ਸਿੱਖ ਕੌਮ ਦੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 8 ਸਾਵਣ ਸੰਮਤ ਨਾਨਕਸ਼ਾਹੀ 188 ਸੋਮਵਾਰ ਬਿਕ੍ਰਮੀ 1713, ਸਾਵਣ ਵਦੀ 10, 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਇਕ ਨਿਵੇਕਲੀ ਨੁਹਾਰ ਵਾਲੀ ਰਚਨਾ ਹੈ। ਗੁਰੂ ਸਾਹਿਬ ਜੀ ਸਭ ਤੋਂ ਛੋਟੀ ਉਮਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਰੱਬੀ ਖਜ਼ਾਨੇ ਦੇ ਮਾਲਕ ਸਨ। ਉਸ ਸਮੇਂ ਦਿੱਲੀ ਦੇ ਤਖ਼ਤ ’ਤੇ ਸ਼ਾਹਜਹਾਨ ਦਾ ਰਾਜ ਸੀ। 1657 ਸੰਨ ਵਿਚ ਸ਼ਾਹਜਹਾਨ ਬਿਮਾਰੀ ਦੀ ਹਾਲਤ ਵਿਚ ਸੀ। ਸ਼ਾਹਜਹਾਨ ਦੇ ਚਾਰ ਪੁੱਤਰ ਦਾਰਾ ਸ਼ਿਕੋਹ, ਔਰੰਗਜ਼ੇਬ, ਸੁਜਾਦ ਅਤੇ ਮੁਰਾਦ ਸਨ। ਤਖ਼ਤ ਦਾ ਅਸਲੀ ਹੱਕ ਦਾਰਾ ਸ਼ਿਕੋਹ ਦਾ ਸੀ। ਸ਼ਾਹ ਜਹਾਨ ਦੇ ਪੁੱਤਰਾਂ ਦਾ ਖਿਆਲ ਸੀ ਕਿ ਸ਼ਾਹ ਜਹਾਨ ਮਰਨ ਤੋਂ ਪਹਿਲਾਂ ਪਤਾ ਨਹੀਂ ਕਿਸ ਨੂੰ ਤਖ਼ਤ ਦੇ ਜਾਵੇ, ਇਸ ਲਈ ਉਹ ਸ਼ਾਹ ਜਹਾਨ ਦੇ ਜਿਊਂਦੇ-ਜੀਅ ਹੀ ਤਖ਼ਤ ਵਾਸਤੇ ਆਪੋ-ਆਪਣੇ ਵੱਖਰੇ ਜਤਨ ਕਰਨ ਲੱਗ ਪਏ। ਮੁਰਾਦ ਤੇ ਔਰੰਗਜ਼ੇਬ ਇਕ ਪਾਸੇ ਹੋ ਗਏ। ਔਰੰਗਜ਼ੇਬ ਨੇ ਧੋਖੇ ਨਾਲ ਮੁਰਾਦ ਨੂੰ ਕੈਦ ਕਰ ਲਿਆ ਤੇ ਗਵਾਲੀਅਰ ਦੇ ਕਿਲ੍ਹੇ ਵਿਚ ਕਤਲ ਕਰਵਾ ਦਿੱਤਾ। ਇਸ ਤਰ੍ਹਾਂ ਸਾਰੇ ਭਰਾਵਾਂ ਤੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਧੋਖੇਬਾਜ਼ ਔਰੰਗਜ਼ੇਬ ਨੇ ਵਾਰੀ-ਵਾਰੀ ਖ਼ਤਮ ਕਰ ਦਿੱਤਾ। ਔਰੰਗਜ਼ੇਬ ਨੇ 21 ਜੁਲਾਈ ਸੰਨ 1658 ਨੂੰ ਤਖ਼ਤ ਹਾਸਲ ਕਰ ਕੇ ‘ਆਲਮਗੀਰ’ ਖ਼ਿਤਾਬ ਧਾਰਨ ਕੀਤਾ। ਗੁਰੂ-ਘਰ ਦੇ ਦੋਖੀਆਂ ਨੇ ਔਰੰਗਜ਼ੇਬ ਨੂੰ ਚੁੱਕਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਿਰਾਇ ਸਾਹਿਬ ਹਨ, ਉਨ੍ਹਾਂ ਨੇ ਦਾਰਾ ਸ਼ਿਕੋਹ ਨੂੰ ਰਾਜ-ਭਾਗ ਦਿਵਾਉਣ ਵਿਚ ਬੜੀ ਸਹਾਇਤਾ ਕੀਤੀ ਸੀ, ਨਾਲੇ ਦਾਰਾ ਸ਼ਿਕੋਹ ਉਨ੍ਹਾਂ ਦੀ ਦਵਾਈ ਨਾਲ ਰਾਜ਼ੀ ਹੋਇਆ ਸੀ। ਉਨ੍ਹਾਂ ਦੇ ਵੱਡਿਆਂ ਨੇ ਇਕ ਗ੍ਰੰਥ ਸਾਹਿਬ ਲਿਖਿਆ ਹੈ, ਜਿਸ ਵਿਚ ਮੁਸਲਮਾਨਾਂ ਦੇ ਮੱਤ ਦੇ ਵਿਰੁੱਧ ਲਿਖਿਆ ਹੈ ਕਿ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ’; ਸਾਰੇ ਮੁਸਲਮਾਨਾਂ ਨੂੰ ਮਾੜਾ ਗਿਣਿਆ ਹੈ। ਸਤਵੇਂ ਪਾਤਸ਼ਾਹ ਨੂੰ ਦਿੱਲੀ ਸੱਦ ਕੇ ਨਿਰਣਾ ਕਰ ਲੈਣਾ ਚਾਹੀਦਾ ਹੈ। ਕਈਆਂ ਦੇ ਪਾਸੋਂ ਸੁਣਿਆ ਹੈ ਕਿ ਉਹ ਕਰਾਮਾਤਾਂ ਵੀ ਵਿਖਾਉਂਦੇ ਹਨ। ਚੁਗਲਾਂ ਦੀਆਂ ਚਾਲਾਂ ਨੇ ਰੰਗ ਲਿਆਂਦਾ ਤੇ ਔਰੰਗਜ਼ੇਬ ਨੇ ਹਲਕਾਰੇ ਭੇਜੇ ਕਿ ਸਤਿਗੁਰੂ ਹਰਿਰਾਇ ਸਾਹਿਬ ਜੀ ਦਿੱਲੀ ਦਰਬਾਰ ਵਿਚ ਆਣ ਕੇ ਬਾਦਸ਼ਾਹ ਆਲਮਗੀਰ ਦੇ ਸਵਾਲਾਂ ਦਾ ਜਵਾਬ ਦੇਣ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਦਿੱਲੀ ਜਾਣ ਵਾਸਤੇ ਹੁਕਮ ਕਰ ਦਿੱਤਾ ਅਤੇ ਕਿਹਾ ਕਿ ਜੋ ਔਰੰਗਜ਼ੇਬ ਤੇ ਉਸ ਦੇ ਕਾਜ਼ੀਆਂ ਦੇ ਮਨ ਵਿਚ ਸ਼ੰਕੇ ਹੋਣਗੇ, ਉਨ੍ਹਾਂ ਸਵਾਲਾਂ ਦੇ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨਾਲ ਦੇਣਾ, ਕਿਸੇ ਦੀ ਫੋਕੀ ਖੁਸ਼ਾਮਦ ਨਹੀਂ ਕਰਨੀ। ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਅੰਗ-ਸੰਗ ਹੈਨ, ਦਿੱਲੀ ਦਰਬਾਰ ਵਿਚ ਜਾਣ ਵੇਲੇ ਬਾਬਾ ਰਾਮ ਰਾਇ ਦੇ ਨਾਲ ਸਿਆਣੇ ਪ੍ਰਚਾਰਕ ਵੀ ਸਤਿਗੁਰਾਂ ਨੇ ਭੇਜ ਦਿੱਤੇ। ਬਾਬਾ ਰਾਮ ਰਾਇ ਦੀ ਅਜ਼ਮਤ ਪਰਖਣ ਲਈ ਬਾਦਸ਼ਾਹ ਆਲਮਗੀਰ ਨੇ ਕਈ ਸਵਾਲ ਪੁੱਛੇ ਤੇ ਬਾਬਾ ਜੀ ਸਹੀ ਉੱਤਰ ਦਿੰਦੇ ਰਹੇ। ਕਾਜ਼ੀਆਂ ਦੀ ਕੋਈ ਪੇਸ਼ ਨਾ ਗਈ। ਇਕ ਦਿਨ ਕਾਜ਼ੀਆਂ ਦੀ ਚੁਗਲੀ ’ਤੇ ਬਾਦਸ਼ਾਹ ਨੇ ਪੁੱਛਿਆ ਬਾਣੀ ਵਿਚਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਕ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ’ ਦਾ ਕੀ ਭਾਵ ਹੈ? ਕਾਜ਼ੀਆਂ ਦੀ ਚੋਟ ਆਖ਼ਰ ਟਿਕਾਣੇ ਲੱਗ ਗਈ। ਰਾਮ ਰਾਇ ਨੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਕਹਿ ਦਿੱਤਾ, ਲਿਖਾਰੀ ਦੀ ਭੁੱਲ ਹੈ, ‘ਮਿਟੀ ਬੇਈਮਾਨ ਕੀ’ ਉਚਾਰਿਆ ਹੈ। ਬਾਦਸ਼ਾਹ ਸਲਾਮਤ! ਇਹ ਤੁਕ ਸਾਜ਼ਸ਼ੀ ਦਿਮਾਗ ਦੀ ਕਾਢ ਹੈ। ਜਿਨ੍ਹਾਂ ਆਪ ਦੇ ਧਰਮ ਦੀ ਨਿਖੇਧੀ ਕੀਤੀ ਹੈ, ਉਨ੍ਹਾਂ ਦਾ ਦੋਹਾਂ ਜਹਾਨਾਂ ਵਿਚ ਆਦਰ ਨਹੀਂ ਹੋਵੇਗਾ। ਰਾਮ ਰਾਇ ਤੋਂ ਇਹ ਸੁਣ ਕੇ ਔਰੰਗਜ਼ੇਬ ਤੇ ਕਾਜ਼ੀ ਮੁਲਾਣੇ ਖੁਸ਼ ਹੋ ਗਏ। ਬਾਦਸ਼ਾਹ ਨੇ ਰਾਮ ਰਾਇ ਨੂੰ ਖਿਲਤ ਪ੍ਰਦਾਨ ਕੀਤੀ ਤੇ ਦਰਬਾਰ ਉਠਾ ਦਿੱਤਾ। ਹੋ ਸਕਦਾ ਹੈ ਕਿ ਇਸ ਦੀ ਸਲਾਹ ਉਨ੍ਹਾਂ ਮਸੰਦਾਂ ਵਿੱਚੋਂ ਕਿਸੇ ਨੇ ਦਿੱਤੀ ਹੋਵੇ ਜੋ ਕੀਰਤਪੁਰ ਤੋਂ ਬਾਬਾ ਜੀ ਦੇ ਨਾਲ ਗਏ ਹੋਣਗੇ। ਬਾਬਾ ਰਾਮ ਰਾਇ ਨੇ ਔਰੰਗਜ਼ੇਬ ਤੇ ਉਸ ਦੇ ਕਾਜ਼ੀਆਂ ਨੂੰ ਤਾਂ ਖੁਸ਼ ਕਰ ਦਿੱਤਾ ਪਰ ਗੁਰਸਿੱਖ ਸ਼ਰਧਾਲੂਆਂ ਨੇ ਇਹ ਸੁਣ ਕੇ ਬਹੁਤ ਬੁਰਾ ਮਨਾਇਆ ਤੇ ਇਕ ਸਿੱਖ ਨੂੰ ਕੀਰਤਪੁਰ ਵੱਲ ਤੋਰ ਕੇ ਸਾਰੀ ਕਹਾਣੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਪਾਸ ਜਾ ਦੱਸੀ ਕਿ ਬਾਬਾ ਰਾਮ ਰਾਇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ‘ਮਿੱਟੀ ਬੇਈਮਾਨ ਕੀ’ ਸ਼ਬਦ ਕਹੇ ਹਨ ਤੇ ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦਾ ਨਿਰਾਦਰ ਕੀਤਾ ਹੈ। ਗੁਰੂ ਹਰਿਰਾਇ ਸਾਹਿਬ ਜੀ ਨੇ ਇਹ ਸੁਣ ਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਨੂੰ ਬਦਲਣ ਵਾਲੇ ਡਰਪੋਕ ਤੇ ਕਮੀਨੇ ਦੇ ਅਸੀਂ ਮੱਥੇ ਨਹੀਂ ਲੱਗਣਾ ਤੇ ਸੰਗਤਾਂ ਨੂੰ ਵੀ ਸੰਦੇਸ਼ ਭੇਜ ਦਿੱਤਾ ਕਿ ਸਿੱਖ ਸੰਗਤਾਂ ਰਾਮ ਰਾਇ ਨੂੰ ਮੂੰਹ ਨਾ ਲਾਉਣ। ਸਾਰੀਆਂ ਸੰਗਤਾਂ ਨੇ ਸਾਡੇ ਬਚਨਾਂ ਦੀ ਪਾਲਣਾ ਕਰਨੀ ਹੈ। ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਯੋਗ ਤੇ ਸਮਰਥ ਸਮਝ ਕੇ ਕੀਰਤਪੁਰ ਵਿਚ ਵੱਡਾ ਦਰਬਾਰ ਲਾਇਆ ਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਪਿੱਛੋਂ ਗੁਰੂ-ਘਰ ਵਿਚ ਚੱਲੀ ਆਉਂਦੀ ਮਰਿਆਦਾ ਅਨੁਸਾਰ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੂੰ ਸੱਦ ਕੇ ਕਿਹਾ ਕਿ ਗੁਰਤਾ ਗੱਦੀ ਦੀ ਰਸਮ ਅਦਾ ਕਰੋ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤਖ਼ਤ ਸਿੰਘਾਸਨ ’ਤੇ ਬਿਠਾ ਕੇ ਪਹਿਲਾਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਮੱਥਾ ਟੇਕਿਆ ਤੇ ਫਿਰ ਬਾਬਾ ਭਾਨਾ ਜੀ ਤੇ ਸਾਰੀ ਸੰਗਤ ਨੇ ਨਜ਼ਰਾਨੇ ਭੇਟ ਕੀਤੇ। ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਵਰਤਾਏ ਗਏ। 6 ਕੱਤਕ ਸੰਮਤ ਨਾਨਕਸ਼ਾਹੀ 193, ਬਿਕ੍ਰਮੀ ਸੰਮਤ 1718 ਅਨੁਸਾਰ 6 ਅਕਤੂਬਰ ਸੰਨ 1661 ਈ. ਦੇ ਦਿਹਾੜੇ ’ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਕੇ ਹਦਾਇਤ ਕੀਤੀ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਸ੍ਰੀ ਗੁਰੂ ਨਾਨਕ ਸਾਹਿਬ ਭਲੀ ਕਰਨਗੇ! ਰਾਮ ਰਾਇ ਨੇ ਇਸ ਗੱਲ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਦਰਬਾਰ ਵਿਚ ਜਾ ਕੇ ਔਰੰਗਜ਼ੇਬ ਨੂੰ ਕਿਹਾ ਕਿ ਮੇਰੇ ਨਾਲ ਮੇਰੇ ਪਿਤਾ ਨੇ ਧੱਕਾ ਕੀਤਾ ਹੈ। ਬਾਦਸ਼ਾਹ ਆਲਮਗੀਰ, ਮੈਂ ਆਪ ਜੀ ਦਾ ਵਫਾਦਾਰ ਹਾਂ ਤੇ ਅੱਗੇ ਤੋਂ ਵੀ ਤੁਸਾਂ ਦਾ ਰਿਣੀ ਰਹਾਂਗਾ। ਗੁਰਤਾ ਦਾ ਹੱਕ ਮੇਰਾ ਹੈ। ਔਰੰਗਜ਼ੇਬ ਬੜਾ ਚਲਾਕ ਸੀ। ਉਸ ਨੇ ਸੋਚਿਆ ਜੇ ਮੇਰੇ ਵਫਾਦਾਰ ਨੂੰ ਗੁਰਤਾਗੱਦੀ ਮਿਲ ਜਾਵੇਗੀ, ਮੈਂ ਸਾਰੀ ਲੋਕਾਈ ਦਾ ਧਰਮ-ਪਰਿਵਰਤਨ ਬੜੀ ਅਸਾਨੀ ਨਾਲ ਕਰ ਸਕਦਾ ਹਾਂ। ਸ਼ਾਹੀ ਹੁਕਮ ਭੇਜ ਦਿੱਤਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਣ ਤੇ ਬਾਦਸ਼ਾਹ ਨਾਲ ਵਿਚਾਰ-ਵਟਾਂਦਰਾ ਕਰਨ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ-ਪਿਤਾ ਦੇ ਅੰਤਮ ਸੰਦੇਸ਼ ਨੂੰ ਸਮਰਪਿਤ ਹੋ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਮ ਰਾਇ ਦੀਆਂ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਉਸ ਦਾ ਵਿਰਾਸਤੀ ਹੱਕ ਦਾ ਮੁਕੱਦਮਾ ਖਾਰਜ ਕਰ ਦਿੱਤਾ। ਰਾਮ ਰਾਇ ਨੇ ਦੇਹਰਾਦੂਨ ਵਿਖੇ ਔਰੰਗਜ਼ੇਬ ਵੱਲੋਂ ਦਿੱਤੀ ਹੋਈ ਜਗੀਰ ਵਿਚ ਹੀ ਟਿਕਾਣਾ ਕੀਤਾ। ਦਿੱਲੀ ਦੀਆਂ ਸੰਗਤਾਂ ਨੇ ਤਨ-ਮਨ ਨਾਲ ਅਰਦਾਸ ਕੀਤੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਵਾਨ ਹੋ ਗਈ। ਰਾਜਾ ਜੈ ਸਿੰਘ ਜੋ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ, ਉਸ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਤਿਗੁਰੂ ਜੀ, ਆਪ ਦਿੱਲੀ ਜਾ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਤੇ ਬਾਦਸ਼ਾਹ ਨਾਲ ਭਾਵੇਂ ਮੁਲਾਕਾਤ ਨਾ ਕਰਨੀ। ਸੰਗਤਾਂ ਆਪ ਜੀ ਦੇ ਦੀਦਾਰ ਕਰਨ ਵਾਸਤੇ ਬਹੁਤ ਉਤਾਵਲੀਆਂ ਹਨ। ਬੇਨਤੀ ਪ੍ਰਵਾਨ ਕਰੋ ਜੀ। ਇੱਛਾ ਪੂਰਕ ਸਤਿਗੁਰੂ ਜੀ ਨੇ ਪ੍ਰਵਾਨ ਕਰ ਲਿਆ। ਉਹ ਸੰਸਾਰੀ ਜੀਵਾਂ ਦੇ ਤਨ-ਮਨ ਦੇ ਰੋਗ ਦੂਰ ਕਰਦੇ ਸਨ।
ਇਕ ਦਿਨ ਦੀਨ-ਦੁਨੀਆਂ ਦੇ ਵਾਲੀ ਪਾਲਕੀ ਵਿਚ ਸਵਾਰ ਹੋ ਕੇ ਕੀਰਤਪੁਰ ਤੋਂ ਸੈਰ ਵਾਸਤੇ ਜਾ ਰਹੇ ਸਨ, ਇਕ ਕੋਹੜਾ ਜਿਸ ਦਾ ਰੋਮ-ਰੋਮ ਦੁਖੀ ਸੀ, ਦੀਆਂ ਚੀਸਾਂ ਨਿਕਲ ਰਹੀਆਂ ਸਨ। ਗੁਰੂ-ਘਰ ਦੇ ਨਿੰਦਕਾਂ ਦਾ ਸਿਖਾਇਆ ਇਹ ਕੋਹੜਾ ਬ੍ਰਾਹਮਣ ਪਾਲਕੀ ਦੇ ਅੱਗੇ ਆ ਕੇ ਲੇਟਣ ਲੱਗ ਪਿਆ ਤੇ ਉੱਚੀ-ਉੱਚੀ ਰੋ ਕੇ ਕਹਿਣ ਲੱਗਾ, ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਰ-ਅਧਿਕਾਰੀ ਹੋ, ਜਿਨ੍ਹਾਂ ਨੇ ਕਈ ਕੋਹੜੇ/ਕੁਸ਼ਟੀ ਰਾਜੀ ਕੀਤੇ ਸਨ, ਸ੍ਰੀ ਗੁਰੂ ਅਮਰਦਾਸ ਜੀ ਨੇ ਕੋਹੜੀ ਪ੍ਰੇਮੇ ਦਾ ਕੋਹੜ ਹਟਾ ਕੇ, ਉਸ ਦੀ ਸ਼ਾਦੀ ਕੀਤੀ ਤੇ ਨਾਲੇ ਉਸ ਨੂੰ ਗੁਰੂ-ਘਰ ਵੱਲੋਂ ਪ੍ਰਚਾਰਕ ਦੀ ਸੇਵਾ ਬਖਸ਼ੀ। ਆਪ ਦੇ ਵਡੇਰੇ ਸ੍ਰੀ ਗੁਰੂ ਰਾਮਦਾਸ ਜੀ ਨੇ ਕੋਹੜਿਆਂ ਦੇ ਦੁੱਖ ਦੂਰ ਕੀਤੇ। ਜਿਸ ਦੀ ਮਿਸਾਲ ਦੁੱਖਭੰਜਨੀ ਬੇਰੀ ਦੀ ਵੱਖਰੀ ਹੀ ਪਹਿਚਾਣ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕੋਹੜਿਆਂ/ਅਨਾਥਾਂ ਦੀ ਆਪ ਹੱਥੀਂ ਸੇਵਾ ਕਰਦੇ ਸਨ। ਆਪ ਜੀ ਮੇਰੇ ’ਤੇ ਕਿਰਪਾ ਕਰੋ, ਮੇਰਾ ਦੁੱਖ ਦੂਰ ਕਰੋ, ਨਹੀਂ ਤਾਂ ਮੈਨੂੰ ਆਪਣੇ ਹੱਥੀਂ ਚੁੱਕ ਕੇ ਦਰਿਆ ਵਿਚ ਸੁੱਟ ਕੇ ਮਾਰ ਦੇਵੋ ਜਾਂ ਮੈਨੂੰ ਰਾਜ਼ੀ ਕਰੋ। ਜਦੋਂ ਕੁਸ਼ਟੀ ਨੇ ਰੋ-ਰੋ ਕੇ ਪੁਕਾਰ ਕੀਤੀ। ਸਤਿਗੁਰਾਂ ਨੇ ਪਿਆਰ ਭਰੇ ਨੇਤਰਾਂ ਨਾਲ ਉਸ ਵੱਲ ਵੇਖ ਕੇ ਫ਼ਰਮਾਇਆ, ਪਿਆਰੇ! ਹਾਏ-ਹਾਏ ਨਾ ਕਰ। ‘ਸਤਿਨਾਮੁ ਵਾਹਿਗੁਰੂ’ ਬੋਲ ਕੇ ਸਾਡੇ ਪਾਸ ਆ ਜਾ। ਸ੍ਰੀ ਗੁਰੂ ਨਾਨਕ ਸਾਹਿਬ ਭਲੀ ਕਰਨਗੇ! ਆਪਣੇ ਕੋਲੋਂ ਇਕ ਰੁਮਾਲ ਦੇ ਕੇ ਕਿਹਾ, ਇਸ ਨਾਲ ਆਪਣੇ ਤਨ ਨੂੰ ਸਾਫ ਕਰ। ਮੁਖ ਵਿੱਚੋਂ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਿਆ ਕਰ। ਗੁਰੂ ਜੀ ਦੀ ਦੇਖ-ਰੇਖ ਹੇਠ ਉਹ ਥੋੜ੍ਹੇ ਹੀ ਦਿਨਾਂ ਵਿਚ ਕੰਚਨਵੰਨੀ ਹੋ ਗਿਆ।
ਸਤਿਗੁਰਾਂ ਦੇ ਹੁਕਮ ਨਾਲ ਕੀਰਤਪੁਰ ਤੋਂ ਦਿੱਲੀ ਜਾਣ ਵਾਸਤੇ ਰੱਥ ਤਿਆਰ ਕੀਤੇ ਗਏ। ਮਾਤਾ ਕਿਸ਼ਨ ਕੌਰ ਜੀ ਨਾਲ ਜਾਣ ਵਾਸਤੇ ਤਿਆਰ ਹੋ ਗਏ। ਕੁਝ ਮੁਖੀ ਮਸੰਦਾਂ ਵਿੱਚੋਂ ਭਾਈ ਸੰਤ ਰਾਮ, ਪੰਜਾਬਾ ਮਸੰਦ, ਗੁਰਬਖ਼ਸ਼ ਮਸੰਦ ਵੀ ਤਿਆਰ ਹੋ ਗਏ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਥਾਨੇਸਰ ਪਾਣੀਪਤ ਦੇ ਰਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੁਰਕਸ਼ੇਤਰ ਪਹੁੰਚ ਕੇ ਡੇਰਾ ਕੀਤਾ। ਇਹ ਤੀਰਥ ਮਹਾਂਭਾਰਤ ਦੇ ਯੁੱਧ ਦੀ ਯਾਦਗਾਰ ਹੈ। ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਤੇ ਪ੍ਰੇਮ ਭੇਟਾ ਕਰਕੇ ਗੁਰੂ-ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣਦੀਆਂ। ਇਹ ਗੱਲ ਉਥੋਂ ਦੇ ਪੰਡਤਾਂ ਨੂੰ ਚੰਗੀ ਨਾ ਲੱਗੀ।
