ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਮਨੁੱਖਤਾ ਨੂੰ ਇਕ ਧਾਗੇ ਵਿਚ ਪਰੋਇਆ। ਹਿੰਦੂਆਂ ਤੇ ਮੁਸਲਮਾਨਾਂ ਵਿਚ ਨਾ ਟੁੱਟਣ ਵਾਲੀ ਨਫ਼ਰਤ ਤੇ ਹੰਕਾਰ ਦੀ ਮਜ਼ਬੂਤ ਕੰਧ ਨੂੰ ਤੋੜਿਆ। ਸਮਾਜ ਦੀ ਹਰ ਅਖੌਤੀ ਧਿਰ ਨੂੰ ਸਾਂਝੀਵਾਲਤਾ ਦਾ ਰਾਹ ਦਿਖਾਇਆ ਅਤੇ ਦ੍ਰਿੜ੍ਹ ਕਰਵਾਇਆ ਕਿ ਸਭ ਧਰਮਾਂ, ਨਸਲਾਂ, ਕੌਮਾਂ, ਦੇਸ਼ਾਂ ਦਾ ਰੱਬ ਸਰਬ-ਸਾਂਝਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਮਨੁੱਖੀ ਬਰਾਬਰਤਾ ਨੂੰ ਡੰਕੇ ਦੀ ਚੋਟ ਨਾਲ ਐਲਾਨਿਆ ਗਿਆ ਹੈ ਕਿ ਸੰਸਾਰ ਦੇ ਸਾਰੇ ਮਨੁੱਖ ਇੱਕੋ ਪਿਤਾ ਦੇ ਪੁੱਤਰ ਤੇ ਭਾਈ ਹਨ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਾਰੰਭਕ ‘ੴ ’ ਦਾ ਸੰਦੇਸ਼ ਸਾਨੂੰ ਸਭ ਨੂੰ ਏਕਤਾ ਦੀ ਮਾਲਾ ਵਿਚ ਪਰੋਂਦਾ ਹੈ। ਗੁਰਬਾਣੀ ਅੰਦਰ ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ ਤੋਂ ਉੱਪਰ ਉੱਠਣ ਦਾ ਬਾਰ-ਬਾਰ ਸੰਦੇਸ਼ ਦਿੱਤਾ ਗਿਆ ਹੈ:
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥ (ਪੰਨਾ 988)
ਮਿੱਤਰਤਾ ਭਰਪੂਰ ਵਿਵਹਾਰ ਰੱਖਣ ਦੇ ਨਾਲ-ਨਾਲ ਵਰਨ-ਵੰਡ ਉੱਪਰ ਕਰਾਰੀ ਚੋਟ ਕਰਦਿਆਂ ਇਸ ਵੰਡ ਤੋਂ ਉੱਪਰ ਉੱਠਣ ਦਾ ਉਪਰਾਲਾ ਦ੍ਰਿੜ੍ਹ ਕਰਵਾਇਆ ਹੈ। ਧਰਮ, ਨਸਲ, ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸਿਧਾਂਤ ਝੋਲੀ ਪਾਇਆ ਗਿਆ ਹੈ। ਜੇਕਰ ਕੁਦਰਤ ਨੇ ਸਾਡੀ ਸਰੀਰਿਕ ਰਚਨਾ ਵਿਚ ਕੋਈ ਅੰਤਰ ਨਹੀਂ ਰੱਖਿਆ ਤਾਂ ਇਹ ਵੰਡੀਆਂ ਨਿਰਮੂਲ ਹਨ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥ (ਪੰਨਾ 142)
ਸਗੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵੰਡ ਨੂੰ ਥੋਥੀ ਦੱਸਦੇ ਹੋਏ ਅਕਲਿਆਣਕਾਰੀ ਤੱਤਾਂ ਦੀ ਵੀ ਆਲੋਚਨਾ ਕੀਤੀ ਹੈ। ਜਿਹੜੇ ਸਨਾਤਨੀ ਧਰਮਾਂ ਵਿਚ ਪ੍ਰਚਲਿਤ ਸਨ। ਊਚ-ਨੀਚ, ਸੁੱਚ-ਭਿੱਟ ਦੇ ਵਿਚਾਰ ਨੂੰ ਕਰੜੇ ਸ਼ਬਦਾਂ ਵਿਚ ਗੁਰਬਾਣੀ ਅੰਦਰ ਛੁਟਿਆਇਆ ਗਿਆ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)
