ਸਰਦਾਰ ਕਰਤਾਰ ਸਿੰਘ ਝੱਬਰ ਅਕਾਲੀ ਲਹਿਰ ਦੇ ਹੀਰੋ ਸਨ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਵਿਸ਼ੇਸ਼ ਕਾਰਜ ਕੀਤੇ। ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਮਿਸਟਰ ਕੰਗ ਕਮਿਸ਼ਨਰ ਲਾਹੌਰ ਤੋਂ ਗੁਰਦੁਆਰੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਵਾਈਆਂ। ਇਸ ਮਹਾਨ ਕਾਰਨਾਮੇ ਸਦਕਾ ਸਿੱਖਾਂ ਵਿਚ ਉਨ੍ਹਾਂ ਦਾ ਵਕਾਰ ਬਹੁਤ ਵਧ ਗਿਆ। ਉਨ੍ਹਾਂ ਨੇ ਕਈ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ।
ਇਸ ਮਹਾਨ ਆਗੂ ਦਾ ਜਨਮ 1874 ਈ. ਵਿਚ ਪਿੰਡ ਝੱਬਰ ਜ਼ਿਲ੍ਹਾ ਸ਼ੇਖੂਪੁਰਾ ਵਿਚ ਸ. ਤੇਜਾ ਸਿੰਘ (ਵਿਰਕ) ਦੇ ਘਰ ਹੋਇਆ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚੋਂ ਗੁਰਮੁਖੀ ਪੜ੍ਹੀ। ਸ਼ੁਰੂ ਵਿਚ ਉਨ੍ਹਾਂ ਨੇ ਖੇਤੀਬਾੜੀ ਦੇ ਕਿੱਤੇ ਨੂੰ ਅਪਣਾਇਆ। 30 ਸਾਲ ਦੀ ਉਮਰ ਵਿਚ ਭਾਈ ਮੂਲ ਸਿੰਘ ਗਰਮੂਲਾ ਤੋਂ ਅੰਮ੍ਰਿਤਪਾਨ ਕੀਤਾ। ਇਸ ਤੋਂ ਬਾਅਦ ਖਾਲਸਾ ਉਪਦੇਸ਼ਕ ਕਾਲਜ ਗੁਜਰਾਂਵਾਲਾ ਤੋਂ ਤਿੰਨ ਸਾਲ ਤਕ ਵਿਦਿਆ ਪ੍ਰਾਪਤ ਕੀਤੀ।
ਉਨ੍ਹਾਂ ਦੇ ਦਿਲ ਵਿਚ ਸਿੱਖੀ ਜਜ਼ਬਾ ਬਹੁਤ ਜ਼ਿਆਦਾ ਸੀ। 1910 ਵਿਚ ਸ. ਕਰਤਾਰ ਸਿੰਘ ਝੱਬਰ ਨੇ ਲਾਹੌਰ ਵਿਖੇ ਰਿਹਾਇਸ਼ ਰੱਖੀ ਅਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਲਾਹੌਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਵਿਚ ਵੀ ਪ੍ਰਚਾਰ ਕੀਤਾ। 1917 ਵਿਚ ਉਨ੍ਹਾਂ ਨੇ ਸੱਚਾ ਸੌਦਾ ਜ਼ਿਲ੍ਹਾ ਸ਼ੇਖੂਪੁਰਾ ਵਿਚ ਮਿਡਲ ਸਕੂਲ ਚਾਲੂ ਕੀਤਾ। 1918 ਵਿਚ ਸੰਸਾਰ ਦੀ ਪਹਿਲੀ ਵੱਡੀ ਜੰਗ ਖ਼ਤਮ ਹੋਈ। ਭਾਰਤੀਆਂ ਨੂੰ ਕੁਝ ਰਾਹਤ ਦੀ ਆਸ ਸੀ ਪਰ ਸਰਕਾਰ ਨੇ ਰੌਲਟ ਐਕਟ ਪਾਸ ਕਰ ਕੇ ਆਪਣੇ ਕਰੂਰ ਸੱਚ ਦਾ ਵਿਖਾਵਾ ਕੀਤਾ। ਦੇਸ਼ ਭਰ ਵਿਚ ਇਸ ਕਾਲੇ ਬਿੱਲ ਦੇ ਵਿਰੋਧ ਵਿਚ ਜਲਸੇ ਅਤੇ ਹੜਤਾਲਾਂ ਹੋਈਆਂ। 11 ਅਪ੍ਰੈਲ, 1919 ਨੂੰ ਲਾਹੌਰ ਵਿਚ ਜਲਸਾ ਤੇ ਹੜਤਾਲ ਹੋਈ, ਜਿਸ ਵਿਚ ਮਾਸਟਰ ਮੋਤਾ ਸਿੰਘ, ਡਾਕਟਰ ਕਿਚਲੂ, ਸ੍ਰੀ ਗੋਕਲ ਚੰਦ ਨਾਰੰਗ ਆਦਿ ਲੀਡਰਾਂ ਨੇ ਤਕਰੀਰਾਂ ਕੀਤੀਆਂ। ਸਰਦਾਰ ਕਰਤਾਰ ਸਿੰਘ ਝੱਬਰ ਪ੍ਰਭਾਵਿਤ ਹੋ ਕੇ ਇਸ ਲਹਿਰ ਵਿਚ ਸ਼ਾਮਲ ਹੋ ਗਏ। ਕਿਸੇ ਨੇ ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਪੱਥਰ ਮਾਰਿਆ। ਉਸ ਦੀ ਰੱਖਿਆ ਲਈ ਮੈਜਿਸਟਰੇਟ ਵੱਲੋਂ ਗੋਲੀ ਚਲਾਈ ਗਈ ਜਿਸ ਨਾਲ ਵਿਦਿਆਰਥੀ ਖੁਦੀ ਰਾਮ ਬੋਸ ਮਾਰਿਆ ਗਿਆ। ਸ਼ਹਿਰ ਵਿਚ ਹਜ਼ਾਰਾਂ ਲੋਕਾਂ ਨੇ ਉਸ ਦੀ ਅਰਥੀ ਦਾ ਜਲੂਸ ਕੱਢਿਆ। ਸਰਦਾਰ ਕਰਤਾਰ ਸਿੰਘ ਝੱਬਰ ਨੇ ਇਸ ਮੌਕੇ ’ਤੇ ਇਕ ਜ਼ਬਰਦਸਤ ਤਕਰੀਰ ਕੀਤੀ।
13 ਅਪ੍ਰੈਲ, 1919 ਨੂੰ ਜਲ੍ਹਿਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਹੋਇਆ। ਜਨਰਲ ਡਾਇਰ ਨੇ ਸੈਂਕੜੇ ਨਿਹੱਥੇ ਲੋਕ ਗੋਲੀਆਂ ਨਾਲ ਮਾਰ ਦਿੱਤੇ। ਰੋਸ ਵਜੋਂ ਅੰਮ੍ਰਿਤਸਰ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਸਾੜ-ਫੂਕ ਅਤੇ ਹਿੰਸਕ ਵਾਰਦਾਤਾਂ ਹੋਈਆਂ। ਸਰਦਾਰ ਕਰਤਾਰ ਸਿੰਘ ਝੱਬਰ ਨੇ ਚੂਹੜਕਾਣੇ ਦੀ ਮੀਟਿੰਗ ਵਿਚ ਤਕਰੀਰ ਕੀਤੀ। ਸਰਦਾਰ ਝੱਬਰ ਨੂੰ ਸ. ਤੇਜਾ ਸਿੰਘ ਚੂਹੜਕਾਣਾ ਸਮੇਤ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ। ਉਨ੍ਹਾਂ ਨੂੰ ਬੋਰਸਟ ਅਤੇ ਸੈਂਟਰਲ ਜੇਲ੍ਹ ਵਿਚ ਰੱਖਿਆ ਗਿਆ। ਮੁਕੱਦਮਾ ਚਲਾਇਆ ਗਿਆ ਅਤੇ 17 ਆਦਮੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸਰਦਾਰ ਝੱਬਰ ਦੀ ਸਜ਼ਾ ਬਾਕੀ ਪੰਜ ਸਾਥੀਆਂ ਸਮੇਤ ਕਾਲੇ ਪਾਣੀ ਵਿਚ ਬਦਲ ਗਈ। ਉਨ੍ਹਾਂ ਨੂੰ ਅੰਡੇਮਾਨ ਦੀਪ ਸਮੂਹ ਵਿਚ ਭੇਜਿਆ ਗਿਆ। 1920 ਵਿਚ ਸਰਕਾਰ ਨੂੰ ਰੌਲਟ ਐਕਟ ਵਾਪਸ ਲੈਣਾ ਪਿਆ ਅਤੇ ਸਾਰੇ ਦੇਸ਼ ਭਗਤ ਕੈਦੀ ਰਿਹਾਅ ਕਰਨੇ ਪਏ। 1920 ਵਿਚ ਉਨ੍ਹਾਂ ਨੂੰ ਵੀ ਰਿਹਾਅ ਕੀਤਾ ਗਿਆ। 12 ਅਕਤੂਬਰ, 1920 ਈ. ਨੂੰ ਜਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਚ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ਹੇਠ ਪੱਛੜੀਆਂ ਸ਼੍ਰੇਣੀਆਂ ਦਾ ਇਕ ਦੀਵਾਨ ਹੋਇਆ। ਉਸ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਚੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ। 12 ਅਕਤੂਬਰ ਨੂੰ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਥਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਕੜਾਹ ਪ੍ਰਸ਼ਾਦ ਭੇਟਾ ਕਰਨ ਲਈ ਗਿਆ। ਪੁਜਾਰੀਆਂ ਨੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਜਥੇ ਵਿਚ ਸਰਦਾਰ ਕਰਤਾਰ ਸਿੰਘ ਝੱਬਰ ਵੀ ਸ਼ਾਮਲ ਸਨ। ਦੁਬਾਰਾ ਕੜਾਹ ਪ੍ਰਸ਼ਾਦ ਮੰਗਵਾ ਕੇ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਾਰੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਈ। ਤਖ਼ਤ ਸਾਹਿਬ ਦੀ ਹਜ਼ੂਰੀ ਵਿਚ ਸ. ਝੱਬਰ ਨੇ ਲੈਕਚਰ ਕੀਤਾ। ਸੰਗਤਾਂ ਨੇ 25 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਨਿਯੁਕਤ ਕੀਤਾ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਣੇ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਏ। ਕਈ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ।
18 ਨਵੰਬਰ, 1920 ਨੂੰ ਸ. ਅਮਰ ਸਿੰਘ ਝਬਾਲ ਅਤੇ ਸ. ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ 25 ਸਿੰਘਾਂ ਦੇ ਜਥੇ ਨੇ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਦਾ ਪ੍ਰਬੰਧ ਸ਼ਾਂਤੀ-ਪੂਰਵਕ ਸੰਭਾਲ ਲਿਆ। ਗੁਰਦੁਆਰਾ ਸੁਧਾਰ ਲਹਿਰ ਦਾ ਮਹਾਨ ਇਤਿਹਾਸਕ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਹੈ। ਇਸ ਵਿਚ 200 ਸਿੰਘ ਸ਼ਹੀਦ ਹੋਏ। ਭਾਈ ਲਛਮਣ ਸਿੰਘ ਦੀ ਅਗਵਾਈ ਹੇਠ 20 ਫਰਵਰੀ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਪੁੱਜਿਆ। ਇਸ ਤੋਂ ਬਾਅਦ ਸ. ਝੱਬਰ ਦੀ ਅਗਵਾਈ ਹੇਠ ਜਥਾ ਗੁਰਦੁਆਰਾ ਜਨਮ ਅਸਥਾਨ ’ਤੇ ਪਹੁੰਚਿਆ। ਸਿੰਘਾਂ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਗੁਰਦੁਆਰਾ ਜਨਮ ਅਸਥਾਨ ਵਾਲੀ ਧਰਤੀ ਸਿੰਘਾਂ ਦੇ ਖ਼ੂਨ ਨਾਲ ਰੱਤੀ ਗਈ। ਮਿਸਟਰ ਕੰਗ ਕਮਿਸ਼ਨਰ ਲਾਹੌਰ ਨੇ ਗੁਰਦੁਆਰਾ ਸਾਹਿਬ ਦਾ ਮਹੰਤ ਅਤੇ ਉਸ ਦੇ ਸਾਥੀ ਗ੍ਰਿਫ਼ਤਾਰ ਕਰ ਕੇ ਗੁਰਦੁਆਰੇ ਦੇ ਦੁਆਲੇ ਅੰਗਰੇਜ਼ੀ ਫੌਜ ਦਾ ਪਹਿਰਾ ਲਾ ਦਿੱਤਾ। ਸਰਦਾਰ ਝੱਬਰ ਨੇ ਬੜੀ ਦਲੇਰੀ ਨਾਲ ਮਿਸਟਰ ਕੰਗ ਨੂੰ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰੇ। ਮਿਸਟਰ ਕੰਗ ਨੇ ਇਹ ਗੱਲ ਮੰਨ ਲਈ। ਇਸ ਤੋਂ ਬਾਅਦ ਸ. ਝੱਬਰ ਦਾ ਸਿੱਖਾਂ ਵਿਚ ਵਕਾਰ ਬਹੁਤ ਵਧ ਗਿਆ। ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ’ਚ ਸਿੰਘਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਕਈ ਗੁਰਦੁਆਰਿਆਂ ਉੱਪਰ ਕਬਜ਼ਾ ਕਰ ਲਿਆ। ਇਸ ਦੋਸ਼ ਵਿਚ 12 ਮਾਰਚ, 1921 ਨੂੰ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਚਾਬੀਆਂ ਦੇ ਮੋਰਚੇ ਵਿਚ ਉਨ੍ਹਾਂ ਨੇ ਸਰਗਰਮੀ ਨਾਲ ਹਿੱਸਾ ਲਿਆ। 1925 ਵਿਚ ਉਨ੍ਹਾਂ ਨੂੰ ਸਰਕਾਰ-ਵਿਰੋਧੀ ਤਕਰੀਰਾਂ ਕਰਨ ’ਤੇ ਤੀਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਦਸੰਬਰ 1928 ਨੂੰ ਰਿਹਾਅ ਕੀਤਾ ਗਿਆ। 1935 ਈ. ਵਿਚ ਪੁਲੀਸ ਵੱਲੋਂ ਉਨ੍ਹਾਂ ਉੱਪਰ ਕਤਲ ਦਾ ਝੂਠਾ ਕੇਸ ਬਣਾਇਆ ਗਿਆ। ਉਹ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਨਨਕਾਣਾ ਸਾਹਿਬ ਕਮੇਟੀ ਦੇ ਲਗਾਤਾਰ ਕਈ ਸਾਲ ਮੈਂਬਰ ਰਹੇ। ਉਹ 20 ਨਵੰਬਰ, 1962 ਨੂੰ ਹਾਂਬਰੀ ਜ਼ਿਲ੍ਹਾ ਕਰਨਾਲ ਵਿਚ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਅਕਾਲੀ ਲਹਿਰ ਵਿਚ ਹਮੇਸ਼ਾਂ ਲਈ ਉਨ੍ਹਾਂ ਦਾ ਮਹੱਤਵਪੂਰਨ ਸਥਾਨ ਬਣਿਆ ਰਹੇਗਾ।
ਲੇਖਕ ਬਾਰੇ
Freelance Author
Medical Lab. Tech at Health Department Punjab
MA, Punjabi and History
ਸਿਵਲ ਹਸਪਤਾਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ
- ਦਲਜੀਤ ਰਾਏ ਕਾਲੀਆhttps://sikharchives.org/kosh/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b0%e0%a8%be%e0%a8%8f-%e0%a8%95%e0%a8%be%e0%a8%b2%e0%a9%80%e0%a8%86/August 1, 2007
- ਦਲਜੀਤ ਰਾਏ ਕਾਲੀਆhttps://sikharchives.org/kosh/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b0%e0%a8%be%e0%a8%8f-%e0%a8%95%e0%a8%be%e0%a8%b2%e0%a9%80%e0%a8%86/February 1, 2008