ਪੰਜੋਖਰਾ ਸਾਹਿਬ ਵਿਖੇ ਸਤਿਗੁਰਾਂ ਦੀ ਮਹਿਮਾ ਵੇਖ ਕੇ ਲਾਲੂ ਨਾਮ ਦਾ ਇਕ ਵਿਦਵਾਨ ਪੰਡਤ ਜੋ ਸਤਿਗੁਰਾਂ ਦੀ ਵਡਿਆਈ ਵੇਖ ਕੇ ਸੜ-ਬਲ ਗਿਆ ਸੀ ਅਤੇ ਗਿਆਨ-ਚਰਚਾ ਵਿਚ ਤੀਖਣ ਬੁੱਧੀ ਹੋਣ ਕਰਕੇ ਆਪਣੇ ਆਪ ਨੂੰ ਉਸਤਾਦ ਸਮਝਦਾ ਸੀ ਨੇ ਪਤਾ ਕੀਤਾ ਕਿ ਇਸ ਡੇਰੇ ਦਾ ਮੁਖੀ ਕੌਣ ਹੈ, ਜਿਸ ਦੀ ਮਹਿਮਾ ਸਾਰੇ ਕਰਦੇ ਥੱਕਦੇ ਨਹੀਂ। ਜਦੋਂ ਉਸ ਦੇ ਪੁੱਛਣ ’ਤੇ ਪਤਾ ਲੱਗਾ ਇਹ ਦੁਨੀਆਂ ਦੇ ਵਾਲੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਹਨ ਜੋ ਦੁੱਖਾਂ ਨੂੰ ਸੁਖਾਂ ਵਿਚ ਬਦਲ ਦਿੰਦੇ ਹਨ। ਇਹ ਸੁਣ ਕੇ ਪੰਡਤ ਲਾਲੂ ਕਹਿਣ ਲੱਗਾ, ਇਹ ਕਦੇ ਨਹੀਂ ਹੋ ਸਕਦਾ। ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ, ਇਹ ਹਰਿਕ੍ਰਿਸ਼ਨ ਉਸ ਗੀਤਾ ਦੇ ਅਰਥ ਨਹੀਂ ਕਰ ਸਕਦੇ। ਲਾਲੂ ਦੇ ਹੰਕਾਰ ਦੇ ਬਚਨ ਸੁਣ ਕੇ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਜਾ ਦੱਸੇ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਨੂੰ ਕਹੋ ਕਿ ਗੁਰੂ ਜੀ ਆਪ ਨੂੰ ਯਾਦ ਕਰਦੇ ਹਨ। ਹੰਕਾਰੀ ਪੰਡਤ ਮੱਥੇ ’ਤੇ ਤਿਲਕ ਲਾ ਕੇ, ਕੁਝ ਗ੍ਰੰਥ ਅਤੇ ਗੀਤਾ ਲੈ ਕੇ ਆਇਆ। ਸਤਿਗੁਰਾਂ ਨੇ ਮਿੱਠੇ ਸ਼ਬਦਾਂ ਵਿਚ ਕਿਹਾ, ਆਉ ਪੰਡਤ ਜੀ, ਕੀ ਫੁਰਨਾ ਹੈ ਆਪ ਦਾ? ਪੰਡਤ ਨੇ ਕਿਹਾ, ਗੁਰੂ ਜੀ, ਮੈਂ ਗੀਤਾ ਦੇ ਅਰਥ ਸੁਣਨਾ ਚਾਹੁੰਦਾ ਹਾਂ। ਆਪ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦੇ ਹੋ। ਗੀਤਾ ਸ੍ਰੀ ਕ੍ਰਿਸ਼ਨ ਜੀ ਨੇ ਉਚਾਰਨ ਕੀਤੀ ਹੈ। ਆਪ ਜੀ ਇਸ ਦੇ ਅਰਥ ਕਰ ਕੇ ਸਮਝਾਵੋ। ਹਜ਼ੂਰ ਨੇ ਕਿਹਾ, ਪੰਡਤ ਜੀ! ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰੋਏ ਮੱਤ ਨੂੰ ਪਰਖਣਾ ਚਾਹੁੰਦੇ ਹੋ? ਲਾਲੂ ਨੇ ਕਿਹਾ, ਹਾਂ ਜੀ। ਸਤਿਗੁਰਾਂ ਨੇ ਛੱਜੂ ਰਾਮ ਝੀਵਰ ਨੂੰ ਆਪਣੇ ਨੇੜੇ ਬਿਠਾ ਕੇ ਉਸ ਦੇ ਨਾਲ ਲਾਲੂ ਨੂੰ ਬੈਠਣ ਵਾਸਤੇ ਕਿਹਾ। ਛੱਜੂ ਰਾਮ ਨੇ ਗੀਤਾ ਦੇ ਅਰਥ ਬਿਬੇਕ ਬੁੱਧੀ ਸਹਿਤ ਇਸ ਤਰ੍ਹਾਂ ਕੀਤੇ ਕਿ ਲਾਲੂ ਦੰਗ ਰਹਿ ਗਿਆ। ਲੋਕ ਸੁਣ ਕੇ ਹੈਰਾਨ ਹੋ ਗਏ। ਪੰਡਤ ਲਾਲੂ ਨੇ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ’ਤੇ ਮੱਥਾ ਟੇਕ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਹੰਕਾਰ ਤੇ ਮੂਰਖਤਾ ਵੱਸ ਬਹੁਤ ਵੱਡੀ ਭੁੱਲ ਕਰ ਬੈਠਾ ਹਾਂ। ਮੇਰੇ ’ਤੇ ਕਿਰਪਾ ਕਰੋ। ਮੈਂ ਆਪ ਦੀ ਅਜ਼ਮਤ ਦੀ ਪਛਾਣ ਨਹੀਂ ਕੀਤੀ। ਸਤਿਗੁਰੂ ਜੀ ਨੇ ਮਿਹਰ ਦੇ ਘਰ ਆ ਕੇ ਛੱਜੂ ਰਾਮ ਨੂੰ ਬਖ਼ਸ਼ ਦਿੱਤਾ। ਉਹ ਗੁਰੂ-ਘਰ ਦਾ ਸ਼ਰਧਾਲੂ ਹੋ ਗਿਆ।
