editor@sikharchives.org
Sarbat Da Bhala

ਸਰਬੱਤ ਦਾ ਭਲਾ

ਸਿੱਖ ਅਰਦਾਸ ਦਾ ਜਿੱਥੇ ਆਰੰਭ ਬੇ-ਨਜ਼ੀਰ ਹੈ, ਉਥੇ ਅੰਤ ਵੀ ਬਾ-ਕਮਾਲ ਹੈ, ਅਦੁੱਤੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਤਿੰਨ ਤਰ੍ਹਾਂ ਦੇ ਲੋਕ ਹਨ: ਇਕ ਉਹ ਜੋ ਸਰਬੱਤ ਦਾ ਭਲਾ ਮੰਗਦੇ ਹਨ; ਦੂਜੇ ਉਹ ਜੋ ਕੇਵਲ ਆਪਣਾ ਭਲਾ ਮੰਗਦੇ ਹਨ ਅਤੇ ਤੀਜੇ ਉਹ ਜੋ ਆਪਣਾ ਭਲਾ ਤਾਂ ਮੰਗਦੇ ਹਨ ਅਤੇ ਦੂਜੇ ਦਾ ਬੁਰਾ। ਉਨ੍ਹਾਂ ਨੂੰ ਦੂਜਿਆਂ ਦਾ ਬੁਰਾ ਚਿਤਵਨ ਵਿਚ ਸੁਆਦ ਆਉਂਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਤਿੰਨਾਂ ਸ਼੍ਰੇਣੀਆਂ ’ਚੋਂ ਉਹੀ ਲੋਕ ਮਹਾਨ ਤੇ ਪੂਜਣਯੋਗ ਹਨ ਜੋ ਸਭ ਦਾ ਭਲਾ ਲੋਚਦੇ ਹਨ, ਜੋ ਸਭ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਦਾ ਕਦਾਚਿੱਤ ਬੁਰਾ ਨਹੀਂ ਹੁੰਦਾ।

ਇਥੋਂ ਤਕ ਕਿ ਧਰਮ ਚਿੰਤਕਾਂ ਨੇ ਉਸੇ ਨੂੰ ਸਹੀ ਤੇ ਸਾਰਥਕ ਅਰਦਾਸ ਮੰਨਿਆ ਹੈ ਜੋ ਸਰਬੱਤ ਦੇ ਭਲੇ ਤੇ ਸੁਖ-ਸ਼ਾਂਤੀ ਲਈ ਕੀਤੀ ਜਾਵੇ। ਐਸੀ ਪ੍ਰਾਰਥਨਾ ਵਿਚ ਅਰਦਾਸ ਕਰਨ ਵਾਲਾ ਆਪ ਵੀ ਆ ਜਾਂਦਾ ਹੈ। ਯੂਨਾਨ ਦਾ ਮੋਢੀ ਫ਼ਿਲਾਸਫ਼ਰ ਸੁਕਰਾਤ ਆਖਦਾ ਹੈ ਕਿ ਸਾਡੀ ਅਰਦਾਸ ਆਮ ਰੱਬੀ ਬਖਸ਼ਿਸ਼ਾਂ ਲਈ ਹੋਣੀ ਚਾਹੀਦੀ ਹੈ, ਨਾ ਕਿ ਨਿੱਕੀਆਂ-ਨਿੱਕੀਆਂ ਨਿੱਤ ਦੀਆਂ ਨਿੱਜੀ ਲੋੜਾਂ ਲਈ। ਕਥਨ ਹੈ:

 “Our Prayer should be for blessings in general, for God knows what is best for us.”

