ਸਲੋਕ ਸਹਸਕ੍ਰਿਤੀ ਮ: 5 ਸਿਰਲੇਖ ਅਧੀਨ ਆਏ ਸਲੋਕਾਂ ਦਾ ਆਕਾਰ ਦੋ ਤੋਂ ਲੈ ਕੇ ਸੱਤ ਤੁਕਾਂ ਦਾ ਅਤੇ ਵਿਸ਼ਾ-ਖੇਤਰ ਬਹੁਤ ਵਿਸ਼ਾਲ ਹੈ। ਬਹੁਤੇ ਸਲੋਕਾਂ ਵਿਚ ਪ੍ਰਭੂ-ਉਸਤਤਿ, ਸਾਧ-ਸੰਗਤ, ਨਾਮ ਜਪਣ, ਸਿਮਰਨ, ਗੁਰ-ਸੇਵਾ, ਨਿਮਰਤਾ, ਸਹਿਣਸ਼ੀਲਤਾ ਅਤੇ ਪਰਉਪਕਾਰੀ ਬਿਰਤੀਆਂ ਨੂੰ ਜੀਵਨ-ਅਮਲ ਵਿਚ ਢਾਲਣ ਦਾ ਉਪਦੇਸ਼ ਹੈ ਅਤੇ ਵਿਕਾਰਾਂ-ਵਾਸ਼ਨਾਵਾਂ ਤੇ ਭੈੜੀ ਸੰਗਤ ਤੋਂ ਦੁਰੇਡੇ ਹੀ ਰਹਿਣ ਲਈ ਪ੍ਰੇਰਨਾ ਹੈ। ਭਗਤੀ-ਭਾਵਨਾ ਤੇ ਚਰਿੱਤਰ ਨਿਰਮਾਣ ਪ੍ਰਤੀ ਦ੍ਰਿੜ੍ਹਤਾ ਉੱਪਰ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਗੁਰੂ ਦੀ ਅਗਵਾਈ ਅਤੇ ਪਰਮਾਤਮਾ ਦੀ ਕਿਰਪਾ-ਮਿਹਰ ਦੁਆਰਾ ਸਾਧਕ ਆਪਣੇ ਆਦਰਸ਼ ਨੂੰ ਜਾ ਅਪੜਦਾ ਹੈ।
‘ਸਹਸਕ੍ਰਿਤੀ’ ਸ਼ਬਦ ਸੰਸਕ੍ਰਿਤ ਦਾ ਪ੍ਰਾਕ੍ਰਿਤ ਰੂਪ ਹੈ ਅਤੇ ਉਸ ਭਾਸ਼ਾ ਲਈ ਪ੍ਰਚੱਲਿਤ ਹੋਇਆ ਜਿਹੜੀ ਸੰਸਕ੍ਰਿਤ ਦੀਆਂ ਲੀਹਾਂ ’ਪਰ ਪਾਲੀ ਅਤੇ ਪ੍ਰਾਕ੍ਰਿਤ ਦੇ ਸੰਜੋਗ ਨਾਲ ਹੋਂਦ ਵਿਚ ਆਈ ਸੀ ਅਤੇ ਆਮ ਕਰਕੇ ਸਿਧਾਂ-ਨਾਥਾਂ ਦੇ ਡੇਰਿਆਂ ’ਚ ਅੰਤਰ-ਸੰਵਾਦ ਲਈ ਵਰਤੀ ਜਾਂਦੀ ਸੀ। ਜਿਵੇਂ ਮੱਧਯੁੱਗ ਦੌਰਾਨ ਲਗਭਗ ਸਾਰੇ ਹਿੰਦੁਸਤਾਨ ਵਿਚ ਸਾਧ-ਭਾਸ਼ਾ ਆਸਾਨੀ ਨਾਲ ਸਮਝੀ ਜਾਂਦੀ ਸੀ, ਉਵੇਂ ਹੀ ਅਪਭ੍ਰੰਸ਼ਾਂ ਦੇ ਵਿਕਸਤ ਹੋਣ ਤੋਂ ਪਹਿਲਾਂ ਸਹਸਕ੍ਰਿਤੀ ਅਧਿਆਤਮਕ ਗੋਸ਼ਟੀਆਂ-ਸੰਵਾਦਾਂ ਲਈ ਸਰਬ-ਪ੍ਰਵਾਨਿਤ ਰਹੀ ਹੈ। ਜਿਵੇਂ ਸੰਸਕ੍ਰਿਤ ਦੇ ‘ਸੰਸ਼ਯ’ ਤੋਂ ਪ੍ਰਾਕ੍ਰਿਤ ਰੂਪ ‘ਸਹਸਾ’ ਬਣ ਗਿਆ, ਉਵੇਂ ਸੰਸਕ੍ਰਿਤ ਸ਼ਬਦ ਤੋਂ ਸਹਸਕ੍ਰਿਤੀ ਬਣ ਗਿਆ-ਸਪੱਸ਼ਟ ਹੈ ਕਿ ਉਕਤ ਸਲੋਕ ਸੰਸਕ੍ਰਿਤ ਭਾਸ਼ਾ ਦੇ ਨਹੀਂ ਬਲਕਿ ਪ੍ਰਾਕ੍ਰਿਤ ਬੋਲੀ ਨਾਲ ਸੰਬੰਧਿਤ ਹਨ।
ਸੱਚਾ ਗੁਰੂ, ਜਗਿਆਸੂ ਲਈ ਅੰਧਿਆਰੇ ਵਿਚ ਦੀਪਕ ਦੀ ਰੋਸ਼ਨੀ ਵੱਤ ਮਾਰਗ-ਦਰਸ਼ਨ ਕਰਦਿਆਂ ਜੀਵਨ ਦੇ ਅਸਲ ਮਨੋਰਥ ਦੀ ਪੂਰਤੀ ਤਕ ਅਪੜਾਉਣ ਦਾ ਬਿਰਦ ਪਾਲਦਾ ਹੈ, ਆਪਣੇ ਦੈਵੀ ਅਨੁਭਵ ਨੂੰ ਪਰਉਪਕਾਰੀ ਲੋਚਾ ਅਧੀਨ ਦੂਸਰਿਆਂ ਨਾਲ ਸਾਂਝਾ ਕਰਨ ਹਿੱਤ ਅਤੇ ਉਨ੍ਹਾਂ ਦੇ ਗਿਆਨ-ਧਿਆਨ ਪ੍ਰਕਾਰਜ ਨੂੰ ਆਸਾਨ ਬਣਾਉਣ ਲਈ ਅਧਿਆਤਮਿਕ ਰਹੱਸਾਂ ਨੂੰ ਲੌਕਿਕ ਭਾਸ਼ਾ ਵਿਚ ਵਖਾਣਦਾ ਹੈ-ਭਾਵ, ਇਥੇ ਆਖਣ ਵਾਲੇ ਆਤਮਾ, ਪਰਮ-ਆਤਮਾ ਨਾਲ ਇਕਸੁਰ ਹੋ ਕੇ ਬਾਣੀ ਉਚਾਰ ਰਹੀ ਹੈ ਜਾਂ ਇਉਂ ਸਮਝੀਏ ਕਿ ਇਹ ਬਚਨ ਜਾਂ ਕਥਨ, ਮੂਲ ਸ੍ਰੋਤ, ਧੁਰੇ ਜਾਂ ਪਰਮ ਤਤ੍ਵ ਦੀ ਅਸਲੀਅਤ ਦੀ ਸਭ ਤੋਂ ਨੇੜਲੇ ਅਨੁਭਵ-ਪ੍ਰਕਾਸ਼ ਦਾ ਪ੍ਰਗਟਾਉਣਾ ਹੈ।
‘ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥’
‘ਧੁਰ ਕੀ ਬਾਣੀ ਆਈ’ ਅਤੇ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ’ ਵਰਗੇ ਗੁਰ ਫ਼ਰਮਾਨ ਇਸੇ ਦਿਸ਼ਾ ਵੱਲ ਸੰਕੇਤ ਪੱਕਾ ਕਰਦੇ ਹਨ। ਗੁਰਬਾਣੀ ਅੰਦਰਲੇ ਵਿਸ਼ਾ-ਵਸਤੂ ਜਾਂ ਤੱਥਾਂ ਦਾ ਕਿਸੇ ਨਿਸ਼ਚਿਤ ਕ੍ਰਮ-ਬੱਧ ਜਾਂ ਸ਼ਾਸਤਰੀ ਢੰਗਾਂ ਦੇ ਬੰਧਨਾਂ ਅਧੀਨ ਕਥਨ ਨਹੀਂ ਕੀਤਾ ਗਿਆ, ਸਗੋਂ ਇਹ ਤਾਂ ਅਧਿਆਤਮਿਕ ਚਿੰਤਨ ਅਤੇ ਅਨੁਭਵ ਦੀ ਕਾਵਿਮਈ ਸੰਗੀਤਕ ਰਸ-ਭਰਪੂਰ ਪੇਸ਼ਕਾਰੀ ਹੈ। ਫਿਰ ਵੀ ਵਿਸ਼ੇਸ਼ ਵਿਸ਼ਿਆਂ ਸੰਬੰਧੀ ਕਥਨਾਂ ਦੇ ਵਿਵੇਚਨ ਤੇ ਸਮੀਕਰਣਾਂ ਤੋਂ ਮਾਰਗ ਦਰਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅਸੀਂ ਸਲੋਕ ਸਹਸਕ੍ਰਿਤੀ ਮਹਲਾ 5 ’ਚੋਂ ਅੰਤਰੀਵ ਸ਼ਾਂਤੀ ਦੀ ਪ੍ਰਾਪਤੀ ਲਈ ਲੋੜੀਂਦੇ ਸਾਧਨ-ਸੂਤਰਾਂ ਨੂੰ ਜਾਨਣ ਤੇ ਮਾਣਨ ਦਾ ਜਤਨ ਕਰਾਂਗੇ। ਇੰਞ ਕਰਦਿਆਂ ਸਾਨੂੰ ਹਮੇਸ਼ਾਂ ਯਾਦ ਰੱਖਣਾ ਹੋਵੇਗਾ ਕਿ ਵੱਖ-ਵੱਖ ਬਾਣੀਆਂ ਵਿਚ ਅੱਡੋ-ਅੱਡਰੇ ਸਿਧਾਂਤ ਨਹੀਂ ਦ੍ਰਿਸ਼ਟਾਏ ਗਏ ਸਗੋਂ ਗੁਰੂ ਪਾਤਸ਼ਾਹ ਨੇ ਵੱਖ-ਵੱਖ ਰਚਨਾਵਾਂ ਵਿਚ ਆਪਣੇ ਅਨੁਭਵ-ਪ੍ਰਕਾਸ਼ੀ ਉਪਦੇਸ਼ਾਂ ਦੀਆਂ ਵਿਭਿੰਨ ਪਰਤਾਂ ਨੂੰ ਖੋਲ੍ਹ ਕੇ ਸਮਝਾਉਣ ਦੀ ਜੁਗਤ ਵਰਤੀ ਹੈ ਅਤੇ ਦੁਹਰਾਉ-ਵਿਧਾ ਰਾਹੀਂ ਅਧਿਆਤਮਿਕ-ਨੇਮਾਂ ਨੂੰ ਆਚਾਰ-ਵਿਹਾਰ ਵਿਚ ਸਹਜ-ਸਮਾਈ ਵਾਸਤੇ ਅਤਿ ਗੁਣਕਾਰੀ ਮੰਨਿਆ ਗਿਆ ਹੈ ਕਿਉਂਕਿ ਜਿਸ ਖਿਆਲ ਨੂੰ ਬਾਰੰਬਾਰ ਯਾਦ ਕੀਤਾ ਜਾਏ, ਉਹ ਸਾਡੇ ਚੇਤੇ ਵਿਚ ਪੱਕੀ ਥਾਂ ਸਥਾਪਿਤ ਕਰ ਲੈਂਦਾ ਹੈ ਤੇ ਇਸ ਤਰ੍ਹਾਂ ਮਨੁੱਖੀ-ਮਾਨਸਿਕਤਾ ਦੇ ਬਦਲਾਵ ਨਾਲ ਆਤਮਿਕ ਜੀਵਨ ਦੇ ਸ੍ਰੇਸ਼ਟਤਮ ਆਦਰਸ਼ਾਂ ਵੱਲ ਵਧਿਆ ਜਾ ਸਕਦਾ ਹੈ। ਤਾਤਪਰਜ ਇਹ ਕਿ ਸਹਸਕ੍ਰਿਤੀ ਸਲੋਕਾਂ ਵਿਚ ਦਰਸਾਏ ਗਏ ਸਿਧਾਂਤਕ ਨੁਕਤੇ ਤੇ ਭਾਵ ਦੂਸਰੀ ਸਮੁੱਚੀ ਗੁਰਬਾਣੀ ਦੇ ਆਦੇਸ਼ਾਂ ਅਤੇ ਉਦੇਸ਼ਾਂ ਦੀ ਐਨ ਅਨੂਰੂਪਤਾ ਵਿਚ ਦ੍ਰਿੜ੍ਹਤਾ ਦਾ ਸੰਖੇਪ ਰੂਪ ਹੈ।
ਦੂਖ ਨਿਵਾਰਣ ਅਤੇ ਸੁਖ-ਸ਼ਾਂਤੀ ਦੀ ਪ੍ਰਾਪਤੀ ਲਈ ਸੰਸਾਰ ਦੇ ਸਾਂਝੇ ਮਨੁੱਖੀ ਭਾਈਚਾਰੇ ਵਾਸਤੇ, ਗੁਰਬਾਣੀ ਵਿਚ, ਅਨਿਕ ਪ੍ਰਕਾਰੀ ਪੁਰਾਤਨ ਪ੍ਰਚਲਿਤ ਵਿਚਾਰਧਾਰਾਵਾਂ ਤੋਂ ਉਲਟ ਬਿਲਕੁਲ ਨਵੀਂ ਨਿਵੇਕਲੀ ਅਤਿ ਆਧੁਨਿਕ ਮਾਰਗ-ਦਰਸ਼ਨ ਦੀ ਪ੍ਰਸਤੁਤੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਥਾਪਤੀ ਹੈ ਕਿ ਮਨੁੱਖਾ-ਜੀਵਨ ਵਿਚ ਸੁਖਾਂ-ਦੁੱਖਾਂ ਦਾ ਆਉਣਾ-ਜਾਣਾ ਤਾਂ ਬਣਿਆ ਹੀ ਰਹਿਣਾ ਹੈ-
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਹਰ ਕੋਈ ਦੁਨਿਆਵੀ ਸੁਖ-ਸੰਪਦਾ ਦੀ ਢੂੰਡ ਵਿਚ ਭਟਕ ਰਿਹਾ ਹੈ, ਖਿੰਡੀਆਂ ਮਨੋਬਿਰਤੀਆਂ ਦਾ ਕੋਈ ਟੀਚਾ-ਟਿਕਾਣਾ ਨਹੀਂ, ਹੋਰ ਤੋਂ ਅਗਾਹਾਂ ਹੋਰ, ਤੇ ਹੋਰ-ਹੋਰ ਦਾ ਦਿਸਹੱਦਾ ਹੱਥ ਨਹੀਂ ਆਉਂਦਾ, ਫਿਰ ਸ਼ਾਂਤੀ ਕਿੱਥੇ? ਬਿਨਾਂ ਮੁਸ਼ੱਕਤ ਘਾਲਣਾ ਦੇ, ਪ੍ਰਾਪਤੀ ਕਿਵੇਂ ਹੋਵੇ? ਲੋਭ, ਮੋਹ, ਅਹੰਕਾਰ ਨੇ ਤਾਂ ਰੋਗਾਂ ਵਿਚ ਹੀ ਰੂਪਾਂਤਰ ਹੋਣਾ ਹੈ, ਅਸੰਤੁਲਿਤ ਉਪਭੋਗਤਾ ਨੇ ਗੁਣਵਤਾ ਨੂੰ ਹੀ ਖਾ ਜਾਣਾ ਹੈ, ਸਾਰਾ ਸੰਸਾਰ ਭੋਗਾਂ ਵਿਚ ਪਰਵਿਰਤ ਹੋ ਕੇ ਦੁਖੀ ਹੋ ਰਿਹਾ ਹੈ:
ਜਗੁ ਸੁਖੀਆ ਦੁਖੀਆ ਜਨੁ ਕੋਇ॥
ਜਗੁ ਰੋਗੀ ਭੋਗੀ ਗੁਣ ਰੋਇ॥
ਹਉਮੈ ਰੋਗ ਵਿਚ ਗ੍ਰਸਿਆ ਆਪਣਿਆਂ ਅਵਗੁਣਾਂ ਦੇ ਦੁਹਰਾਉ ਵਿਚ ਵਹਿੰਦਿਆਂ
‘ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ॥
ਦੁਖੁ ਦੁਖੁ ਅਗੈ ਆਖੀਐ ਪੜਿ੍ ਪੜਿ੍ ਕਰਹਿ ਪੁਕਾਰ॥
ਦੁਖ ਕੀਆ ਪੰਡਾ ਖੁਲੀ੍ਆ ਸੁਖੁ ਨ ਨਿਕਲਿਓ ਕੋਇ॥
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ॥…’
ਅਤੇ
“ਮਾਣੂ ਘਲੈ ਉਠੀ ਚਲੈ॥
ਸਾਦੁ ਨਾਹੀ ਇਵੇਹੀ ਗਲੈ॥”