ਪੰਜੋਖਰੇ ਦੀਆਂ ਸੰਗਤਾਂ ਨੂੰ ਨਾਮ-ਦਾਨ ਦੇ ਕੇ ਦਿੱਲੀ ਵੱਲ ਤਿਆਰੀ ਕਰ ਲਈ। ਦਿੱਲੀ ਜਾ ਕੇ ਰਾਜਾ ਜੈ ਸਿੰਘ, ਜੋ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ, ਦੇ ਘਰ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿਚ ਬੜੀਆਂ ਰੌਣਕਾਂ ਲੱਗੀਆਂ ਸਨ। ਰਾਜੇ ਦੀ ਰਾਣੀ ਨੇ ਸਤਿਗੁਰਾਂ ਦੇ ਦੀਦਾਰ ਦੀ ਤਾਂਘ ਪ੍ਰਗਟ ਕੀਤੀ ਤੇ ਗੁਰੂ-ਘਰ ਨੂੰ ਪਰਖਣ ਵਾਸਤੇ ਅਮੀਰ ਘਰ ਦੀਆਂ ਬੀਬੀਆਂ ਨੂੰ ਆਪਣੇ ਮਹੱਲਾਂ ਵਿਚ ਸੱਦ ਲਿਆ। ਮਨ ਵਿਚ ਫੁਰਨਾ ਧਾਰ ਲਿਆ ਕਿ ਜੇ ਗੁਰੂ ਜੀ ਸੱਚੇ ਹੋਣਗੇ ਤਾਂ ਇਨ੍ਹਾਂ ਸਭਨਾਂ ਨੂੰ ਛੱਡ ਕੇ ਮੇਰੀ ਗੋਦ ਨੂੰ ਭਾਗ ਲਾਉਣਗੇ। ਇੱਛਾ ਪੂਰਕ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਰਣਵਾਸ ਵਿਚ ਗਏ, ਸਭਨਾਂ ਦੇ ਵਿੱਚੋਂ ਦੀ ਲੰਘ ਕੇ ਰਾਣੀ ਦੀ ਗੋਦ ਵਿਚ ਬੈਠ ਗਏ ਤੇ ਕਹਿਣ ਲੱਗੇ, ਇਹੋ ਹੈ ਵੱਡੀ ਰਾਣੀ, ਰਾਜੇ ਦੀ ਪਟਰਾਣੀ। ਰਾਣੀ ਰਾਜੇ ਦੇ ਮਨੋਰਥ ਪੂਰੇ ਕੀਤੇ। ਦੁਖੀਆਂ ਦੇ ਦੁੱਖ ਦੂਰ ਕੀਤੇ।
ਫੱਗਣ/ਚੇਤਰ ਬਸੰਤ ਦੀ ਰੁੱਤ ਸੀ। ਦਿੱਲੀ ਵਿਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਇਹ ਛੂਤ ਦੀ ਬਿਮਾਰੀ ਸੀ। ਜਿਸ ਆਦਮੀ ਨੂੰ ਸ਼ੁਰੂ ਹੋ ਜਾਂਦੀ, ਉਸ ਨੂੰ ਬੇਅੰਤ ਭੈੜੇ ਜਿਰਮ ਪੈਦੇ ਹੋ ਕੇ ਤਾਪ ਚੜ੍ਹ ਜਾਂਦਾ। ਸਰੀਰ ’ਤੇ ਨਿੱਕੇ-ਨਿੱਕੇ ਫੁਹਾਰੇ ਨਿਕਲ ਆਉਂਦੇ। ਕੁਝ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਜਾਂਦੀ। ਦੀਨ-ਦੁਨੀਆਂ ਦੇ ਵਾਲੀ ਨੇ ਸੰਗਤਾਂ ਸਮੇਤ ਦੁਖੀਆਂ ਦੀ ਆਪ ਸੇਵਾ ਕੀਤੀ। ਸੇਵਾ ਕਰਦਿਆਂ ਇਸ ਬਿਮਾਰੀ ਨੇ ਸਤਿਗੁਰਾਂ ’ਤੇ ਹਮਲਾ ਕਰ ਦਿੱਤਾ। ਬੇਪਰਵਾਹ ਸਤਿਗੁਰੂ ਜੀ ਫਿਰ ਵੀ ਦੁਖੀਆਂ ਦੀ ਸੇਵਾ ਕਰਦੇ ਰਹੇ। ਸੰਗਤਾਂ ਵਿਚ ਘਬਰਾਹਟ ਪੈਦਾ ਹੋ ਗਈ। ਸੰਗਤਾਂ ਨੂੰ ਧੀਰਜ ਦੇ ਕੇ ਕਿਹਾ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ। ਕਿਸੇ ਵੀ ਸਿੱਖ ਨੇ ਰੁਦਨ ਨਹੀਂ ਕਰਨਾ। ਭਾਣੇ ਵਿਚ ਰਹਿ ਕੇ ਪਰਮੇਸ਼ਰ ਦਾ ਸਿਮਰਨ ਕਰਨਾ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਤਿਗੁਰੂ ਜੀ! ਅੱਗੇ ਤੋਂ ਕੌਣ ਆਪ ਜੀ ਦੀ ਥਾਂ ਅਸਾਂ ਦੁਖੀਆਂ ਦੀ ਬਾਂਹ ਫੜੇਗਾ? ਸਤਿਗੁਰਾਂ ਨੇ ਹੁਕਮ ਕੀਤਾ, “ਬਾਬਾ ਬਕਾਲੇ ਹੈ। ਸਾਡੇ ਤੋਂ ਬਾਅਦ ਉਹ ਦੀਨ-ਦੁਨੀ ਦੇ ਮਾਲਕ ਹੋਣਗੇ।” ਸਤਿਗੁਰਾਂ ਦੀ ਆਵਾਜ਼ ਸ਼ਾਂਤ ਹੋ ਗਈ।
ਜਿਉ ਜਲ ਮਹਿ ਜਲੁ ਆਇ ਖਟਾਨਾ॥