ਸਿੱਖ ਅਰਦਾਸ ਦਾ ਜਿੱਥੇ ਆਰੰਭ ਬੇ-ਨਜ਼ੀਰ ਹੈ, ਉਥੇ ਅੰਤ ਵੀ ਬਾ-ਕਮਾਲ ਹੈ, ਅਦੁੱਤੀ ਹੈ। ਇਸ ਪ੍ਰਾਰਥਨਾ ਦੇ ਅੰਤ ਵਿਚ ‘ਸਰਬੱਤ ਦੇ ਭਲੇ’ ਦੀ ਲੋਚਾ ਹੈ। ਸਭ ਲਈ ਸੁਖ-ਸ਼ਾਂਤੀ ਮੰਗੀ ਗਈ ਹੈ। ਇਉਂ ਹੋਵੇ ਵੀ ਕਿਉਂ ਨਾ, ਜਦ ਕਿ ਬਾਬਾ ਨਾਨਕ, ਸਭ ਦਾ ਸਾਂਝਾ ਹੈ ਅਤੇ ਸਾਰੇ ਬਾਬੇ ਦੇ ਆਪਣੇ। ਸਭ ਲੋਕਾਈ ਉਸ ਦੇ ‘ਨਾਮ ਨਿਧਾਨ’ ਅਥਵਾ ‘ਸੱਚ ਦੇ ਹੱਟ’ ਦੀ ਇਕ ਸਮਾਨ ਸਾਂਝੀਵਾਲ ਹੈ। ਗੁਰਬਾਣੀ ਇਸ ਤੱਥ ਦੀ ਇਉਂ ਸਾਖੀ ਭਰਦੀ ਹੈ:

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥ (ਪੰਨਾ 72)

ਗੱਲ ਕੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਰ ਗੱਲ ਵਿਚ ਕੋਈ ਅਮਰ ਪੈਗ਼ਾਮ ਹੈ, ਕੋਈ ਰਹੱਸ ਹੈ। ਜਦ ਅਸੀਂ ਕਿਸੇ ਦੇ ਭਲੇ ਤੇ ਸੁਖ-ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਤਾਂ ਉਸ ਨੂੰ ਸੁਖ-ਸ਼ਾਂਤੀ ਪ੍ਰਾਪਤ ਹੋਵੇ, ਜਾਂ ਨਾ ਹੋਵੇ, ਪ੍ਰਾਰਥਨਾ ਕਰਨ ਵਾਲੇ ਨੂੰ ਅਵੱਸ਼ ਸ਼ਾਂਤੀ ਪ੍ਰਾਪਤ ਹੁੰਦੀ ਹੈ; ਉਸੇ ਤਰ੍ਹਾਂ ਜਿਵੇਂ ਕਿਸੇ ਦਾ ਬੁਰਾ ਚਿਤਵਣ ਨਾਲ ਸਾਡੇ ਅੰਦਰ ਕਲਪਨਾ ਤੇ ਅਸ਼ਾਂਤੀ ਪੈਦਾ ਹੋ ਜਾਂਦੀ ਹੈ, ਇਕ ਵਿਚਾਰਵਾਨ ਦਾ ਚੇਤਾਵਨੀ ਵਜੋਂ ਭਾਵ-ਪੂਰਤ ਕਥਨ ਹੈ ਕਿ:

By entertaining ill feelings towards others, we suffer more, than the person toward whom they are entertained.

ਜੇ ਇਹ ਮਨੋਵਿਗਿਆਨਕ ਸਿਧਾਂਤ ਬੁਰਾ ਚਿਤਵਣ ਦੀ ਸੂਰਤ ਵਿਚ ਸੱਚ ਹੈ, ਤਾਂ ਭਲਾ ਚਿਤਵਣ ਦੀ ਸੂਰਤ ਵਿਚ ਕਿਉਂ ਨਹੀਂ? ਦੂਸਰੇ ਦਾ ਭਲਾ ਚਿਤਵਦਿਆਂ ਆਪਣਾ ਭਲਾ ਆਪਣੇ ਆਪ ਹੋ ਜਾਂਦਾ ਹੈ। ਇੰਞ ਵੀ ਕਿਹਾ ਜਾ ਸਕਦਾ ਹੈ:

By entertaining good feeling towards others, we benefit more, than the person, towards whom they are entertained.