ਵਾਲਾ ਆਵਾਗਵਣੀ ਚੱਕਰ, ਅੱਖਾਂ ’ਪਰ ਚੰਮ ਦੇ ਖੋਪੇ ਬੰਨ੍ਹੇ, ਕੋਹਲੂ ਦੇ ਬਲਦ ਵਾਂਗ ਤੁਰਿਆ ਰਹਿੰਦਾ ਹੈ- ਮੰਜ਼ਿਲ ਕੋਈ ਨਹੀਂ, ਟੀਚੇ ਦਾ ਪਤਾ ਨਹੀਂ, ਆਦਰਸ਼ ਦੀ ਸੋਝੀ ਹੀ ਨਹੀਂ, ਬਸ ਦੁਖ ਹੀ ਦੁਖ। ਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਕਿ ਜਦ ਤਕ ਮਨੁੱਖਾ ਜੀਵਨ ਦੇ ਉਦੇਸ਼ ਅਤੇ ਆਦਰਸ਼ ਦੀ ਸੋਝੀ ਨਹੀਂ ਹੋ ਆਂਵਦੀ, ਤਦ ਤਕ ਜੀਵਨ ਵਿਅਰਥ ਗੁਆਵਣਾ ਹੈ, ਅਜਿਹੀ ਗੱਲ ਦਾ ਕੀ ਸੁਆਦ ਕਿ ਜਿਸ ਕਾਰਜ-ਕਰਤਵ ਲਈ ਅਸੀਂ ਇੱਥੇ ਸੰਸਾਰ ਵਿਚ ਆਏ ਹਾਂ ਉਸ ਨੂੰ ਪੂਰਾ ਨਾ ਕੀਤਾ ਤੇ ਮੌਤ ਨੇ ਆ ਸਹੇੜਿਆ।
ਜੀਵਾਤਮਾ ਮੁੱਢਲੇ ਤੌਰ ’ਪਰ ਆਨੰਦ ਸਰੂਪ ਹੈ, ਅਮਰ-ਅਡੋਲ ਹੈ, ਨਿਰਭਉ-ਨਿਰਵੈਰ ਹੈ। ਸਹਜ-ਸਮਦ੍ਰਿਸ਼ਟਾ ਹੈ ਪਰ ਮੂਲ-ਸ੍ਰੋਤ ਦੀ ਪਛਾਣ ਨੂੰ ਭੁੱਲ ਜਾਣ ਦੇ ਕਾਰਨ ਦੁੱਖਾਂ ਵਿਚ ਘਿਰੀ ਪਈ ਹੈ। ਮੂਲ-ਪਛਾਣਨ ਤੇ ਵੈਰਾਗੀ-ਸਿਮਰਨ ਦੁਆਰਾ ਪ੍ਰੀਤ-ਸੰਜੋਗੀ ਪਰਮ-ਸੁਖ-ਸ਼ਾਂਤੀ ਨੂੰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਬਾਣੀਕਾਰਾਂ ਨੇ ਜਿਥੇ ਕਿਤੇ ਵੀ ਦੁਖ ਦਾ ਉਲੇਖ ਕੀਤਾ ਹੈ, ਨੇੜੇ ਜਿਹੇ ਹੀ ਇਸ ਦੇ ਨਿਵਾਰਣ ਦਾ ਅਤੇ ਸੁਖ-ਸ਼ਾਂਤੀ ਵਾਸਤੇ ਲੋੜੀਂਦਾ ਘਾਲ-ਕਮਾਈ ਰੂਪੀ ਉਪਚਾਰ ਨਿਸ਼ਚਿਤ ਕੀਤਾ ਹੈ:
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ॥
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ॥ (ਪੰਨਾ 1240)
ਸਲੋਕ ਸਹਸਕ੍ਰਿਤੀ ਮਹਲਾ 5 ਵਿੱਚੋਂ ਉਘੜਦੇ ਕੁਝ ਇਕ ਸੁਖ-ਸ੍ਰੋਤਾਂ ਦੀ ਪਛਾਣ ਸਹਿਜੇ ਹੀ ਹੋ ਆਂਵਦੀ ਹੈ।
1.
ਮਨੁੱਖ ਆਪਣੇ ਮਾਂ-ਪਿਉ ਤੇ ਸਾਕ-ਸੰਬੰਧੀਆਂ ਤੋਂ ਮਿਲਦੇ ਲਾਡ-ਪਿਆਰ, ਸਹੂਲਤਾਂ-ਸੁਵਿਧਾਵਾਂ ਤੇ ਮਾਇਕੀ-ਵਿਰਾਸਤ ਦੇ ਲੋਭ-ਮੋਹ ਵਿਚ ਫਸਿਆ ਸੁਖੀ ਮਹਿਸੂਸ ਕਰਦਾ ਹੈ, ਪਰ ਇਹ ਸਭ ਕੁਝ ਹਮੇਸ਼ਾਂ ਸਾਥ ਨਹੀਂ ਰਹਿ ਸਕਦਾ:
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ॥…॥1॥
ਇਸ ਕਰਕੇ ਇਨ੍ਹਾਂ ਗ੍ਰਿਹਸਤੀ ਰਿਸ਼ਤਿਆਂ ਅਤੇ ਪਦਾਰਥਾਂ ਦੇ ਮੋਹ ਵਿੱਚੋਂ ਸੁਖ-ਸ਼ਾਂਤੀ ਢੂੰਡਣਾ ਵਿਅਰਥ ਹੈ, ਧ੍ਰਿਕਾਰ ਹੈ-
ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ॥…
ਸੰਸਾਰਕ ਗ੍ਰਿਹਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਕਮਲ ਫੁੱਲ ਅਤੇ ਮੁਰਗਾਈ ਦੀ ਤਰ੍ਹਾਂ ਮੋਹ-ਜਲ ਤੋਂ ਨਿਰਲੇਪਤਾ ਬਣਾਈ ਰੱਖਣੀ ਹੈ। ਸਚਿਆਰ ਸਾਧੂ-ਸੰਤਾਂ ਦੀ ਸੰਗਤ ਵਿਚ ਗੁਣਾਂ ਦੀ ਸਾਂਝ ਦੁਆਰਾ, ਸੱਚੇ-ਸੁੱਚੇ ਆਚਾਰ-ਵਿਹਾਰ ਵਿਚ ਰਹਿੰਦਿਆਂ ਸਹਜ-ਸੁਖ ਮਾਣਿਆ ਜਾ ਸਕੀਦਾ ਹੈ:
ਸਾਧਸੰਗ ਸ੍ਨੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ॥ (ਪੰਨਾ 1354)
ਅਣਵਿਕਸਤ ਬੌਧਿਕਤਾ ਵਾਲਾ ਮਨੁੱਖ ਕਾਮਾਦਿਕ ਵਿਕਾਰਾਂ ’ਚ ਗ੍ਰਸਿਆ ਇਸਤਰੀ-ਕਲੋਲਾਂ ਤੇ ਚਾਵਾਂ ਵਿਚ ਮਦਮਸਤ ਸੰਤ-ਸ਼ਰਨ ’ਚ ਨਹੀਂ ਆਂਵਦਾ:
ਮਿਰਤ ਮੋਹੰ ਅਲਪ ਬੁਧੁੰ, ਰਚਿੰਤ ਬਨਿਤਾ ਬਿਨੋਦ ਸਾਹੰ॥
ਅਤੇ ‘ਭੋਗੰ ਤ ਰੋਗੰ..’ ਦੀ ਅਵਸਥਾ ਨੂੰ ਅਪੜ ਕੇ ਕਸ਼ਟ ਸਹੇੜ ਲੈਂਦਾ ਹੈ।
ਪ੍ਰਭੂ ਆਪ ਹੀ ਸਾਰਿਆਂ ਦੀ ਪ੍ਰਿਤਪਾਲਣਾ ਕਰ ਰਿਹਾ ਹੈ, ਇਸ ਕਰਕੇ ਸਾਕ-ਸੰਬੰਧੀਆਂ ਪ੍ਰਤੀ ਚਿੰਤਤ ਹੋ ਕੇ ਦੁਖੀ ਹੋਣਾ ਵਿਅਰਥ ਹੈ:
ਨਹ ਚਿੰਤਾ ਮਾਤ ਪਿਤ ਭ੍ਰਾਤਹ…॥
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ॥15॥
2.