ਤਿਉ ਜੋਤੀ ਸੰਗਿ ਜੋਤਿ ਸਮਾਨਾ॥ (ਪੰਨਾ 278)
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਣੀ ਨਹੀਂ ਉਚਾਰੀ। ਉਨ੍ਹਾਂ ਦੇ ਜੀਵਨ ਨਾਲ ਸਾਖੀਆਂ ਦਾ ਡੂੰਘਾ ਸੰਬੰਧ ਹੈ ਜੋ ਕਿਸੇ ਖੋਜ ਦਾ ਮੁਥਾਜ ਨਹੀਂ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੰਜ ਸਾਲ ਦੋ ਮਹੀਨੇ ਸੋਲ੍ਹਾਂ ਦਿਨ ਦੇ ਸਨ ਜਦੋਂ ਗੁਰਤਾ ਗੱਦੀ ’ਤੇ ਬਿਰਾਜਮਾਨ ਹੋਏ। ਦੋ ਸਾਲ ਪੰਜ ਮਹੀਨੇ ਛੱਬੀ ਦਿਨ ਗੁਰਿਆਈ ਕੀਤੀ। ਸਾਰੀ ਆਯੂ ਸੱਤ ਸਾਲ ਅੱਠ ਮਹੀਨੇ ਛੱਬੀ ਦਿਨ ਬਤੀਤ ਕਰ ਕੇ ਜੋਤੀ ਜੋਤਿ ਸਮਾਏ। (ਮਹਾਨ ਕੋਸ਼) ਜਿਸ ਥਾਂ ਸੰਗਤਾਂ ਨੂੰ ਨਾਮ ਦਾਨ ਦਿੰਦੇ ਸਨ, ਉਸ ਥਾਂ ਗੁਰਦੁਆਰਾ ਬੰਗਲਾ ਸਾਹਿਬ ਸਤਿਗੁਰਾਂ ਦੀ ਅਮਰ ਯਾਦਗਾਰ ਹੈ। ਗੁਰਦੁਆਰਾ ਬਾਲਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਸਕਾਰ ਕੀਤਾ ਗਿਆ ਜੋ ਦਿੱਲੀ ਚਾਂਦਨੀ ਚੌਂਕ ਤੋਂ ਚਾਰ ਮੀਲ ’ਤੇ ਹੈ। ਇਸ ਅਸਥਾਨ ’ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਹੋਇਆ ਜੋ ਦਿੱਲੀ ਦਰਵਾਜ਼ੇ ਤੋਂ ਬਾਰਾਮੂਲਾਂ ਨਾਲੇ ਤੋਂ ਪਾਰ ਹੈ। ਹਰੇਕ ਗੁਰੂ ਨਾਨਕ ਨਾਮ-ਲੇਵਾ ਸਿੱਖ ਜਦੋਂ ਆਪਣੀ ਨਿੱਤ ਦੀ ਅਰਦਾਸ ਕਰਦਾ ਹੈ ਤਾਂ ਉਹ ਅਠਵੇਂ ਪਾਤਸ਼ਾਹ ਜੀ ਦੀ ਦੁੱਖ-ਕਸ਼ਟ ਨਿਵਾਰਕ ਨਿਰਮਲ ਸ਼ਖ਼ਸੀਅਤ ਦੀ ਅਜ਼ਮਤ ਨੂੰ ਸਿਰ ਝੁਕਾਉਂਦਾ ਹੈ:
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ॥ (ਪਾ: 10)
ਲੇਖਕ ਬਾਰੇ
ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/November 1, 2007
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/October 1, 2008
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/January 1, 2009
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/May 1, 2009
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/May 1, 2009
- ਕਵੀਸ਼ਰ ਸਵਰਨ ਸਿੰਘ ਭੌਰhttps://sikharchives.org/kosh/author/%e0%a8%95%e0%a8%b5%e0%a9%80%e0%a8%b6%e0%a8%b0-%e0%a8%b8%e0%a8%b5%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%ad%e0%a9%8c%e0%a8%b0/June 1, 2010