ਸਾਕਾਰ ਰੂਪ ਵਿਚ ਪੰਗਤ, ਸੰਗਤ, ਸੇਵਾ ਵਰਗੇ ਸਿੱਖ ਧਰਮ ਦੇ ਮੂਲ ਸਿਧਾਂਤ ਦ੍ਰਿੜ੍ਹ ਕਰਵਾਏ ਗਏ, ਜਿਨ੍ਹਾਂ ਨੇ ਅਸਮਾਨਤਾ ਨੂੰ ਪੂਰੀ ਤਰ੍ਹਾਂ ਜੜ੍ਹੋਂ ਉਖਾੜ ਦਿੱਤਾ। ਸਰਬ-ਸਾਂਝੀਵਾਲਤਾ ਦਾ ਬ੍ਰਹਿਮੰਡੀ ਵਿਚਾਰ ਪਰਪੱਕ ਕਰ ਦਿੱਤਾ। ਜਿਥੇ ‘ਰਾਣਾ ਰੰਕੁ ਬਰਾਬਰੀ’ ਨੂੰ ਪਹਿਲ ਦਿੱਤੀ ਗਈ ਹੈ। ਸਾਰੇ ਹੀ ਉਸ ਪ੍ਰਭੂ ਦੇ ਪੈਦਾ ਕੀਤੇ ਜਾਣ ਸਮਾਨ ਤੱਤਾਂ ਤੋਂ ਬਣੇ ਹਨ, ਉਸ ਦੇ ਹੁਕਮ ਵਿਚ ਹਨ, ਅਕਾਲ ਪੁਰਖ ਦੇ ਆਦੇਸ਼ਾਂ ਤੋਂ ਕੋਈ ਵੀ ਬਾਹਰ ਨਹੀਂ:
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਭਗਤਾਂ ਦੀ ਬਾਣੀ ਦਰਜ ਕਰ ਕੇ ਜਾਤ-ਪਾਤ, ਊਚ-ਨੀਚ ਦੇ ਵਿਚਾਰ ਨੂੰ ਖ਼ਤਮ ਕਰਨ ਲਈ ਸਕਾਰਾਤਮਕ ਰੂਪ ਦ੍ਰਿੜ੍ਹ ਕਰਵਾਇਆ ਹੈ। ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਸਿਰ ਝੁਕਾਇਆ ਜਾਂਦਾ ਹੈ, ਨਾਲ ਹੀ ਭਗਤਾਂ ਦੀ ਬਾਣੀ ਨੂੰ ਵੀ ਪੂਰਾ ਸਤਿਕਾਰਿਆ ਜਾਂਦਾ ਹੈ, ਜੋ ਪ੍ਰਤੱਖ ਏਕਤਾ ਤੇ ਸਮਾਨਤਾ ਦਾ ਸਬੂਤ ਹੈ:
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥ (ਪੰਨਾ 1381)
ਜਦੋਂ ਪ੍ਰਾਣੀ-ਮਾਤਰ ਗੁਰਬਾਣੀ ਦਾ ਮਨੁੱਖੀ ਸਮਾਨਤਾ ਦਾ ਉਪਦੇਸ਼ ‘ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ’ ਨੂੰ ਪ੍ਰਪੱਕ ਕਰ ਲੈਂਦਾ ਹੈ ਤਾਂ ਉਸ ਦਾ ਜੀਵਨ ਕਲਿਆਣਕਾਰੀ ਹੋ ਨਿੱਬੜਦਾ ਹੈ। ਉਸ ਦੀ ਜ਼ਿੰਦਗੀ ਵਿੱਚੋਂ ਕਿਸੇ ਵੀ ਪ੍ਰਕਾਰ ਦੇ ਵਿਤਕਰੇ ਦਾ ਝਲਕਾਰਾ ਨਹੀਂ ਪੈਂਦਾ। ਉਹ ਖਲਕਤ ਵਿਚ ਖਾਲਕ ਨੂੰ ਵਿਚਰਦੇ ਦੇਖ ਕੇ ਵਿਗਸਦਾ ਹੈ। ਉਹ ਭਾਈ ਘਨੱਈਆ ਜੀ ਵਾਂਗ ਅਕਾਲ ਪੁਰਖ ਦੇ ਸਰੂਪ ਨੂੰ ਸਭ ਥਾਈਂ ਰਵਿਆ ਦੇਖਦਾ ਹੈ ਤਾਂ ਸਮੁੱਚੀ ਮਾਨਵਤਾ ਉਸ ਲਈ ਇਕ ਸਮਾਨ ਹੋ ਜਾਂਦੀ ਹੈ। ਸੰਪ੍ਰਦਾਇਕ ਸੋਚ ਕੋਹਾਂ ਦੂਰ ਚਲੀ ਜਾਂਦੀ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਗੱਲ ਕੀ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦ੍ਰਿੜ੍ਹ ਕਰਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਸਮੁੱਚੀ ਲੋਕਾਈ’ ਦਾ ਗ੍ਰੰਥ ਹੋਣ ਦਾ ਮਾਣ ਰੱਖਦੇ ਹਨ ਜੋ ਆਪਣੇ ਇਸ ਨਿੱਘੇ ਪਿਆਰ ਰਾਹੀਂ ਸਮੁੱਚੀ ਮਾਨਵਤਾ ਨੂੰ ਇਕ ਮੰਚ ’ਤੇ ਇਕੱਠਿਆਂ ਕਰ ਸਕਦੇ ਹਨ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