ਨਿੱਜੀ ਸਰੀਰਕ ਸੁਖ, ਮਨੁੱਖ ਦੀ ਸਭ ਤੋਂ ਪਹਿਲੀ ਅਤੇ ਮੁੱਢਲੀ ਜ਼ਰੂਰਤ ਸਮਝੀ ਜਾਂਦੀ ਹੈ। ਨਰੋਈ ਸਿਹਤ, ਬਲਵਾਨ ਤੇ ਰੂਪਵੰਤ ਜਵਾਨੀ ਨੂੰ ਸੰਸਾਰਕ ਸੁਖ- ਸ੍ਰੋਤ ਤੇ ਉੱਨਤੀ ਦਾ ਮਾਪ-ਦੰਡ ਮੰਨਿਆ ਹੈ। ਸਰੀਰ ਦੀ ਪਾਲਣਾ ਲਈ ਅਨਿਕ-ਪ੍ਰਕਾਰੀ ਉਪਰਾਲਿਆਂ ਦੇ ਬਾਵਜੂਦ ਵੀ ਇਸ ਦੀ ਤਾਕਤ-ਸਮਰੱਥਾ ਨੇ ਘਟਣਾ ਹੀ ਹੈ ਤੇ ਬੁਢੇਪੇ ਨੇ ਅਵੱਸ਼ ਆਪਣਾ ਪ੍ਰਭਾਵ ਵਧਾ ਲੈਣਾ ਹੈ-
ਮਿਥ੍ਹੰਤ ਦੇਹੰ ਖੀਣੰਤ ਬਲਨੰ॥
ਬਰਧੰਤਿ ਜਰੂਆ ਹਿਤ੍ਹੰਤ ਮਾਇਆ॥
ਕਿਉਂਕਿ ਇਹ ਦੇਹੀ ਤਾਂ ਇਕ ਮਿਟੀ-ਪਾਣੀ ਤੋਂ ਬਣੇ ਗਾਰੇ ਦੇ ਕੱਚੇ-ਕਿਲ੍ਹੇ ਦੀ ਤਰ੍ਹਾਂ ਹੀ ਹੈ-
ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ॥
ਜਿਸ ਨੇ ਖੁਰ-ਖੁਰ ਕੇ ਅਖੀਰ ਢਹਿ ਜਾਣਾ ਹੈ ਅਤੇ ਪ੍ਰਾਹੁਣੇ-ਜੀਵਾਤਮਾ ਨੂੰ ਨਿਆਸਰੇਪਣ ਤੇ ਨਿਰਾਸ਼ਾ ਦੇ ਭਿਆਨਕ ਖੂਹ ਵਿਚ ਸੁੱਟ ਦੇਣਾ ਹੈ। ਅਗਿਆਨਤਾ ਤੋਂ ਉਪਜੀ ਨਿਰਾਸ਼ਾ ਅਤੇ ਦਿਸ਼ਾਹੀਣਤਾ ਵਿਚ ਮਾਇਕੀ-ਤ੍ਰਿਸ਼ਨਾਵਾਂ ਦੀ ਅੱਗ ਬੁਢੇਪੇ ਨੂੰ ਹੋਰ ਖੁਆਰ ਕਰਦੀ ਹੈ:
ਅਤ੍ਹੰਤ ਆਸਾ ਆਥਿਤ੍ਹ ਭਵਨੰ॥
ਗਨੰਤ ਸ੍ਵਾਸਾ ਭੈਯਾਨ ਧਰਮੰ॥
ਪਤੰਤਿ ਮੋਹ ਕੂਪ ਦੁਰਲਭ੍ਹ ਦੇਹੰ…॥
ਮਨੁੱਖੀ ਸਰੀਰ ਦੀ ਨਾਸ਼ਮਾਨਤਾ ਦੇ ਕਾਰਨ ਵਿਆਪਦੇ ਦੁੱਖਾਂ ਤੋਂ ਬਚਣ ਲਈ…
“ਤਤ ਆਸ੍ਰਯੰ ਨਾਨਕ॥
ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ॥3॥”
ਪ੍ਰਭੂ-ਕਿਰਪਾ ਹੀ ਇਕ ਮਾਤਰ ਓਟ-ਆਸਰਾ ਹੈ। ਪਰ ਅਗਿਆਨੀ ਲੋਕ ਸਰੀਰ ਨੂੰ ਚਿਰਜੀਵੀ ਜਾਣ ਕੇ ਮਿੱਟੀ-ਪਾਣੀ ਤੋਂ ਬਣੇ ਚਿੱਕੜ ਦੇ ਮੋਹ ਵਿਚ ਨਿਘਰੇ ਜਾ ਰਹੇ ਹਨ ਤੇ ਸਾਧ-ਸੰਗਤ ਵਿਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਜਿਸ ਰਾਹੀਂ ਦੂਖ-ਪਾਪ ਕਾ ਨਾਸ ਅਤੇ ਪਰਮ-ਸੁਖ ਦੀ ਪ੍ਰਾਪਤੀ ਹੋ ਸਕਦੀ ਹੈ:
ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ॥
ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ॥
ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ॥ (ਪੰਨਾ 1354)
3.
ਘੋਰ ਦੁਖ੍ਹੰ ਅਨਿਕ ਹਤ੍ਹੰ ਜਨਮ ਦਾਰਿਦ੍ਰੰ ਮਹਾ ਬਿਖ੍ਹਾਦੰ॥
ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ॥ (ਪੰਨਾ 1355)
ਹਉਮੈ ਨੇਮਾਂ ਅਨੁਸਾਰ ਮਾਇਕੀ-ਵਿਕਾਰਾਂ ਵੱਲ ਪਰਵਿਰਤ ਹੋਣਾ ਅਤੇ ਇਕ ਵਾਰ ਕੀਤੇ ਕੁ-ਕਰਮ ਨੂੰ ਮੁੜ-ਮੁੜ ਦੁਹਰਾਏ ਜਾਣ ਵੱਲ ਰੁਚਿਤ ਹੋਣਾ ਮਨ ਦਾ ਸੁਭਾਉ ਹੈ ਅਤੇ ਇਸ ਮਨੋਵਿਗਿਆਨਕ ਪ੍ਰਕਿਰਿਆ ਨੂੰ ਜੀਵਾਤਮਾ ਦਾ ਸੰਸਕਾਰ ਆਖਿਆ ਜਾਂਦਾ ਹੈ। ਪਾਪੀ-ਸੰਸਕਾਰ ਜੀਵਾਤਮਾ ਨੂੰ ਇਕ-ਪਾਸੜ ਰਾਹੇ ਤੋਰਦਿਆਂ ਮਨੁੱਖ ਨੂੰ ਲੜਾਈ-ਝਗੜਿਆਂ, ਖ਼ੂਨ-ਖਰਾਬਿਆਂ ਆਦਿ ਤੋਂ ਉਪਜਦੇ ਦੁੱਖਾਂ-ਕਲੇਸ਼ਾਂ ਅਤੇ ਗਰੀਬੀ-ਕੰਗਾਲੀ ਦੀ ਜਿਲ੍ਹਤ ਭਰਪੂਰ ਜ਼ਿੰਦਗੀ ਜੀਊਣ ਦਾ ਕਾਰਨ ਬਣਦੇ ਹਨ। ਅੱਗ ਜਿਵੇਂ ਲੱਕੜੀ ਦੇ ਢੇਰਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਵੇਂ ਜੇ ਜੀਵਾਤਮਾ, ਪ੍ਰਭੂ-ਸਿਮਰਨ ਦੁਆਰਾ ਉਲਟ-ਯਾਤਰਾ ਸ਼ੁਰੂ ਕਰ ਦੇਵੇ ਤਾਂ ਸੰਸਕਾਰਾਂ ਦਾ ਪ੍ਰਭਾਵ ਹੌਲੀ-ਹੌਲੀ ਬਿਲਕੁਲ ਮਿਟ ਜਾਵੇਗਾ ਅਤੇ ਸਫ਼ਲ ਪੜਾਅ ਆਵਣਗੇ… ਸਹਜ-ਸੁਖ, ਸ਼ਾਂਤੀ ਤੇ ਆਨੰਦ!