ਦੂਜੇ, ਦੂਜਿਆਂ ਦੇ ਭਲੇ ਦੀ ਚਾਹਨਾ ਤੇ ਅਰਦਾਸ ਕਰਨ ਵਾਲਾ, ਉਨ੍ਹਾਂ ਵਿਰੁੱਧ ਕਿਸੇ ਪ੍ਰਕਾਰ ਦੀ ਮੰਦੀ ਭਾਵਨਾ ਨਹੀਂ ਰੱਖ ਸਕਦਾ। ਉਹ ਉਨ੍ਹਾਂ ਵਿਰੁੱਧ ਜ਼ੋਰ, ਜ਼ੁਲਮ, ਧੱਕਾ ਤੇ ਲੁੱਟ-ਖਸੁੱਟ ਕਿਵੇਂ ਕਰ ਸਕਦਾ ਹੈ? ਜੋ ਕਰਦਾ ਹੈ ਤਾਂ ਨਿਸਚੇ ਹੀ ਉਹ ਸਰਬੱਤ ਦਾ ਭਲਾ ਨਹੀਂ ਚਿਤਵਦਾ। ਗੁਰਬਾਣੀ ਵਿਚ, ਗੁਰਦੇਵ, ਇਸ ਦੈਵੀ-ਭਾਵਨਾ ਦੀ ਇਉਂ ਵਿਆਖਿਆ ਕਰਦੇ ਤੇ ਸਰਬੱਤ ਨੂੰ ਇਸ ਵੱਲ ਪ੍ਰੇਰਤ ਕਰਨ ਦਾ ਉਪਕਾਰ ਕਰਦੇ ਹਨ:

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)

ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥  (ਪੰਨਾ 1299)

ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 386)

ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ॥
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍‍ਾਰੇ॥ (ਪੰਨਾ 379)

ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ॥  (ਪੰਨਾ 566)

ਵੰਨਗੀ ਵਜੋਂ ਪ੍ਰਾਪਤ ਇਨ੍ਹਾਂ ਪ੍ਰਮਾਣਾਂ ਤੋਂ ਇਕ ਹੋਰ ਅਹਿਮ ਨੁਕਤਾ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਕੇਵਲ ਉਹੀ ਵਿਅਕਤੀ ਰੱਬ ਦੀ ਮਖਲੂਕ ਨੂੰ ਮਿੱਤਰ ਪਿਆਰਾ ਸਮਝ ਕੇ, ਸਭ ਦੇ ਭਲੇ ਲਈ ਅਰਦਾਸ ਕਰ ਸਕੇਗਾ, ਜੋ ਸਾਰਿਆਂ ਵਿਚ ਇਕ ਠਾਕੁਰ, ਪ੍ਰਭੂ ਨੂੰ ਵਿਆਪਕ ਵੇਖੇਗਾ, ਉਸ ਇੱਕੇ ਨੂੰ ਸਭ ਦਾ ਮਾਤਾ-ਪਿਤਾ ਤੇ ਕਰਤਾ-ਹਰਤਾ ਜਾਣੇਗਾ ਅਤੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਚ ਪ੍ਰਪੱਕ ਵਿਸ਼ਵਾਸ ਰੱਖੇਗਾ। ਵੇਖੋ! ਸਿੱਖ ਅਰਦਾਸ ਦੇ ਇਹ ਸ਼ਬਦ ਕਿਤਨੇ ਸੰਖੇਪ ਤੇ ਭਾਵ-ਪੂਰਤ ਹਨ:

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਜਦ ਕਦੀ, ਇਹ ਬਾਹਰੋਂ ਚਤੁਰ, ਵਿਗਿਆਨੀ, ਮੁੱਖ ਗਿਆਨੀ, ਪਰ ਅੰਦਰੋਂ ਖੋਖਲੀ, ਅਭਿੱਜ ਤੇ ਕੋਰੀ ਦੁਨੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਚੌਹਾਂ ਅਮੁੱਲ ਸੁਖਨਾਂ ਦਾ ਰਹੱਸ ਦਿਲ ਤੇ ਦਿਮਾਗ ਕਰਕੇ, ਜਾਣ ਲਵੇਗੀ ਤਾਂ ਹਰੇਕ ਵਿਅਕਤੀ ਸਭ ਦਾ ਭਲਾ ਮੰਗੇਗਾ, ਤੇ ਭਲਿਆਂ ਦੀ ਦੁਨੀਆਂ ਵਿਚ ਜਾਤ, ਜਨਮ, ਨਸਲ, ਕੌਮ ਤੇ ਦੇਸ਼ ਦੇ ਵਿਤਕਰੇ ਆਪਣੇ ਆਪ ਖ਼ਤਮ ਹੋ ਜਾਣਗੇ ਅਤੇ ਮੈਤ੍ਰੀ ਭਾਵ ‘ਬੇਗਮ ਪੁਰੇ’ ਵਿਚ ਬਦਲ ਜਾਵੇਗਾ। ਸਵਾਲ ਇਹ ਹੈ ਕਿ ਕੂੜ-ਕੁਸੱਤ ਤੇ ਸਵਾਰਥ ਦੀ ਦੁਨੀਆਂ ਨੂੰ ਐਸੇ ਸੁਰਗ ਵਿਚ ਬਦਲਣ ਦਾ ਬੀੜਾ ਕੌਣ ਚੁੱਕੇ? ਉੱਤਰ ਸਾਫ਼ ਤੇ ਸਪੱਸ਼ਟ ਹੈ ਕਿ ਇਹ ਕਾਰਜਾਂ ਦਾ ਕਾਰਜ ਕੇਵਲ ਸ੍ਰੀ ਦਸਮੇਸ਼ ਜੀ ਦਾ ‘ਖਾਸ ਰੂਪ ਖਾਲਸਾ’ ਹੀ ਸਰੰਜਾਮ ਦੇ ਸਕਦਾ ਹੈ; ਲੋਭੀ, ਲੰਪਟ, ਕਾਮੀ, ਕਪਟੀ ਤੇ ਹਉਮੈ ਗ੍ਰਸਤ ਲੋਕਾਂ ਦਾ ਟੋਲਾ ਨਹੀਂ। ਗੱਲ ਕੇਵਲ ਸਰੂਪ ਦੀ ਨਹੀਂ, ‘ਖਾਲਸਾਈ’ ਗੁਣਾਂ ਦੀ ਹੈ। ਵੇਖੀਏ! ‘ਸਾਈਂ ਦਾ ਗੁਰਮੁਖ ਪਹਿਲਵਾਨੜਾ’ ਕਦੋਂ ‘ਬਾਣੀ ਤੇ ਬਾਣੇ’ ਨਾਲ ਲੈਸ ਹੋ ਕੇ ਮੈਦਾਨ ਵਿਚ ਉਤਰਦਾ ਹੈ! ਚੇਤੇ ਰਹੇ:

ਮੁਸਾਫ਼ਿਰ ਸਬ ਕੋ ਉਠਤੇ ਹੈ, ਜੋ ਜਾਨਾ ਦੂਰ ਹੋਤਾ ਹੈ।

ਅਨੁਵਾਦ :

ਸਰਘੀ ਵੇਲੇ ਜਾਗਣ ਪਾਂਧੀ, ਵਾਟ ਜਿਨ੍ਹਾਂ ਦੀ ਲੰਮੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਹਮਰਾਜ਼-ਬਿਨ-ਹਮਰਾਜ਼, 1186/18 ਸੀ, ਚੰਡੀਗੜ੍ਹ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)