ ਵਖਰੇਵਿਆਂ ਤੋਂ ਆਜ਼ਾਦ ਹੁੰਦੀ ਸੀ। ਮਸਲਨ ਕਰਤੇ ਹੋ, ਕਰਦੇ ਹਨ ਆਦਿ ਪ੍ਰਾਂਤਿਕ ਰੂਪਾਂ ਦੀ ਥਾਂ ‘ਕਰੰਤਿ’ ਹੀ ਕੰਮ ਦੇ ਜਾਂਦਾ ਸੀ।”3
ਡਾ. ਭਾਈ ਵੀਰ ਸਿੰਘ ਅਨੁਸਾਰ ਇਹ ਉਹ ਭਾਸ਼ਾ ਹੈ, ਜੋ ਸੰਸਕ੍ਰਿਤ ਨਹੀਂ ਅਰ ਨਾ ਹੀ ਦੇਸ਼ ਭਾਸ਼ਾ ਹੈ, ਪਰ ਸੰਸਕ੍ਰਿਤ ਨਾਟਕਾਂ ਵਿਚ ਬਾਤਚੀਤ ਦੇ ਸਮੇਂ ਇਹੋ ਭਾਸ਼ਾ ਬੋਲੀ ਜਾਂਦੀ ਹੈ। ਸਗੋਂ ਕਈ ਵਿਦਵਾਨਾਂ ਦਾ ਤਾਂ ਇਹ ਸੰਕੇਤ ਹੈ ਕਿ ਜਿਸ ਸੰਸਕ੍ਰਿਤ ਨਾਟਕ ਵਿਚ ਪ੍ਰਾਕ੍ਰਿਤ ਨਾ ਹੋਵੇ ਉਸ ਨੂੰ ਨਾਟਕ ਹੀ ਨਹੀਂ ਕਹਿੰਦੇ। ਗੁਫਤਗੂ ਦੇ ਵਿਚ ਐਸੀ ਬੋਲੀ ਦੇ ਰਿਵਾਜ ਨੂੰ ਰਚਨਾ ਰਚਣ ਵਾਲੇ ਆਵੱਸ਼ਕ ਜਾਣਦੇ ਹਨ। ਇਹ ਬੋਲੀ ਹਿੰਦੁਸਤਾਨ ਵਿਚ ਬਹੁਤ ਵਰਤੀ ਜਾਂਦੀ ਰਹੀ ਹੈ ਅਰ ਆਪਣੇ ਜੁਦੇ ਕਾਵਯ ਕੋਸ਼ਾਂ ਵਿਚ ਤੁਰਦੀ ਹੈ। ਦੇਸ਼ ਭੇਦ ਕਰਕੇ ਇਸ ਦੇ ਰੂਪਾਂ ਵਿਚ ਵੀ ਭੇਦ ਹੈ। ਪੰਜਾਬ ਵਿਚ ਇਸ ਦਾ ਤਦੋਂ ਉਹ ਰੂਪ ਵਰਤਮਾਨ ਸੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਹਸਕ੍ਰਿਤੀ ਸਲੋਕਾਂ ਅਰ ਗਾਥਾ ਵਿਚ ਵਰਤਿਆ ਹੈ। ਗਾਥਾ ਪਦ ਦਾ ਅਰਥ ਵੀ ਸੰਸਕ੍ਰਿਤੀ ਬੋਲੀ ਵਿਚ ਪ੍ਰਾਕ੍ਰਿਤ ਹੈ, ਕਿਉਂਕਿ ਪੰਡਤਾਂ ਨਾਲ ਗੱਲਬਾਤ ਸੀ, ਇਸ ਲਈ ਸਤਿਗੁਰਾਂ ਨੇ ਬੋਲਚਾਲ ਵਾਲੀ ਪ੍ਰਾਕ੍ਰਿਤ ਬੋਲੀ ਵਿਚ ਉਨ੍ਹਾਂ ਨੂੰ ਆਪਣਾ ਸਿਧਾਂਤ ਸੁਣਾਇਆ, ਕਿਉਂਕਿ ਪ੍ਰਾਣੀ ਦਾ ਉਧਾਰ ਤਾਂ ਸਿਧਾਂਤ ਨਾਲ ਹੁੰਦਾ ਹੈ, ਬੋਲੀ ਤਾਂ ਉਨ੍ਹਾਂ ਉੱਤਮ ਖਿਆਲਾਂ ਨੂੰ ਪ੍ਰਗਟ ਕਰਨੇ ਦਾ ਨਮਿੱਤ ਮਾਨ ਹੈ। ਕਈ ਲੋਕ ਬੋਲੀ ਦੀ ਵਡਿਆਈ ਸਮਝਦੇ ਹਨ, ਪਰ ਸਮਝ ਵਾਲੇ ਬੁੱਧੀਮਾਨ ਸਿਧਾਂਤ ਨੂੰ ਦੇਖਦੇ ਹਨ, ਜਿਕੁਰ ਕੱਪੜਿਆਂ ਨਾਲ ਕੋਈ ਪੰਡਿਤ ਨਹੀਂ ਹੋ ਜਾਂਦਾ, ਪੰਡਤਾਈ ਤਾਂ ਵਿਦਿਆ ਨਾਲ ਹੁੰਦੀ ਹੈ। ਗੱਲ ਕੀ ਉਸ ਭਾਸ਼ਾ ਵਿਚ ਜੋ ਪੰਡਿਤਾਂ ਦੇ ਅਨੁਕੂਲ ਸੀ, ਗੁਰੂ ਜੀ ਨੇ ਉਨ੍ਹਾਂ ਦੇ ਉਧਾਰ ਨਮਿੱਤ ਇਹ ਉਪਦੇਸ਼ ਦਿੱਤਾ।4
ਪ੍ਰੋਫੈਸਰ ਸਾਹਿਬ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਪੋਥੀ ਦਸਵੀਂ ਸਫ਼ਾ 12 ’ਤੇ ਲਿਖਦੇ ਹਨ:
“ਸਹਸਕ੍ਰਿਤੀ ਲਫ਼ਜ਼ ‘ਸਹਸ’ ਸੰਸਕ੍ਰਿਤ ਦੇ ਲਫਜ਼ ‘ਸੰਸ’ ਤੋਂ ਪ੍ਰਾਕ੍ਰਿਤ ਰੂਪ ਹੈ, ਜਿਵੇਂ ਲਫ਼ਜ਼ ‘ਸੰਸ਼ਯ’ ਤੋਂ ਪ੍ਰਾਕ੍ਰਿਤ ਰੂਪ ‘ਸਹਸਾ’ ਹੈ। ਸੋ, ਇਹ ਸਲੋਕ ਜਿਨ੍ਹਾਂ ਦਾ ਸਿਰਲੇਖ ਹੈ ‘ਸਹਸ ਕ੍ਰਿਤੀ’ ਸੰਸਕ੍ਰਿਤ ਦੇ ਨਹੀਂ ਹਨ। ਲਫ਼ਜ਼ ‘ਸਹਸ ਕ੍ਰਿਤੀ’ ਲਫ਼ਜ਼ ‘ਸੰਸਕ੍ਰਿਤ’ ਦਾ ਪ੍ਰਕ੍ਰਿਤ-ਰੂਪ ਹੈ। ਇਹ ਸਾਰੇ ਸਲੋਕ ਭੀ ਪ੍ਰਾਕ੍ਰਿਤ ਬੋਲੀ ਦੇ ਹੀ ਹਨ। ਉਪਰੋਕਤ ਵਿਦਵਾਨਾਂ ਦੀ ਰਾਏ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਸਮੇਂ-ਸਥਾਨ, ਇਲਾਕੇ ਅਤੇ ਬੌਧਿਕ ਪੱਧਰ ਨੂੰ ਮੁੱਖ ਰੱਖ ਕੇ ਸੱਚ ਧਰਮ ਦਾ ਨਿਰੂਪਣ ਕਰਨ ਲਈ ਲੋੜੀਂਦੀ ਬੋਲੀ ਦੀ ਵਰਤੋਂ ਕੀਤੀ ਹੈ। ਗੁਰੂ ਸਾਹਿਬ ਦੇ ਸਮੇਂ ਵੇਦਾਂ ਸ਼ਸ਼ਤਰਾਂ ਦੇ ਗਿਆਤਾਵਾਂ ਦੀ ਕਮੀ ਨਹੀਂ ਸੀ। ਪਰ ਉਨ੍ਹਾਂ ਕੋਲ ਕੇਵਲ ਵਿਦਵਤਾ ਹੀ ਸੀ। ਅਮਲੀ ਜੀਵਨ ਦੀ ਕਮੀ ਸੀ। ਗੁਰਵਾਕ ਹੈ: –
ਬੇਦ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ॥ (ਪੰਨਾ 1003)
ਮੁਖ ਤੇ ਪੜਤਾ ਟੀਕਾ ਸਹਿਤ॥
ਹਿਰਦੈ ਰਾਮੁ ਨਹੀ ਪੂਰਨ ਰਹਤ॥ (ਪੰਨਾ 887)
ਗੁਰੂ ਸਾਹਿਬ ਜੀ ਨੇ ਇਨ੍ਹਾਂ ਸਲੋਕਾਂ ਰਾਹੀਂ ਜੀਵਨ ਨੂੰ ਸਫਲ ਕਰਨ ਲਈ ਅਮਲੀ ਰਹਿਤ ’ਤੇ ਜ਼ੋਰ ਦਿੱਤਾ ਹੈ। ਦਿਖਾਵੇ ਦੇ ਪੰਡਤ ਬਣਨ ਨਾਲ ਜੀਵਨ ਓਝੜ ਰਾਹੇ ਹੀ ਪਿਆ ਰਹਿੰਦਾ ਹੈ। ਜੀਵਨ ਦੀ ਸਫ਼ਲਤਾ ਦਾ ਰਾਜ਼ ਪ੍ਰਭੂ-ਸਿਮਰਨ ਵਿਚ ਲੁਕਿਆ ਹੋਇਆ ਹੈ। ਮਨੁੱਖਤਾ ਦੀ ਸੇਵਾ ਕਰਨਾ, ਮਨ ਵਿਚ ਨਿਮਰਤਾ ਧਾਰਨ ਕਰਨੀ, ਦੂਜਿਆਂ ਦਾ ਭਲਾ ਕਰਨਾ ਹੀ ਵਿੱਦਿਆ ਦਾ ਅਸਲੀ ਨਿਸ਼ਾਨਾ ਹੋਣਾ ਚਾਹੀਦਾ ਹੈ।
ਲੇਖਕ ਬਾਰੇ
- ਭਾਈ ਦਰਸ਼ਨ ਸਿੰਘ ਐਮ.ਏ.https://sikharchives.org/kosh/author/%e0%a8%ad%e0%a8%be%e0%a8%88-%e0%a8%a6%e0%a8%b0%e0%a8%b6%e0%a8%a8-%e0%a8%b8%e0%a8%bf%e0%a9%b0%e0%a8%98-%e0%a8%90%e0%a8%ae-%e0%a8%8f/February 1, 2009