ਰੱਬੀ ਗੁਣਾਂ ਨੂੰ ਬਾਰੰਬਰ ਮਨ ਵਿਚ ਸਿਮਰਿਆ, ਜੀਵਾਤਮਾ ਉਨ੍ਹਾਂ ਗੁਣਾਂ, ਸਿਫ਼ਤਾਂ ਤੇ ਲੱਛਣਾਂ ਨੂੰ ਧਾਰਨ ਕਰਨ ਵੱਲ ਰੁਚਿਤ ਹੋਣਾ ਸ਼ੁਰੂ ਕਰਦੀ ਹੈ-ਭਾਵ ਮਨੁੱਖ ਹੁਣ ਪਰਮ-ਸੁਖ-ਸ਼ਾਂਤੀ ਦੇ ਸ੍ਰੋਤ ‘ਵਾਹਿਗੁਰੂ’ ਦੇ ਨੇੜੇ, ਹੋਰ ਨੇੜੇ, ਨੇੜੇ ਤੋਂ ਵੀ ਨੇੜੇ ਪਹੁੰਚਣ ਦੇ ਰਾਹੇ ਪੈ ਜਾਂਦਾ ਹੈ-
ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ॥18॥
‘ਵਿਣੁ ਗੁਣ ਕੀਤੇ ਭਗਤਿ ਨ ਹੋਇ॥’
ਮੁੱਢਲੀ ਸ਼ਰਤ ਹੈ। ਜਗਿਆਸੂ ਸਿਮਰਨ-ਭਗਤੀ ਦੁਆਰਾ, ਗੁਰੂ ਵੱਲੋਂ ਦੱਸੀਆਂ ਪਰਉਪਕਾਰੀ ਸੇਵਾਵਾਂ ਦੇ ਅਨੁਕੂਲ ਸੁਕ੍ਰਿਤ ਕਰਦਿਆਂ ਸੰਸਾਰਿਕ-ਸਮਾਜਿਕ ਜੀਵਨ ਦੀ ਅਗਵਾਈ ਕਰਨ ਯੋਗ ਬਣ ਸਕਦਾ ਹੈ। ਸਿਮਰਨ ਸੇਵਾ ਦਾ ਸੰਜੋਗ, ਪ੍ਰਭੂ ਪਾਸੋਂ ਸਰਬ-ਪ੍ਰਕਾਰੀ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ ਦੀ ਜੁਗਤ ਹੈ:
ਨਾਨਕ ਗੁਰ ਸੇਵਾ ਕਿੰ ਨ ਲਭ੍ਹਤੇ॥20॥
4.
ਗੁਣੀ ਨਿਧਾਨ ‘ਵਾਹਿਗੁਰੂ’,…. ਸਰਬਗ੍ਹ ਪੂਰਨ ਪੁਰਖ ਭਗਵਾਨਹ… ਕ੍ਰਿਪਾਲੂ ਦਿਆਲੂ ਤੇ ਭਗਤਿ-ਵਛਲ ਹੈ। ਭਗਤੀ-ਰਤੇ, ਮਨ-ਬਚ-ਕਰਮ ਦੁਆਰਾ ਸੇਵਾ-ਸਿਮਰਨ ਵਿਚ ਗਲਤਾਨ ਹੋਏ, ਬਾਰੰਬਾਰ ਇਸ਼ਟ ਦੇ ਗੁਣਾਂ ਨੂੰ ਯਾਦ ਕਰਦਿਆਂ ਸਾਵਧਾਨੀ ਸਹਿਤ ਗੁਣ-ਗ੍ਰਹਿਣ ਪ੍ਰਕਾਰਜਾਂ ਵਿਚ ਜੁਟੇ ਗੁਰਸਿੱਖ ਅੰਤਰੀਵੀ-ਸ਼ਾਂਤੀ ਨਾਲ ਸਰਸ਼ਾਰ ਹੋਵਣ ਦੀਆਂ ਸੰਭਾਵਨਾਵਾਂ ਉਜਾਗਰ ਕਰ ਲੈਂਦੇ ਹਨ। ਇੱਕੀਵਾਂ ਸਹਸਕ੍ਰਿਤੀ ਸਲੋਕ ਸਪਸ਼ਟ ਕਰ ਰਿਹਾ ਹੈ ਕਿ ਅਕਾਲ ਪੁਰਖ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ। ਨਿਮਾਣਿਆਂ-ਨਿਤਾਣਿਆਂ ਨੂੰ ਬਲਵਾਨ-ਸਮਰੱਥ ਬਣਾਉਣ ਵਾਲਾ ਹੈ, ਦੀਨਾਂ-ਅਨਾਥਾਂ ਤੇ ਗਰੀਬਾਂ-ਨਿਰਧਨਾਂ ਨੂੰ ਧਨ-ਦੌਲਤ ਨਾਲ ਸਹਾਈ ਹੁੰਦਾ ਹੈ ਅਤੇ ਸਾਰਿਆਂ ਪ੍ਰਤੀ ਪਿਆਰ ਤੇ ਦਇਆਵਾਨ ਬਿਰਦ ਪਾਲਦਾ ਹੈ- ਇਹ ‘ਵਾਹਿਗੁਰੂ’ ਦੇ ਲੱਛਣ, ਗੁਣ, ਕਰਤੱਵ ਤੇ ਕਾਰਜ ਹਨ। ਸਿਮਰਨ ਵਿਚ ਪਰਵਿਰਤ ਹੋਇਆ ਜਗਿਆਸੂ ਵੀ ਇਨ੍ਹਾਂ ਲੱਛਣਾਂ ਗੁਣਾਂ ਕਰਤਵਾਂ ਤੇ ਕਾਰਜਾਂ ਨੂੰ ਆਪਣੀ ਨਿੱਜੀ, ਪਰਵਾਰਿਕ, ਸਮਾਜਿਕ ਤੇ ਰਾਜਨੀਤਕ ਸੱਚ, ਹੱਕ, ਨਿਆਂ ਭਰਪੂਰ ਸਰਬ-ਕਲਿਆਣਕਾਰੀ, ਸਰਬੱਤ ਦੇ ਭਲੇ ਵਾਲੀ ਜੀਵਨ-ਜਾਚ ਬਣਾਉਂਦਾ ਹੈ। ਸਿਮਰਨ; ਗੁਣ ਕਹਿ ਗੁਣੀ ਸਮਾਵਣਿਆ-ਦੀ ਕਾਰਜਸ਼ੀਲਤਾ ਹੈ ਤੇ ਜੀਵਾਤਮਾ ਇਸ ਪ੍ਰੇਮਾ-ਭਗਤੀ ਦੀ ਯਾਤਰਾ ’ਪਰ ਅਗਾਂਹ ਵਧਦਿਆਂ ਨਿਰੰਤਰ ਯਾਦ ਰੱਖਦਾ ਹੈ ਕਿ ‘ਸਿਮਰਨ’ ਜਾਂ ਸਿਮ੍ਰਿਤੀ ਹੀ ਜੀਵਨ ਅਤੇ ਬਿਸਰ ਜਾਂ ਭੁੱਲ ਜਾਣਾ ਮਰਨਾ ਹੈ-ਇਸ ਕਰਕੇ ਹਮੇਸ਼ਾਂ ਬੇਨੰਤੀਆਂ ਦਾ ਸਹਾਰਾ ਲੋੜੀਂਦਾ ਹੈ:
ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ, ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ॥21॥
ਉਪਰੋਕਤ ਸਲੋਕਾਂ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਜ਼ਿੰਦਗੀ ਵਿਚ ਸਹਜ-ਸੁਖ ਤੇ ਅੰਤਰੀਵੀ ਸ਼ਾਂਤੀ ਮਾਣਨ ਲਈ ‘ਸਿਮਰਨ’ ਰੂਪੀ ਅਨਮੋਲ ਸੂਤਰ ਦੀ ਸਿੱਖਿਆ ਪ੍ਰਦਾਨ ਕਰਦੇ ਹਨ:
ਵਰਤੰਤਿ ਸੁਖ ਆਨੰਦ ਪ੍ਰਸਾਦਹ॥
ਸਿਮਰੰਤ ਨਾਨਕ ਹਰਿ ਹਰਿ ਹਰੇ॥ (ਪੰਨਾ 1356)
ਗੁਰੂ ਦੀ ਅਜਿਹੀ ਪਵਿੱਤਰ ਸਿੱਖਿਆ ਤੋਂ ਸੱਖਣੇ ਵਿਅਕਤੀ ਦੀ ਜ਼ਿੰਦਗੀ ਤਾਂ ਕੁੱਤੇ, ਸੂਰ, ਖੋਤੇ, ਕਾਂ ਤੇ ਸੱਪ ਸ਼੍ਰੇਣੀ ਦੇ ਜੀਵਾਂ ਦੇ ਪੱਧਰ ਨੂੰ ਜਾ ਅੱਪੜਦੀ ਹੈ:
ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥33॥
ਗੁਰੂ-ਉਪਦੇਸ਼ ਅਨੁਸਾਰ ਸਿਮਰਨ ਵਿਚ ਜੁੜਿਆ ਸਹਜ-ਸੁਖ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਲਈ ਜ਼ਹਿਰ ਵੀ ਅੰਮ੍ਰਿਤ ਸਮਾਨ, ਦੋਖੀ ਵੀ ਸੱਜਣਾਂ ਵਰਗੇ ਤੇ ‘ਦੁਖ ਨਾਹੀ ਸਭ ਸੁਖ ਹੀ ਹੈ ਰੇ ਹਾਰ ਨਹੀ ਸਭ ਜੇਤੈ’ ਵਾਲੀ ਦ੍ਰਿਸ਼ਟੀ ਬਣ ਜਾਂਦੀ ਹੈ:
ਬਿਖਯਾ ਭਯੰਤਿ ਅੰਮ੍ਰਿਤੰ, ਦ੍ਰੁਸਟਾਂ ਸਖਾ ਸ੍ਵਜਨਹ॥
ਦੁਖੰ ਭਯੰਤਿ ਸੁਖ੍ਹੰ ਭੈ ਭੀਤੰ ਤ ਨਿਰਭਯਹ॥37॥
5.
ਸਹਣ ਸੀਲ ਸੰਤੰ ਸਮ ਮਿਤ੍ਰਸ੍ਹ ਦੁਰਜਨਹ॥
ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ॥ (ਪੰਨਾ 1356)
ਰਾਹੀਂ ਗੁਰੂ ਪਾਤਸ਼ਾਹ ਅੰਤਰੀਵੀ ਸ਼ਾਂਤੀ ਵਾਸਤੇ ਇਕ ਹੋਰ ਮੁੱਲਵਾਨ ਸੂਤਰ ਸਮਝਾਉਂਦੇ ਹਨ ਕਿ ਸੰਤ-ਜਨ ਜੀਵਨ-ਵਿਵਹਾਰ ਵਿਚ ਸਹਿਣਸ਼ੀਲਤਾ ਅਪਣਾਉਂਦਿਆਂ, ਮਿੱਤਰਾਂ ਅਤੇ ਦੁਸ਼ਮਣਾਂ ਨਾਲ ਇੱਕੋ ਜਿਹੀ ਪਰਉਪਕਾਰੀ ਪ੍ਰੇਮ-ਭਾਵਨਾ ਰੱਖਣ। ਇਹ ਠੀਕ ਹੈ ਕਿ ਸੱਜਣ ਸਾਡੇ ਕੋਲ ਅੰਨ-ਵਸਤਰ ਤੇ ਹੋਰ ਪਦਾਰਥਾਂ ਨਾਲ ਸੇਵਾ ਕਰਨ ਲਈ ਆਂਵਦੇ ਹਨ ਅਤੇ ਦੁਰਜਨ-ਵੈਰੀ ਸ਼ਸਤ੍ਰਾਂ ਨਾਲ ਹਮਲਾ ਕਰਨਾ ਲੋੜਦੇ ਹਨ, ਪਰ ਅਜਿਹੀਆਂ ਸਾਰੀਆਂ ਹੋਣੀਆਂ ਪ੍ਰਤੀ ਹੁਕਮ-ਰਜਾਈ ਖੇਡ ਜਾਣਦਿਆਂ ਸਬਰ-ਸੰਤੋਖੀ, ਸਮਦ੍ਰਿਸ਼ਟਤਾ, ਸੰਤ-ਸੁਭਾਅ ਪਹੁੰਚ ਬਣਾਈ ਰੱਖਣੀ ਹੈ। ਐਸੀ ਜੀਵਨ-ਸ਼ੈਲੀ ਬਣਾ ਸਕਣਾ ਅਉਖੀ-ਘਾਟੀ ਪ੍ਰਤੀਤ ਹੁੰਦੀ ਹੈ, ਪਰ ਭਲੇ-ਪੁਰਸ਼ਾਂ ਦੀ ਸੰਗਤ ਵਿਚ ਨਾਮ-ਜਪੰਦਿਆਂ, ਸਿਮਰਨ ਕਰੰਦਿਆਂ ਸਫ਼ਲਤਾ ਦੀਆਂ ਸੰਭਾਵਨਾਵਾਂ ਉਪਲਬਧ ਹਨ। ਅਜਿਹੇ ਗੁਰਮੁਖਾਂ ਦੀ ਮਨੋਵਿਰਤੀ ਮਾਨ-ਅਪਮਾਨ, ਤਿਰਸਕਾਰ ਜਾਂ ਕਿਸੀ ਪ੍ਰਕਾਰ ਦੀ ਨਿਰਾਦਰੀ ਦੀ ਪਕੜ ਤੋਂ ਉਚੇਰੀ ਹੋ ਜਾਂਦੀ ਹੈ ਤੇ ਸੰਸਾਰਕ ਦੁੱਖ-ਤਕਲੀਫਾਂ ਦਾ ਪ੍ਰਭਾਵ ਨਹੀਂ ਕਬੂਲਦੀ;
ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ॥ (ਪੰਨਾ 1356)
ਉਪਰੋਕਤ ਸਹਿਣਸ਼ੀਲਤਾ ਤੇ ਨਿਮਰਤਾ ਦੀ ਜਾਚ ਕੇਵਲ ਸਾਧ-ਸੰਗਤ ਕਰਦਿਆਂ ਹੀ ਸਿੱਖੀ ਜਾ ਸਕਦੀ ਹੈ ਤੇ ਇਸ ਦੇ ਫਲਸਰੂਪ ਅਜਿਹੀ ਤਨ-ਮਨ ਨੂੰ ਸੀਤਲ ਕਰਦੀ ਅੰਤਰੀਵੀ ਸ਼ਾਂਤੀ ਵਰਤਦੀ ਹੈ ਜੋ ਹੋਰ ਕਿਤਿਉਂ ਨਹੀਂ ਲੱਭਦੀ;
ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ॥
ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ॥ (ਪੰਨਾ 1357)
6.
ਗੁਰਬਾਣੀ ਵਿਚ ਸਾਧ-ਸੰਤ, ਗੁਰਮੁਖ ਤੇ ਪੂਰਨ ਪੁਰਖ ਆਦਿ ਸ੍ਰੇਸ਼ਠ ਮਨੁੱਖਾਂ, ਜਿਨ੍ਹਾਂ ਅੰਤਰੀਵੀਂ ਸ਼ਾਂਤੀ ਵਾਲੀ ਸਹਜ ਅਵਸਥਾ ’ਚ ਜ਼ਿੰਦਗੀ ਜੀਵੀ, ਦੀ ਕਰਣੀ-ਕਮਾਈ ਤੇ ਵਡਿਆਈ ਦਾ ਅਨੇਕਾਂ ਵਾਰ ਜ਼ਿਕਰ ਹੋਇਆ ਹੈ। ਉਨ੍ਹਾਂ ਦਾ ਆਚਾਰ-ਵਿਹਾਰ ਸਾਡੇ ਸਾਰਿਆਂ ਵਾਸਤੇ ਪ੍ਰੇਰਨਾ-ਸ੍ਰੋਤ ਜਾਂ ਰੋਲ ਮਾਡਲ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਾਲ੍ਹੀਵੇਂ ਸਹਸਕ੍ਰਿਤੀ ਸਲੋਕ ਦੇ ਅੰਤਰਗਤਿ ਅਜਿਹੇ ਗੁਰਸਿੱਖ ਦੇ ਛੇ ਲੱਛਣ ਜਾਂ ਨਿਸ਼ਾਨੀਆਂ ਨਿਰਧਾਰਿਤ ਕੀਤੀਆਂ ਹਨ- ਜਾਂ ਇਉਂ ਸਮਝੀਏ ਕਿ ਸਾਡੇ ਵਾਸਤੇ ਛੇ ਕਰਤੱਵ ਜਾਂ ਕਾਇਦੇ-ਕਾਨੂੰਨ ਉਲੀਕੇ ਹਨ:
ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ॥
ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ॥
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ॥
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ॥
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ॥
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥ (ਪੰਨਾ 1357)
1. ਰੱਬ ਦਾ ਨਾਉਂ ਹਰ ਵੇਲੇ ਚੇਤੇ ਰੱਖਣਾ ਤੇ ਜੀਵਨ ਦੀ ਹਰੇਕ ਕਥਨੀ-ਕਰਣੀ ਦੌਰਾਨ ਓਸ ਸਰਬ-ਵਿਆਪਕ ਨੂੰ ਹਾਜ਼ਰ ਜਾਣਨਾ, ਜਿਵੇਂ ਓਹ ਸਾਨੂੰ ਹਰ ਸਮੇਂ ਵੇਖ-ਨਿਰਖ ਰਿਹਾ ਹੋਵੇ।
2. ਸੁਖ-ਦੁੱਖ ਨੂੰ ਵਾਹਿਗੁਰੂ ਦਾ ਹੁਕਮ ਸਮਝਦਿਆਂ, ਪਵਿੱਤਰ ਤੇ ਵੈਰ-ਰਹਿਤ ਜ਼ਿੰਦਗੀ ਜਿਊਣੀ।
3. ਪੰਜ ਕਾਮਾਦਿਕ ਵਿਕਾਰਾਂ ਨੂੰ ਨਕੇਲ ਪਾਈ ਰੱਖਣੀ ਤੇ ਜੀਵਾਂ ਪ੍ਰਤੀ ਦਇਆਲਤਾ।
4. ਪਰਮਾਤਮ-ਕੀਰਤੀ ਭਾਵ ਵਾਹਿਗੁਰੂ ਦੇ ਗੁਣੀ-ਨਿਧਾਨ ਸਰੂਪ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਿਆਂ ਪਦਾਰਥਕ-ਮੋਹ ਤੋਂ ਅਲੇਪ ਰਹਿਣਾ।
5. ਭਗਤੀ ਭਾਵਨਾ ਦੇ ਨਾਲ-ਨਾਲ ਮਿੱਤਰਾਂ ਤੇ ਸ਼ੱਤਰੂਆਂ ਪ੍ਰਤੀ ਪਰਉਪਕਾਰੀ ਸਮ-ਭਾਵੀ ਜੀਵਨ-ਸੋਚ ’ਤੇ ਪਹਿਰਾ ਦੇਣਾ।
6. ਨਿੰਦਿਆਂ-ਚੁਗਲੀ ਨਹੀਂ ਸੁਣਨੀ ਤੇ ਅਹੰਕਾਰ ਤਿਆਗ ਕੇ ਸਾਰਿਆਂ ਨਾਲ ਨਿਮਰਤਾ ਪੂਰਵਕ ਵਿਵਹਾਰ ਕਰਨਾ।
ਇਨ੍ਹਾਂ ਛੇ ਗੁਣਾਂ ਦਾ ਧਾਰਨੀ ਸਾਦਾ, ਸਰਲ ਤੇ ਸੰਤੁਲਿਤ ਜੀਵਨ ਜੀਂਵਦਿਆਂ ਅੰਤਰੀਵੀ ਸ਼ਾਂਤੀ ਵਾਲੇ ਸਹਜ ਪਦ ਨੂੰ ਅਪੜ ਸਕਦਾ ਹੈ।
7
ਨਹ ਬਿਲੰਬ ਧਰਮੰ ਬਿਲੰਬ ਪਾਪੰ॥
ਦ੍ਰਿੜੰਤ ਨਾਮੰ ਤਜੰਤ ਲੋਭੰ॥ (ਪੰਨਾ 1354)
ਧਰਮ ਦੇ ਕਾਰਜ ਕਰਨ ਲੱਗਿਆਂ ਬਿਲਕੁਲ ਢਿੱਲ ਨਾਂਹ ਕਰੋ, ਅੱਜ ਕਰਨਯੋਗ ਕੰਮ ਅਗਾਂਹ ਕੱਲ੍ਹ ’ਤੇ ਨਾਂਹ ਛੱਡੋ ਬਲਕਿ ਅੱਜ ਹੀ ਨਿਪਟਾ ਲਵੋ। ਸੱਚ-ਹੱਕ, ਨਿਆਂ ਨੂੰ ਸਮਰਪਿਤ ਸ਼ੁਭ-ਕਰਮਨ ਤੋਂ ਕਦੇ ਵੀ ਟਾਲਾ ਨਹੀਂ ਵੱਟਣਾ, ਸੁਕ੍ਰਿਤ ਲਈ ਉਦਮਸ਼ੀਲ ਅਤੇ ਉੱਤਮ-ਉੱਚਤਮ ਸ੍ਰੇਸ਼ਠ ਹੋਣੀਆਂ ਨੂੰ ਪ੍ਰਾਪਤ ਕਰਨ ਹਿੱਤ, ਆਗਾਹਾਂ ਕੂ ਤ੍ਰਾਂਘਣਾ ਹੈ। ਪਰ ਨਾਲ ਹੀ ਸਭ ਪ੍ਰਕਾਰ ਦੇ ਲੋਭਾਂ ਨੂੰ ਤਿਆਗਣਾ ਹੈ ਕਿਉਂਕਿ ਲੋਭ ਪਾਪਾਂ ਦਾ ਮੂਲ ਹੈ, ਵਿਕਾਰੀ ਪ੍ਰਕਾਰਜਾਂ ਦਾ ਕੇਂਦਰੀ ਧੁਰਾ ਹੈ…
ਉਪਰੋਕਤ ਸਹਸਕ੍ਰਿਤੀ ਸਲੋਕ ਜਿਸ ਨੂੰ ਜੇ ਆਪਣੀ ਮਾਨਸਿਕਤਾ ਵਿਚ ਪੱਕੀ ਤਰ੍ਹਾਂ ਦ੍ਰਿੜ੍ਹ ਕਰ ਲਿਆ ਜਾਏ ਤਾਂ ਜ਼ਿੰਦਗੀ ਭੁੱਖਾਂ, ਦੁੱਖਾਂ, ਸੁਖਾਂ ਦੀਆਂ ਸੀਮਾਵਾਂ ਨੂੰ ਉਲੰਘ ਕੇ ਪਰਮ-ਸ਼ਾਂਤੀ-ਸ੍ਰੋਤ ਨੂੰ ਜਾ ਅੱਪੜਦੀ ਹੈ!
ਉਪਰੋਕਤ ਦੇ ਉਲਟ ਜਿਹੜਾ ਪਰਾਇਆ ਧਨ-ਮਾਲ ਚੁਰਾਉਂਦਾ ਹੈ, ਦੂਸਰਿਆਂ ਲਈ ਰੁਕਾਵਟਾਂ ਖੜ੍ਹੀਆਂ ਕਰਦਾ ਹੈ, ਬੋਲ-ਕੁਬੋਲ ਬੋਲਦਾ ਰਹਿੰਦਾ ਹੈ, ਤ੍ਰਿਸ਼ਨਾਵਾਂ ’ਚ ਫਸਿਆ ਹੈ, ਹਮੇਸ਼ਾਂ ਅਤ੍ਰਿਪਤ ਭੁੱਖਾ ਤੇ ਦੁੱਖੀ ਹੀ ਰਹੇਗਾ:
ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ॥
ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ॥ (ਪੰਨਾ 1360)
8
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਹਤ੍ਰ ਗਗਨੰ॥ (ਪੰਨਾ 1354)
ਅਨੁਸਾਰ ਦ੍ਰਿਸ਼ਟਮਾਨ ਬ੍ਰਹਿਮੰਡ ਦੇ ਸਾਰੇ ਖੰਡ-ਮੰਡਲ ਸੂਰਜ ਚੰਦ ਤਾਰੇ, ਧਰਤੀ ਪਹਾੜ ਤੇ ਬਨਸਪਤਿ ਆਦਿ ਸਭ ਕੁਝ ਨਾਸ਼ਮਾਨ ਹੈ, ਘੱਟਦਾ ਰਹਿੰਦਾ ਹੈ, ਕੁਝ ਵੀ ਸਦੀਵੀ ਨਹੀਂ। ਕੇਵਲ ਪਾਰਬ੍ਰਹਮ-ਪਰਮੇਸਰੁ ਅਤੇ ਉਸ ਨਾਲ ਜੁੜੇ ਸ੍ਰੇਸ਼ਠ ਪੁਰਸ਼ਾਂ ਦੀ ਕਰਣੀ-ਕਮਾਈ ਵਾਲੀ ਵਿਚਾਰਧਾਰਾ ਹਮੇਸ਼ਾਂ ਸਥਿਰਤਾ ਨਾਲ ਅੱਗੇ ਤੁਰੀ ਰਹਿੰਦੀ ਹੈ:
ਨਹ ਘਟੰਤ ਕੇਵਲ ਗੋਪਾਲ ਅਚੁਤ॥
ਅਸਥਿਰੰ ਨਾਨਕ ਸਾਧ ਜਨ॥ (ਪੰਨਾ 1354)
ਤੇ ਅਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਹੋਰਨਾਂ ਨੂੰ ਵੀ ਉਨ੍ਹਾਂ ਵਰਗਾ ਬਣਾ ਦਿੰਦੀ ਹੈ।
ਜਨਮੰ ਤ ਮਰਣੰ ਹਰਖੰ ਤ ਸੋਗੰ.॥
…ਅਭਿਮਾਨੰ ਤ ਹੀਨੰ॥ (ਪੰਨਾ 1354-55)
ਅਨੁਸਾਰ ਜਿਥੇ ਜੀਵਨ ਹੈ ਉਥੇ ਮਰਣਾ-ਧਰਮ ਵੀ ਮੌਜੂਦ ਹੈ, ਜਿਥੇ ਖੁਸ਼ੀ ਹੈ ਉਥੇ ਗਮੀਆਂ ਵੀ ਹਨ, ਜਿਥੇ ਉੱਚੀਆਂ ਪਦਵੀਆਂ ਹਨ, ਉਥੇ ਗਿਰਾਵਟਾਂ ਵੀ ਆਉਂਦੀਆਂ ਹਨ। ਗਰੀਬੀ ਤੋਂ ਬਾਅਦ ਅਮੀਰੀ ਤੇ ਰਾਜ-ਭਾਗ ਮਗਰੋਂ ਨਿਰਾਦਰੀ ਦੀਆਂ ਸੰਭਾਵਨਾਵਾਂ ਮੌਜੂਦ ਹਨ। ਸਪੱਸ਼ਟ ਹੈ ਕਿ ਹਰ ਸ਼ੈ ਦੇ ਦੋਵੇਂ ਸਿਰੇ ਸਾਡੇ ਸਾਹਮਣੇ ਹਨ ਤੇ ਅਸਾਂ ਗੁਰੂ ਕਿਰਪਾ ਦੇ ਪਾਤਰ ਬਣ ਕੇ ਸਹੀ ਸਮਝ-ਬੂਝ ਦੁਆਰਾ ਸੰਤੁਲਿਤ ਜੀਵਨ-ਜਾਚ ਅਪਣਾਉਂਦਿਆਂ ‘ਬਿਗਸੀਧ੍ਹ ਬੁਧਾ’ ਗਿਆਨਵਾਨ ਪੁਰਸ਼ਾਂ ਦੀ ਤਰ੍ਹਾਂ ਖੁਸ਼ੀਆਂ ਖੇੜ੍ਹਿਆਂ ਵਿਚ ਰਹਿਣ ਦੀ ਜੁਗਤ ਸਿੱਖਣੀ ਹੈ। ਇੰਞ ਸਾਡੀ ਬੁੱਧੀ ਸੁਖ ਦਾ ਟਿਕਾਣਾ ਬਣ ਜਾਵੇਗੀ, ਇੰਦ੍ਰੇ ਵੱਸ ਵਿਚ ਰਹਿਣਗੇ, ਹਿਰਦਾ ਸੀਤਲ ਤੇ ਸੁਰਤਿ ਵਿਚ ਸ਼ਾਂਤੀ-ਪਰਮ ਅਨੰਦ ਪੱਕਾ ਟਿਕਾਣਾ ਬਣਾ ਲਵੇਗਾ। ਜੀਵਨ ਸੰਗੀਤਮਈ ਤੇ ਰਸ ਭਰਪੂਰ ਬਣ ਜਾਵੇਗਾ:
ਕਿਰਪੰਤ ਹਰੀਅੰ ਮਤਿ ਤਤੁ ਗਿਆਨੰ॥
ਬਿਗਸੀਧ੍ਹਿ ਬੁਧਾ ਕੁਸਲ ਥਾਨੰ॥
ਬਸ੍ਹਿੰਤ ਰਿਖਿਅੰ ਤਿਆਗਿ ਮਾਨੰ॥
ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ॥
ਰਹੰਤ ਜਨਮੰ ਹਰਿ ਦਰਸ ਲੀਣਾ॥
ਬਾਜੰਤ ਨਾਨਕ ਸਬਦ ਬੀਣਾਂ॥ (ਪੰਨਾ 1355)
9
ਵਾਹਿਗੁਰੂ ਜੀ ਦੇ ਗੁਣੀ ਨਿਧਾਨ ਸਰੂਪ-ਸਿਮਰਨ ਵਿਚ ਜਿਨ੍ਹਾਂ ਜਗਿਆਸੂਆਂ ਨੇ ਆਪਣਾ ਜੀਵਨ ਰੰਗ ਲਿਆ, ਚਰਣ ਕਮਲ ਦੀ ਮੌਜ ਵਾਲੇ ਪ੍ਰੀਤ-ਸੰਜੋਗੀ ਭਗਤੀ ਵਿਚ ਮਸਤ ਹੋ ਗਏ, ਗੁਣਵੱਤਾ ਦੀਆਂ ਉੱਚਤਮ ਹੋਣੀਆਂ ਦੀ ਆਗਾਹਾਂ-ਕੂ-ਤ੍ਰਾਂਘ ਰੂਪੀ ਯਾਤਰਾ ਨੂੰ ਸਫ਼ਲ ਕਰਦਿਆਂ, ਉਨ੍ਹਾਂ ਗੁਰੂ ਪਿਆਰਿਆਂ ਨੇ ਭਿਆਨਕ ਦੁੱਤਰ-ਸੰਸਾਰ ਦੀਆਂ ਸਮਸਤ ਔਕੜਾਂ ਨੂੰ ਪਾਰ ਕਰ ਲਿਆ। ਗੁਰੂ ਪਾਤਸ਼ਾਹ ਅਖੀਰਲੇ ਸਹਸਕ੍ਰਿਤੀ ਸਲੋਕ ਰਾਹੀਂ ਪੱਕੇ ਵਿਸ਼ਵਾਸ ਦ੍ਰਿੜ੍ਹਤਾ ਸਹਿਤ ਨੀਤੀ-ਘੋਸ਼ ਕਰਦੇ ਹਨ ਕਿ ਅਜਿਹੇ ਗੁਰਮੁਖਾਂ ਦੀ ਸੰਗਤਿ ਅਨੇਕਾਂ ਪਾਪ ਦੂਰ ਕਰਦਿਆਂ ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰਨ ਦੀ ਸਮਰੱਥਾ ਰੱਖਦੀ ਹੈ:
ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ॥
ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ॥ (ਪੰਨਾ 1360)
ਲੇਖਕ ਬਾਰੇ
#36 ਬੀ/30, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ
- ਹੋਰ ਲੇਖ ਉਪਲੱਭਧ ਨਹੀਂ ਹਨ